ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 826 ਬਿਲਾਵਲੁ ਮਹਲਾ ੫ ॥ ਦਰਸਨੁ ਦੇਖਤ ਦੋਖ ਨਸੇ ॥ ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ ॥ ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥ ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥ ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਰੀ ॥ ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥ ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥ ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥ ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥ ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥ {ਪੰਨਾ 826} ਪਦਅਰਥ: ਦੋਖ = (ਸਾਰੇ) ਐਬ, ਵਿਕਾਰ। ਦ੍ਰਿਸਟਿ ਅਗੋਚਰ = ਨਜ਼ਰ ਦੀ ਪਹੁੰਚ ਤੋਂ ਪਰੇ, ਨਜ਼ਰੋਂ ਉਹਲੇ। ਜੀਅ ਕੈ ਸੰਗਿ = ਜਿੰਦ ਦੇ ਨਾਲ। ਬਸੇ = ਬਸੇ ਰਹੋ।੧।ਰਹਾਉ। ਪ੍ਰਾਨ ਅਧਾਰ = ਜਿੰਦ ਦਾ ਆਸਰਾ। ਪੂਰਿ ਰਹੇ = ਹਰ ਥਾਂ ਮੌਜੂਦ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।੧। ਸਾਰਿ = ਚੇਤੇ ਕਰ ਕੇ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਾਂ, ਮੈਂ ਹਿਰਦੇ ਵਿਚ ਵਸਾਵਾਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰੀ = ਚਿਤਾਰੀਂ, ਮੈਂ ਚੇਤੇ ਕਰਦਾ ਰਹਾਂ।੨। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਪ੍ਰਤਿਪਾਲਾ = ਪਾਲਣਾ।੩। ਜਨੁ = ਦਾਸ, ਸੇਵਕ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ।੪। ਅਰਥ: (ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। (ਹੇ ਪ੍ਰਭੂ! ਮੇਹਰ ਕਰ) ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ।੧।ਰਹਾਉ। ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਜੀਵਾਂ ਦੀ ਜਿੰਦ ਦੇ ਆਸਰੇ! ਹੇ ਸੁਆਮੀ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ।੧। (ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ? ਹੇ ਪ੍ਰਭੂ! ਕਿਰਪਾ ਕਰ) ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ।੨। ਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ।੩। ਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ। (ਪਰ) ਹੇ ਨਾਨਕ! ਉਹੀ ਮਨੁੱਖ ਸਦਾ ਨਾਮ ਜਪਦਾ ਹੈ, ਜਿਸ ਨੂੰ) ਪ੍ਰਭੂ ਨੇ ਆਪ ਹੀ ਇਹ ਲਗਨ ਲਾਈ ਹੈ।੪।੨੩।੧੦੯। ਬਿਲਾਵਲੁ ਮਹਲਾ ੫ ॥ ਤਨੁ ਧਨੁ ਜੋਬਨੁ ਚਲਤ ਗਇਆ ॥ ਰਾਮ ਨਾਮ ਕਾ ਭਜਨੁ ਨ ਕੀਨੋ ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥ ਅਨਿਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸਿ ਖੀਨ ਖਇਆ ॥ ਮੇਰੀ ਮੇਰੀ ਕਰਿ ਕਰਿ ਮੂਠਉ ਪਾਪ ਕਰਤ ਨਹ ਪਰੀ ਦਇਆ ॥੧॥ ਮਹਾ ਬਿਕਾਰ ਘੋਰ ਦੁਖ ਸਾਗਰ ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥ ਸਰਨਿ ਪਰੇ ਨਾਨਕ ਸੁਆਮੀ ਕੀ ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥ {ਪੰਨਾ 826} ਪਦਅਰਥ: ਜੋਬਨੁ = ਜਵਾਨੀ। ਚਲਤ ਗਇਆ = ਸਹਜੇ ਸਹਜੇ ਸਾਥ ਛੱਡਦਾ ਜਾਂਦਾ ਹੈ। ਕਰਤ = ਕਰਦਿਆਂ। ਬਿਕਾਰ = ਮਾੜੇ ਕੰਮ। ਨਿਸਿ = ਰਾਤ (ਕਾਲੇ ਕੇਸਾਂ ਵਾਲੀ ਉਮਰ) । ਭੋਰੁ = (ਚਿੱਟਾ) ਦਿਨ (ਧੌਲਿਆਂ ਵਾਲੀ ਉਮਰ) ।੧।ਰਹਾਉ। ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਭੋਜਨ = ਖਾਣੇ। ਖਾਤੇ = ਖਾਂਦਿਆਂ। ਘਸਿ = ਘਸ ਕੇ। ਖੀਨ = ਕਮਜ਼ੋਰ। ਖਇਆ = ਨਾਸ ਹੋ ਜਾਂਦੇ ਹਨ। ਮੂਠਉ = ਠੱਗਿਆ ਜਾਂਦਾ ਹੈ।੧। ਘੋਰ ਦੁਖ = ਭਾਰੇ ਦੁੱਖ। ਸਾਗਰ = ਸਮੁੰਦਰ। ਤਿਸੁ ਮਹਿ = ਉਸ (ਸਾਗਰ) ਵਿਚ। ਗਲਤੁ ਪਇਆ = ਗ਼ਲਤਾਨ ਹੋਇਆ ਰਹਿੰਦਾ ਹੈ, ਡੁੱਬਿਆ ਰਹਿੰਦਾ ਹੈ। ਪਕਰਿ = ਫੜ ਕੇ। ਪ੍ਰਭਿ = ਪ੍ਰਭੂ ਨੇ।੨। ਅਰਥ: (ਹੇ ਭਾਈ! ਮਨੁੱਖ ਦਾ ਇਹ) ਸਰੀਰ, ਧਨ, ਜਵਾਨੀ (ਹਰੇਕ ਹੀ) ਸਹਜੇ ਸਹਜੇ (ਮਨੁੱਖ ਦਾ) ਸਾਥ ਛੱਡਦਾ ਜਾਂਦਾ ਹੈ, (ਪਰ ਇਹਨਾਂ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ) ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਕਰਦਾ, ਮਾੜੇ ਕੰਮ ਕਰਦਿਆਂ ਕਰਦਿਆਂ ਕਾਲੇ ਕੇਸਾਂ ਵਾਲੀ ਉਮਰ ਤੋਂ ਧੌਲਿਆਂ ਵਾਲੀ ਉਮਰ ਆ ਜਾਂਦੀ ਹੈ।੧।ਰਹਾਉ। ਹੇ ਭਾਈ! ਕਈ ਕਿਸਮਾਂ ਦੇ ਖਾਣੇ ਨਿੱਤ ਖਾਂਦਿਆਂ ਮੂੰਹ ਦੇ ਦੰਦ ਭੀ ਘਸ ਕੇ ਕਮਜ਼ੋਰ ਹੋ ਜਾਂਦੇ ਹਨ, ਤੇ ਆਖ਼ਰ ਡਿੱਗ ਪੈਂਦੇ ਹਨ। ਮਮਤਾ ਦੇ ਪੰਜੇ ਵਿਚ ਫਸ ਕੇ ਮਨੁੱਖ (ਆਤਮਕ ਜੀਵਨ ਦੀ ਰਾਸਿ ਪੂੰਜੀ) ਲੁਟਾ ਲੈਂਦਾ ਹੈ, ਮਾੜੇ ਕੰਮ ਕਰਦਿਆਂ ਇਸ ਦੇ ਅੰਦਰ ਦਇਆ-ਤਰਸ ਦਾ ਨਿਵਾਸ ਨਹੀਂ ਹੁੰਦਾ।੧। (ਹੇ ਭਾਈ! ਇਹ ਸੰਸਾਰ) ਵੱਡੇ ਵਿਕਾਰਾਂ ਅਤੇ ਭਾਰੇ ਦੁੱਖਾਂ ਦਾ ਸਮੁੰਦਰ ਹੈ (ਭਜਨ ਤੋਂ ਖੁੰਝਿਆ ਹੋਇਆ) ਮਨੁੱਖ ਇਸ (ਸਮੁੰਦਰ) ਵਿਚ ਡੁੱਬਿਆ ਰਹਿੰਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਮਾਲਕ-ਪ੍ਰਭੂ ਦੀ ਸਰਨ ਆ ਪਏ, ਉਹਨਾਂ ਨੂੰ ਪ੍ਰਭੂ ਨੇ ਬਾਂਹ ਫੜ ਕੇ (ਇਸ ਸਮੁੰਦਰ ਵਿਚੋਂ) ਕੱਢ ਲਿਆ, (ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ) ।੨।੨੪।੧੧੦। ਬਿਲਾਵਲੁ ਮਹਲਾ ੫ ॥ ਆਪਨਾ ਪ੍ਰਭੁ ਆਇਆ ਚੀਤਿ ॥ ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ ॥ ਗਈ ਬਿਆਧਿ ਉਪਾਧਿ ਸਭ ਨਾਸੀ ਅੰਗੀਕਾਰੁ ਕੀਓ ਕਰਤਾਰਿ ॥ ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥ ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ ਤੂੰ ਸਮਰਥੁ ਸੁਆਮੀ ਮੇਰਾ ॥ ਦਾਸ ਅਪੁਨੇ ਕਉ ਰਾਖਨਹਾਰਾ ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥ {ਪੰਨਾ 826} ਪਦਅਰਥ: ਚੀਤਿ = ਚਿੱਤ ਵਿਚ। ਦੁਸਟ = ਭੈੜੇ ਬੰਦੇ। ਰਹੇ ਝਖ ਮਾਰਤ = ਝਖਾਂ ਮਾਰਦੇ ਰਹਿ ਗਏ, ਨੁਕਸਾਨ ਅਪੜਾਣ ਦਾ ਜਤਨ ਕਰ ਕਰ ਕੇ ਥੱਕ ਗਏ। ਕੁਸਲੁ = ਸੁਖ। ਭਾਈ = ਹੇ ਵੀਰ! ਮੀਤ = ਹੇ ਮਿੱਤਰ!।੧।ਰਹਾਉ। ਬਿਆਧਿ = ਸਰੀਰਕ ਰੋਗ। ਉਪਾਧਿ = ਠੱਗੀ, ਫ਼ਰੇਬ, ਧੋਖਾ। ਅੰਗੀਕਾਰੁ = ਸਹਾਇਤਾ, ਪੱਖ। ਕਰਤਾਰਿ = ਕਰਤਾਰ ਨੇ। ਅਰੁ = ਅਤੇ। ਘਨੇਰੇ = ਅਨੇਕਾਂ। ਰਿਦੈ = ਹਿਰਦੇ ਵਿਚ। ਉਰਹਾਰਿ = ਉਰਧਾਰਿ, ਹਿਰਦੇ ਵਿਚ ਵਸਾ ਕੇ। ਉਰ = ਹਿਰਦਾ।੧। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ। ਪ੍ਰਭ = ਹੇ ਪ੍ਰਭੂ! ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ। ਕਉ = ਨੂੰ। ਰਾਖਨਹਾਰਾ = ਬਚਾਣ ਵਾਲਾ। ਚੇਰਾ = ਗ਼ੁਲਾਮ।੨। ਅਰਥ: ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਚਿੱਤ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ, ਭੈੜੇ ਬੰਦੇ ਅਤੇ ਵੈਰੀ ਉਸ ਨੂੰ ਨੁਕਸਾਨ ਅਪੜਾਣ ਦੇ ਜਤਨ ਕਰਦੇ ਥੱਕ ਜਾਂਦੇ ਹਨ (ਉਸਦਾ ਕੁਝ ਭੀ ਵਿਗਾੜ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਸਦਾ) ਆਨੰਦ ਬਣਿਆ ਰਹਿੰਦਾ ਹੈ।੧।ਰਹਾਉ। ਹੇ ਮਿੱਤਰ! ਕਰਤਾਰ ਨੇ (ਜਦੋਂ ਭੀ ਕਿਸੇ ਦੀ) ਸਹਾਇਤਾ ਕੀਤੀ, ਉਸ ਦਾ ਹਰੇਕ ਰੋਗ ਦੂਰ ਹੋ ਗਿਆ, (ਉਸ ਨਾਲ ਕਿਸੇ ਦਾ ਭੀ ਕੀਤਾ ਹੋਇਆ) ਕੋਈ ਛਲ ਕਾਮਯਾਬ ਨਾਹ ਹੋਇਆ। ਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਣ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰ ਸ਼ਾਂਤੀ ਸੁਖ ਅਤੇ ਅਨੇਕਾਂ ਆਨੰਦ ਪੈਦਾ ਹੋ ਗਏ।੧। ਹੇ ਪ੍ਰਭੂ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਮੇਰਾ ਇਹ ਧਨ-ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ। ਤੂੰ ਮੇਰਾ ਸੁਆਮੀ ਸਭ ਤਾਕਤਾਂ ਦਾ ਮਾਲਕ ਹੈਂ। ਤੂੰ ਆਪਣੇ ਸੇਵਕ ਨੂੰ (ਉਪਾਧੀਆਂ ਵਿਆਧੀਆਂ ਤੋਂ ਸਦਾ) ਬਚਾਣ ਵਾਲਾ ਹੈਂ। ਹੇ ਨਾਨਕ! ਆਖ-ਹੇ ਪ੍ਰਭੂ!) ਮੈਂ ਭੀ ਤੇਰਾ ਹੀ ਦਾਸ ਹਾਂ, ਤੇਰਾ ਹੀ ਗ਼ੁਲਾਮ ਹਾਂ (ਮੈਨੂੰ ਤੇਰਾ ਹੀ ਭਰੋਸਾ ਹੈ) ।੨।੨੫।੧੧੧। ਬਿਲਾਵਲੁ ਮਹਲਾ ੫ ॥ ਗੋਬਿਦੁ ਸਿਮਰਿ ਹੋਆ ਕਲਿਆਣੁ ॥ ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥ ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥ ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥ ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥ ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥ {ਪੰਨਾ 826} ਪਦਅਰਥ: ਸਿਮਰਿ = ਸਿਮਰ ਕੇ। ਕਲਿਆਣੁ = ਸੁਖ। ਉਪਾਧਿ = ਛਲ, ਧੋਖਾ। ਮਿਟੀ ਉਪਾਧਿ = ਕਿਸੇ ਦੀ ਕੀਤੀ ਚੋਟ ਸਫਲ ਨਹੀਂ ਹੁੰਦੀ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾਣੁ = ਸੁਜਾਨ।੧।ਰਹਾਉ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਤਿਨਿ = ਉਸ (ਪ੍ਰਭੂ) ਨੇ। ਸੁਖਾਲੇ = ਸੁਖੀ। ਕਉ = ਨੂੰ। ਤਾਣੁ = ਸਹਾਰਾ। ਭੈ ਭੰਜਨ = ਸਾਰੇ ਡਰ ਦੂਰ ਕਰ ਸਕਣ ਵਾਲਾ। ਕਰਤੇ = ਕਰਦੇ ਹਨ। ਮਾਣੁ = ਫ਼ਖ਼ਰ, ਭਰੋਸਾ।੧। ਮਿਤ੍ਰਾਈ = ਮਿਤ੍ਰਤਾ, ਪਿਆਰ ਦੀ ਸਾਂਝ। ਬੁਰਾਈ = ਭੈੜੀ ਚਿਤਵਨੀ। ਦ੍ਰੁਸਟ = ਦੁਸ਼ਟ, ਮੰਦਾ ਚਿਤਵਨ ਵਾਲੇ। ਦੂਤ = ਵੈਰੀ। ਛਾਣਿ = ਚੁਣ ਕੇ। ਸਹਜ = ਆਤਮਕ ਅਡੋਲਤਾ, ਸ਼ਾਂਤੀ। ਜੀਵੈ = ਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਗੁਣਹ ਵਖਾਣਿ = (ਪ੍ਰਭੂ ਦੇ) ਗੁਣ ਉਚਾਰ ਕੇ।੨। ਅਰਥ: ਹੇ ਭਾਈ! ਜਿਸ ਭੀ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ, ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ। ਗੋਬਿੰਦ ਦਾ ਨਾਮ ਸਿਮਰ ਕੇ (ਉਸ ਦੇ ਅੰਦਰ) ਸੁਖ ਹੀ ਸੁਖ ਬਣ ਗਿਆ।੧।ਰਹਾਉ। ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ) । ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ।੧। (ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ। ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ।੨।੨੬।੧੧੨। ਬਿਲਾਵਲੁ ਮਹਲਾ ੫ ॥ ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ ॥ ਕਾਰਜ ਸਗਲ ਸਵਾਰੇ ਸਤਿਗੁਰ ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥ਅੰਗੀਕਾਰੁ ਕੀਆ ਪ੍ਰਭਿ ਅਪਨੈ ਦੋਖੀ ਸਗਲੇ ਭਏ ਰਵਾਲ ॥ ਕੰਠਿ ਲਾਇ ਰਾਖੇ ਜਨ ਅਪਨੇ ਉਧਰਿ ਲੀਏ ਲਾਇ ਅਪਨੈ ਪਾਲ ॥੧॥ ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ ॥ ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥੨॥੨੭॥੧੧੩॥ {ਪੰਨਾ 826-827} ਪਦਅਰਥ: ਕ੍ਰਿਪਾਲ = {ਕ੍ਰਿਪਾ = ਆਲਯ} ਦਇਆਵਾਨ। ਸਗਲ = ਸਾਰੇ। ਜਪਿ = ਜਪ ਕੇ। ਜਪਿ ਸਾਧੂ = ਗੁਰੂ ਦਾ ਆਸਰਾ ਹਰ ਵੇਲੇ ਚਿਤਾਰ ਕੇ। ਸਾਧੂ = ਗੁਰੂ। ਨਿਹਾਲ = ਖ਼ੁਸ਼, ਆਨੰਦ = ਭਰਪੂਰ।੧।ਰਹਾਉ। ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਦੋਖੀ = ਵੈਰੀ। ਰਵਾਲ = ਧੂੜ, ਮਿੱਟੀ। ਕੰਠਿ = ਗਲ ਨਾਲ। ਲਾਇ = ਲਾ ਕੇ। ਜਨ = ਸੇਵਕ। ਉਧਰਿ ਲੀਏ = ਬਚਾ ਲਏ। ਪਾਲ = ਪੱਲੇ।੧। ਸਹੀ ਸਲਾਮਤਿ = ਆਤਮਕ ਜੀਵਨ ਦੀ ਸਾਰੀ ਰਾਸ = ਪੂੰਜੀ ਸਮੇਤ। ਮਿਲਿ = (ਗੁਰੂ ਨੂੰ) ਮਿਲ ਕੇ। ਘਰਿ = ਹਿਰਦੇ = ਘਰ ਵਿਚ। ਕਾਲ = ਕਾਲੇ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ।੨। ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ੍ਹ ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਓਟ ਹਰ ਵੇਲੇ ਚਿਤਾਰ ਕੇ ਸਦਾ ਪ੍ਰਸੰਨ ਰਹਿੰਦੇ ਹਨ।੧।ਰਹਾਉ। ਹੇ ਭਾਈ! ਪ੍ਰਭੂ ਨੇ (ਜਿਨ੍ਹਾਂ ਆਪਣੇ ਸੇਵਕਾਂ ਦੀ) ਸਹਾਇਤਾ ਕੀਤੀ, ਉਹਨਾਂ ਦੇ ਸਾਰੇ ਵੈਰੀ ਨਾਸ ਹੋ ਗਏ (ਵੈਰ-ਭਾਵ ਚਿਤਵਣੋਂ ਹਟ ਗਏ। ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਸਦਾ) ਆਪਣੇ ਗਲ ਨਾਲ ਲਾ ਕੇ (ਉਹਨਾਂ ਦੀ) ਸਹਾਇਤਾ ਕੀਤੀ, ਉਹਨਾਂ ਨੂੰ ਆਪਣੇ ਲੜ ਲਾ ਕੇ (ਦੋਖੀਆਂ ਤੋਂ) ਬਚਾਇਆ।੧। ਹੇ ਭਾਈ! ਪ੍ਰਭੂ ਦੇ ਸੇਵਕ ਗੁਰੂ-ਚਰਨਾਂ ਵਿਚ) ਮਿਲ ਕੇ ਆਤਮਕ ਜੀਵਨ ਦੀ ਸਾਰੀ ਰਾਸ-ਪੂੰਜੀ ਸਮੇਤ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਬਦਨਾਮੀ ਖੱਟਦੇ ਹਨ। ਹੇ ਨਾਨਕ! ਆਖ-ਮੇਰਾ ਗੁਰੂ ਸਾਰੀ ਸਮਰਥਾ ਵਾਲਾ ਹੈ, (ਗੁਰੂ ਦੇ ਦਰ ਤੇ ਆਏ ਵਡ-ਭਾਗੀਆਂ ਉਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਖ਼ੁਸ਼ ਰਹਿੰਦਾ ਹੈ।੨।੨੭।੧੧੩। |
Sri Guru Granth Darpan, by Professor Sahib Singh |