ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 807 ਬਿਲਾਵਲੁ ਮਹਲਾ ੫ ॥ ਜਿਸੁ ਊਪਰਿ ਹੋਵਤ ਦਇਆਲੁ ॥ ਹਰਿ ਸਿਮਰਤ ਕਾਟੈ ਸੋ ਕਾਲੁ ॥੧॥ ਰਹਾਉ ॥ਸਾਧਸੰਗਿ ਭਜੀਐ ਗੋਪਾਲੁ ॥ ਗੁਨ ਗਾਵਤ ਤੂਟੈ ਜਮ ਜਾਲੁ ॥੧॥ ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥ ਨਾਨਕੁ ਜਾਚੈ ਸਾਧ ਰਵਾਲ ॥੨॥੬॥੨੪॥ {ਪੰਨਾ 807} ਪਦਅਰਥ: ਜਿਸੁ ਊਪਰਿ = ਜਿਸ (ਮਨੁੱਖ) ਉੱਤੇ। ਸੋ = ਉਹ ਮਨੁੱਖ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ਦੀ ਰਾਹੀਂ।੧।ਰਹਾਉ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ (ਟਿਕ ਕੇ) । ਗੋਪਾਲੁ = ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ। ਗਾਵਤ = ਗਾਂਦਿਆਂ। ਜਮੁ ਜਾਲੁ = ਜਮ ਦਾ ਜਾਲ, ਆਤਮਕ ਮੌਤ ਦੀ ਫਾਹੀ।੧। ਆਪੇ = (ਪ੍ਰਭੂ) ਆਪ ਹੀ। ਪ੍ਰਤਿਪਾਲ = ਰੱਖਿਆ ਕਰਨ ਵਾਲਾ। ਜਾਚੈ = ਮੰਗਦਾ ਹੈ {ਨੋਟ: ਲਫ਼ਜ਼ 'ਨਾਨਕ' ਅਤੇ 'ਨਾਨਕੁ' ਦੇ ਜੋੜ ਅਤੇ ਅਰਥ ਦਾ ਫ਼ਰਕ ਚੇਤੇ ਰੱਖੋ}। ਸਾਧ ਰਵਾਲ = ਗੁਰੂ ਦੇ ਚਰਨਾਂ ਦੀ ਧੂੜ।੨। ਅਰਥ: (ਗੁਰੂ) ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣਾ ਆਤਮਕ ਮੌਤ ਦਾ ਜਾਲ ਕੱਟ ਲੈਂਦਾ ਹੈ।੧।ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਜਗਤ-ਪਾਲਕ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਮ ਦਾ ਜਾਲ ਟੁੱਟ ਜਾਂਦਾ ਹੈ।੧। ਹੇ ਭਾਈ! ਪ੍ਰਭੂ) ਆਪ ਹੀ ਗੁਰੂ (ਰੂਪ ਹੋ ਕੇ) ਆਪ ਹੀ (ਜੀਵਾਂ ਨੂੰ ਜਮ ਜਾਲ ਤੋਂ) ਬਚਾਣ ਵਾਲਾ ਹੈ। (ਤਾਹੀਏਂ) ਨਾਨਕ (ਸਦਾ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।੨।੬।੨੪। ਬਿਲਾਵਲੁ ਮਹਲਾ ੫ ॥ ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥ ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥ ਐਸੀ ਪ੍ਰੀਤਿ ਕਰਹੁ ਮਨ ਮੇਰੇ ॥ ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥ਕਹੁ ਨਾਨਕ ਜਾ ਕੇ ਨਿਰਮਲ ਭਾਗ ॥ ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥ {ਪੰਨਾ 807} ਪਦਅਰਥ: ਮਹਿ = ਵਿਚ। ਸਿੰਚਹੁ = ਸਿੰਜੋ, ਛੱਟੇ ਦਿਉ। ਅਨਦਿਨੁ = ਹਰ ਰੋਜ਼। ਗਾਮ = ਗਾਵੋ।੧। ਮਨ = ਹੇ ਮਨ! ਨੇਰੇ = ਨੇੜੇ, ਅੰਗ = ਸੰਗ (ਵੱਸਦਾ) । ਜਾਨਹੁ = ਸਮਝੋ।੧।ਰਹਾਉ। ਨਾਨਕ = ਹੇ ਨਾਨਕ! ਜਾ ਕੇ = ਜਿਸ (ਮਨੁੱਖ) ਦੇ। ਤਾ ਕਾ = ਉਸ ਦਾ।੨। ਅਰਥ: ਹੇ ਮੇਰੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਬਣਾ ਕਿ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝ ਸਕੇਂ।੧।ਰਹਾਉ। ਹੇ ਭਾਈ! ਆਪਣੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ-ਅੰਮ੍ਰਿਤ ਸਿੰਜਦਾ ਰਹੁ, ਅਤੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ।੧। ਹੇ ਨਾਨਕ! ਆਖ-ਜਿਸ ਮਨੁੱਖ ਦੇ ਚੰਗੇ ਭਾਗ (ਜਾਗਦੇ ਹਨ) ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਗਿੱਝ ਜਾਂਦਾ ਹੈ।੨।੭।੨੫। ਬਿਲਾਵਲੁ ਮਹਲਾ ੫ ॥ ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥ ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥ ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥ ਨਾਨਕ ਗੁਰ ਪੂਰੇ ਸਰਨਾਈ ॥ ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥ {ਪੰਨਾ 807} ਪਦਅਰਥ: ਪ੍ਰਭਿ = ਪ੍ਰਭੂ ਨੇ। ਨੀਦ = (ਭਾਵ,) ਸ਼ਾਂਤੀ। ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ।੧।ਰਹਾਉ। ਰਜਿ = ਰੱਜ ਕੇ। ਭਾਈ = ਹੇ ਭਾਈ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੁ = ਹਿਰਦਾ। ਧਿਆਈ = ਧਿਆਇ।੧। ਜਿਨਿ = ਜਿਸ (ਗੁਰੂ) ਨੇ। ਪੈਜ = ਲਾਜ, ਇੱਜ਼ਤ।੨। ਅਰਥ: (ਹੇ ਭਾਈ! ਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤਿ ਦੇ ਕੇ ਜਿਸ ਮਨੁੱਖ ਦਾ ਰੋਗ) ਪ੍ਰਭੂ ਨੇ ਆਪ ਦੂਰ ਕੀਤਾ ਹੈ, ਉਸੇ ਦਾ ਹੀ ਰੋਗ ਦੂਰ ਹੋਇਆ ਹੈ। (ਨਾਮ ਦੀ ਬਰਕਤ ਨਾਲ ਉਸ ਮਨੁੱਖ ਨੂੰ) ਆਤਮਕ ਸ਼ਾਂਤੀ ਮਿਲ ਜਾਂਦੀ ਹੈ, ਉਸ ਨੂੰ ਸੁਖ ਅਤੇ ਆਤਮਕ ਅਡੋਲਤਾ ਵਾਲੀ ਅਵਸਥਾ ਮਿਲ ਜਾਂਦੀ ਹੈ।੧।ਰਹਾਉ। ਹੇ ਮੇਰੇ ਵੀਰ! ਪਰਮਾਤਮਾ ਦਾ ਨਾਮ ਜਿੰਦ ਦੀ ਖ਼ੁਰਾਕ ਹੈ, ਇਹ) ਖ਼ੁਰਾਕ ਰੱਜ ਰੱਜ ਕੇ ਖਾਇਆ ਕਰ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਧਿਆਇਆ ਕਰ।੧। ਹੇ ਨਾਨਕ! ਆਖ-ਹੇ ਭਾਈ!) ਪੂਰੇ ਗੁਰੂ ਦੀ ਸਰਨ ਪਿਆ ਰਹੁ (ਗੁਰੂ ਸਰਨ-ਪਏ ਦੀ ਸਹੈਤਾ ਕਰਨ ਵਾਲਾ ਹੈ) , ਤੇ ਉਸ ਗੁਰੂ ਨੇ (ਸਦਾ) ਆਪਣੇ ਇਸ ਨਾਮ ਦੀ ਲਾਜ ਪਾਲੀ ਹੈ।੭।੮।੨੬। ਬਿਲਾਵਲੁ ਮਹਲਾ ੫ ॥ ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥ ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥ {ਪੰਨਾ 807} ਪਦਅਰਥ: ਸਤਿਗੁਰ ਘਰ ਬਾਰ = ਗੁਰੂ ਦੇ ਘਰ, ਸਤਸੰਗ, ਸਾਧ ਸੰਗਤਿ। ਅਸਥਿਰ = ਸਦਾ ਕਾਇਮ ਰਹਿਣ ਵਾਲੇ।ਰਹਾਉ। ਨਿੰਦ = ਨਿੰਦਾ। ਇਨ ਗ੍ਰਿਹਨ ਕੀ = ਇਹਨਾਂ ਘਰਾਂ ਦੀ, ਸਤਸੰਗਾਂ ਦੀ, ਗੁਰ = ਅਸਥਾਨਾਂ ਦੀ। ਆਗੈ ਹੀ = ਪਹਿਲਾਂ ਹੀ। ਮਾਰੈ = ਮਾਰ ਦੇਂਦਾ ਹੈ, ਆਤਮਕ ਮੌਤ ਦੇ ਦੇਂਦਾ ਹੈ।੧। ਨਾਨਕ = ਹੇ ਨਾਨਕ! ਤਾ ਕੀ = ਉਸ (ਪਰਮਾਤਮਾ) ਦੀ। ਜਾ ਕੋ ਸਬਦੁ = ਜਿਸ (ਪਰਮਾਤਮਾ) ਦਾ ਹੁਕਮ। ਅਖੰਡ = ਕਦੇ ਨਾਹ ਨਾਸ ਹੋਣ ਵਾਲਾ, ਅਟੱਲ। ਅਪਾਰ = ਬੇਅੰਤ।੨। ਅਰਥ: ਹੇ ਭਾਈ! ਗੁਰੂ ਦੇ ਘਰਾਂ ਨੂੰ (ਸਾਧ ਸੰਗਤਿ-ਸੰਸਥਾ ਨੂੰ ਪਰਮਾਤਮਾ ਨੇ) ਸਦਾ ਕਾਇਮ ਰਹਿਣ ਵਾਲੇ ਬਣਾ ਦਿੱਤਾ ਹੋਇਆ ਹੈ (ਭਾਵ, ਸਾਧ ਸੰਗਤਿ ਹੀ ਸਦਾ ਲਈ ਐਸੇ ਅਸਥਾਨ ਹਨ ਜਿਥੇ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ) ।ਰਹਾਉ। ਹੇ ਭਾਈ! ਜੇਹੜਾ ਭੀ ਮਨੁੱਖ ਇਹਨਾਂ ਘਰਾਂ ਦੀ (ਸਾਧ ਸੰਗਤਿ ਦੀ) ਨਿੰਦਾ ਕਰਦਾ ਹੈ (ਭਾਵ, ਜੇਹੜਾ ਭੀ ਮਨੁੱਖ ਸਤਸੰਗ ਤੋਂ ਨਫ਼ਰਤ ਕਰਦਾ ਹੈ) ਉਸ ਮਨੁੱਖ ਨੂੰ ਪਰਮਾਤਮਾ ਨੇ ਪਹਿਲਾਂ ਹੀ ਆਤਮਕ ਮੌਤ ਦਿੱਤੀ ਹੁੰਦੀ ਹੈ (ਉਹ ਮਨੁੱਖ ਪਹਿਲਾਂ ਹੀ ਆਤਮਕ ਤੌਰ ਤੇ ਮੋਇਆ ਹੋਇਆ ਹੁੰਦਾ ਹੈ) ।੧। ਹੇ ਨਾਨਕ! ਜਿਸ ਪਰਮਾਤਮਾ ਦਾ ਹੁਕਮ ਅਟੱਲ ਹੈ ਤੇ ਬੇਅੰਤ ਹੈ ਉਸ ਪਰਮਾਤਮਾ ਦੀ ਸਰਨ ਵਿਚ (ਸਾਧ ਸੰਗਤਿ ਦੀ ਬਰਕਤਿ ਨਾਲ ਹੀ ਆ ਸਕੀਦਾ ਹੈ) ।੨।੯।੨੭। ਬਿਲਾਵਲੁ ਮਹਲਾ ੫ ॥ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥ ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥ ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥੧॥ ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥੨॥੧੦॥੨੮॥ {ਪੰਨਾ 807} ਪਦਅਰਥ: ਸਗਲੇ = ਸਾਰੇ। ਤੇ = ਉਹ (ਸਾਰੇ) {ਨੋਟ:ਲਫ਼ਜ਼ 'ਤੇ' ਅਤੇ 'ਤੈ' ਦਾ ਫ਼ਰਕ ਚੇਤੇ ਰੱਖਣ = ਜੋਗ ਹੈ। ਜਦੋਂ ਲਫ਼ਜ਼ 'ਤੇ' ਪੜਨਾਂਵ ਹੈ ਤਦੋਂ ਇਸ ਦਾ ਅਰਥ ਹੈ ਉਹ (ਬਹੁ-ਵਚਨ) । ਜਦੋਂ ਇਹ ਸੰਬੰਧਕ ਹੈ, ਅਰਥ ਹੈ 'ਤੋਂ'। 'ਤੈ' ਦਾ ਅਰਥ ਹੈ 'ਅਤੇ'}। ਤੂ = ਤੈਨੂੰ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸੰਤਨ ਰਸ ਭੋਗ = ਸੰਤਾਂ ਵਾਲੇ ਆਤਮਕ ਆਨੰਦ ਮਾਣ।ਰਹਾਉ। ਤੇਰੀ ਮੰਡਲੀ = ਤੇਰੇ ਸਾਥੀ। ਆਰੋਗ = ਅਰੋਗ, ਰੋਗ = ਰਹਿਤ। ਅਵਖਦ = ਦਵਾਈ। ਜੋਗ = ਫਬਵੀਂ, ਠੀਕ।੧। ਆਇ = ਆ ਕੇ। ਘਰ ਦੇਸ ਮਹਿ = ਹਿਰਦੇ = ਘਰ ਵਿਚ, ਹਿਰਦੇ = ਦੇਸ ਵਿਚ। ਭਲੇ ਸੰਜੋਗ = ਮਿਲਾਪ ਦੇ ਚੰਗੇ ਅਵਸਰ। ਬਿਓਗ = ਵਿਛੋੜੇ।੨। ਅਰਥ: (ਹੇ ਭਾਈ! ਜੇ) ਤੇਰੇ ਉਤੇ ਪਰਮਾਤਮਾ ਨੇ ਬਖ਼ਸ਼ਸ਼ ਕੀਤੀ ਹੈ, ਤਾਂ ਤੂੰ ਸੰਤਾਂ ਵਾਲੇ (ਨਾਮ-ਸਿਮਰਨ ਦੇ) ਆਤਮਕ ਆਨੰਦ ਮਾਣ। (ਜੇਹੜਾ ਮਨੁੱਖ ਇਹ ਆਤਮਕ ਆਨੰਦ ਮਾਣਦਾ ਹੈ, ਉਸ ਦੇ) ਸਾਰੇ ਦੁੱਖ ਸਾਰੇ ਕਲੇਸ਼ ਅਤੇ ਹੋਰ ਸਾਰੇ ਰੋਗ ਨਾਸ ਹੋ ਜਾਂਦੇ ਹਨ।ਰਹਾਉ। ਹੇ ਭਾਈ! ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ, (ਤਾਪ ਸੰਤਾਪ ਅਤੇ ਰੋਗ ਆਦਿਕਾਂ ਨੂੰ ਦੂਰ ਕਰਨ ਲਈ) ਇਹ ਦਵਾਈ ਫਬਵੀਂ ਹੈ। (ਜੇ ਤੂੰ ਨਾਮ-ਸਿਮਰਨ ਦੀ ਇਹ ਦਵਾਈ ਵਰਤਦਾ ਰਹੇਂਗਾ, ਤਾਂ) ਸਾਰੇ ਸੁਖ ਤੇਰੇ ਸਾਥੀ ਬਣੇ ਰਹਿਣਗੇ, ਤੇਰਾ ਮਨ ਰੋਗਾਂ ਤੋਂ ਬਚਿਆ ਰਹੇਗਾ, ਤੇਰਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ।੧। ਹੇ ਭਾਈ! ਮਨੁੱਖਾ ਜੀਵਨ ਵਾਲੇ ਦਿਨ ਹੀ ਪਰਮਾਤਮਾ ਨਾਲ) ਮਿਲਾਪ ਪੈਦਾ ਕਰਨ ਦੇ ਚੰਗੇ ਅਵਸਰ ਹਨ (ਜਿਤਨਾ ਚਿਰ ਇਹ ਜਨਮ ਮਿਲਿਆ ਹੋਇਆ ਹੈ, ਬਾਹਰ ਭਟਕਣਾ ਛਡ ਕੇ) ਆਪਣੇ ਹਿਰਦੇ-ਘਰ ਦੇਸ ਵਿਚ ਆ ਕੇ ਟਿਕਿਆ ਰਹੁ। ਹੇ ਨਾਨਕ! ਆਖ-) ਜਿਸ ਮਨੁੱਖ ਉਤੇ ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ, (ਪ੍ਰਭੂ ਨਾਲੋਂ ਉਸ ਦੇ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ।੨।੧੦।੨੮। ਬਿਲਾਵਲੁ ਮਹਲਾ ੫ ॥ ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥ ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥ ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥ ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥ ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥ {ਪੰਨਾ 807} ਪਦਅਰਥ: ਕਾਹੂ ਸੰਗਿ = ਕਿਸੇ ਦੇ ਭੀ ਨਾਲ। ਨ ਚਾਲਹੀ = ਨ ਚਾਲਹਿ, ਨਹੀਂ ਚੱਲਦੇ। ਜੰਜਾਲ = ਖਲ = ਜਗਨ, ਬਖੇੜੇ, ਖਿਲਾਰੇ। ਊਠਿ = ਉੱਠ ਕੇ, ਛੱਡ ਕੇ। ਸਿਧਾਰੇ = ਤੁਰ ਪਏ। ਛਤ੍ਰ ਪਤਿ = ਛਤ੍ਰ ਦੇ ਮਾਲਕ, ਰਾਜੇ ਮਹਾਰਾਜੇ। ਸੰਤਨ ਕੈ = ਸੰਤ ਜਨਾਂ ਦੇ ਮਨ ਵਿਚ। ਖਿਆਲ = (ਇਹ) ਨਿਸ਼ਚਾ।ਰਹਾਉ। ਅਹੁੰਬਧਿ = ਹਉਮੈ ਵਾਲੀ ਬੁੱਧੀ। ਕਉ = ਨੂੰ। ਬਿਨਸਨਾ = (ਆਤਮਕ) ਮੌਤ। ਢਾਲ = ਮਰਯਾਦਾ, ਰੀਤ। ਜਨਮਹਿ = ਜੰਮਦੇ ਹਨ। ਮਰਹਿ = ਮਰਦੇ ਹਨ। ਬਿਖਿਆ = ਮਾਇਆ। ਬਿਕਰਾਲ = ਭਿਆਨਕ।੧। ਸਤਿ ਬਚਨ = ਪ੍ਰਭੂ ਦੀ ਸਿਫ਼ਤਿ-ਸਾਲਾਹ। ਕਹਹਿ = ਉਚਾਰਦੇ ਹਨ। ਸਿਮਰਿ = ਸਿਮਰ ਕੇ। ਤਰੇ = (ਸੰਸਾਰ = ਸਮੁੰਦਰ ਤੋਂ) ਪਾਰ ਲੰਘ ਗਏ।੨। ਅਰਥ: ਹੇ ਭਾਈ! ਸੰਤ ਜਨਾਂ ਦੇ ਮਨ ਵਿਚ (ਸਦਾ ਇਹ) ਯਕੀਨ ਬਣਿਆ ਰਹਿੰਦਾ ਹੈ ਕਿ ਮਾਇਆ ਦੇ ਖਿਲਾਰੇ ਕਿਸੇ ਭੀ ਮਨੁੱਖ ਦੇ ਨਾਲ ਨਹੀਂ ਜਾਂਦੇ। ਰਾਜੇ ਮਹਾਰਾਜੇ ਭੀ (ਮੌਤ ਆਉਣ ਤੇ) ਇਹਨਾਂ ਨੂੰ ਛੱਡ ਕੇ ਤੁਰ ਪੈਂਦੇ ਹਨ (ਇਸ ਵਾਸਤੇ ਸੰਤ ਜਨ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ) ।ਰਹਾਉ। (ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਹਰ ਵੇਲੇ ਇਹ ਧਾਰਨ ਵਾਲੇ ਨੂੰ ਕਿ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ-ਇਸ) ਮੈਂ ਮੈਂ ਦੀ ਹੀ ਸੂਝ ਵਾਲੇ ਨੂੰ (ਜ਼ਰੂਰ) ਆਤਮਕ ਮੌਤ ਮਿਲਦੀ ਹੈ-ਇਹ ਮਰਯਾਦਾ ਧੁਰ-ਦਰਗਾਹ ਤੋਂ ਚਲੀ ਆ ਰਹੀ ਹੈ। ਮਾਇਆ ਦੇ ਮੋਹ ਦੇ ਇਹੀ ਭਿਆਨਕ ਨਤੀਜੇ ਹੁੰਦੇ ਹਨ ਕਿ ਮਾਇਆ-ਗ੍ਰਸੇ ਮਨੁੱਖ ਸਦਾ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ।੧। ਹੇ ਨਾਨਕ! ਗੁਰਮੁਖ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਸਦਾ ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਜਪਦੇ ਹਨ। ਪਰਮਾਤਮਾ ਦੇ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀਜ ਕੇ ਸੰਤ ਜਨ ਸਦਾ ਪ੍ਰਭੂ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ, ਮਾਇਆ ਦੇ ਮੋਹ ਤੋਂ) ਪਾਰ ਲੰਘ ਜਾਂਦੇ ਹਨ।੨।੧੧। ਬਿਲਾਵਲੁ ਮਹਲਾ ੫ ॥ ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥ ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥ ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥ {ਪੰਨਾ 807-808} ਪਦਅਰਥ: ਸਹਜ = ਆਤਮਕ ਅਡੋਲਤਾ। ਸਹਜ ਸਮਾਧਿ = ਆਤਮਕ ਅਡੋਲਤਾ ਦੀ ਲੀਨਤਾ, ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ। ਗੁਰਿ = ਗੁਰੂ ਨੇ। ਦੀਨ = ਦੇ ਦਿੱਤੇ। ਸੰਗਿ = ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਚੀਨ੍ਹ੍ਹ = ਵਿਚਾਰੇ ਹਨ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}।ਰਹਾਉ। ਜੈ ਜੈਕਾਰੁ = ਸੋਭਾ ਹੀ ਸੋਭਾ। ਜਗਤ੍ਰ ਮਹਿ = ਜਗਤ ਵਿਚ। ਲੋਚਹਿ = ਲੋਚਦੇ ਹਨ, ਚਾਹੁੰਦੇ ਹਨ। ਸਭਿ = ਸਾਰੇ। ਬਿਘਨੁ = ਰੁਕਾਵਟ।੧। ਜਾ ਕਾ = ਜਿਸ (ਮਨੁੱਖ) ਦਾ। ਅੰਗੁ = ਪੱਖ। ਗੁਰ ਪਾਸਿ = ਗੁਰੂ ਦੇ ਕੋਲ (ਰਿਹਾਂ) ।੨। ਅਰਥ: (ਹੇ ਭਾਈ! ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ) ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ।ਰਹਾਉ। ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਸਾਰੇ ਜਗਤ ਵਿਚ ਹਰ ਥਾਂ ਉਸ ਦੀ ਸੋਭਾ ਹੁੰਦੀ ਹੈ, (ਜਗਤ ਦੇ) ਸਾਰੇ ਜੀਵ (ਉਸ ਦਾ ਦਰਸਨ ਕਰਨਾ) ਚਾਹੁੰਦੇ ਹਨ।੧। ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ। ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ।੨।੧੨।੩੦। |
Sri Guru Granth Darpan, by Professor Sahib Singh |