ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 821

ਬਿਲਾਵਲੁ ਮਹਲਾ ੫ ॥ ਰਾਖਿ ਲੀਏ ਅਪਨੇ ਜਨ ਆਪ ॥ ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥ ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥ ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥੧॥ ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥ ਸਾਗਰ ਤਰੇ ਭਰਮ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ ॥੨॥੫॥੮੫॥ {ਪੰਨਾ 821}

ਪਦਅਰਥ: ਰਾਖਿ ਲੀਏ = (ਸਦਾ) ਰੱਖਿਆ ਕੀਤੀ ਹੈ। ਜਨ = ਸੇਵਕ। ਕਰਿ = ਕਰ ਕੇ। ਦੀਨੋ = ਦਿੱਤਾ ਹੈ। ਸੋਗ = ਚਿੰਤਾ, ਗ਼ਮ। ਸੰਤਾਪ = ਦੁੱਖ = ਕਲੇਸ਼।੧।ਰਹਾਉ।

ਗੁਣ ਗੋਵਿੰਦ = ਗੋਵਿੰਦ ਦੇ ਗੁਣ। ਸਭਿ = ਸਾਰੇ (ਰਲ ਕੇ) ਹਰਿ ਜਨ = ਹੇ ਸੰਤ ਜਨੋ! ਰਤਨ ਰਾਗ = ਸੋਹਣੇ ਰਾਗਾਂ ਦੀ ਰਾਹੀਂ। ਰਸਨਾ = ਜੀਭ (ਨਾਲ) ਆਲਾਪ = ਉਚਾਰਨ ਕਰੋ। ਕੋਟਿ = ਕ੍ਰੋੜਾਂ। ਨਿਵਰੀ = ਦੂਰ ਹੋ ਜਾਂਦੀ ਹੈ। ਰਸਾਇਣਿ = ਰਸਾਇਣ ਨਾਲ। ਰਸਾਇਣ = ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਆਤਮ = ਜਿੰਦ। ਧ੍ਰਾਪ = ਰੱਜ ਜਾਂਦੀ ਹੈ।੧।

ਗਹੇ = ਫੜੇ। ਕੈ ਬਚਨਿ = ਦੇ ਬਚਨ ਦੀ ਰਾਹੀਂ। ਸਾਗਰ = (ਸੰਸਾਰ-) ਸਮੁੰਦਰ। ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਠਾਕੁਰ ਪਰਤਾਪ = ਮਾਲਕ = ਪ੍ਰਭੂ ਦੀ ਵਡਿਆਈ।੨।

ਅਰਥ: ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ। ਮੇਹਰ ਕਰ ਕੇ (ਆਪਣੇ ਸੇਵਕਾਂ ਨੂੰ) ਆਪਣੇ ਨਾਮ ਦੀ ਦਾਤਿ ਦੇਂਦਾ ਆਇਆ ਹੈ (ਜਿਨ੍ਹਾਂ ਨੂੰ ਨਾਮ ਦੀ ਦਾਤਿ ਬਖ਼ਸ਼ਦਾ ਹੈ ਉਹਨਾਂ ਦੇ) ਸਾਰੇ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ।੧।ਰਹਾਉ।

ਹੇ ਸੰਤ ਜਨੋ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ। (ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕ੍ਰੋੜਾਂ ਜਨਮਾਂ ਦੀ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ।੧।

ਹੇ ਭਾਈ! ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਸੁਖਦਾਤੇ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ। ਹੇ ਨਾਨਕ! ਆਖ-ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ।੨।੫।੮੫।

ਬਿਲਾਵਲੁ ਮਹਲਾ ੫ ॥ ਤਾਪੁ ਲਾਹਿਆ ਗੁਰ ਸਿਰਜਨਹਾਰਿ ॥ ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ ॥ ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ ॥੧॥ ਦਾਸ ਕੀ ਲਾਜ ਰਖੈ ਮਿਹਰਵਾਨੁ ॥ ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ ॥੨॥੬॥੮੬॥ {ਪੰਨਾ 821}

ਪਦਅਰਥ: ਲਾਹਿਆ = ਉਤਾਰਿਆ। ਸਿਰਜਨਹਾਰਿ = ਸਿਰਜਨਹਾਰ ਨੇ, ਕਰਤਾਰ ਨੇ। ਕਉ = ਨੂੰ, ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਜਿਨਿ = ਜਿਸ (ਗੁਰੂ) ਨੇ। ਪੈਜ = ਲਾਜ, ਇੱਜ਼ਤ। ਸੰਸਾਰਿ = ਸੰਸਾਰ ਵਿਚ।੧।ਰਹਾਉ।

ਕਰੁ = ਹੱਥ। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਰਖਿ ਲੀਨ = (ਤਾਪ ਤੋਂ) ਬਚਾ ਲਿਆ ਹੈ। ਪ੍ਰਭਿ = ਪ੍ਰਭੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਮਹਾ ਰਸ = ਬਹੁਤ ਹੀ ਸੁਆਦਲਾ। ਦੀਨ੍ਹ੍ਹੋ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}੧।

ਲਾਜ = ਇੱਜ਼ਤ। ਰਖੈ = ਰੱਖਦਾ ਹੈ। ਪਰਵਾਨੁ = ਕਬੂਲ।੨।

ਅਰਥ: ਹੇ ਭਾਈ! ਗੁਰੂ ਨੇ ਕਰਤਾਰ ਨੇ (ਆਪ ਬਾਲਕ ਹਰਿਗੋਬਿੰਦ ਦਾ) ਤਾਪ ਉਤਾਰਿਆ ਹੈ। ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਜਿਸ ਨੇ ਸਾਰੇ ਸੰਸਾਰ ਵਿਚ (ਮੇਰੀ) ਇੱਜ਼ਤ ਰੱਖ ਲਈ ਹੈ (ਨਹੀਂ ਤਾਂ, ਭਰਮੀ ਲੋਕ ਤਾਂ, ਸੀਤਲਾ ਦੇਵੀ ਆਦਿਕ ਦੀ ਪੂਜਾ ਵਾਸਤੇ ਬਥੇਰੀ ਪ੍ਰੇਰਨਾ ਕਰਦੇ ਰਹੇ) ੧।ਰਹਾਉ।

ਹੇ ਭਾਈ! ਪ੍ਰਭੂ ਨੇ ਆਪਣਾ ਹੱਥ (ਬਾਲਕ ਦੇ) ਸਿਰ ਉਤੇ ਰੱਖ ਕੇ ਬਾਲਕ ਨੂੰ (ਤਾਪ ਤੋਂ) ਬਚਾ ਲਿਆ (ਨਿਰਾ ਤਾਪ ਤੋਂ ਹੀ ਨਹੀਂ ਬਚਾਇਆ, ਅੱਨ-ਪੂਜਾ ਤੋਂ ਬਚਾ ਕੇ) ਪ੍ਰਭੂ ਨੇ ਆਤਮਕ ਜੀਵਨ ਦੇਣ ਵਾਲਾ ਤੇ ਸਭ ਤੋਂ ਸ੍ਰੇਸ਼ਟ ਰਸ ਵਾਲਾ ਆਪਣਾ ਨਾਮ ਭੀ ਦਿੱਤਾ ਹੈ।੧।

(ਹੇ ਭਾਈ! ਚੇਤਾ ਰੱਖ) ਗੁਰੂ ਨਾਨਕ (ਉਹੀ ਕੁਝ) ਆਖਦਾ ਹੈ (ਜੋ ਪਰਮਾਤਮਾ ਦੀ) ਦਰਗਾਹ ਵਿਚ ਪਰਵਾਨ ਹੈ (ਤੇ, ਗੁਰੂ ਨਾਨਕ ਆਖਦਾ ਹੈ ਕਿ) ਮਿਹਰਵਾਨ ਪ੍ਰਭੂ ਆਪਣੇ ਸੇਵਕ ਦੀ ਇੱਜ਼ਤ (ਜ਼ਰੂਰ) ਰੱਖਦਾ ਹੈ (ਸੋ, ਹੇ ਭਾਈ! ਦੁੱਖ-ਕਲੇਸ਼ ਵੇਲੇ ਘਬਰਾ ਕੇ ਹੋਰ ਹੋਰ ਆਸਰੇ ਨਾਹ ਭਾਲਦੇ ਫਿਰੋ) ੨।੬।੮੬।

ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭    ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥੧॥ ਰਹਾਉ ॥ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥ ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥ ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥ ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥ ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥ ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥੩॥ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ॥ ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥੪॥੧॥੮੭॥ {ਪੰਨਾ 821}

ਪਦਅਰਥ: ਸਬਦਿ = ਸ਼ਬਦ ਦੀ ਰਾਹੀਂ। ਸਬਦਿ ਦੀਪਾ = ਸ਼ਬਦ = ਦੀਵੇ ਦੀ ਰਾਹੀਂ। ਉਜਾਰੋ = ਚਾਨਣ, ਆਤਮਕ ਜੀਵਨ ਦੀ ਸੂਝ। ਅੰਧਕਾਰ = ਘੁੱਪ ਹਨੇਰਾ, ਅਗਿਆਨਤਾ ਦਾ ਹਨੇਰਾ। ਤਿਹ ਮੰਦਰਿ = ਉਸ ਮਨ ਮੰਦਰ ਵਿਚ। ਅਨੂਪਾ = ਬਹੁਤ ਸੁੰਦਰ।੧।ਰਹਾਉ।

ਬਿਸਮਨ ਬਿਸਮ = ਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨੀ। ਜਉ = ਜਦੋਂ। ਕਹਨੁ ਨ ਜਾਇ = ਬਿਆਨ ਨਹੀਂ ਹੋ ਸਕਦੀ। ਮਗਨ = ਚੁੱਭੀ ਲਾ ਲਈ। ਸੰਗੀ = ਨਾਲ। ਮਾਤੇ = ਮਸਤ। ਓਤਿ = ਉਣਤ ਵਿਚ। ਪੋਤਿ = ਪ੍ਰੋਣ ਵਿਚ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲੇ ਹੋਏ।੧।

ਆਲ ਜਾਲ = ਘਰ (ਦੇ ਮੋਹ) ਦੇ ਜਾਲ। ਜੰਜਾਰਾ = ਜੰਜਾਲ, ਝੰਬੇਲੇ। ਅਹੰਬੁਧਿ = ਹਉਮੈ ਵਾਲੀ ਬੁੱਧੀ, ਅਹੰਕਾਰ। ਭੋਰਾ = ਰਤਾ ਭੀ। ਊਚਨ ਊਚਾ = ਮਹਾਨ ਉੱਚਾ। ਬੀਚੁ = ਪਰਦਾ, ਵਿੱਥ। ਖੀਚਾ = ਖਿੱਚਿਆ ਹੋਇਆ, ਤਣਿਆ ਹੋਇਆ। ਹਉ = ਮੈਂ, ਹਉਂ। ਮੋਰਾ = ਮੇਰਾ।੨।

ਏਕੰਕਾਰੁ = ਇਕ ਸਰਬ = ਵਿਆਪਕ ਪਰਮਾਤਮਾ। ਅਪਰ = ਪਰੇ ਤੋਂ ਪਰੇ। ਅਪਾਰਾ = ਬੇਅੰਤ। ਬਿਸਥੀਰਨੁ = ਖਿਲਾਰਾ, ਪ੍ਰਕਾਸ਼। ਸੰਪੂਰਨੁ = ਹਰ ਥਾਂ ਵਿਆਪਕ। ਅਧਾਰਾ = ਆਸਰਾ।੩।

ਨਿਰਮਲ ਨਿਰਮਲ = ਮਹਾਨ ਪਵਿੱਤਰ। ਸੂਚਾ...ਸੂਚਾ = ਮਹਾਨ ਸੁੱਚਾ।੪।

ਅਰਥ: ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ।੧।ਰਹਾਉ।

(ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤਿ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ।੧।

(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ 'ਮੈਂ ਮੈਂ' ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ। ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ।੨।

(ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ, ਤਦੋਂ ਬਾਹਰ ਜਗਤ ਵਿਚ ਭੀ) ਇਕੋ ਸਰਬ-ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪ ਪਸਰਿਆ ਦਿੱਸਦਾ ਹੈ। ਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ, ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿੱਸਦਾ ਹੈ।੩।

ਹੇ ਨਾਨਕ! ਆਖ-(ਜਦੋਂ ਮਨ-ਮੰਦਰ ਵਿਚ ਗੁਰ-ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ, ਤਦੋਂ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਮਹਾਨ ਪਵਿੱਤਰ ਹੈ, ਮਹਾਨ ਸੁੱਚਾ ਹੈ, ਉਸ ਦਾ ਕਦੇ ਅੰਤ ਨਹੀਂ ਪੈ ਸਕਦਾ, ਉਹ ਸਦਾ ਹੀ ਬੇਅੰਤ ਹੈ, ਅਤੇ ਉੱਚਿਆਂ ਤੋਂ ਉੱਚਾ ਹੈ (ਉਸ ਵਰਗਾ ਉੱਚਾ ਹੋਰ ਕੋਈ ਨਹੀਂ) ੪।੧।੯੭।

ਨੋਟ: ਇਸ ਸੰਗ੍ਰਹ ਵਿਚ ੩੦ ਸ਼ਬਦ ਹਨ। ਸਿਰਲੇਖ ਦੱਸਦਾ ਹੈ ਕਿ ਇਹ ਚਉਪਦੇ ਅਤੇ ਦੁਪਦੇ ਰਲੇ ਹੋਏ ਹਨ। ਇਹਨਾਂ ਵਿਚੋਂ ਪਹਿਲੇ ੨ ਚਉਪਦੇ ਹਨ (ਚਾਰ ਬੰਦਾਂ ਵਾਲੇ ਸ਼ਬਦ) , ਬਾਕੀ ਦੇ ੨੮ ਦੁਪਦੇ (ਦੋ ਬੰਦਾਂ ਵਾਲੇ ਸ਼ਬਦ) ਹਨ। ਅਗਲਾ ਸ਼ਬਦ ਚਉਪਦੇ ਹੈ। ਅਗਾਂਹ ਦੁਪਦੇ ਸ਼ੁਰੂ ਹੋ ਜਾਣਗੇ।

ਬਿਲਾਵਲੁ ਮਹਲਾ ੫ ॥ ਬਿਨੁ ਹਰਿ ਕਾਮਿ ਨ ਆਵਤ ਹੇ ॥ ਜਾ ਸਿਉ ਰਾਚਿ ਮਾਚਿ ਤੁਮ੍ਹ੍ਹ ਲਾਗੇ ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥ ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ ॥ ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥੧॥ ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥ ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ ॥੨॥ ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥ ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥੩॥ ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ ॥ ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥ {ਪੰਨਾ 821-822}

ਪਦਅਰਥ: ਕਾਮਿ = ਕੰਮ ਵਿਚ। ਸਿਉ = ਜਿਸ (ਮਾਇਆ) ਨਾਲ। ਰਾਚਿ ਮਾਚਿ = ਰਚ ਮਿਚ ਕੇ। ਮੋਹਨੀ = ਮਨ ਨੂੰ ਮੋਹਣ ਵਾਲੀ ਮਾਇਆ। ਮੋਹਾਵਤ = ਠੱਗ ਰਹੀ ਹੈ।੧।ਰਹਾਉ।

ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਛੋਡਿ = ਛੱਡ ਕੇ। ਖਿਨੈ ਮਹਿ = ਖਿਨ ਵਿਚ ਹੀ। ਉਰਝਿ ਰਹਿਓ = ਉਲਝਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਇੰਦ੍ਰੀ ਰਸ = ਕਾਮ = ਵਾਸਨਾ ਦੇ ਸੁਆਦ। ਬਿਖੈ ਠਗਉਰੀ = ਵਿਸ਼ਿਆਂ ਦੀ ਠੱਗ = ਮੂਰੀ। ਠਗਉਰੀ = ਠਗ ਮੂਰੀ, ਠਗ = ਬੂਟੀ, ਉਹ ਬੂਟੀ ਜੋ ਠੱਗ ਲੋਕ ਰਾਹੀਆਂ ਨੂੰ ਖੁਆ ਕੇ ਬੇ = ਹੋਸ਼ ਕਰ ਲੈਂਦੇ ਹਨ।੧।

ਤ੍ਰਿਣ ਕੋ = ਤੀਲਿਆਂ ਦਾ। ਮੰਦਰੁ = ਘਰ। ਸਾਜਿ = ਬਣਾ ਕੇ। ਪਾਵਕੁ = ਅੱਗ। ਤਲੈ = ਹੇਠ। ਗੜ = ਸਰੀਰ = ਕਿਲ੍ਹਾ। ਐਠਿ = ਆਕੜ ਨਾਲ। ਹਠੀਲੋ = ਹਠੀ, ਜ਼ਿੱਦੀ। ਫੂਲਿ ਫੂਲਿ = ਫੁੱਲ ਫੁੱਲ ਕੇ।੨।

ਪੰਚ ਦੂਤ = (ਕਾਮਾਦਿਕ) ਪੰਜ ਵੈਰੀ। ਮੂਡ ਪਰਿ = ਸਿਰ ਉਤੇ। ਠਾਢੇ = ਖਲੋਤੇ ਹੋਏ। ਗਹੇ = ਗਹਿ, ਫੜ ਕੇ। ਕੇਸ ਗਹੇ = ਕੇਸਾਂ ਤੋਂ ਫੜ ਕੇ। ਫੇਰਾਵਤ = ਭਵਾਂਦੇ ਹਨ। ਦ੍ਰਿਸਟਿ ਨ ਆਵਹਿ = ਦਿੱਸਦੇ ਨਹੀਂ। ਅੰਧ = ਅੰਨ੍ਹਾ। ਮਦ = ਨਸ਼ਾ। ਮਾਵਤ = ਮਸਤ।੩।

ਪਸਾਰਿ = ਖਿਲਾਰ ਕੇ। ਬਿਸਥਾਰੀ = ਖਿਲਾਰੀ। ਪੰਖੀ = ਪੰਛੀ। ਕਉ = ਵਾਸਤੇ।੪।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦੀ। ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ।੧।ਰਹਾਉ।

ਹੇ ਭਾਈ! ਸੋਨਾ (ਧਨ-ਪਦਾਰਥ) , ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ। ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ) ੧।

ਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ। ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ।੨।

ਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ, ਪਰ ਤੈਨੂੰ ਉਹ ਦਿੱਸਦੇ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਵਿਚ ਮਸਤ ਹੋ ਕੇ ਆਤਮਕ ਜੀਵਨ ਵਲੋਂ ਬੇ-ਫ਼ਿਕਰ ਹੋਇਆ ਪਿਆ ਹੈਂ।੩।

ਹੇ ਭਾਈ! ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ, ਤਿਵੇਂ ਤੂੰ (ਦੁਨੀਆ ਦੇ ਪਦਾਰਥਾਂ ਦੇ ਚੋਗ ਵਿਚ) ਫਸ ਰਿਹਾ ਹੈਂ। ਹੇ ਨਾਨਕ! ਆਖ-(ਹੇ ਭਾਈ!) ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾ ਪੁਰਖ ਨੂੰ ਆਪਣੇ ਹਿਰਦੇ ਵਿਚ ਵਸਾ ਰਿਹਾ ਹਾਂ।੪।੨।੮੮।

ਨੋਟ: ਚਉਪਦੇ ਖ਼ਤਮ ਹੋ ਗਏ। ਅਗਾਂਹ ਦੁਪਦੇ ਚੱਲ ਪਏ ਹਨ।

TOP OF PAGE

Sri Guru Granth Darpan, by Professor Sahib Singh