ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 798 ਬਿਲਾਵਲੁ ਮਹਲਾ ੩ ॥ ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥ ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥ ਮੰਗਲੁ ਨਾਰੀ ਗਾਵਹਿ ਆਏ ॥ ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥ ਹਉ ਤਿਨ ਬਲਿਹਾਰੈ ਜਿਨ੍ਹ੍ਹ ਹਰਿ ਮੰਨਿ ਵਸਾਏ ॥ ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥ਸਦਾ ਰੰਗਿ ਰਾਤੇ ਤੇਰੈ ਚਾਏ ॥ ਹਰਿ ਜੀਉ ਆਪਿ ਵਸੈ ਮਨਿ ਆਏ ॥ ਆਪੇ ਸੋਭਾ ਸਦ ਹੀ ਪਾਏ ॥ ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥ ਗੁਰਮੁਖਿ ਰਾਤੇ ਸਬਦਿ ਰੰਗਾਏ ॥ ਨਿਜ ਘਰਿ ਵਾਸਾ ਹਰਿ ਗੁਣ ਗਾਏ ॥ ਰੰਗਿ ਚਲੂਲੈ ਹਰਿ ਰਸਿ ਭਾਏ ॥ ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥ ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥ ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥ ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥ ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥ {ਪੰਨਾ 798} ਪਦਅਰਥ: ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ} ਜਿਸ ਨੂੰ, ਜਿਸ ਮਨੁੱਖ ਦੇ ਹਿਰਦੇ ਵਿਚ। ਆਪੇ = (ਪ੍ਰਭੂ) ਆਪ ਹੀ। ਤਿਤੁ = {ਲਫ਼ਜ਼ 'ਤਿਸੁ' ਤੋਂ ਅਧਿਕਰਣ ਕਾਰਕ} ਉਸ ਵਿਚ। ਘਰਿ = ਘਰ ਵਿਚ। ਤਿਤੁ ਘਰਿ = ਉਸ ਹਿਰਦੇ = ਘਰ ਵਿਚ {ਤਿਸੁ ਘਰਿ = ਉਸ ਦੇ ਘਰ ਵਿਚ}। ਬਿਲਾਵਲੁ = ਖ਼ੁਸ਼ੀ, ਆਨੰਦ। ਸਬਦਿ = ਸ਼ਬਦ ਦੀ ਰਾਹੀਂ। ਸੁਹਾਏ = (ਉਹ ਮਨੁੱਖ) ਸੋਹਣਾ ਬਣ ਜਾਂਦਾ ਹੈ। ਨਾਰੀ ਗਾਵਹਿ = ਨਾਰੀਆਂ ਗਾਂਦੀਆਂ ਹਨ, ਇੰਦ੍ਰੇ ਗਾਂਦੇ ਹਨ। ਮੰਗਲੁ = (ਪ੍ਰਭੂ ਦੀ) ਸਿਫ਼ਤਿ-ਸਾਲਾਹ ਦਾ ਗੀਤ। ਆਇ = ਆਇ; ਆ ਕੇ, ਰਲ ਕੇ। ਮਿਲਿ = ਮਿਲ ਕੇ।੧। ਹਉ = ਮੈਂ। ਬਲਿਹਾਰੈ = ਕੁਰਬਾਨ। ਮੰਨਿ = ਮਨਿ, ਮਨ ਵਿਚ। ਵਸਾਏ = ਵਸਾਇਆ ਹੈ। ਮਿਲਿਆ = ਮਿਲਿਆਂ। ਕਉ = ਨੂੰ। ਪਾਈਐ = ਪ੍ਰਾਪਤ ਕਰੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ।੧।ਰਹਾਉ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਤੇਰੈ ਚਾਏ = ਤੇਰੈ ਚਾਇ, ਤੇਰੇ ਚਾਉ ਵਿਚ। ਮਨਿ = ਮਨ ਵਿਚ। ਆਏ = ਆਇ, ਆ ਕੇ। ਆਪੇ = (ਪ੍ਰਭੂ) ਆਪ ਹੀ। ਸਦ = ਸਦਾ। ਮੇਲਿ = ਮੇਲ ਵਿਚ, ਆਪਣੇ ਚਰਨਾਂ ਵਿਚ।੨। ਰੰਗਾਏ = ਰੰਗ ਚਾੜ੍ਹਦਾ ਹੈ। ਨਿਜ ਘਰਿ = ਆਪਣੇ (ਹਿਰਦੇ-) ਘਰ ਵਿਚ। ਗਾਏ = ਗਾ ਕੇ। ਚਲੂਲੈ ਰੰਗਿ = ਗੂੜ੍ਹੇ ਰੰਗ ਵਿਚ। ਭਾਏ = ਭਾਇ, ਪ੍ਰੇਮ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਏ = ਸਮਾਇ, ਲੀਨ ਹੋ ਕੇ।੩। ਅੰਤਰਿ = ਅੰਦਰ। ਅਗਿਆਨੁ = (ਜੀਵਨ = ਰਾਹ ਵਲੋਂ) ਬੇ = ਸਮਝੀ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਬਹੁੜਿ = ਮੁੜ, ਫਿਰ। ਦ੍ਰਿੜਾਏ = ਪੱਕਾ ਕਰ ਦੇਂਦਾ ਹੈ।੪। ਅਰਥ: (ਹੇ ਭਾਈ!) ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਇਆ ਹੈ। (ਹੇ ਭਾਈ!) ਪਰਮਾਤਮਾ ਦੇ (ਇਹੋ ਜਿਹੇ) ਸੇਵਕਾਂ ਦੀ ਸੰਗਤਿ ਕੀਤਿਆਂ ਆਤਮਕ ਆਨੰਦ ਮਿਲਦਾ ਹੈ। (ਜੇਹੜਾ ਮਨੁੱਖ ਹਰਿ-ਜਨਾਂ ਨੂੰ ਮਿਲਦਾ ਹੈ, ਉਹ ਭੀ) ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ।੧।ਰਹਾਉ। (ਹੇ ਭਾਈ!) ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਿਆਰ ਪੈਦਾ ਕਰਦਾ ਹੈ, ਉਸ ਹਿਰਦੇ-ਘਰ ਵਿਚ (ਸਦਾ) ਖਿੜਾਉ (ਬਣਿਆ ਰਹਿੰਦਾ) ਹੈ, ਗੁਰੂ ਦੀ ਬਰਕਤਿ ਨਾਲ ਉਸ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਉਸ ਦੇ ਸਾਰੇ ਗਿਆਨ-ਇੰਦ੍ਰੇ ਰਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ। ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ।੧। (ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ) ਸਦਾ ਤੇਰੇ ਪ੍ਰੇਮ ਵਿਚ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ। (ਹੇ ਭਾਈ!) ਪ੍ਰਭੂ ਆਪ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ। ਪ੍ਰਭੂ ਆਪ ਹੀ ਉਹਨਾਂ ਨੂੰ ਸਦਾ ਲਈ ਵਡਿਆਈ ਬਖ਼ਸ਼ਦਾ ਹੈ, ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।੨। ਹੇ ਭਾਈ! ਗੁਰੂ ਦੀ ਸਰਨ ਪੈ ਕੇ (ਜੇਹੜੇ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗੇ ਜਾਂਦੇ ਹਨ, (ਪ੍ਰਭੂ ਉਹਨਾਂ ਨੂੰ ਆਪਣੇ ਨਾਮ ਦਾ) ਰੰਗ ਚਾੜ੍ਹਦਾ ਹੈ, ਪ੍ਰਭੂ ਦੇ ਗੁਣ ਗਾ ਗਾ ਕੇ ਉਹਨਾਂ ਦਾ ਆਪਣੇ ਹਿਰਦੇ-ਘਰ ਵਿਚ ਟਿਕਾਣਾ ਬਣਿਆ ਰਹਿੰਦਾ ਹੈ (ਉਹ ਕਦੇ ਭਟਕਦੇ ਨਹੀਂ) ਪ੍ਰਭੂ ਦੇ ਨਾਮ-ਰਸ ਵਿਚ ਪ੍ਰੇਮ ਵਿਚ (ਟਿਕੇ ਰਹਿਣ ਕਰ ਕੇ) ਉਹ ਗੂੜ੍ਹੇ ਰੰਗ ਵਿਚ ਰੰਗੇ ਰਹਿੰਦੇ ਹਨ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਇਹ ਨਾਮ-ਰੰਗ ਕਦੇ ਨਹੀਂ ਉਤਰਦਾ।੩। ਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਹਨਾਂ ਦੇ ਅੰਦਰੋਂ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗੁਰੂ ਦਾ ਬਖ਼ਸ਼ਿਆ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ। ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਜਨਮ-ਮਰਨ ਦਾ ਗੇੜ ਨਹੀਂ ਪੈਂਦਾ। (ਪਰ) ਹੇ ਨਾਨਕ! ਪੂਰਾ ਗੁਰੂ ਹੀ (ਮਨੁੱਖ ਦੇ ਅੰਦਰ) ਨਾਮ ਜਪਣ ਦਾ ਸੁਭਾਉ ਪੱਕਾ ਕਰ ਸਕਦਾ ਹੈ।੪।੫। ਬਿਲਾਵਲੁ ਮਹਲਾ ੩ ॥ ਪੂਰੇ ਗੁਰ ਤੇ ਵਡਿਆਈ ਪਾਈ ॥ ਅਚਿੰਤ ਨਾਮੁ ਵਸਿਆ ਮਨਿ ਆਈ ॥ ਹਉਮੈ ਮਾਇਆ ਸਬਦਿ ਜਲਾਈ ॥ ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥ ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥ਮਨ ਕੀ ਪਰਤੀਤਿ ਮਨ ਤੇ ਪਾਈ ॥ ਪੂਰੇ ਗੁਰ ਤੇ ਸਬਦਿ ਬੁਝਾਈ ॥ ਜੀਵਣ ਮਰਣੁ ਕੋ ਸਮਸਰਿ ਵੇਖੈ ॥ ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥ ਘਰ ਹੀ ਮਹਿ ਸਭਿ ਕੋਟ ਨਿਧਾਨ ॥ ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥ ਸਦ ਹੀ ਲਾਗਾ ਸਹਜਿ ਧਿਆਨ ॥ ਅਨਦਿਨੁ ਗਾਵੈ ਏਕੋ ਨਾਮ ॥੩॥ ਇਸੁ ਜੁਗ ਮਹਿ ਵਡਿਆਈ ਪਾਈ ॥ ਪੂਰੇ ਗੁਰ ਤੇ ਨਾਮੁ ਧਿਆਈ ॥ ਜਹ ਦੇਖਾ ਤਹ ਰਹਿਆ ਸਮਾਈ ॥ ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥ ਪੂਰੈ ਭਾਗਿ ਗੁਰੁ ਪੂਰਾ ਪਾਇਆ ॥ ਅੰਤਰਿ ਨਾਮੁ ਨਿਧਾਨੁ ਦਿਖਾਇਆ ॥ ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥ ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥ {ਪੰਨਾ 798} ਪਦਅਰਥ: ਤੇ = ਤੋਂ। ਵਡਿਆਈ = ਗੌਰਵਤਾ, ਇੱਜ਼ਤ। ਅਚਿੰਤ ਨਾਮੁ = ਚਿੰਤਾ ਤੋਂ ਬਚਾਣ ਵਾਲਾ ਹਰਿ = ਨਾਮ। ਮਨਿ = ਮਨ ਵਿਚ। ਸਬਦਿ = ਸ਼ਬਦ ਨੇ। ਦਰਿ = ਦਰ ਉਤੇ।੧। ਜਗਦੀਸ = {ਜਗਤ = ਈਸ਼} ਹੇ ਜਗਤ ਦੇ ਮਾਲਕ! ਸੇਵਉ = ਸੇਵਉਂ, ਮੈਂ ਸੇਵਾ ਕਰਦਾ ਰਹਾਂ। ਮੈ = ਮੈਨੂੰ। ਅਵਰੁ = ਹੋਰ। ਅਨਦਿਨੁ = ਹਰ ਰੋਜ਼। ਗੁਰਮੁਖਿ = ਗੁਰੂ ਦੀ ਰਾਹੀਂ। ਮਾਗਉ = ਮਾਂਗਉਂ, ਮੈਂ ਮੰਗਦਾ ਹਾਂ। ਨਿਵਾਜਾ = ਬਖ਼ਸ਼ਸ਼ ਕਰਨ ਵਾਲਾ।੧।ਰਹਾਉ। ਪਰਤੀਤਿ = ਸਰਧਾ, ਨਿਸ਼ਚਾ। ਮਨ ਤੇ = ਮਨ ਤੋਂ, ਅੰਦਰੋਂ ਹੀ। ਤੇ = ਤੋਂ। ਸਬਦਿ = ਸ਼ਬਦ ਦੀ ਰਾਹੀਂ। ਬੁਝਾਈ = ਸਮਝ। ਜੀਵਣ ਮਰਣੁ = ਜਨਮ ਤੋਂ ਮਰਨ ਤਕ, ਸਾਰੀ ਉਮਰ। ਕੋ = ਜੇਹੜਾ ਕੋਈ ਮਨੁੱਖ। ਸਮਸਰਿ = ਬਰਾਬਰ, ਇੱਕ = ਸਮਾਨ। ਬਹੁੜਿ = ਮੁੜ। ਪੇਖੈ = ਵੇਖਦਾ।੨। ਘਰ = ਹਿਰਦਾ = ਘਰ। ਮਹਿ = ਵਿਚ। ਸਭਿ ਕੋਟ = ਸਾਰੇ ਕਿਲ੍ਹੇ {ਕੋਟਿ = ਕ੍ਰੋੜ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ}। ਨਿਧਾਨ = ਖ਼ਜ਼ਾਨੇ। ਸਤਿਗੁਰਿ = ਗੁਰੂ ਨੇ। ਅਭਿਮਾਨੁ = ਅਹੰਕਾਰ। ਸਦ = ਸਦਾ। ਸਹਜਿ = ਆਤਮਕ ਅਡੋਲਤਾ ਵਿਚ। ਏਕੋ ਨਾਮ = ਇਕ ਨਾਮ ਹੀ।੩। ਜੁਗ ਮਹਿ = ਜਗਤ ਵਿਚ। ਦੇਖਾ = ਦੇਖਾਂ, ਮੈਂ ਵੇਖਦਾ ਹਾਂ।੪। ਭਾਗਿ = ਕਿਸਮਤ ਨਾਲ। ਅੰਤਰਿ = (ਹਿਰਦੇ ਦੇ) ਅੰਦਰ। ਨਿਧਾਨੁ = ਖ਼ਜ਼ਾਨਾ। ਮਨਿ = ਮਨ ਵਿਚ। ਤਨਿ = ਸਰੀਰ ਵਿਚ।੫। ਅਰਥ: ਹੇ ਜਗਤ ਦੇ ਮਾਲਕ-ਪ੍ਰਭੂ! ਮੇਹਰ ਕਰ) ਮੈਂ (ਤੇਰਾ ਨਾਮ) ਸਿਮਰਦਾ ਰਹਾਂ, (ਇਸ ਤੋਂ ਚੰਗਾ) ਮੈਨੂੰ ਹੋਰ ਕੋਈ ਕੰਮ ਨਾਹ ਲੱਗੇ। (ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ) ਬਖ਼ਸ਼ਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ (ਤਾ ਕਿ) ਮੇਰੇ ਮਨ ਵਿਚ (ਉਸ ਨਾਮ ਦੀ ਬਰਕਤਿ ਨਾਲ) ਹਰ ਵੇਲੇ ਆਨੰਦ ਬਣਿਆ ਰਹੇ।੧।ਰਹਾਉ। ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ-ਇੱਜ਼ਤ ਪ੍ਰਾਪਤ ਕਰ ਲਈ, ਉਸ ਦੇ ਮਨ ਵਿਚ ਉਹ ਹਰਿ-ਨਾਮ ਆ ਵੱਸਦਾ ਹੈ ਜੋ ਹਰੇਕ ਕਿਸਮ ਦਾ ਫ਼ਿਕਰ-ਤੌਖਲਾ ਦੂਰ ਕਰ ਦੇਂਦਾ ਹੈ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ, ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ।੧। ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ (ਉਸ ਦੇ) ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ, ਉਸ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸਰਧਾ-ਵਿਸ਼ਵਾਸ ਦੀ ਦਾਤਿ ਲੱਭ ਲਈ (ਇਹ ਸਰਧਾ ਕਿ ਪਰਮਾਤਮਾ ਸਾਰੇ ਜਗਤ ਵਿਚ ਇਕ-ਸਮਾਨ ਵਿਆਪਕ ਹੈ) । ਹੇ ਭਾਈ! ਜੇਹੜਾ ਭੀ ਮਨੁੱਖ ਸਾਰੀ ਉਮਰ ਪ੍ਰਭੂ ਨੂੰ (ਸ੍ਰਿਸ਼ਟੀ ਵਿਚ) ਇਕ-ਸਮਾਨ (ਵੱਸਦਾ) ਵੇਖਦਾ ਹੈ, ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ, ਉਸ ਵਲ ਜਮਰਾਜ ਕਦੇ ਨਹੀਂ ਤੱਕਦਾ।੨। ਹੇ ਭਾਈ! ਹਰੇਕ ਮਨੁੱਖ ਦੇ) ਹਿਰਦੇ-ਘਰ ਵਿਚ ਸਾਰੇ (ਸੁਖਾਂ ਦੇ) ਖ਼ਜ਼ਾਨਿਆਂ ਦੇ (ਕੋਟਾਂ ਦੇ) ਕੋਟ ਮੌਜੂਦ ਹਨ। ਜਿਸ ਮਨੁੱਖ ਨੂੰ ਗੁਰੂ ਨੇ (ਇਹ ਕੋਟ) ਵਿਖਾ ਦਿੱਤੇ, ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਗਿਆ। ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਸੁਰਤਿ ਜੋੜੀ ਰੱਖਦਾ ਹੈ। ਉਹ ਮਨੁੱਖ ਹਰ ਵੇਲੇ ਇਕੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।੩। ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ ਦਾ ਨਾਮ ਸਿਮਰਦਾ ਹੈ, ਉਹ ਇਸ ਜਗਤ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ। ਹੇ ਭਾਈ! ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਪਰਮਾਤਮਾ ਮੌਜੂਦ ਦਿੱਸਦਾ ਹੈ। ਉਹ ਸਦਾ ਹੀ (ਸਭਨਾਂ ਨੂੰ) ਸੁਖ ਦੇਣ ਵਾਲਾ ਹੈ। ਪਰ ਉਹ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ।੪। ਹੇ ਭਾਈ! ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵਿਖਾਲ ਦਿੱਤਾ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ, ਉਸ ਦੇ ਅੰਦਰੋਂ ਮਾਇਆ ਦੀ ਤ੍ਰੇਹ ਬੁੱਝ ਗਈ। ਉਸ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਆਨੰਦ ਹੀ ਆਨੰਦ ਹਾਸਲ ਹੋ ਗਿਆ।੫।੬।੧੦। ਮ:
੧ ---- ੪ ਸ਼ਬਦ |
Sri Guru Granth Darpan, by Professor Sahib Singh |