ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 796

ਬਿਲਾਵਲੁ ਮਹਲਾ ੧ ॥ ਆਪੇ ਸਬਦੁ ਆਪੇ ਨੀਸਾਨੁ ॥ ਆਪੇ ਸੁਰਤਾ ਆਪੇ ਜਾਨੁ ॥ ਆਪੇ ਕਰਿ ਕਰਿ ਵੇਖੈ ਤਾਣੁ ॥ ਤੂ ਦਾਤਾ ਨਾਮੁ ਪਰਵਾਣੁ ॥੧॥ ਐਸਾ ਨਾਮੁ ਨਿਰੰਜਨ ਦੇਉ ॥ ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥ ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥ ਰਾਜੁ ਰੂਪੁ ਝੂਠਾ ਦਿਨ ਚਾਰਿ ॥ ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥ ਚਖਿ ਛੋਡੀ ਸਹਸਾ ਨਹੀ ਕੋਇ ॥ ਬਾਪੁ ਦਿਸੈ ਵੇਜਾਤਿ ਨ ਹੋਇ ॥ ਏਕੇ ਕਉ ਨਾਹੀ ਭਉ ਕੋਇ ॥ ਕਰਤਾ ਕਰੇ ਕਰਾਵੈ ਸੋਇ ॥੩॥ ਸਬਦਿ ਮੁਏ ਮਨੁ ਮਨ ਤੇ ਮਾਰਿਆ ॥ ਠਾਕਿ ਰਹੇ ਮਨੁ ਸਾਚੈ ਧਾਰਿਆ ॥ ਅਵਰੁ ਨ ਸੂਝੈ ਗੁਰ ਕਉ ਵਾਰਿਆ ॥ ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥ {ਪੰਨਾ 795-796}

ਪਦਅਰਥ: ਸਬਦੁ = ਸਿਫ਼ਤਿ-ਸਾਲਾਹ ਦੀ ਬਾਣੀ। ਨੀਸਾਨੁ = ਪਰਵਾਨਾ, ਰਾਹਦਾਰੀ। ਸੁਰਤਾ = ਸੁਣਨ ਵਾਲਾ। ਜਾਨੁ = ਜਾਣਨ ਵਾਲਾ। ਕਰਿ ਕਰਿ = ਸ੍ਰਿਸ਼ਟੀ ਰਚ ਰਚ ਕੇ। ਵੇਖੈ = ਸੰਭਾਲ ਕਰਦਾ ਹੈ। ਤਾਣੁ = ਤਾਕਤ, ਬਲ। ਪਰਵਾਣੁ = ਕਬੂਲ।੧।

ਐਸਾ = ਏਹੋ ਜੇਹਾ ਹੀ (ਭਾਵ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰੱਖਣ ਵਾਲਾ) ਨਿਰੰਜਨ = ਹੇ ਨਿਰਲੇਪ ਪ੍ਰਭੂ! ਦੇਉ = ਪ੍ਰਕਾਸ਼ = ਰੂਪ। ਹਉ = ਮੈਂ। ਜਾਚਿਕੁ = ਮੰਗਤਾ। ਅਲਖ = ਜਿਸ ਦਾ ਕੋਈ ਚਿਹਨ ਚੱਕ੍ਰ ਨਾਹ ਲੱਭ ਸਕੇ। ਅਭੇਉ = ਜਿਸ ਦਾ ਭੇਦ ਨਾ ਪਾਇਆ ਜਾ ਸਕੇ।੧।ਰਹਾਉ।

ਧਰਕਟੀ ਨਾਰਿ = ਵਿਭਚਾਰਨ ਇਸਤ੍ਰੀ। ਭੂੰਡੀ = ਭੈੜੀ। ਕਾਮਣਿ = ਇਸਤ੍ਰੀ। ਕਾਮਣਿਆਰਿ = ਟੂਣੇ ਕਰਨ ਵਾਲੀ। ਝੂਠਾ = ਨਾਸਵੰਤ। ਦਿਨ ਚਾਰਿ = ਥੋੜ੍ਹੇ ਦਿਨ ਰਹਿਣ ਵਾਲਾ। ਅੰਧਿਆਰਿ = (ਮਾਇਆ ਦੇ ਮੋਹ ਦੇ) ਹਨੇਰੇ ਵਿਚ।੨।

ਚਖਿ ਛੋਡੀ = ਪਰਖ ਵੇਖੀ ਹੈ {ਨੋਟ: ਲਫ਼ਜ਼ 'ਛੋਡੀ' ਦਾ ਭਾਵ ਸਮਝਣ ਵਾਸਤੇ ਵੇਖੋ "ਰਾਗ ਆਸਾ ਪਟੀ ਮ: ੧" ਵਿਚ ਆਇਆ ਲਫ਼ਜ਼ 'ਛੋਡੀ'}ਸਹਸਾ = ਸ਼ੱਕ। ਬਾਪੁ = ਪਿਉ। ਦਿਸੈ = ਹਰੇਕ ਨੂੰ ਪਤਾ ਹੋਵੇ, ਪ੍ਰਤੱਖ ਨਜ਼ਰੀਂ ਆਉਂਦਾ ਹੋਵੇ। ਵੇਜਾਤਿ = ਹਰਾਮੀ। ਏਕੇ ਕਉ = ਇੱਕ ਪ੍ਰਭੂ-ਪਿਤਾ ਵਾਲੇ ਨੂੰ।੩।

ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਜੁੜ ਕੇ) ਮੁਏ = ਜੋ ਮਨੁੱਖ ਆਪਾ = ਭਾਵ ਵਲੋਂ ਮਰੇ ਹਨ। ਮਨ ਤੇ = ਮਨ ਤੋਂ, ਮਾਨਸਕ ਫੁਰਨਿਆਂ ਤੋਂ, ਮਾਇਕ ਫੁਰਨਿਆਂ ਵਲੋਂ। ਠਾਕਿ ਰਹੇ = ਠਾਕੇ ਰਹਿੰਦੇ ਹਨ, ਰੁਕੇ ਰਹਿੰਦੇ ਹਨ। ਸਾਚੈ = ਸੱਚੇ ਪ੍ਰਭੂ ਨੇ। ਧਾਰਿਆ = ਆਸਰਾ ਦਿੱਤਾ ਹੈ। ਵਾਰਿਆ = ਕੁਰਬਾਨ ਹੁੰਦੇ ਹਨ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ।੪।

ਅਰਥ: ਹੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਕਾਸ਼-ਰੂਪ ਪ੍ਰਭੂ! ਤੇਰਾ ਨਾਮ ਭੀ ਏਹੋ ਜੇਹਾ ਹੀ ਹੈ (ਜਿਹੋ ਜੇਹਾ ਤੂੰ ਆਪ ਹੈਂ। ਭਾਵ, ਤੇਰਾ ਨਾਮ ਭੀ ਮਾਇਆ ਦੇ ਮੋਹ ਤੋਂ ਬਚਾਂਦਾ ਹੈ) ਹੇ ਪ੍ਰਭੂ! ਤੇਰਾ ਕੋਈ ਖ਼ਾਸ ਚਿਹਨ ਚੱਕ੍ਰ ਨਹੀਂ ਲੱਭ ਸਕਦਾ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਮੈਂ (ਤੇਰੇ ਦਰ ਤੇ) ਮੰਗਤਾ ਹਾਂ (ਤੇ ਤੈਥੋਂ ਤੇਰੇ ਨਾਮ ਦੀ ਦਾਤਿ ਮੰਗਦਾ ਹਾਂ) ੧।ਰਹਾਉ।

(ਜਿਸ ਮਨੁੱਖ ਨੂੰ ਨਾਮ ਦੀ ਦਾਤਿ ਮਿਲ ਜਾਂਦੀ ਹੈ ਉਸ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ ਸਿਫ਼ਤਿ-ਸਾਲਾਹ ਹੈ (ਭਾਵ, ਜਿਥੇ ਉਸ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਉਥੇ ਉਹ ਮੌਜੂਦ ਹੈ) , ਆਪ ਹੀ (ਜੀਵ ਵਾਸਤੇ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਨ ਵਾਲਾ ਹੈ, ਆਪ ਹੀ (ਜੀਵਾਂ ਦੇ ਦੁੱਖ-ਦਰਦ) ਜਾਣਨ ਵਾਲਾ ਹੈ। ਪ੍ਰਭੂ ਆਪ ਹੀ ਜਗਤ-ਰਚਨਾ ਰਚ ਕੇ ਆਪ ਹੀ ਆਪਣਾ (ਇਹ) ਬਲ ਵੇਖ ਰਿਹਾ ਹੈ।

ਹੇ ਪ੍ਰਭੂ! ਤੂੰ (ਜੀਵਾਂ ਨੂੰ ਸਭ ਦਾਤਾਂ) ਦੇਣ ਵਾਲਾ ਹੈਂ, (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਤੇਰੇ ਦਰ ਤੇ) ਕਬੂਲ ਹੋ ਜਾਂਦਾ ਹੈ।੧।

(ਨਾਮ ਜਪਣ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਮਾਇਆ ਦਾ ਮੋਹ ਇਕ ਵਿਭਚਾਰਨ ਇਸਤ੍ਰੀ ਦੇ ਮੋਹ ਸਮਾਨ ਹੈ, ਮਾਇਆ ਇਕ ਟੂਣੇ ਕਰਨ ਵਾਲੀ ਭੈੜੀ ਇਸਤ੍ਰੀ ਸਮਾਨ ਹੈ, ਦੁਨੀਆ ਦੀ ਹਕੂਮਤ ਤੇ ਸੁੰਦਰਤਾ ਨਾਸਵੰਤ ਹਨ, ਥੋੜੇ ਹੀ ਦਿਨ ਰਹਿਣ ਵਾਲੇ ਹਨ (ਪਰ ਇਹਨਾਂ ਦੇ ਅਸਰ ਹੇਠ ਮਨੁੱਖ ਜਹਾਲਤ ਦੇ ਹਨੇਰੇ ਵਿਚ ਜੀਵਨ ਵਿਚ ਜੀਵਨ-ਠੇਡੇ ਖਾਂਦਾ ਫਿਰਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਚਾਨਣ ਮਿਲ ਜਾਂਦਾ ਹੈ।੨।

(ਇਹ ਗੱਲ ਚੰਗੀ ਤਰ੍ਹਾਂ) ਪਰਖ ਵੇਖੀ ਹੈ, ਜਿਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਦਾ ਪਿਉ ਪ੍ਰਤੱਖ ਦਿੱਸਦਾ ਹੋਵੇ ਉਹ ਭੈੜੇ ਅਸਲੇ ਵਾਲਾ ਨਹੀਂ ਅਖਵਾਂਦਾ (ਜੋ ਮਨੁੱਖ ਆਪਣੇ ਸਿਰ ਉਤੇ ਪਿਤਾ-ਪ੍ਰਭੂ ਨੂੰ ਰਾਖਾ ਮੰਨਦਾ ਹੈ ਉਹ ਵਿਕਾਰਾਂ ਵਲ ਨਹੀਂ ਪਰਤਦਾ) ਇੱਕ ਪ੍ਰਭੂ-ਪਿਤਾ ਵਾਲੇ ਨੂੰ (ਕਿਸੇ ਤੋਂ) ਕੋਈ ਡਰ ਨਹੀਂ ਰਹਿੰਦਾ (ਕਿਉਂਕਿ ਉਸ ਨੂੰ) ਯਕੀਨ ਬਣਿਆ ਰਹਿੰਦਾ ਹੈ ਕਿ) ਉਹ ਪਰਮਾਤਮਾ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।੩।

ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦੇ ਹਨ ਆਪਣੇ ਮਨ ਨੂੰ ਮਾਇਕ ਫੁਰਨਿਆਂ ਵਲੋਂ ਰੋਕ ਲੈਂਦੇ ਹਨ, ਉਹ ਵਿਕਾਰਾਂ ਵਲੋਂ ਰੁਕੇ ਰਹਿੰਦੇ ਹਨ ਕਿਉਂਕਿ ਸੱਚਾ ਕਰਤਾਰ ਉਹਨਾਂ ਦੇ ਮਨ ਨੂੰ (ਆਪਣੇ ਨਾਮ ਦਾ) ਆਸਰਾ ਦੇਂਦਾ ਹੈ। ਮੈਂ ਗੁਰੂ ਤੋਂ ਸਦਕੇ ਹਾਂ, ਉਸ ਤੋਂ ਬਿਨਾ ਕੋਈ ਹੋਰ ਐਸਾ ਨਹੀਂ (ਜੋ ਮਨ ਨੂੰ ਪ੍ਰਭੂ ਵਿਚ ਜੋੜਨ ਲਈ ਸਹਾਇਤਾ ਕਰੇ)

ਹੇ ਨਾਨਕ! ਪ੍ਰਭੂ-ਨਾਮ ਵਿਚ ਰੰਗੇ ਹੋਏ ਬੰਦਿਆਂ ਨੂੰ ਪ੍ਰਭੂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੪।੩।

ਬਿਲਾਵਲੁ ਮਹਲਾ ੧ ॥ ਗੁਰ ਬਚਨੀ ਮਨੁ ਸਹਜ ਧਿਆਨੇ ॥ ਹਰਿ ਕੈ ਰੰਗਿ ਰਤਾ ਮਨੁ ਮਾਨੇ ॥ ਮਨਮੁਖ ਭਰਮਿ ਭੁਲੇ ਬਉਰਾਨੇ ॥ ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥ ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥ ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥ ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥ ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥ ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥ ਅਕਥ ਕਥਾ ਕਹੀਐ ਗੁਰ ਭਾਇ ॥ ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥ ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥ ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥ ਮਨਮੁਖੁ ਵਿਛੁੜੈ ਖੋਟੀ ਰਾਸਿ ॥ ਗੁਰਮੁਖਿ ਨਾਮਿ ਮਿਲੈ ਸਾਬਾਸਿ ॥ ਹਰਿ ਕਿਰਪਾ ਧਾਰੀ ਦਾਸਨਿ ਦਾਸ ॥ ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥ {ਪੰਨਾ 796}

ਪਦਅਰਥ: ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ, ਗੁਰੂ ਦੇ ਬਚਨਾਂ ਤੇ ਤੁਰਿਆਂ। ਸਹਜ ਧਿਆਨੇ = ਸਹਜ ਧਿਆਨਿ, ਅਡੋਲਤਾ ਦੀ ਸਮਾਧੀ ਵਿਚ। ਰੰਗਿ = ਰੰਗ ਵਿਚ, ਪਿਆਰ ਵਿਚ। ਮਾਨੇ = ਮੰਨ ਜਾਂਦਾ ਹੈ, ਪਰਚ ਜਾਂਦਾ ਹੈ। ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭਰਮਿ = ਭਟਕਣਾ ਵਿਚ। ਬਉਰਾਨੇ = ਕਮਲੇ, ਝੱਲੇ। ਕਿਉ ਰਹੀਐ = ਨਹੀਂ ਰਹਿ ਸਕੀਦਾ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਨੇ = ਪਛਾਣ, ਸਾਂਝ, ਮੇਲ = ਜੋਲ।੧।

ਕੈਸੇ ਜੀਵਉ = ਮੈਂ ਨਹੀਂ ਜੀਊ ਸਕਦਾ। ਮਾਈ = ਹੇ ਮਾਂ! ਜੀਅਰਾ = ਨਿਮਾਣੀ ਜਿੰਦ। ਖਿਨੁ = ਰਤਾ ਕੁ ਸਮਾ ਭੀ। ਸਤਿਗੁਰਿ = ਸਤਿਗੁਰੂ ਨੇ। ਬੂਝ = ਅਕਲ, ਸਮਝ। ਬੁਝਾਈ = ਸਮਝਾ ਦਿੱਤੀ ਹੈ।੧।ਰਹਾਉ।

ਹਉ ਮਰਉ = ਮੈਂ ਮਰਦੀ ਹਾਂ, ਮੇਰੀ ਜਿੰਦ ਵਿਆਕਲ ਹੋ ਜਾਂਦੀ ਹੈ। ਦੁਖਾਲੀ = ਦੁੱਖੀ। ਸਾਸਿ = ਇੱਕ ਸਾਹ ਨਾਲ। ਗਿਰਾਸਿ = ਇਕ ਗਿਰਾਹੀ ਨਾਲ। ਸਾਸਿ ਗਿਰਾਸਿ = ਇਕ ਇਕ ਸਾਹ ਤੇ ਗਿਰਾਹੀ ਨਾਲ, ਹਰ ਵੇਲੇ। ਭਾਲੀ = ਭਾਲੀਂ, ਮੈਂ ਭਾਲਦੀ ਹਾਂ, ਲੱਭਦੀ ਹਾਂ। ਬੈਰਾਗਨਿ = ਦੁਨੀਆ ਦੇ ਰਸਾਂ ਵਲੋਂ ਉਦਾਸ। ਨਿਹਾਲੀ = ਮੈਂ ਵੇਖਦੀ ਹਾਂ, ਨਜ਼ਰ ਰੱਖਦੀ ਹਾਂ। ਅਬ = ਹੁਣ। ਜਾਨੇ = ਜਾਣਿਆ ਹੈ, ਸਮਝ ਆਈ ਹੈ। ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਰਾਹੀਂ। ਨਾਲੀ = ਨਾਲਿ, ਅੰਗ = ਸੰਗ।੨।

ਅਕਥੁ = ਉਹ ਪ੍ਰਭੂ ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਅਕਥ ਕਥਾ = ਬੇਅੰਤ ਗੁਣਾਂ ਨਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਗੱਲ। ਕਹੀਐ = ਆਖੀ ਜਾ ਸਕਦੀ ਹੈ। ਭਾਉ = ਪ੍ਰੇਮ। ਭਾਇ = ਪ੍ਰੇਮ ਦੀ ਰਾਹੀਂ। ਗੁਰ ਭਾਇ = ਗੁਰੂ ਦੇ ਪ੍ਰੇਮ ਵਿਚ ਜੁੜਿਆਂ। ਦੇਇ ਦਿਖਇ = ਵਿਖਾਲ ਦੇਂਦਾ ਹੈ। ਗੁਰ ਕਰਣੀ = ਗੁਰੂ ਦੀ ਦੱਸੀ ਹੋਈ ਜੀਵਨ = ਜੁਗਤਿ। ਕਿਆ ਕਾਰ = ਹੋਰ ਕੋਈ ਕਾਰ ਨਹੀਂ। ਮੇਟਿ = ਮਿਟਾ ਕੇ। ਸਮਾਇ = ਲੀਨ ਹੋ ਕੇ।੩।

ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਰਾਸਿ = ਪੂੰਜੀ। ਸਾਬਾਸਿ = ਸੋਭਾ। ਦਾਸਨਿ ਦਾਸ = ਦਾਸਾਂ ਦਾ ਦਾਸ, ਸੰਤ ਜਨਾਂ ਦਾ ਸੇਵਕ।੪।

ਅਰਥ: (ਜਦੋਂ ਤੋਂ) ਸਤਿਗੁਰੂ ਨੇ (ਮੈਨੂੰ) ਸੁਮਤਿ ਸਮਝਾ ਦਿੱਤੀ ਹੈ (ਤਦੋਂ ਤੋਂ) ਮੇਰੀ ਜਿੰਦ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੀ। ਹੇ ਮੇਰੀ ਮਾਂ! ਹੁਣ ਮੈਂ ਪ੍ਰਭੂ ਦੇ ਦਰਸ਼ਨ ਤੋਂ ਬਿਨਾ ਵਿਆਕੁਲ ਹੋ ਜਾਂਦੀ ਹਾਂ।੧।ਰਹਾਉ।

ਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਦਾ ਮਨ ਅਡੋਲਤਾ ਦੀ ਸਮਾਧੀ ਲਾ ਲੈਂਦਾ ਹੈ (ਭਾਵ, ਵਿਕਾਰਾਂ ਵਲ ਡੋਲਣੋਂ ਹਟ ਜਾਂਦਾ ਹੈ) ਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਹੋਇਆ ਉਹ ਮਨ (ਪਰਮਾਤਮਾ ਦੀ ਯਾਦ ਵਿਚ ਹੀ) ਪਰਚਿਆ ਰਹਿੰਦਾ ਹੈ। (ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਝੱਲੇ ਹੋਏ ਭਟਕਣਾਂ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। ਗੁਰੂ ਦੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਸਾਂਝ (ਪ੍ਰਭੂ ਨਾਲ) ਬਣ ਜਾਂਦੀ ਹੈ ਉਹ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੇ।੧।

ਗੁਰੂ ਦੀ ਸ਼ਰਨ ਪੈ ਕੇ ਮੈਨੂੰ ਹੁਣ ਸਮਝ ਆਈ ਹੈ ਕਿ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਹੈ, (ਹੁਣ ਜੇ ਕਦੇ) ਮੈਨੂੰ ਮੇਰਾ ਪ੍ਰਭੂ ਵਿੱਸਰ ਜਾਏ ਤਾਂ ਮੈਂ ਦੁੱਖੀ ਹੋ ਕੇ ਮਰਨ ਵਾਲੀ ਹੋ ਜਾਂਦੀ ਹਾਂ। ਮੈਂ ਇਕ ਇਕ ਸਾਹ ਤੇ ਗਿਰਾਹੀ ਦੇ ਨਾਲ (ਭੀ) ਆਪਣੇ ਪ੍ਰਭੂ ਨੂੰ ਯਾਦ ਕਰਦੀ ਹਾਂ ਤੇ ਉਸੇ ਨੂੰ ਭਾਲਦੀ ਰਹਿੰਦੀ ਹਾਂ। ਦੁਨੀਆ ਦੇ ਰਸਾਂ ਵਲੋਂ ਉਦਾਸ ਹੋ ਕੇ ਮੈਂ ਪ੍ਰਭੂ ਦੇ ਨਾਮ ਨੂੰ ਹੀ (ਆਪਣੀ ਨਿਗਾਹ ਵਿਚ) ਰੱਖਦੀ ਹਾਂ।੨।

ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਗੁਰੂ ਦੇ ਅਨੁਸਾਰ ਰਿਹਾਂ ਹੀ ਕੀਤੀ ਜਾ ਸਕਦੀ ਹੈ। ਗੁਰੂ ਉਸ ਪ੍ਰਭੂ ਦਾ ਦੀਦਾਰ ਕਰਾ ਦੇਂਦਾ ਹੈ ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਗੁਰੂ ਦੀ ਦੱਸੀ ਹੋਈ ਜੀਵਨ-ਜੁਗਤਿ ਤੋਂ ਬਿਨਾ (ਆਤਮਕ ਜੀਵਨ ਦੇ ਰਸਤੇ ਦੀ) ਕੋਈ ਹੋਰ ਕਾਰ ਕਰਨੀ ਵਿਅਰਥ ਹੈ। ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਆਪਣੀ ਹਉਮੈ ਦੂਰ ਕਰ ਕੇ (ਜੀਵਨ-ਰਾਹ ਤੇ) ਤੁਰਦਾ ਹੈ।੩।

ਜੋ ਮਨੁੱਖ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੇ ਥਾਂ) ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪ੍ਰਭੂ ਤੋਂ ਵਿਛੁੜਿਆ ਰਹਿੰਦਾ ਹੈ, ਉਸ ਦੇ ਪੱਲੇ (ਆਤਮਕ ਜੀਵਨ-ਸਫ਼ਰ ਵਾਸਤੇ) ਖੋਟੀ ਪੂੰਜੀ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਸੋਭਾ ਮਿਲਦੀ ਹੈ।

ਹੇ ਦਾਸ ਨਾਨਕ! ਪ੍ਰਭੂ ਮੇਹਰ ਕਰ ਕੇ ਜਿਸ ਨੂੰ ਆਪਣੇ ਸੇਵਕਾਂ ਦਾ ਦਾਸ ਬਣਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ-ਧਨ ਮਿਲਦਾ ਹੈ, ਉਸ ਨੂੰ ਹਰਿ-ਨਾਮ ਦੀ ਪੂੰਜੀ ਮਿਲਦੀ ਹੈ।੪।੪।

ਬਿਲਾਵਲੁ ਮਹਲਾ ੩ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥ ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥ ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥ ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥ ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥ ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥ ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥ ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥ ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮ੍ਹ੍ਹਾਲੇ ॥ ਹਰਿ ਜਨ ਮਾਇਆ ਮਾਹਿ ਨਿਸਤਾਰੇ ॥ ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥ {ਪੰਨਾ 796-797}

ਪਦਅਰਥ: ਧ੍ਰਿਗੁ = {धिक् = Fie! Shame!} ਲਾਹਨਤ, ਫਿਟਕਾਰ। ਕਾਪੜੁ = ਕੱਪੜਾ। ਅੰਗਿ = ਸਰੀਰ ਉਤੇ। ਕੁਟੰਬ = ਪਰਵਾਰ। ਸਹਿਤ = ਸਮੇਤ। ਸਿਉ = ਨਾਲ, ਸਮੇਤ। ਜਿਤੁ = ਜਿਸ (ਸਰੀਰ) ਦੀ ਰਾਹੀਂ। ਹੁਣਿ = ਇਸ ਜਨਮ ਵਿਚ। ਹਾਥਿ = ਹੱਥ ਵਿਚ। ਅਹਿਲਾ = ਬਹੁਤ ਕੀਮਤੀ।੧।

ਭਾਉ = ਪਿਆਰ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ, ਮਾਇਆ ਦਾ ਮੋਹ। ਨ ਦੇਈ ਲਾਗਣਿ = ਲੱਗਣ ਨਹੀਂ ਦੇਂਦਾ। ਜਿਨਿ = ਜਿਸ (ਦੂਜੇ ਭਾਵ) ਨੇ। ਜਗ ਜੀਵਨ = ਜਗਤ ਦੀ ਜਿੰਦ। ਤੈ = ਤੂੰ {ਲਫ਼ਜ਼ 'ਤੂੰ' ਅਤੇ 'ਤੈ' ਵਿਚ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ'}ਨਿਵਾਰੇ = ਦੂਰ ਕਰ ਦਿੱਤੇ।੧।ਰਹਾਉ।

ਦਇਆ ਪਤਿ = ਦਇਆ ਦਾ ਮਾਲਕ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}ਮੁਕਤ = ਮਾਇਆ ਦੇ ਮੋਹ ਤੋਂ ਆਜ਼ਾਦ। ਬੰਧ = ਮੋਹ ਵਿਚ ਬੱਝੇ ਹੋਏ। ਸਭਿ = ਸਾਰੇ। ਵਖਾਣੇ = ਬਿਆਨ ਕਰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ।੨।

ਜਨੁ = ਮਨੁੱਖ। ਲਿਵ = ਸੁਰਤਿ। ਨਾਲੇ = ਨਾਲ। ਗਹਣ = ਡੂੰਘੀ। ਗਤਿ = ਆਤਮਕ ਅਵਸਥਾ। ਸਚੈ = ਸਦਾ ਕਾਇਮ ਰਹਿਣ ਵਾਲੇ ਨੇ। ਭਰਮਿ = ਭਟਕਣਾ ਵਿਚ। ਭੁਲਾਣੇ = ਭੁੱਲੇ ਹੋਏ, ਕੁਰਾਹੇ ਪਏ ਹੋਏ। ਕਹੀਅਹਿ = ਕਹੇ ਜਾਂਦੇ ਹਨ। {ਕਹੀਐ = ਕਿਹਾ ਜਾਂਦਾ ਹੈ}ਉਰਵਾਰਿ = (ਸੰਸਾਰ = ਸਮੁੰਦਰ ਦੇ) ਉਰਲੇ ਪਾਸੇ।੩।

ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਨਦਰਿ = ਨਿਗਾਹ। ਸਮ੍ਹ੍ਹਾਲੇ = ਹਿਰਦੇ ਵਿਚ ਵਸਾਂਦਾ ਹੈ। ਨਿਸਤਾਰੇ = ਪਾਰ ਲੰਘਾ ਲੈਂਦਾ ਹੈ। ਮਸਤਕਿ = ਮੱਥੇ ਉਤੇ। ਕਾਲਹਿ = ਕਾਲ ਨੂੰ, ਮੌਤ ਨੂੰ, ਮੌਤ ਦੇ ਸਹਿਮ ਨੂੰ, ਆਤਮਕ ਮੌਤ ਨੂੰ। ਮਾਰਿ = ਮਾਰ ਕੇ। ਬਿਦਾਰੇ = ਨਾਸ ਕਰ ਦੇਂਦਾ ਹੈ।੪।

ਅਰਥ: ਹੇ ਭਾਈ! ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਜੋੜਨ ਨਹੀਂ ਦੇਂਦਾ। ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ। ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ।੧।ਰਹਾਉ।

ਹੇ ਭਾਈ! ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ। (ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ। (ਹੇ ਭਾਈ! ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ। ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ।੧।

ਹੇ ਪ੍ਰਭੂ! ਤੂੰ (ਆਪ ਹੀ) ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਆਪ ਹੀ (ਆਪਣੇ ਚਰਨਾਂ ਦੀ ਪ੍ਰੀਤ) ਦੇਣ ਵਾਲਾ ਹੈਂ (ਤੇਰੇ ਪੈਦਾ ਕੀਤੇ) ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ। ਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ-ਕੋਈ ਵਿਰਲਾ ਗੁਰਮੁਖਿ ਇਹ ਗੱਲ ਆਖ ਕੇ ਸਮਝਾਂਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ।੨।

ਜਿਸ ਮਨੁੱਖ ਦੀ ਸੁਰਤਿ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ। ਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ।੩।

(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ। (ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ।੪।੧।

ਨੋਟ: ਮ: ੩ ਦੇ ਇਸ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਵੇਖੋ ਅਖ਼ੀਰਲਾ ਅੰਕ ੧।

TOP OF PAGE

Sri Guru Granth Darpan, by Professor Sahib Singh