ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 803

ਬਿਲਾਵਲੁ ਮਹਲਾ ੫ ॥ ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥ ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥ ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥ ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥ ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥ ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥ ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਨ ਪਾਇਆ ॥ ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥੨॥ ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ ॥ ਤਹ ਦੂਖ ਨ ਭੂਖ ਨ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ ॥ ਤਹ ਜਨਮ ਨ ਮਰਣੁ ਨ ਆਵਣ ਜਾਣਾ ਨਿਹਚਲੁ ਸਰਣੀ ਪਾਈਐ ॥ ਪ੍ਰੇਮ ਬਿਛੋਹੁ ਨ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥੩॥ ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ ॥ ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ ॥ ਸਖੀ ਸਹੇਲੀ ਰਾਮ ਰੰਗਿ ਰਾਤੀ ਮਨ ਤਨ ਇਛ ਪੁਜਾਏ ॥ ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ ॥੪॥੨॥੫॥ {ਪੰਨਾ 802-803}

ਪਦਅਰਥ: ਬਨੁ = ਪਾਣੀ {वनं कानने जले}ਬਿਖੈ ਬਨੁ = ਵਿਸ਼ੇ = ਵਿਕਾਰਾਂ ਦਾ ਜਲ। ਰੀ ਸਖੀਏ = ਹੇ ਸਹੇਲੀਏ! ਮਹਾ ਰਸੁ = ਬੜਾ ਸੁਆਦਲਾ ਅੰਮ੍ਰਿਤ। ਬੁਡਿ ਗਈ = ਡੁੱਬ ਰਹੀ ਹੈ। ਸਗਲੀ = ਸਾਰੀ (ਸ੍ਰਿਸ਼ਟੀ) ਜੀਓ = ਜੀਉ, ਜਿੰਦ। ਮਾਨੁ = ਫ਼ਖ਼ਰ, ਆਸਰਾ। ਮਹਤੁ = ਵਡੱਪਣ। ਸਕਤਿ = ਤਾਕਤਿ, ਸ਼ਕਤੀ। ਕਾਈ = {ਇਸਤ੍ਰੀ ਲਿੰਗ} ਕੋਈ ਹੀ। ਥੀਓ = ਹੋ ਜਾ। ਸੇ = ਉਹ ਬੰਦੇ {ਬਹੁ-ਵਚਨ}ਦਰਿ = (ਪ੍ਰਭੂ ਦੇ) ਦਰ ਤੇ। ਪ੍ਰਭਿ = ਪ੍ਰਭੂ ਨੇ। ਪ੍ਰਭਿ ਅਪੁਨੈ = ਆਪਣੇ ਪ੍ਰਭੂ ਨੇ। ਕੀਓ = ਕਰ ਲਏ।੧।

ਹਰਿਚੰਦਉਰੀ = ਹਰਿਚੰਦ ਨਗਰੀ, ਹਵਾਈ ਕਿਲ੍ਹਾ। ਭ੍ਰਮੁ = ਭਰਮ, ਭੁਲੇਖਾ। ਮ੍ਰਿਗ ਤ੍ਰਿਸਨਾ = ਠਗ = ਨੀਰਾ। ਦ੍ਰੁਮ = ਰੁੱਖ। ਛਾਇਆ = ਛਾਂ। ਚੰਚਲਿ = {ਇਸਤ੍ਰੀ ਲਿੰਗ} ਕਿਤੇ ਇੱਕ ਥਾਂ ਨਾਹ ਟਿਕਣ ਵਾਲੀ। ਸੰਗਿ = ਨਾਲ। ਅੰਤਿ = ਆਖ਼ਰ ਨੂੰ। ਰਸਿ = ਸੁਆਦ ਨਾਲ। ਅਤਿ = ਬਹੁਤ। ਮਾਤੇ = ਮਸਤ। ਇਨ ਸੰਗਿ = ਇਹਨਾਂ ਦੀ ਸੰਗਤਿ ਵਿਚ ਰਿਹਾਂ। ਧੰਨਿ = ਭਾਗਾਂ ਵਾਲੇ।੨।

ਜਾਇ = ਜਾ ਕੇ। ਬਸਹੁ = ਟਿਕੋ। ਤਹ = ਉਥੇ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਲਿਵ = ਸੁਰਤਿ। ਬਿਛੋਹੁ = ਵਿਛੋੜਾ।੩।

ਧਾਰਿ = ਧਾਰ ਕੇ, ਕਰ ਕੇ। ਦ੍ਰਿਸਟਿ = ਨਿਗਾਹ, ਨਜ਼ਰ। ਬੇਧਿਆ = ਵਿੰਨ੍ਹ ਲਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ। ਸੇਜ = ਹਿਰਦਾ = ਸੇਜ। ਸੁਹਾਵੀ = ਸੁਖਾਵੀਂ, ਸੁਖ ਦੇਣ ਵਾਲੀ। ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਅਚਰਜੁ = ਹੈਰਾਨ ਕਰਨ ਵਾਲੀ ਹਾਲਤ ਵਿਚ ਪਹੁੰਚਿਆ ਹੋਇਆ ਜੀਵ।੪।

ਅਰਥ: ਹੇ ਸਹੇਲੀਏ! ਵਿਸ਼ੇ-ਵਿਕਾਰਾਂ ਦਾ ਬੇ-ਸੁਆਦਾ ਪਾਣੀ (ਪੀਣਾ) ਛੱਡ ਦੇ। ਸਦਾ ਨਾਮ-ਅੰਮ੍ਰਿਤ ਪੀਆ ਕਰ, ਇਹ ਬਹੁਤ ਸੁਆਦਲਾ ਹੈ। (ਨਾਮ-ਅੰਮ੍ਰਿਤ ਦਾ) ਸੁਆਦ ਨਾਹ ਚੱਖਣ ਕਰਕੇ, ਸਾਰੀ ਸ੍ਰਿਸ਼ਟੀ (ਵਿਸ਼ੇ-ਵਿਕਾਰਾਂ ਦੇ ਪਾਣੀ ਵਿਚ) ਡੁੱਬ ਰਹੀ ਹੈ, (ਫਿਰ ਭੀ) ਜਿੰਦ ਸੁਖੀ ਨਹੀਂ ਹੁੰਦੀ। ਕੋਈ (ਹੋਰ) ਆਸਰਾ, ਕੋਈ ਵਡੱਪਣ ਕੋਈ ਤਾਕਤ (ਨਾਮ-ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ) ਹੇ ਸਹੇਲੀਏ! ਨਾਮ-ਜਲ ਦੀ ਪ੍ਰਾਪਤੀ ਵਾਸਤੇ) ਗੁਰਮੁਖਾਂ ਦੀ ਦਾਸੀ ਬਣੀ ਰਹੁ। ਹੇ ਨਾਨਕ! ਪ੍ਰਭੂ ਦੇ ਦਰ ਤੇ ਉਹ ਬੰਦੇ ਸੋਭਾ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਨੇ ਆਪ ਹੀ ਸੋਭਾ ਵਾਲੇ ਬਣਾਇਆ ਹੈ।੧।

ਹੇ ਸਹੇਲੀਏ! ਇਹ ਮਾਇਆ (ਮਾਨੋ) ਹਵਾਈ ਕਿਲ੍ਹਾ ਹੈ, ਮਨ ਨੂੰ ਭਟਕਣਾ ਵਿਚ ਪਾਣ ਦਾ ਸਾਧਨ ਹੈ, ਠਗ-ਨੀਰਾ ਹੈ, ਰੁੱਖ ਦੀ ਛਾਂ ਹੈ। ਕਦੇ ਭੀ ਇੱਕ ਥਾਂ ਨਾਹ ਟਿਕ ਸਕਣ ਵਾਲੀ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ, ਇਹ ਆਖ਼ਰ ਨੂੰ (ਸਾਥ) ਛੱਡ ਜਾਂਦੀ ਹੈ। ਸੁਆਦ ਨਾਲ ਦੁਨੀਆ ਦੇ ਪਦਾਰਥ ਭੋਗਣੇ, ਦੁਨੀਆ ਦੇ ਰੂਪਾਂ ਤੇ ਰਸਾਂ ਵਿਚ ਮਸਤ ਰਹਿਣਾ-ਹੇ ਸਖੀਏ! ਇਹਨਾਂ ਦੀ ਸੰਗਤਿ ਵਿਚ ਆਤਮਕ ਆਨੰਦ ਨਹੀਂ ਲੱਭਦਾ। ਹੇ ਨਾਨਕ! (ਆਖ-) ਹੇ ਸਹੇਲੀਏ! ਭਾਗਾਂ ਵਾਲੇ ਹਨ ਪਰਮਾਤਮਾ ਦੇ ਭਗਤ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਹੈ।੨।

ਹੇ ਭਾਗਾਂ ਵਾਲੀ ਸਹੇਲੀਏ! ਜਾ ਕੇ ਸਾਧ ਸੰਗਤਿ ਵਿਚ ਟਿਕਿਆ ਕਰ। ਗੁਰਮੁਖਾਂ ਦੀ ਸੰਗਤਿ ਵਿਚ ਹੀ ਸਦਾ ਟਿਕਣਾ ਚਾਹੀਦਾ ਹੈ। ਉਥੇ ਟਿਕਿਆਂ ਦੁਨੀਆ ਦੇ ਦੁੱਖ, ਮਾਇਆ ਦੀ ਤ੍ਰਿਸ਼ਨਾ, ਕੋਈ ਰੋਗ ਆਦਿਕ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। (ਸਾਧ ਸੰਗਤਿ ਵਿਚ ਜਾ ਕੇ) ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤਿ ਜੋੜਨੀ ਚਾਹੀਦੀ ਹੈ। ਸਾਧ ਸੰਗਤਿ ਵਿਚ ਰਿਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ, ਮਨ ਦੀ ਅਡੋਲਤਾ ਕਾਇਮ ਰਹਿੰਦੀ ਹੈ। ਸੋ, ਪ੍ਰਭੂ ਦੀ ਸਰਨ ਵਿਚ ਹੀ ਪਏ ਰਹਿਣਾ ਚਾਹੀਦਾ ਹੈ। ਹੇ ਨਾਨਕ! ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ-ਪ੍ਰੇਮ ਦੀ ਅਣਹੋਂਦ, ਮਾਇਆ ਦਾ ਮੋਹ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਸਤ ਸੰਗਤਿ ਵਿਚ ਸਦਾ ਪਰਮਾਤਮਾ ਦਾ ਨਾਮ ਸਿਮਰ ਸਕੀਦਾ ਹੈ।੩।

ਹੇ ਪਿਆਰੇ (ਪ੍ਰਭੂ) ! ਮੇਹਰ ਦੀ ਨਿਗਾਹ ਕਰ ਕੇ ਤੂੰ ਜਿਨ੍ਹਾਂ ਦਾ ਮਨ ਆਪਣੇ ਚਰਨਾਂ ਵਿਚ ਪ੍ਰੋ ਲਿਆ ਹੈ, ਉਹ ਆਤਮਕ ਅਡੋਲਤਾ ਵਿਚ, ਪ੍ਰੇਮ ਵਿਚ, ਸਦਾ ਰੰਗੇ ਰਹਿੰਦੇ ਹਨ। ਹੇ ਪ੍ਰੀਤਮ! ਤੇਰੇ (ਚਰਨਾਂ) ਨਾਲ ਮਿਲ ਕੇ ਉਹਨਾਂ ਦਾ ਹਿਰਦਾ ਆਨੰਦ-ਭਰਪੂਰ ਹੋ ਜਾਂਦਾ ਹੈ, ਤੇਰੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।

ਹੇ ਨਾਨਕ! ਜੇਹੜੀਆਂ (ਸਤਸੰਗੀ) ਸਹੇਲੀਆਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ, ਪ੍ਰਭੂ ਉਹਨਾਂ ਦੇ ਮਨ ਦੀ ਤਨ ਦੀ ਹਰੇਕ ਇੱਛਾ ਪੂਰੀ ਕਰਦਾ ਹੈ, ਉਹਨਾਂ ਦੀ (ਉੱਚੀ ਹੋ ਚੁਕੀ) ਜਿੰਦ ਅਚਰਜ-ਰੂਪ ਪ੍ਰਭੂ ਨਾਲ (ਇਉਂ) ਮਿਲ ਜਾਂਦੀ ਹੈ ਕਿ (ਉਸ ਅਵਸਥਾ ਦਾ) ਬਿਆਨ ਨਹੀਂ ਕੀਤਾ ਜਾ ਸਕਦਾ।੪।੨।੫।

ਰਾਗੁ ਬਿਲਾਵਲੁ ਮਹਲਾ ੫ ਘਰੁ ੪    ੴ ਸਤਿਗੁਰ ਪ੍ਰਸਾਦਿ ॥ ਏਕ ਰੂਪ ਸਗਲੋ ਪਾਸਾਰਾ ॥ ਆਪੇ ਬਨਜੁ ਆਪਿ ਬਿਉਹਾਰਾ ॥੧॥ ਐਸੋ ਗਿਆਨੁ ਬਿਰਲੋ ਈ ਪਾਏ ॥ ਜਤ ਜਤ ਜਾਈਐ ਤਤ ਦ੍ਰਿਸਟਾਏ ॥੧॥ ਰਹਾਉ ॥ ਅਨਿਕ ਰੰਗ ਨਿਰਗੁਨ ਇਕ ਰੰਗਾ ॥ ਆਪੇ ਜਲੁ ਆਪ ਹੀ ਤਰੰਗਾ ॥੨॥ ਆਪ ਹੀ ਮੰਦਰੁ ਆਪਹਿ ਸੇਵਾ ॥ ਆਪ ਹੀ ਪੂਜਾਰੀ ਆਪ ਹੀ ਦੇਵਾ ॥੩॥ ਆਪਹਿ ਜੋਗ ਆਪ ਹੀ ਜੁਗਤਾ ॥ ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥ {ਪੰਨਾ 803}

ਨੋਟ: ਇਥੋਂ ਅਗਾਂਹ ਘਰੁ ੪ ਦੇ ਚਉਪਦੇ ਸ਼ੁਰੂ ਹੁੰਦੇ ਹਨ।

ਪਦਅਰਥ: ਏਕ ਰੂਪ = ਇਕ (ਪਰਮਾਤਮਾ ਦੇ ਅਨੇਕਾਂ) ਰੂਪ। ਸਗਲੋ = ਸਾਰਾ। ਪਾਸਾਰਾ = ਜਗਤ = ਖਿਲਾਰਾ। ਆਪੇ = ਆਪ ਹੀ।੧।

ਗਿਆਨੁ = ਸੂਝ। ਈ = ਹੀ। ਬਿਰਲੋ ਈ = ਕੋਈ ਵਿਰਲਾ ਮਨੁੱਖ ਹੀ। ਜਤ ਜਤ = ਜਿੱਥੇ ਜਿੱਥੇ। ਦ੍ਰਿਸਟਾਏ = ਦਿੱਸਦਾ ਹੈ।੧।ਰਹਾਉ।

ਨਿਰਗੁਨ = ਜਿਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ। ਤਰੰਗਾ = ਲਹਿਰਾਂ।੨।

ਆਪ ਹੀ = ਆਪਿ ਹੀ {ਲਫ਼ਜ਼ 'ਆਪਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}ਆਪਹਿ = ਆਪ ਹਿ; ਆਪਿ ਹੀ। ਦੇਵਾ = ਦੇਵਤਾ।੩।

ਜੋਗ = ਜੋਗੀ। ਜੁਗਤਾ = ਜੁਗਤਿ, ਜੋਗ ਦੀ ਜੁਗਤੀ, ਜੋਗ ਦੇ ਸਾਧਨ। ਮੁਕਤਾ = ਨਿਰਲੇਪ।੪।

ਅਰਥ: ਹੇ ਭਾਈ! ਜਗਤ ਵਿਚ ਜਿਸ ਜਿਸ ਪਾਸੇ ਚਲੇ ਜਾਈਏ, ਹਰ ਪਾਸੇ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ। ਪਰ ਇਹ ਸੂਝ ਕੋਈ ਵਿਰਲਾ ਮਨੁੱਖ ਹੀ ਹਾਸਲ ਕਰਦਾ ਹੈ।੧।ਰਹਾਉ।

ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਉਸ ਇੱਕ (ਪਰਮਾਤਮਾ ਦੇ ਹੀ ਅਨੇਕਾਂ) ਰੂਪ ਹਨ। (ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਜਗਤ ਦਾ) ਵਣਜ-ਵਿਹਾਰ ਕਰ ਰਿਹਾ ਹੈ।੧।

ਹੇ ਭਾਈ! ਸਦਾ ਇਕ-ਰੰਗ ਰਹਿਣ ਵਾਲੇ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦੇ ਹੀ (ਜਗਤ ਵਿਚ ਦਿੱਸ ਰਹੇ) ਅਨੇਕਾਂ ਰੰਗ-ਤਮਾਸ਼ੇ ਹਨ। ਉਹ ਪ੍ਰਭੂ ਆਪ ਹੀ ਪਾਣੀ ਹੈ, ਤੇ, ਆਪ ਹੀ (ਪਾਣੀ ਵਿਚ ਉਠ ਰਹੀਆਂ) ਲਹਿਰਾਂ ਹੈ {ਜਿਵੇਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹਨ, ਤਿਵੇਂ ਪਰਮਾਤਮਾ ਤੋਂ ਹੀ ਜਗਤ ਦੇ ਅਨੇਕਾਂ ਰੂਪ ਰੰਗ ਬਣੇ ਹਨ}੨।

ਹੇ ਭਾਈ! ਪ੍ਰਭੂ ਆਪ ਹੀ ਮੰਦਰ ਹੈ, ਆਪ ਹੀ ਸੇਵਾ-ਭਗਤੀ ਹੈ, ਆਪ ਹੀ (ਮੰਦਰ ਵਿਚ) ਦੇਵਤਾ ਹੈ, ਤੇ ਆਪ ਹੀ (ਦੇਵਤੇ ਦਾ) ਪੁਜਾਰੀ ਹੈ।੩।

ਹੇ ਭਾਈ! ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ ਜੋਗ ਦੇ ਸਾਧਨ ਹੈ। (ਸਭ ਜੀਵਾਂ ਵਿਚ ਵਿਆਪਕ ਹੁੰਦਾ ਹੋਇਆ ਭੀ) ਨਾਨਕ ਦਾ ਪਰਮਾਤਮਾ ਸਦਾ ਹੀ ਨਿਰਲੇਪ ਹੈ।੪।੧।੬।

ਨੋਟ: ਅੰਕ ੧ ਦੱਸਦਾ ਹੈ ਕਿ ਘਰੁ ੪ ਦਾ ਇਹ ਪਹਿਲਾ ਚਉਪਦਾ ਹੈ।

ਬਿਲਾਵਲੁ ਮਹਲਾ ੫ ॥ ਆਪਿ ਉਪਾਵਨ ਆਪਿ ਸਧਰਨਾ ॥ ਆਪਿ ਕਰਾਵਨ ਦੋਸੁ ਨ ਲੈਨਾ ॥੧॥ ਆਪਨ ਬਚਨੁ ਆਪ ਹੀ ਕਰਨਾ ॥ ਆਪਨ ਬਿਭਉ ਆਪ ਹੀ ਜਰਨਾ ॥੧॥ ਰਹਾਉ ॥ ਆਪ ਹੀ ਮਸਟਿ ਆਪ ਹੀ ਬੁਲਨਾ ॥ ਆਪ ਹੀ ਅਛਲੁ ਨ ਜਾਈ ਛਲਨਾ ॥੨॥ ਆਪ ਹੀ ਗੁਪਤ ਆਪਿ ਪਰਗਟਨਾ ॥ ਆਪ ਹੀ ਘਟਿ ਘਟਿ ਆਪਿ ਅਲਿਪਨਾ ॥੩॥ ਆਪੇ ਅਵਿਗਤੁ ਆਪ ਸੰਗਿ ਰਚਨਾ ॥ ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥੪॥੨॥੭॥ {ਪੰਨਾ 803}

ਪਦਅਰਥ: ਉਪਾਵਨ = ਪੈਦਾ ਕਰਨ (ਵਾਲਾ) ਸਧਰਨਾ = {ਧਰ = ਆਸਰਾ} ਆਸਰਾ ਦੇਣ ਵਾਲਾ। ਕਰਾਵਨ = (ਜੀਵਾਂ ਪਾਸੋਂ ਕੰਮ) ਕਰਾਣ ਵਾਲਾ।੧।

ਬਚਨੁ = ਹੁਕਮ। ਬਿਭਉ = ਪ੍ਰਤਾਪ, ਐਸ਼ਵਰਜ। ਜਰਨਾ = ਜਰਦਾ ਹੈ, (ਦੁੱਖ) ਸਹਾਰਦਾ ਹੈ।੧।ਰਹਾਉ।

ਮਸਟਿ = ਚੁੱਪ। ਬੁਲਨਾ = ਬੋਲਦਾ।੨।

ਘਟਿ ਘਟਿ = ਹਰੇਕ ਘਰ ਵਿਚ। ਅਲਿਪਨਾ = ਨਿਰਲੇਪ।੩।

ਆਪੇ = ਆਪ ਹੀ। ਅਵਿਗਤੁ = ਅਵਿਅਕਤ {अव्यत्तत्र्} ਅਦ੍ਰਿਸ਼ਟ। ਸੰਗਿ = ਨਾਲ। ਰਚਨਾ = ਸ੍ਰਿਸ਼ਟੀ। ਸਭਿ = ਸਾਰੇ। ਜਚਨਾ = ਕੌਤਕ, ਚੋਜ।੪।

ਅਰਥ: ਹੇ ਭਾਈ! ਹਰੇਕ ਜੀਵ ਵਿਚ ਵਿਆਪਕ ਹੋ ਕੇ) ਆਪਣਾ ਬੋਲ (ਪ੍ਰਭੂ ਆਪ ਹੀ ਬੋਲ ਰਿਹਾ ਹੈ, ਅਤੇ) ਆਪ ਹੀ (ਉਸ ਬੋਲ ਦੇ ਅਨੁਸਾਰ ਕੰਮ) ਕਰ ਰਿਹਾ ਹੈ।੧।ਰਹਾਉ।

ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਅਤੇ ਆਪ ਹੀ (ਸਭ ਨੂੰ) ਸਹਾਰਾ ਦੇਣ ਵਾਲਾ ਹੈ। (ਸਭ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਜੀਵਾਂ ਪਾਸੋਂ) ਕੰਮ ਕਰਾਣ ਵਾਲਾ ਹੈ, ਪਰ ਪ੍ਰਭੂ (ਇਹਨਾਂ ਕੰਮਾਂ ਦਾ) ਦੋਸ਼ ਆਪਣੇ ਉਤੇ ਨਹੀਂ ਲੈਂਦਾ।੧।

(ਹਰੇਕ ਵਿਚ ਮੌਜੂਦ ਹੈ। ਜੇ ਕੋਈ ਮੋਨ ਧਾਰੀ ਬੈਠਾ ਹੈ, ਤਾਂ ਉਸ ਵਿਚ) ਪ੍ਰਭੂ ਆਪ ਹੀ ਮੋਨਧਾਰੀ ਹੈ, (ਜੇ ਕੋਈ ਬੋਲ ਰਿਹਾ ਹੈ, ਤਾਂ ਉਸ ਵਿਚ) ਆਪ ਹੀ ਪ੍ਰਭੂ ਬੋਲ ਰਿਹਾ ਹੈ। ਪ੍ਰਭੂ ਆਪ ਹੀ (ਕਿਸੇ ਵਿਚ ਬੈਠਾ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਉਸ ਨੂੰ ਛਲ ਨਹੀਂ ਸਕਦੀ।੨।

ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਵਿਚ) ਲੁਕਿਆ ਬੈਠਾ ਹੈ, ਤੇ, (ਜਗਤ-ਰਚਨਾ ਦੇ ਰੂਪ ਵਿਚ) ਆਪ ਹੀ ਪ੍ਰਤੱਖ ਦਿੱਸ ਰਿਹਾ ਹੈ। ਪ੍ਰਭੂ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ, (ਹਰੇਕ ਵਿਚ ਵੱਸਦਾ ਹੋਇਆ) ਪ੍ਰਭੂ ਆਪ ਹੀ ਨਿਰਲੇਪ ਹੈ।੩।

ਹੇ ਭਾਈ! ਪ੍ਰਭੂ ਆਪ ਹੀ ਅਦ੍ਰਿਸ਼ਟ ਹੈ, ਆਪ ਹੀ (ਆਪਣੀ ਰਚੀ) ਸ੍ਰਿਸ਼ਟੀ ਦੇ ਨਾਲ ਮਿਲਿਆ ਹੋਇਆ ਹੈ। ਹੇ ਨਾਨਕ! ਆਖ-(ਜਗਤ ਵਿਚ ਦਿੱਸ ਰਹੇ ਇਹ) ਸਾਰੇ ਕੌਤਕ ਪ੍ਰਭੂ ਦੇ ਆਪਣੇ ਹੀ ਹਨ।੪।੨।੭।

ਬਿਲਾਵਲੁ ਮਹਲਾ ੫ ॥ ਭੂਲੇ ਮਾਰਗੁ ਜਿਨਹਿ ਬਤਾਇਆ ॥ ਐਸਾ ਗੁਰੁ ਵਡਭਾਗੀ ਪਾਇਆ ॥੧॥ ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥ ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥ ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥੨॥ ਦੁਖ ਸੁਖ ਕਰਤ ਜਨਮਿ ਫੁਨਿ ਮੂਆ ॥ ਚਰਨ ਕਮਲ ਗੁਰਿ ਆਸ੍ਰਮੁ ਦੀਆ ॥੩॥ ਅਗਨਿ ਸਾਗਰ ਬੂਡਤ ਸੰਸਾਰਾ ॥ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥੪॥੩॥੮॥ {ਪੰਨਾ 803-804}

ਪਦਅਰਥ: ਭੂਲੇ = (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਨੂੰ। ਮਾਰਗੁ = (ਜੀਵਨ ਦਾ ਸਹੀ) ਰਸਤਾ। ਜਿਨਹਿ = ਜਿਨਿ ਹੀ, ਜਿਸ (ਗੁਰੂ) ਨੇ। ਵਡ ਭਾਗੀ = ਵੱਡੇ ਭਾਗਾਂ ਨਾਲ।੧।

ਮਨਾ = ਹੇ ਮਨ! ਚਿਤਾਰੇ = ਚਿਤਾਰਿ, ਚਿਤਾਰ ਕੇ, ਧਿਆਨ ਜੋੜ ਕੇ। ਹਿਰਦੈ = ਹਿਰਦੇ ਵਿਚ।੧।ਰਹਾਉ।

ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਲੀਨਾ = ਫਸਿਆ ਹੋਇਆ। ਕਾਟਿ = ਕੱਟ ਕੇ। ਗੁਰਿ = ਗੁਰੂ ਨੇ। ਮੁਕਤਿ = ਖ਼ਲਾਸੀ।੨।

ਕਰਤ = ਕਰਦਿਆਂ। ਜਨਮਿ = ਜਨਮ ਵਿਚ (ਆ ਕੇ) , ਜੰਮ ਕੇ। ਫੁਨਿ = ਮੁੜ। ਗੁਰਿ = ਗੁਰੂ ਨੇ। ਆਸ੍ਰਮੁ = ਸਹਾਰਾ, ਟਿਕਾਣਾ।੩।

ਅਗਨਿ ਸਾਗਰ = (ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ। ਬੂਡਤ = ਡੁੱਬ ਰਿਹਾ ਹੈ। ਪਕਰਿ = ਫੜ ਕੇ। ਸਤਿਗੁਰਿ = ਸਤਿਗੁਰੂ ਨੇ। ਨਿਸਤਾਰਾ = ਪਾਰ ਲੰਘਾ ਦਿੱਤਾ।੪।

ਅਰਥ: ਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਪਰ ਉਹੀ ਮਨੁੱਖ ਹਰਿ-ਨਾਮ ਸਿਮਰ ਸਕਦਾ ਹੈ, ਜਿਸ ਦੇ) ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗੁਰੂ ਦਾ ਆਸਰਾ ਲੈ) ੧।ਰਹਾਉ।

(ਹੇ ਮਨ!) ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ, ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ।੧।

(ਹੇ ਮਨ! ਵੇਖ, ਮਨੁੱਖ ਦਾ) ਮਨ (ਸਦਾ) ਕਾਮ ਵਿਚ ਕ੍ਰੋਧ ਵਿਚ ਲੋਭ ਵਿਚ ਮੋਹ ਵਿਚ ਫਸਿਆ ਰਹਿੰਦਾ ਹੈ। (ਪਰ ਜਦੋਂ ਉਹ ਗੁਰੂ ਦੇ ਸਰਨ ਆਇਆ) , ਗੁਰੂ ਨੇ (ਉਸ ਦੇ ਇਹ ਸਾਰੇ) ਬੰਧਨ ਕੱਟ ਕੇ ਉਸ ਨੂੰ (ਇਹਨਾਂ ਵਿਕਾਰਾਂ ਤੋਂ) ਖ਼ਲਾਸੀ ਦੇ ਦਿੱਤੀ।੨।

ਹੇ ਮਨ! ਦੁੱਖ ਸੁਖ ਕਰਦਿਆਂ ਮਨੁੱਖ ਕਦੇ ਮਰਦਾ ਹੈ ਕਦੇ ਜੀਊ ਪੈਂਦਾ ਹੈ (ਦੁੱਖ ਵਾਪਰਿਆਂ ਸਹਿਮ ਜਾਂਦਾ ਹੈ, ਸੁਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਹੈ। ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ।੩।

ਹੇ ਨਾਨਕ! ਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿਚ ਡੁੱਬ ਰਿਹਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ) ਗੁਰੂ ਨੇ (ਉਸ ਦੀ) ਬਾਂਹ ਫੜ ਕੇ (ਉਸ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਦਿੱਤਾ।੪।੩।੮।

TOP OF PAGE

Sri Guru Granth Darpan, by Professor Sahib Singh