ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 802

ਬਿਲਾਵਲੁ ਮਹਲਾ ੫ ॥ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥ ਮੋਹਿ ਅਨਾਥ ਤੁਮਰੀ ਸਰਣਾਈ ॥ ਕਰਿ ਕਿਰਪਾ ਹਰਿ ਚਰਨ ਧਿਆਈ ॥੧॥ ਦਇਆ ਕਰਹੁ ਬਸਹੁ ਮਨਿ ਆਇ ॥ ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥ ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ ॥ ਹਰਿ ਸੇਵਕ ਨਾਹੀ ਜਮ ਪੀੜ ॥ ਸਰਬ ਦੂਖ ਹਰਿ ਸਿਮਰਤ ਨਸੇ ॥ ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥ ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥ ਬਿਸਰਤ ਨਾਮੁ ਹੋਵਤ ਤਨੁ ਛਾਰੁ ॥ ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥ ਹਰਿ ਬਿਸਰਤ ਸਭ ਕਾ ਮੁਹਤਾਜ ॥੩॥ ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥ ਬਿਸਰਿ ਗਈ ਸਭ ਦੁਰਮਤਿ ਰੀਤਿ ॥ ਮਨ ਤਨ ਅੰਤਰਿ ਹਰਿ ਹਰਿ ਮੰਤ ॥ ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥ {ਪੰਨਾ 802}

ਪਦਅਰਥ: ਸੁਖ ਨਿਧਾਨ ਪ੍ਰਭ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਅਗਨਤ = ਅ = ਗਨਤ, ਜੋ ਗਿਣੇ ਨਾਹ ਜਾ ਸਕਣ। ਮੋਹਿ = ਮੈਂ। ਧਿਆਈ = ਧਿਆਈਂ, ਮੈਂ ਧਿਆਵਾਂ।੧।

ਮਨਿ = ਮਨ ਵਿਚ। ਆਇ = ਆ ਕੇ। ਮੋਹਿ = ਮੈਨੂੰ। ਨਿਰਗੁਨ = ਗੁਣ-ਹੀਨ। ਲਾਇ ਲੀਜੈ = ਲਾ ਲੈ। ਲੜਿ = ਲੜ ਨਾਲ, ਪੱਲੇ ਨਾਲ।ਰਹਾਉ।

ਚਿਤਿ = ਚਿੱਤ ਵਿਚ। ਭੀੜ = ਬਿਪਤਾ। ਸਰਬ = ਸਾਰੇ। ਸਿਮਰਤ = ਸਿਮਰਦਿਆਂ। ਜਾ ਕੈ ਸੰਗਿ = ਜਿਸ ਦੇ ਨਾਲ।੨।

ਤਨਿ = ਤਨ ਵਿਚ। ਆਧਾਰੁ = ਆਸਰਾ। ਤਨੁ = ਸਰੀਰ। ਛਾਰੁ = ਸੁਆਹ। ਕਾਜ = ਕੰਮ। ਮੁਹਤਾਜ = ਅਰਥੀਆ।੩।

ਸੰਗਿ = ਨਾਲ। ਦੁਰਮਤਿ = ਖੋਟੀ ਮਤਿ। ਰੀਤਿ = ਰਵਈਆ। ਮੰਤ = ਮੰਤਰ। ਘਰਿ = ਹਿਰਦੇ = ਘਰ ਵਿਚ।੪।

ਅਰਥ: ਹੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ। ਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ।ਰਹਾਉ।

ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ। ਮੈਂ ਅਨਾਥ ਤੇਰੀ ਸਰਨ ਆਇਆ ਹਾਂ। ਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ।੧।

ਹੇ ਭਾਈ! ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ। ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ। ਜਿਸ ਮਨੁੱਖ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ, ਨਾਮ ਸਿਮਰਿਆਂ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।੨।

ਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦੇ) ਮਨ ਵਿਚ ਸਰੀਰ ਵਿਚ ਆਸਰਾ (ਦੇਣ ਵਾਲਾ) ਹੈ, ਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ।੩।

ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ-) ਰਵਈਆ ਭੁੱਲ ਜਾਂਦਾ ਹੈ। ਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ (ਜੋ ਖੋਟੀ ਮਤਿ ਨੂੰ ਨੇੜੇ ਨਹੀਂ ਢੁੱਕਣ ਦੇਂਦਾ) ੪।੩।

ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ    ੴ ਸਤਿਗੁਰ ਪ੍ਰਸਾਦਿ ॥ ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥ ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥ ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥ ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥ ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥ ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥ ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥ ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥ {ਪੰਨਾ 802}

ਨੋਟ: ਕੈ ਘਰਿ-ਦੇ ਘਰ ਵਿਚ। ਯਾਨੜੀਏ ਕੈ ਘਰਿ-ਉਸ ਸ਼ਬਦ ਦੇ 'ਘਰ' ਵਿਚ ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ'ਇਹ ਸ਼ਬਦ ਤਿਲੰਗ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਹੈ (ਪੰਨਾ ੭੨੨) ਪਰ ਉਸ ਦਾ 'ਘਰੁ' ੩ ਹੈ।

ਪਦਅਰਥ: ਮੈ ਮਨਿ = ਮੇਰੇ ਮਨ ਵਿਚ। ਟੇਕ = ਆਸਰਾ। ਅਵਰ = ਹੋਰ। ਸਿਆਣਪਾ = ਚਤੁਰਾਈਆਂ। ਬਿਰਥੀਆ = ਵਿਅਰਥ। ਰਾਖਨ ਕਉ = ਰੱਖਿਆ ਕਰਨ ਜੋਗਾ। ਤੁਮ ਏਕ = ਸਿਰਫ਼ ਤੂੰ ਹੀ।੧।ਰਹਾਉ।

ਸੋ ਜਨੁ = ਉਹ ਬੰਦਾ। ਨਿਹਾਲਾ = ਆਨੰਦ = ਭਰਪੂਰ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}ਹੋਇ = ਹੁੰਦਾ ਹੈ (ਪ੍ਰਭੂ) ਸਫਲ ਮੂਰਤਿ = ਉਹ ਜਿਸ ਦੀ ਹਸਤੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰ ਸਕਦੀ ਹੈ। ਕਲਾ = ਸੱਤਿਆ, ਤਾਕਤ। ਹਜੂਰੇ = ਅੰਗ = ਸੰਗ।੧।

ਸੁਣਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਸੋਇ = ਸੋਭਾ। ਜਾਤਾ = ਪਛਾਣਿਆ, ਸਾਂਝ ਪਾਈ। ਅਰਾਧਹਿ = ਅਰਾਧਦੇ ਹਨ। ਵਖਾਣਹਿ = ਉਚਾਰਦੇ ਹਨ। ਰਾਤਾ = ਰੰਗਿਆ ਹੋਇਆ। ਮਾਗੈ = ਮੰਗਦਾ ਹੈ। ਕਰਮਿ = ਮੇਹਰ ਨਾਲ। ਕਮਾਵਾ = ਕਮਾਵਾਂ, ਮੈਂ ਕਮਾ ਸਕਦਾ ਹਾਂ। ਦੇਖਣੁ ਪਾਵਾ = ਦੇਖ ਸਕਾਂ।੨।

ਕਾਢੀਅਹਿ = ਕਹੇ ਜਾਂਦੇ ਹਨ। ਵਾਸੋ = ਨਿਵਾਸ, ਬਹਿਣ = ਖਲੋਣ। ਅਰਾਧੀਐ = ਆਰਾਧਿਆ ਜਾ ਸਕਦਾ ਹੈ। ਅੰ​‍ਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਮਨੈ = ਮਨਿ, ਮਨ ਵਿਚ। ਪਰਗਾਸੋ = ਚਾਨਣ। ਕਾਟੀਐ = ਕੱਟਿਆ ਜਾਂਦਾ ਹੈ। ਚੂਕੈ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ। ਨਾਨਕ = ਹੇ ਨਾਨਕ! ਭਾਣੇ = ਚੰਗੇ ਲੱਗਦੇ ਹਨ।੩।

ਅਪਾਰ = ਹੇ ਬੇਅੰਤ! ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਬਿਨਸਹਿ = ਨਾਸ ਹੋ ਜਾਂਦੇ ਹਨ। ਘਨੇਰੇ = ਬਹੁਤ। ਪਰੇਤ = ਪ੍ਰੇਤ, ਗੁਜ਼ਰੇ ਹੋਏ, ਗਏ = ਗੁਜ਼ਰੇ, ਮਨੁੱਖਤਾ ਤੋਂ ਗਏ = ਗੁਜ਼ਰੇ। ਮੁਗਧ = ਮੂਰਖ। ਤਾਰੇ = ਪਾਰ ਲੰਘਾ ਦੇਂਦਾ ਹੈ। ਪਾਹਨ– ਪੱਥਰ (-ਦਿਲ ਬੰਦੇ) ਬਲਿਹਾਰੈ = ਕੁਰਬਾਨ।੪।

ਅਰਥ: ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ।੧।ਰਹਾਉ।

ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ।੧।

ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ। ਹੇ ਪ੍ਰਭੂ! ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤਿ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ। ਹੇ ਮਾਲਕ-ਪ੍ਰਭੂ! ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ। (ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ। ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ। ਪਰ, ਹੇ ਨਾਨਕ! ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।੩।

ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ। ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।

ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ।੪।੧।੪।

ਨੋਟ: ਇਹ ਚਉਪਦਾ ਘਰ ੨ ਦਾ ਪਹਿਲਾ ਸ਼ਬਦ ਹੈ।

TOP OF PAGE

Sri Guru Granth Darpan, by Professor Sahib Singh