ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 823 ਬਿਲਾਵਲੁ ਮਹਲਾ ੫ ॥ ਮਨ ਕਿਆ ਕਹਤਾ ਹਉ ਕਿਆ ਕਹਤਾ ॥ ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸੁ ਆਗੈ ਕਿਆ ਕਹਤਾ ॥੧॥ ਰਹਾਉ ॥ ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ ॥ ਰੇ ਮਨ ਕਾਇ ਕਹਾ ਲਉ ਡਹਕਹਿ ਜਉ ਪੇਖਤ ਹੀ ਸੰਗਿ ਸੁਨਤਾ ॥੧॥ ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ ਕਰਤਾ ॥ ਕਹੁ ਨਾਨਕ ਗੁਰ ਭਏ ਦਇਆਰਾ ਹਰਿ ਰੰਗੁ ਨ ਕਬਹੂ ਲਹਤਾ ॥੨॥੮॥੯੪॥ {ਪੰਨਾ 823} ਪਦਅਰਥ: ਮਨ = ਹੇ (ਮੇਰੇ) ਮਨ! ਹਉ = ਜੀਵ। ਜਾਨ = ਜਾਣਨਹਾਰ। ਪ੍ਰਬੀਨ = ਸਿਆਣਾ। ਤਿਸੁ ਆਗੈ = ਉਸ (ਪ੍ਰਭੂ) ਦੇ ਸਾਹਮਣੇ।੧।ਰਹਾਉ। ਅਨਬੋਲੇ = ਨਾਹ ਬੋਲੇ ਹੋਏ ਬੋਲ ਨੂੰ। ਜੀਅਨ = ਦਿਲਾਂ ਵਿਚ। ਕਾਇ = ਕਿਉਂ? ਕਹਾ ਲਉ = ਕਦ ਤਕ? ਡਹਕਹਿ = ਤੂੰ ਠੱਗੀ ਕਰੇਂਗਾ। ਜਉ = ਜਦੋਂ। ਸੰਗਿ = ਨਾਲ।੧। ਜਾਨਿ = ਜਾਣ ਕੇ। ਮਨਿ = ਮਨ ਵਿਚ। ਆਨ = {अन्य} ਕੋਈ ਹੋਰ। ਬੀਓ = ਦੂਜਾ। ਦਇਆਰਾ = ਦਇਆਵਾਨ।੨। ਅਰਥ: ਹੇ ਮਨ! ਤੂੰ ਕੀਹ ਕਹਿ ਰਿਹਾ ਹੈਂ? ਹੇ ਜੀਵ! ਤੂੰ ਕੀਹ ਆਖਦਾ ਹੈਂ? ਮੇਰੇ ਠਾਕੁਰ ਪ੍ਰਭੂ ਜੀ ਤਾਂ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਤੇ ਸਮਝਣ ਵਾਲੇ ਹਨ। ਹੇ ਜੀਵ! ਉਸ ਅੱਗੇ ਕੋਈ (ਠੱਗੀ-ਫ਼ਰੇਬ ਦੀ) ਗੱਲ ਨਹੀਂ ਆਖੀ ਜਾ ਸਕਦੀ।੧।ਰਹਾਉ। ਹੇ ਪ੍ਰਭੂ! ਜੋ ਅਸਾਂ ਜੀਵਾਂ ਦੇ ਦਿਲਾਂ ਵਿਚ ਹੁੰਦਾ ਹੈ, ਉਸ ਨੂੰ ਦੱਸਣ ਤੋਂ ਬਿਨਾ ਤੂੰ ਆਪ ਹੀ (ਪਹਿਲਾਂ ਹੀ) ਪਛਾਣ ਲੈਂਦਾ ਹੈਂ। ਹੇ ਮਨ! ਤੂੰ ਕਿਉਂ ਠੱਗੀ ਕਰਦਾ ਹੈਂ? ਕਦ ਤਕ ਠੱਗੀ ਕਰੀ ਜਾਵੇਂਗਾ? ਪਰਮਾਤਮਾ ਤਾਂ ਤੇਰੇ ਨਾਲ (ਵੱਸਦਾ ਹੋਇਆ ਤੇਰੇ ਕਰਮ) ਵੇਖ ਰਿਹਾ ਹੈ, ਤੇ, ਸੁਣ ਭੀ ਰਿਹਾ ਹੈ।੧। ਹੇ ਭਾਈ! ਇਹ ਜਾਣ ਕੇ ਕਿ, ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਭੀ ਕਰਨ ਜੋਗਾ ਨਹੀਂ, (ਜਾਣਨ ਵਾਲੇ ਦੇ) ਮਨ ਵਿਚ ਹੁਲਾਰਾ ਪੈਦਾ ਹੋ ਜਾਂਦਾ ਹੈ। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਗੁਰੂ ਮਿਹਰਬਾਨ ਹੁੰਦਾ ਹੈ (ਉਸ ਦੇ ਦਿਲ ਵਿਚੋਂ) ਪਰਮਾਤਮਾ ਦਾ ਪ੍ਰੇਮ-ਰੰਗ ਕਦੇ ਨਹੀਂ ਉਤਰਦਾ।੨।੮।੯੪। ਬਿਲਾਵਲੁ ਮਹਲਾ ੫ ॥ ਨਿੰਦਕੁ ਐਸੇ ਹੀ ਝਰਿ ਪਰੀਐ ॥ ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ ॥ ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ ॥ ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ ॥੧॥ ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ ॥ ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥ {ਪੰਨਾ 823} ਪਦਅਰਥ: ਝਰਿ = ਝੜ ਕੇ, ਕਿਰ ਕੇ, ਡਿੱਗ ਕੇ। ਪਰੀਐ = ਹੇਠਾਂ ਡਿੱਗ ਪੈਂਦਾ ਹੈ, ਆਤਮਕ ਮੌਤ ਦੇ ਟੋਏ ਵਿਚ ਜਾ ਪੈਂਦਾ ਹੈ। ਭਾਈ = ਹੇ ਭਾਈ! ਨੀਸਾਨੀ = ਲੱਛਣ। ਕਾਲਰ ਭੀਤਿ = ਕੱਲਰ ਦੀ ਕੰਧ।੧। ਜਉ = ਜਦੋਂ। ਛਿਦ੍ਰੁ = (ਕਿਸੇ ਦਾ) ਨੁਕਸ। ਤਉ = ਤਦੋਂ। ਉਮਾਹੈ– ਖ਼ੁਸ਼ ਹੁੰਦਾ ਹੈ। ਭਲੋ = (ਕਿਸੇ ਦੀ) ਭਲਾਈ। ਚਿਤਵੈ = (ਕਿਸੇ ਦਾ ਨੁਕਸਾਨ ਕਰਨ ਦੀ) ਸੋਚ ਸੋਚਦਾ ਰਹਿੰਦਾ ਹੈ। ਨਹੀ ਪਹੁਚੈ = (ਬੁਰਾਈ ਕਰਨ ਤਕ) ਅੱਪੜ ਨਹੀਂ ਸਕਦਾ। ਮਰੀਐ = ਆਤਮਕ ਮੌਤੇ ਮਰ ਜਾਂਦਾ ਹੈ।੧। ਕਾਲੁ = ਮੌਤ, ਆਤਮਕ ਮੌਤ। ਸਿਉ = ਨਾਲ। ਬਾਦੁ = ਝਗੜਾ। ਬਪੁਰੇ = ਵਿਚਾਰੇ।੨। ਅਰਥ: ਹੇ ਭਾਈ! ਸੁਣ, ਜਿਵੇਂ ਕੱਲਰ ਦੀ ਕੰਧ (ਕਿਰ ਕਿਰ ਕੇ) ਡਿੱਗ ਪੈਂਦੀ ਹੈ, ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉੱਚਤਾ ਤੋਂ ਡਿੱਗ ਪੈਂਦਾ ਹੈ (ਨਿੰਦਾ ਉਸ ਦੇ ਆਤਮਕ ਜੀਵਨ ਨੂੰ, ਮਾਨੋ, ਕੱਲਰ ਲੱਗਾ ਹੋਇਆ ਹੈ) ।੧।ਰਹਾਉ। ਹੇ ਭਾਈ! ਜਦੋਂ (ਕੋਈ) ਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ। ਅੱਠੇ ਪਹਰ (ਹਰ ਵੇਲੇ) ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ।੨। ਹੇ ਭਾਈ! ਨਿੰਦਕ ਨੂੰ ਜਿਉਂ ਜਿਉਂ ਪ੍ਰਭੂ (ਨਿੰਦਾ ਵਾਲੇ) ਕੁਰਾਹੇ ਪਾਂਦਾ ਹੈ, ਤਿਉਂ ਤਿਉਂ ਨਿੰਦਕ ਦੀ ਮੁਕੰਮਲ ਆਤਮਕ ਮੌਤ ਨੇੜੇ ਆਉਂਦੀ ਜਾਂਦੀ ਹੈ, ਉਹ ਨਿੰਦਕ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਹੈ। ਪਰ ਹੇ ਨਾਨਕ! ਸੰਤ ਜਨਾਂ ਦਾ ਰਖਵਾਲਾ ਮਾਲਕ-ਪ੍ਰਭੂ ਆਪ ਹੀ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ।੨।੯।੯੫। ਬਿਲਾਵਲੁ ਮਹਲਾ ੫ ॥ ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥ ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥ {ਪੰਨਾ 823} ਪਦਅਰਥ: ਐਸੇ = ਇਸ ਤਰ੍ਹਾਂ। ਕਾਹੇ = ਕਿਉਂ? ਭੂਲਿ ਪਰੇ = (ਜੀਵ) ਭੁੱਲੇ ਪਏ ਹਨ, ਕੁਰਾਹੇ ਪਏ ਹੋਏ ਹਨ। ਕਰਹਿ ਕਰਾਵਹਿ = (ਜੀਵ ਸਭ ਕੁਝ) ਕਰਦੇ ਕਰਾਂਦੇ ਹਨ। ਪੇਖਤ = ਵੇਖਦਾ। ਸੰਗਿ = ਨਾਲ।੧।ਰਾਹਉ। ਕਾਜ = ਕੱਚ। ਬਿਹਾਝਨ = ਖ਼ਰੀਦਣਾ, ਵਪਾਰ ਕਰਨਾ। ਕੰਚਨ = ਸੋਨਾ। ਹੇਤੁ = ਪਿਆਰ। ਖਰੇ ਸਾਜਨ = ਸੱਚੇ ਮਿੱਤਰ। ਹੋਵਨੁ = ਜੋ ਸਦਾ ਕਾਇਮ ਹੈ, ਪਰਮਾਤਮਾ। ਕਉਰਾ = ਕੌੜਾ। ਅਨਹੋਵਨੁ = ਜੋ ਸਦਾ ਰਹਿਣ ਵਾਲਾ ਨਹੀਂ, ਜਗਤ। ਬਿਖਿਆ = ਮਾਇਆ। ਜਰੇ = ਸੜਦੇ ਹਨ, ਖਿੱਝਦੇ ਹਨ।੧। ਅੰਧ ਕੂਪ ਮਹਿ = ਅੰਨ੍ਹੇ ਖੂਹ ਵਿਚ। ਭਰਮੁ = ਭਟਕਣ। ਗੁਬਾਰ = ਹਨੇਰਾ। ਬੰਧਿ = ਬੰਧਨ ਵਿਚ। ਦਇਆਰਾ = ਦਇਆਲ। ਭੇਟੈ = ਮਿਲਦਾ ਹੈ। ਫਰੇ = ਫਰਿ, ਫੜ ਕੇ।੨। ਅਰਥ: (ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ। (ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ) । ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ।੧।ਰਹਾਉ। ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ) । ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ।੧। ਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ) । ਹੇ ਨਾਨਕ! ਆਖ-ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ।੨।੧੦।੯੬। ਬਿਲਾਵਲੁ ਮਹਲਾ ੫ ॥ ਮਨ ਤਨ ਰਸਨਾ ਹਰਿ ਚੀਨ੍ਹ੍ਹਾ ॥ ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋ ਕਉ ਗੁਰਿ ਦੀਨ੍ਹ੍ਹਾ ॥੧॥ ਰਹਾਉ ॥ ਇਆਨਪ ਤੇ ਸਭ ਭਈ ਸਿਆਨਪ ਪ੍ਰਭੁ ਮੇਰਾ ਦਾਨਾ ਬੀਨਾ ॥ ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ ॥੧॥ ਬਲਿ ਜਾਵਉ ਦਰਸਨ ਸਾਧੂ ਕੈ ਜਿਹ ਪ੍ਰਸਾਦਿ ਹਰਿ ਨਾਮੁ ਲੀਨਾ ॥ ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ ਮਨਿ ਛੀਨਾ ॥੨॥੧੧॥੯੭॥ {ਪੰਨਾ 823} ਪਦਅਰਥ: ਹਰਿ ਚੀਨ੍ਹ੍ਹਾ = ਪ੍ਰਭੂ ਨਾਲ ਸਾਂਝ ਪਾਈ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਰਸਨਾ = ਜੀਭ। ਮੋ ਕਉ = ਮੈਨੂੰ। ਗੁਰਿ = ਗੁਰੂ ਨੇ।੧।ਰਹਾਉ। ਇਆਨਪ = ਬੇ = ਸਮਝੀ। ਤੇ = ਤੋਂ। ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ। ਦੇਇ = ਦੇ ਕੇ। ਕਉ = ਨੂੰ। ਖੀਨਾ = ਨੁਕਸਾਨ।੧। ਜਾਵਉ = ਜਾਵਉਂ। ਬਲਿ ਜਾਵਉ = ਮੈਂ ਸਦਕੇ ਜਾਂਦਾ ਹਾਂ। ਸਾਧੂ = ਗੁਰੂ। ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਮਨਿ = ਮਨ ਵਿਚ। ਛੀਨਾ = ਇਕ ਛਿਨ ਭਰ ਭੀ। ਕਹੂ = ਕਿਸੇ ਹੋਰ ਨੂੰ। ਅਰਥ: (ਹੇ ਭਾਈ! ਮੇਰੇ) ਗੁਰੂ ਨੇ ਮੈਨੂੰ ਸਾਰੇ (ਹੀ) ਸੁਖ ਦੇ ਦਿੱਤੇ ਹਨ, ਮੇਰੇ ਫ਼ਿਕਰ-ਅੰਦੇਸ਼ੇ ਮਿਟ ਗਏ ਹਨ, ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਮੇਰੇ ਤਨ ਮੇਰੀ ਜੀਭ ਨੇ ਪਰਮਾਤਮਾ ਨਾਲ ਸਾਂਝ ਪਾ ਲਈ ਹੈ।੧।ਰਹਾਉ। ਹੇ ਭਾਈ! ਬੇ-ਸਮਝੀ ਦੇ ਥਾਂ ਹੁਣ ਮੇਰੇ ਅੰਦਰ ਅਕਲਮੰਦੀ ਹੀ ਪੈਦਾ ਹੋ ਗਈ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਪਰਮਾਤਮਾ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਹੈ (ਸਭ ਦੇ ਕੀਤੇ ਕੰਮ) ਵੇਖਣ ਵਾਲਾ ਹੈ। (ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਪਰਮਾਤਮਾ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾ ਲੈਂਦਾ ਹੈ, ਕੋਈ ਭੀ ਮਨੁੱਖ (ਸੇਵਕ ਦਾ) ਕੁਝ ਨਹੀਂ ਵਿਗਾੜ ਸਕਦਾ।੧। ਹੇ ਭਾਈ! ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਜਪ ਸਕਿਆ ਹਾਂ। ਹੇ ਨਾਨਕ! ਆਖ-(ਹੁਣ) ਪਰਮਾਤਮਾ ਦੇ ਭਰੋਸੇ ਤੇ ਕਿਸੇ ਹੋਰ (ਆਸਰੇ) ਨੂੰ ਇਕ ਛਿਨ ਵਾਸਤੇ ਭੀ ਮੈਂ ਆਪਣੇ ਮਨ ਵਿਚ ਨਹੀਂ ਮੰਨਦਾ।੨।੧੧।੯੭। ਬਿਲਾਵਲੁ ਮਹਲਾ ੫ ॥ ਗੁਰਿ ਪੂਰੈ ਮੇਰੀ ਰਾਖਿ ਲਈ ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥ {ਪੰਨਾ 823-824} ਪਦਅਰਥ: ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੇ ਮਹਿ = ਹਿਰਦੇ ਵਿਚ।੧।ਰਹਾਉ। ਨਿਵਰੇ = ਦੂਰ ਹੋ ਗਏ ਹਨ। ਦੂਤ = (ਕਾਮਾਦਿਕ) ਦੁਸ਼ਮਨ। ਬੈਰਾਈ = ਵੈਰੀ। ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਕਰ ਸਕਦਾ। ਪਰਤਾਪੁ = ਤਾਕਤ।੧। ਰਖੁ = ਟੇਕ, ਆਸਰਾ। ਮਾਹੀ = ਮਾਹਿ, ਵਿਚ। ਤਾ ਕੀ = ਉਸ (ਪ੍ਰਭੂ) ਦੀ। ਜਾ ਤੇ ਊਪਰਿ = ਜਿਸ ਤੋਂ ਵੱਡਾ।੨। ਅਰਥ: (ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ।੧।ਰਹਾਉ। ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ। ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨ, ਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ। ਹੇ ਭਾਈ! ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ।੨।੧੨।੯੮। |
Sri Guru Granth Darpan, by Professor Sahib Singh |