ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 806 ਬਿਲਾਵਲੁ ਮਹਲਾ ੫ ॥ ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਨਰ ਜੀਵੇ ॥ ਮਰਿ ਖੁਆਰੁ ਸਾਕਤ ਨਰ ਥੀਵੇ ॥੧॥ ਰਾਮ ਨਾਮੁ ਹੋਆ ਰਖਵਾਰਾ ॥ ਝਖ ਮਾਰਉ ਸਾਕਤੁ ਵੇਚਾਰਾ ॥੨॥ ਨਿੰਦਾ ਕਰਿ ਕਰਿ ਪਚਹਿ ਘਨੇਰੇ ॥ ਮਿਰਤਕ ਫਾਸ ਗਲੈ ਸਿਰਿ ਪੈਰੇ ॥੩॥ ਕਹੁ ਨਾਨਕ ਜਪਹਿ ਜਨ ਨਾਮ ॥ ਤਾ ਕੇ ਨਿਕਟਿ ਨ ਆਵੈ ਜਾਮ ॥੪॥੧੩॥੧੮॥ {ਪੰਨਾ 806} ਪਦਅਰਥ: ਸ੍ਰਬ = {सर्व} ਸਾਰੇ।੧।ਰਹਾਉ। ਜੀਵੇ = ਆਤਮਕ ਜੀਵਨ ਲੱਭ ਲੈਂਦੇ ਹਨ। ਮਰਿ = ਆਤਮਕ ਮੌਤ ਸਹੇੜ ਕੇ। ਸਾਕਤ ਨਰ = ਪ੍ਰਭੂ ਨਾਲੋਂ ਟੁੱਟੇ ਹੋਏ ਬੰਦੇ। ਖੁਆਰੁ ਥੀਵੇ = ਖੱਜਲ ਹੁੰਦੇ ਹਨ।੧। ਮਾਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ = ਸ਼ੱਕ ਮਾਰੇ।੨। ਕਰਿ = ਕਰ ਕੇ। ਪਚਹਿ = ਸੜਦੇ ਹਨ, ਖਿੱਝਦੇ ਹਨ। ਮਿਰਤਕ ਫਾਸ = ਮੌਤ ਦੀ ਫਾਹੀ। ਸਿਰਿ = ਸਿਰ ਉਤੇ। ਪੈਰੇ = ਪੈਰਾਂ ਵਿਚ। ਗਲੈ = ਗਲ ਵਿਚ।੩। ਜਪਹਿ = ਜਪਦੇ ਹਨ। ਤਾ ਕੇ ਨਿਕਟਿ = ਉਹਨਾਂ ਦੇ ਨੇੜੇ।੪। ਅਰਥ: ਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ।੧।ਰਹਾਉ। (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ।੧। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ। ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ।੨। ਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ। (ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ।੩। ਹੇ ਨਾਨਕ! ਬੇ-ਸ਼ੱਕ) ਆਖ-ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ।੪।੧੩।੧੮। ਨੋਟ: ਇਥੇ ਚਾਰ ਬੰਦਾਂ ਵਾਲੇ ਸ਼ਬਦ (ਚਉਪਦੇ) ਖ਼ਤਮ ਹੋ ਗਏ ਹਨ। ਅਗਾਂਹ ਦੋ ਬੰਦਾਂ ਵਾਲੇ ਸ਼ਬਦ (ਦੁਪਦੇ) ਸ਼ੁਰੂ ਹੁੰਦੇ ਹਨ। {ਪੰਨਾ 806} ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥ ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥੧॥ ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥ ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥ ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥੨॥੧॥੧੯॥ {ਪੰਨਾ 806} ਪਦਅਰਥ: ਸੰਜੋਗ = ਮਿਲਾਪ ਦਾ ਸਮਾ, ਲਗਨ, ਮੁਹੂਰਤ। ਮਿਲਉ = ਮਿਲਉਂ, ਮੈਂ ਮਿਲਾਂ। ਪਲੁ ਪਲੁ = ਹਰੇਕ ਪਲ। ਨਿਮਖ = ਅੱਖ ਝਮਕਣ ਜਿਤਨਾ ਸਮਾ।੧। ਧਿਆਵਉ = ਧਿਆਵਉਂ, ਮੈਂ ਧਿਆਨ ਧਰਦਾ ਰਹਾਂ। ਸੁਮਿਤ = ਚੰਗੀ ਮਤ। ਜਿਤੁ = ਜਿਸ ਦੀ ਰਾਹੀਂ।੧।ਰਹਾਉ। ਪ੍ਰਭ = ਹੇ ਪ੍ਰਭੂ! ਕਾਹੂ ਬੇਰੇ = ਕਿਸੇ ਭੀ ਵੇਲੇ। ਬਿਸਰੁ ਨ = ਨਾਹ ਭੁੱਲ।੨। ਅਰਥ: ਹੇ ਭਾਈ! ਉਹ ਕੇਹੜੀ ਸੁਚੱਜੀ ਮਤਿ ਹੈ ਜਿਸ ਦੀ ਬਰਕਤ ਨਾਲ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ? (ਉਹ ਕੇਹੜੀ ਸੁਮਤਿ ਹੈ ਜਿਸ ਦੀ ਰਾਹੀਂ) ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਹਰ ਵੇਲੇ ਧਿਆਨ ਧਰਦਾ ਰਹਾਂ?।੧।ਹਾਉ। ਹੇ ਭਾਈ! ਉਹ ਕੇਹੜੇ ਮੁਹੂਰਤ ਹਨ ਜਦੋਂ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਾਂ? (ਉਹ ਲਗਨ ਮੁਹੂਰਤ ਤਾਂ ਹਰ ਵੇਲੇ ਹੀ ਹਨ) ਇਕ ਇਕ ਪਲ, ਅੱਖ ਝਮਕਣ ਜਿਤਨਾ ਸਮਾ ਭਰ ਭੀ ਸਦਾ ਹੀ ਹਰਿ-ਨਾਮ ਜਪਣ ਨਾਲ (ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ) ।੧। (ਪਰ, ਪ੍ਰਭੂ ਦੀ ਆਪਣੀ ਹੀ ਮੇਹਰ ਹੋਵੇ, ਤਾਂ ਹੀ ਸਿਮਰਨ ਹੋ ਸਕਦਾ ਹੈ। ਇਸ ਵਾਸਤੇ ਉਸ ਦੇ ਦਰ ਤੇ ਸਦਾ ਅਰਦਾਸ ਕਰੀਏ-) ਹੇ ਮੇਰੇ ਪ੍ਰਭੂ! ਮੇਰੇ ਉਤੇ) ਇਹੋ ਜਿਹੀ ਮੇਹਰ ਕਰ, ਕਿ, ਹੇ ਹਰੀ! ਮੈਨੂੰ ਨਾਨਕ ਨੂੰ ਤੇਰਾ ਨਾਮ ਕਦੇ ਭੀ ਨਾਹ ਭੁੱਲੇ।੨।੧।੧੯। ਬਿਲਾਵਲੁ ਮਹਲਾ ੫ ॥ ਚਰਨ ਕਮਲ ਪ੍ਰਭ ਹਿਰਦੈ ਧਿਆਏ ॥ ਰੋਗ ਗਏ ਸਗਲੇ ਸੁਖ ਪਾਏ ॥੧॥ ਗੁਰਿ ਦੁਖੁ ਕਾਟਿਆ ਦੀਨੋ ਦਾਨੁ ॥ ਸਫਲ ਜਨਮੁ ਜੀਵਨ ਪਰਵਾਨੁ ॥੧॥ ਰਹਾਉ ॥ ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ॥ ਕਹੁ ਨਾਨਕ ਜਪਿ ਜੀਵੇ ਗਿਆਨੀ ॥੨॥੨॥੨੦॥ {ਪੰਨਾ 806} ਪਦਅਰਥ: ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਤੇ ਕੋਮਲ ਪੈਰ। ਹਿਰਦੈ = ਹਿਰਦੇ ਵਿਚ। ਸਗਲੇ = ਸਾਰੇ।੧। ਗੁਰਿ = ਗੁਰੂ ਨੇ। ਦਾਨੁ = (ਨਾਮ ਦੀ) ਦਾਤਿ। ਸਫਲ = ਕਾਮਯਾਬ। ਪਰਵਾਨੁ = (ਲੋਕ ਪਰਲੋਕ ਵਿਚ) ਕਬੂਲ।੧।ਰਹਾਉ। ਅਕਥ = ਉਹ ਪ੍ਰਭੂ ਜਿਸ ਦੇ ਸਾਰੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਕਥਾ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਬਾਨੀ = ਸਿਫ਼ਤਿ-ਸਾਲਾਹ ਦੀ ਬਾਣੀ। ਗਿਆਨੀ = ਗਿਆਨਵਾਨ, ਪ੍ਰਭੂ ਨਾਲ ਡੂੰਘੀ ਸਾਂਝ ਪਾਣ ਵਾਲਾ ਮਨੁੱਖ। ਗਿਆਨ = ਪਰਮਾਤਮਾ ਨਾਲ ਜਾਣ-ਪਛਾਣ। ਜੀਵੇ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੨। ਅਰਥ: ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ) ਦਾਤਿ ਦੇ ਦਿੱਤੀ, ਉਸ ਦਾ ਸਾਰਾ ਦੁੱਖ ਭੀ ਗੁਰੂ ਨੇ ਦੂਰ ਕਰ ਦਿੱਤਾ। ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ, (ਲੋਕ ਪਰਲੋਕ ਵਿਚ) ਉਸ ਦਾ ਜੀਵਨ ਕਬੂਲ ਹੋ ਗਿਆ।੧।ਰਹਾਉ। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਪਣੇ) ਹਿਰਦੇ ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ ਰੋਗ ਦੂਰ ਹੋ ਗਏ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ।੧। ਹੇ ਨਾਨਕ! ਆਖ-ਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ। ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਵਾਲਾ ਮਨੁੱਖ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।੨।੨।੨੦। ਬਿਲਾਵਲੁ ਮਹਲਾ ੫ ॥ ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥ ਸੁਖ ਉਪਜੇ ਬਾਜੇ ਅਨਹਦ ਤੂਰੇ ॥੧॥ ਰਹਾਉ ॥ ਤਾਪ ਪਾਪ ਸੰਤਾਪ ਬਿਨਾਸੇ ॥ ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥੧॥ ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥ ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥੨॥੩॥੨੧॥ {ਪੰਨਾ 806} ਪਦਅਰਥ: ਸਾਂਤਿ = ਸ਼ਾਂਤੀ, ਆਤਮਕ ਠੰਢ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਉਪਜੇ = ਪੈਦਾ ਹੋ ਗਏ। ਬਾਜੇ = ਵੱਜ ਪਏ। ਅਨਹਦ = {अनहत = ਬਿਨਾ ਵਜਾਣ ਦੇ} ਇਕ-ਰਸ। ਤੂਰੇ = ਵਾਜੇ।੧।ਰਹਾਉ। ਤਾਪ = ਦੁੱਖ। ਪਾਪ = ਵਿਕਾਰ। ਸੰਤਾਪ = ਕਲੇਸ਼। ਸਿਮਰਤ = ਸਿਮਰਦਿਆਂ। ਕਿਲਵਿਖ = ਪਾਪ। ਸਭਿ = ਸਾਰੇ।੧। ਅਨਦੁ ਕਰਹੁ = ਆਤਮਕ ਆਨੰਦ ਪੈਦਾ ਕਰੋ। ਮਿਲਿ = ਮਿਲ ਕੇ। ਨਾਰੀ = ਹੇ ਨਾਰੀਹੋ! ਹੇ ਮੇਰੇ ਗਿਆਨ = ਇੰਦ੍ਰਿਓ! ਗੁਰਿ = ਗੁਰੂ ਨੇ। ਨਾਨਕਿ = ਨਾਨਕ ਨੇ। ਪੈਜ = ਲਾਜ, ਇੱਜ਼ਤ।੨। ਅਰਥ: ਹੇ ਭਾਈ! ਪੂਰੇ ਗੁਰੂ ਨੇ, ਸਤਿਗੁਰੂ ਨੇ (ਹਰਿ-ਨਾਮ ਦੀ ਦਾਤਿ ਦੇ ਕੇ ਜਿਸ ਮਨੁੱਖ ਦੇ ਹਿਰਦੇ ਵਿਚ) ਠੰਡ ਵਰਤਾ ਦਿੱਤੀ, ਉਸ ਦੇ ਅੰਦਰ ਸਾਰੇ ਸੁਖ ਪੈਦਾ ਹੋ ਗਏ (ਮਾਨੋ, ਉਸ ਦੇ ਅੰਦਰ) ਇਕ-ਰਸ ਸਾਰੇ ਵਾਜੇ ਵੱਜਣ ਲੱਗ ਪਏ।੧।ਰਹਾਉ। (ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ) ਦੁੱਖ ਕਲੇਸ਼ ਦੂਰ ਹੋ ਗਏ। ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦੇ ਸਾਰੇ ਪਾਪ ਨਾਸ ਹੋ ਗਏ।੧। (ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ। ਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ।੨।੩।੨੧। ਬਿਲਾਵਲੁ ਮਹਲਾ ੫ ॥ ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ਬਿਕਰਾਲ ॥ ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ ਫਾਹੀ ਫਾਥਾ ਜਮ ਕੈ ਜਾਲ ॥੧॥ ਤੇਰੀ ਸਰਣਿ ਪ੍ਰਭ ਦੀਨ ਦਇਆਲਾ ॥ ਮਹਾ ਬਿਖਮ ਸਾਗਰੁ ਅਤਿ ਭਾਰੀ ਉਧਰਹੁ ਸਾਧੂ ਸੰਗਿ ਰਵਾਲਾ ॥੧॥ ਰਹਾਉ ॥ ਪ੍ਰਭ ਸੁਖਦਾਤੇ ਸਮਰਥ ਸੁਆਮੀ ਜੀਉ ਪਿੰਡੁ ਸਭੁ ਤੁਮਰਾ ਮਾਲ ॥ ਭ੍ਰਮ ਕੇ ਬੰਧਨ ਕਾਟਹੁ ਪਰਮੇਸਰ ਨਾਨਕ ਕੇ ਪ੍ਰਭ ਸਦਾ ਕ੍ਰਿਪਾਲ ॥੨॥੪॥੨੨॥ {ਪੰਨਾ 806} ਪਦਅਰਥ: ਮਮ = ਮੇਰਾ। ਮਮਤਾ = {ਲਫ਼ਜ਼ 'ਮਮ' ਤੋਂ ਭਾਵ = ਭਾਵਕ ਨਾਂਵ} ਅਪਣੱਤ। ਧ੍ਰੋਹ = ਠੱਗੀ। ਮਦਿ = ਮਦ ਵਿਚ, ਨਸ਼ੇ ਵਿਚ। ਮਾਤਾ = ਮਸਤ। ਬੰਧਨਿ = ਬੰਧਨ ਨਾਲ, ਰੱਸੀ। ਬਾਧਿਆ = ਬੱਝਾ ਹੋਇਆ। ਅਤਿ = ਬਹੁਤ। ਬਿਕਰਾਲ = ਡਰਾਉਣਾ। ਦਿਨੁ ਦਿਨੁ = ਹਰ ਰੋਜ਼। ਛਿਜਤ = ਘਟਦੀ ਜਾਂਦੀ। ਅਉਧ = ਉਮਰ।੧। ਪ੍ਰਭ = ਹੇ ਪ੍ਰਭੂ! ਦੀਨ = ਗ਼ਰੀਬ, ਨਿਮਾਣੇ। ਬਿਖਮ = ਔਖਾ। ਸਾਗਰੁ = ਸਮੁੰਦਰ। ਉਧਰਹੁ = ਪਾਰ ਲੰਘਾ ਲਵੋ। ਸਾਧੂ = ਗੁਰੂ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਰਵਾਲਾ = ਚਰਨ = ਧੂੜ।੧।ਰਹਾਉ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਇਹ ਸਾਰਾ। ਮਾਲੁ = ਪੂੰਜੀ। ਭ੍ਰਮ = ਭਟਕਣਾ।੨। ਅਰਥ: ਦੀਨਾਂ ਉਤੇ ਦਇਆ ਕਰਨ ਵਾਲੇ ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਇਹ (ਸੰਸਾਰ-) ਸਮੁੰਦਰ ਬਹੁਤ ਵੱਡਾ ਹੈ, (ਇਸ ਵਿਚੋਂ ਪਾਰ ਲੰਘਣਾ) ਬੜਾ ਔਖਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਗੁਰੂ ਦੀ ਚਰਨ-ਧੂੜ ਦੇ ਕੇ ਇਸ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈ।੧।ਰਹਾਉ। (ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿਚ ਫਸ ਕੇ ਜੀਵ) ਅਪਣੱਤ ਦੇ ਮਦ ਵਿਚ, ਮੋਹ ਦੇ ਨਸ਼ੇ ਵਿਚ, ਠੱਗੀ-ਚਾਲਾਕੀ ਦੇ ਮਦ ਵਿਚ ਮਸਤ ਰਹਿੰਦਾ ਹੈ। ਮਾਇਆ ਦੇ ਮੋਹ ਦੇ ਜਕੜ ਨਾਲ ਬੱਝਾ ਹੋਇਆ ਜੀਵ ਬੜੇ ਡਰਾਉਣੇ ਜੀਵਨ ਵਾਲਾ ਬਣ ਜਾਂਦਾ ਹੈ। ਹਰ ਰੋਜ਼ ਵਿਕਾਰ ਕਰਦਿਆਂ ਇਸ ਦੀ ਉਮਰ ਘਟਦੀ ਜਾਂਦੀ ਹੈ, ਇਹ ਜਮ ਦੀ ਫਾਹੀ ਵਿਚ ਜਮ ਦੇ ਜਾਲ ਵਿਚ ਸਦਾ ਫਸਿਆ ਰਹਿੰਦਾ ਹੈ।੧। ਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ ਸੁਆਮੀ! ਜੀਵਾਂ ਨੂੰ ਮਿਲੇ ਹੋਏ) ਇਹ ਜਿੰਦ ਤੇ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ। ਹੇ ਨਾਨਕ ਦੇ ਪ੍ਰਭੂ! ਹੇ ਸਦਾ ਕਿਰਪਾਲ ਪ੍ਰਭੂ! ਹੇ ਪਰਮੇਸਰ! ਜੀਵ ਮਾਇਆ ਵਿਚ ਭਟਕ ਰਹੇ ਹਨ, ਜੀਵਾਂ ਦੇ ਇਹ) ਭਟਕਣਾ ਦੇ ਬੰਧਨ ਕੱਟ ਦੇਹ।੨।੪।੨੨। ਬਿਲਾਵਲੁ ਮਹਲਾ ੫ ॥ ਸਗਲ ਅਨੰਦੁ ਕੀਆ ਪਰਮੇਸਰਿ ਅਪਣਾ ਬਿਰਦੁ ਸਮ੍ਹ੍ਹਾਰਿਆ ॥ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥੧॥ ਕਾਰਜੁ ਸਤਿਗੁਰਿ ਆਪਿ ਸਵਾਰਿਆ ॥ ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥ ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥ {ਪੰਨਾ 806} ਪਦਅਰਥ: ਸਗਲ = ਸਾਰਾ, ਪੂਰਨ। ਪਰਮੇਸਰਿ = ਪਰਮੇਸਰ ਨੇ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਮ੍ਹ੍ਹਾਰਿਆ = ਸੰਭਾਲਿਆ ਹੈ, ਚੇਤੇ ਰੱਖਿਆ ਹੈ। ਬਿਗਸੇ = ਖ਼ੁਸ਼ ਹੋਏ, ਖਿੜ ਪਏ। ਸਭਿ = ਸਾਰੇ। ਸਭ ਪਰਵਾਰਿਆ = ਸਾਰੇ ਪਰਵਾਰ।੧। ਕਾਰਜੁ = ਕੰਮ। ਸਤਿਗੁਰਿ = ਗੁਰੂ ਨੇ। ਸਵਾਰਿਆ = ਸਿਰੇ ਚਾੜ੍ਹ ਦਿੱਤਾ ਹੈ। ਆਰਜਾ = ਉਮਰ।੧।ਰਹਾਉ। ਵਣ = ਜੰਗਲ। ਤ੍ਰਿਣ = ਘਾਹ ਦੇ ਤੀਲੇ। ਜੀਅ = {'ਜੀਉ' ਤੋਂ ਬਹੁ-ਵਚਨ} ਸਾਰੇ ਜੀਵ। ਸਾਧਾਰਿਆ = ਆਸਰਾ ਦਿੱਤਾ ਹੈ। ਪੂਰਨ = ਮੁਕੰਮਲ ਤੌਰ ਤੇ। ਪੁਜਾਰਿਆ = ਪੂਰੀ ਕੀਤੀ।੨। ਅਰਥ: (ਹੇ ਭਾਈ! ਲੋਕ ਤਾਂ ਦੇਵੀ ਆਦਿਕ ਦੀ ਪੂਜਾ ਦੀ ਕੋਈ ਪ੍ਰੇਰਨਾ ਕਰਦੇ ਸਨ। ਪਰ ਵੇਖੋ, ਹਰਿਗੋਬਿੰਦ ਨੂੰ ਚੀਚਕ ਦੇ ਤਾਪ ਤੋਂ ਅਰੋਗਤਾ ਦੇਣ ਵਾਲਾ ਇਹ ਵੱਡਾ) ਕੰਮ (ਮੇਰੇ) ਸਤਿਗੁਰੂ ਨੇ ਆਪ ਹੀ ਸਿਰੇ ਚਾੜ੍ਹ ਦਿੱਤਾ ਹੈ। (ਗੁਰੂ ਨੇ ਆਪ ਹੀ) ਹਰਿਗੋਬਿੰਦ ਦੀ ਉਮਰ ਲੰਮੀ ਕਰ ਦਿੱਤੀ ਹੈ, (ਗੁਰੂ ਨੇ ਆਪ ਹੀ ਹਰਿਗੋਬਿੰਦ ਨੂੰ) ਸੁਖ ਖ਼ੁਸ਼ੀ ਆਨੰਦ ਦੇਣ ਦੀ ਵਿਚਾਰ ਕੀਤੀ ਹੈ।੧।ਰਹਾਉ। (ਹੇ ਭਾਈ! ਇਹ ਯਕੀਨ ਜਾਣੋ ਕਿ) ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ (ਭਗਤਿ-ਵਛਲ ਹੋਣ ਦਾ) ਸੁਭਾਉ ਸਦਾ ਚੇਤੇ ਰੱਖਦਾ ਹੈ, ਆਪਣੇ ਸੰਤ ਜਨਾਂ ਉਤੇ ਸਦਾ ਦਇਆਵਾਨ ਰਹਿੰਦਾ ਹੈ, ਉਹਨਾਂ ਨੂੰ ਹਰੇਕ ਕਿਸਮ ਦਾ ਸੁਖ-ਆਨੰਦ ਦੇਂਦਾ ਹੈ, ਉਹਨਾਂ ਦੇ ਸਾਰੇ ਪਰਵਾਰ (ਸਾਰੇ ਗਿਆਨ-ਇੰਦ੍ਰੇ ਭੀ) ਆਨੰਦ-ਭਰਪੂਰ ਰਹਿੰਦੇ ਹਨ।੧। ਹੇ ਨਾਨਕ! ਜਿਸ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਜੰਗਲ ਸਾਰੀ ਬਨਸਪਤੀ, ਤਿੰਨੇ ਹੀ ਭਵਨ ਹਰੇ-ਭਰੇ ਰਹਿੰਦੇ ਹਨ, ਉਹ ਪਰਮਾਤਮਾ ਸਾਰੇ ਜੀਵਾਂ ਨੂੰ ਆਸਰਾ ਦੇਂਦਾ ਹੈ। (ਜੇਹੜੇ ਭੀ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ) ਉਹ ਮਨ-ਮੰਗੀਆਂ ਮੁਰਾਦਾਂ ਪਾ ਲੈਂਦੇ ਹਨ, ਪਰਮਾਤਮਾ ਉਹਨਾਂ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰਦਾ ਹੈ (ਬੱਸ! ਉਸ ਪਰਮਾਤਮਾ ਦਾ ਹੀ ਆਸਰਾ ਲਿਆ ਕਰੋ) ।੨।੫।੨੩। ਨੋਟ: ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਤਾ ਨਿਕਲੀ। ਲੋਕਾਂ ਨੇ ਆਪਣੇ ਭਰਮੀ ਸੁਭਾਵ ਅਨੁਸਾਰ ਗੁਰੂ ਅਰਜਨ ਸਾਹਿਬ ਨੂੰ ਪ੍ਰੇਰਨਾਂ ਕੀਤੀਆਂ ਕਿ ਬਾਲਕ ਨੂੰ ਦੇਵੀ-ਮਾਤਾ ਦੇ ਮੰਦਰ ਖੜਨਾ ਚਾਹੀਦਾ ਹੈ। ਸਤਿਗੁਰੂ ਜੀ ਉਸ ਗ਼ਲਤ ਪ੍ਰੇਰਨਾ ਦਾ ਉੱਤਰ ਦੇ ਰਹੇ ਹਨ, ਅਤੇ ਸਦਾ ਲਈ ਆਪਣੇ ਸਿੱਖਾਂ ਨੂੰ ਸਹੀ ਰਸਤਾ ਵਿਖਾ ਰਹੇ ਹਨ। |
Sri Guru Granth Darpan, by Professor Sahib Singh |