ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 813

ਬਿਲਾਵਲੁ ਮਹਲਾ ੫ ॥ ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥੧॥ ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥ ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥੧॥ ਰਹਾਉ ॥ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ ॥ ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ ॥੨॥ ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ ॥ ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ ॥੩॥ ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ॥ ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ ॥੪॥੧੯॥੪੯॥ {ਪੰਨਾ 813}

ਪਦਅਰਥ: ਤਪਤਿ = (ਵਿਕਾਰਾਂ ਦੀ) ਤਪਸ਼। ਸਾਂਤਿ = ਸ਼ਾਂਤੀ, ਸੀਤਲਤਾ। ਪਰਸਤ = ਛੁੰਹਦਿਆਂ। ਅੰਧ ਕੂਪ = ਹਨੇਰਾ ਖੂਹ। ਦੇ = ਦੇ ਕੇ।੧।

ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਸੰਤ ਜਨ। ਸਾਜਨਾ = ਸੱਜਣ, ਮਿੱਤਰ। ਰੇਨ = ਚਰਨ = ਧੂੜ। ਭੇਟਤ = ਮਿਲਿਆਂ। ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇਨ = ਦੇਨਿ, ਦੇਂਦੇ ਹਨ।੧।ਰਹਾਉ।

ਪਰਾ ਪੂਰਬਲਾ = ਬਹੁਤ ਜਨਮਾਂ ਦਾ। ਅਬ = ਹੁਣ ਜਦੋਂ ਹਰਿ = ਸਾਧ ਮਿਲਿਆ ਹੈ। ਸੰਗਿ = ਨਾਲ। ਹਰਿ ਸਾਧ ਕੈ ਸੰਗਿ = ਪ੍ਰਭੂ ਦੇ ਭਗਤ ਨਾਲ। ਆਸਾਇ = ਆਸਾਂ।੨।

ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਤਿਹੁ ਲੋਕ ਕੇ = ਤਿੰਨਾਂ ਭਵਨਾਂ ਦੇ, ਸਾਰੇ ਜਗਤ ਦੇ। ਸੁਖ ਥਾਨ = ਸੁਖ ਦੇਣ ਵਾਲਾ ਥਾਂ, ਸਾਧ ਸੰਗਤਿ। ਗੁਰਿ = ਗੁਰੂ ਨੇ। ਸਮਰਥ = ਸਭ ਕੁਝ ਕਰ ਸਕਣ ਵਾਲਾ। ਮਨਿ = ਮਨ ਵਿਚ।੩।

ਟੇਕ = ਓਟ, ਸਹਾਰਾ। ਪ੍ਰਭ = ਹੇ ਪ੍ਰਭੂ! ਆਧਾਰ = ਆਸਰਾ। ਕਰਣ ਕਾਰਣ = ਜਗਤ ਦਾ ਕਾਰਨ, ਜਗਤ ਦਾ ਮੂਲ। ਅਗਮ = ਅਪਹੁੰਚ। ਅਪਾਰ = ਬੇਅੰਤ।੪।

ਅਰਥ: ਹੇ ਭਾਈ! ਜਿਨ੍ਹਾਂ ਨੂੰ ਮਿਲਿਆਂ (ਮੇਰਾ ਮਨ) ਆਨੰਦ ਨਾਲ ਭਰਪੂਰ ਹੋ ਜਾਂਦਾ ਹੈ, ਜੇਹੜੇ (ਮੈਨੂੰ) ਆਤਮਕ ਜੀਵਨ ਦੀ ਦਾਤਿ ਦੇਂਦੇ ਹਨ, ਉਹ (ਸੰਤ ਜਨ ਹੀ) ਮੇਰੇ (ਅਸਲ) ਮਿੱਤਰ ਹਨ, ਮੈਂ ਉਹਨਾਂ ਦੇ ਚਰਨਾਂ ਦੀ ਧੂੜ (ਲੋਚਦਾ) ਹਾਂ।੧।ਰਹਾਉ।

ਹੇ ਭਾਈ! ਉਹਨਾਂ ਸੰਤ ਜਨਾਂ ਦੇ ਪੈਰ) ਪਰਸਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਮਨ ਵਿਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਜਾਂਦੀ ਹੈ। ਜੇਹੜੇ ਮਨੁੱਖ (ਵਿਕਾਰਾਂ ਪਾਪਾਂ ਦੇ) ਘੁੱਪ ਹਨੇਰੇ ਖੂਹ ਵਿਚ ਗਲ-ਸੜ ਰਹੇ ਹੁੰਦੇ ਹਨ, ਉਹਨਾਂ ਨੂੰ (ਉਹ ਸੰਤ ਜਨ ਆਪਣਾ) ਹੱਥ ਦੇ ਕੇ (ਉਸ ਖੂਹ ਵਿਚੋਂ) ਕੱਢ ਲੈਂਦੇ ਹਨ।੧।

ਹੇ ਭਾਈ! ਇਸ ਮਨੁੱਖਾ ਜਨਮ ਵਿਚ (ਜਦੋਂ ਕਿਸੇ ਮਨੁੱਖ ਨੂੰ ਕੋਈ ਸੰਤ ਜਨ ਮਿਲ ਪੈਂਦਾ ਹੈ, ਤਾਂ) ਬੜੇ ਪੂਰਬਲੇ ਜਨਮ ਤੋਂ ਉਸ ਦੇ ਮੱਥੇ ਉਤੇ ਲਿਖਿਆ ਲੇਖ ਉਘੜ ਪੈਂਦਾ ਹੈ। ਪ੍ਰਭੂ ਦੇ ਸੇਵਕ-ਜਨ ਦੀ ਸੰਗਤਿ ਵਿਚ ਵੱਸਦਿਆਂ (ਉਸ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ।੨।

ਹੇ ਭਾਈ! ਸਭ ਕੁਝ ਕਰ ਸਕਣ ਵਾਲੇ ਗੁਰੂ ਨੇ ਜਿਸ ਮਨੁੱਖ ਉਤੇ ਦਇਆ ਕੀਤੀ, ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਾਰੇ ਜਗਤ ਨੂੰ ਡਰਾਣ ਵਾਲੇ (ਉਸ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਸ ਨੂੰ ਸੁਖਾਂ ਦਾ ਟਿਕਾਣਾ (ਸਾਧ-ਸੰਗ) ਮਿਲ ਜਾਂਦਾ ਹੈ।੩।

ਹੇ ਜਗਤ ਦੇ ਮੂਲ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਅਪਹੁੰਚ ਹਰੀ! ਹੇ ਬੇਅੰਤ ਹਰੀ! ਨਾਨਕ ਦੀ ਤੂੰ ਹੀ ਓਟ ਹੈਂ, ਨਾਨਕ ਦਾ ਤੂੰ ਹੀ ਆਸਰਾ ਹੈਂ (ਮੈਨੂੰ ਨਾਨਕ ਨੂੰ ਭੀ ਗੁਰੂ ਮਿਲਾ, ਸੰਤ ਜਨ ਮਿਲਾ) ੪।੧੯।੪੯।

ਬਿਲਾਵਲੁ ਮਹਲਾ ੫ ॥ ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥ ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥ ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥ ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥ ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥ ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥ ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥ ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥ {ਪੰਨਾ 813}

ਪਦਅਰਥ: ਸੋਈ = ਉਹੀ ਮਨੁੱਖ। ਮਲੀਨੁ = ਮੈਲਾ, ਗੰਦਾ। ਦੀਨੁ = ਕੰਗਾਲ। ਹੀਨੁ = ਨੀਚ। ਆਪੁ = ਆਪਣੇ ਆਪ ਨੂੰ। ਗਨੈ = ਸਮਝਦਾ ਹੈ, ਖ਼ਿਆਲ ਕਰਦਾ ਹੈ। ਬਿਗਾਨਾ = ਬੇ = ਗਿਆਨਾ, ਮੂਰਖ।੧।

ਤਦੇ = ਤਦੋਂ ਹੀ। ਜਦਿ = ਜਦੋਂ। ਚਿਤਿ = ਚਿੱਤ ਵਿਚ। ਪ੍ਰਭ ਚਿਤਿ ਆਏ = ਪ੍ਰਭੂ ਚਿੱਤ ਵਿਚ ਆਇਆਂ। ਗਾਏ = ਗਾਂਦਾ ਹੈ।੧।ਰਹਾਉ।

ਤੇ = ਤੋਂ। ਖਿਨ ਮਹਿ = ਤੁਰਤ। ਥਾਪੈ = ਗੱਦੀ ਤੇ ਬਿਠਾ ਦੇਂਦਾ ਹੈ, ਇੱਜ਼ਤ ਵਾਲਾ ਬਣਾ ਦੇਂਦਾ ਹੈ। ਠਾਕੁਰ ਪਰਤਾਪੈ = ਠਾਕੁਰ ਦੇ ਪਰਤਾਪ ਦੀ।੨।

ਲੀਲਾ = ਖੇਲ ਤਮਾਸੇ। ਸੁਪਨੇ ਕਾ ਸੁਪਨਾ ਭਇਆ = ਜੇਹੜੀ ਚੀਜ਼ ਹੈ ਹੀ ਸੀ ਸੁਪਨਾ, ਉਹ ਆਖ਼ਰ ਸੁਪਨਾ ਹੀ ਬਣ ਗਈ। ਸੰਗਿ = ਨਾਲ। ਕਮਾਇਆ = ਕੀਤੇ ਹੋਏ ਕਰਮ।੩।

ਕਰਣ ਕਾਰਣ = ਹੇ ਜਗਤ ਦੇ ਰਚਨਹਾਰ! ਕਰਣ = ਜਗਤ। ਦਿਨਸੁ ਰੈਣਿ = ਦਿਨ ਰਾਤ। ਨਾਨਕੁ ਜਪੈ = ਨਾਨਕ ਜਪਦਾ ਹੈ {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣ = ਜੋਗ ਹੈ}ਸਦ ਸਦ = ਸਦਾ ਹੀ। ਬਲਿ ਜਾਈ = ਸਦਕੇ ਜਾਂਦਾ ਹੈ।੪।

ਅਰਥ: (ਹੇ ਭਾਈ! ਮਨੁੱਖ ਨੂੰ) ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ (ਸਦਾ) ਸੁਖ ਪ੍ਰਤੀਤ ਹੁੰਦਾ ਹੈ। ਪ੍ਰਭੂ ਦਾ ਸੇਵਕ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਸੇਵਕਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ।੧।ਰਹਾਉ।

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ। ਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ।੧।

(ਪਰ, ਹੇ ਭਾਈ! ਯਾਦ ਰੱਖ) ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ। ਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।੨।

(ਹੇ ਭਾਈ! ਦੁਨੀਆ ਦੇ) ਖੇਲ-ਤਮਾਸ਼ੇ (ਦੁਨੀਆ ਦੇ) ਰੰਗ ਰੂਪ ਵੇਖਦਿਆਂ ਵੇਖਦਿਆਂ (ਹੀ ਮਨੁੱਖ ਦਾ ਦੁਨੀਆ ਤੋਂ) ਤੁਰਨ ਦਾ ਦਿਨ ਆ ਪਹੁੰਚਦਾ ਹੈ। ਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ।੩।

ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਤੇਰਾ ਦਾਸ ਨਾਨਕ) ਤੇਰੀ ਸਰਣ ਆਇਆ ਹੈ। ਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ।੪।੨੦।੫੦।

ਬਿਲਾਵਲੁ ਮਹਲਾ ੫ ॥ ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ ॥ ਬਾਰਿ ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ ॥੧॥ ਕਰਉ ਮਨੋਰਥ ਮਨੈ ਮਾਹਿ ਅਪਨੇ ਪ੍ਰਭ ਤੇ ਪਾਵਉ ॥ ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥੧॥ ਰਹਾਉ ॥ ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ॥ ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ ॥੨॥ ਜਬ ਭਗਤਿ ਕਰਹਿ ਸੰਤ ਮੰਡਲੀ ਤਿਨ੍ਹ੍ਹ ਮਿਲਿ ਹਰਿ ਗਾਵਉ ॥ ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ ॥੩॥ ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ ॥ ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉ ॥੪॥੨੧॥੫੧॥ {ਪੰਨਾ 813}

ਪਦਅਰਥ: ਢੋਵਉ = ਢੋਵਉਂ, ਮੈਂ ਢੋਵਾਂ। ਇਹ ਸੀਸ ਕਰਿ = ਇਸ ਸਿਰ ਨਾਲ। ਕਰ = ਹੱਥਾਂ ਨਾਲ {ਕਰਣ ਕਾਰਕ, ਬਹੁ-ਵਚਨ}ਪਗ = {ਬਹੁ-ਵਚਨ} ਦੋਵੇਂ ਪੈਰ। ਪਖਲਾਵਉ = ਪਖਲਾਵਉਂ, ਮੈਂ ਧੋਵਾਂ। ਬਾਰਿ ਜਾਉ = ਬਾਰਿ ਜਾਉਂ, ਮੈਂ ਕੁਰਬਾਨ ਜਾਵਾਂ। ਬੇਰੀਆ = ਵਾਰੀ। ਪੇਖਿ = ਵੇਖ ਕੇ। ਜੀਵਾਵਉ = ਜੀਵਾਵਉਂ (ਆਪਣੇ ਅੰਦਰ) ਮੈਂ ਆਤਮਕ ਜੀਵਨ ਪੈਦਾ ਕਰਾਂ।੧।

ਕਰਉ = ਕਰਉਂ, ਮੈਂ ਕਰਾਂ। ਮਨੋਰਥ = ਲੋੜ, ਮੰਗ। ਤੇ = ਤੋਂ। ਪਾਵਉ = ਪਾਵਉਂ। ਦੇਉ = ਦੇਉਂ, ਮੈਂ ਦਿਆਂ। ਸੂਹਨੀ = ਝਾੜੂ। ਸਾਧ ਕੈ = ਗੁਰੂ ਦੇ ਘਰ ਵਿਚ। ਬੀਜਨੁ = ਪੱਖਾ। ਢੋਲਾਵਉ = ਢੋਲਾਵਉਂ, ਮੈਂ ਝੱਲਾਂ।੧।ਰਹਾਉ।

ਅੰਮ੍ਰਿਤ ਗੁਣ = ਆਤਮਕ ਜੀਵਨ ਦੇਣ ਵਾਲੇ ਹਰਿ = ਗੁਣ। ਸੁਣਿ = ਸੁਣ ਕੇ। ਮਨਹਿ = ਮਨ ਨੂੰ। ਪੀਵਾਵਉ = ਪੀਲਾਵਉਂ। ਸਾਤਿ = ਸ਼ਾਂਤੀ, ਸ਼ਾਂਤਿ। ਤ੍ਰਿਪਤਿ = ਰਜੇਵਾਂ। ਬਿਖੈ ਜਲਨਿ = ਵਿਸ਼ਿਆਂ ਦੀ ਸੜਨ। ਬੁਝਾਵਉ = ਬੁਝਾਵਉਂ।੨।

ਕਰਹਿ = ਕਰਦੇ ਹਨ। ਸੰਤ ਮੰਡਲੀ = ਸਤਸੰਗੀ। ਮਿਲਿ = ਮਿਲ ਕੇ। ਗਾਵਉ = ਗਾਵਉਂ। ਮੁਖਿ = ਮੂੰਹ ਉਤੇ, ਮੱਥੇ ਉਤੇ। ਲਾਵਉ = ਲਾਵਉਂ, ਮੈਂ ਲਾਵਾਂ।੩।

ਜਪਉ = ਜਪਉਂ, ਮੈਂ ਜਪਾਂ। ਕਰਮੁ = ਕੰਮ। ਕਮਾਵਉ = ਕਮਾਵਉਂ, ਮੈਂ ਕਰਾਂ। ਪ੍ਰਭ = ਹੇ ਪ੍ਰਭੂ! ਸਮਾਵਉ = ਸਮਾਵਉਂ, ਮੈਂ ਲੀਨ ਰਹਾਂ।੪।

ਅਰਥ: (ਹੇ ਭਾਈ! ਮੇਰੀ ਸਦਾ ਇਹੀ ਅਰਜ਼ੋਈ ਹੈ ਕਿ) ਮੈਂ ਜੇਹੜੀ ਭੀ ਮੰਗ ਆਪਣੇ ਮਨ ਵਿਚ ਕਰਾਂ, ਉਹ ਮੰਗ ਮੈਂ ਆਪਣੇ ਪਰਮਾਤਮਾ ਤੋਂ ਪ੍ਰਾਪਤ ਕਰ ਲਵਾਂ, ਮੈਂ ਗੁਰੂ ਦੇ ਘਰ ਵਿਚ (ਸਾਧ ਸੰਗਤਿ ਵਿਚ) ਝਾੜੂ ਦਿਆ ਕਰਾਂ ਅਤੇ ਪੱਖਾਂ ਝੱਲਿਆ ਕਰਾਂ।੧।ਰਹਾਉ।

(ਹੇ ਭਾਈ! ਮੇਰੀ ਇਹ ਤਾਂਘ ਹੈ ਕਿ ਗੁਰੂ ਦੇ ਘਰ ਵਿਚ) ਮੈਂ ਆਪਣੇ ਸਿਰ ਨਾਲ ਪਾਣੀ ਢੋਇਆ ਕਰਾਂ, ਅਤੇ ਆਪਣੇ ਹੱਥਾਂ ਨਾਲ (ਸੰਤ ਜਨਾਂ ਦੇ) ਪੈਰ ਧੋਇਆ ਕਰਾਂ, ਮੈਂ ਲੱਖਾਂ ਵਾਰੀ (ਗੁਰੂ ਤੋਂ) ਸਦਕੇ ਜਾਵਾਂ ਅਤੇ (ਗੁਰੂ ਦੀ ਸੰਗਤਿ ਦਾ) ਦਰਸਨ ਕਰ ਕੇ (ਆਪਣੇ ਅੰਦਰ) ਆਤਮਕ ਜੀਵਨ ਪੈਦਾ ਕਰਦਾ ਰਹਾਂ।੧।

(ਹੇ ਭਾਈ! ਮੇਰੀ ਇਹ ਅਰਦਾਸਿ ਹੈ ਕਿ ਸਾਧ ਸੰਗਤਿ ਵਿਚ) ਸੰਤ ਜਨ ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਜੋ ਗੁਣ ਉਚਾਰਦੇ ਹਨ, ਉਹਨਾਂ ਨੂੰ ਸੁਣ ਕੇ ਮੈਂ ਆਪਣੇ ਮਨ ਨੂੰ (ਨਾਮ-ਅੰਮ੍ਰਿਤ) ਪਿਲਾਇਆ ਕਰਾਂ, (ਨਾਮ-ਅੰਮ੍ਰਿਤ ਦੇ) ਉਸ ਸੁਆਦ ਵਿਚ (ਮੇਰੇ ਅੰਦਰ) ਸ਼ਾਂਤੀ ਅਤੇ (ਤ੍ਰਿਸ਼ਨਾ ਤੋਂ) ਰਜੇਵਾਂ ਪੈਦਾ ਹੋਵੇ, (ਨਾਮ-ਅੰਮ੍ਰਿਤ ਦੀ ਸਹਾਇਤਾ ਨਾਲ) ਮੈਂ (ਆਪਣੇ ਅੰਦਰੋਂ) ਵਿਸ਼ਿਆਂ ਦੀ ਸੜਨ ਬੁਝਾਂਦਾ ਰਹਾਂ।੨।

(ਹੇ ਭਾਈ! ਮੇਰੀ ਇਹੀ ਅਰਦਾਸਿ ਹੈ ਕਿ) ਜਦੋਂ ਸੰਤ ਜਨ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨਾਲ ਮਿਲ ਕੇ ਮੈਂ ਭੀ ਪਰਮਾਤਮਾ ਦੇ ਗੁਣ ਗਾਇਆ ਕਰਾਂ, ਮੈਂ ਸੰਤ ਜਨਾਂ ਅੱਗੇ ਸਿਰ ਨਿਵਾਇਆ ਕਰਾਂ, ਅਤੇ ਉਹਨਾਂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉੱਤੇ ਲਾਇਆ ਕਰਾਂ।੩।

ਹੇ ਪ੍ਰਭੂ! ਤੇਰੇ ਦਰ ਤੇ) ਨਾਨਕ ਦੀ ਇਹੀ ਬੇਨਤੀ ਹੈ ਕਿ ਉਠਦਿਆਂ ਬੈਠਦਿਆਂ (ਹਰ ਵੇਲੇ) ਮੈਂ (ਤੇਰਾ) ਨਾਮ ਜਪਿਆ ਕਰਾਂ, ਮੈਂ ਇਸ ਕੰਮ ਨੂੰ (ਹੀ ਸ੍ਰੇਸ਼ਟ ਜਾਣ ਕੇ ਨਿੱਤ) ਕਰਿਆ ਕਰਾਂ, ਅਤੇ, ਹੇ ਹਰੀ! ਮੈਂ ਤੇਰੇ ਹੀ ਚਰਨਾਂ ਵਿਚ ਲੀਨ ਰਹਾਂ।੪।੨੧।੫੧।

ਬਿਲਾਵਲੁ ਮਹਲਾ ੫ ॥ ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ ॥ ਸਾਧਸੰਗਤਿ ਕੈ ਸੰਗਿ ਵਸੈ ਵਡਭਾਗੀ ਪਾਏ ॥੧॥ ਸੁਣਿ ਸੁਣਿ ਜੀਵੈ ਦਾਸੁ ਤੁਮ੍ਹ੍ਹ ਬਾਣੀ ਜਨ ਆਖੀ ॥ ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥ ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥ ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥ ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥ ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥ ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥ ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥ {ਪੰਨਾ 813-814}

ਪਦਅਰਥ: ਸਾਗਰੁ = ਸਮੁੰਦਰ। ਸੋਈ = ਉਹੀ ਮਨੁੱਖ। ਕੈ ਸੰਗਿ = ਦੇ ਨਾਲ। ਵਸੈ = ਵੱਸਦਾ ਹੈ। ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ।੧।

ਸੁਣਿ = ਸੁਣ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਤੁਮ੍ਹ੍ਹ ਜਨ = ਤੇਰੇ ਜਨਾਂ ਨੇ। ਲੋਅ ਮਹਿ = ਲੋਕ ਮਹਿ, ਜਗਤ ਵਿਚ। ਰਾਖੀ = ਬਚਾਈ ਹੋਈ ਇੱਜ਼ਤ।੧।ਰਹਾਉ।

ਤੇ = ਤੋਂ, ਵਿਚੋਂ। ਅਗਨਿ = ਅੱਗ। ਪ੍ਰਭਿ = ਪ੍ਰਭੂ ਨੇ। ਜਲਨਿ = ਸੜਨ। ਸੰਚਿਆ = ਛਿੜਕਿਆ।੨।

ਸਿਲਕ = ਫਾਹੀ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ।੩।

ਸਭ = ਸਾਰੀ (ਜੀਵਨ = ਜੁਗਤਿ) ਹਾਥਿ = ਹੱਥ ਵਿਚ। ਸਾਥਿ = ਸਾਥ ਵਿਚ। ਸੰਗਿ = ਨਾਲ।੪।

ਅਰਥ: ਹੇ ਪ੍ਰਭੂ! ਤੇਰੇ ਸੇਵਕ ਤੇਰੀ ਸਿਫ਼ਤਿ-ਸਲਾਹ ਦੀ ਜੇਹੜੀ ਬਾਣੀ ਉਚਾਰਦੇ ਹਨ, ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ। (ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ) ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈਂ, ਉਹ ਸਾਰੇ ਸੰਸਾਰ ਵਿਚ ਉੱਘੜ ਪੈਂਦੀ ਹੈ।੧।ਰਹਾਉ।

(ਹੇ ਭਾਈ! ਇਹ ਜਗਤ, ਮਾਨੋ, ਇਕ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦਾ ਪਾਣੀ ਠਾਠਾਂ ਮਾਰ ਰਿਹਾ ਹੈ) ਇਸ ਸਮੁੰਦਰ ਵਿਚੋਂ ਉਹੀ ਮਨੁੱਖ ਪਾਰ ਲੰਘਦਾ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਜੇਹੜਾ ਸਾਧ ਸੰਗਤਿ ਦੇ ਨਾਲ ਮੇਲ-ਜੋਲ ਰੱਖਦਾ ਹੈ। (ਪਰ ਇਹ ਦਾਤਿ) ਕੋਈ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।੧।

(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰ ਲਿਆ) ਪਰਮਾਤਮਾ ਨੇ ਆਪ ਉਸ ਨੂੰ (ਵਿਕਾਰਾਂ ਦੀ) ਅੱਗ ਦੇ ਸਮੁੰਦਰ ਵਿਚੋਂ ਕੱਢ ਲਿਆ, ਪਰਮਾਤਮਾ ਨੇ ਆਪ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਸ਼ਾਂਤ ਕਰ ਦਿੱਤੀ। ਸਤਿਗੁਰੂ ਜੀ ਨੇ ਉਸ ਸੇਵਕ ਦੀ ਸਹਾਇਤਾ ਕੀਤੀ, ਤੇ (ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਿਆ।੨।

(ਹੇ ਭਾਈ! ਜਿਸ ਸੇਵਕ ਨੇ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਆਤਮਕ ਜੀਵਨ ਲੱਭ ਲਿਆ) ਉਸ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ, ਉਸ ਨੇ ਉਹ (ਆਤਮਕ) ਟਿਕਾਣਾ ਲੱਭ ਲਿਆ ਜਿਥੇ ਸੁਖ ਹੀ ਸੁਖ ਹੈ, ਉਸ ਨੇ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ, ਉਹ ਸੇਵਕ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ।੩।

(ਪਰ, ਹੇ ਭਾਈ!) ਕਿਤੇ ਇਹ ਨਾਹ ਸਮਝ ਲੈਣਾ (ਕਿ ਇਹੋ ਜਿਹਾ ਆਤਮਕ) ਆਨੰਦ ਮਾਣਨ ਵਾਸਤੇ ਅਸਾਂ ਜੀਵਾਂ ਦਾ) ਕੋਈ ਹੋਰ ਚਾਰਾ ਚੱਲ ਸਕਦਾ ਹੈ (ਯਕੀਨ ਨਾਲ ਜਾਣੋ ਕਿ) ਹਰੇਕ ਜੁਗਤਿ ਪਰਮਾਤਮਾ ਦੇ (ਆਪਣੇ) ਹੱਥ ਵਿਚ ਹੈ। ਹੇ ਨਾਨਕ! ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ।੪।੨੨।੫੨।

TOP OF PAGE

Sri Guru Granth Darpan, by Professor Sahib Singh