ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 814 ਬਿਲਾਵਲੁ ਮਹਲਾ ੫ ॥ ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥ ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ ॥੧॥ ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥ ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥ ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥ ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ ॥੨॥ ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥ ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥੩॥ ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥ ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥੪॥੨੩॥੫੩॥ {ਪੰਨਾ 814} ਪਦਅਰਥ: ਪ੍ਰਭਿ = ਪ੍ਰਭੂ ਨੇ। ਕਿਰਪਾਲ = {ਕਿਰਪਾ = ਆਲਯ} ਦਇਆਵਾਨ। ਨਦਰਿ = ਨਿਗਾਹ। ਨਿਹਾਲ = ਆਨੰਦ = ਭਰਪੂਰ।੧। ਗੁਰਿ ਪੂਰੈ = ਪੂਰੇ ਗੁਰੂ ਨੇ। ਸੀਤਲੁ = ਠੰਢਾ, ਸ਼ਾਂਤ। ਧਿਆਵਨ ਜੋਗੁ = ਜਿਸ ਦਾ ਧਿਆਨ ਧਰਨਾ ਚਾਹੀਦਾ ਹੈ।੧।ਰਹਾਉ। ਅਉਖਧੁ = ਦਵਾਈ। ਜਿਤੁ = ਜਿਸ (ਅਉਖਧ) ਦੀ ਰਾਹੀਂ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਿਤੈ = (ਨਾਮ = ਦਵਾਈ) ਪਿਆਰੀ ਲੱਗਦੀ ਹੈ। ਨ ਜਾਪੈ = ਨਹੀਂ ਜਾਪਦਾ, ਪ੍ਰਤੀਤ ਨਹੀਂ ਹੁੰਦਾ।੨। ਜਾਪੀਐ = ਜਪਣਾ ਚਾਹੀਦਾ ਹੈ। ਅੰਤਰਿ = (ਮਨ ਦੇ) ਅੰਦਰ। ਲਾਈ = ਲਾਇ, ਲਾ ਕੇ। ਕਿਲਵਿਖ = (ਸਾਰੇ) ਪਾਪ। ਸੁਧੁ = ਪਵਿਤ੍ਰ। ਸਾਧ = ਗੁਰੂ।੩। ਜਸੁ = ਸੋਭਾ, ਵਡਿਆਈ। ਨਾਮ ਜਸੁ = ਨਾਮ ਦੀ ਵਡਿਆਈ। ਤਾ ਕੀ = ਉਸ (ਮਨੁੱਖ) ਦੀ। ਬਲਾਈ = ਬਲਾ, ਬਿਪਤਾ। ਮਹਾ ਮੰਤ੍ਰੁ = ਸਭ ਤੋਂ ਵੱਡਾ ਮੰਤਰ। ਗਾਈ = ਗਾਏ, ਗਾਂਦਾ ਹੈ।੪। ਅਰਥ: ਹੇ ਭਾਈ! ਜਿਸ ਮਨੁੱਖ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਧਿਆਵਣ-ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਮਨੁੱਖ ਦਾ (ਹਰੇਕ) ਦੁੱਖ (ਹਰੇਕ) ਰੋਗ ਦੂਰ ਹੋ ਜਾਂਦਾ ਹੈ, ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਜਾਂਦਾ ਹੈ, ਉਹ ਮਨੁੱਖ ਸੁਖੀ ਹੋ ਜਾਂਦਾ ਹੈ।੧।ਰਹਾਉ। (ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ) ਪ੍ਰਭੂ ਨੇ ਆਪ (ਉਸ ਦੇ ਸਾਰੇ) ਬੰਧਨ ਕੱਟ ਦਿੱਤੇ, ਪ੍ਰਭੂ ਉਸ ਮਨੁੱਖ ਉਤੇ ਦਇਆਵਾਨ ਹੋ ਗਿਆ। (ਹੇ ਭਾਈ!) ਪ੍ਰਭੂ ਪਾਰਬ੍ਰਹਮ ਦੀਨਾਂ ਉਤੇ ਦਇਆ ਕਰਨ ਵਾਲਾ ਹੈ (ਜਿਸ ਭੀ ਗ਼ਰੀਬ ਉਤੇ ਪ੍ਰਭੂ ਨਿਗਾਹ ਕਰਦਾ ਹੈ) ਉਹ ਮਨੁੱਖ ਉਸ (ਪ੍ਰਭੂ) ਦੀ ਨਿਗਾਹ ਨਾਲ ਆਨੰਦ-ਭਰਪੂਰ ਹੋ ਜਾਂਦਾ ਹੈ।੧। ਹੇ ਭਾਈ! ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਸ ਦੀ ਬਰਕਤਿ ਨਾਲ (ਕੋਈ ਭੀ) ਰੋਗ ਜ਼ੋਰ ਨਹੀਂ ਪਾ ਸਕਦਾ। ਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇ (ਮਨੁੱਖ ਦੇ) ਮਨ ਵਿਚ ਤਨ ਵਿਚ (ਹਰਿ-ਨਾਮ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਮਨੁੱਖ ਨੂੰ) ਕੋਈ ਦੁੱਖ ਮਹਿਸੂਸ ਨਹੀਂ ਹੁੰਦਾ।੨। ਹੇ ਭਾਈ! ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰ ਸੁਰਤਿ ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। (ਇਸ ਤਰ੍ਹਾਂ ਸਾਰੇ) ਪਾਪ (ਮਨ ਤੋਂ) ਲਹਿ ਜਾਂਦੇ ਹਨ, (ਮਨ) ਪਵਿੱਤਰ ਹੋ ਜਾਂਦਾ ਹੈ।੩। ਹੇ ਭਾਈ! ਨਾਨਕ (ਇਕ) ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ (ਮੰਤ੍ਰ ਇਹ ਹੈ ਕਿ ਜੇਹੜਾ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ ਜਪਦਿਆਂ ਉਸ ਮਨੁੱਖ ਦੀ ਹਰੇਕ ਬਲਾ (ਬਿਪਤਾ) ਦੂਰ ਹੋ ਜਾਂਦੀ ਹੈ।੪।੨੩।੫੩। ਬਿਲਾਵਲੁ ਮਹਲਾ ੫ ॥ ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥ ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥੧॥ ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥ ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥੧॥ ਰਹਾਉ ॥ ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥ ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥ ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥ ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥ ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ ॥ ਨਾਨਕ ਕਬਹੁ ਨ ਵੀਸਰੈ ਪ੍ਰਭ ਪਰਮਾਨੰਦ ॥੪॥੨੪॥੫੪॥ {ਪੰਨਾ 814} ਪਦਅਰਥ: ਤੇ = ਤੋਂ। ਭੈ ਤੇ = {ਸੰਬੰਧਕ ਦੇ ਨਾਲ ਲਫ਼ਜ਼ 'ਭਉ' ਤੋਂ ਲਫ਼ਜ਼ 'ਭੈ' ਬਣ ਜਾਂਦਾ ਹੈ। ਭਉ = ਡਰ, ਅਦਬ, ਨਿਰਮਲ ਡਰ} ਨਿਰਮਲ ਡਰ ਦੀ ਬਰਕਤਿ ਨਾਲ। ਅੰਤਰਿ = ਅੰਦਰ, ਹਿਰਦੇ ਵਿਚ। ਭ੍ਰਾਂਤਿ = ਭਟਕਣਾ।੧। ਜਿਸੁ = ਜਿਸ (ਮਨੁੱਖ) ਨੂੰ। ਭੇਟਿਆ = ਮਿਲ ਪਿਆ। ਤਾ ਕੇ = ਉਸ ਦੇ (ਹਿਰਦੇ) ਵਿਚ। ਸੁਖਿ = ਸੁਖ ਨੇ।੧।ਰਹਾਉ। ਸਿਮਰਤ ਸਿਮਰਤ = ਹਰ ਵੇਲੇ ਸਿਮਰਦਿਆਂ। ਪੁਰਖੁ = ਸਰਬ = ਵਿਆਪਕ ਪ੍ਰਭੂ। ਮਨ ਤੇ = ਮਨ ਤੋਂ।੨। ਸਿਉ = ਨਾਲ। ਰੰਗੁ = ਪਿਆਰਾ। ਜਾ ਕਉ = ਜਿਸ ਨੂੰ, ਜਿਸ (ਮਨੁੱਖ) ਉੱਤੇ। ਪ੍ਰਭ = ਹੇ ਪ੍ਰਭੂ!।੩। ਨਿਧਿ = (ਦੁਨੀਆ ਦੇ ਸਾਰੇ) ਖ਼ਜ਼ਾਨੇ। ਨਿਧਾਨ = ਖ਼ਜ਼ਾਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਮਨਿ = ਮਨ ਵਿਚ। ਤਨਿ = ਤਨ ਵਿਚ। ਪਰਮਾਨੰਦ = {ਪਰਮ = ਆਨੰਦ} ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ।੪। ਅਰਥ: ਹੇ ਭਾਈ! ਆਪਣੇ ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ, (ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, (ਯਕੀਨ ਜਾਣੋ ਕਿ) ਉਸ (ਮਨੁੱਖ) ਦੇ ਹਿਰਦੇ ਵਿਚ ਸੁਖ ਨੇ ਪਰਵੇਸ਼ ਕਰ ਲਿਆ।੧।ਰਹਾਉ। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਿਰਮਲ ਡਰ ਹਿਰਦੇ ਵਿਚ ਪੈਦਾ ਹੋ ਜਾਂਦਾ ਹੈ, ਉਸ) ਨਿਰਮਲ ਡਰ ਦੀ ਰਾਹੀਂ ਪ੍ਰਭੂ ਦੀ ਭਗਤੀ (ਹਿਰਦੇ ਵਿਚ) ਪੈਦਾ ਹੁੰਦੀ ਹੈ, ਅਤੇ ਮਨ ਵਿਚ ਠੰਡ ਪੈ ਜਾਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ (ਹਰੇਕ ਕਿਸਮ ਦਾ) ਭਰਮ ਭਟਕਣ ਨਾਸ ਹੋ ਜਾਂਦਾ ਹੈ।੧। ਹੇ ਭਾਈ! ਸਭ ਦਾਤਾਂ ਬਖ਼ਸ਼ਣ ਵਾਲੇ ਉਸ ਸਰਬ-ਵਿਆਪਕ ਪ੍ਰਭੂ ਨੂੰ ਹਰ ਵੇਲੇ ਹੀ ਸਿਮਰਦੇ ਰਹਿਣਾ ਚਾਹੀਦਾ ਹੈ। (ਹੇ ਭਾਈ! ਖ਼ਿਆਲ ਰੱਖ ਕਿ) ਉਹ ਬੇਅੰਤ ਅਕਾਲ ਪੁਰਖ ਕਦੇ ਭੀ ਮਨ ਤੋਂ ਨਾਹ ਭੁੱਲੇ।੨। ਹੇ ਭਾਈ! ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤਿ ਬਣ ਜਾਂਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ (ਉਸ ਨੂੰ ਗੁਰੂ ਮਿਲਾਂਦਾ ਹੈਂ ਅਤੇ ਉਸ ਨੂੰ) ਤੂੰ ਆਪਣੀ ਸੇਵਾ-ਭਗਤੀ ਵਿਚ ਲਾ ਲੈਂਦਾ ਹੈਂ।੩। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲਾ (ਉਹ) ਨਾਮ-ਜਲ ਪੀ ਲਿਆ (ਜੋ) ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ, (ਉਸ ਮਨੁੱਖ ਦੇ) ਮਨ ਵਿਚ ਹਿਰਦੇ ਵਿਚ ਖ਼ੁਸ਼ੀ ਭਰੀ ਰਹਿੰਦੀ ਹੈ। ਹੇ ਨਾਨਕ! ਖ਼ਿਆਲ ਰੱਖ ਕਿ) ਸਭ ਤੋਂ ਉੱਚੇ ਆਨੰਦ ਦਾ ਮਾਲਕ ਪਰਮਾਤਮਾ ਕਦੇ ਭੀ (ਮਨ ਤੋਂ) ਵਿਸਰ ਨਾਹ ਜਾਏ।੪।੨੪।੫੪। ਬਿਲਾਵਲੁ ਮਹਲਾ ੫ ॥ ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥ ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥ ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥ ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥ ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥ ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥ ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥ ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥ ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥੪॥੨੫॥੫੫॥ {ਪੰਨਾ 814} ਪਦਅਰਥ: ਮਮਤਾ = ਅਪਣੱਤ {ਮਮ = ਮੇਰਾ। ਮਮਤਾ = ਇਹ ਖਿੱਚ ਕਿ ਮਾਇਆ ਮੇਰੀ ਬਣ ਜਾਏ}। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਭਰਮਾ = ਵਹਿਮ। ਥਿਤਿ = {स्थिति} ਸ਼ਾਂਤੀ, ਟਿਕਾਉ। ਗੁਰਿ = ਗੁਰੂ ਨੇ। ਕੀਨੇ ਧਰਮਾ = (ਸਹਾਇਤਾ ਕਰਨ ਦਾ) ਨੇਮ ਨਿਬਾਹ ਦਿੱਤਾ ਹੈ।੧। ਮੇਰੀ ਪੀਰ = ਮਮਤਾ ਦਾ ਦੁੱਖ। ਸੀਤਲੁ = ਸ਼ਾਂਤ। ਬੀਰ = ਹੇ ਭਾਈ!।੧। ਸੋਵਤ = ਮਾਇਆ ਦੇ ਮੋਹ ਵਿਚ ਸੁੱਤਾ ਹੋਇਆ। ਜਪਿ = ਜਪ ਕੇ। ਬਿਸਮਾਦੁ = ਅਚਰਜ = ਰੂਪ ਪ੍ਰਭੂ। ਪੀ = ਪੀ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਤਾ ਕਾ = ਉਸ (ਅੰਮ੍ਰਿਤ) ਦਾ।੨। ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਸੰਗੀ = ਸਾਥੀ। ਨਿਰਮਲ ਦਰਬਾਰੇ = ਪਵਿੱਤਰ ਹਜ਼ੂਰੀ ਵਿਚ।੩। ਅਜਾਨੁ = ਅੰਞਾਣ। ਨਾਨਕ ਕਉ = ਨਾਨਕ ਨੂੰ, ਨਾਨਕ ਉੱਤੇ। ਕੀਨੁ = ਬਣਾ ਲਿਆ।੪। ਅਰਥ: ਹੇ ਭਾਈ! ਜਿਸ ਭੀ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ। ਉਸ ਦਾ (ਮਾਇਆ ਦੀ) ਮਮਤਾ ਵਾਲਾ ਦੁੱਖ ਦੂਰ ਹੋ ਜਾਂਦਾ ਹੈ। ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।੧।ਰਹਾਉ। (ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ) ਗੁਰੂ ਨੇ ਉਸ ਦੀ ਸਹਾਇਤਾ ਕਰਨ ਦਾ ਨੇਮ ਨਿਬਾਹ ਦਿੱਤਾ, (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟ ਗਈ, (ਮਾਇਆ ਵਾਲੀ) ਅਪਣੱਤ ਦੂਰ ਹੋ ਗਈ, ਉਸ ਦੇ ਸਾਰੇ ਡਰ ਵਹਿਮ ਨੱਸ ਗਏ, ਉਸ ਨੇ ਆਤਮਕ ਅਡੋਲਤਾ ਹਾਸਲ ਕਰ ਲਈ, ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ।੧। (ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜਿਆ, ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ ਉਸ ਦਾ ਮਨ ਪਰਮਾਤਮਾ ਦਾ ਨਾਮ ਜਪ ਕੇ ਜਾਗ ਪਿਆ, ਉਸ ਨੇ (ਹਰ ਥਾਂ) ਅਚਰਜ-ਰੂਪ ਪਰਮਾਤਮਾ ਦਾ ਦਰਸਨ ਕਰ ਲਿਆ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਉਸ ਦਾ ਮਨ (ਮਾਇਆ ਵਲੋਂ) ਰੱਜ ਗਿਆ। ਹੇ ਭਾਈ! ਉਸ ਨਾਮ-ਅੰਮ੍ਰਿਤ ਦਾ ਸੁਆਦ ਹੈ ਹੀ ਅਚਰਜ।੨। (ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਆਪ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਸਾਥੀ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਮਨੁੱਖ ਆਪਣੀਆਂ ਕੁਲਾਂ ਨੂੰ, ਆਪਣੇ ਪਰਵਾਰ ਨੂੰ ਪਾਰ ਲੰਘਾ ਲੈਂਦਾ ਹੈ। ਗੁਰੂ ਦੀ ਕੀਤੀ ਹੋਈ ਸੇਵਾ ਉਸ ਨੂੰ ਫਲ-ਦਾਇਕ ਸਾਬਤ ਹੋ ਜਾਂਦੀ ਹੈ, (ਪ੍ਰਭੂ ਦੀ) ਪਵਿੱਤਰ ਹਜ਼ੂਰੀ ਵਿਚ (ਉਸ ਨੂੰ ਥਾਂ ਮਿਲ ਜਾਂਦੀ ਹੈ) ।੩। ਹੇ ਭਾਈ! ਮੈਂ ਨੀਚ ਸਾਂ, ਅਨਾਥ ਸਾਂ, ਅੰਞਾਨ ਸਾਂ, ਮੇਰੇ ਅੰਦਰ ਕੋਈ ਗੁਣ ਨਹੀਂ ਸਨ, ਮੈਂ ਗੁਣਾਂ ਤੋਂ ਸੱਖਣਾ ਸਾਂ (ਪਰ ਗੁਰੂ ਦੀ ਸਰਨ ਪੈਣ ਕਰ ਕੇ, ਮੈਂ) ਨਾਨਕ ਉਤੇ ਪਰਮਾਤਮਾ ਦੀ ਮੇਹਰ ਹੋਈ, ਪਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ।੪।੨੫।੫੫। TOP OF PAGE |
Sri Guru Granth Darpan, by Professor Sahib Singh |