ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 822

ਬਿਲਾਵਲੁ ਮਹਲਾ ੫ ॥ ਹਰਿ ਹਰਿ ਨਾਮੁ ਅਪਾਰ ਅਮੋਲੀ ॥ ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥ ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥ ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥ {ਪੰਨਾ 822}

ਪਦਅਰਥ: ਅਮੋਲੀ = ਅਮੋਲਕ, ਜੋ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ। ਪ੍ਰਾਨ ਪਿਆਰੋ = ਜਿੰਦ ਦਾ ਪਿਆਰਾ। ਮਨਹਿ ਅਧਾਰੋ = ਮਨ ਦਾ ਆਸਰਾ। ਚੀਤਿ = ਚਿੱਤ ਵਿਚ। ਚਿਤਵਉ = ਚਿਤਵਉਂ, ਮੈਂ ਚਿਤਾਰਦੀ ਹਾਂ। ਤੰਬੋਲੀ = ਪਾਠ ਵੇਚਣ ਵਾਲੀ।੧।ਰਹਾਉ।

ਸਹਜਿ = ਆਤਮਕ ਅਡੋਲਤਾ ਵਿਚ। ਗੁਰਹਿ = ਗੁਰੂ ਨੇ! ਰੰਗਿ = ਪ੍ਰੇਮ = ਰੰਗ ਵਿਚ। ਪ੍ਰਿਅ ਮੁਖਿ ਲਾਗੋ = ਪਿਆਰੇ ਦੇ ਮੂੰਹ ਲੱਗੀ, ਪਿਆਰੇ ਦਾ ਦਰਸਨ ਹੋਇਆ। ਜਉ = ਜਦੋਂ। ਕਤਹੁ = ਕਿਤੇ ਭੀ। ਡੋਲੀ = ਡੋਲਦਾ।੧।

ਗੰਧ = ਸੁਗੰਧੀਆਂ। ਦੀਪਾ = ਦੀਵਾ। ਓਤਿ ਪੋਤਿ = ਤਾਣੇ ਪੇਟੇ ਵਾਂਗ ਮਿਲ ਗਈ। ਸੰਗਿ = ਨਾਲ। ਮਉਲੀ = ਖਿੜ ਪਈ। ਪ੍ਰਿਅ = ਪਿਆਰੇ ਨੇ। ਰਵੀ = ਮੇਲ ਦਾ ਆਨੰਦ ਦਿੱਤਾ। ਅਤਿ ਨੀਕੀ = ਬਹੁਤ ਸੋਹਣੀ। ਖਟੋਲੀ = ਨਿੱਕੀ ਜਿਹੀ ਖਾਟ, ਹਿਰਦਾ = ਸੇਜ।੨।

ਅਰਥ: (ਹੇ ਸਹੇਲੀਏ!) ਬੇਅੰਤ ਹਰੀ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਵੱਟੇ ਨਹੀਂ ਮਿਲ ਸਕਦਾ। ਉਹ ਹਰਿ-ਨਾਮ ਮੇਰੀ ਜਿੰਦ ਦਾ ਪਿਆਰਾ ਬਣ ਗਿਆ ਹੈ, ਮੇਰੇ ਮਨ ਦਾ ਸਹਾਰਾ ਬਣ ਗਿਆ ਹੈ। ਜਿਵੇਂ ਕੋਈ ਪਾਨ ਵੇਚਣ ਵਾਲੀ (ਆਪਣੇ) ਪਾਨਾਂ ਦਾ ਖ਼ਿਆਲ ਰੱਖਦੀ ਹੈ, ਤਿਵੇਂ ਮੈਂ ਹਰਿ-ਨਾਮ ਨੂੰ ਆਪਣੇ ਚਿੱਤ ਵਿਚ ਚਿਤਾਰਦੀ ਰਹਿੰਦੀ ਹਾਂ।੧।ਰਹਾਉ।

(ਹੇ ਸਹੇਲੀਏ!) ਜਦੋਂ ਗੁਰੂ ਨੇ ਮੈਨੂੰ (ਭੇਦ) ਦੱਸ ਦਿੱਤਾ, ਤਾਂ ਮੈਂ ਆਤਮਕ ਅਡੋਲਤਾ ਵਿਚ ਲੀਨ ਹੋ ਗਈ, ਹੁਣ ਮੇਰੀ ਸਰੀਰ-ਚੋਲੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈ। ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੇਰੇ ਵੱਡੇ ਭਾਗ ਜਾਗ ਪਏ ਹਨ, ਤਦੋਂ ਤੋਂ ਮੈਨੂੰ ਪਿਆਰੇ ਦਾ ਦਰਸਨ ਹੋ ਰਿਹਾ ਹੈ। ਹੁਣ ਮੇਰਾ ਇਹ ਸੁਹਾਗ (ਮੇਰੇ ਸਿਰ ਤੋਂ) ਲਾਂਭੇ ਨਹੀਂ ਹੋਵੇਗਾ।੧।

(ਹੇ ਸਹੇਲੀਏ!) ਨਾਹ ਕੋਈ ਸੋਹਣੇ ਪਦਾਰਥ, ਨਾਹ ਕੋਈ ਧੂਪ, ਨਾਹ ਸੁਗੰਧੀਆਂ, ਨਾਹ ਦੀਵੇ (-ਕੋਈ ਭੀ ਅਜੇਹੇ ਪਦਾਰਥ ਮੈਂ ਆਪਣੇ ਪਤੀ ਦੇਵ ਅੱਗੇ ਭੇਟਾ ਨਹੀਂ ਕੀਤੇ। ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਆਪਾ ਪ੍ਰਭੂ-ਪਤੀ ਨਾਲ ਇੱਕ-ਮਿੱਕ ਹੋ ਗਿਆ ਹੈ, ਉਸ ਦੇ ਨਾਲ ਮਿਲ ਕੇ ਮੇਰਾ ਮਨ ਖਿੜ ਪਿਆ ਹੈ। ਹੇ ਨਾਨਕ! ਆਖ-(ਹੇ ਸਹੇਲੀਏ!) ਪਿਆਰੇ ਪ੍ਰਭੂ ਨੇ ਮੈਨੂੰ ਸੁਹਾਗਣ ਬਣਾ ਕੇ ਆਪਣੇ ਨਾਲ ਮਿਲਾ ਲਿਆ ਹੈ, ਮੇਰੀ ਹਿਰਦਾ-ਸੇਜ ਹੁਣ ਬਹੁਤ ਸੋਹਣੀ ਬਣ ਗਈ ਹੈ।੨।੩।੮੯।

ਬਿਲਾਵਲੁ ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਮਈ ॥ ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤਿ ਦੂਰਿ ਭਈ ॥੧॥ ਰਹਾਉ ॥ ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ ਦਇਆਲ ਦਈ ॥ ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ॥੧॥ ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ ॥ ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥ {ਪੰਨਾ 822}

ਪਦਅਰਥ: ਗੋਬਿੰਦ ਮਈ = ਗੋਬਿੰਦ = ਮਯ, ਗੋਬਿੰਦ ਦਾ ਰੂਪ। ਜਬ ਤੇ = ਜਦੋਂ ਤੋਂ। ਭੇਟੇ = ਮਿਲੇ ਹਨ। ਸਾਧ = ਗੁਰੂ। ਦਇਆਰਾ = ਦਇਆਲ। ਦੁਰਮਤਿ = ਖੋਟੀ ਮਤਿ।੧।ਰਹਾਉ।

ਪੂਰਿ ਰਹਿਓ = ਵਿਆਪਕ ਹੈ, ਹਰ ਥਾਂ ਮੌਜੂਦ ਹੈ। ਸੀਤਲ = ਠੰਢ ਬਖ਼ਸ਼ਣ ਵਾਲਾ। ਦਈ = ਦਯੁ, ਪਿਆਰਾ। ਤਨ ਤੇ = ਸਰੀਰ ਤੋਂ। ਖਈ = ਨਾਸ ਹੋ ਗਏ।੧।

ਸਤੁ = ਦਾਨ, ਸੇਵਾ। ਸੁਚਿ = ਆਤਮਕ ਪਵਿਤ੍ਰਤਾ। ਸੰਤਨ ਤੇ = ਸੰਤ ਜਨਾਂ ਪਾਸੋਂ। ਮੰਤੁ = ਉਪਦੇਸ਼। ਜਿਨਿ = ਜਿਨਿ ਜਿਨਿ, ਜਿਸ ਜਿਸ ਨੇ। ਮਨਹੁ = ਮਨ ਦੀ ਰਾਹੀਂ। ਪਛਾਨਿਆ = ਸਾਂਝ ਪਾਈ। ਸਗਲੀ = ਸਾਰੀ।

ਅਰਥ: ਹੇ ਭਾਈ! ਜਦੋਂ ਤੋਂ (ਕਿਸੇ ਮਨੁੱਖ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪੈਂਦਾ ਹੈ, ਤਦੋਂ ਤੋਂ (ਉਸ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ, ਸਦਾ ਗੋਬਿੰਦ ਦਾ ਨਾਮ ਸਿਮਰ ਸਿਮਰ ਕੇ ਉਹ ਗੋਬਿੰਦ ਦਾ ਰੂਪ ਹੀ ਹੋ ਜਾਂਦਾ ਹੈ।੧।ਰਹਾਉ।

(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਸ ਨੂੰ ਨਿਸ਼ਚਾ ਬਣ ਜਾਂਦਾ ਹੈ ਕਿ) ਦਇਆ ਅਤੇ ਸ਼ਾਂਤੀ ਦਾ ਪੁੰਜ ਸਾਰੇ ਗੁਣਾਂ ਨਾਲ ਭਰਪੂਰ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਹੈ। (ਸਿਮਰਨ ਦੀ ਬਰਕਤਿ ਨਾਲ) ਉਸ ਦੇ ਸਰੀਰ ਵਿਚੋਂ ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰ ਆਦਿਕ ਸਾਰੇ ਵਿਕਾਰ ਨਾਸ ਹੋ ਜਾਂਦੇ ਹਨ।੧।

(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸੇਵਾ, ਸੰਤੋਖ, ਦਇਆ, ਧਰਮ, ਪਵਿੱਤ੍ਰ ਜੀਵਨ (ਆਪਣੇ ਅੰਦਰ ਪੈਦਾ ਕਰਨ ਦਾ) ਇਹ ਉਪਦੇਸ਼ ਸੰਤ ਜਨਾਂ ਪਾਸੋਂ ਗ੍ਰਹਿਣ ਕਰਦਾ ਹੈ। ਹੇ ਨਾਨਕ! ਆਖ-ਜਿਸ ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ (ਗੁਰੂ ਨਾਲ) ਸਾਂਝ ਪਾਈ, ਉਹਨਾਂ ਨੂੰ (ਉੱਚੇ ਆਤਮਕ ਜੀਵਨ ਦੀ) ਸਾਰੀ ਸਮਝ ਆ ਗਈ।੨।੪।੯੦।

ਬਿਲਾਵਲੁ ਮਹਲਾ ੫ ॥ ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ ॥੧॥ ਕਿਆ ਕਥੀਐ ਕਿਛੁ ਕਥਨੁ ਨ ਜਾਈ ॥ ਜਹ ਜਹ ਦੇਖਾ ਤਹ ਰਹਿਆ ਸਮਾਈ ॥੧॥ ਰਹਾਉ ॥ਜਹ ਮਹਾ ਭਇਆਨ ਦੂਖ ਜਮ ਸੁਨੀਐ ਤਹ ਮੇਰੇ ਪ੍ਰਭ ਤੂਹੈ ਸਹਾਈ ॥ ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ ਗੁਰਿ ਨਾਨਕ ਕਉ ਬੂਝ ਬੁਝਾਈ ॥੨॥੫॥੯੧॥ {ਪੰਨਾ 822}

ਪਦਅਰਥ: ਬਰਨਿ ਨ ਸਾਕਹ = ਅਸੀ ਬਿਆਨ ਨਹੀਂ ਕਰ ਸਕਦੇ। ਸਾਕਹ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}ਰੋਮਾਈ = ਰੋਮ ਜਿਤਨਾ ਭੀ। ਮਹੇਸ = ਸ਼ਿਵ। ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਮੁਨਿ = ਸਮਾਧੀਆਂ ਲਾਈ ਬੈਠੇ ਰਿਸ਼ੀ। ਠਾਕੁਰ = ਹੇ ਠਾਕੁਰ! ਗਤਿ = ਹਾਲਤ। ਤੇਰੀ ਗਤਿ ਨਹੀ ਪਾਈ = ਤੂੰ ਕਿਹੋ ਜਿਹਾ ਹੈਂ = ਇਸ ਗੱਲ ਦੀ ਸਮਝ ਨਹੀਂ ਆ ਸਕੀ।੧।

ਕਿਆ ਕਥੀਐ = ਕੀਹ ਦੱਸੀਏ? ਜਹ ਜਹ = ਜਿੱਥੇ ਜਿੱਥੇ, ਮੈਂ ਵੇਖਦਾ ਹਾਂ।੧।ਰਹਾਉ।

ਜਹ = ਜਿੱਥੇ। ਭਇਆਨ = ਭਿਆਨਕ। ਦੂਖ ਜਮ = ਜਮ ਦੂਖ, ਜਮਾਂ ਦੇ ਦੁੱਖ। ਤਹ = ਉੱਥੇ। ਪ੍ਰਭ = ਹੇ ਪ੍ਰਭੂ! ਗਹੇ = ਫੜੇ। ਗੁਰਿ = ਗੁਰੂ ਨੇ। ਕਉ = ਨੂੰ। ਬੂਝ ਬੁਝਾਈ = ਸਮਝ ਬਖ਼ਸ਼ੀ ਹੈ।੨।

ਅਰਥ: ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ?-ਇਹ ਗੱਲ) ਕੀਹ ਦੱਸੀਏ? ਦੱਸੀ ਨਹੀਂ ਜਾ ਸਕਦੀ। ਮੈਂ ਤਾਂ ਜਿਧਰ ਤੱਕਦਾ ਹਾਂ, ਉਧਰ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ।੧।ਰਹਾਉ।

ਹੇ ਮੇਰੇ ਮਾਲਕ! ਅਸੀ ਜੀਵ ਤੇਰੇ ਪੈਦਾ ਕੀਤੇ ਹੋਏ ਹਾਂ) ਅਸਾਂ ਵਿਚਾਰੇ ਜੀਵਾਂ ਦੀ ਕੋਈ ਪਾਂਇਆਂ ਹੀ ਨਹੀਂ ਕਿ ਤੇਰੀ ਬਾਬਤ ਇਕ ਰੋਮ ਜਿਤਨਾ ਭੀ ਕੁਝ ਕਹਿ ਸਕੀਏ। (ਅਸੀ ਸਾਧਾਰਨ ਜੀਵ ਤਾਂ ਕਿਸੇ ਗਿਣਤੀ ਵਿਚ ਹੀ ਨਹੀਂ) ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ (ਆਦਿਕ ਵਰਗੇ) ਬੇਅੰਤ ਇਹ ਨਹੀਂ ਸਮਝ ਸਕੇ ਕਿ ਤੂੰ ਕਿਹੋ ਜਿਹਾ ਹੈਂ।੧।

ਹੇ ਮੇਰੇ ਪ੍ਰਭੂ! ਜਿੱਥੇ ਇਹ ਸੁਣੀਦਾ ਹੈ ਕਿ ਜਮਾਂ ਦੇ ਬੜੇ ਹੀ ਭਿਆਨਕ ਦੁੱਖ ਮਿਲਦੇ ਹਨ, ਉਥੇ ਤੂੰ ਹੀ (ਬਚਾਣ ਵਾਸਤੇ) ਮਦਦਗਾਰ ਬਣਦਾ ਹੈਂ-ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਸਮਝ ਬਖ਼ਸ਼ੀ ਹੈ। ਤਾਹੀਏਂ ਮੈਂ ਨਾਨਕ ਤੇਰੀ ਸਰਨ ਆ ਪਿਆ ਹਾਂ, ਤੇਰੇ ਚਰਨ ਫੜ ਲਏ ਹਨ।੨।੫।੯੧।

ਬਿਲਾਵਲੁ ਮਹਲਾ ੫ ॥ ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥ ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥੧॥ ਕਿਤੁ ਬਿਧੀਐ ਕਿਤੁ ਸੰਜਮਿ ਪਾਈਐ ॥ ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥੧॥ ਰਹਾਉ ॥ ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ ॥ ਨਾਨਕ ਸਰਨਿ ਸਰਣਿ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਐ ॥੨॥੬॥੯੨॥ {ਪੰਨਾ 822}

ਪਦਅਰਥ: ਅਗਮ = ਅਪਹੁੰਚ। ਅਗਮ ਰੂਪ = ਅਪਹੁੰਚ ਹਸਤੀ ਵਾਲਾ। ਪਤਿਤ ਪਵਿਤ = ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਇਕ ਨਿਮਖ = ਇਕ ਇਕ ਨਿਮਖ, ਹਰ ਵੇਲੇ, ਨਿਮਖ ਨਿਮਖ। ਜਪਾਈਐ = ਜਪੀਐ, ਜਪਣਾ ਚਾਹੀਦਾ ਹੈ। ਪਰਾਪਤਿ = ਮਿਲਾਪ। ਭੇਟੁਲੇ = ਭੇਟਿਆਂ, ਮਿਲਿਆਂ। ਚਰਨ = ਚਰਨਾਂ ਵਿਚ।੧।

ਕਿਤੁ ਬਿਧੀਐ = ਕਿਸ ਵਿਧੀ ਨਾਲ? ਕਿਤੁ ਸੰਜਮਿ = ਕਿਸ ਸੰਜਮ ਨਾਲ? ਕਿਤੁ = {ਲਫ਼ਜ਼ 'ਕਿਸੁ' ਤੋਂ ਕਰਣ ਕਾਰਕ} ਕਿਸ ਦੀ ਰਾਹੀਂ? ਸੰਜਮ = ਬੰਧੇਜ। ਸੁਰਜਨ = ਹੇ ਭਲੇ ਪੁਰਖ! ਕਹੁ = ਦੱਸ। ਕਿਤੁ ਜੁਗਤੀ = ਕਿਸ ਤਰੀਕੇ ਨਾਲ?੧।ਰਹਾਉ।

ਜੋ ਮਾਨੁਖੁ ਮਾਨੁਖ ਕੀ = {ਲਫ਼ਜ਼ 'ਮਾਨੁਖੁ' ਅਤੇ 'ਮਾਨੁਖ' ਦਾ ਵਿਆਕਰਨਿਕ ਫ਼ਰਕ ਚੇਤੇ ਰੱਖਣ = ਜੋਗ ਹੈ}ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ} ਉਸ ਦੀ (ਕੀਤੀ ਸੇਵਾ। ਲਈ ਲਈ ਜਾਈਐ = ਲਈ ਹੀ ਜਾਂਦਾ ਹੈ, ਸਦਾ ਚੇਤੇ ਰੱਖਦਾ ਹੈ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਮੋਹਿ = ਮੈਨੂੰ। ਇਕ ਨਾਈਐ = ਇਕ ਨਾਮ ਦੀ, ਸਿਰਫ਼ ਨਾਮ ਦੀ। ਫੁਨਿ = ਮੁੜ, ਮੁੜ ਮੁੜ।੨।

ਅਰਥ: ਹੇ ਭਲੇ ਪੁਰਖ! ਮੈਨੂੰ) ਦੱਸ ਕਿ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਸਿਮਰਨਾ ਚਾਹੀਦਾ ਹੈ। ਕਿਸ ਵਿਧੀ ਨਾਲ, ਕਿਸ ਸੰਜਮ ਨਾਲ ਉਹ ਮਿਲ ਸਕਦਾ ਹੈ?੧।ਰਹਾਉ।

ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ, ਅਪਹੁੰਚ ਹਸਤੀ ਵਾਲੇ ਨਾਸ-ਰਹਿਤ ਕਰਤਾਰ ਨੂੰ ਨਿਮਖ ਨਿਮਖ ਜਪਦੇ ਰਹਿਣਾ ਚਾਹੀਦਾ ਹੈ। ਇਹ ਸੁਣੀਦਾ ਹੈ ਕਿ ਉਹ ਅਚਰਜ ਹੈ ਅਚਰਜ ਹੈ, (ਉਸ ਨਾਲ) ਮਿਲਾਪ ਹੋ ਜਾਂਦਾ ਹੈ ਜੇ ਸੰਤ ਜਨਾਂ ਦੇ ਚਰਨਾਂ ਦਾ ਮੇਲ ਪ੍ਰਾਪਤ ਹੋ ਜਾਏ। (ਸੋ ਸੰਤ ਜਨਾਂ ਦੇ) ਚਰਨਾਂ ਵਿਚ ਮਨ ਜੋੜਨਾ ਚਾਹੀਦਾ ਹੈ।੧।

ਹੇ ਨਾਨਕ! ਆਖ-ਹੇ ਪ੍ਰਭੂ!) ਜੇਹੜਾ ਮਨੁੱਖ ਕਿਸੇ ਹੋਰ ਮਨੁੱਖ ਦੀ (ਕੋਈ) ਸੇਵਾ ਕਰਦਾ ਹੈ ਉਹ ਉਸ ਦੀ ਕੀਤੀ ਹੋਈ ਸੇਵਾ ਨੂੰ ਸਦਾ ਹੀ ਮੁੜ ਮੁੜ ਯਾਦ ਕਰਦਾ ਰਹਿੰਦਾ ਹੈ; ਪਰ ਹੇ ਪ੍ਰਭੂ! ਤੂੰ ਸੁਖਾਂ ਦਾ ਸਮੁੰਦਰ ਹੈਂ (ਤੂੰ ਅਨੇਕਾਂ ਹੀ ਸੁਖ ਬਖ਼ਸ਼ਦਾ ਹੈਂ ਇਸ ਵਾਸਤੇ) ਮੈਂ ਸਦਾ ਤੇਰੀ ਹੀ ਸਰਨ ਤੇਰੀ ਹੀ ਸਰਨ ਪਿਆ ਰਹਾਂਗਾ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਸਹਾਰਾ ਹੈ।੨।੬।੯੨।

ਬਿਲਾਵਲੁ ਮਹਲਾ ੫ ॥ ਸੰਤ ਸਰਣਿ ਸੰਤ ਟਹਲ ਕਰੀ ॥ ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥ ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥ ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥ ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥ {ਪੰਨਾ 822-823}

ਪਦਅਰਥ: ਸੰਤ ਸਰਣਿ = ਗੁਰੂ ਦੀ ਸਰਨ। ਕਰੀ = (ਜਦੋਂ) ਮੈਂ ਕੀਤੀ। ਧੰਧੁ = ਧੰਧਾ, ਖਲਜਗਨ। ਬੰਧੁ = ਬੰਧਨ। ਅਰੁ = ਅਤੇ। ਜੰਜਾਰੋ = ਜੰਜਾਲ। ਕਾਜ ਤੇ = ਕੰਮਾਂ ਤੋਂ। ਛੂਟਿ ਪਰੀ = (ਮੇਰੀ ਬ੍ਰਿਤੀ) ਛੁੱਟ ਗਈ।੧।

ਸਹਜ = ਆਤਮਕ ਅਡੋਲਤਾ। ਘਨੋ = ਬਹੁਤ। ਤੇ = ਤੋਂ। ਐਸੋ = ਅਜੇਹਾ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ। ਗੁਰਿ = ਗੁਰੂ ਨੇ। ਗੁਰਿ ਪੂਰੈ = ਪੂਰੇ ਗੁਰੂ ਨੇ। ਮੇਰੀ = ਮੇਰੀ ਬ੍ਰਿਤੀ। ਉਲਟਿ ਧਰੀ = (ਮਾਇਆ ਵਲੋਂ) ਪਰਤਾ ਦਿੱਤਾ।੧।

ਪੇਖਿਓ = ਮੈਂ ਵੇਖ ਲਿਆ। ਮੋਹਨੁ = ਸੋਹਣਾ ਪ੍ਰਭੂ {ਵੇਖੋ ਮੂਲ ਪੰਨਾ ੨੪੮। ਉਥੇ ਭੀ ਪ੍ਰਭੂ ਦਾ ਹੀ ਜ਼ਿਕਰ ਹੈ, ਬਾਬਾ ਮੋਹਨ ਜੀ ਦਾ ਨਹੀਂ}ਕੈ ਸੰਗੇ = ਦੇ ਨਾਲ। ਊਨ = ਊਣਾ, ਖ਼ਾਲੀ। ਸਗਲ = ਸਾਰੀ ਸ੍ਰਿਸ਼ਟੀ। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਨਾਨਕ = ਹੇ ਨਾਨਕ! ਪੂਰੀ ਪੂਰੀ = ਮੇਰੀ ਮੇਹਨਤ ਸਫਲ ਹੋ ਗਈ।੨।

ਅਰਥ: ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ, (ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ) , ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ।੧।ਰਹਾਉ।

ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ) ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ।੧।

ਹੇ ਭਾਈ! ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ। ਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਹੇ ਨਾਨਕ! ਆਖ-(ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ।੨।੭।੯੩।

TOP OF PAGE

Sri Guru Granth Darpan, by Professor Sahib Singh