ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 810 ਬਿਲਾਵਲੁ ਮਹਲਾ ੫ ॥ ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ ॥ ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ ਬਿਖਿਆਦਿ ॥੧॥ ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ ॥ ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥੧॥ ਰਹਾਉ ॥ ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ ॥ ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ ॥੨॥ ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ ॥੩॥ ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥ ਸੂਖ ਸਹਜ ਨਾਨਕ ਅਨੰਦ ਤਾ ਕੈ ਪੂਰਨ ਨਾਦ ॥੪॥੮॥੩੮॥ {ਪੰਨਾ 810} ਪਦਅਰਥ: ਅਹੰਬੁਧਿ = {अहंबुध्दि} ਮੈਂ ਮੈਂ ਕਰਨ ਵਾਲੀ ਅਕਲ। ਪਰਬਾਦ = {प्रवाद, ਪ੍ਰਵਾਦ} ਦੂਜਿਆਂ ਨੂੰ ਵੰਗਾਰਨ ਵਾਸਤੇ ਜੋਸ਼ = ਭਰੇ ਖਰ੍ਹਵੇ ਬੋਲ। ਨੀਤ = ਨਿੱਤ, ਸਦਾ। ਸਾਦਿ = ਸੁਆਦ ਵਿਚ। ਰਸਨਾ = ਜੀਭ। ਲਪਟਿ = ਲਪਟ ਕੇ, ਫਸ ਕੇ। ਕਪਟਿ = ਕਪਟ ਵਿਚ, ਠੱਗੀ = ਫ਼ਰੇਬ ਵਿਚ। ਗ੍ਰਿਹਿ = ਘਰ (ਦੇ ਮੋਹ) ਵਿਚ। ਮਿਥਿਆ = ਨਾਸਵੰਤ। ਬਿਖਿਆਦਿ = ਬਿਖਿਆ ਆਦਿ, ਮਾਇਆ ਆਦਿਕ।੧। ਪੇਖੀ = ਵੇਖੀ ਹੈ। ਮਹਿ = ਵਿਚ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਬਾਦਿ = ਵਿਅਰਥ।੧।ਰਹਾਉ। ਧੂਪ = ਧੁਖਾਣ ਵਾਲੀਆਂ ਸੁਗੰਧੀ ਵਾਲੀਆਂ ਚੀਜ਼ਾਂ। ਸੋਗੰਧਤਾ = ਖ਼ੁਸ਼ਬੂ। ਕਾਪਰ = ਕੱਪੜੇ। ਭੋਗਾਦਿ = ਭੋਗ ਆਦਿ, ਖਾਣ ਵਾਲੇ ਚੰਗੇ ਪਦਾਰਥ। ਸੰਗਿ = ਨਾਲ। ਪਾਪਿਸਟ = ਮਹਾਂ ਪਾਪੀ। ਤਨ = ਸਰੀਰ। ਦੁਰਗਾਦਿ = ਦੁਰਗੰਧੀ। ਫਿਰਤ ਫਿਰਤ = (ਕਈ ਜੂਨਾਂ ਵਿਚ) ਭਟਕਦਾ ਭਟਕਦਾ। ਖਿਨ ਭੰਗਨ = ਇਕ ਖਿਨ ਵਿਚ ਨਾਸ ਹੋ ਜਾਣ ਵਾਲਾ। ਦੇਹਾਦਿ = ਦੇਹ, ਸਰੀਰ। ਅਉਸਰ = ਮੌਕਾ, ਵੇਲਾ। ਤੇ = ਤੋਂ। ਚੁਕਿਆ = ਖੁੰਝਿਆ। ਭ੍ਰਮਾਦਿ = ਭਟਕਦਾ ਹੈ।੩। ਕਿਰਪਾ ਤੇ = ਕਿਰਪਾ ਤੋਂ, ਕਿਰਪਾ ਨਾਲ। ਬਿਸਮਾਦ = ਅਸਚਰਜ = ਰੂਪ। ਤਾ ਕੈ = ਉਸ (ਮਨੁੱਖ) ਦੇ ਹਿਰਦੇ ਵਿਚ। ਨਾਦ = ਧੁਨੀ, ਸ਼ਬਦ, ਵਾਜੇ। ਸਹਜ = ਆਤਮਕ ਅਡੋਲਤਾ।੪। ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਅੱਖੀਂ ਹੀ (ਜਗਤ ਦੇ ਪਦਾਰਥਾਂ ਦੀ) ਇਹੋ ਜਿਹੀ ਹਾਲਤ ਵੇਖ ਲਈ ਹੈ (ਕਿ ਦੁਨੀਆ ਦੀਆਂ) ਪਾਤਸ਼ਾਹੀਆਂ, ਜ਼ਮੀਨਾਂ (ਦੀ ਮਾਲਕੀ) , ਧਨ ਅਤੇ ਜੁਆਨੀ (ਆਦਿਕ ਸਾਰੇ ਹੀ) ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ।੧।ਰਹਾਉ। (ਪ੍ਰਭੂ ਦੇ ਨਾਮ ਤੋਂ ਖੁੰਝ ਕੇ ਮਨੁੱਖ) ਅਹੰਕਾਰ ਦੀ ਅਕਲ ਦੇ ਆਸਰੇ ਦੂਜਿਆਂ ਨੂੰ ਵੰਗਾਰਨ ਦੇ ਖਰ੍ਹਵੇ ਬੋਲ ਬੋਲਦਾ ਹੈ, ਸਦਾ ਲਾਲਚ ਅਤੇ ਜੀਭ ਦੇ ਸੁਆਦ ਵਿਚ (ਫਸਿਆ ਰਹਿੰਦਾ ਹੈ) ; ਘਰ (ਦੇ ਮੋਹ) ਵਿਚ, ਠੱਗੀ-ਫ਼ਰੇਬ ਵਿਚ ਫਸ ਕੇ, ਨਾਸਵੰਤ ਮਾਇਆ (ਦੇ ਮੋਹ) ਵਿਚ ਵਿੱਝਾ ਰਹਿੰਦਾ ਹੈ।੧। (ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਮਹਾ ਵਿਕਾਰੀ ਮਨੁੱਖ (ਸਰੀਰ ਦਾ ਮਾਣ ਕਰਦਾ ਹੈ, ਪਰ ਇਸ) ਸਰੀਰ ਦੇ ਨਾਲ ਛੁਹ ਕੇ ਸੋਹਣੇ ਸੋਹਣੇ ਪਦਾਰਥ, ਧੂਪ ਆਦਿਕ ਸੁਗੰਧੀਆਂ, ਕੱਪੜੇ, ਚੰਗੇ ਚੰਗੇ ਖਾਣੇ (ਇਹ ਸਾਰੇ ਹੀ) ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ।੨। ਹੇ ਭਾਈ! ਅਨੇਕਾਂ ਜੂਨਾਂ ਵਿਚ ਭਟਕਦਾ ਭਟਕਦਾ ਜੀਵ ਮਨੁੱਖ ਬਣਦਾ ਹੈ, ਇਹ ਸਰੀਰ ਭੀ ਇਕ ਖਿਨ ਵਿਚ ਨਾਸ ਹੋ ਜਾਣ ਵਾਲਾ ਹੈ (ਇਸ ਦਾ ਮਾਣ ਭੀ ਕਾਹਦਾ? ਇਸ ਸਰੀਰ ਵਿਚ ਭੀ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਰਹਿੰਦਾ ਹੈ। ਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ (ਫਿਰ) ਅਨੇਕਾਂ ਜੂਨਾਂ ਵਿਚ ਜਾ ਭਟਕਦਾ ਹੈ।੩। ਹੇ ਨਾਨਕ! ਪਰਮਾਤਮਾ ਦੀ ਕਿਰਪਾ ਨਾਲ ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਉਹਨਾਂ ਨੇ ਅਚਰਜ-ਰੂਪ ਹਰੀ ਦਾ ਨਾਮ ਜਪਿਆ, ਉਹਨਾਂ ਦੇ ਹਿਰਦੇ ਵਿਚ ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਵਾਜੇ ਸਦਾ ਵੱਜਣ ਲੱਗ ਪਏ।੪।੮।੩੮। ਬਿਲਾਵਲੁ ਮਹਲਾ ੫ ॥ ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥ ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ ॥੧॥ ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥ ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥੧॥ ਰਹਾਉ ॥ ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ ॥ ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ ॥੨॥ ਨਿਹਚਲ ਆਸਣੁ ਮਿਟੀ ਚਿੰਤ ਨਾਹੀ ਡੋਲੇਤ ॥ ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥੩॥ ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥ ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰੇਤ ॥੪॥੯॥੩੯॥ {ਪੰਨਾ 810} ਪਦਅਰਥ: ਬੋਹਿਥਾ = ਜਹਾਜ਼। ਸਾਗਰੁ = (ਸੰਸਾਰ-) ਸਮੁੰਦਰ। ਜੇਤ = ਜਿਤੁ, ਜਿਸ (ਜਹਾਜ਼) ਦੀ ਰਾਹੀਂ। ਮਾਰਗ = ਰਸਤਾ। ਉਦਿਆਨ = ਜੰਗਲ, (ਵਿਕਾਰਾਂ ਵਲ ਲੈ ਜਾਣ ਵਾਲਾ) ਔਝੜ। ਗੁਰਿ = ਗੁਰੂ ਨੇ।੧। ਹੇਤ = ਹਿਤੁ, ਪਿਆਰ। ਚੇਤ = ਚੇਤੇ ਕਰ, ਸਿਮਰ।੧।ਰਹਾਉ। ਪੰਚ = (ਕਾਮਾਦਿਕ) ਪੰਜ। ਆਗੈ = ਟਾਕਰੇ ਤੇ। ਭਗੇ = ਦੌੜ ਜਾਂਦੇ ਹਨ। ਸੰਗੇਤ = ਸੰਗਤਿ। ਪੂੰਜੀ (ਆਤਮਕ ਜੀਵਨ ਵਾਲੀ) ਰਾਸ, ਸਰਮਾਇਆ। ਘਣੋ = ਬਹੁਤ। ਗ੍ਰਿਹਿ = ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸੇਤ = ਸੇਤੀ, ਨਾਲ।੨। ਨਿਹਚਲ = ਅਡੋਲ। ਡੋਲੇਤ = (ਵਿਕਾਰਾਂ ਵਿਚ) ਡੋਲਦਾ। ਭਰਮੁ = ਭਟਕਣਾ। ਨੇਤ = ਨੇਤ੍ਰੀ, ਅੱਖਾਂ ਨਾਲ।੩। ਗਭੀਰ = ਡੂੰਘਾ (ਸਮੁੰਦਰ) । ਗੁਣ ਨਾਇਕਾ = ਗੁਣਾਂ ਦਾ ਮਾਲਕ, ਗੁਣਾਂ ਦਾ ਖ਼ਜ਼ਾਨਾ। ਕਹੀਅਹਿ = ਕਹੇ ਜਾਂਦੇ ਹਨ। ਕਹੀਅਹਿ ਕੇਤ = ਕਿਤਨੇ ਕੁ (ਗੁਣ) ਕਹੇ ਜਾ ਸਕਣ? ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਅੰਮ੍ਰੇਤ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਹਰਿ = ਨਾਮ ਜਲ।੪। ਅਰਥ: ਹੇ ਭਾਈ! ਉਠਦਿਆਂ ਬੈਠਦਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕਰਿਆ ਕਰ। ਸਦਾ ਹੀ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਪਿਆਰ ਪਾ।੧।ਰਹਾਉ। (ਹੇ ਭਾਈ! ਜਿਸ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ) ਭੇਤ ਗੁਰੂ ਨੇ ਦੱਸ ਦਿੱਤਾ, ਉਸ ਨੇ (ਵਿਕਾਰਾਂ ਵਲ ਲੈ ਜਾਣ ਵਾਲੇ) ਔਝੜ ਵਿਚ (ਜੀਵਨ ਦਾ ਸਹੀ) ਰਸਤਾ ਲੱਭ ਲਿਆ, ਗੁਰੂ ਦੇ ਚਰਨ (ਉਸ ਮਨੁੱਖ ਵਾਸਤੇ) ਜਹਾਜ਼ ਬਣ ਗਏ ਜਿਸ (ਜਹਾਜ਼) ਦੀ ਰਾਹੀਂ ਉਹ ਮਨੁੱਖ (ਸੰਸਾਰ-) ਸਮੁੰਦਰ ਤੋਂ ਪਾਰ ਲੰਘ ਗਿਆ।੧। (ਹੇ ਭਾਈ!) ਜਦੋਂ (ਮਨੁੱਖ) ਸਾਧ ਸੰਗਤਿ ਵਿਚ (ਜਾ ਟਿਕਦਾ ਹੈ, ਤਦੋਂ ਕਾਮਾਦਿਕ) ਪੰਜੇ ਚੋਰ ਉਸ ਦੇ ਟਾਕਰੇ ਤੋਂ ਭੱਜ ਜਾਂਦੇ ਹਨ, ਉਸ ਦੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ (ਲੁੱਟੇ ਜਾਣ ਤੋਂ) ਬਚ ਜਾਂਦੀ ਹੈ, (ਸਗੋਂ ਉਸ ਨੂੰ ਇਸ ਨਾਮ-ਵਣਜ ਵਿਚ) ਬਹੁਤਾ ਨਫ਼ਾ ਭੀ ਪੈਂਦਾ ਹੈ, ਅਤੇ ਪਰਲੋਕ ਵਿਚ ਸੋਭਾ ਨਾਲ ਜਾਂਦਾ ਹੈ।੨। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ ਹਰ ਥਾਂ) ਅੱਖਾਂ ਨਾਲ ਪਰਮਾਤਮਾ ਦਾ ਦਰਸ਼ਨ ਕਰ ਕੇ ਉਸ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ, ਕੁਰਾਹੇ ਜਾਣ ਵਾਲੀ ਆਦਤ ਦੂਰ ਹੋ ਜਾਂਦੀ ਹੈ, (ਵਿਕਾਰਾਂ ਦੇ ਟਾਕਰੇ ਤੇ) ਉਸ ਦਾ ਹਿਰਦਾ-ਆਸਣ ਅਟੱਲ ਹੋ ਜਾਂਦਾ ਹੈ, ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਜਾਂਦੀ ਹੈ, ਉਹ ਮਨੁੱਖ (ਵਿਕਾਰਾਂ ਦੇ ਸਾਹਮਣੇ) ਡੋਲਦਾ ਨਹੀਂ।੩। ਹੇ ਨਾਨਕ! ਪਰਮਾਤਮਾ ਗੁਣਾਂ ਦਾ ਅਥਾਹ ਸਮੁੰਦਰ ਹੈ, ਗੁਣਾਂ ਦਾ ਖ਼ਜ਼ਾਨਾ ਹੈ (ਬਿਆਨ ਕੀਤਿਆਂ) ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਪਰ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ।੪।੯।੩੯। ਬਿਲਾਵਲੁ ਮਹਲਾ ੫ ॥ ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ॥ ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ ॥੧॥ ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥ ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥ ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ॥ ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥੨॥ ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥ ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥੩॥ ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ॥ ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥੪॥੧੦॥੪੦॥ {ਪੰਨਾ 810} ਪਦਅਰਥ: ਸਾਧੂ = ਗੁਰੂ। ਤੇਤੋ = ਉਤਨਾ ਹੀ, ਉਹ ਸਾਰਾ ਹੀ। ਸੰਗ = (ਗੁਰੂ ਦੇ) ਨਾਲ। ਭ੍ਰਮ = ਭਟਕਣਾ। ਗਤਿ = ਉੱਚੀ ਆਤਮਕ ਅਵਸਥਾ।੧। ਜਾ ਦਿਨ = ਜਿਸ ਦਿਨ। ਸਾਧੂ = ਗੁਰੂ ਜੀ। ਭੇਟੇ = ਮਿਲੇ। ਮੋਹਿ = ਮੈਨੂੰ। ਉਆ ਦਿਨ = ਉਸ ਦਿਨ ਤੋਂ। ਜੀਅਰਾ = ਪਿਆਰੀ ਜਿੰਦ। ਹਉ = ਮੈਂ। ਵਾਰੀ = ਵਾਰੀਂ, ਕੁਰਬਾਨ ਕਰਾਂ।੧।ਰਹਾਉ। ਏਤ = ਏਤ (ਅਪਰਾਧੀ) , ਇਤਨੀ ਅਪਣੱਤ। ਮੋਹਿ ਤੇ = ਮੈਥੋਂ। ਇਤਨੀ = ਇਤਨੀ (ਨਿੰਮ੍ਰਤਾ) । ਦ੍ਰਿੜਤਾਰੀ = ਪਕਿਆਈ। ਰੇਨ = ਚਰਨ = ਧੂੜ। ਅਪਧਾਰੀ = ਅਪਣੱਤ।੨। ਨਿੰਦ ਚਿੰਦ = ਨਿੰਦਾ ਦਾ ਖ਼ਿਆਲ। ਪਰ ਦੂਖਨਾ = ਦੂਜਿਆਂ ਦਾ ਮੰਦਾ ਚਿਤਵਣਾ। ਏ = ਇਹ ਵਿਕਾਰ। ਜਾਰੀ = ਸਾੜ ਦਿੱਤੇ। ਮਇਆ = ਤਰਸ। ਅਰੁ = ਅਤੇ {ਲਫ਼ਜ਼ 'ਅਰਿ' ਅਤੇ 'ਅਰੁ' ਦਾ ਫ਼ਰਕ ਚੇਤੇ ਰੱਖਣ = ਜੋਗ ਹੈ}। ਨਿਕਟਿ ਪੇਖੁ = ਪ੍ਰਭੂ ਨੂੰ ਨੇੜੇ ਵੇਖਣਾ। ਦੂਰਾਰੀ = ਦੂਰ।੩। ਸੀਤਲ = ਠੰਢੇ = ਠਾਰ ਸ਼ਾਂਤ। ਅਬ = ਹੁਣ। ਮੁਕਤੇ = ਆਜ਼ਾਦ। ਸੰਸਾਰੀ = ਦੁਨੀਆ ਦੇ ਬੰਧਨਾਂ ਤੋਂ। ਹੀਤ = ਹਿਤ, ਲਗਨ। ਚੀਤ = ਚਿੱਤ, ਸੁਰਤਿ। ਪ੍ਰਾਨ = ਜਿੰਦ।੪। ਅਰਥ: (ਹੇ ਭਾਈ!) ਮੈਂ ਉਸ ਦਿਨ ਤੋਂ ਸਦਕੇ ਜਾਂਦਾ ਹਾਂ, ਜਿਸ ਦਿਨ ਮੈਨੂੰ ਮੇਰੇ ਗੁਰੂ (ਪਾਤਿਸ਼ਾਹ) ਮਿਲ ਪਏ। ਹੁਣ ਮੈਂ (ਆਪਣੇ ਗੁਰੂ ਤੋਂ) ਆਪਣਾ ਸਰੀਰ, ਆਪਣਾ ਮਨ, ਆਪਣੀ ਪਿਆਰੀ ਜਿੰਦ ਮੁੜ ਮੁੜ ਸਦਕੇ ਕਰਦਾ ਹਾਂ।੧।ਰਹਾਉ। (ਹੇ ਭਾਈ! ਗੁਰੂ (ਦੇ ਮਿਲਾਪ) ਤੋਂ ਬਿਨਾ ਜਿਤਨੀ ਭੀ ਉਮਰ ਗੁਜ਼ਾਰਨੀ ਹੈ, ਉਹ ਸਾਰੀ ਵਿਅਰਥ ਚਲੀ ਜਾਂਦੀ ਹੈ। ਗੁਰੂ ਦੀ ਸੰਗਤਿ ਵਿਚ ਮਿਲਦਿਆਂ ਹੀ ਸਾਰੀਆਂ ਭਟਕਣਾ ਮਿਟ ਜਾਂਦੀਆਂ ਹਨ, (ਗੁਰੂ ਦੀ ਕਿਰਪਾ ਨਾਲ) ਅਸਾਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ।੧। ਹੇ ਭਾਈ! ਗੁਰੂ ਨੇ ਕਿਰਪਾ ਕਰ ਕੇ) ਮੈਥੋਂ ਅਪਣੱਤ ਇਤਨੀ ਛਡਾ ਦਿੱਤੀ ਹੈ, ਅਤੇ ਨਿੰਮ੍ਰਤਾ (ਮੇਰੇ ਹਿਰਦੇ ਵਿਚ) ਇਤਨੀ ਪੱਕੀ ਕਰ ਦਿੱਤੀ ਹੈ ਕਿ ਹੁਣ ਮੇਰਾ ਇਹ ਮਨ ਸਭਨਾਂ ਦੀ ਚਰਨ-ਧੂੜ ਬਣ ਗਿਆ ਹੈ, ਹਰ ਵੇਲੇ ਆਪਣੇ ਹੀ ਸੁਆਰਥ ਦਾ ਖ਼ਿਆਲ ਮੇਰੇ ਅੰਦਰੋਂ ਮੁੱਕ ਗਿਆ ਹੈ।੧। ਹੇ ਭਾਈ! ਗੁਰੂ ਨੇ ਮੇਰੇ ਅੰਦਰੋਂ ਪਰਾਈ ਨਿੰਦਾ ਦਾ ਖ਼ਿਆਲ, ਦੂਜਿਆਂ ਦਾ ਬੁਰਾ ਤੱਕਣਾ-ਇਹ ਸਭ ਕੁਝ ਇਕ ਖਿਨ ਵਿਚ ਹੀ ਸਾੜ ਦਿੱਤੇ ਹਨ। (ਦੂਜਿਆਂ ਉਤੇ) ਦਇਆ (ਕਰਨੀ) , (ਲੋੜਵੰਦਿਆਂ ਉਤੇ) ਤਰਸ (ਕਰਨਾ) , ਅਤੇ (ਪਰਮਾਤਮਾ ਨੂੰ ਹਰ ਵੇਲੇ) ਆਪਣੇ ਨੇੜੇ ਵੇਖਣਾ-ਇਹ ਹਰ ਵੇਲੇ ਮੇਰੇ ਅੰਦਰ ਵੱਸਦੇ ਹਨ।੩। ਹੇ ਨਾਨਕ! ਆਖ-ਹੇ ਭਾਈ! ਜਦੋਂ ਤੋਂ ਮੈਨੂੰ ਗੁਰੂ ਮਿਲ ਪਿਆ ਹੈ, ਉਸ ਦੀ ਮੇਹਰ ਨਾਲ) ਹੁਣ ਮੇਰਾ ਮਨ ਅਤੇ ਤਨ (ਵਿਕਾਰਾਂ ਵਲੋਂ) ਸ਼ਾਂਤ ਹੋ ਗਏ ਹਨ, ਦੁਨੀਆ ਦੇ ਮੋਹ ਤੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ। ਹੁਣ ਮੇਰੀ ਲਗਨ, ਮੇਰੀ ਸੁਰਤਿ, ਮੇਰੀ ਜਿੰਦ ਪ੍ਰਭੂ ਦੇ ਦਰਸਨ ਵਿਚ ਹੀ ਮਗਨ ਹੈ, ਪ੍ਰਭੂ ਦਾ ਦਰਸਨ ਹੀ ਮੇਰੇ ਵਾਸਤੇ ਧਨ ਹੈ।੪।੧੦।੪੦। ਬਿਲਾਵਲੁ ਮਹਲਾ ੫ ॥ ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥ ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ ॥੧॥ ਤੁਮ੍ਹ੍ਹ ਮਿਲਤੇ ਮੇਰਾ ਮਨੁ ਜੀਓ ਤੁਮ੍ਹ੍ਹ ਮਿਲਹੁ ਦਇਆਲ ॥ ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥੧॥ ਰਹਾਉ ॥ਜਗਤ ਉਧਾਰਨ ਸਾਧ ਪ੍ਰਭ ਤਿਨ੍ਹ੍ਹ ਲਾਗਹੁ ਪਾਲ ॥ ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥ ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥ ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥ ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥ ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥ {ਪੰਨਾ 810-811} ਪਦਅਰਥ: ਕਰਉ = ਕਰਉਂ, ਮੈਂ ਕਰਦਾ ਰਹਾਂ। ਪਗ = ਪੈਰ, ਚਰਨ। ਝਾਰਉ = ਝਾਰਉਂ, ਮੈਂ ਝਾੜਾਂ। ਬਾਲ = ਕੇਸਾਂ ਨਾਲ। ਮਸਤਕੁ = ਮੱਥਾ, ਸਿਰ। ਭੇਟ ਦੇਉ = ਭੇਟ ਦੇਉਂ, ਮੈਂ ਅਰਪਣ ਕਰ ਦਿਆਂ। ਸੁਨਉ = ਸੁਨਉਂ, ਮੈਂ ਸੁਣਾਂ। ਰਸਾਲ = {ਰਸ ਆਲਯ} ਸੁਆਦਲੇ।੧। ਜੀਓ = ਜੀਊ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਦਇਆਲ = ਹੇ ਦਇਆ ਦੇ ਸੋਮੇ! ਨਿਸਿ = ਰਾਤ। ਬਾਸੁਰ = ਦਿਨ। ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਵਿਆਕਰਨਿਕ ਫ਼ਰਕ ਚੇਤੇ ਰਹੇ}। ਕਿਰਪਾਲ = ਹੇ ਕਿਰਪਾ ਦੇ ਸੋਮੇ!।੧।ਰਹਾਉ। ਉਧਾਰਨ = ਬਚਾਣ ਵਾਲੇ। ਸਾਧ ਪ੍ਰਭ = ਪ੍ਰਭੂ ਦਾ ਭਜਨ ਕਰਨ ਵਾਲੇ ਗੁਰਮੁਖ। ਤਿਨ੍ਹ੍ਹ ਪਾਲ = ਉਹਨਾਂ ਦੇ ਪੱਲੇ, ਉਹਨਾਂ ਦੀ ਸਰਨ। ਮੋ ਕਉ = ਮੈਨੂੰ। ਪ੍ਰਭ = ਹੇ ਪ੍ਰਭੂ! ਪਗ ਰਾਲ = ਪੈਰਾਂ ਦੀ ਧੂੜ।੨। ਉਕਤਿ = ਯੁਕਤਿ, ਦਲੀਲ। ਘਾਲ = ਮੇਹਨਤ, ਸੇਵਾ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਮੋਹ ਤੇ = ਮੋਹ ਤੋਂ। ਜਮ ਜਾਲ = ਜਮ ਦਾ ਜਾਲ।੩। ਬਿਨਉ = {विनय} ਬੇਨਤੀ। ਕਰਉ = ਕਰਉਂ। ਕਰੁਣਾ ਪਤੇ = {ਕਰੁਣਾ = ਤਰਸ, ਦਇਆ। ਪਤੇ = ਹੇ ਪਤੀ!} ਹੇ ਦਇਆ ਦੇ ਮਾਲਕ! ਗਾਵਉ = ਗਾਵਉਂ। ਸਾਲ = {ਸ਼ਾਲਾ} ਘਰ। ਸੁਖ ਸਾਲ = ਸੁਖਾਂ ਦਾ ਘਰ।੪। ਅਰਥ: ਹੇ ਦਇਆ ਦੇ ਸੋਮੇ ਪ੍ਰਭੂ! ਮੈਨੂੰ ਮਿਲ। ਤੈਨੂੰ ਮਿਲਿਆਂ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਗੁਣ) ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ।੧।ਰਹਾਉ। (ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾਂ। ਮੈਂ (ਤੇਰੇ ਸੇਵਕ ਦੇ) ਚਰਨ (ਆਪਣੇ) ਕੇਸਾਂ ਨਾਲ ਝਾੜਦਾ ਰਹਾਂ। ਮੈਂ ਆਪਣਾ ਸਿਰ (ਤੇਰੇ ਸੇਵਕ ਅੱਗੇ) ਭੇਟਾ ਕਰ ਦਿਆਂ, (ਤੇ ਉਸ ਪਾਸੋਂ ਤੇਰੇ) ਰਸ-ਭਰੇ ਗੁਣ ਸੁਣਦਾ ਰਹਾਂ।੧। ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਗੁਰਮੁਖ ਮਨੁੱਖ ਦੁਨੀਆ (ਦੇ ਬੰਦਿਆਂ) ਨੂੰ (ਵਿਕਾਰਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਹੁੰਦੇ ਹਨ, (ਜੇ ਵਿਕਾਰਾਂ ਤੋਂ ਬਚਣ ਦੀ ਲੋੜ ਹੈ ਤਾਂ) ਉਹਨਾਂ ਦੀ ਸਰਨ ਪਏ ਰਹੋ। ਹੇ ਪ੍ਰਭੂ! ਮੈਨੂੰ (ਭੀ) ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਦੇਹ।੨। ਹੇ ਪ੍ਰਭੂ! ਮੇਰੇ ਪੱਲੇ ਦਲੀਲ ਕਰਨ ਦੀ ਸਮਰਥਾ ਨਹੀਂ, ਮੇਰੇ ਅੰਦਰ ਕੋਈ ਸਿਆਣਪ ਨਹੀਂ, ਮੈਂ ਕੋਈ ਸੇਵਾ ਦੀ ਮੇਹਨਤ ਨਹੀਂ ਕੀਤੀ, (ਮੇਰੀ ਤਾਂ ਤੇਰੇ ਹੀ ਦਰ ਤੇ ਅਰਜ਼ੋਈ ਹੈ-ਹੇ ਪ੍ਰਭੂ!) ਮੈਨੂੰ ਭਟਕਣਾਂ ਤੋਂ, ਡਰਾਂ ਤੋਂ, ਮੋਹ ਤੋਂ ਬਚਾ ਲੈ (ਇਹ ਭਟਕਣ, ਇਹ ਡਰ, ਇਹ ਮੋਹ ਸਭ ਜਮ ਦੇ ਜਾਲ, ਜਮ ਦੇ ਵੱਸ ਪਾਣ ਵਾਲੇ ਹਨ, ਮੇਰਾ ਇਹ) ਜਮਾਂ ਦਾ ਜਾਲ ਕੱਟ ਦੇ।੩। ਹੇ ਤਰਸ ਦੇ ਸੋਮੇ! ਹੇ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ। ਹੇ ਨਾਨਕ! ਆਖ-ਹੇ ਪ੍ਰਭੂ! ਮੇਹਰ ਕਰ) ਸਾਧ ਸੰਗਤਿ ਵਿਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। (ਹੇ ਪ੍ਰਭੂ!) ਤੇਰੀ ਸਾਧ ਸੰਗਤਿ ਸੁਖਾਂ ਦਾ ਘਰ ਹੈ।੪।੧੧।੪੧। |
Sri Guru Granth Darpan, by Professor Sahib Singh |