ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 818 ਬਿਲਾਵਲੁ ਮਹਲਾ ੫ ॥ ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥ ਭਏ ਪ੍ਰਸੰਨ ਗੋਪਾਲ ਰਾਇ ਭਉ ਕਿਛੁ ਨਹੀ ਕਰਨਾ ॥੧॥ ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥ ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥੧॥ ਰਹਾਉ ॥ ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰੁ ॥ ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ ॥੨॥੫॥੬੯॥ {ਪੰਨਾ 818} ਪਦਅਰਥ: ਜੀਅ ਜੁਗਤਿ = ਜੀਵਾਂ ਦੀ ਜ਼ਿੰਦਗੀ ਗੁਜ਼ਾਰਨ ਦਾ ਢੰਗ। ਵਸਿ = ਵੱਸ ਵਿਚ। ਕੈ ਵਸਿ = ਦੇ ਵੱਸ ਵਿਚ। ਕਹੈ– ਆਖਦਾ ਹੈ, ਪ੍ਰੇਰਨਾ ਕਰਦਾ ਹੈ। ਗੋਪਾਲ ਰਾਇ = ਜਗਤ ਦਾ ਪਾਲਕ ਪਾਤਿਸ਼ਾਹ। ਭਉ = ਡਰ।੧। ਚਿਤਾਰੇ = ਚਿਤਾਰਿ, ਚਿੱਤ ਵਿਚ ਵਸਾਈ ਰੱਖ। ਜਮ ਕੰਕਰੁ = ਜਮ ਕਿੰਕਰੁ, ਜਮ ਦਾ ਸੇਵਕ, ਜਮਦੂਤ। ਆਵਈ = ਆਵਏ, ਆਵੈ, ਆਉਂਦਾ। ਗੁਰ ਸਿਖ = ਹੇ ਗੁਰੂ ਦੇ ਸਿੱਖ! ਪਿਆਰੇ = ਹੇ ਪਿਆਰੇ!।੧।ਰਹਾਉ। ਕਰਣ = ਜਗਤ। ਕਾਰਣ = ਮੂਲ। ਕਰਣ ਕਾਰਣ ਸਮਰਥੁ = ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ। ਜੋਰੁ = ਤਾਕਤ, ਬਲ, ਆਸਰਾ।੨। ਅਰਥ: ਹੇ ਪਿਆਰੇ ਗੁਰਸਿੱਖ! ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਈ ਰੱਖ, ਤੈਨੂੰ ਕਦੇ ਭੀ ਕੋਈ ਦੁੱਖ ਪੋਹ ਨਹੀਂ ਸਕੇਗਾ, (ਦੁੱਖ ਤਾਂ ਕਿਤੇ ਰਹੇ) ਜਮਦੂਤ (ਭੀ) ਤੇਰੇ ਨੇੜੇ ਨਹੀਂ ਆਵੇਗਾ।੧।ਰਹਾਉ। ਹੇ ਭਾਈ! ਅਸਾਂ ਜੀਵਾਂ ਦੀ ਜੀਵਨ-ਜੁਗਤਿ ਪਰਮਾਤਮਾ ਦੇ ਵੱਸ ਵਿਚ ਹੈ, ਜੋ ਕੁਝ ਕਰਨ ਵਾਸਤੇ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਉਹੀ ਅਸੀ ਕਰ ਸਕਦੇ ਹਾਂ। ਜਿਸ ਮਨੁੱਖ ਉਤੇ ਜਗਤ-ਪਾਲ ਪਾਤਿਸ਼ਾਹ ਦਇਆਵਾਨ ਹੁੰਦਾ ਹੈ, ਉਸ ਨੂੰ ਕੋਈ ਡਰ ਕਰਨ ਦੀ ਲੋੜ ਨਹੀਂ ਰਹਿੰਦੀ।੧। ਹੇ ਨਾਨਕ! ਪ੍ਰਭੂ ਹੀ ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ। ਅਸੀ ਜੀਵ ਉਸ ਪ੍ਰਭੂ ਦੀ ਸਰਨ ਵਿਚ ਹੀ ਰਹਿ ਸਕਦੇ ਹਾਂ, (ਸਾਡੇ) ਮਨ ਵਿਚ ਉਸੇ ਦਾ ਹੀ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ।੨।੫।੬੯। ਬਿਲਾਵਲੁ ਮਹਲਾ ੫ ॥ ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥ ਬਲਿਹਾਰੀ ਗੁਰ ਆਪਨੇ ਚਰਨਨ੍ਹ੍ਹ ਬਲਿ ਜਾਉ ॥ ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥ ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥ {ਪੰਨਾ 818} ਪਦਅਰਥ: ਸਿਮਰਿ = ਸਿਮਰ ਕੇ। ਨਾਠਾ = ਨੱਸ ਗਿਆ ਹੈ। ਦੁਖ ਠਾਉ = ਦੁੱਖਾਂ ਦਾ ਥਾਂ। ਬਿਸ੍ਰਾਮ = ਟਿਕਾਣਾ। ਮਿਲਿ = ਮਿਲ ਕੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਾ ਤੇ = ਉਸ (ਸਾਧ ਸੰਗਤਿ) ਤੋਂ। ਬਹੁੜਿ = ਮੁੜ। ਨ ਧਾਉ = ਨ ਧਾਉਂ, ਮੈਂ ਨਹੀਂ ਦੌੜਦਾ।੧। ਬਲਿਹਾਰੀ = ਕੁਰਬਾਨ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ। ਪੇਖਤ = ਦਰਸਨ ਕਰਕੇ। ਗਾਉ = ਗਾਉਂ, ਮੈਂ ਗਾਂਦਾ ਹਾਂ।੧।ਰਹਾਉ। ਧੁਨਿ = {ध्वनि} ਸੁਰ, ਲਗਨ। ਸੁਆਉ = ਸੁਆਰਥ, ਮਨੋਰਥ। ਸੁਪ੍ਰਸੰਨ = ਬਹੁਤ ਖ਼ੁਸ਼। ਪਾਉ = ਪਾਉਂ, ਮੈਂ ਪਾ ਰਿਹਾ ਹਾਂ।੨। ਅਰਥ: ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਮੈਂ (ਆਪਣੇ ਗੁਰੂ ਦੇ) ਚਰਨਾਂ ਤੋਂ ਸਦਕੇ ਜਾਂਦਾ ਹਾਂ। ਗੁਰੂ ਦਾ ਦਰਸਨ ਕਰ ਕੇ ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਤੇ ਮੇਰੇ ਅੰਦਰ ਸਾਰੇ ਆਨੰਦ, ਸਾਰੇ ਸੁਖ ਸਾਰੇ ਚਾਉ-ਹੁਲਾਰੇ ਬਣੇ ਰਹਿੰਦੇ ਹਨ।੧।ਰਹਾਉ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਕਰ ਲਿਆ ਹੈ (ਇਸ ਵਾਸਤੇ) ਉਸ (ਸਾਧ ਸੰਗਤਿ) ਤੋਂ ਕਦੇ ਪਰੇ ਨਹੀਂ ਭੱਜਦਾ। (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਆਪਣੇ ਪ੍ਰਭੂ ਦਾ ਹਰ ਵੇਲੇ ਸਿਮਰਨ ਕਰ ਕੇ (ਅਜੇਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂ) ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ।੧। ਹੇ ਨਾਨਕ! ਆਖ-ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪ੍ਰਭੂ ਦੀਆਂ ਕਥਾ-ਕਹਾਣੀਆਂ, ਕੀਰਤਨ, ਸਿਫ਼ਤਿ-ਸਾਲਾਹ ਦੀ ਲਗਨ-ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ। (ਗੁਰੂ ਦੀ ਮੇਹਰ ਨਾਲ) ਪ੍ਰਭੂ ਜੀ (ਮੇਰੇ ਉਤੇ) ਬਹੁਤ ਖ਼ੁਸ਼ ਹੋ ਗਏ ਹਨ, ਮੈਂ ਹੁਣ ਮਨ-ਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ।੨।੬।੭੦। ਬਿਲਾਵਲੁ ਮਹਲਾ ੫ ॥ ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ ॥ ਤੁਮ੍ਹ੍ਹਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥੧॥ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥ ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ ਰਹਾਉ ॥ ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥੨॥੭॥੭੧॥ {ਪੰਨਾ 818} ਪਦਅਰਥ: ਰਿਦ = ਰਿਦੈ, ਹਿਰਦੇ ਵਿਚ। ਪਰਗਾਸੁ = (ਆਤਮਕ ਜੀਵਨ ਦਾ) ਚਾਨਣ। ਤੇ = ਤੋਂ, ਨਾਲ। ਪਾਰਬ੍ਰਹਮ = ਹੇ ਪਰਮਾਤਮਾ। ਦੋਖ = ਐਬ, ਵਿਕਾਰ। ਦੋਖਨ ਕੋ = ਵਿਚਾਰਾਂ ਦਾ।੧। ਪ੍ਰਭ = ਹੇ ਪ੍ਰਭੂ! ਪੁਰਖ = ਹੇ ਸਰਬ = ਵਿਆਪਕ! ਗੁਣਤਾਸੁ = ਗੁਣਾਂ ਦਾ ਭਾਂਡਾ। ਰਹਉ = ਰਹਉਂ। ਸਿਮਰਤ ਰਹਉ = ਮੈਂ ਸਿਮਰਦਾ ਰਹਾਂ। ਘਟਿ = (ਮੇਰੇ) ਸਰੀਰ ਵਿਚ। ਸਾਸੁ = ਸਾਹ।੧।ਰਹਾਉ। ਮਾਤ = ਮਾਂ। ਬੰਧਪ = ਰਿਸ਼ਤੇਦਾਰ। ਸਰਬ = ਸਾਰੇ ਜੀਵਾਂ ਵਿਚ। ਜਾ ਕੋ = ਜਿਸ (ਪ੍ਰਭੂ) ਦਾ। ਜਾਸੁ = ਜਸੁ, ਸਿਫ਼ਤਿ-ਸਾਲਾਹ। ਨਿਰਮਲ = ਪਵਿੱਤਰ।੨। ਅਰਥ: ਹੇ ਸਰਬ-ਵਿਆਪਕ ਪ੍ਰਭੂ! ਤੂੰ (ਹੀ) ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਮੈਨੂੰ (ਤੇਰੇ) ਹੀ ਸੋਹਣੇ ਚਰਣਾਂ ਦਾ ਆਸਰਾ ਹੈ। (ਮੇਰੇ ਉਤੇ ਮੇਹਰ ਕਰ) ਜਦ ਤਕ (ਮੇਰੇ) ਸਰੀਰ ਵਿਚ ਸਾਹ (ਚੱਲ ਰਿਹਾ ਹੈ) , ਮੈਂ ਤੇਰਾ ਨਾਮ ਸਿਮਰਦਾ ਰਹਾਂ, ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।੧।ਰਹਾਉ। ਹੇ ਪਾਰਬ੍ਰਹਮ! ਮੈਂ ਤੇਰਾ ਦਾਸ ਹਾਂ) ਤੇਰੇ ਦਾਸ ਦੀ (ਤੇਰੇ ਦਰ ਤੇ) ਅਰਜ਼ੋਈ ਹੈ ਕਿ ਮੇਰੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਕਰ (ਤਾਂ ਕਿ) ਤੇਰੀ ਕਿਰਪਾ ਨਾਲ (ਮੇਰੇ ਅੰਦਰੋਂ) ਵਿਕਾਰਾਂ ਦਾ ਨਾਸ ਹੋ ਜਾਏ।੧। ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ, ਤੂੰ ਹੀ ਮੇਰਾ ਸਾਕ-ਸੈਣ ਹੈਂ, ਤੂੰ ਸਾਰੇ ਹੀ ਜੀਵਾਂ ਵਿਚ ਵੱਸਦਾ ਹੈਂ। ਹੇ ਨਾਨਕ! ਜਿਸ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਨ) ਪਵਿੱਤਰ ਕਰ ਦੇਂਦੀ ਹੈ, ਉਸ ਦੀ ਸਰਨ ਪਏ ਰਹਿਣਾ ਚਾਹੀਦਾ ਹੈ।੨।੭।੭੧। ਬਿਲਾਵਲੁ ਮਹਲਾ ੫ ॥ ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ ॥ ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ ॥੧॥ ਸੂਖ ਸਹਜ ਕਲਿਆਣ ਰਸ ਪੂਰੈ ਗੁਰਿ ਕੀਨ੍ਹ੍ਹ ॥ ਜੀਅ ਸਗਲ ਦਇਆਲ ਭਏ ਹਰਿ ਹਰਿ ਨਾਮੁ ਚੀਨ੍ਹ੍ਹ ॥੧॥ ਰਹਾਉ ॥ ਪੂਰਿ ਰਹਿਓ ਸਰਬਤ੍ਰ ਮਹਿ ਪ੍ਰਭ ਗੁਣੀ ਗਹੀਰ ॥ ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥੨॥੮॥੭੨॥ {ਪੰਨਾ 818} ਪਦਅਰਥ: ਸਰਬ ਸਿਧਿ ਹਰਿ = ਸਾਰੀਆਂ ਸਿੱਧੀਆਂ ਦਾ ਮਾਲਕ ਪਰਮਾਤਮਾ। ਗਾਈਐ = (ਜੇ) ਸਿਫ਼ਤਿ-ਸਾਲਾਹ ਕਰਦੇ ਰਹੀਏ। ਸਭਿ = ਸਾਰੇ ਲੋਕ। ਭਲਾ ਮਨਾਵਹਿ = ਭਲਾ ਮੰਗਦੇ ਹਨ। ਸਾਧੁ = ਭਲਾ ਮਨੁੱਖ, ਗੁਰਮੁਖਿ। ਤੇ = ਤੋਂ। ਕਰਹਿ = ਆਖਦੇ ਹਨ। ਸੁਣ = ਸੁਣਿ ਕੇ। ਮਿਲਾਵਹਿ = ਮਿਲਦੇ ਹਨ, ਮਿਲਹਿ।੧। ਸਹਜ = ਆਤਮਕ ਅਡੋਲਤਾ। ਰਸ = ਸੁਆਦ। ਪੂਰੈ ਗੁਰਿ = ਪੂਰੇ ਗੁਰੂ ਨੇ। ਜੀਅ ਸਗਲ = ਸਾਰੇ ਜੀਵਾਂ ਉਤੇ। ਦਇਆਲ = ਦਇਆਵਾਨ। ਚੀਨ੍ਹ੍ਹ = (ਜੇਹੜਾ ਮਨੁੱਖ) ਪਛਾਣਦਾ ਹੈ, ਸਾਂਝ ਪਾਂਦਾ ਹੈ।੧।ਰਹਾਉ। ਪੂਰਿ ਰਹਿਓ = ਭਰਪੂਰ ਹੈ, ਮੌਜੂਦ ਹੈ। ਸਰਬਤ੍ਰ ਮਹਿ = ਸਭਨਾਂ ਵਿਚ। ਗੁਣੀ = ਗੁਣਾਂ ਦਾ ਮਾਲਕ। ਗਹੀਰ = ਡੂੰਘਾ, ਅਥਾਹ। ਆਨੰਦ ਮੈ = ਆਨੰਦ = ਮਯ, ਆਨੰਦ = ਭਰਪੂਰ। ਪੇਖਿ = ਵੇਖ ਕੇ। ਧੀਰ = ਧਿਰ, ਆਸਰਾ।੨। ਅਰਥ: ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਰਸ ਬਖ਼ਸ਼ ਦਿੱਤੇ, ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖਦਾ ਹੈ ਅਤੇ (ਪਰਮਾਤਮਾ ਨੂੰ ਸਰਬ-ਵਿਆਪਕ ਜਾਣਦਾ ਹੋਇਆ) ਸਾਰੇ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ।੧।ਰਹਾਉ। ਹੇ ਭਾਈ! ਸਾਰੀਆਂ ਸਿੱਧੀਆਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ) ਸਾਰੇ ਲੋਕ (ਉਸ ਦੀ) ਸੁਖ ਮੰਗਦੇ ਹਨ। ਮੂੰਹੋਂ (ਸਾਰੇ ਲੋਕ ਉਸ ਨੂੰ) ਗੁਰਮੁਖਿ ਗੁਰਮੁਖਿ ਆਖਦੇ ਹਨ, (ਉਸ ਦੇ ਬਚਨ) ਸੁਣ ਕੇ ਸੇਵਕ-ਭਾਵ ਨਾਲ ਉਸ ਦੀ ਚਰਨੀਂ ਲੱਗਦੇ ਹਨ।੧। ਹੇ ਨਾਨਕ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ) ਭਗਤ ਜਨ ਪ੍ਰਭੂ ਦਾ ਆਸਰਾ ਤੱਕ ਕੇ ਸਦਾ ਆਨੰਦ-ਭਰਪੂਰ ਰਹਿੰਦੇ ਹਨ, (ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਸਾਰੇ ਗੁਣਾਂ ਦਾ ਮਾਲਕ ਅਥਾਹ ਪ੍ਰਭੂ ਸਾਰੇ ਜੀਵਾਂ ਵਿਚ ਵੱਸਦਾ ਹੈ।੨।੮।੭੨। ਬਿਲਾਵਲੁ ਮਹਲਾ ੫ ॥ ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ ॥ ਰਾਖਿ ਲੀਆ ਅਪਨਾ ਸੇਵਕੋ ਮੁਖਿ ਨਿੰਦਕ ਛਾਰੁ ॥੧॥ ਤੁਝਹਿ ਨ ਜੋਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ॥ ਪਾਰਬ੍ਰਹਮਿ ਤੂ ਰਾਖਿਆ ਦੇ ਅਪਨੇ ਹਾਥ ॥੧॥ ਰਹਾਉ ॥ ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥ ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ ॥੨॥੯॥੭੩॥ {ਪੰਨਾ 818} ਪਦਅਰਥ: ਦਾਤਾਰਿ = ਦਾਤਾਰ ਨੇ। ਪ੍ਰਭਿ = ਪ੍ਰਭੂ ਨੇ। ਰਾਖਿ ਲੀਆ = ਰੱਖਿਆ ਕੀਤੀ। ਮੁਖਿ = ਮੂੰਹ ਉੱਤੇ। ਛਾਰੁ = ਸੁਆਹ।੧। ਤੁਝਹਿ = ਤੈਨੂੰ। ਜੋਹੈ– ਤੱਕ ਸਕਦਾ, ਮਾੜੀ ਨਿਗਾਹ ਨਾਲ ਤੱਕ ਸਕਦਾ ਹੈ। ਕੋ = ਕੋਈ ਭੀ। ਮੀਤ = ਹੇ ਮਿੱਤਰ! ਪਾਰਬ੍ਰਹਮਿ = ਪਾਰਬ੍ਰਹਮ ਨੇ। ਤੂ = ਤੈਨੂੰ। ਦੇ = ਦੇ ਕੇ।੧।ਰਹਾਉ। ਬੀਆ = ਦੂਜਾ। ਮੈ = ਮੈਨੂੰ। ਜੋਰੁ = ਤਾਣ, ਸਹਾਰਾ।੨। ਅਰਥ: ਹੇ ਮਿੱਤਰ! ਹੇ ਸੱਜਣ! ਜੇ) ਤੂੰ ਗੁਰੂ ਦਾ ਸੇਵਕ (ਬਣਿਆ ਰਹੇਂ, ਤਾਂ ਨਿਸ਼ਚਾ ਰੱਖ ਕਿ) ਪਰਮਾਤਮਾ ਨੇ ਆਪਣੇ ਹੱਥ ਦੇ ਕੇ ਤੇਰੀ ਸਦਾ ਰੱਖਿਆ ਕਰਨੀ ਹੈ।੧।ਰਹਾਉ। ਹੇ ਮਿੱਤਰ! ਜਿਸ ਸੇਵਕ ਦੀ ਅਰਦਾਸ ਪ੍ਰਭੂ ਨੇ ਸੁਣ ਲਈ, ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੋ ਗਏ, ਆਪਣੇ ਉਸ ਸੇਵਕ ਦੀ ਪ੍ਰਭੂ ਨੇ (ਸਦਾ) ਰੱਖਿਆ ਕੀਤੀ ਹੈ, ਉਸ ਸੇਵਕ ਦੇ ਦੋਖੀ-ਨਿੰਦਕ ਦੇ ਮੂੰਹ ਉਤੇ ਸੁਆਹ ਹੀ ਪਈ ਹੈ (ਨਿੰਦਕ ਨੂੰ ਸਦਾ ਫਿਟਕਾਰ ਹੀ ਪਈ ਹੈ) ।੧। ਹੇ ਮਿੱਤਰ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ (ਦਾਤਾਂ ਦੇਣ ਜੋਗਾ) ਨਹੀਂ ਹੈ (ਉਸ ਪ੍ਰਭੂ ਦੀ ਹੀ ਸਰਨ ਪਿਆ ਰਹੁ) । ਨਾਨਕ ਦੀ (ਭੀ ਪ੍ਰਭੂ-ਦਰ ਤੇ ਹੀ ਸਦਾ) ਅਰਦਾਸ ਹੈ (-ਹੇ ਪ੍ਰਭੂ!) ਮੈਨੂੰ ਤੇਰਾ ਹੀ ਆਸਰਾ ਹੈ।੨।੯।੭੩। ਬਿਲਾਵਲੁ ਮਹਲਾ ੫ ॥ ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ॥ ਨਿੰਦਕ ਮਿਰਤਕ ਹੋਇ ਗਏ ਤੁਮ੍ਹ੍ਹ ਹੋਹੁ ਨਿਚਿੰਦ ॥੧॥ ਰਹਾਉ ॥ਸਗਲ ਮਨੋਰਥ ਪ੍ਰਭਿ ਕੀਏ ਭੇਟੇ ਗੁਰਦੇਵ ॥ ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥ ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥ ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥ {ਪੰਨਾ 818-819} ਪਦਅਰਥ: ਮੀਤ ਹਮਾਰੇ ਸਾਜਨਾ = ਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! ਰਾਖੇ = ਰੱਖਿਆ ਕਰਦਾ ਹੈ। ਗੋਬਿੰਦ = ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ। ਮਿਰਤਕ = ਆਤਮਕ ਤੌਰ ਤੇ ਮੁਰਦੇ। ਨਿਚਿੰਦ = ਬੇ = ਫ਼ਿਕਰ।੧।ਰਹਾਉ। ਸਗਲ = ਸਾਰੇ। ਪ੍ਰਭਿ = ਪ੍ਰਭੂ ਨੇ। ਭੇਟੇ = ਮਿਲ ਪਏ। ਜੈ ਜੈਕਾਰੁ = ਸੋਭਾ ਹੀ ਸੋਭਾ। ਜਾ ਕੀ ਸੇਵ = ਜਿਸ (ਪ੍ਰਭੂ) ਦੀ ਸੇਵਾ = ਭਗਤੀ। ਸਫਲ = ਫਲ ਦੇਣ ਵਾਲੀ।੧। ਅਪਾਰ = ਬੇਅੰਤ {ਅ = ਪਾਰ}। ਅਗਨਤ = {ਅ = ਗਨਤ} ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਜਿਸੁ ਹਾਥਿ = ਜਿਸ (ਪ੍ਰਭੂ) ਦੇ ਹੱਥ ਵਿਚ। ਜਤ ਕਤ = ਜਿਥੇ ਕਿੱਥੇ, ਹਰ ਥਾਂ। ਮੇਰੈ ਸਾਥਿ = ਮੇਰੇ ਨਾਲ।੨। ਅਰਥ: ਹੇ ਮੇਰੇ ਮਿੱਤਰੋ! ਹੇ ਮੇਰੇ ਸੱਜਣੋ! ਯਕੀਨ ਰੱਖੋ ਕਿ) ਪਰਮਾਤਮਾ (ਆਪਣੇ ਸੇਵਕਾਂ ਦੀ ਜ਼ਰੂਰ) ਰੱਖਿਆ ਕਰਦਾ ਹੈ। (ਸੇਵਕਾਂ ਦੀ) ਨਿੰਦਾ ਕਰਨ ਵਾਲੇ (ਆਪ ਹੀ) ਆਤਮਕ ਮੌਤੇ ਮਰ ਜਾਂਦੇ ਹਨ। (ਇਸ ਵਾਸਤੇ ਤੁਸੀ ਪਰਮਾਤਮਾ ਦਾ ਆਸਰਾ-ਪਰਨਾ ਲਈ ਰੱਖੋ, ਤੇ ਨਿੰਦਕਾਂ ਵਲੋਂ) ਬੇ-ਫ਼ਿਕਰ ਰਹੋ।੧।ਰਹਾਉ। ਹੇ ਮੇਰੇ ਮਿੱਤਰੋ! ਜਿਸ ਪ੍ਰਭੂ ਦੀ ਸੇਵਾ-ਭਗਤੀ ਮਨੋਰਥ ਪੂਰੇ ਕਰਦੀ ਹੈ, ਉਸ, ਪ੍ਰਭੂ ਨੇ (ਸਦਾ ਹੀ ਉਸ ਸੇਵਕ ਦੇ) ਸਾਰੇ ਮਨੋਰਥ ਪੂਰੇ ਕੀਤੇ ਹਨ ਜਿਸ ਨੂੰ (ਭਾਗਾਂ ਨਾਲ) ਗੁਰੂ ਮਿਲ ਪਿਆ, (ਉਸ ਦੇ ਨਿਰੇ ਮਨੋਰਥ ਹੀ ਪੂਰੇ ਨਹੀਂ ਹੁੰਦੇ) ਸਾਰੇ ਜਗਤ ਵਿਚ ਉਸ ਦੀ ਸੋਭਾ ਪਈ ਹੁੰਦੀ ਹੈ।੧। ਹੇ ਨਾਨਕ! ਜੇਹੜਾ ਪ੍ਰਭੂ (ਸਭ ਤੋਂ) ਉੱਚਾ ਹੈ, ਬੇਅੰਤ ਹੈ, ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਸਾਰੇ ਹੀ ਜੀਵ ਜਿਸ ਦੇ ਵੱਸ ਵਿਚ ਹਨ। (ਤੂੰ ਉਸ) ਪ੍ਰਭੂ ਦੀ ਸਰਨ ਪਿਆ ਰਹੁ (ਤੇ, ਯਕੀਨ ਰੱਖ ਕਿ) ਉਹ ਪ੍ਰਭੂ ਹਰ ਥਾਂ ਮੇਰੇ ਅੰਗ-ਸੰਗ ਹੈ।੨।੧੦।੭੪। |
Sri Guru Granth Darpan, by Professor Sahib Singh |