ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 809

ਬਿਲਾਵਲੁ ਮਹਲਾ ੫ ॥ ਰਾਖਹੁ ਅਪਨੀ ਸਰਣਿ ਪ੍ਰਭ ਮੋਹਿ ਕਿਰਪਾ ਧਾਰੇ ॥ ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ ॥੧॥ ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ ॥ ਹਮ ਅਪਰਾਧੀ ਸਦ ਭੂਲਤੇ ਤੁਮ੍ਹ੍ਹ ਬਖਸਨਹਾਰੇ ॥੧॥ ਰਹਾਉ ॥ਹਮ ਅਵਗਨ ਕਰਹ ਅਸੰਖ ਨੀਤਿ ਤੁਮ੍ਹ੍ਹ ਨਿਰਗੁਨ ਦਾਤਾਰੇ ॥ ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ ॥੨॥ ਤੁਮ੍ਹ੍ਹ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ ॥ ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ ॥੩॥ ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ ॥ ਕਹੁ ਨਾਨਕ ਸਰਣਿ ਦਇਆਲ ਗੁਰ ਲੇਹੁ ਮੁਗਧ ਉਧਾਰੇ ॥੪॥੪॥੩੪॥ {ਪੰਨਾ 809}

ਪਦਅਰਥ: ਪ੍ਰਭ = ਹੇ ਪ੍ਰਭੂ! ਮੋਹਿ = ਮੈਨੂੰ। ਕਿਰਪਾ ਧਾਰੇ = ਕਿਰਪਾ ਧਾਰਿ, ਕਿਰਪਾ ਕਰ ਕੇ। ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਨੀਚ = ਨੀਵੇਂ ਆਤਮਕ ਜੀਵਨ ਵਾਲਾ। ਮੂਰਖਾਰੇ = ਮੂਰਖ।੧।

ਮਾਨੁ = ਫ਼ਖ਼ਰ। ਮਾਨੁ ਕਰਉ = ਮਾਨੁ ਕਰਉਂ, ਮੈਂ ਫ਼ਖ਼ਰ ਕਰਦਾ ਹਾਂ, ਮੈਂ ਭਰੋਸਾ ਰੱਖੀ ਬੈਠਾ ਹਾਂ। ਊਪਰੇ = ਉਪਰ ਹੀ, ਉੱਤੇ ਹੀ। ਪ੍ਰੀਤਮ = ਹੇ ਪ੍ਰੀਤਮ! ਸਦ = ਸਦਾ। ਤੁਮ੍ਹ੍ਹ = {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}ਬਖਸਨਹਾਰੇ = ਬਖ਼ਸ਼ਸ਼ ਕਰਨ ਦੀ ਸਮਰਥਾ ਵਾਲਾ।੧।ਰਹਾਉ।

ਹਮ ਕਰਹ = ਅਸੀ ਕਰਦੇ ਹਾਂ {ਕਰਹ = ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}ਨੀਤਿ = ਨਿੱਤ, ਸਦਾ। ਨਿਰਗੁਨ ਦਾਤਾਰੇ = ਗੁਣ ਹੀਨਾਂ ਦਾ ਦਾਤਾ। ਦਾਸੀ = (ਤੇਰੀ) ਦਾਸੀ, ਮਾਇਆ। ਤਿਆਗਿ = ਵਿਸਾਰ ਕੇ।੨।

ਸਭੁ ਕਿਛੁ = ਹਰੇਕ ਚੀਜ਼। ਅਕਿਰਤਘਨਾਰੇ = {कृतघ्न = ਕੀਤੇ (ਉਪਕਾਰ) ਨੂੰ ਭੁਲਾਣ ਵਾਲੇ} ਨਾ = ਸ਼ੁਕਰੇ। ਲਾਗਿ ਪਰੇ = ਮੋਹ ਕਰ ਰਹੇ ਹਾਂ। ਸਿਉ = ਨਾਲ। ਚਿਤਿ = ਚਿੱਤ ਵਿਚ।੩।

ਤੇ = ਤੋਂ। ਬਾਹਰਿ = ਆਕੀ, ਵੱਖਰਾ। ਭਵ = ਜਨਮ ਮਰਨ (ਦਾ ਗੇੜ) ਗੁਰ = ਹੇ ਗੁਰੂ! ਲੇਹ ਉਧਾਰੇ = ਉਧਾਰਿ ਲੇਹੁ, ਬਚਾ ਲੈ। ਮੁਗਧ = ਮੂਰਖ।੪।

ਅਰਥ: ਹੇ ਮੇਰੇ ਪ੍ਰੀਤਮ! ਹੇ ਮੇਰੇ ਪਿਆਰੇ! ਅਸੀ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭੁੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ (ਇਸ ਕਰਕੇ) ਮੈਂ ਤੇਰੇ ਉਤੇ ਹੀ (ਤੇਰੀ ਬਖ਼ਸ਼ਸ਼ ਉਤੇ ਹੀ) ਭਰੋਸਾ ਰੱਖਦਾ ਹਾਂ।੧।ਰਹਾਉ।

ਹੇ ਪ੍ਰਭੂ! ਮੇਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ। ਮੈਂ ਨੀਵੇਂ ਜੀਵਨ ਵਾਲਾ ਹਾਂ, ਮੈਂ ਮੂਰਖ ਹਾਂ। ਮੈਨੂੰ ਤੇਰੀ ਸੇਵਾ-ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ।੧।

ਹੇ ਪ੍ਰਭੂ! ਅਸੀ ਸਦਾ ਹੀ ਅਣਗਿਣਤ ਔਗੁਣ ਕਰਦੇ ਰਹਿੰਦੇ ਹਾਂ, ਤੂੰ (ਫਿਰ ਭੀ) ਸਾਨੂੰ ਗੁਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀ ਤੈਨੂੰ ਭੁਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ।੨।

ਹੇ ਪ੍ਰਭੂ! ਅਸੀ (ਜੀਵ) ਨਾ-ਸ਼ੁਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ। ਹੇ ਖਸਮ-ਪ੍ਰਭੂ! ਅਸੀ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ।੩।

ਹੇ (ਜੀਵਾਂ ਦੇ) ਜਨਮ ਦੇ ਗੇੜ ਕੱਟਣ ਵਾਲੇ! ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ਹੋ ਸਕਦੀ (ਸਾਨੂੰ ਭੀ ਸਹੀ ਜੀਵਨ-ਰਾਹ ਉਤੇ ਪਾਈ ਰੱਖ) ਹੇ ਨਾਨਕ! ਆਖ-ਹੇ ਦਇਆ ਦੇ ਸੋਮੇ ਗੁਰੂ! ਅਸੀ ਤੇਰੀ ਸਰਨ ਆਏ ਹਾਂ, ਸਾਨੂੰ ਮੂਰਖਾਂ ਨੂੰ (ਔਗੁਣਾਂ ਭੁੱਲਾਂ ਤੋਂ) ਬਚਾਈ ਰੱਖ।੪।੪।੩੪।

ਬਿਲਾਵਲੁ ਮਹਲਾ ੫ ॥ ਦੋਸੁ ਨ ਕਾਹੂ ਦੀਜੀਐ ਪ੍ਰਭੁ ਅਪਨਾ ਧਿਆਈਐ ॥ ਜਿਤੁ ਸੇਵਿਐ ਸੁਖੁ ਹੋਇ ਘਨਾ ਮਨ ਸੋਈ ਗਾਈਐ ॥੧॥ ਕਹੀਐ ਕਾਇ ਪਿਆਰੇ ਤੁਝੁ ਬਿਨਾ ॥ ਤੁਮ੍ਹ੍ਹ ਦਇਆਲ ਸੁਆਮੀ ਸਭ ਅਵਗਨ ਹਮਾ ॥੧॥ ਰਹਾਉ ॥ਜਿਉ ਤੁਮ੍ਹ੍ਹ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ ॥ ਨੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ ॥੨॥ ਜੋ ਤੁਮ੍ਹ੍ਹ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥ ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ ॥੩॥ ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ ॥ ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ ॥੪॥੫॥੩੫॥ {ਪੰਨਾ 809}

ਪਦਅਰਥ: ਕਾਹੂ = ਕਿਸੇ ਨੂੰ ਭੀ। ਨ ਦੀਜੀਐ = ਨਹੀਂ ਦੇਣਾ ਚਾਹੀਦਾ ਹੈ। ਧਿਆਈਐ = ਸਿਮਰਨਾ ਚਾਹੀਦਾ ਹੈ। ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵਿਐ = ਜਿਸ ਦੀ ਸੇਵਾ = ਭਗਤੀ ਦੀ ਰਾਹੀਂ। ਘਨਾ = ਬਹੁਤ। ਮਨ = ਹੇ ਮਨ! ਸੋਈ = ਉਹੀ ਪ੍ਰਭੂ।੧।

ਕਾਇ = ਕਿਸ ਨੂੰ? ਦਇਆਲ = ਦਇਆ ਦਾ ਘਰ। ਸੁਆਮੀ = ਮਾਲਕ। ਹਮਾ = ਸਾਡੇ ਵਿਚ ਹੀ।੧।ਰਹਾਉ।

ਰਹਾ = ਰਹਾਂ, ਮੈਂ ਰਹਿੰਦਾ ਹਾਂ। ਚਾਰਾ = ਜ਼ੋਰ, ਹੀਲਾ। ਧਰ = ਓਟ। ਨੀਧਰਿਆ = ਨਿਓਟਿਆਂ ਨੂੰ। ਅਧਾਰਾ = ਆਸਰਾ।੨।

ਮਨਿ ਲੇਤਾ = ਮੰਨਿ ਲੇਤਾ, ਮੰਨ ਲੈਂਦਾ ਹੈ। ਮੁਕਤਾ = (ਔਗੁਣਾਂ ਤੋਂ, ਦੁੱਖਾਂ ਤੋਂ) ਬਚਿਆ ਹੋਇਆ। ਸਗਲ = ਸਾਰੀ। ਸਮਗ੍ਰੀ = ਸਾਰੇ ਪਦਾਰਥ। ਜੁਗਤਾ = ਜੁਗਤੀ, ਮਰਯਾਦਾ।੩।

ਪਖਾਰਉ = ਪਖਾਰਉਂ, ਮੈਂ ਧੋਵਾਂ। ਕਰਿ = ਕਰ ਕੇ। ਭਾਵੈ = ਚੰਗਾ ਲੱਗੇ। ਗਾਵੈ = ਗਾਂਦਾ ਰਹੇ।੪।

ਅਰਥ: ਹੇ (ਮੇਰੇ) ਮਾਲਕ-ਪ੍ਰਭੂ! ਤੂੰ ਤਾਂ ਸਦਾ ਦਇਆ ਦਾ ਘਰ ਹੈਂ, ਸਾਰੇ ਔਗੁਣ ਅਸਾਂ ਜੀਵਾਂ ਦੇ ਹੀ ਹਨ (ਜਿਨ੍ਹਾਂ ਕਰ ਕੇ ਸਾਨੂੰ ਦੁੱਖ-ਕਲੇਸ਼ ਵਾਪਰਦੇ ਹਨ) ਹੇ ਪਿਆਰੇ ਪ੍ਰਭੂ! ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ) ਤੈਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ?੧।ਰਹਾਉ।

ਹੇ ਮੇਰੇ ਮਨ! ਆਪਣੀਆਂ ਕੀਤੀਆਂ ਭੁੱਲਾਂ ਦੇ ਕਾਰਨ ਮਿਲ ਰਹੇ ਦੁੱਖਾਂ ਬਾਰੇ) ਕਿਸੇ ਹੋਰ ਨੂੰ ਦੋਸ ਨਹੀਂ ਦੇਣਾ ਚਾਹੀਦਾ (ਇਹਨਾਂ ਦੁੱਖਾਂ ਤੋਂ ਬਚਣ ਲਈ) ਆਪਣੇ ਪਰਮਾਤਮਾ ਨੂੰ (ਹੀ) ਯਾਦ ਕਰਨਾ ਚਾਹੀਦਾ ਹੈਂ ਕਿਉਂਕਿ ਉਸ ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ, ਉਸੇ ਦੀ ਹੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ।੧।

ਹੇ ਪ੍ਰਭੂ! ਤੂੰ ਜਿਵੇਂ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ, (ਤੇਰੀ ਰਜ਼ਾ ਦੇ ਉਲਟ) ਮੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ। ਹੇ ਪ੍ਰਭੂ! ਤੂੰ ਹੀ ਨਿਓਟਿਆਂ ਦੀ ਓਟ ਹੈਂ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਆਸਰਾ ਹੈ।੨।

ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ ਹੈ, ਉਹ (ਦੁੱਖਾਂ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ। ਹੇ ਪ੍ਰਭੂ! ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ, ਸਾਰੀ ਸਮਗ੍ਰੀ ਤੇਰੀ ਹੀ ਮਰਯਾਦਾ ਵਿਚ ਚੱਲ ਰਹੀ ਹੈ।੩।

ਹੇ ਪ੍ਰਭੂ! ਹੇ ਮਾਲਕ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ (ਭਾਵ, ਹਉਮੈ ਤਿਆਗ ਕੇ ਤੇਰੇ ਦਰ ਤੇ ਡਿੱਗਾ ਰਹਾਂ) ਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ (ਤਾ ਕਿ ਤੇਰੀ ਦਇਆ ਤੇ ਕਿਰਪਾ ਨਾਲ ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ।੪।੫।੩੫।

ਬਿਲਾਵਲੁ ਮਹਲਾ ੫ ॥ ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥ ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ॥੧॥ ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥ ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥੧॥ ਰਹਾਉ ॥ ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ ॥ ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ ॥੨॥ ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥ ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਧੀ ॥੩॥ ਦਾਸ ਰੇਣੁ ਸੋਈ ਹੋਆ ਜਿਸੁ ਮਸਤਕਿ ਕਰਮਾ ॥ ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ॥੪॥੬॥੩੬॥ {ਪੰਨਾ 809}

ਪਦਅਰਥ: ਮਿਰਤੁ = {मृत्यु} ਮੌਤ। ਬਾਦ = ਝਗੜੇ। ਸਾਦ = (ਪਦਾਰਥਾਂ ਦੇ) ਸੁਆਦ। ਮਹਿ = ਵਿਚ।੧।

ਅਭਾਗੇ = ਹੇ ਮੰਦ = ਭਾਗੀ! ਹੇ ਬਦ = ਕਿਸਮਤ! ਦੇਖਿ = ਵੇਖ ਕੇ। ਰੰਗੁਲਾ = ਸੋਹਣੇ ਰੰਗ ਵਾਲਾ।੧।ਰਹਾਉ।

ਦਰਬੁ = {द्रव्य} ਧਨ। ਕੀਆ = ਇਕੱਠਾ ਕੀਤਾ। ਕੈ ਤਾਈ = ਦੀ ਖ਼ਾਤਰ। ਸਿਉ = ਨਾਲ। ਨਾਗਾ = ਨਾਂਗਾ, ਨੰਗਾ, ਖ਼ਾਲੀ = ਹੱਥ।੨।

ਜਾ ਕੈ ਕੀਐ = ਜਿਨ੍ਹਾਂ (ਸੰਬੰਧੀਆਂ) ਦੀ ਖ਼ਾਤਰ। ਸ੍ਰਮੁ = ਮੇਹਨਤ। ਤੇ = ਉਹ {ਬਹੁ-ਵਚਨ}ਅੰਤ ਕਾਲਿ = ਆਖ਼ਰੀ ਸਮੇ। ਭਜਿ ਜਾਹਿਗੇ = ਸਾਥ ਛੱਡ ਜਾਣਗੇ। ਕਰੋਧੀ = ਕ੍ਰੋਧ (ਦੀ ਅੱਗ) ਵਿਚ।੩।

ਰੇਣ = ਚਰਨਾਂ ਦੀ ਧੂੜ। ਸੋਈ = ਉਹੀ ਮਨੁੱਖ। ਮਸਤਕਿ = ਮੱਥੇ ਉਤੇ। ਕਰਮਾ = ਭਾਗ।੪।

ਅਰਥ: ਹੇ ਬਦ-ਕਿਸਮਤ! ਕਿਉਂ ਭਟਕਦਾ ਫਿਰਦਾ ਹੈਂ? ਆਪਣੇ ਗੁਰੂ ਦੀ ਸਰਨ ਪਿਆ ਰਹੁ। ਸੋਹਣੇ ਰੰਗ ਵਾਲਾ ਕਸੁੰਭਾ (ਮਨ-ਮੋਹਨੀ ਮਾਇਆ) ਵੇਖ ਕੇ ਕਿਉਂ ਕੁਰਾਹੇ ਪੈ ਰਿਹਾ ਹੈਂ?੧।ਰਹਾਉ।

ਹੇ ਭਾਈ! ਮੌਤ (ਹਰੇਕ ਮਨੁੱਖ ਦੇ) ਸਿਰ ਉਤੇ (ਖਲੋਤੀ) ਹੱਸ ਰਹੀ ਹੈ (ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ, ਪਰ) ਪਸ਼ੂ (-ਸੁਭਾਉ ਵਾਲਾ ਮਨੁੱਖ ਇਹ ਗੱਲ) ਸਮਝਦਾ ਹੀ ਨਹੀਂ। ਝਗੜਿਆਂ ਵਿਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ।੧।

ਹੇ ਭਾਈ! ਸਾਰੀ ਉਮਰ) ਪਾਪ ਕਰ ਕਰ ਕੇ ਹੀ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ, (ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ) ਮਿੱਟੀ ਧਰਤੀ ਨਾਲ ਰਲ ਗਈ, ਤੇ, ਜੀਵ ਖ਼ਾਲੀ-ਹੱਥ ਹੀ ਉੱਠ ਕੇ ਤੁਰ ਪਿਆ।੨।

ਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ (ਧਨ ਇਕੱਠਾ ਕਰਨ ਦੀ) ਮੇਹਨਤ ਕਰਦਾ ਹੈ ਉਹ (ਤੋੜ ਤਕ ਇਸ ਨਾਲ ਸਾਥ ਨਹੀਂ ਨਿਬਾਹ ਸਕਦੇ, ਇਸ ਵਾਸਤੇ ਇਸ ਨਾਲ) ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ। ਹੇ ਭਾਈ! ਤੂੰ (ਇਹਨਾਂ ਦੀ ਖ਼ਾਤਰ ਹੋਰਨਾਂ ਨਾਲ ਵੈਰ ਸਹੇੜ ਸਹੇੜ ਕੇ) ਕਿਉਂ ਕ੍ਰੋਧ ਵਿਚ ਸੜਦਾ ਹੈਂ? ਇਹ ਤਾਂ ਆਖ਼ਰ ਵੇਲੇ ਤੇਰਾ ਸਾਥ ਛੱਡ ਜਾਣਗੇ।੩।

ਹੇ ਨਾਨਕ! ਆਖ-ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗਦੇ ਹਨ, ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ-ਧੂੜ ਬਣਦਾ ਹੈ। ਗੁਰੂ ਦੀ ਸਰਨ ਪਿਆਂ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ।੪।੬।੩੬।

ਬਿਲਾਵਲੁ ਮਹਲਾ ੫ ॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥ {ਪੰਨਾ 809}

ਪਦਅਰਥ: ਪਿੰਗੁਲ = ਲੂਲ੍ਹੇ। ਪਰੇ = ਲੰਘ ਗਏ। ਖਲ = ਮੂਰਖ ਬੰਦੇ। ਚਤੁਰ = ਸਿਆਣੇ। ਬਕੀਤਾ = ਵਕਤਾ, ਬੋਲਣ ਵਾਲੇ, ਚੰਗਾ ਵਖਿਆਨ ਕਰ ਸਕਣ ਵਾਲੇ। ਅੰਧੁਲੇ = ਅੰਨ੍ਹੇ ਮਨੁੱਖ ਨੂੰ। ਤ੍ਰਿਭਵਣ = ਤਿੰਨੇ ਭਵਨ, ਸਾਰੀ ਦੁਨੀਆ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਪੁਨੀਤਾ = ਪਵਿੱਤਰ ਜੀਵਨ ਵਾਲੇ।੧।

ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ! ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ।੧।ਰਹਾਉ।

ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ = ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ। ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ।੨।

ਸਿੰਘੁ = ਸ਼ੇਰ, ਅਹੰਕਾਰ। ਬਿਲਾਈ = ਬਿੱਲੀ, ਨਿਮ੍ਰਤਾ ਸੁਭਾਉ। ਤ੍ਰਿਣੁ = ਤੀਲਾ, ਗਰੀਬੀ = ਸੁਭਾਉ। ਮੇਰੁ = ਮੇਰੂ ਪਹਾੜ, ਬੜੀ ਤਾਕਤ। ਸ੍ਰਮੁ = ਮੇਹਨਤ। ਦਮ ਆਢ ਕਉ = ਅੱਧੇ ਦਾਮ ਵਾਸਤੇ, ਅੱਧੀ ਕੌਡੀ ਲਈ। ਗਨੀ = ਗ਼ਨੀ, ਦੌਲਤ = ਮੰਦ। ਧਨੀਤਾ = ਧਨੀ, ਧਨਾਢ।੩।

ਕਹਿ ਸਕਉ = ਕਹਿ ਸਕਉਂ, ਮੈਂ ਦੱਸ ਸਕਾਂ। ਗੁਨੀਤਾ = ਗੁਣਾਂ ਦਾ ਮਾਲਕ। ਦਰ ਸਰੀਤਾ = ਦਰ ਦਾ ਗ਼ੁਲਾਮ।੪।

ਅਰਥ: ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ। (ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ।੧।ਰਹਾਉ।

ਹੇ ਮਿੱਤਰ! ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਮਾਨੋ,) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ।੧।

(ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ। (ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤਿ ਦੇ ਦਿੱਤੀ।੨।

(ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ। (ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ੩।

(ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼।੪।੭।੩੭।

TOP OF PAGE

Sri Guru Granth Darpan, by Professor Sahib Singh