ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 801

ੴ ਸਤਿਗੁਰ ਪ੍ਰਸਾਦਿ ॥ ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥ ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ ਹਰਿ ਸੰਤ ਭਗਤ ਤਾਰਨੋ ॥ ਹਰਿ ਭਰਿਪੁਰੇ ਰਹਿਆ ॥ ਜਲਿ ਥਲੇ ਰਾਮ ਨਾਮੁ ॥ ਨਿਤ ਗਾਈਐ ਹਰਿ ਦੂਖ ਬਿਸਾਰਨੋ ॥੧॥ ਰਹਾਉ ॥ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥ ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥ ਗੁਰੁ ਭੇਟਿਆ ਹੈ ਮੁਕਤਿ ਦਾਤਾ ॥ ਹਰਿ ਕੀਈ ਹਮਾਰੀ ਸਫਲ ਜਾਤਾ ॥ ਮਿਲਿ ਸੰਗਤੀ ਗੁਨ ਗਾਵਨੋ ॥੧॥ ਮਨ ਰਾਮ ਨਾਮ ਕਰਿ ਆਸਾ ॥ ਭਾਉ ਦੂਜਾ ਬਿਨਸਿ ਬਿਨਾਸਾ ॥ ਵਿਚਿ ਆਸਾ ਹੋਇ ਨਿਰਾਸੀ ॥ ਸੋ ਜਨੁ ਮਿਲਿਆ ਹਰਿ ਪਾਸੀ ॥ ਕੋਈ ਰਾਮ ਨਾਮ ਗੁਨ ਗਾਵਨੋ ॥ ਜਨੁ ਨਾਨਕੁ ਤਿਸੁ ਪਗਿ ਲਾਵਨੋ ॥੨॥੧॥੭॥੪॥੬॥੭॥੧੭॥ {ਪੰਨਾ 800-801}

ਪਦਅਰਥ: ਪੜਤਾਲ = {पटहताल। पटह = ਪਟਹ, ਢੋਲ} ਉਸ ਤਰ੍ਹਾਂ ਦਾ ਭਰਵਾਂ ਤਾਲ ਜਿਵੇਂ ਢੋਲ ਉਤੇ ਡਗੇ ਨਾਲ ਚੋਟ ਲਾਈਦੀ ਹੈ।

ਭਈਆ = ਹੇ ਭਾਈ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਪਾਵਨੋ = ਪਵਿੱਤਰ ਕਰਨ ਵਾਲਾ। ਤਾਰਨੋ = ਪਾਰ ਲੰਘਾਣ ਵਾਲਾ। ਭਰਿਪੁਰੇ = ਭਰਪੂਰ, ਨਕਾਨਕ, ਹਰ ਥਾਂ ਮੌਜੂਦ। ਜਲਿ = ਜਲ ਵਿਚ। ਥਲੇ = ਥਲਿ, ਥਲ ਵਿਚ। ਦੂਖ ਬਿਸਾਰਨੋ = ਦੁੱਖਾਂ ਦਾ ਦੂਰ ਕਰਨ ਵਾਲਾ।੧।ਰਹਾਉ।

ਸਫਲ = ਕਾਮਯਾਬ। ਭੇਟਿਆ = ਮਿਲਿਆ। ਮੁਕਤਿ ਦਾਤਾ = (ਵਿਕਾਰਾਂ ਤੋਂ) ਆਜ਼ਾਦੀ ਦੇਣ ਵਾਲਾ। ਕੀਈ = ਕੀਤੀ ਹੈ। ਜਾਤਾ = ਜਾਤ੍ਰਾ, ਸੰਸਾਰ = ਜਾਤ੍ਰਾ, ਸੰਸਾਰ ਵਿਚ ਆਉਣਾ। ਮਿਲਿ = ਮਿਲ ਕੇ।੧।

ਮਨ = ਹੇ ਮਨ! ਭਾਉ = ਪਿਆਰ। ਭਾਉ ਦੂਜਾ = ਮਾਇਆ ਦਾ ਮੋਹ। ਸੋ ਜਨੁ = ਉਹ ਮਨੁੱਖ। ਪਾਸੀ = ਪਾਸਿ, ਨੇੜੇ, ਨਾਲ। ਤਿਸੁ ਪਗਿ = ਉਸ (ਮਨੁੱਖ) ਦੇ ਪੈਰ ਵਿਚ।੨।

ਅਰਥ: ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ, ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ, ਜੋ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈ। ਹੇ ਭਾਈ! ਉਸ ਹਰੀ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ, ਜੋ ਪਾਣੀ ਵਿਚ ਹੈ, ਜੋ ਧਰਤੀ ਵਿਚ ਹੈ, ਜੋ (ਜੀਵਾਂ ਦੇ) ਸਾਰੇ ਦੁੱਖ ਦੂਰ ਕਰਨ ਵਾਲਾ ਹੈ।੧।ਰਹਾਉ।

(ਹੇ ਭਾਈ!) ਪਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੈਂ ਉਸ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ, ਜੋ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। (ਹੇ ਭਾਈ!) ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲਾ ਗੁਰੂ ਮੈਨੂੰ ਮਿਲ ਪਿਆ, (ਇਸ ਕਰਕੇ) ਪਰਮਾਤਮਾ ਨੇ ਮੇਰੀ ਜੀਵਨ-ਜਾਤ੍ਰਾ ਕਾਮਯਾਬ ਕਰ ਦਿੱਤੀ ਹੈ। (ਹੁਣ) ਮੈਂ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ।੧।

ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਉਤੇ ਹੀ ਡੋਰੀ ਰੱਖ, ਪਰਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ (ਅੰਦਰੋਂ) ਮੁਕਾ ਦੇਂਦਾ ਹੈ। (ਹੇ ਭਾਈ!) ਜੇਹੜਾ ਮਨੁੱਖ ਦੁਨੀਆ ਦੇ ਕੰਮ-ਕਾਰ ਵਿਚ ਰਹਿੰਦਾ ਹੋਇਆ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਮਿਲਿਆ ਰਹਿੰਦਾ ਹੈ। (ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਦਾਸ ਨਾਨਕ ਉਸ ਦੇ ਪੈਰੀਂ ਲੱਗਦਾ ਹੈ।੨।੧।੭।੪।੬।੭।੧੭।

ਨੋਟ: ਅੰਕ ੧ --- ਮ: ੪ ਦਾ ਘਰੁ ੧੩ ਦਾ ਇਕ ਸ਼ਬਦ
 . . . . . . --- ਮ: ੪ ਦੇ ਕੁੱਲ ਸੱਤ ਸ਼ਬਦ
 . . . . . . ੧੭ -- ਮ: ੧ ਦੇ ੪, ਮ: ੩ ਦੇ ੬ ਅਤੇ ਮ: ੪ ਦੇ ੭। {ਕੁੱਲ ਜੋੜ - ੧੭}

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਨਦਰੀ ਆਵੈ ਤਿਸੁ ਸਿਉ ਮੋਹੁ ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥ ਸਾਧਸੰਗਤਿ ਕੈ ਅੰਚਲਿ ਲਾਵਹੁ ॥੧॥ ਕਿਉ ਤਰੀਐ ਬਿਖਿਆ ਸੰਸਾਰੁ ॥ ਸਤਿਗੁਰੁ ਬੋਹਿਥੁ ਪਾਵੈ ਪਾਰਿ ॥੧॥ ਰਹਾਉ ॥ ਪਵਨ ਝੁਲਾਰੇ ਮਾਇਆ ਦੇਇ ॥ ਹਰਿ ਕੇ ਭਗਤ ਸਦਾ ਥਿਰੁ ਸੇਇ ॥ ਹਰਖ ਸੋਗ ਤੇ ਰਹਹਿ ਨਿਰਾਰਾ ॥ ਸਿਰ ਊਪਰਿ ਆਪਿ ਗੁਰੂ ਰਖਵਾਰਾ ॥੨॥ ਪਾਇਆ ਵੇੜੁ ਮਾਇਆ ਸਰਬ ਭੁਇਅੰਗਾ ॥ ਹਉਮੈ ਪਚੇ ਦੀਪਕ ਦੇਖਿ ਪਤੰਗਾ ॥ ਸਗਲ ਸੀਗਾਰ ਕਰੇ ਨਹੀ ਪਾਵੈ ॥ ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥੩॥ ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥ ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥ ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥ ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥੪॥ ਜਿਨਿ ਚਾਖਿਆ ਤਿਸੁ ਆਇਆ ਸਾਦੁ ॥ ਜਿਉ ਗੂੰਗਾ ਮਨ ਮਹਿ ਬਿਸਮਾਦੁ ॥ ਆਨਦ ਰੂਪੁ ਸਭੁ ਨਦਰੀ ਆਇਆ ॥ ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥੫॥੧॥ {ਪੰਨਾ 801}

ਪਦਅਰਥ: ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ। ਪਰ ਇਹ ਪਹਿਲਾ ਸ਼ਬਦ 'ਪੰਚਪਦਾ' ਹੈ। ਇਸ ਤੋਂ ਅਗਾਂਹ ੧੭ ਸ਼ਬਦ ਚਉਪਦੇ ਹਨ।

ਨਦਰੀ ਆਵੈ = (ਜੋ ਕੁਝ ਅੱਖਾਂ ਨਾਲ) ਦਿੱਸ ਰਿਹਾ ਹੈ। ਸਿਉ = ਨਾਲ। ਪ੍ਰਭ = ਹੇ ਪ੍ਰਭੂ! ਤੋਹਿ = ਤੈਨੂੰ। ਕਰਿ = ਕਰ ਕੇ। ਮੋਹਿ = ਮੈਨੂੰ। ਮਾਰਗਿ = (ਸਹੀ ਜੀਵਨ-) ਰਾਹ ਉਤੇ। ਕੈ ਅੰਚਲਿ = ਦੇ ਪੱਲੇ ਨਾਲ।੧।

ਕਿਉ = ਕਿਸ ਤਰ੍ਹਾਂ? ਬਿਖਿਆ = ਮਾਇਆ। ਬੋਹਿਥੁ = ਜਹਾਜ਼। ਪਾਵੈ ਪਾਰਿ = ਪਾਰ ਲੰਘਾ ਦੇਂਦਾ ਹੈ।੧।ਰਹਾਉ।

ਪਵਨੁ = ਹਵਾ। ਝੁਲਾਰੇ = ਝਕੋਲੇ। ਦੇਇ = ਦੇਂਦੀ ਹੈ। ਥਿਰੁ = ਅਡੋਲ। ਸੋਇ = ਉਹੀ (ਬੰਦੇ) ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਨਿਰਾਲਾ = ਨਿਰਾਲੇ, ਨਿਰਲੇਪ।੨।

ਵੇੜੁ = ਵਲੇਵਾਂ। ਭੁਇਅੰਗਾ = ਸੱਪ। ਪਚੇ = ਸੜੇ ਹੋਏ। ਦੀਪਕ = ਦੀਵੇ। ਦੇਖਿ = ਵੇਖ ਕੇ। ਸਗਲ = ਸਾਰੇ।੩।

ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਦਸਾਇਆ = ਪੁੱਛਿਆ। ਉਪਾਇਆ = ਉਪਾਵਾਂ ਨਾਲ। ਹਰਿ ਕਾ ਮੰਦਰੁ = ਮਨੁੱਖਾ ਸਰੀਰ। ਗੁਰਿ = ਗੁਰੂ ਨੇ। ਨਿਹਾਲੁ = ਪ੍ਰਸੰਨ।੪।

ਜਿਨਿ = ਜਿਸ ਨੇ। ਸਾਦੁ = ਸੁਆਦ। ਬਿਸਮਾਦੁ = ਹੈਰਾਨ, ਬਹੁਤ ਖ਼ੁਸ਼। ਆਨਦ ਰੂਪੁ = ਆਨੰਦ ਦਾ ਸਰੂਪ = ਪ੍ਰਭੂ। ਸਭੁ = ਹਰ ਥਾਂ। ਆਖਿ = ਆਖ ਕੇ, ਗਾ ਕੇ। ਸਮਾਇਆ = ਲੀਨ ਹੋ ਗਿਆ।੫।

ਅਰਥ: (ਹੇ ਭਾਈ!) ਇਹ ਸੰਸਾਰ ਮਾਇਆ (ਦੇ ਮੋਹ ਦੀਆਂ ਲਹਿਰਾਂ ਨਾਲ ਭਰਪੂਰ) ਹੈ (ਇਸ ਵਿਚੋਂ) ਕਿਵੇਂ ਪਾਰ ਲੰਘਿਆ ਜਾਏ? (ਉੱਤਰ-) ਗੁਰੂ ਜਹਾਜ਼ ਹੈ (ਗੁਰੂ ਇਸ ਸਮੁੰਦਰ ਵਿਚੋਂ) ਪਾਰ ਲੰਘਾਂਦਾ ਹੈ।੧।ਰਹਾਉ।

ਹੇ ਸਦਾ-ਥਿਰ ਰਹਿਣ ਵਾਲੇ! ਜੋ ਕੁਝ ਅੱਖਾਂ ਨਾਲ ਦਿੱਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ (ਪਰ ਤੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ) ਤੈਨੂੰ ਮੈਂ ਕਿਸ ਤਰ੍ਹਾਂ ਮਿਲਾਂ? (ਹੇ ਪ੍ਰਭੂ!) ਕਿਰਪਾ ਕਰ ਕੇ ਮੈਨੂੰ (ਜੀਵਨ ਦੇ ਸਹੀ) ਰਸਤੇ ਉਤੇ ਤੋਰ, ਮੈਨੂੰ ਸਾਧ ਸੰਗਤਿ ਦੇ ਲੜ ਨਾਲ ਲਾ ਦੇ।੧।

(ਹੇ ਭਾਈ!) ਹਵਾ (ਵਾਂਗ) ਮਾਇਆ (ਜੀਵਾਂ ਨੂੰ) ਹੁਲਾਰੇ ਦੇਂਦੀ ਰਹਿੰਦੀ ਹੈ, (ਇਹਨਾਂ ਹੁਲਾਰਿਆਂ ਦੇ ਸਾਹਮਣੇ ਸਿਰਫ਼) ਉਹੀ ਬੰਦੇ ਅਡੋਲ ਰਹਿੰਦੇ ਹਨ ਜੇਹੜੇ ਸਦਾ ਪ੍ਰਭੂ ਦੀ ਭਗਤੀ ਕਰਦੇ ਹਨ। ਜਿਨ੍ਹਾਂ ਮਨੁੱਖਾਂ ਦੇ ਸਿਰ ਉਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ, ਉਹ ਮਨੁੱਖ ਖ਼ੁਸ਼ੀ ਗ਼ਮੀ (ਦੇ ਹੁਲਾਰਿਆਂ) ਤੋਂ ਵੱਖਰੇ (ਨਿਰਲੇਪ) ਰਹਿੰਦੇ ਹਨ।੨।

(ਹੇ ਭਾਈ!) ਸੱਪ (ਵਾਂਗ) ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ ਹੈ। ਜੀਵ ਹਉਮੈ (ਦੀ ਅੱਗ) ਵਿਚ ਸੜੇ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ। (ਮਾਇਆ-ਵੇੜ੍ਹਿਆ ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ) ਸਾਰੇ ਸਿੰਗਾਰ ਕਰਦਾ ਰਹੇ, (ਫਿਰ ਭੀ ਉਹ) ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਜਦੋਂ ਪਰਮਾਤਮਾ ਆਪ (ਜੀਵ ਉੱਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਾਂਦਾ ਹੈ।੩।

(ਹੇ ਭਾਈ!) ਮੈਂ (ਭੀ) ਨਾਮ-ਰਤਨ ਨੂੰ ਭਾਲਦੀ ਭਾਲਦੀ (ਬਾਹਰ) ਉਦਾਸ ਫਿਰ ਰਹੀ ਸਾਂ, ਪਰ ਉਹ ਨਾਮ-ਹੀਰਾ ਅਮੋਲਕ ਹੈ ਉਹ (ਬਾਹਰਲੇ ਭੇਖ ਆਦਿਕ) ਉਪਾਵਾਂ ਨਾਲ ਨਹੀਂ ਮਿਲਦਾ। (ਇਹ ਸਰੀਰ ਹੀ) ਪਰਮਾਤਮਾ ਦੇ ਰਹਿਣ ਦਾ ਘਰ ਹੈ, ਇਸ (ਸਰੀਰ) ਵਿਚ ਉਹ ਲਾਲ ਵੱਸ ਰਿਹਾ ਹੈ। ਜਦੋਂ ਗੁਰੂ ਨੇ (ਮੇਰੇ ਅੰਦਰੋਂ ਭਰਮ-ਭੁਲੇਖੇ ਦਾ) ਪਰਦਾ ਖੋਲ੍ਹ ਦਿੱਤਾ, ਮੈਂ (ਉਸ ਲਾਲ ਨੂੰ ਆਪਣੇ ਅੰਦਰ ਹੀ) ਵੇਖ ਕੇ ਲੂੰ ਲੂੰ ਖਿੜ ਗਈ।੪।

(ਹੇ ਭਾਈ!) ਜਿਸ ਮਨੁੱਖ ਨੇ (ਨਾਮ-ਰਸ) ਚੱਖਿਆ ਹੈ, ਉਸ ਨੂੰ (ਹੀ) ਸੁਆਦ ਆਇਆ ਹੈ। (ਪਰ ਉਹ ਇਹ ਸੁਆਦ ਦੱਸ ਨਹੀਂ ਸਕਦਾ) ਜਿਵੇਂ ਗੁੰਗਾ (ਕੋਈ ਸੁਆਦਲਾ ਪਦਾਰਥ ਖਾ ਕੇ ਹੋਰਨਾਂ ਨੂੰ ਦੱਸ ਨਹੀਂ ਸਕਦਾ ਉਂਞ ਆਪਣੇ) ਮਨ ਵਿਚ ਬਹੁਤ ਗਦ-ਗਦ ਹੋ ਜਾਂਦਾ ਹੈ। ਹੇ ਦਾਸ ਨਾਨਕ! ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਗਾ ਕੇ (ਪ੍ਰਭੂ ਵਿਚ) ਲੀਨ ਰਹਿੰਦਾ ਹੈ ਉਸ ਨੂੰ ਉਹ ਆਨੰਦ ਦਾ ਸੋਮਾ ਪ੍ਰਭੂ ਹਰ ਥਾਂ ਵੱਸਦਾ ਦਿੱਸਦਾ ਹੈ।੫।੧।

ਬਿਲਾਵਲੁ ਮਹਲਾ ੫ ॥ ਸਰਬ ਕਲਿਆਣ ਕੀਏ ਗੁਰਦੇਵ ॥ ਸੇਵਕੁ ਅਪਨੀ ਲਾਇਓ ਸੇਵ ॥ ਬਿਘਨੁ ਨ ਲਾਗੈ ਜਪਿ ਅਲਖ ਅਭੇਵ ॥੧॥ ਧਰਤਿ ਪੁਨੀਤ ਭਈ ਗੁਨ ਗਾਏ ॥ ਦੁਰਤੁ ਗਇਆ ਹਰਿ ਨਾਮੁ ਧਿਆਏ ॥੧॥ ਰਹਾਉ ॥ ਸਭਨੀ ਥਾਂਈ ਰਵਿਆ ਆਪਿ ॥ ਆਦਿ ਜੁਗਾਦਿ ਜਾ ਕਾ ਵਡ ਪਰਤਾਪੁ ॥ ਗੁਰ ਪਰਸਾਦਿ ਨ ਹੋਇ ਸੰਤਾਪੁ ॥੨॥ ਗੁਰ ਕੇ ਚਰਨ ਲਗੇ ਮਨਿ ਮੀਠੇ ॥ ਨਿਰਬਿਘਨ ਹੋਇ ਸਭ ਥਾਂਈ ਵੂਠੇ ॥ ਸਭਿ ਸੁਖ ਪਾਏ ਸਤਿਗੁਰ ਤੂਠੇ ॥੩॥ ਪਾਰਬ੍ਰਹਮ ਪ੍ਰਭ ਭਏ ਰਖਵਾਲੇ ॥ ਜਿਥੈ ਕਿਥੈ ਦੀਸਹਿ ਨਾਲੇ ॥ ਨਾਨਕ ਦਾਸ ਖਸਮਿ ਪ੍ਰਤਿਪਾਲੇ ॥੪॥੨॥ {ਪੰਨਾ 801}

ਪਦਅਰਥ: ਸਰਬ ਕਲਿਆਣ = ਸਾਰੇ ਸੁਖ। ਕੀਏ = ਬਣਾ ਦਿੱਤੇ। ਸੇਵ = ਸੇਵਾ = ਭਗਤੀ ਵਿਚ। ਬਿਘਨੁ = ਵਿਕਾਰਾਂ ਦੀ ਰੁਕਾਵਟ। ਜਪਿ = ਜਪ ਕੇ। ਅਲਖ = ਅਦ੍ਰਿਸ਼ਟ। ਅਭੇਵ = ਜਿਸ ਦਾ ਭੇਤ ਨ ਪਾਇਆ ਜਾ ਸਕੇ।੧।

ਪੁਨੀਤ = ਪਵਿੱਤਰ। ਧਰਤਿ = ਹਿਰਦਾ = ਧਰਤੀ। ਦੁਰਤੁ = ਪਾਪ।੧।ਰਹਾਉ।

ਰਵਿਆ = ਵਿਆਪਕ। ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਪਰਸਾਦਿ = ਕਿਰਪਾ ਨਾਲ। ਸੰਤਾਪੁ = ਦੁੱਖ = ਕਲੇਸ਼।੨।

ਮਨਿ = ਮਨ ਵਿਚ। ਹੋਇ = ਹੋ ਕੇ। ਸਭ ਥਾਂਈ = ਹਰ ਥਾਂ (ਜਿੱਥੇ ਭੀ ਉਹ ਰਹਿੰਦਾ ਹੈ) ਵੂਠੇ = ਵੱਸਦਾ ਹੈ। ਸਭਿ = ਸਾਰੇ। ਤੂਠੇ = ਪ੍ਰਸੰਨ ਹੋਣ ਤੇ।੩।

ਜਿਥੈ ਕਿਥੈ = ਹਰ ਥਾਂ। ਦੀਸਹਿ = ਦਿੱਸਦੇ ਹਨ। ਨਾਲੇ = ਅੰਗ = ਸੰਗ। ਖਸਮਿ = ਖਸਮ ਨੇ। ਪ੍ਰਤਿਪਾਲੇ = ਰੱਖਿਆ ਕੀਤੀ ਹੈ।੪।

ਨੋਟ: ਭੂਤ ਕਾਲ ਦਾ ਅਰਥ ਵਰਤਮਾਨ ਕਾਲ ਵਿਚ ਕਰਨਾ ਹੈ।

ਅਰਥ: (ਹੇ ਭਾਈ! ਜੇਹੜਾ ਭੀ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਜੇਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਸ ਦੇ ਹਿਰਦੇ ਵਿਚੋਂ) ਪਾਪ ਦੂਰ ਹੋ ਜਾਂਦਾ ਹੈ।੧।ਰਹਾਉ।

(ਹੇ ਭਾਈ!) ਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਲਾਂਦਾ ਹੈ, ਗੁਰੂ ਉਸ ਨੂੰ ਸਾਰੇ ਸੁਖ ਦੇ ਦੇਂਦਾ ਹੈ। ਅਲੱਖ ਅਤੇ ਅਭੇਵ ਪਰਮਾਤਮਾ ਦਾ ਨਾਮ ਜਪ ਕੇ (ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਵਿਕਾਰਾਂ ਦੀ ਕੋਈ) ਰੁਕਾਵਟ ਨਹੀਂ ਪੈਂਦੀ।੧।

(ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਨੂੰ) ਉਹ ਪ੍ਰਭੂ ਹੀ ਹਰ ਥਾਂ ਮੌਜੂਦ ਦਿੱਸਦਾ ਹੈ। ਜਿਸ ਦਾ ਤੇਜ-ਪਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚਲਿਆ ਆ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।੨।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਪਿਆਰੇ ਲੱਗਦੇ ਹਨ, ਉਹ ਜਿੱਥੇ ਭੀ ਵੱਸਦਾ ਹੈ ਹਰ ਥਾਂ (ਵਿਕਾਰਾਂ ਦੀ) ਰੁਕਾਵਟ ਤੋਂ ਬਚਿਆ ਰਹਿੰਦਾ ਹੈ। ਉਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਤੇ, ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ।੩।

ਹੇ ਨਾਨਕ! ਖਸਮ-ਪ੍ਰਭੂ ਨੇ ਸਦਾ ਹੀ ਆਪਣੇ ਦਾਸਾਂ ਦੀ ਰੱਖਿਆ ਕੀਤੀ ਹੈ, ਪ੍ਰਭੂ-ਪਾਰਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ। ਸੇਵਕਾਂ ਨੂੰ ਪ੍ਰਭੂ ਜੀ ਹਰ ਥਾਂ ਆਪਣੇ ਅੰਗ-ਸੰਗ ਦਿੱਸਦੇ ਹਨ।੪।੨।

TOP OF PAGE

Sri Guru Granth Darpan, by Professor Sahib Singh