ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 812

ਬਿਲਾਵਲੁ ਮਹਲਾ ੫ ॥ ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥ ਸੰਤ ਚਰਣ ਕਰ ਸੀਸੁ ਧਰਿ ਹਰਿ ਨਾਮੁ ਧਿਆਵਉ ॥੧॥ ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥ ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥੧॥ ਰਹਾਉ ॥ ਨੀਚ ਤੇ ਨੀਚੁ ਅਤਿ ਨੀਚੁ ਹੋਇ ਕਰਿ ਬਿਨਉ ਬੁਲਾਵਉ ॥ ਪਾਵ ਮਲੋਵਾ ਆਪੁ ਤਿਆਗਿ ਸੰਤਸੰਗਿ ਸਮਾਵਉ ॥੨॥ ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥ ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥੩॥ ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥੪॥੧੫॥੪੫॥ {ਪੰਨਾ 812}

ਪਦਅਰਥ: ਸ੍ਰਵਨੀ = ਕੰਨਾਂ ਨਾਲ। ਸੁਨਉ = ਸੁਨਉਂ, ਮੈਂ ਸੁਣਾਂ। ਜਸੁ = ਸਿਫ਼ਤਿ-ਸਾਲਾਹ। ਗਾਵਉ = ਗਾਵਉਂ, ਮੈਂ ਗਾਵਾਂ। ਕਰ = ਹੱਥ {ਬਹੁ-ਵਚਨ}ਸੀਸੁ = ਸਿਰ। ਧਰਿ = ਧਰ ਕੇ।੧।

ਕਰਿ = {ਕ੍ਰਿਆ}ਪ੍ਰਭ = ਹੇ ਪ੍ਰਭੂ! ਨਿਧਿ = ਨੌ ਖ਼ਜ਼ਾਨੇ। ਸਿਧਿ = ਅਠਾਰਾਂ ਸਿੱਧੀਆਂ। ਪਾਵਉ = ਪਾਵਉਂ। ਰੇਣੁਕਾ = ਚਰਨ = ਧੂੜ। ਮਾਥੈ = ਮੱਥੇ ਉਤੇ। ਲੈ = ਲੈ ਕੇ। ਲਾਵਉ = ਲਾਵਉਂ।੧।ਰਹਾਉ।

ਤੇ = ਤੋਂ। ਨੀਚ ਤੇ ਨੀਚੁ = ਨੀਵੇਂ ਤੋਂ ਨੀਵਾਂ। ਹੋਇ = ਹੋ ਕੇ। ਕਰਿ = ਕਰ ਕੇ। ਬਿਨਉ = ਬੇਨਤੀ। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾ = ਮਲੋਵਾਂ, ਮੈਂ ਮਲਾਂ, ਮੈਂ ਘੁੱਟਾਂ। ਆਪੁ = ਆਪਾ = ਭਾਵ। ਤਿਆਗਿ = ਤਿਆਗ ਕੇ। ਸੰਗਿ = ਸੰਗਤਿ ਵਿਚ। ਸਮਾਵਉ = ਸਮਾਵਉਂ।੨।

ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਨ = {अन्य} ਹੋਰ। ਅਨ ਕਤਹਿ = ਕਿਸੇ ਭੀ ਹੋਰ ਥਾਂ। ਧਾਵਉ = ਧਾਵਉਂ, ਮੈਂ ਦੌੜਾਂ, ਮੈਂ ਭਟਕਾਂ। ਸਫਲ = ਕਾਮਯਾਬ। ਸਫਲ ਦਰਸਨ = ਜਿਸ ਦਾ ਦਰਸਨ ਜੀਵਨ ਨੂੰ ਕਾਮਯਾਬ ਬਣਾਂਦਾ ਹੈ। ਭੇਟੀਐ = ਮਿਲ ਪਏ। ਮਿਟਾਵਉ = ਮਿਟਾਵਉਂ।੩।

ਬਨਾਵਉ = ਬਨਾਉਂ, ਮੈਂ ਬਣਾ ਲਵਾਂ। ਪ੍ਰਭ ਭਾਵਉ = ਪ੍ਰਭ ਭਾਵਉਂ, ਮੈਂ ਪ੍ਰਭੂ ਨੂੰ ਚੰਗਾ ਲੱਗਾਂ।੪।

ਅਰਥ: ਹੇ ਦਇਆ ਦੇ ਸੋਮੇ ਪ੍ਰਭੂ! ਮੇਹਰ ਕਰ, ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਲੈ ਕੇ ਆਪਣੇ ਮੱਥੇ ਉਥੇ (ਸਦਾ) ਲਾਂਦਾ ਰਹਾਂ। (ਮੈਂ ਤੇਰੇ ਦਰ ਤੋਂ) ਇਹ (ਦਾਤਿ) ਹਾਸਲ ਕਰ ਲਵਾਂ, (ਇਹੀ ਮੇਰੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੈ, ਇਹੀ ਮੇਰੇ ਵਾਸਤੇ ਅਠਾਰਾਂ) ਸਿੱਧੀਆਂ (ਹੈ) ੧।ਰਹਾਉ।

(ਹੇ ਪ੍ਰਭੂ! ਮੇਹਰ ਕਰ) ਮੈਂ ਆਪਣੇ ਕੰਨਾਂ ਨਾਲ ਸਦਾ (ਤੈਂ) ਹਰੀ ਦਾ ਨਾਮ ਸੁਣਦਾ ਰਹਾਂ, (ਤੈਂ) ਠਾਕੁਰ ਦੀ ਸਿਫ਼ਤਿ-ਸਾਲਾਹ ਗਾਂਦਾ ਰਹਾਂ। ਸੰਤਾਂ ਦੇ ਚਰਨਾਂ ਉਤੇ ਮੈਂ ਆਪਣੇ ਦੋਵੇਂ ਹੱਥ ਤੇ ਆਪਣਾ ਸਿਰ ਰੱਖ ਕੇ (ਤੈਂ) ਹਰੀ ਦਾ ਨਾਮ ਸਿਮਰਦਾ ਰਹਾਂ।੧।

(ਹੇ ਪ੍ਰਭੂ! ਮੇਹਰ ਕਰ) ਮੈਂ ਨੀਵੇਂ ਤੋਂ ਨੀਵਾਂ ਹੋ ਕੇ ਬਹੁਤ ਨੀਵਾਂ ਹੋ ਕੇ (ਸੰਤਾਂ ਅੱਗੇ) ਬੇਨਤੀ ਕਰ ਕੇ ਉਹਨਾਂ ਨੂੰ ਬੁਲਾਂਦਾ ਰਹਾਂ, ਮੈਂ ਆਪਾ-ਭਾਵ ਛੱਡ ਕੇ ਸੰਤਾਂ ਦੇ ਪੈਰ ਘੁੱਟਿਆ ਕਰਾਂ ਅਤੇ ਸੰਤਾਂ ਦੀ ਸੰਗਤਿ ਵਿਚ ਟਿਕਿਆ ਰਹਾਂ।੨।

(ਹੇ ਪ੍ਰਭੂ! ਮੇਹਰ ਕਰ) ਮੈਨੂੰ ਮੇਰੇ ਹਰੇਕ ਸਾਹ ਦੇ ਨਾਲ ਕਦੇ ਤੇਰਾ ਨਾਮ ਨਾਹ ਭੁੱਲੇ (ਗੁਰੂ ਦਾ ਦਰ ਛੱਡ ਕੇ) ਮੈਂ ਹੋਰ ਕਿਸੇ ਪਾਸੇ ਨਾਹ ਭਟਕਦਾ ਫਿਰਾਂ। (ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਨੂੰ ਉਹ ਗੁਰੂ ਮਿਲ ਪਏ, ਜਿਸ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, (ਗੁਰੂ ਦੇ ਦਰ ਤੇ ਟਿਕ ਕੇ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਾਂ, ਮੋਹ ਮਿਟਾਵਾਂ।੩।

(ਹੇ ਪ੍ਰਭੂ! ਮੇਹਰ ਕਰ) ਮੈਂ ਸਤ ਨੂੰ, ਸੰਤੋਖ ਨੂੰ, ਦਇਆ ਨੂੰ, ਧਰਮ ਨੂੰ, (ਆਪਣੇ ਆਤਮਕ ਜੀਵਨ ਦੀ) ਸਜਾਵਟ ਬਣਾਈ ਰੱਖਾਂ। ਹੇ ਨਾਨਕ (ਆਖ-ਜਿਵੇਂ) ਸੋਹਾਗਣ ਇਸਤ੍ਰੀ (ਆਪਣੇ ਪਤੀ ਨੂੰ ਪਿਆਰੀ ਲੱਗਦੀ ਹੈ, ਤਿਵੇਂ, ਜੇ ਉਸ ਦੀ ਮੇਹਰ ਹੋਵੇ, ਤਾਂ) ਕਾਮਯਾਬ ਜੀਵਨ ਵਾਲਾ ਬਣ ਕੇ ਆਪਣੇ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ।੪।੧੫।੪੫।

ਬਿਲਾਵਲੁ ਮਹਲਾ ੫ ॥ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ॥ ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ ॥੧॥ ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥ ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥੧॥ ਰਹਾਉ ॥ ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥ ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥੨॥ ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥ ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥੩॥ ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥ ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥੪॥੧੬॥੪੬॥ {ਪੰਨਾ 812}

ਪਦਅਰਥ: ਅਟਲ = ਕਦੇ ਨਾਹ ਟਲਣ ਵਾਲੇ। ਸਾਧੂ ਬਚਨ = ਗੁਰੂ ਦੇ ਬਚਨ। ਜਨਾ = ਹੇ ਭਾਈ! ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਪ੍ਰਗਟਾਇਆ = ਪਰਗਟ ਕਰ ਦਿੱਤਾ ਹੈ। ਸਾਧ ਸੰਗੁ = ਗੁਰੂ ਦਾ ਸੰਗ। ਤਿਸੁ = ਉਸ (ਮਨੁੱਖ) ਨੂੰ। ਭੈਟੇ = ਮਿਲ ਪੈਂਦਾ ਹੈ।੧।

ਪਰਤੀਤਿ = ਯਕੀਨ, ਨਿਸ਼ਚਾ। ਜਪਿ = ਜਪ ਕੇ। ਸਭਿ = ਸਾਰੇ ਜੀਵ। ਘਰਿ = ਘਰ ਵਿਚ, ਪ੍ਰਭੂ = ਚਰਨਾਂ ਵਿਚ।੧।ਰਹਾਉ।

ਸਹਸਾਇਆ = ਸਹਸਾ, ਸ਼ੱਕ। ਕਰਮ ਭੂਮਿ = ਕਰਮ (ਬੀਜਣ ਵਾਸਤੇ) ਧਰਤੀ, ਮਨੁੱਖਾ ਜਨਮ, ਮਨੁੱਖਾ ਸਰੀਰ। ਬੋਇ = ਬੀਜੋ। ਅਉਸਰੁ = ਮੌਕਾ, ਸਮਾ, ਮਨੁੱਖਾ ਜਨਮ ਦਾ ਸਮਾ। ਦੁਲਭਾਇਆ = ਮੁਸ਼ਕਿਲ ਨਾਲ ਮਿਲਣ ਵਾਲਾ।੨।

ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਪਤਿਤ = ਵਿਕਾਰੀ, (ਪਾਪਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿੱਤਰ। ਘਣੇ = ਅਨੇਕਾਂ, ਬਹੁਤ। ਬਿਰਦਾਇਆ = ਬਿਰਦਾ, ਮੁੱਢ = ਕਦੀਮਾਂ ਦਾ ਸੁਭਾਉ।੩।

ਮਾਨੁਖ ਜਨ = ਹੇ ਮਨੁੱਖੋ! ਮਾਇਆ ਭਰਮਾਇਆ = ਮਾਇਆ ਦੀ ਭਟਕਣਾ ਵਿਚ ਪੈ ਕੇ। ਪਤਿ = ਇੱਜ਼ਤ। ਪ੍ਰਭਿ = ਪ੍ਰਭੂ ਨੇ। ਪਹਿਰਾਇਆ = ਪਹਿਨਾਇਆ, ਸਿਰੋਪਾ ਦਿੱਤਾ, ਵਡਿਆਈ ਦਿੱਤੀ।੪।

ਅਰਥ: ਹੇ ਭਾਈ! ਸਾਰੇ ਜੀਵ (ਹੋਰ ਹੋਰ) ਅਨੇਕਾਂ ਗੱਲਾਂ ਕਰ ਕੇ ਥੱਕ ਜਾਂਦੇ ਹਨ (ਹੋਰ ਹੋਰ ਗੱਲਾਂ ਸਫਲ ਨਹੀਂ ਹੁੰਦੀਆਂ) , ਗੁਰੂ (ਹੀ) ਪ੍ਰਭੂ-ਚਰਨਾਂ ਵਿਚ (ਜੀਵ ਨੂੰ) ਲਿਆ ਜੋੜਦਾ ਹੈ। (ਗੁਰੂ ਹੀ) ਪਰਮਾਤਮਾ ਬਾਰੇ ਇਹ ਨਿਸ਼ਚਾ (ਜੀਵ ਦੇ ਅੰਦਰ ਪੈਦਾ ਕਰਦਾ ਹੈ ਕਿ) ਪਰਮਾਤਮਾ ਦਾ ਨਾਮ ਜਪ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰਦਾ ਹੈ।੧।ਰਹਾਉ।

ਹੇ ਭਾਈ! ਗੁਰੂ ਦੇ ਬਚਨ ਕਦੇ ਟਲਣ ਵਾਲੇ ਨਹੀਂ ਹਨ। ਗੁਰੂ ਨੇ ਸਾਰੇ ਜਗਤ ਵਿਚ ਇਹ ਗੱਲ ਪਰਗਟ ਸੁਣਾ ਦਿੱਤੀ ਹੈ ਕਿ ਜਿਸ ਮਨੁੱਖ ਨੂੰ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ, ਉਸ ਨੂੰ ਪ੍ਰਭੂ ਪਾਤਿਸ਼ਾਹ ਮਿਲ ਪੈਂਦਾ ਹੈ।੧।ਰਹਾਉ।

(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਉਸ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜੋ ਉਸ ਦੀ ਸਰਨ ਆ ਪੈਂਦਾ ਹੈ-ਇਸ ਵਿਚ ਰਤਾ ਭੀ ਸ਼ੱਕ ਨਹੀਂ। (ਇਸ ਵਾਸਤੇ, ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਪਰਮਾਤਮਾ ਦਾ ਨਾਮ ਬੀਜੋ। ਇਹ ਮੌਕਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ।੨।

(ਹੇ ਭਾਈ! ਗੁਰੂ ਦੱਸਦਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਸਾਰੀ ਸ੍ਰਿਸ਼ਟੀ ਉਵੇਂ ਹੀ ਕਰਦੀ ਹੈ ਜਿਵੇਂ ਪਰਮਾਤਮਾ ਪ੍ਰੇਰਦਾ ਹੈ। (ਸਰਨ ਪਏ) ਅਨੇਕਾਂ ਹੀ ਵਿਕਾਰੀਆਂ ਨੂੰ ਪਰਮਾਤਮਾ ਪਵਿੱਤਰ ਜੀਵਨ ਵਾਲਾ ਬਣਾ ਦੇਂਦਾ ਹੈ-ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।੩।

ਹੇ ਨਾਨਕ! ਆਖ-) ਹੇ ਮਨੁੱਖੋ! ਮਾਇਆ ਦੀ ਭਟਕਣਾ ਵਿਚ ਪੈ ਕੇ ਇਹ ਗੱਲ ਭੁੱਲ ਨਾਹ ਜਾਣੀ ਕਿ ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਵਡਿਆਈ ਬਖ਼ਸ਼ੀ, ਉਸ ਦੀ ਉਹ ਇੱਜ਼ਤ ਜ਼ਰੂਰ ਰੱਖ ਲੈਂਦਾ ਹੈ।੪।੧੬।੪੬।

ਬਿਲਾਵਲੁ ਮਹਲਾ ੫ ॥ ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥ ਅਨਿਕ ਛਿਦ੍ਰ ਮਨ ਮਹਿ ਢਕੇ ਨਿਰਮਲ ਦ੍ਰਿਸਟੇਹ ॥੧॥ ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥ ਪ੍ਰਭ ਤਜਿ ਰਚੇ ਜਿ ਆਨ ਸਿਉ ਸੋ ਰਲੀਐ ਖੇਹ ॥੧॥ ਰਹਾਉ ॥ ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ ॥ ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ ॥੨॥ ਜਿਨਿ ਅਨਿਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ॥ ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ ॥੩॥ ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ ॥ ਦਾਸ ਦਾਸ ਕੋ ਦਾਸਰਾ ਨਾਨਕ ਕਰਿ ਲੇਹ ॥੪॥੧੭॥੪੭॥ {ਪੰਨਾ 812}

ਪਦਅਰਥ: ਤੇ = ਤੋਂ। ਜਿਨਿ = ਜਿਸ (ਪਰਮਾਤਮਾ) ਨੇ। ਸਾਜਿਆ = ਬਣਾਇਆ। ਦੇਹ = ਸਰੀਰ। ਛਿਦ੍ਰ = ਐਬ। ਦ੍ਰਿਸਟੇਹ = ਵੇਖਣ ਨੂੰ।੧।

ਮਨੈ ਤੇ = ਮਨ ਤੋਂ। ਜਿਸ ਕੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}ਜਿ = ਜੇਹੜਾ ਮਨੁੱਖ। ਤਜਿ = ਛੱਡ ਕੇ। ਆਨ ਸਿਉ = {अन्य} ਹੋਰ ਨਾਲ। ਖੇਹ = ਮਿੱਟੀ।੧।ਰਹਾਉ।

ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਿਲਮ = ਦੇਰ, ਢਿੱਲ। ਮਤ ਕਰੇਹ = ਮਤਾਂ ਕਰੋ, ਨਾਹ ਕਰਨੀ। ਪ੍ਰਪੰਚ = {प्रपंच} ਇਹ ਦਿੱਸਦਾ ਜਗਤ। ਕੂੜੇ = ਝੂਠੇ, ਨਾਸਵੰਤ।੨।

ਹੋਸੀ = ਕਾਇਮ ਰਹੇਗਾ। ਸੇਵਾ = ਭਗਤੀ। ਤੇ = ਤੋਂ। ਮਤਿ = ਅਕਲ, ਸਿੱਖਿਆ।੩।

ਸਭ ਸੰਗਿ = ਸਾਰੀ ਸ੍ਰਿਸ਼ਟੀ ਦੇ ਨਾਲ। ਬਰਨੇਹ = ਬਿਆਨ ਕੀਤਾ ਜਾਂਦਾ ਹੈ। ਕੋ = ਦਾ। ਦਾਸਰਾ = ਨਿੱਕਾ ਜਿਹਾ ਦਾਸ। ਕਰਿ ਲੇਹ = ਬਣਾ ਲੈ।੪।

ਅਰਥ: ਹੇ ਭਾਈ! ਜਿਸ ਪਰਮਾਤਮਾ ਨੇ (ਜੀਵ ਦਾ) ਦੁਰਲੱਭ ਮਨੁੱਖਾ ਸਰੀਰ ਬਣਾ ਕੇ ਮਿੱਟੀ ਤੋਂ ਇਸ ਨੂੰ ਪੈਦਾ ਕਰ ਦਿੱਤਾ, ਉਸ ਨੇ ਹੀ ਜੀਵ ਦੇ ਅਨੇਕਾਂ ਹੀ ਐਬ ਉਸ ਦੇ ਮਨ ਵਿਚ ਲੁਕਾ ਰੱਖੇ ਹਨ, ਜੀਵ ਦਾ ਸਰੀਰ ਫਿਰ ਭੀ ਸਾਫ਼-ਸੁਥਰਾ ਦਿੱਸਦਾ ਹੈ।੧।

ਹੇ ਭਾਈ! ਜਿਸ (ਪਰਮਾਤਮਾ) ਦੇ ਇਹ (ਅਨੇਕਾਂ) ਗੁਣ ਹਨ, ਉਹ ਸਾਡੇ ਮਨ ਤੋਂ ਕਦੇ ਭੀ ਭੁੱਲਣਾ ਨਹੀਂ ਚਾਹੀਦਾ। ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਛੱਡ ਕੇ ਹੋਰ ਹੋਰ ਪਦਾਰਥਾਂ ਨਾਲ ਮੋਹ ਬਣਾਂਦਾ ਹੈ, ਉਹ ਮਿੱਟੀ ਵਿਚ ਰਲ ਜਾਂਦਾ ਹੈ (ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ) ੧।ਰਹਾਉ।

ਹੇ ਭਾਈ! ਹਰੇਕ ਸਾਹ ਦੇ ਨਾਲ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ। ਵੇਖਣਾ, ਰਤਾ ਭੀ ਢਿੱਲ ਨਾਹ ਕਰਨੀ। ਹੇ ਭਾਈ! ਦੁਨੀਆ ਦੇ ਨਾਸਵੰਤ ਪਦਾਰਥਾਂ ਦਾ ਪਿਆਰ ਤਿਆਗ ਕੇ, ਦਿੱਸਦੇ ਜਗਤ ਦਾ ਮੋਹ ਛੱਡ ਕੇ, ਪਰਮਾਤਮਾ ਨਾਲ ਪਿਆਰ ਬਣਾਈ ਰੱਖੋ।੨।

ਹੇ ਭਾਈ! ਜਿਸ ਇੱਕ ਪਰਮਾਤਮਾ ਨੇ (ਆਪਣੇ ਆਪ ਤੋਂ ਜਗਤ ਦੇ) ਇਹ ਅਨੇਕਾਂ ਬਹੁਤ ਰੰਗ ਬਣਾ ਦਿੱਤੇ ਹਨ, ਉਹ ਹੁਣ ਭੀ (ਹਰ ਥਾਂ) ਮੌਜੂਦ ਹੈ, ਅਗਾਂਹ ਨੂੰ ਭੀ (ਸਦਾ) ਕਾਇਮ ਰਹੇਗਾ। ਗੁਰੂ ਤੋਂ ਸਿੱਖਿਆ ਲੈ ਕੇ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ।੩।

ਹੇ ਭਾਈ! ਉਹ ਪ੍ਰਭੂ (ਜਗਤ ਦੀਆਂ) ਉੱਚੀਆਂ ਤੋ ਉੱਚੀਆਂ ਹਸਤੀਆਂ ਨਾਲੋਂ ਭੀ ਉੱਚਾ ਹੈ, ਵੱਡਿਆਂ ਤੋਂ ਭੀ ਵੱਡਾ ਹੈ, ਉਂਞ ਉਹ ਸਾਰੇ ਜੀਵਾਂ ਦੇ ਨਾਲ (ਵੱਸਦਾ ਭੀ) ਦੱਸਿਆ ਜਾਂਦਾ ਹੈ।

ਹੇ ਨਾਨਕ! ਉਸ ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ ਆਖ-ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਛੋਟਾ ਜਿਹਾ ਦਾਸ ਬਣਾ ਲੈ।੪।੧੭।੪੭।

ਬਿਲਾਵਲੁ ਮਹਲਾ ੫ ॥ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ॥ ਸਭ ਊਪਰਿ ਸਮਰਥ ਪ੍ਰਭ ਪੂਰਨ ਗੁਣਤਾਸ ॥੧॥ ਜਨ ਕਾ ਨਾਮੁ ਅਧਾਰੁ ਹੈ ਪ੍ਰਭ ਸਰਣੀ ਪਾਹਿ ॥ ਪਰਮੇਸਰ ਕਾ ਆਸਰਾ ਸੰਤਨ ਮਨ ਮਾਹਿ ॥੧॥ ਰਹਾਉ ॥ ਆਪਿ ਰਖੈ ਆਪਿ ਦੇਵਸੀ ਆਪੇ ਪ੍ਰਤਿਪਾਰੈ ॥ ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮ੍ਹ੍ਹਾਰੈ ॥੨॥ ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ ॥ ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ ॥੩॥ ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ ॥ ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ ॥੪॥੧੮॥੪੮॥ {ਪੰਨਾ 812-813}

ਪਦਅਰਥ: ਟੇਕ = ਓਟ। ਅਨ = {अन्य} ਹੋਰ। ਸਮਰਥ = ਤਾਕਤ ਰੱਖਣ ਵਾਲਾ। ਗੁਣ ਤਾਸ = ਗੁਣਾਂ ਦਾ ਖ਼ਜ਼ਾਨਾ।੧।

ਜਨ = ਦਾਸ, ਸੇਵਕ। ਅਧਾਰੁ = ਆਸਰਾ। ਪਾਹਿ = (ਦਾਸ) ਪੈਂਦੇ ਹਨ। ਮਾਹਿ = ਵਿਚ।੧।ਰਹਾਉ।

ਆਪਿ = ਪ੍ਰਭੂ ਆਪ। ਪ੍ਰਤਿਪਾਰੈ = ਪਾਲਦਾ ਹੈ। ਕ੍ਰਿਪਾ ਨਿਧੇ = ਕਿਰਪਾ ਦਾ ਖ਼ਜ਼ਾਨਾ। ਸਾਸਿ ਸਾਸਿ = (ਜੀਵ ਦੇ) ਹਰੇਕ ਸਾਹ ਦੇ ਨਾਲ। ਸਮ੍ਹ੍ਹਾਰੈ = ਸੰਭਾਲ ਕਰਦਾ ਹੈ।੨।

ਕਰਣਹਾਰੁ = ਸਭ ਕੁਝ ਕਰ ਸਕਣ ਵਾਲਾ। ਸਾਈ = ਉਹੀ। ਗੁਰਿ ਪੂਰੈ = ਪੂਰੇ ਗੁਰੂ ਨੇ। ਰਜਾਈ = ਰਜ਼ਾਈ, ਰਜ਼ਾ ਵਿਚ (ਰਿਹਾਂ) ੩।

ਤਜਿ = ਛੱਡ ਕੇ। ਜਨਿ = ਦਾਸ ਨੇ। ਰੰਗਿ = ਰੰਗ ਵਿਚ, ਪਿਆਰ ਵਿਚ।੪।

ਅਰਥ: ਹੇ ਭਾਈ! ਪਰਮਾਤਮਾ ਦੇ ਸੇਵਕਾਂ (ਦੀ ਜ਼ਿੰਦਗੀ) ਦਾ ਆਸਰਾ ਪਰਮਾਤਮਾ ਦਾ ਨਾਮ (ਹੀ ਹੁੰਦਾ) ਹੈ, ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਸੇਵਕਾਂ ਦੇ ਮਨ ਵਿਚ ਸਦਾ ਪਰਮਾਤਮਾ (ਦੇ ਨਾਮ) ਦਾ ਹੀ ਸਹਾਰਾ ਹੁੰਦਾ ਹੈ।੧।ਰਹਾਉ।

ਹੇ ਭਾਈ! ਪ੍ਰਭੂ ਦੇ ਭਗਤ ਇਕ ਪ੍ਰਭੂ ਦੀ ਹੀ ਓਟ ਲੈਂਦੇ ਹਨ, ਹੋਰ (ਆਸਰਿਆਂ ਦੀ) ਆਸ ਛੱਡ ਦੇਂਦੇ ਹਨ। (ਉਹਨਾਂ ਨੂੰ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਸਭ ਜੀਵਾਂ ਉਤੇ ਤਾਕਤ ਰੱਖਣ ਵਾਲਾ ਹੈ, ਸਭ ਤਾਕਤਾਂ ਨਾਲ ਭਰਪੂਰ ਹੈ, ਸਭ ਗੁਣਾਂ ਦਾ ਖ਼ਜ਼ਾਨਾ ਹੈ।੧।

(ਹੇ ਭਾਈ! ਸੰਤ ਜਨਾਂ ਨੂੰ ਯਕੀਨ ਹੈ ਕਿ) ਪਰਮਾਤਮਾ ਆਪ ਹਰੇਕ ਜੀਵ ਦੀ ਰੱਖਿਆ ਕਰਦਾ ਹੈ, ਆਪ ਹਰੇਕ ਦਾਤਿ ਦੇਂਦਾ ਹੈ, ਆਪ ਹੀ (ਹਰੇਕ ਦੀ) ਪਾਲਣਾ ਕਰਦਾ ਹੈ, ਪ੍ਰਭੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਸੋਮਾ ਹੈ, ਤੇ, (ਹਰੇਕ ਜੀਵ ਦੇ) ਹਰੇਕ ਸਾਹ ਨਾਲ ਸੰਭਾਲ ਕਰਦਾ ਹੈ।੨।

ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਸਹੀ ਜੀਵਨ ਦੀ) ਸਿੱਖਿਆ ਦਿੱਤੀ (ਉਸ ਨੂੰ ਯਕੀਨ ਬਣ ਗਿਆ ਕਿ) ਮਾਲਕ-ਪ੍ਰਭੂ ਦੀ ਰਜ਼ਾ ਵਿਚ ਰਿਹਾਂ ਹੀ ਸੁਖ ਮਿਲਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਜੋ ਕੁਝ ਕਰ ਰਿਹਾ ਹੈ ਉਹੀ ਜੀਵਾਂ ਦੀ ਭਲਾਈ ਵਾਸਤੇ ਹੈ।੩।

ਹੇ ਨਾਨਕ! ਪਰਮਾਤਮਾ ਦੇ ਦਾਸ ਨੇ (ਦੁਨੀਆ ਵਾਲੇ) ਚਿੰਤਾ ਫ਼ਿਕਰ ਝੋਰੇ ਛੱਡ ਕੇ ਸਦਾ ਪਰਮਾਤਮਾ ਦੇ ਹੁਕਮ ਨੂੰ (ਹੀ ਆਪਣੇ ਭਲੇ ਵਾਸਤੇ) ਪਛਾਣਿਆ ਹੈ। ਪ੍ਰਭੂ ਦਾ ਦਾਸ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਯਕੀਨ ਹੈ ਕਿ) ਪ੍ਰਭੂ ਕਦੇ ਮਰਦਾ ਨਹੀਂ, ਅਤੇ ਹੀ ਆਪਣੇ ਸੇਵਕ ਦਾ ਸਾਥ ਛੱਡਦਾ ਹੈ।੪।੧੮।੪੮।

TOP OF PAGE

Sri Guru Granth Darpan, by Professor Sahib Singh