ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 825 ਬਿਲਾਵਲੁ ਮਹਲਾ ੫ ॥ ਸੁਲਹੀ ਤੇ ਨਾਰਾਇਣ ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥ ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ ॥ ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥੨॥੧੮॥੧੦੪॥ {ਪੰਨਾ 825} ਪਦਅਰਥ: ਤੇ = ਤੋਂ। ਨਾਰਾਇਣ = ਹੇ ਪ੍ਰਭੂ! ਰਾਖੁ = ਬਚਾ ਲੈ। ਕਹੀ = ਕਿਤੇ ਭੀ। ਨਾਪਾਕੁ = ਅਪਵਿੱਤਰ, ਮਲੀਨ = ਬੁੱਧਿ।੧।ਰਹਾਉ। ਕਾਢਿ = ਕੱਢ ਕੇ। ਕੁਠਾਰੁ = (ਮੌਤ = ਰੂਪ) ਕੁਹਾੜਾ। ਖਸਮਿ = ਮਾਲਕ (-ਪ੍ਰਭੂ) ਨੇ। ਖਾਕੁ = ਮਿੱਟੀ, ਸੁਆਹ। ਪਚਿਆ = ਸੜ ਮੁਇਆ ਹੈ। ਜਿਨਿ = ਜਿਸ (ਪ੍ਰਭੂ) ਨੇ। ਤਿਨਿ = ਉਸ (ਪ੍ਰਭੂ) ਨੇ। ਧਾਕੁ = ਧੱਕਾ।੧। ਨ ਰਹਿਓਸੁ = ਉਸ (ਸੁਲਹੀ) ਦਾ ਨਹੀਂ ਰਿਹਾ। ਛੋਡਿ = ਛੱਡ ਕੇ। ਕਹੁ = ਆਖ। ਬਲਿਹਾਰੀ = ਕੁਰਬਾਨ। ਜਿਨਿ = ਜਿਸ (ਪ੍ਰਭੂ) ਨੇ। ਜਨ ਕਾ ਵਾਕੁ = ਸੇਵਕ ਦੀ ਅਰਦਾਸ।੨। ਅਰਥ: (ਹੇ ਪ੍ਰਭੂ! ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਸੀ ਕਿ) ਹੇ ਪ੍ਰਭੂ! (ਸਾਨੂੰ) ਸੁਲਹੀ (ਖਾਂ) ਤੋਂ ਬਚਾ ਲੈ, ਅਤੇ ਸੁਲਹੀ ਦਾ (ਜ਼ੁਲਮ-ਭਰਿਆ) ਹੱਥ (ਸਾਡੇ ਉੱਤੇ) ਕਿਤੇ ਭੀ ਨਾਹ ਅੱਪੜ ਸਕੇ। (ਹੇ ਭਾਈ! ਪ੍ਰਭੂ ਨੇ ਆਪ ਹੀ ਮੇਹਰ ਕੀਤੀ ਹੈ) ਸੁਲਹੀ (ਖਾਂ) ਮਲੀਨ-ਬੁੱਧਿ ਹੋ ਕੇ ਮਰਿਆ ਹੈ।੧।ਰਹਾਉ। ਹੇ ਭਾਈ! ਖਸਮ ਪ੍ਰਭੂ ਨੇ (ਮੌਤ-ਰੂਪ) ਕੁਹਾੜਾ ਕੱਢ ਕੇ (ਸੁਲਹੀ ਦਾ) ਸਿਰ ਵੱਢ ਦਿੱਤਾ ਹੈ, (ਜਿਸ ਕਰ ਕੇ ਉਹ) ਇਕ ਖਿਨ ਵਿਚ ਹੀ ਸੁਆਹ ਦੀ ਢੇਰੀ ਹੋ ਗਿਆ ਹੈ। ਹੋਰਨਾਂ ਦਾ ਨੁਕਸਾਨ ਕਰਨਾ ਸੋਚਦਾ ਸੋਚਦਾ (ਸੁਲਹੀ) ਸੜ ਮਰਿਆ ਹੈ। ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ (ਹੀ ਉਸ ਨੂੰ ਪਰਲੋਕ ਵਲ ਦਾ) ਧੱਕਾ ਦੇ ਦਿੱਤਾ ਹੈ।੧। ਹੇ ਭਾਈ! ਸਾਰਾ ਸਾਕ (ਕੁਟੰਬ) ਛੱਡ ਕੇ (ਸੁਲਹੀ ਇਸ ਦੁਨੀਆ ਤੋਂ) ਤੁਰ ਗਿਆ ਹੈ। ਉਸ ਦੇ ਭਾ ਦੇ ਨਾਹ ਕੋਈ ਪੁੱਤਰ ਰਹਿ ਗਏ, ਨਾਹ ਕੋਈ ਮਿੱਤਰ ਰਹਿ ਗਏ, ਨਾਹ ਧਨ ਰਹਿ ਗਿਆ, ਉਸ ਦੇ ਭਾ ਦਾ ਕੁਝ ਭੀ ਨਹੀਂ ਰਹਿ ਗਿਆ। ਹੇ ਨਾਨਕ! ਆਖ-ਮੈਂ ਉਸ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ (ਤੇ, ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ) ।੨।੧੮।੧੦੪। ਭਾਵ: ਕੋਈ ਭੀ ਬਿਪਤਾ ਆਉਂਦੀ ਦਿੱਸੇ, ਪਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕੀਤੀ ਫਬਦੀ ਹੈ। ਬਿਲਾਵਲੁ ਮਹਲਾ ੫ ॥ ਪੂਰੇ ਗੁਰ ਕੀ ਪੂਰੀ ਸੇਵ ॥ ਆਪੇ ਆਪਿ ਵਰਤੈ ਸੁਆਮੀ ਕਾਰਜੁ ਰਾਸਿ ਕੀਆ ਗੁਰਦੇਵ ॥੧॥ ਰਹਾਉ ॥ ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਟੁ ਬਨਾਇਓ ਆਪਿ ॥ ਅਪਨੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਡ ਪਰਤਾਪੁ ॥੧॥ ਪਾਰਬ੍ਰਹਮ ਪਰਮੇਸੁਰ ਸਤਿਗੁਰ ਵਸਿ ਕੀਨ੍ਹ੍ਹੇ ਜਿਨਿ ਸਗਲੇ ਜੰਤ ॥ ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪਿ ਨਿਰਮਲ ਮੰਤ ॥੨॥੧੯॥੧੦੫॥ {ਪੰਨਾ 825} ਪਦਅਰਥ: ਪੂਰੀ = ਸਫਲ। ਸੇਵ = ਸੇਵਾ = ਭਗਤੀ, ਸਰਨ, ਓਟ। ਆਪੇ = ਆਪ। ਵਰਤੈ = ਹਰ ਥਾਂ ਮੌਜੂਦ ਹੈ। ਰਾਸਿ ਕੀਆ = ਸਫਲ ਕਰ ਦਿੱਤਾ ਹੈ।੧।ਰਹਾਉ। ਆਦਿ = ਸ਼ੁਰੂ ਵਿਚ। ਮਧਿ = (ਜਗਤ = ਰਚਨਾ ਦੇ) ਵਿਚਕਾਰ, ਹੁਣ। ਅੰਤਿ = ਅਖ਼ੀਰ ਵਿਚ ਭੀ। ਥਾਟੁ = ਜਗਤ = ਰਚਨਾ। ਪਰਤਾਪੁ = ਤਾਕਤ।੧। ਜਿਨਿ = ਜਿਸ (ਪ੍ਰਭੂ) ਨੇ। ਸਗਲੇ = ਸਾਰੇ। ਨਾਨਕ = ਹੇ ਨਾਨਕ! ਜਪਿ = ਜਪ ਕੇ। ਨਿਰਮਲ = ਪਵਿਤ੍ਰ ਆਚਰਨ ਵਾਲਾ। ਮੰਤ = ਮੰਤਰ।੨। ਅਰਥ: ਹੇ ਭਾਈ! ਪੂਰੇ ਗੁਰੂ ਦਾ ਆਸਰਾ (ਜ਼ਿੰਦਗੀ ਨੂੰ) ਕਾਮਯਾਬ (ਬਣਾ ਦੇਂਦਾ ਹੈ) । (ਸਰਨ ਪਏ ਸਿੱਖ ਦਾ) ਹਰੇਕ ਕੰਮ ਗੁਰੂ ਨੇ (ਸਦਾ) ਸਫਲ ਕੀਤਾ ਹੈ। (ਗੁਰੂ ਦੀ ਕਿਰਪਾ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਕ-ਪ੍ਰਭੂ ਹਰ ਥਾਂ ਆਪ ਹੀ ਆਪ ਮੌਜੂਦ ਹੈ।੧।ਰਹਾਉ। (ਹੇ ਭਾਈ! ਗੁਰੂ ਇਹ ਸ਼ਰਧਾ ਪੈਦਾ ਕਰਦਾ ਹੈ ਕਿ) ਜਿਸ ਪ੍ਰਭੂ ਨੇ ਆਪਣੀ ਇਹ ਜਗਤ-ਖੇਡ ਬਣਾਈ ਹੈ ਉਹ ਮਾਲਕ ਪ੍ਰਭੂ (ਇਸ ਖੇਡ ਦੇ) ਸ਼ੁਰੂ ਵਿਚ, ਹੁਣ ਅਤੇ ਅਖ਼ੀਰ ਵਿਚ ਸਦਾ ਕਾਇਮ ਰਹਿਣ ਵਾਲਾ ਹੈ। (ਗੁਰੂ ਤੋਂ ਇਹ ਨਿਸ਼ਚਾ ਮਿਲਦਾ ਹੈ ਕਿ) ਉਸ ਪਰਮਾਤਮਾ ਦੀ ਬੜੀ ਤਾਕਤ ਹੈ, ਆਪਣੇ ਸੇਵਕ ਦੀ ਲਾਜ ਉਹ ਆਪ ਹੀ (ਸਦਾ) ਰੱਖਦਾ ਹੈ।੧। ਹੇ ਨਾਨਕ! ਜਿਸ ਪਾਰਬ੍ਰਹਮ ਪਰਮੇਸਰ ਨੇ ਸਾਰੇ ਜੀਅ ਜੰਤ ਆਪਣੇ ਵੱਸ ਵਿਚ ਰੱਖੇ ਹੋਏ ਹਨ, ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ। (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਮੰਤਰ ਜਪਿਆਂ ਪਵਿੱਤਰ ਜੀਵਨ ਵਾਲਾ ਬਣ ਜਾਈਦਾ ਹੈ।੨।੧੯।੧੦੫। ਬਿਲਾਵਲੁ ਮਹਲਾ ੫ ॥ ਤਾਪ ਪਾਪ ਤੇ ਰਾਖੇ ਆਪ ॥ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥੧॥ ਰਹਾਉ ॥ ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ॥ ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ ॥੧॥ ਅਨਾਥ ਕੋ ਨਾਥੁ ਸਰਣਿ ਸਮਰਥਾ ਸਗਲ ਸ੍ਰਿਸਟਿ ਕੋ ਮਾਈ ਬਾਪੁ ॥ ਭਗਤਿ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ॥੨॥੨੦॥੧੦੬॥ {ਪੰਨਾ 825} ਪਦਅਰਥ: ਤਾਪ ਤੇ = ਦੁੱਖਾਂ = ਕਲੇਸ਼ਾਂ ਤੋਂ। ਰਾਖੇ = ਬਚਾਂਦਾ ਹੈ। ਸੀਤਲ = ਸ਼ਾਂਤ। ਮਹਿ = ਵਿਚ।੧।ਰਹਾਉ। ਕਰਿ = ਕਰ ਕੇ। ਹਸਤ = ਹੱਥ। ਪ੍ਰਭਿ = ਪ੍ਰਭੂ ਨੇ। ਜਗਤ ਉਧਾਰ = ਸਾਰੇ ਜਗਤ ਨੂੰ ਪਾਰ ਉਤਾਰਨ ਵਾਲਾ। ਨਵਖੰਡ = ਨੌ ਖੰਡਾਂ ਵਿਚ, ਸਾਰੇ ਸੰਸਾਰ ਵਿਚ। ਪ੍ਰਤਾਪ = ਤੇਜ। ਸਚੁ = ਸਦਾ-ਥਿਰ ਹਰੀ = ਨਾਮ। ਧ੍ਰਾਪ = ਰੱਜ ਜਾਂਦੇ ਹਨ।੧। ਕੋ = ਦਾ। ਨਾਥੁ = ਖਸਮ। ਸਰਣਿ ਸਮਰਥਾ = ਸਰਨ ਪਏ ਦੀ ਸਹਾਇਤਾ ਕਰਨ = ਜੋਗਾ। ਭਗਤਿ ਵਛਲ = ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਭੈ ਭੰਜਨ = ਸਾਰੇ ਡਰ ਨਾਸ ਕਰਨ ਵਾਲਾ। ਆਲਾਪ = ਉਚਾਰਨ ਕਰ।੨। ਅਰਥ: ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ ਅਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਜਪਦੇ ਹਨ, ਉਹਨਾਂ ਦੇ ਹਿਰਦੇ ਠੰਢੇ-ਠਾਰ ਹੋ ਜਾਂਦੇ ਹਨ ਕਿਉਂਕਿ ਪਰਮਾਤਮਾ ਆਪ ਉਹਨਾਂ ਨੂੰ ਸਾਰੇ ਦੁੱਖਾਂ-ਕਲੇਸ਼ਾਂ ਤੋਂ ਵਿਕਾਰਾਂ ਤੋਂ ਬਚਾ ਲੈਂਦਾ ਹੈ।੧।ਰਹਾਉ। (ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਜਾਪਦੇ ਹਨ) ਪ੍ਰਭੂ ਨੇ ਸਦਾ ਮੇਹਰ ਕਰ ਕੇ ਆਪਣੇ ਹੱਥ (ਉਹਨਾਂ ਦੇ ਸਿਰ ਉਤੇ) ਰੱਖੇ ਹਨ। ਉਹ ਪ੍ਰਭੂ ਸਾਰੇ ਜਗਤ ਨੂੰ ਪਾਰ ਲੰਘਾਣ ਵਾਲਾ ਹੈ, ਉਸ ਦਾ ਤੇਜ ਸਾਰੇ ਸੰਸਾਰ ਵਿਚ ਚਮਕ ਰਿਹਾ ਹੈ। (ਸਿਮਰਨ ਕਰਨ ਵਾਲੇ ਮਨੁੱਖਾਂ ਦੇ) ਸਾਰੇ ਦੁੱਖ ਨਾਸ ਹੋ ਜਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸੁਖ ਆਨੰਦ ਆ ਵੱਸਦੇ ਹਨ, ਸਦਾ-ਥਿਰ ਹਰਿ-ਨਾਮ ਜਪ ਕੇ ਉਹਨਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਉਹਨਾਂ ਦਾ ਮਨ ਰੱਜ ਜਾਂਦਾ ਹੈ, ਉਹਨਾਂ ਦਾ ਸਰੀਰ (ਇੰਦ੍ਰੇ) ਰੱਜ ਜਾਂਦਾ ਹੈ।੧। ਹੇ ਨਾਨਕ! ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਸਰਨ ਆਇਆਂ ਦੀ ਸਹਾਇਤਾ ਕਰਨ-ਜੋਗ ਹੈ, ਸਾਰੀ ਸ੍ਰਿਸ਼ਟੀ ਦਾ ਮਾਂ-ਪਿਉ ਹੈ। ਉਹ ਮਾਲਕ-ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਉਸ ਦੇ ਗੁਣ ਗਾ ਗਾ ਕੇ ਉਸ ਦਾ ਨਾਮ ਜਪਿਆ ਕਰ।੨।੨੦।੧੦੬। ਬਿਲਾਵਲੁ ਮਹਲਾ ੫ ॥ ਜਿਸ ਤੇ ਉਪਜਿਆ ਤਿਸਹਿ ਪਛਾਨੁ ॥ ਪਾਰਬ੍ਰਹਮੁ ਪਰਮੇਸਰੁ ਧਿਆਇਆ ਕੁਸਲ ਖੇਮ ਹੋਏ ਕਲਿਆਨ ॥੧॥ ਰਹਾਉ ॥ਗੁਰੁ ਪੂਰਾ ਭੇਟਿਓ ਬਡ ਭਾਗੀ ਅੰਤਰਜਾਮੀ ਸੁਘੜੁ ਸੁਜਾਨੁ ॥ ਹਾਥ ਦੇਇ ਰਾਖੇ ਕਰਿ ਅਪਨੇ ਬਡ ਸਮਰਥੁ ਨਿਮਾਣਿਆ ਕੋ ਮਾਨੁ ॥੧॥ ਭ੍ਰਮ ਭੈ ਬਿਨਸਿ ਗਏ ਖਿਨ ਭੀਤਰਿ ਅੰਧਕਾਰ ਪ੍ਰਗਟੇ ਚਾਨਾਣੁ ॥ ਸਾਸਿ ਸਾਸਿ ਆਰਾਧੈ ਨਾਨਕੁ ਸਦਾ ਸਦਾ ਜਾਈਐ ਕੁਰਬਾਣੁ ॥੨॥੨੧॥੧੦੭॥ {ਪੰਨਾ 825} ਪਦਅਰਥ: ਜਿਸ ਤੇ = ਜਿਸ (ਪਰਮਾਤਮਾ) ਤੋਂ {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ}। ਤੇ = ਤੋਂ। ਤਿਸਹਿ = ਤਿਸੁ ਹੀ, ਉਸ ਨੂੰ ਹੀ। ਪਛਾਣ = ਸਾਂਝ ਪਾ। ਕੁਸਲ ਖੇਮ = ਸੁਖ = ਸਾਂਦ।੧।ਰਹਾਉ। ਭੇਟਿਓ = ਮਿਲਿਆ। ਬਡਭਾਗੀ = ਜਿਸ ਵੱਡੇ ਭਾਗਾਂ ਵਾਲੇ ਨੂੰ। ਸੁਘੜੁ = ਸੋਹਣਾ। ਸੁਜਾਨੁ = ਸਿਆਣਾ। ਦੇਇ = ਦੇ ਕੇ।੧। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਅੰਧਕਾਰ = ਹਨੇਰਾ। ਚਾਨਾਣੁ = ਚਾਨਣ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕੁਰਬਾਣੁ = ਸਦਕੇ।੨। ਅਰਥ: ਹੇ ਭਾਈ! ਜਿਸ ਪਰਮਾਤਮਾ ਤੋਂ ਤੂੰ ਪੈਦਾ ਹੋਇਆ ਹੈਂ, ਉਸ ਨਾਲ ਹੀ (ਸਦਾ) ਸਾਂਝ ਪਾਈ ਰੱਖ। ਜਿਸ ਮਨੁੱਖ ਨੇ ਉਸ ਪਾਰਬ੍ਰਹਮ ਪਰਮੇਸਰ ਦਾ ਨਾਮ ਸਿਮਰਿਆ ਹੈ ਉਸ ਦੇ ਅੰਦਰ ਸ਼ਾਂਤੀ ਸੁਖ ਆਨੰਦ ਬਣੇ ਰਹਿੰਦੇ ਹਨ।੧।ਰਹਾਉ। ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਬੰਦਿਆਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਉਹ ਪਰਮਾਤਮਾ (ਸਭ ਡਰਾਂ ਭਰਮਾਂ ਤੋਂ) ਬਚਾਈ ਰੱਖਦਾ ਹੈ ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸੋਹਣਾ ਤੇ ਸਿਆਣਾ ਹੈ, ਜੋ ਵੱਡੀ ਤਾਕਤ ਦਾ ਮਾਲਕ ਹੈ ਅਤੇ ਜੋ ਨਿਮਾਣਿਆਂ ਨੂੰ ਆਦਰ-ਮਾਣ ਦੇਣ ਵਾਲਾ ਹੈ।੧। (ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ) ਸਾਰੇ ਡਰ ਭਰਮ ਖਿਨ ਵਿਚ ਨਾਸ ਹੋ ਜਾਂਦੇ ਹਨ, (ਉਸ ਦੇ ਅੰਦਰੋਂ ਮੋਹ ਦਾ) ਹਨੇਰਾ ਦੂਰ ਹੋ ਕੇ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਨਾਨਕ (ਤਾਂ) ਹਰੇਕ ਸਾਹ ਦੇ ਨਾਲ (ਉਸੇ ਪਰਮਾਤਮਾ ਨੂੰ) ਸਿਮਰਦਾ ਹੈ। (ਹੇ ਭਾਈ! ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਣਾ ਚਾਹੀਦਾ ਹੈ।੨।੨੧।੧੦੭। ਬਿਲਾਵਲੁ ਮਹਲਾ ੫ ॥ ਦੋਵੈ ਥਾਵ ਰਖੇ ਗੁਰ ਸੂਰੇ ॥ ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥ ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥੧॥ ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ ॥ ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥ {ਪੰਨਾ 825} ਪਦਅਰਥ: ਦੋਵੈ ਥਾਵ = (ਇਹ ਲੋਕ ਅਤੇ ਪਰਲੋਕ) ਦੋਵੇਂ ਥਾਂ {ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ}। ਗੁਰ ਸੂਰੇ = ਸੂਰਮੇ ਗੁਰੂ ਨੇ। ਹਲਤ = {अत्र} ਇਹ ਲੋਕ। ਪਲਤ = {परत्र} ਪਰਲੋਕ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਵਾਰੇ = ਸੋਹਣੇ ਬਣਾ ਦਿੱਤੇ। ਸਗਲੇ = ਸਾਰੇ। ਪੂਰੇ = ਸਫਲ।੧।ਰਹਾਉ। ਜਪਤ = ਜਪਦਿਆਂ। ਸਹਜੇ = ਆਤਮਕ ਅਡੋਲਤਾ ਵਿਚ। ਮਜਨੁ = ਚੁੱਭੀ, ਇਸ਼ਨਾਨ। ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ਵਿਚ। ਥਿਤਿ = {स्थिति} ਟਿਕਾਉ। ਬਿਸੂਰੇ = ਚਿੰਤਾ = ਝੋਰੇ।੧। ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਘਟਿ ਘਟਿ = ਹਰੇਕ ਸਰੀਰ ਵਿਚ। ਏਕੁ = ਇਕ ਪਰਮਾਤਮਾ ਹੀ। ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਪੇਖਿ = ਪੇਖੇ, ਵੇਖਦਾ ਹੈ। ਹਜੂਰੇ = ਅੰਗ = ਸੰਗ।੨। ਅਰਥ: (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਸੂਰਮਾ ਗੁਰੂ (ਉਸ ਦਾ ਇਹ ਲੋਕ ਅਤੇ ਪਰਲੋਕ) ਦੋਵੇਂ ਹੀ (ਵਿਗੜਨ ਤੋਂ) ਬਚਾ ਲੈਂਦਾ ਹੈ। ਪਰਮਾਤਮਾ ਨੇ (ਸਦਾ ਹੀ ਅਜੇਹੇ ਮਨੁੱਖ ਦੇ) ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ, ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ।੧।ਰਹਾਉ। (ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ, ਆਤਮਕ ਅਡੋਲਤਾ ਵਿਚ ਟਿਕੇ ਰਹੀਦਾ ਹੈ, ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਪ੍ਰਾਪਤ ਹੁੰਦਾ ਹੈ, ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਟਿਕਾਉ ਪ੍ਰਾਪਤ ਹੁੰਦਾ ਹੈ, ਜਨਮ ਤੋਂ ਮਰਨ ਤਕ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ।੧। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਦਾ ਹੈ, ਉਹ ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਜਮਦੂਤਾਂ ਬਾਰੇ ਭੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ, ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਦਿੱਸਦਾ ਹੈ, ਉਹ ਮਨੁੱਖ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ।੨।੨੨।੧੦੮। |
Sri Guru Granth Darpan, by Professor Sahib Singh |