ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 799 ਰਾਗੁ ਬਿਲਾਵਲੁ ਮਹਲਾ ੪ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥ ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥ ਜਪਿ ਮਨ ਰਾਮ ਨਾਮੁ ਰਸਨਾ ॥ ਮਸਤਕਿ ਲਿਖਤ ਲਿਖੇ ਗੁਰੁ ਪਾਇਆ ਹਰਿ ਹਿਰਦੈ ਹਰਿ ਬਸਨਾ ॥੧॥ ਰਹਾਉ ॥ ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥ ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥੨॥ ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ ॥ ਓਹੁ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥੩॥ ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ ॥ ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥੪॥੧॥ {ਪੰਨਾ 798-799} ਪਦਅਰਥ: ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਪ੍ਰੇਰੇ = ਪ੍ਰੇਰਨਾ ਕਰਦਾ ਹੈ। ਨਟੂਆ = ਨਾਟਕ ਕਰਨ ਵਾਲਾ। ਤੰਤੀ = ਵੀਣਾ। ਤੰਤੁ = ਤਾਰ। ਤੰਤੀ ਤੰਤੁ = ਵੀਣਾ ਦੀ ਤਾਰ। ਜੰਤ = {यन्त्र} ਵਾਜੇ। ਵਾਜਹਿ = ਵੱਜਦੇ ਹਨ। ਜਨਾ = ਜੀਵ।੧। ਮਨ = ਹੇ ਮਨ! ਰਸਨਾ = ਜੀਭ ਨਾਲ। ਮਸਤਕਿ = ਮੱਥੇ ਉਤੇ। ਹਿਰਦੈ = ਹਿਰਦੇ ਵਿਚ।੧।ਰਹਾਉ। ਗਿਰਸਤਿ = ਗ੍ਰਸਿਆ ਹੋਇਆ, ਜਕੜਿਆ ਹੋਇਆ। ਪ੍ਰਾਨੀ = ਜੀਵ। ਜਨੁ = ਦਾਸ। ਹਰਣਾਖਸਿ = ਹਰਣਾਖਸ ਨੇ। ਗ੍ਰਸਿਓ = ਗ੍ਰਸਿਆ, ਆਪਣੇ ਕਾਬੂ ਵਿਚ ਕੀਤਾ।੨। ਗਤਿ ਮਿਤਿ = ਹਾਲਤ। ਪਤਿਤ = ਵਿਕਾਰੀ, ਵਿਕਾਰਾਂ ਵਿਚ ਡਿੱਗੇ ਹੋਏ {पत् = to fall}। ਪਵੰਨਾ = ਪਵਿੱਤਰ। ਢੋਰ = ਮੋਏ ਹੋਏ ਪਸ਼ੂ। ਹਾਥਿ = ਹੱਥ ਵਿਚ। ਚਮਰੇ ਹਾਥਿ = ਚਮਾਰ ਦੇ ਹੱਥ ਵਿਚ। ਉਧਰਿਓ = ਪਾਰ ਲੰਘਾ ਦਿੱਤਾ।੩। ਦੀਨ = ਗਰੀਬ, ਕੰਗਾਲ। ਦਇਆਲ = ਦਇਆ ਦਾ ਘਰ। ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਭਵ = ਸੰਸਾਰ = ਸਮੁੰਦਰ। ਭਵ ਤਾਰਨ = ਹੇ ਸੰਸਾਰ = ਸਮੁੰਦਰ ਤੋਂ ਪਾਰ ਲੰਘਾਣ ਵਾਲੇ! ਪਪਨਾ = ਪਾਪਾਂ ਤੋਂ। ਦਾਸ ਦਾਸੰਨਾ = ਦਾਸਾਂ ਦਾ ਦਾਸ।੪। ਅਰਥ: ਹੇ (ਮੇਰੇ) ਮਨ! ਜੀਭ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ। ਜਿਸ ਮਨੁੱਖ ਦੇ ਮੱਥੇ ਉਤੇ ਲਿਖੇ ਹੋਏ ਚੰਗੇ ਭਾਗ ਉੱਘੜ ਪੈਣ, ਉਸ ਨੂੰ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਸਹੈਤਾ ਨਾਲ ਉਸ ਦੇ) ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ।੧।ਰਹਾਉ। ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉੱਦਮ ਕਰਨ ਦੀ ਅਕਲ (ਜੀਵਾਂ ਨੂੰ ਆਪ ਦੇਂਦਾ ਹੈ) । ਜਿਵੇਂ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਤਿਵੇਂ ਅਸੀ ਕਰਦੇ ਹਾਂ। ਜਿਵੇਂ ਕੋਈ ਨਾਟਕ ਕਰਨ ਵਾਲਾ ਮਨੁੱਖ ਵੀਣਾ (ਆਦਿਕ ਸਾਜ) ਦੀ ਤਾਰ ਵਜਾਂਦਾ ਹੈ (ਤਿਵੇਂ ਉਹ ਸਾਜ ਵੱਜਦਾ ਹੈ) ; ਤਿਵੇਂ ਸਾਰੇ ਜੀਵ (ਜੋ, ਮਾਨੋ) ਵਾਜੇ (ਹਨ, ਪ੍ਰਭੂ ਦੇ ਵਜਾਇਆਂ) ਵੱਜਦੇ ਹਨ।੧। ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਜੀਵ ਭਟਕਦਾ ਫਿਰਦਾ ਹੈ, (ਮੈਨੂੰ) ਆਪਣੇ ਦਾਸ ਨੂੰ (ਇਸ ਮਾਇਆ ਦੇ ਮੋਹ ਤੋਂ) ਬਚਾ ਲੈ (ਉਸ ਤਰ੍ਹਾਂ ਬਚਾ ਲੈ) ਜਿਵੇਂ, ਹੇ ਹਰੀ! ਤੂੰ ਸਰਨ ਪਏ ਪ੍ਰਹਿਲਾਦ ਦੀ ਰੱਖਿਆ ਕੀਤੀ, ਜਦੋਂ ਉਸ ਨੂੰ ਹਰਣਾਖਸ ਨੇ ਦੁੱਖ ਦਿੱਤਾ।੨। ਹੇ ਭਾਈ! ਕਿਸ ਕਿਸ ਦੀ ਹਾਲਤ ਦੱਸੀ ਜਾਏ? ਉਹ ਪਰਮਾਤਮਾ ਤਾਂ ਬੜੇ ਬੜੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਂਦਾ ਹੈ। (ਵੇਖੋ,) ਉਹ (ਰਵਿਦਾਸ) ਮੋਏ ਹੋਏ ਪਸ਼ੂ ਢੋਂਦਾ ਸੀ, (ਉਸ) ਚਮਾਰ ਦੇ ਹੱਥ ਵਿਚ (ਨਿੱਤ) ਚਮ (ਫੜਿਆ ਹੁੰਦਾ) ਸੀ, ਪਰ ਜਦੋਂ ਉਹ ਪ੍ਰਭੂ ਦੀ ਸਰਨ ਪਿਆ, ਪ੍ਰਭੂ ਨੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।੩। ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਭਗਤਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ ਪ੍ਰਭੂ! ਸਾਨੂੰ ਪਾਪੀ ਜੀਵਾਂ ਨੂੰ ਪਾਪਾਂ ਤੋਂ ਬਚਾ ਲੈ। ਹੇ ਦਾਸ ਨਾਨਕ! ਆਖ-ਹੇ ਪ੍ਰਭੂ!) ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੪।੧। ਬਿਲਾਵਲੁ ਮਹਲਾ ੪ ॥ ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥ ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥ ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥ ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥ ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥ ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥ ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥ {ਪੰਨਾ 799} ਪਦਅਰਥ: ਮੁਗਧ = ਮੂਰਖ। ਗਿਆਨ = ਸਹੀ ਜੀਵਨ ਦੀ ਸੂਝ। ਅਗਿਆਨ ਮਤੀ = (ਸਹੀ ਜੀਵਨ ਵਲੋਂ) ਬੇ = ਸਮਝੀ। ਸਰਣਾਗਤਿ = ਸਰਣ = ਆਗਤਿ, ਸਰਨ ਪਏ। ਪੁਰਖ = ਹੇ ਸਰਬ = ਵਿਆਪਕ! ਅਜਨਮਾ = ਹੇ ਜਨਮ ਤੋਂ ਰਹਿਤ! ਹੀਨ = ਨਿਮਾਣੇ। ਅਕਰਮਾ = ਅ = ਕਰਮ, ਕਰਮ = ਹੀਣ, ਭਾਗ = ਹੀਣ।੧। ਭਜੁ = ਸਿਮਰ। ਨਾਮੈ = ਨਾਮ ਨੂੰ। ਰਸੁ = ਆਨੰਦ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਕਾਮਾ = ਕੰਮ।੧।ਰਹਾਉ। ਸੇ = {ਬਹੁ-ਵਚਨ} ਉਹ ਬੰਦੇ। ਨਿਰਗੁਨ = ਗੁਣ-ਹੀਨ। ਉਪਮਾ = ਵਡਿਆਈ, ਸੋਭਾ। ਅਵਰੁ = ਹੋਰ। ਠਾਕੁਰ = ਹੇ ਠਾਕੁਰ! ਵਡ ਕਰੰਮਾ = ਵੱਡੇ ਭਾਗਾਂ ਨਾਲ।੨। ਹੀਨ = ਸੱਖਣੇ, ਖ਼ਾਲੀ। ਧ੍ਰਿਗੁ = ਫਿਟਕਾਰ = ਜੋਗ। ਸਹੰਮਾ = ਸਹਿਮ, ਫ਼ਿਕਰ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਫਿਰਿ ਫਿਰਿ = ਮੁੜ ਮੁੜ। ਭਵਾਈਅਹਿ = ਭਵਾਏ ਜਾਂਦੇ ਹਨ। ਅਕਰਮ = ਭਾਗ = ਹੀਣ।੩। ਅਧਾਰੁ = ਆਸਰਾ। ਧੁਰਿ = ਧੁਰ ਦਰਗਾਹ ਤੋਂ। ਪੂਰਬਿ = ਪੂਰਬਲੇ ਜਨਮ ਵਿਚ। ਕਰਮ = ਭਾਗ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਦ੍ਰਿੜਾਇਆ = (ਹਿਰਦੇ ਵਿਚ) ਪੱਕਾ ਕਰਾ ਦਿੱਤਾ। ਸਫਲੁ = ਕਾਮਯਾਬ।੪। ਅਰਥ: ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। (ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਦੇ ਨਾਮ ਦਾ ਆਨੰਦ ਮਿਲਦਾ ਹੈ। ਛੱਡੋ ਹੋਰ ਕੰਮਾਂ ਦਾ ਮੋਹ, (ਜਿੰਦ ਨੂੰ ਉਹਨਾਂ ਤੋਂ) ਕੋਈ ਲਾਭ ਨਹੀਂ ਮਿਲੇਗਾ।੧।ਰਹਾਉ। ਹੇ ਸਰਬ-ਵਿਆਪਕ ਪ੍ਰਭੂ! ਹੇ ਜੂਨਾਂ ਤੋਂ ਰਹਿਤ ਪ੍ਰਭੂ! ਅਸੀ ਜੀਵ ਮੂਰਖ ਹਾਂ, ਬੜੇ ਮੂਰਖ ਹਾਂ, ਬੇ ਸਮਝ ਹਾਂ (ਪਰ) ਤੇਰੀ ਸਰਨ ਪਏ ਹਾਂ। ਹੇ ਮੇਰੇ ਠਾਕੁਰ! ਮੇਹਰ ਕਰ, ਸਾਡੀ ਰੱਖਿਆ ਕਰ, ਅਸੀ ਪੱਥਰ (-ਦਿਲ) ਹਾਂ, ਅਸੀ ਨਿਮਾਣੇ ਹਾਂ ਤੇ ਮੰਦ-ਭਾਗੀ ਹਾਂ।੧। ਹੇ ਹਰੀ! ਜੇਹੜੇ ਮਨੁੱਖ ਤੇਰੇ (ਦਰ ਦੇ) ਸੇਵਕ ਬਣਦੇ ਹਨ ਤੂੰ ਉਹਨਾਂ ਨੂੰ ਪਾਰ ਲੰਘਾ ਲੈਂਦਾ ਹੈਂ। (ਪਰ) ਅਸੀ ਗੁਣ-ਹੀਨ ਹਾਂ, (ਗੁਣ-ਹੀਨਾਂ ਦੀ ਭੀ) ਰੱਖਿਆ ਕਰ (ਇਸ ਵਿਚ ਭੀ ਤੇਰੀ ਹੀ) ਸੋਭਾ ਹੋਵੇਗੀ। ਹੇ ਮੇਰੇ ਠਾਕੁਰ! ਤੈਥੋਂ ਬਿਨਾ ਮੇਰਾ ਕੋਈ (ਮਦਦਗਾਰ) ਨਹੀਂ। (ਹੇ ਭਾਈ!) ਵੱਡੀ ਕਿਸਮਤ ਨਾਲ ਹੀ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਹੈ।੨। (ਹੇ ਭਾਈ!) ਜੇਹੜੇ ਮਨੁੱਖ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੀ ਹੁੰਦਾ ਹੈ। ਉਹਨਾਂ ਨੂੰ ਬੜੇ ਦੁੱਖ ਸਹਿਮ (ਚੰਬੜੇ ਰਹਿੰਦੇ ਹਨ) । ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ। ਉਹ ਮੂਰਖ ਬੰਦੇ ਕਰਮਹੀਣ ਹੀ ਰਹਿੰਦੇ ਹਨ, ਮੰਦ-ਭਾਗੀ ਹੀ ਰਹਿੰਦੇ ਹਨ।੩। ਹੇ ਭਾਈ! ਪਰਮਾਤਮਾ ਦੇ ਭਗਤਾਂ ਨੂੰ ਪਰਮਾਤਮਾ ਦਾ ਨਾਮ (ਹੀ ਜੀਵਨ ਦਾ) ਸਹਾਰਾ ਹੈ। ਧੁਰ ਦਰਗਾਹ ਤੋਂ ਪੂਰਬਲੇ ਜਨਮ ਵਿਚ (ਉਹਨਾਂ ਦੇ ਮੱਥੇ ਉਤੇ) ਵੱਡੇ ਭਾਗ ਲਿਖੇ ਹੋਏ ਸਮਝੋ। ਹੇ ਦਾਸ ਨਾਨਕ! ਗੁਰੂ ਨੇ ਸਤਿਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਸਿਮਰਨ ਪੱਕਾ ਕਰ ਦਿੱਤਾ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।੪।੨। ਬਿਲਾਵਲੁ ਮਹਲਾ ੪ ॥ ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ॥ ਤੁਮ੍ਹ੍ਹਰੀ ਸੇਵਾ ਕਰਿ ਨ ਸਕਹ ਪ੍ਰਭ ਹਮ ਕਿਉ ਕਰਿ ਮੁਗਧ ਤਰਾ ॥੧॥ ਮੇਰੇ ਮਨ ਜਪਿ ਨਰਹਰ ਨਾਮੁ ਨਰਹਰਾ ॥ ਜਨ ਊਪਰਿ ਕਿਰਪਾ ਪ੍ਰਭਿ ਧਾਰੀ ਮਿਲਿ ਸਤਿਗੁਰ ਪਾਰਿ ਪਰਾ ॥੧॥ ਰਹਾਉ ॥ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ ॥ ਤੁਮ੍ਹ੍ਹਰੈ ਸੰਗਿ ਲਗੇ ਸੇ ਉਧਰੇ ਜਿਉ ਸੰਗਿ ਕਾਸਟ ਲੋਹ ਤਰਾ ॥੨॥ ਸਾਕਤ ਨਰ ਹੋਛੀ ਮਤਿ ਮਧਿਮ ਜਿਨ੍ਹ੍ਹ ਹਰਿ ਹਰਿ ਸੇਵ ਨ ਕਰਾ ॥ ਤੇ ਨਰ ਭਾਗਹੀਨ ਦੁਹਚਾਰੀ ਓਇ ਜਨਮਿ ਮੁਏ ਫਿਰਿ ਮਰਾ ॥੩॥ ਜਿਨ ਕਉ ਤੁਮ੍ਹ੍ਹ ਹਰਿ ਮੇਲਹੁ ਸੁਆਮੀ ਤੇ ਨ੍ਹ੍ਹਾਏ ਸੰਤੋਖ ਗੁਰ ਸਰਾ ॥ ਦੁਰਮਤਿ ਮੈਲੁ ਗਈ ਹਰਿ ਭਜਿਆ ਜਨ ਨਾਨਕ ਪਾਰਿ ਪਰਾ ॥੪॥੩॥ {ਪੰਨਾ 799} ਪਦਅਰਥ: ਲੁਭਤ = ਲੋਭ ਵਿਚ ਫਸਿਆ ਹੋਇਆ, ਗ੍ਰਸਿਆ ਹੋਇਆ। ਮੋਹਿ = ਮੋਹ ਵਿਚ। ਬਿਖਿਆ = ਮਾਇਆ। ਦੁਰਮਤਿ = ਖੋਟੀ ਮਤਿ। ਭਰਾ = ਭਰਿਆ ਹੋਇਆ। ਕਰਿ ਨ ਸਕਹ = ਅਸੀ ਕਰ ਨਹੀਂ ਸਕਦੇ {ਸਕਹ = ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਕਿਉ ਕਰਿ = ਕਿਵੇਂ? ਮੁਗਧ = ਮੂਰਖ।੧। ਮਨ = ਹੇ ਮਨ! ਨਰਹਰ = {नरहर नरसिंह} ਪਰਮਾਤਮਾ। ਪ੍ਰਭਿ = ਪ੍ਰਭੂ ਨੇ। ਮਿਲਿ = ਮਿਲ ਕੇ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਪਾਰਿ ਪਰਾ = ਪਾਰ ਲੰਘ ਗਿਆ।੧।ਰਹਾਉ। ਠਾਕੁਰ = ਹੇ ਠਾਕੁਰ! ਮਤੀ = ਅਕਲ, ਸਮਝ। ਜਸੁ = ਸਿਫ਼ਤਿ-ਸਾਲਾਹ। ਸੰਗਿ = ਨਾਲ, ਸੰਗਤਿ ਵਿਚ। ਸੇ = ਉਹ ਬੰਦੇ {ਬਹੁ-ਵਚਨ}। ਕਾਸਟ = ਕਾਠ, ਲੱਕੜ। ਲੋਹ = ਲੋਹਾ।੨। ਸਾਕਤ ਨਰ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਹੋਛੀ = ਹੌਲੀ! ਮਧਿਮ = {मध्यम} ਨਿੰਮ੍ਹੀ, ਕਮਜ਼ੋਰ। ਤੇ ਨਰ = ਉਹ ਬੰਦੇ {ਤੇ = ਬਹੁ-ਵਚਨ}। ਦੁਹਚਾਰੀ = ਕੁਕਰਮੀ, ਦੁਰਾਚਾਰੀ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}।੩। ਕਉ = ਨੂੰ। ਸੁਆਮੀ = ਹੇ ਸੁਆਮੀ! ਨ੍ਹ੍ਹਾਏ = ਇਸ਼ਨਾਨ ਕਰਦੇ ਹਨ। ਸੰਤੋਖ ਗੁਰ ਸਰਾ = ਗੁਰ ਸੰਤੋਖਸਰਾ, ਸੰਤੋਖ ਦੇ ਸਰੋਵਰ ਗੁਰੂ ਵਿਚ, ਉਸ ਗੁਰੂ ਵਿਚ ਜੋ ਸੰਤੋਖ ਦਾ ਸਰ ਹੈ {ਨੋਟ: ਅੰਮ੍ਰਿਤਸਰ ਵਾਲੇ 'ਸੰਤੋਖਸਰ' ਦਾ ਇਥੇ ਜ਼ਿਕਰ ਨਹੀਂ। ਉਹ ਅਜੇ ਬਣਿਆ ਹੀ ਨਹੀਂ ਸੀ}।੪। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ। ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।੧।ਰਹਾਉ। ਹੇ ਪ੍ਰਭੂ! ਅਸਾਂ ਜੀਵਾਂ ਦਾ ਮਨ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਖੋਟੀ ਮਤਿ ਦੀ ਮੈਲ ਨਾਲ ਬਹੁਤ ਭਰਿਆ ਰਹਿੰਦਾ ਹੈ; ਇਸੇ ਵਾਸਤੇ ਅਸੀ ਤੇਰੀ ਸੇਵਾ-ਭਗਤੀ ਕਰ ਨਹੀਂ ਸਕਦੇ। ਹੇ ਪ੍ਰਭੂ! ਅਸੀ ਮੂਰਖ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੀਏ?।੧। ਹੇ ਪ੍ਰਭੂ! ਹੇ ਠਾਕੁਰ! ਹੇ ਸਾਡੇ ਪਿਤਾ! ਹੇ ਸਾਡੇ ਮਾਲਕ! ਹੇ ਹਰੀ! ਸਾਨੂੰ (ਅਜੇਹੀ) ਸਮਝ ਬਖ਼ਸ਼ ਕਿ ਅਸੀ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ। ਹੇ ਪ੍ਰਭੂ! ਜਿਵੇਂ ਕਾਠ ਨਾਲ ਲੱਗ ਕੇ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਜੇਹੜੇ ਬੰਦੇ ਤੇਰੇ ਚਰਨਾਂ ਵਿਚ ਜੁੜਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ।੨। ਹੇ ਭਾਈ! ਜਿਨ੍ਹਾਂ ਬੰਦਿਆਂ ਨੇ ਕਦੇ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਕੀਤੀ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹਨਾਂ ਬੰਦਿਆਂ ਦੀ ਅਕਲ ਹੋਛੀ ਤੇ ਮਲੀਨ ਹੁੰਦੀ ਹੈ। ਉਹ ਮਨੁੱਖ ਬਦ-ਕਿਸਮਤ ਰਹਿ ਜਾਂਦੇ ਹਨ ਕਿਉਂਕਿ ਉਹ (ਪਵਿਤ੍ਰਤਾ ਦੇ ਸੋਮੇ ਪ੍ਰਭੂ ਤੋਂ ਵਿਛੁੜ ਕੇ) ਮੰਦ-ਕਰਮੀ ਹੋ ਜਾਂਦੇ ਹਨ। ਫਿਰ ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।੩। ਹੇ ਮਾਲਕ-ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈਂ, ਉਹ ਸੰਤੋਖ ਦੇ ਸਰੋਵਰ ਗੁਰੂ ਵਿਚ ਇਸ਼ਨਾਨ ਕਰਦੇ ਰਹਿੰਦੇ ਹਨ (ਉਹ ਗੁਰੂ ਵਿਚ ਲੀਨ ਹੋ ਕੇ ਆਪਣਾ ਜੀਵਨ ਪਵਿਤ੍ਰ ਬਣਾ ਲੈਂਦੇ ਹਨ। ਹੇ ਦਾਸ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਭਜਨ ਕਰਦੇ ਹਨ, (ਉਹਨਾਂ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਦੂਰ ਹੋ ਜਾਂਦੀ ਹੈ, ਉਹ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ।੪। |
Sri Guru Granth Darpan, by Professor Sahib Singh |