ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 819

ਬਿਲਾਵਲੁ ਮਹਲਾ ੫ ॥ ਗੁਰੁ ਪੂਰਾ ਆਰਾਧਿਆ ਹੋਏ ਕਿਰਪਾਲ ॥ ਮਾਰਗੁ ਸੰਤਿ ਬਤਾਇਆ ਤੂਟੇ ਜਮ ਜਾਲ ॥੧॥ ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥ ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥੧॥ ਰਹਾਉ ॥ ਜਲਨਿ ਬੁਝੀ ਸੀਤਲ ਭਏ ਰਾਖੇ ਪ੍ਰਭਿ ਆਪ ॥ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ॥੨॥੧੧॥੭੫॥ {ਪੰਨਾ 819}

ਪਦਅਰਥ: ਆਰਾਧਿਆ = ਮਨ ਵਿਚ ਯਾਦ ਰੱਖਿਆ। ਕਿਰਪਾਲ = ਦਇਆਵਾਨ {ਕ੍ਰਿਪਾ = ਆਲਯ}ਮਾਰਗੁ = (ਜੀਵਨ ਦਾ ਸਹੀ) ਰਸਤਾ। ਸੰਤਿ = ਗੁਰੂ ਨੇ, ਸੰਤ ਨੇ। ਜਮ ਜਾਲ = ਜਮ ਦੀਆਂ ਫਾਹੀਆਂ।੧।

ਸੰਸਾ = ਸਹਿਮ। ਸਹਜ = ਆਤਮਕ ਅਡੋਲਤਾ। ਸਭਿ = ਸਾਰੇ। ਕਾਮ = ਕੰਮ।੧।ਰਹਾਉ।

ਜਲਨਿ = ਸੜਨ। ਪ੍ਰਭਿ = ਪ੍ਰਭੂ ਨੇ। ਜਾ ਕਾ = ਜਿਸ (ਪ੍ਰਭੂ) ਦਾ।੨।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖ, ਸਾਰੀਆਂ ਭੁੱਖਾਂ, ਸਾਰੇ ਸਹਿਮ ਮਿਟ ਜਾਂਦੇ ਹਨ। (ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ ਸੁਆਦ (ਪ੍ਰਾਪਤ ਹੋ ਜਾਂਦੇ ਹਨ) ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ।੧।ਰਹਾਉ।

ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਜਿਸ ਮਨੁੱਖ ਨੂੰ ਗੁਰੂ ਨੇ (ਸਹੀ ਜੀਵਨ ਦਾ) ਰਸਤਾ ਦੱਸ ਦਿੱਤਾ, ਉਸ ਦੀਆਂ ਜਮ ਵਾਲੀਆਂ ਸਾਰੀਆਂ ਫਾਹੀਆਂ ਟੁੱਟ ਜਾਂਦੀਆਂ ਹਨ (ਉਸ ਦੇ ਉਹ ਮਾਨਸਕ ਬੰਧਨ ਟੁੱਟ ਜਾਂਦੇ ਹਨ, ਜੇਹੜੇ ਆਤਮਕ ਮੌਤ ਲਿਆਉਂਦੇ ਹਨ) ੧।

(ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਸਿਮਰਿਆ) ਪ੍ਰਭੂ ਨੇ ਆਪ (ਉਸ ਦੀ ਜਮ ਜਾਲ ਤੋਂ) ਰਾਖੀ ਕੀਤੀ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ। ਹੇ ਨਾਨਕ! ਜਿਸ ਪ੍ਰਭੂ ਵਿਚ ਇਤਨੀ ਵੱਡੀ ਤਾਕਤ ਹੈ ਤੂੰ ਭੀ ਉਸ ਦੀ ਸਰਨ ਪਿਆ ਰਹੁ।੨।੧੧।੭੫।

ਬਿਲਾਵਲੁ ਮਹਲਾ ੫ ॥ ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥ ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥ ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥ ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥ ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥ {ਪੰਨਾ 819}

ਪਦਅਰਥ: ਧਰਤਿ = (ਕਰਮ ਬੀਜ ਬੀਜਣ ਵਾਲੀ) ਸਰੀਰ = ਧਰਤੀ। ਸੁਹਾਵੀ = ਸੋਹਣੀ। ਸਫਲ = ਕਾਮਯਾਬ। ਥਾਨੁ = ਹਿਰਦਾ = ਥਾਂ। ਕਾਮ = (ਸਾਰੇ) ਕੰਮ। ਭ੍ਰਮੁ = ਭਰਮ, ਭਟਕਣ। ਰਵਿਆ = ਸਿਮਰਿਆ।੧।

ਕੈ ਸੰਗਿ = ਦੇ ਨਾਲ, ਦੀ ਸੰਗਤਿ ਵਿਚ। ਬਸਤ = ਵੱਸਦਿਆਂ। ਸਹਜ = ਆਤਮਕ ਅਡੋਲਤਾ। ਬਿਸ੍ਰਾਮ = ਸ਼ਾਂਤੀ। ਸਾਈ = ਉਹੀ {ਇਸਤ੍ਰੀ ਲਿੰਗ}ਸੁਲਖਣੀ = ਚੰਗੇ ਲੱਛਣਾਂ ਵਾਲੀ, ਭਾਗਾਂ ਵਾਲੀ।੧।ਰਹਾਉ।

ਪ੍ਰਗਟ = ਪ੍ਰਸਿੱਧ, ਨਾਮਣੇ ਵਾਲੇ। ਮਹਿ = ਵਿਚ। ਪਹਨਾਮ = {ਫ਼: ਪਿਨਹਾਂ} ਲੁਕੇ ਹੋਏ, ਜਿਨ੍ਹਾਂ ਨੂੰ ਕੋਈ ਜਾਣਦਾ = ਬੁੱਝਦਾ ਨਹੀਂ ਸੀ। ਤਿਸੁ = ਉਸ (ਪਰਮਾਤਮਾ) ਦੀ। ਘਟ ਘਟ ਜਾਨ = ਹਰੇਕ ਦੇ ਦਿਲ ਦੀ ਜਾਣਨ ਵਾਲਾ।੨।

ਅਰਥ: ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ। (ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ।੧।ਰਹਾਉ।

(ਹੇ ਭਾਈ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ, (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ, ਉਸ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ) , ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।੨।

ਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ। ਹੇ ਨਾਨਕ! ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ।੨।੧੨।੭੬।

ਬਿਲਾਵਲੁ ਮਹਲਾ ੫ ॥ ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥ ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨ੍ਹ੍ਹੀ ਦਾਤਿ ॥੧॥ ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥ {ਪੰਨਾ 819}

ਪਦਅਰਥ: ਪ੍ਰਭਿ = ਪ੍ਰਭੂ ਨੇ। ਉਪਜਿਆ = ਪੈਦਾ ਹੋਇਆ। ਵਡ ਪਰਤਾਪੁ = ਵੱਡੇ ਪਰਤਾਪ ਵਾਲਾ। ਅਚਰਜ ਰੂਪੁ = ਅਚਰਜ ਸਰੂਪ ਵਾਲਾ।੧।

ਗੁਰਿ = ਗੁਰੂ ਨੇ। ਗੋਬਿੰਦ = ਗੋਬਿੰਦ ਨੇ। ਭਾਈ = ਪਿਆਰਾ। ਤਿਸ ਕੀ = {ਲਫ਼ਜ਼ 'ਤਿਸੁ' ਦੇ ਅੱਖਰ 'ਸ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}ਸਹਾਈ = ਸਹਾਇਤਾ ਕਰਨ ਵਾਲਾ।੧।

ਬਿਰਥੀ = ਵਿਅਰਥ, ਫਲ = ਹੀਨ। ਹੋਵਈ = ਹੋਵਏ, ਹੋਵੈ, ਹੁੰਦੀ। ਜਨ = ਸੇਵਕ। ਜੋਰੁ = ਬਲ, ਤਾਣ, ਆਸਰਾ। ਗੁਣ ਤਾਸਿ = ਗੁਣਾਂ ਦਾ ਖ਼ਜ਼ਾਨਾ।੨।

ਅਰਥ: ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੋਇਆ ਹੈ, ਜੋ ਸਦਾ ਸਹਾਇਤਾ ਕਰਨ ਵਾਲਾ ਹੈ। (ਵੇਖੋ, ਉਸ ਦੀ ਮੇਹਰ ਕਿ) ਗੁਰੂ ਨੇ ਪਰਮਾਤਮਾ ਨੇ (ਹੀ ਮੇਰੇ ਉੱਤੇ) ਕਿਰਪਾ ਕੀਤੀ ਹੈ, ਮੇਰੇ ਪਿਆਰੇ ਨੂੰ (ਹੱਥ ਦੇ ਕੇ) ਬਚਾ ਲਿਆ ਹੈ।੧।ਰਹਾਉ।

ਹੇ ਭਾਈ! ਉਹ ਪਰਮਾਤਮਾ ਵੱਡੇ ਪਰਤਾਪ ਵਾਲਾ ਹੈ, ਅਚਰਜ ਸਰੂਪ ਵਾਲਾ ਹੈ, ਉਸੇ ਨੇ ਹੀ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। ਪ੍ਰਭੂ ਨੇ ਆਪ ਹੀ (ਮੇਰੇ ਪਿਆਰੇ ਦਾ) ਰੋਗ ਦੂਰ ਕੀਤਾ ਹੈ, (ਉਸੇ ਦੀ ਮੇਹਰ ਨਾਲ) ਸੁਖ ਮਿਲਿਆ ਹੈ ਸ਼ਾਂਤੀ ਮਿਲੀ ਹੈ।੧।

ਹੇ ਨਾਨਕ! ਆਖ-ਹੇ ਭਾਈ! ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ ਰਹੋ) ਸੇਵਕ ਦੀ ਅਰਜ਼ੋਈ ਕਦੇ ਖ਼ਾਲੀ ਨਹੀਂ ਜਾਂਦੀ (ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ, ਤੇ, ਰੋਗ ਆਦਿਕਾਂ ਤੋਂ ਆਪ ਹੀ ਬਚਾਂਦਾ ਹੈ) ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ। ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਹੈ।੨।੧੩।੭੭।

ਬਿਲਾਵਲੁ ਮਹਲਾ ੫ ॥ ਮਰਿ ਮਰਿ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ॥ ਪਾਰਬ੍ਰਹਮੁ ਜਨਿ ਸੇਵਿਆ ਅਨਦਿਨੁ ਰੰਗਿ ਰਾਤਾ ॥੧॥ ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥ ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥੧॥ ਰਹਾਉ ॥ ਸੁਣਿ ਸੁਆਮੀ ਅਰਦਾਸਿ ਜਨ ਤੁਮ੍ਹ੍ਹ ਅੰਤਰਜਾਮੀ ॥ ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥੨॥੧੪॥੭੮॥ {ਪੰਨਾ 819}

ਪਦਅਰਥ: ਮਰਿ = ਮਰਿ ਕੇ, ਆਤਮਕ ਮੌਤ ਸਹੇੜ ਕੇ। ਜਿਨ = ਜਿਨ੍ਹਾਂ ਨੂੰ। ਜੀਵਨ = ਜ਼ਿੰਦਗੀ। ਜਨਿ = ਜਨ ਨੇ, ਸੇਵਕ ਨੇ। ਸੇਵਿਆ = ਸਿਮਰਿਆ। ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ ਵਿਚ।੧।

ਸਹਜੁ = ਆਤਮਕ ਅਡੋਲਤਾ। ਘਨਾ = ਬਹੁਤ। ਸਾਧ ਸੰਗਿ = ਸਾਧ ਸੰਗਤਿ ਵਿਚ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।੧।ਰਹਾਉ।

ਸੁਣਿ = ਸੁਣੀ। ਸੁਆਮੀ = ਹੇ ਸੁਆਮੀ! ਅਰਦਾਸਿ ਜਨ = (ਆਪਣੇ) ਸੇਵਕ ਦੀ ਅਰਦਾਸ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਰਵਿ ਰਹੇ = ਤੁਸੀ ਮੌਜੂਦ ਹੋ।੨।

ਅਰਥ: (ਹੇ ਭਾਈ! ਸੇਵਕ ਨੇ) ਗੁਣਾਂ ਦੇ ਖ਼ਜ਼ਾਨੇ ਹਰੀ (ਦਾ ਨਾਮ) ਸਾਧ ਸੰਗਤਿ ਵਿਚ ਸਿਮਰਦਿਆਂ (ਸਦਾ) ਆਤਮਕ ਆਨੰਦ ਪ੍ਰਾਪਤ ਕੀਤਾ ਹੈ। (ਸੇਵਕ ਦੇ ਹਿਰਦੇ ਵਿਚ) ਸ਼ਾਂਤੀ, ਆਤਮਕ ਅਡੋਲਤਾ ਤੇ ਬਹੁਤ ਆਨੰਦ ਬਣਿਆ ਰਹਿੰਦਾ ਹੈ। (ਸੇਵਕ ਦੀ) ਹਰੇਕ ਕਾਮਨਾ ਪੂਰੀ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਭੁੱਲ ਜਾਂਦਾ ਹੈ, ਉਹ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਪਰ ਪ੍ਰਭੂ ਦੇ ਸੇਵਕ ਨੇ ਪ੍ਰਭੂ ਨੂੰ ਹਰ ਵੇਲੇ ਸਿਮਰਿਆ ਹੈ, (ਪ੍ਰਭੂ ਦਾ ਸੇਵਕ ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।੧।

ਹੇ ਸੁਆਮੀ! ਨਾਨਕ ਦੇ ਮਾਲਕ! ਤੂੰ ਹਰ ਥਾਂ ਵਿਚ ਵੱਸਦਾ ਹੈਂ, ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ (ਆਪਣੇ) ਸੇਵਕ ਦੀ ਅਰਦਾਸ (ਸਦਾ) ਸੁਣਦਾ ਹੈਂ।੨।੧੪।੧੮।

ਬਿਲਾਵਲੁ ਮਹਲਾ ੫ ॥ ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥ ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥ ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥ {ਪੰਨਾ 819}

ਪਦਅਰਥ: ਤਾਤੀ = ਤੱਤੀ। ਤਾਤੀ ਵਾਉ = ਤੱਤੀ ਹਵਾ, ਸੇਕ। ਲਗਈ = ਲਗਏ, ਲੱਗੈ, ਲੱਗਦਾ। ਚਉਗਿਰਦ = ਚੌਹੀਂ ਪਾਸੀਂ। ਰਾਮਕਾਰ = ਰਾਮ ਦੇ ਨਾਮ ਦੀ ਲਕੀਰ {ਨੋਟ:ਬਨਬਾਸ ਸਮੇ ਰਾਵਣ ਸੀਤਾ ਜੀ ਨੂੰ ਛਲਣ ਆਇਆ। ਸੀਤਾ ਜੀ ਦੀ ਪ੍ਰੇਰਨਾ ਤੇ ਸ੍ਰੀ ਰਾਮਚੰਦ੍ਰ ਜੀ ਹਰਨ ਨੂੰ ਫੜਨ ਗਏ, ਲਛਮਨ ਨੂੰ ਸੀਤਾ ਜੀ ਦੇ ਪਾਸ ਛੱਡ ਗਏ। ਜੰਗਲ ਵਿਚੋਂ ਇਉਂ ਆਵਾਜ਼ ਆਈ, ਜਿਵੇਂ ਸ੍ਰੀ ਰਾਮ ਜੀ ਨੂੰ ਕਿਸੇ ਬਿਪਤਾ ਨੇ ਆ ਗ੍ਰਸਿਆ ਹੈ। ਸੀਤਾ ਜੀ ਦੇ ਕਹਿਣ ਤੇ ਲਛਮਨ ਸੀਤਾ ਜੀ ਦੇ ਦੁਆਲੇ ਰਾਮ = ਕਾਰ ਖਿੱਚ ਕੇ ਸ੍ਰੀ ਰਾਮ ਜੀ ਦੀ ਭਾਲ ਵਿਚ ਚਲਾ ਗਿਆ। ਪਰ ਸੀਤਾ ਜੀ ਨੂੰ ਹਿਦਾਇਤ ਕਰ ਗਿਆ ਕਿ ਇਸ ਲਕੀਰ ਤੋਂ ਬਾਹਰ ਨਹੀਂ ਨਿਕਲਣਾ। ਰਾਵਣ ਦਾ ਦਾਉ ਤਦੋਂ ਹੀ ਲੱਗਾ, ਜਦੋਂ ਸੀਤਾ ਜੀ ਉਸ ਤੋਂ ਬਾਹਰ ਨਿਕਲ ਆਏ}ਭਾਈ = ਹੇ ਭਾਈ!੧।

ਭੇਟਿਆ = ਮਿਲ ਪਿਆ। ਜਿਨਿ = ਜਿਸ (ਗੁਰੂ) ਨੇ। ਬਣਤ = (ਵਿਆਧੀਆਂ ਨੂੰ ਦੂਰ ਕਰਨ ਦੀ) ਵਿਓਂਤ। ਅਉਖਧੁ = ਦਵਾਈ।੧।ਰਹਾਉ।

ਤਿਨਿ = ਉਸ ਨੇ। ਰਖਨਹਾਰਿ = ਰੱਖਣ ਦੀ ਸਮਰਥਾ ਵਾਲੇ ਨੇ। ਬਿਆਧਿ = ਰੋਗ। ਸਹਾਈ = ਮਦਦਗਾਰ।੨।

ਅਰਥ: ਹੇ ਭਾਈ! ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ, ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਅਤੇ ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ, ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ।੧।ਰਹਾਉ।

ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ। ਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ।੧।

ਹੇ ਨਾਨਕ! ਆਖ-(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ, ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ, ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ।੨।੧੫।੭੯।

ਬਿਲਾਵਲੁ ਮਹਲਾ ੫ ॥ ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥ ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥ ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥ ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥ {ਪੰਨਾ 819-820}

ਪਦਅਰਥ: ਰਖਿਅਨੁ = ਰੱਖੇ ਹਨ ਉਸ (ਪ੍ਰਭੂ) ਨੇ। ਗੁਰਦੇਵ = ਸਭ ਤੋਂ ਵੱਡਾ ਦੇਵਤਾ। ਸਹਜ = ਆਤਮਕ ਅਡੋਲਤਾ। ਸੇਵ = ਸਿਮਰਨ ਦੀ ਘਾਲ।੧।ਰਹਾਉ।

ਪ੍ਰਭਿ = ਪ੍ਰਭੂ ਨੇ। ਜੀਵਾਲਿਅਨੁ = ਉਸ ਨੇ ਜਿਵਾਲੇ ਹਨ, ਉਸ ਨੇ ਆਤਮਕ ਜੀਵਨ ਦਿੱਤਾ ਹੈ।੧।

ਦੋਖ = ਐਬ, ਵਿਕਾਰ। ਬਖਸਿਆਨੁ = ਉਸ ਨੇ ਬਖ਼ਸ਼ੇ ਹਨ। ਕਲ = ਕਲਾ, ਸੱਤਿਆ। ਧਾਰੀ = ਟਿਕਾਈ ਹੈ। ਮਨ ਬਾਂਛਤ = ਮਨ = ਮੰਗੇ। ਦਿਤਿਅਨੁ = ਦਿੱਤੇ ਹਨ ਉਸ ਪ੍ਰਭੂ ਨੇ।੨।

ਅਰਥ: ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ। (ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ ਉਸ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ (ਉਹਨਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ ਹੈ।੧।

ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ। ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।੨।੧੬।੮੦।

TOP OF PAGE

Sri Guru Granth Darpan, by Professor Sahib Singh