ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 800 ਬਿਲਾਵਲੁ ਮਹਲਾ ੪ ॥ ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥ ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥ ਮੇਰੇ ਮਨ ਹਰਿ ਗੁਣ ਹਰਿ ਉਚਰਹੁ ॥ ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥ ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥ ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥ ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥ ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥ {ਪੰਨਾ 799-800} ਪਦਅਰਥ: ਸੰਤ = ਹੇ ਸੰਤ ਜਨੋ! ਭਾਈ = ਹੇ ਭਰਾਵੋ! ਮਿਲਿ = ਮਿਲ ਕੇ, ਰਲ ਕੇ। ਕਥਾ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਬੋਹਿਥੁ = ਜਹਾਜ਼। ਕਲਜੁਗਿ = ਕਲਜੁਗ ਵਿਚ, ਕਲਹ = ਭਰੇ ਸੰਸਾਰ ਵਿਚ {ਨੋਟ:ਇਥੇ ਜੁਗਾਂ ਦੀ ਵੰਡ ਦਾ ਜ਼ਿਕਰ ਨਹੀਂ। ਕਲਜੁਗ ਦੇ ਜ਼ਮਾਨੇ ਵਿਚ ਆ ਕੇ ਸਾਧਾਰਨ ਤੌਰ ਤੇ ਆਪਣੇ ਸਮੇ ਦਾ ਜ਼ਿਕਰ ਕਰ ਰਹੇ ਹਨ। ਗੁਰੂ = ਆਸ਼ੇ ਅਨੁਸਾਰ ਕੋਈ ਇਕ ਜੁਗ ਕਿਸੇ ਦੂਸਰੇ ਜੁਗ ਨਾਲੋਂ ਵਧੀਆ ਜਾਂ ਘਟੀਆ ਨਹੀਂ ਹੈ}। ਖੇਵਟੁ = ਮਲਾਹ। ਸਬਦਿ = ਸ਼ਬਦ ਦੀ ਰਾਹੀਂ।੧। ਉਚਰਹੁ = ਉਚਾਰਨ ਕਰੋ। ਮਸਤਕਿ = ਮੱਥੇ ਉੱਤੇ। ਪਾਰਿ ਪਰਹੁ = ਪਾਰ ਲੰਘੋ।੧।ਰਹਾਉ। ਕਾਇਆ = ਸਰੀਰ। ਊਤਮੁ = ਸ੍ਰੇਸ਼ਟ, ਸਭ ਤੋਂ ਵਧੀਆ। ਜਨ = ਹੇ ਸੰਤ ਜਨੋ! ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸਫਲ = ਫਲ ਦੇਣ ਵਾਲਾ, ਆਤਮਕ ਜੀਵਨ = ਰੂਪ ਫਲ ਦੇਣ ਵਾਲਾ। ਮਿਲਿ = (ਗੁਰੂ ਨੂੰ) ਮਿਲ ਕੇ।੨। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਚਾਖਿ = ਚੱਖ ਕੇ। ਦਿਖਹੁ = ਦੇਖ ਲਵੋ। ਤਿਨ੍ਹ੍ਹ = ਉਹਨਾਂ ਨੂੰ। ਸਭਿ ਬਿਖ ਰਸਹੁ = ਸਾਰੇ ਜ਼ਹਿਰ = ਰਸ, ਸਾਰੇ ਉਹ ਰਸ ਜੋ ਆਤਮਕ ਜੀਵਨ ਲਈ ਜ਼ਹਿਰ ਹਨ।੩। ਰਸਾਇਣੁ = {ਰਸ = ਅਯਨ} ਰਸਾਂ ਦਾ ਘਰ, ਸ੍ਰੇਸ਼ਟ ਰਸ। ਚਾਰੇ = ਚਾਰ ਹੀ। ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ) । ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ। ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ (ਗੁਣ ਗਾ ਅਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ।੧।ਰਹਾਉ। ਹੇ ਸੰਤ ਜਨੋ! ਹੇ ਭਰਾਵੋ! ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ। ਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ।੧। (ਸ਼ਹਿਰਾਂ ਵਿਚ ਖਾਣ ਪੀਣ ਲਈ ਕਈ ਕਿਸਮਾਂ ਦੇ ਸੁਆਦਲੇ ਪਦਾਰਥ ਮਿਲਦੇ ਹਨ। ਮਨੁੱਖਾ) ਸਰੀਰ (ਭੀ, ਮਾਨੋ, ਇਕ ਸ਼ਹਿਰ ਹੈ, ਇਸ) ਸ਼ਹਿਰ ਵਿਚ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਨਾਲੋਂ) ਵਧੀਆ ਸੁਆਦਲਾ ਪਦਾਰਥ ਹੈ। (ਪਰ) ਹੇ ਸੰਤ ਜਨੋ! ਮੈਨੂੰ) ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ। (ਸੰਤ ਜਨ ਇਹੀ ਦੱਸਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ (ਆਤਮਕ ਜੀਵਨ-) ਫਲ ਦੇਣ ਵਾਲਾ ਦਰਸਨ ਕਰੋ, ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ।੨। ਹੇ ਸੰਤ ਜਨੋ! ਬੇ-ਸ਼ੱਕ ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰਸ ਸੁਆਦਲਾ ਲੱਗਦਾ ਹੈ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ।੩। ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ (ਸਦਾ ਇਸ ਨੂੰ ਵਰਤਦੇ ਰਹੋ। ਹੇ ਨਾਨਕ! ਜਗਤ ਵਿਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ, ਨਾਮ-ਰਸੈਣ ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ। (ਇਸ ਵਾਸਤੇ) ਗੁਰੂ ਦੀ ਮਤਿ ਲੈ ਕੇ ਸਦਾ ਹਰਿ-ਨਾਮ ਦਾ ਭਜਨ ਕਰਦੇ ਰਹੋ।੪।੪। ਬਿਲਾਵਲੁ ਮਹਲਾ ੪ ॥ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥ ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥ ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥ ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥ ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥ ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥ ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥ ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥ ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥ {ਪੰਨਾ 800} ਪਦਅਰਥ: ਸੂਦੁ = ਸ਼ੂਦਰ। ਵੈਸ = ਵੈਸ਼। ਕੋ = ਹਰ ਕੋਈ। ਜਾਪੈ = ਜਪ ਸਕਦਾ ਹੈ। ਜਪੈਨੀ = ਜਪਣ = ਜੋਗ। ਕਰਿ = ਕਰ ਕੇ, (ਦਾ ਰੂਪ) ਜਾਣ ਕੇ। ਪੂਜਹੁ = ਸੇਵਾ ਕਰੋ, ਸਰਨ ਪਵੋ। ਰੈਨੀ = ਰਾਤ।੧। ਹਰਿ ਜਨ = ਹੇ ਹਰੀ ਦੇ ਸੇਵਕੋ! ਨੈਨੀ = ਨੈਨੀਂ, ਅੱਖਾਂ ਨਾਲ, ਅੱਖਾਂ ਖੋਲ੍ਹ ਕੇ। ਬੈਨੀ = ਬਚਨ, ਬੋਲ। ਹਰਿ ਬੈਨੀ = ਹਰੀ ਦੀ ਸਿਫ਼ਤਿ-ਸਾਲਾਹ ਦੇ ਬੋਲ।੧।ਰਹਾਉ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਢੰਗ, ਤਦਬੀਰ। ਚਿਤਵੀਅਹਿ = {ਕਰਮ ਵਾਚ, ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ} ਚਿਤਵੇ ਜਾਂਦੇ ਹਨ। ਸਾ = ਉਹੀ। ਜਿ = ਜੇਹੜੀ। ਹੋਵੈਨੀ = (ਪ੍ਰਭੂ ਦੇ ਹੁਕਮ ਵਿਚ) ਹੋਣੀ ਹੈ। ਸਭੁ ਕੋਈ = ਹਰੇਕ ਜੀਵ। ਬਾਛੈ = ਚਾਹੁੰਦਾ ਹੈ, ਲੋੜਦਾ ਹੈ। ਸੋ = ਉਹ (ਕੰਮ) । ਜਿ = ਜੇਹੜਾ। ਮੇਰੈ ਚਿਤਿ = ਮੇਰੇ ਚਿਤ ਵਿਚ। ਮੇਰੈ ਚਿਤਿ ਨ ਚਿਤੈਨੀ = ਨਾਹ ਮੇਰੇ ਚਿੱਤ ਵਿਚ, ਨਾਹ ਮੇਰੇ ਚੇਤੇ ਵਿਚ, ਮੇਰੇ ਚਿੱਤ ਨ ਚੇਤੇ।੨। ਤਿਆਗਹੁ = ਛੱਡੋ। ਹਰਿ ਜਨ = ਹੇ ਹਰਿ = ਜਨੋ! ਕਠੈਨੀ = ਕਠਨ, ਔਖੀ। ਅਨੁਦਿਨੁ = {अनुदिनं} ਹਰ ਰੋਜ਼। ਲੈਨੀ = ਲੈ ਕੇ।੩। ਸੁਮਤਿ = ਚੰਗੀ ਅਕਲ। ਵਸਿ = ਵੱਸ ਵਿਚ। ਸੁਆਮੀ = ਹੇ ਸੁਆਮੀ! ਹੇ ਮਾਲਕ! ਜੰਤ = ਵਾਜੇ। ਪੁਰਖੁ = ਸਰਬ = ਵਿਆਪਕ ਮਾਲਕ। ਜੰਤੈਨੀ = ਵਾਜੇ ਵਜਾਣ ਵਾਲਾ। ਕਰਤੇ = ਹੇ ਕਰਤਾਰ! ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਬੁਲੈਨੀ = (ਤੂੰ) ਬੁਲਾਂਦਾ ਹੈਂ।੪। ਅਰਥ: ਹੇ ਪ੍ਰਭੂ ਦੇ ਸੇਵਕ-ਜਨੋ! ਗੁਰੂ ਨੂੰ ਅੱਖਾਂ ਖੋਲ੍ਹ ਕੇ ਵੇਖੋ (ਗੁਰੂ ਪਾਰਬ੍ਰਹਮ ਦਾ ਰੂਪ ਹੈ) । ਗੁਰੂ ਦੀ ਦਿੱਤੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬਚਨ ਬੋਲੋ, ਜੇਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ।੧।ਰਹਾਉ। ਕੋਈ ਖਤ੍ਰੀ ਹੋਵੇ, ਚਾਹੇ ਬ੍ਰਾਹਮਣ ਹੋਵੇ, ਕੋਈ ਸ਼ੂਦਰ ਹੋਵੇ ਚਾਹੇ ਵੈਸ਼ ਹੋਵੇ, ਹਰੇਕ (ਸ਼੍ਰੇਣੀ ਦਾ) ਮਨੁੱਖ ਪ੍ਰਭੂ ਦਾ ਨਾਮ-ਮੰਤ੍ਰ ਜਪ ਸਕਦਾ ਹੈ (ਇਹ ਸਭਨਾਂ ਵਾਸਤੇ) ਜਪਣ-ਜੋਗ ਹੈ। ਹੇ ਹਰੀ-ਜਨੋ! ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਸਰਨ ਪਵੋ। ਦਿਨ ਰਾਤ ਹਰ ਵੇਲੇ ਗੁਰੂ ਦੀ ਸਰਨ ਪਏ ਰਹੋ।੧। (ਗੁਰੂ ਪਰਮੇਸਰ ਦਾ ਆਸਰਾ-ਪਰਨਾ ਭੁਲਾ ਕੇ ਆਪਣੀ ਭਲਾਈ ਦੇ) ਅਨੇਕਾਂ ਤੇ ਬਥੇਰੇ ਢੰਗ ਸੋਚੀਦੇ ਹਨ, ਪਰ ਉਹੀ ਗੱਲ ਹੁੰਦੀ ਹੈ ਜੋ (ਰਜ਼ਾ ਅਨੁਸਾਰ) ਜ਼ਰੂਰ ਹੋਣੀ ਹੁੰਦੀ ਹੈ। ਹਰੇਕ ਜੀਵ ਆਪਣਾ ਭਲਾ ਲੋੜਦਾ ਹੈ, ਪਰ ਪ੍ਰਭੂ ਉਹ ਕੰਮ ਕਰ ਦੇਂਦਾ ਹੈ ਜੋ ਮੇਰੇ (ਤੁਹਾਡੇ) ਚਿੱਤ ਚੇਤੇ ਭੀ ਨਹੀਂ ਹੁੰਦਾ।੨। ਹੇ ਸੰਤ ਜਨੋ! ਆਪਣੇ ਮਨ ਦੀ ਮਰਜ਼ੀ (ਉਤੇ ਤੁਰਨਾ) ਛੱਡ ਦਿਉ (ਗੁਰੂ ਦੇ ਹੁਕਮ ਵਿਚ ਤੁਰੋ) , ਪਰ ਇਹ ਗੱਲ ਹੈ ਬੜੀ ਹੀ ਔਖੀ। (ਫਿਰ ਭੀ) ਗੁਰੂ ਪਾਤਿਸ਼ਾਹ ਦੀ ਮਤਿ ਲੈ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ।੩। ਹੇ ਮਾਲਕ-ਪ੍ਰਭੂ! ਚੰਗੀ ਮੰਦੀ ਮਤਿ ਤੇਰੇ ਆਪਣੇ ਵੱਸ ਵਿਚ ਹੈ (ਤੇਰੀ ਪ੍ਰੇਰਨਾ ਅਨੁਸਾਰ ਹੀ ਕੋਈ ਜੀਵ ਚੰਗੇ ਰਾਹ ਤੁਰਦਾ ਹੈ ਕੋਈ ਮੰਦੇ ਪਾਸੇ) , ਅਸੀ ਤੇਰੇ ਵਾਜੇ ਹਾਂ, ਤੂੰ ਸਾਨੂੰ ਵਜਾਣ ਵਾਲਾ ਸਭ ਵਿਚ ਵੱਸਣ ਵਾਲਾ ਪ੍ਰਭੂ ਹੈਂ। ਹੇ ਦਾਸ ਨਾਨਕ ਦੇ ਮਾਲਕ ਪ੍ਰਭੂ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸਾਨੂੰ ਬੁਲਾਂਦਾ ਹੈ (ਸਾਡੇ ਮੂੰਹੋਂ ਬੋਲ ਕਢਾਂਦਾ ਹੈਂ) ।੪।੫। ਬਿਲਾਵਲੁ ਮਹਲਾ ੪ ॥ ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥ ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥ ਜਪਿ ਮਨ ਹਰਿ ਹਰਿ ਨਾਮੁ ਗਬਿੰਦੇ ॥ ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥ ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥ ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥ ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥ ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥ ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥ {ਪੰਨਾ 800} ਪਦਅਰਥ: ਅਨਦ ਮੂਲੁ = ਆਨੰਦ ਦਾ ਸੋਮਾ। ਪੁਰਖੋਤਮੁ = ਉੱਤਮ ਪੁਰਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਅਨੰਦੇ = ਆਨੰਦ ਵਿਚ ਹੀ। ਕਾਣਿ = ਮੁਥਾਜੀ, ਧੌਂਸ, ਡਰ। ਸਭਿ = ਸਾਰੇ। ਚੂਕੇ = ਮੁੱਕ ਗਏ। ਛੰਦੇ = ਖ਼ੁਸ਼ਾਮਦਾਂ, ਮੁਲਾਹਜ਼ੇ।੧। ਮਨ = ਹੇ ਮਨ! ਗਬਿੰਦੇ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਗੋਬਿੰਦੇ' ਹੈ, ਇਥੇ 'ਗੁਬਿੰਦੇ' ਪੜ੍ਹਨਾ ਹੈ}। ਪਰਮਾਨੰਦੇ = ਸਭ ਤੋਂ ਉੱਚੇ ਆਨੰਦ ਦੇ ਮਾਲਕ = ਪ੍ਰਭੂ ਦੇ।੧।ਰਹਾਉ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਮੂੜ = ਮੂਰਖ। ਬਧਿਕ = ਬੱਝੇ ਹੋਏ। ਫਿਰਹਿ = ਫਿਰਦੇ ਹਨ। ਤ੍ਰਿਸਨਾ = ਲਾਲਚ (ਦੀ ਅੱਗ) । ਕਿਰਤ = ਪਿਛਲੇ ਕੀਤੇ ਕਰਮ। ਕੇ = ਦੇ।੨। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇ = ਉਹ ਬੰਦੇ {ਬਹੁ-ਵਚਨ}। ਉਧਰੇ = (ਤ੍ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਜਾਂਦੇ ਹਨ। ਸੇਵ = ਸੇਵਾ = ਭਗਤੀ। ਸਭਿ ਫੰਦੇ = ਸਾਰੀਆਂ ਫਾਹੀਆਂ।੩। ਆਪੇ = ਆਪ ਹੀ। ਸਭੁ = ਹਰ ਥਾਂ। ਵਰਤੈ = ਮੌਜੂਦ ਹੈ।੪। ਅਰਥ: ਹੇ (ਮੇਰੇ) ਮਨ! ਹਰੀ ਗੋਬਿੰਦ ਦਾ ਨਾਮ ਸਦਾ ਜਪਿਆ ਕਰ। ਜਿਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਦੇ ਗੁਣ ਗਾਂਦਾ ਹੈ (ਸੋ, ਹੇ ਮਨ! ਗੁਰੂ ਦੀ ਸਰਨ ਪਉ) ।੧।ਰਹਾਉ। ਹੇ ਮਨ! ਜਿਸ ਮਨੁੱਖ ਨੇ ਆਨੰਦ ਦੇ ਸੋਮੇ ਉੱਤਮ ਪੁਰਖ ਪ੍ਰਭੂ ਦਾ ਨਾਮ ਸਿਮਰਿਆ, ਉਹ ਹਰ ਵੇਲੇ ਆਨੰਦ ਹੀ ਆਨੰਦ ਵਿਚ ਲੀਨ ਰਹਿੰਦਾ ਹੈ, ਉਸ ਨੂੰ ਧਰਮਰਾਜ ਦੀ ਮੁਥਾਜੀ ਨਹੀਂ ਰਹਿੰਦੀ, ਉਹ ਮਨੁੱਖ ਜਮਰਾਜ ਦੇ ਭੀ ਸਾਰੇ ਡਰ ਮੁਕਾ ਦੇਂਦਾ ਹੈ।੧। ਹੇ ਮਨ! ਪਰਮਾਤਮਾ ਨਾਲੋਂ ਟੁੱਟੇ ਹੋਏ ਮੂਰਖ ਮਨੁੱਖ ਮਾਇਆ (ਦੇ ਮੋਹ) ਵਿਚ ਬੱਝੇ ਰਹਿੰਦੇ ਹਨ, ਅਤੇ ਮਾਇਆ ਦੀ ਖ਼ਾਤਰ ਹੀ ਸਦਾ ਭਟਕਦੇ ਰਹਿੰਦੇ ਹਨ। ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਉਹ ਮਨੁੱਖ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੇ ਰਹਿੰਦੇ ਹਨ ਅਤੇ (ਜਨਮ ਮਰਨ ਦੇ ਗੇੜ ਵਿਚ) ਭੌਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਹਲੂ ਦੁਆਲੇ ਸਦਾ ਭੌਂਦੇ ਹਨ।੨। ਹੇ ਮਨ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗ ਪਏ, ਉਹ (ਤ੍ਰਿਸ਼ਨਾ ਦੀ ਅੱਗ ਵਿਚ ਸੜਨ ਤੋਂ) ਬਚ ਗਏ। (ਪਰ, ਹੇ ਮਨ!) ਵੱਡੇ ਭਾਗਾਂ ਵਾਲੇ ਮਨੁੱਖ ਹੀ ਸੇਵਾ-ਭਗਤੀ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਨੇ (ਤ੍ਰਿਸ਼ਨਾ-ਅੱਗ ਵਿਚ ਸੜਨ ਤੋਂ ਬਚਣ ਦਾ) ਫਲ ਪ੍ਰਾਪਤ ਕਰ ਲਿਆ। ਉਹਨਾਂ ਦੀਆਂ ਮਾਇਆ ਦੀਆਂ ਸਾਰੀਆਂ ਹੀ ਫਾਹੀਆਂ ਟੁੱਟ ਜਾਂਦੀਆਂ ਹਨ।੩। (ਪਰ ਹੇ ਮਨ!) ਪ੍ਰਭੂ ਆਪ ਹੀ (ਜੀਵਾਂ ਦਾ) ਮਾਲਕ ਹੈ (ਸਭ ਵਿਚ ਵਿਆਪਕ ਹੋ ਕੇ) ਆਪ ਹੀ (ਆਪਣੀ) ਸੇਵਾ-ਭਗਤੀ ਕਰਨ ਵਾਲਾ ਹੈ, ਹਰ ਥਾਂ ਗੋਬਿੰਦ-ਪ੍ਰਭੂ ਆਪ ਹੀ ਆਪ ਮੌਜੂਦ ਹੈ। ਹੇ ਦਾਸ ਨਾਨਕ! ਹਰ ਥਾਂ ਪ੍ਰਭੂ ਆਪ ਹੀ ਆਪ ਵੱਸ ਰਿਹਾ ਹੈ। ਜਿਵੇਂ ਉਹ (ਜੀਵਾਂ ਨੂੰ) ਰੱਖਦਾ ਹੈ ਉਸੇ ਤਰ੍ਹਾਂ ਹੀ ਜੀਵ ਜੀਵਨ ਨਿਰਬਾਹ ਕਰਦੇ ਹਨ (ਕੋਈ ਉਸ ਦਾ ਸਿਮਰਨ ਕਰਦੇ ਹਨ, ਕੋਈ ਮਾਇਆ ਵਿਚ ਭਟਕਦੇ ਹਨ) ।੪।੬। |
Sri Guru Granth Darpan, by Professor Sahib Singh |