ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 824

ਬਿਲਾਵਲੁ ਮਹਲਾ ੫ ॥ ਸਦਾ ਸਦਾ ਜਪੀਐ ਪ੍ਰਭ ਨਾਮ ॥ ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥ ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥ ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥ ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥ ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥ {ਪੰਨਾ 824}

ਪਦਅਰਥ: ਜਪੀਐ = ਜਪਣਾ ਚਾਹੀਦਾ ਹੈ। ਜਰਾ = ਬੁਢੇਪਾ। ਮਰਾ = ਮੌਤ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਆਗੈ = ਅਗਾਂਹ, ਪਰਲੋਕ ਵਿਚ।੧।ਰਹਾਉ।

ਆਪੁ = ਆਪਾ = ਭਾਵ। ਪਰੀਐ = ਪੈਣਾ ਚਾਹੀਦਾ ਹੈ। ਤੇ = ਤੋਂ। ਨਿਧਾਨੁ = ਖ਼ਜ਼ਾਨਾ। ਕਟੀਐ = ਕੱਟ ਸਕੀਦੀ ਹੈ। ਨੀਸਾਨੁ = ਰਾਹਦਾਰੀ, ਪਰਵਾਨਾ।੧।

ਮਾਨਉ = ਮਾਨਉਂ, ਮੰਨਦਾ ਹਾਂ। ਮਨ ਤੇ = ਮਨ ਤੋਂ। ਛੂਟੈ = ਮੁੱਕ ਜਾਂਦਾ ਹੈ। ਗੁਮਾਨੁ = ਅਹੰਕਾਰ। ਤਾ ਕੀ = ਉਸ (ਪ੍ਰਭੂ) ਦੀ। ਸਗਲ = ਸਾਰਾ।੨।

ਅਰਥ: ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਜਪਣ ਦੀ ਬਰਕਤਿ ਨਾਲ ਅਜੇਹੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਸ ਨੂੰ) ਬੁਢੇਪਾ, ਮੌਤ ਜਾਂ ਦੁੱਖ ਕੁੱਝ ਭੀ ਪੋਹ ਨਹੀਂ ਸਕਦਾ। ਅਗਾਂਹ ਪਰਮਾਤਮਾ ਦੀ ਹਜ਼ੂਰੀ ਵਿਚ ਭੀ ਸਫਲਤਾ ਮਿਲਦੀ ਹੈ।੧।ਰਹਾਉ।

(ਪਰ, ਹੇ ਭਾਈ!) ਇਹ (ਨਾਮ-) ਖ਼ਜ਼ਾਨਾ ਗੁਰੂ ਤੋਂ (ਹੀ) ਮਿਲਦਾ ਹੈ, ਆਪਾ-ਭਾਵ ਤਿਆਗ ਕੇ ਸਦਾ (ਗੁਰੂ ਦੀ) ਸਰਨ ਪੈਣਾ ਚਾਹੀਦਾ ਹੈ। ਇਹ ਨਾਮ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਣ ਵਾਸਤੇ ਪਰਵਾਨਾ ਹੈ, (ਨਾਮ ਦੀ ਸਹਾਇਤਾ ਨਾਲ) ਜਨਮ ਮਰਨ ਦੀ ਫਾਹੀ (ਭੀ) ਕੱਟੀ ਜਾਂਦੀ ਹੈ।੧।

(ਹੇ ਭਾਈ! ਜੇ ਮੈਨੂੰ ਤੇਰਾ ਨਾਮ ਮਿਲ ਜਾਏ, ਤਾਂ) ਜੋ ਕੁਝ ਤੂੰ ਕਰਦਾ ਹੈਂ, ਉਹ ਮੈਂ ਭਲਾ ਸਮਝਣ ਲੱਗ ਪਵਾਂਗਾ, (ਤੇਰੇ ਨਾਮ ਦੀ ਬਰਕਤਿ ਨਾਲ) ਮਨ ਤੋਂ ਸਾਰਾ ਅਹੰਕਾਰ ਮੁੱਕ ਜਾਂਦਾ ਹੈ। ਹੇ ਨਾਨਕ! ਆਖ (-ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਸਾਰਾ ਜਹਾਨ ਜਿਸ ਦਾ ਪੈਦਾ ਕੀਤਾ ਹੋਇਆ ਹੈ।੨।੧੩।੯੯।

ਬਿਲਾਵਲੁ ਮਹਲਾ ੫ ॥ ਮਨ ਤਨ ਅੰਤਰਿ ਪ੍ਰਭੁ ਆਹੀ ॥ ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥ ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥ ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥ {ਪੰਨਾ 824}

ਪਦਅਰਥ: ਮਨ ਤਨ ਅੰਤਰਿ = ਮਨ ਅੰਤਰਿ ਤਨ ਅੰਤਰਿ। ਆਹੀ = ਹੈ, ਵੱਸਦਾ ਹੈ। ਗਾਵਤ = ਗਾਂਦਿਆਂ। ਰਸਨਾ = ਜੀਭ।੧।ਰਹਾਉ।

ਕੁਲ ਸਮੂਹ = ਸਾਰੀਆਂ ਕੁਲਾਂ। ਉਧਰੇ = (ਸੰਸਾਰ = ਸਮੁੰਦਰ ਤੋਂ) ਬਚ ਨਿਕਲਦੇ ਹਨ। ਭੀਤਰਿ = ਵਿਚ। ਸਿਮਰਿ = ਸਿਮਰ ਕੇ। ਸੇਤੀ = ਨਾਲ। ਬਿਖਿਆ = ਮਾਇਆ। ਬਨੁ = ਜੰਗਲ। ਗਾਹੀ = ਗਾਹ ਲੈਂਦੇ ਹਨ।੧।

ਬੋਹਿਥੁ = ਜਹਾਜ਼। ਭਵ ਸਾਗਰੁ = ਸੰਸਾਰ = ਸਮੁੰਦਰ। ਪਰਾਹੀ = ਪਰਹਿ, ਪੈ ਜਾਂਦੇ ਹਨ, ਲੰਘ ਜਾਂਦੇ ਹਨ। ਤਾ ਕੇ = ਉਸ (ਪ੍ਰਭੂ) ਦੇ। ਤਾਹੀ = ਉਸ (ਪ੍ਰਭੂ) ਵਿਚ ਹੀ।੨।

ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ (ਸਦਾ) ਪ੍ਰਭੂ ਵੱਸਦਾ ਹੈ, ਪ੍ਰਭੂ ਦੇ ਗੁਣ ਗਾਂਦਿਆਂ, ਦੂਜਿਆਂ ਦੀ ਭਲਾਈ ਦੀਆਂ ਗੱਲਾਂ ਸਦਾ ਕਰਦਿਆਂ, ਉਸ ਮਨੁੱਖ ਦੀ ਜੀਭ ਅਮੋਲਕ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਸਦਾ ਸਿਮਰ ਕੇ (ਸਿਮਰਨ ਕਰਨ ਵਾਲੇ ਸੰਤ ਭਗਤ) ਮਾਇਆ (ਦੇ ਸੰਸਾਰ-) ਜੰਗਲ ਤੋਂ ਬੜੇ ਆਨੰਦ ਨਾਲ ਪਾਰ ਲੰਘ ਜਾਂਦੇ ਹਨ, ਉਹ ਆਪਣੀ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਲਾਹ ਲੈਂਦੇ ਹਨ, ਉਹਨਾਂ ਦੀਆਂ ਸਾਰੀਆਂ ਕੁਲਾਂ ਭੀ ਖਿਨ ਵਿਚ (ਸੰਸਾਰ-ਜੰਗਲ ਵਿਚੋਂ) ਬਚ ਨਿਕਲਦੀਆਂ ਹਨ।੧।

ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਦਾ ਜਹਾਜ਼ ਪ੍ਰਾਪਤ ਕਰ ਲੈਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਹੇ ਨਾਨਕ! ਉਹੀ ਮਨੁੱਖ ਉਸ ਪ੍ਰਭੂ ਦੇ ਸੰਤ ਹਨ, ਭਗਤ ਹਨ, ਸੇਵਕ ਹਨ। ਉਹਨਾਂ ਦਾ ਮਨ ਉਸ ਪ੍ਰਭੂ ਵਿਚ ਹੀ ਸਦਾ ਟਿਕਿਆ ਰਹਿੰਦਾ ਹੈ।੨।੧੪।੧੦੦।

ਬਿਲਾਵਲੁ ਮਹਲਾ ੫ ॥ ਧੀਰਉ ਦੇਖਿ ਤੁਮ੍ਹ੍ਹਾਰੇ ਰੰਗਾ ॥ ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥ ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥ {ਪੰਨਾ 824}

ਪਦਅਰਥ: ਧੀਰਉ = ਧੀਰਉਂ, ਮੈਂ ਧੀਰਜ ਫੜਦਾ ਹਾਂ, ਮੇਰੇ ਮਨ ਨੂੰ ਧੀਰਜ ਆ ਜਾਂਦੀ ਹੈ। ਦੇਖਿ = ਵੇਖ ਕੇ। ਰੰਗਾ = ਕੌਤਕ, ਚੋਜ। ਸੁਆਮੀ = ਮਾਲਕ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਵਸਹਿ = ਵੱਸਦਾ ਹੈਂ। ਕੈ ਸੰਗਾ = ਦੇ ਨਾਲ।੧।ਰਹਾਉ।

ਥਾਪਿ = ਥਾਪਨਾ ਦੇ ਕੇ। ਨਿਵਾਜੇ = ਮਾਣ = ਆਦਰ ਵਾਲੇ ਬਣਾ ਦਿੱਤੇ। ਠਾਕੁਰ = ਹੇ ਠਾਕੁਰ! ਕੀਟ ਤੇ = ਕੀੜੇ ਤੋਂ। ਕਰਹਿ = ਤੂੰ ਕਰ ਦੇਂਦਾ ਹੈਂ। ਰਾਜੰਗਾ = ਰਾਜੈ।੧।

ਕਬ ਹੂ = ਕਦੇ ਭੀ। ਹੀਏ ਤੇ = ਹਿਰਦੇ ਤੋਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ।੨।

ਅਰਥ: ਹੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਵੇਖ ਵੇਖ ਕੇ ਮੈਨੂੰ (ਭੀ) ਹੌਸਲਾ ਬਣ ਰਿਹਾ ਹੈ (ਕਿ ਤੂੰ ਮੇਰੀ ਭੀ ਸਹਾਇਤਾ ਕਰੇਂਗਾ) ਤੂੰ ਹੀ (ਸਾਡਾ) ਮਾਲਕ ਹੈਂ, ਤੂੰ ਹੀ ਸਾਡੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ (ਹਰੇਕ) ਸਾਧੂ-ਜਨ ਦੇ ਨਾਲ ਵੱਸਦਾ ਹੈਂ।੧।ਰਹਾਉ।

ਹੇ ਮਾਲਕ! ਤੂੰ ਨੀਵੇਂ ਕੀੜਿਆਂ (ਵਰਗੇ ਨਾਚੀਜ਼ ਬੰਦਿਆਂ) ਨੂੰ ਰਾਜੇ ਬਣਾ ਦੇਂਦਾ ਹੈਂ। ਤੂੰ ਇਕ ਖਿਨ ਵਿਚ ਹੀ (ਨੀਵਿਆਂ ਨੂੰ) ਥਾਪਣਾ ਦੇ ਕੇ ਮਾਣ-ਆਦਰ ਵਾਲੇ ਬਣਾ ਦਿੱਤਾ।੧।

ਹੇ ਦਾਸ ਨਾਨਕ! ਆਖ-ਹੇ ਪ੍ਰਭੂ! ਮੇਹਰ ਕਰ, ਤੇਰਾ ਨਾਮ) ਮੇਰੇ ਹਿਰਦੇ ਤੋਂ ਕਦੇ ਭੀ ਨਾਹ ਭੁੱਲੇ। (ਤੇਰੇ ਦਰ ਤੋਂ) ਮੈਂ ਖ਼ੈਰ ਮੰਗਦਾ ਹਾਂ।੨।੧੫।੧੦੧।

ਬਿਲਾਵਲੁ ਮਹਲਾ ੫ ॥ ਅਚੁਤ ਪੂਜਾ ਜੋਗ ਗੋਪਾਲ ॥ ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥ ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥ ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥ ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥ ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥ {ਪੰਨਾ 824}

ਪਦਅਰਥ: ਅਚੁਤ = ਅੱਚੁਤ (अच्युत} ਕਦੇ ਨਾਸ ਨਾਹ ਹੋਣ ਵਾਲਾ। ਪੂਜਾ ਜੋਗ = ਪੂਜਾ ਦਾ ਹੱਕਦਾਰ। ਗੋਪਾਲ = ਧਰਤੀ ਦਾ ਰਾਖਾ। ਅਰਪਿ = ਭੇਟਾ ਕਰ ਕੇ। ਰਖਉ = ਰਖਉਂ, ਮੈਂ ਰੱਖਾਂ। ਪ੍ਰਤਿਪਾਲ = ਪਾਲਣਾ ਕਰਨ ਵਾਲਾ।੧।ਰਹਾਉ।

ਸਰਨਿ ਸਮ੍ਰਥ = ਸਰਨ ਆਏ ਦੀ ਸਹਾਇਤਾ ਕਰਨ = ਜੋਗਾ। ਅਕਥ = ਜਿਸ ਦੇ ਸਰੂਪ ਦਾ ਬਿਆਨ ਨਾਹ ਕੀਤਾ ਜਾ ਸਕੇ। ਸਿੰਧੁ = ਸਮੁੰਦਰ। ਕੰਠਿ = ਗਲ ਨਾਲ। ਕਉ = ਨੂੰ। ਤਿਸ ਨੋ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਤਾਤੀ ਬਾਲ = ਤੱਤੀ ਹਵਾ, ਸੇਕ।੧।

ਦਾਮੋਦਰ = {दामन् उदर} ਪਰਮਾਤਮਾ। ਸਰਬਸੁ = {सर्वस्व = ਸਾਰਾ ਧਨ = ਪਦਾਰਥ} ਸਭ ਕੁਝ। ਜਾਚਿਕ = ਮੰਗਤਾ। ਪ੍ਰਭ = ਹੇ ਪ੍ਰਭੂ! ਰਵਾਲ = ਚਰਨ = ਧੂੜ।੨।

ਅਰਥ: ਹੇ ਭਾਈ! ਧਰਤੀ ਦਾ ਰਾਖਾ ਅਤੇ ਅਬਿਨਾਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ। ਮੈਂ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਉਸ ਪ੍ਰਭੂ ਅੱਗੇ (ਹੀ) ਰਖਦਾ ਹਾਂ। ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ।੧।ਰਹਾਉ।

ਹੇ ਭਾਈ! ਪ੍ਰਭੂ ਸਰਨ ਪਏ ਜੀਵ ਦੀ ਰੱਖਿਆ ਕਰਨ ਜੋਗਾ ਹੈ, ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਕਿਰਪਾ ਦਾ ਸਮੁੰਦਰ ਹੈ, ਬੜਾ ਹੀ ਦਇਆਵਾਨ ਹੈ। ਉਹ ਪ੍ਰਭੂ ਆਪਣੇ (ਸੇਵਕ) ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, (ਫਿਰ) ਉਸ (ਸੇਵਕ) ਨੂੰ ਕੋਈ ਦੁੱਖ-ਕਲੇਸ਼ ਰਤਾ ਭਰ ਭੀ ਪੋਹ ਨਹੀਂ ਸਕਦਾ।੧।

ਹੇ ਭਾਈ! ਪਰਮਾਤਮਾ ਦਇਆ ਦਾ ਘਰ ਹੈ, ਸਭ ਦਾ ਮਾਲਕ ਹੈ, ਸੰਤ ਜਨਾਂ ਵਾਸਤੇ ਉਹੀ ਧਨ ਹੈ ਮਾਲ ਹੈ ਅਤੇ ਸਭ ਕੁਝ ਹੈ। ਉਸ ਪ੍ਰਭੂ (ਦੇ ਦਰ) ਦਾ ਮੰਗਤਾ ਨਾਨਕ ਉਸ ਦੇ ਦਰਸਨ ਦਾ ਖ਼ੈਰ ਮੰਗਦਾ ਹੈ (ਅਤੇ ਅਰਜ਼ੋਈ ਕਰਦਾ ਹੈ ਕਿ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ।੨।੧੬।੧੦੨।

ਬਿਲਾਵਲੁ ਮਹਲਾ ੫ ॥ ਸਿਮਰਤ ਨਾਮੁ ਕੋਟਿ ਜਤਨ ਭਏ ॥ ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥ ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥ ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥ ਕਰਿ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸੁ ਨਾਨਕ ਦਾਸ ਕਹੇ ॥੨॥੧੭॥੧੦੩॥ {ਪੰਨਾ 824}

ਪਦਅਰਥ: ਕੋਟਿ = ਕ੍ਰੋੜਾਂ। ਜਤਨ = (ਤੀਰਥ, ਕਰਮ ਕਾਂਡ ਆਦਿਕ) ਉੱਦਮ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਮਿਲਿ = ਮਿਲ ਕੇ। ਕਉ = ਨੂੰ। ਤ੍ਰਾਸ = ਡਰ। ਅਹੇ = ਹੋ ਜਾਂਦਾ ਹੈ।੧।ਰਹਾਉ।

ਜੇਤੇ = ਜਿਤਨੇ ਹੀ, ਸਾਰੇ ਹੀ। ਪੁਨਹ ਚਰਨ = ਪ੍ਰਾਸ਼ਚਿਤ = ਕਰਮ, ਪਾਪਾਂ ਦੀ ਨਿਵਿਰਤੀ ਵਾਸਤੇ ਕੀਤੇ ਹੋਏ ਕਰਮ। ਸੇ = {ਬਹੁ-ਵਚਨ} ਉਹ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਗਹੇ = ਫੜ ਲਏ। ਨਾਠਾ = ਨੱਸ ਗਿਆ। ਕਿਲਵਿਖ = ਪਾਪ। ਦਹੇ = ਸੜ ਗਏ।੧।

ਜਗਦੀਸੈ = ਜਗਤ ਦੇ ਈਸ਼ (ਮਾਲਕ) ਨੂੰ। ਵਡ ਭਾਗਿ = ਵੱਡੀ ਕਿਸਮਤ ਨਾਲ। ਲਹੇ = ਲੱਭਦਾ ਹੈ। ਪ੍ਰਭ = ਹੇ ਪ੍ਰਭੂ! ਦਾਤੇ = ਹੇ ਦਾਤਾਰ! ਨਿਰਮਲ = ਪਵਿੱਤਰ ਕਰਨ ਵਾਲਾ। ਜਸੁ = ਸਿਫ਼ਤਿ-ਸਾਲਾਹ।੨।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ (ਤੀਰਥ, ਕਰਮ ਕਾਂਡ ਆਦਿਕ) ਕ੍ਰੋੜਾਂ ਹੀ ਉੱਦਮ (ਮਾਨੋ) ਹੋ ਜਾਂਦੇ ਹਨ। (ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਜਮਦੂਤਾਂ ਨੂੰ (ਉਸ ਦੇ ਨੇੜੇ ਜਾਣੋਂ) ਡਰ ਆਉਣ ਲੱਗ ਪਿਆ।੧।ਰਹਾਉ।

ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਆਪਣੇ ਮਨ ਵਿਚ ਹਿਰਦੇ ਵਿਚ ਵਸਾ ਲਏ, ਉਸ ਨੇ (ਪਿਛਲੇ ਕਰਮਾਂ ਦੇ ਸੰਸਕਾਰ ਮਿਟਾਣ ਲਈ, ਮਾਨੋ) ਸਾਰੇ ਹੀ ਪ੍ਰਾਸ਼ਚਿਤ ਕਰਮ ਕਰ ਲਏ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ, ਉਸ ਦਾ ਹਰੇਕ ਭਰਮ ਡਰ ਦੂਰ ਹੋ ਗਿਆ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ।੧।

(ਤਾਂ ਤੇ, ਹੇ ਭਾਈ!) ਨਿਡਰ ਹੋ ਕੇ (ਕਰਮ ਕਾਂਡ ਦਾ ਭਰਮ ਲਾਹ ਕੇ) ਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਇਹ ਨਾਮ-ਪਦਾਰਥ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ। ਹੇ ਸਰਬ-ਵਿਆਪਕ ਦਾਤਾਰ ਪ੍ਰਭੂ! ਮੇਹਰ ਕਰ, ਤਾ ਕਿ ਤੇਰਾ ਦਾਸ ਨਾਨਕ ਪਵਿੱਤਰ ਕਰਨ ਵਾਲੀ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹੇ।੨।੧੭।੧੦੩।

TOP OF PAGE

Sri Guru Granth Darpan, by Professor Sahib Singh