ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 827 ਬਿਲਾਵਲੁ ਮਹਲਾ ੫ ॥ ਮੂ ਲਾਲਨ ਸਿਉ ਪ੍ਰੀਤਿ ਬਨੀ ॥ ਰਹਾਉ ॥ਤੋਰੀ ਨ ਤੂਟੈ ਛੋਰੀ ਨ ਛੂਟੈ ਐਸੀ ਮਾਧੋ ਖਿੰਚ ਤਨੀ ॥੧॥ ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥੨॥ ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥੩॥ ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥੪॥੨੮॥੧੧੪॥ {ਪੰਨਾ 827} ਪਦਅਰਥ: ਮੂ ਪ੍ਰੀਤਿ = ਮੇਰੀ ਪ੍ਰੀਤ। ਲਾਲਨ ਸਿਉ = ਸੋਹਣੇ ਲਾਲ ਨਾਲ।ਰਹਾਉ। ਤੋਰੀ = ਤੋੜਿਆਂ। ਛੋਰੀ = ਛੱਡਿਆਂ। ਮਾਧੋ = {ਮਾ = ਧਵ। ਮਾਇਆ ਦਾ ਪਤੀ} ਪਰਮਾਤਮਾ (ਨੇ) । ਖਿੰਚ = ਉਹ ਰੱਸਾ ਜੋ ਜੁਲਾਹੇ ਤਾਣੇ ਨੂੰ ਪਾ ਕੇ ਕਿੱਲੇ ਦੇ ਉੱਤੋਂ ਦੀ ਲਿਆ ਕੇ ਖੱਡੀ ਦੇ ਕੋਲ ਦੇ ਕਿੱਲੇ ਨਾਲ ਬੰਨ੍ਹੀ ਰੱਖਦੇ ਹਨ। ਜਿਉਂ ਜਿਉਂ ਕੱਪੜਾ ਉਣਦੇ ਜਾਂਦੇ ਹਨ, ਉਸ ਰੱਸੇ ਨੂੰ ਢਿੱਲਾ ਕਰੀ ਜਾਂਦੇ ਹਨ। (੨) ਗੱਡੇ ਉਤੇ ਕਮਾਦ ਲੱਦ ਕੇ ਉਤੋਂ ਦੀ ਰੱਸਾ ਪਾਂਦੇ ਹਨ, ਉਸ ਨੂੰ ਭੀ ਦੁਆਬੇ ਵਿਚ ਖਿੱਚ (ਖੇਂਜ) ਆਖਦੇ ਹਨ। ਤਨੀ = ਤਾਣੀ ਹੋਈ ਹੈ (ਮਾਧੋ ਨੇ) ।੧। ਰੈਨਿ = ਰਾਤ। ਮਾਹਿ = ਵਿਚ। ਬਸਤੁ ਹੈ– ਵੱਸਦਾ ਹੈ। ਪ੍ਰਭ = ਹੇ ਪ੍ਰਭੂ!।੨। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ ਬਲਿ = ਕੁਰਬਾਨ। ਸਿਆਮ ਸੁੰਦਰ ਕਉ = ਸੋਹਣੇ ਸ਼ਿਆਮ ਤੋਂ, ਪ੍ਰਭੂ ਤੋਂ। ਅਕਥ = ਅਕੱਥ, ਬਿਆਨ ਤੋਂ ਬਾਹਰ। ਬਾਤ = ਗੱਲ।੩। ਦਾਸਨਿ ਦਾਸੁ = ਦਾਸਾਂ ਦਾ ਦਾਸ। ਕਹੀਅਤ ਹੈ– ਕਿਹਾ ਜਾਂਦਾ ਹੈ। ਮੋਹਿ = ਮੇਰੇ ਉੱਤੇ। ਠਾਕੁਰ = ਹੇ ਠਾਕੁਰ!।੪। ਅਰਥ: ਹੇ ਭਾਈ! ਮੇਰਾ ਪਿਆਰ (ਤਾਂ ਹੁਣ) ਸੋਹਣੇ ਪ੍ਰਭੂ ਨਾਲ ਬਣ ਗਿਆ ਹੈ।੧।ਰਹਾਉ। ਹੇ ਭਾਈ! ਪ੍ਰਭੂ ਨੇ ਪਿਆਰ ਦੀ ਡੋਰ ਐਸੀ ਕੱਸੀ ਹੋਈ ਹੈ, ਕਿ ਉਹ ਡੋਰ ਨਾਹ ਹੁਣ ਤੋੜਿਆਂ ਟੁੱਟਦੀ ਹੈ ਅਤੇ ਨਾਹ ਛੱਡਿਆਂ ਛੱਡੀ ਜਾ ਸਕਦੀ ਹੈ।੧। ਹੇ ਭਾਈ! ਉਹ ਪਿਆਰ ਹੁਣ ਦਿਨ ਰਾਤ ਤੇਰੇ ਮਨ ਵਿਚ ਵੱਸ ਰਿਹਾ ਹੈ। ਹੇ ਪ੍ਰਭੂ! ਤੂੰ ਆਪਣੀ ਕਿਰਪਾ ਕਰੀ ਰੱਖ (ਕਿ ਇਹ ਪਿਆਰ ਕਾਇਮ ਰਹੇ) ।੨। (ਹੇ ਭਾਈ! ਉਸ ਪਿਆਰ ਦੀ ਬਰਕਤ ਨਾਲ) ਮੈਂ (ਹਰ ਵੇਲੇ) ਉਸ ਦਾ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਬਾਬਤ ਇਹ ਗੱਲ ਸੁਣੀ ਹੋਈ ਹੈ ਕਿ ਉਸ ਦੀ ਸਿਫ਼ਤਿ-ਸਾਲਾਹ ਦੀ ਕਹਾਣੀ ਬਿਆਨ ਤੋਂ ਪਰੇ ਹੈ।੩। ਹੇ ਦਾਸ ਨਾਨਕ! ਆਖ-ਹੇ ਪ੍ਰਭੂ! ਤੇਰਾ ਇਹ ਸੇਵਕ ਨਾਨਕ ਤੇਰੇ) ਦਾਸਾਂ ਦਾ ਦਾਸ ਅਖਵਾਂਦਾ ਹੈ। ਹੇ ਠਾਕੁਰ! ਆਪਣੀ ਕਿਰਪਾ ਮੇਰੇ ਉਤੇ ਕਰੀ ਰੱਖ (ਤੇ, ਇਹ ਪਿਆਰ ਬਣਿਆ ਰਹੇ) ।੪।੨੮।੧੧੪। ਬਿਲਾਵਲੁ ਮਹਲਾ ੫ ॥ ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥ ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ ॥ਸਿਮਰਿ ਸਿਮਰਿ ਸਿਮਰਿ ਸੁਖਦਾਤਾ ਜਾ ਕਾ ਕੀਆ ਸਗਲ ਜਹਾਨੁ ॥ ਰਸਨਾ ਰਵਹੁ ਏਕੁ ਨਾਰਾਇਣੁ ਸਾਚੀ ਦਰਗਹ ਪਾਵਹੁ ਮਾਨੁ ॥੧॥ ਸਾਧੂ ਸੰਗੁ ਪਰਾਪਤਿ ਜਾ ਕਉ ਤਿਨ ਹੀ ਪਾਇਆ ਏਹੁ ਨਿਧਾਨੁ ॥ ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ ॥੨॥੨੯॥੧੧੫॥ {ਪੰਨਾ 827} ਪਦਅਰਥ: ਜਪਿ = ਜਪ ਕੇ, ਹਿਰਦੇ ਵਿਚ ਵਸਾ ਕੇ। ਜਾਂਉ = ਜਾਂਉਂ, ਮੈਂ ਜਾਂਦਾ ਹਾਂ। ਕੁਰਬਾਨੁ = ਬਲਿਹਾਰ, ਸਦਕੇ। ਹਿਰਦੈ = ਹਿਰਦੇ ਵਿਚ। ਮਨ = ਹੇ ਮਨ! ਤਾ ਕਾ = ਉਸ (ਗੁਰੂ) ਦਾ।੧।ਰਹਾਉ। ਸਿਮਰਿ = ਸਿਮਰਦਾ ਰਹੁ। ਕੀਆ = ਪੈਦਾ ਕੀਤਾ ਹੋਇਆ। ਸਗਲੁ = ਸਾਰਾ। ਰਸਨਾ = ਜੀਭ ਨਾਲ। ਰਵਹੁ = ਜਪਦੇ ਰਹੋ। ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ।੧। ਸਾਧੂ ਸੰਗੁ = ਗੁਰੂ ਦਾ ਸਾਥ। ਜਾ ਕਉ = ਜਿਸ (ਮਨੁੱਖ) ਨੂੰ। ਤਿਨਹੀ = ਤਿਨਿ ਹੀ, ਉਸ ਨੇ ਹੀ {ਨੋਟ: ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਨਿਧਾਨੁ = ਖ਼ਜ਼ਾਨਾ। ਗਾਵਉ = ਗਾਵਉਂ, ਮੈਂ ਗਾਂਦਾ ਰਹਾਂ। ਨਿਤ = ਸਦਾ। ਕਰਿ = ਕਰ ਕੇ। ਨਾਨਕ ਦੀਜੈ = ਨਾਨਕ ਨੂੰ ਦੇਹ। ਦਾਨੁ = ਦਾਤਿ, ਖ਼ੈਰ।੨। ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾ ਕੇ, ਮੈਂ ਉਸ ਤੋਂ (ਸਦਾ) ਸਦਕੇ ਜਾਂਦਾ ਹਾਂ। ਹੇ ਮੇਰੇ ਮਨ! ਮੇਰਾ ਗੁਰੂ (ਭੀ) ਪਰਮਾਤਮਾ (ਦਾ ਰੂਪ) ਹੈ, ਹਿਰਦੇ ਵਿਚ ਉਸ (ਗੁਰੂ) ਦਾ ਧਿਆਨ ਧਰਿਆ ਕਰ।੧।ਰਹਾਉ। ਹੇ ਭਾਈ! ਇਹ ਸਾਰਾ ਜਗਤ ਜਿਸ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ, ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਨੂੰ ਸਦਾ ਹੀ ਯਾਦ ਕਰਦਾ ਰਹੁ। (ਆਪਣੀ) ਜੀਭ ਨਾਲ ਉਸ ਇੱਕ ਪਰਮਾਤਮਾ ਦਾ ਨਾਮ ਜਪਿਆ ਕਰ, (ਪਰਮਾਤਮਾ ਦੀ) ਸਦਾ ਕਾਇਮ ਰਹਿਣ ਵਾਲੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰੇਂਗਾ।੧। ਪਰ, ਹੇ ਭਾਈ! ਇਹ ਨਾਮ-ਖ਼ਜ਼ਾਨਾ ਉਸ ਮਨੁੱਖ ਨੇ ਹੀ ਹਾਸਲ ਕੀਤਾ ਹੈ, ਜਿਸ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੋਈ ਹੈ। ਹੇ ਮੇਰੇ ਮਾਲਕ! ਮੇਹਰ ਕਰ ਕੇ (ਮੈਨੂੰ) ਨਾਨਕ ਨੂੰ ਇਹ ਖ਼ੈਰ ਪਾ ਕਿ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ, ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।੨।੨੯।੧੧੫। ਬਿਲਾਵਲੁ ਮਹਲਾ ੫ ॥ ਰਾਖਿ ਲੀਏ ਸਤਿਗੁਰ ਕੀ ਸਰਣ ॥ ਜੈ ਜੈ ਕਾਰੁ ਹੋਆ ਜਗ ਅੰਤਰਿ ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ ॥ ਬਿਸ੍ਵੰਭਰ ਪੂਰਨ ਸੁਖਦਾਤਾ ਸਗਲ ਸਮਗ੍ਰੀ ਪੋਖਣ ਭਰਣ ॥ ਥਾਨ ਥਨੰਤਰਿ ਸਰਬ ਨਿਰੰਤਰਿ ਬਲਿ ਬਲਿ ਜਾਂਈ ਹਰਿ ਕੇ ਚਰਣ ॥੧॥ ਜੀਅ ਜੁਗਤਿ ਵਸਿ ਮੇਰੇ ਸੁਆਮੀ ਸਰਬ ਸਿਧਿ ਤੁਮ ਕਾਰਣ ਕਰਣ ॥ ਆਦਿ ਜੁਗਾਦਿ ਪ੍ਰਭੁ ਰਖਦਾ ਆਇਆ ਹਰਿ ਸਿਮਰਤ ਨਾਨਕ ਨਹੀ ਡਰਣ ॥੨॥੩੦॥੧੧੬॥ {ਪੰਨਾ 827} ਪਦਅਰਥ: ਰਾਖਿ ਲੀਏ = ਬਚਾ ਲਏ। ਜੈ ਜੈਕਾਰੁ = ਸਦਾ ਦੀ ਸੋਭਾ। ਅੰਤਰਿ = ਅੰਦਰ, ਵਿਚ। ਤਾਰਣੁ = ਪਾਰ ਲੰਘਣ ਵਾਸਤੇ। ਤਰਣ = ਬੇੜੀ, ਜਹਾਜ਼।੧।ਰਹਾਉ। ਬਿਸ੍ਵੰਭਰ = ਸਾਰੇ ਜਗਤ ਨੂੰ ਪਾਲਣ ਵਾਲਾ {विश्व = ਸਾਰਾ ਸੰਸਾਰ}। ਪੂਰਨ = ਸਰਬ = ਵਿਆਪਕ। ਸਮਗ੍ਰੀ = ਪਦਾਰਥ। ਪੋਖਣ ਭਰਣ = ਪਾਲਣ ਪੋਸਣ ਵਾਲਾ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਨਿਰੰਤਰਿ = ਇਕ-ਰਸ {ਨਿਰ = ਅੰਤਰ। ਅੰਤਰੁ = ਵਿੱਥ} ਵਿੱਥ ਤੋਂ ਬਿਨਾ। ਜਾਂਈ = ਜਾਈਂ, ਮੈਂ ਜਾਂਦਾ ਹਾਂ। ਬਲਿ ਬਲਿ = ਕੁਰਬਾਨ।੧। ਜੀਅ ਜੁਗਤਿ = ਜਿੰਦ ਦੀ ਮਰਯਾਦਾ। ਵਸਿ = ਵੱਸ ਵਿਚ। ਸੁਆਮੀ = ਹੇ ਸੁਆਮੀ! ਸਿਧਿ = ਸਿੱਧੀਆਂ। ਕਰਣ = ਸਬੱਬ, ਮੂਲ। ਕਾਰਣ = ਜਗਤ। ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।੨। ਅਰਥ: (ਹੇ ਭਾਈ! ਇਹ ਸੰਸਾਰ ਇਕ ਸਮੁੰਦਰ ਹੈ, ਜਿਸ ਵਿਚੋਂ) ਪਾਰ ਲੰਘਾਣ ਲਈ ਮੇਰਾ ਜੀਵਨ (ਮਾਨੋ, ਇਕ) ਜਹਾਜ਼ ਹੈ। (ਜਿਨ੍ਹਾਂ ਮਨੁੱਖਾਂ ਨੂੰ ਉਹ ਬਚਾਣਾ ਚਾਹੁੰਦਾ ਹੈ, ਉਹਨਾਂ ਨੂੰ) ਗੁਰੂ ਦੀ ਸਰਨ ਪਾ ਕੇ (ਇਸ ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ, ਜਗਤ ਵਿਚ ਉਹਨਾਂ ਦੀ ਸਦਾ ਹੀ ਸੋਭਾ ਹੁੰਦੀ ਹੈ।੧।ਰਹਾਉ। ਹੇ ਭਾਈ! ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਸਰਬ-ਵਿਆਪਕ ਹੈ, ਸਾਰੇ ਸੁਖ ਦੇਣ ਵਾਲਾ ਹੈ, (ਜਗਤ ਨੂੰ) ਪਾਲਣ ਪੋਸਣ ਵਾਸਤੇ ਸਾਰੇ ਪਦਾਰਥ ਉਸ ਦੇ ਹੱਥ ਵਿਚ ਹਨ। ਉਹ ਪਰਮਾਤਮਾ ਹਰੇਕ ਥਾਂ ਵਿਚ ਵੱਸ ਰਿਹਾ ਹੈ, ਸਭਨਾਂ ਵਿਚ ਇਕ ਰਸ ਵੱਸ ਰਿਹਾ ਹੈ। ਮੈਂ ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ।੧। ਹੇ ਮੇਰੇ ਮਾਲਕ! ਸਭ ਜੀਵਾਂ ਦੀ) ਜੀਵਨ-ਜੁਗਤਿ ਤੇਰੇ ਵੱਸ ਵਿਚ ਹੈ, ਤੇਰੇ ਵੱਸ ਵਿਚ ਸਾਰੀਆਂ ਤਾਕਤਾਂ ਹਨ, ਤੂੰ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ। ਹੇ ਨਾਨਕ! ਸ਼ੁਰੂ ਤੋਂ ਹੀ ਪਰਮਾਤਮਾ (ਸਰਨ ਪਿਆਂ ਦੀ) ਰੱਖਿਆ ਕਰਦਾ ਆ ਰਿਹਾ ਹੈ। ਉਸ ਦਾ ਨਾਮ ਸਿਮਰਿਆਂ ਕੋਈ ਡਰ ਨਹੀਂ ਰਹਿ ਜਾਂਦਾ ਹੈ।੨।੩੦।੧੧੬। ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੮ ੴ ਸਤਿਗੁਰ ਪ੍ਰਸਾਦਿ ॥ ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥ ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥ ਨਗਰ ਮਹਿ ਆਪਿ ਬਾਹਰਿ ਫੁਨਿ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ॥ ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥੧॥ ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥ ਸਾਧ ਮੂਰਤਿ ਗੁਰੁ ਭੇਟਿਓ ਨਾਨਕ ਮਿਲਿ ਸਾਗਰ ਬੂੰਦ ਨਹੀ ਅਨ ਹੇਰਾ ॥੨॥੧॥੧੧੭॥ {ਪੰਨਾ 827} ਪਦਅਰਥ: ਪ੍ਰਭ = ਹੇ ਪ੍ਰਭੂ! ਸਭੁ ਕਿਛੁ = ਹਰੇਕ ਚੀਜ਼। ਈਘੈ = ਇਕ ਪਾਸੇ। ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਪਰੇ। ਊਘੈ = ਦੂਜੇ ਪਾਸੇ। ਸਰਗੁਨ = ਮਾਇਆ ਦੇ ਤਿੰਨ ਗੁਣਾਂ ਸੰਯੁਕਤ। ਕੇਲ = ਜਗਤ = ਤਮਾਸ਼ਾ। ਬਿਚਿ = ਵਿਚਿ, ਨਿਰਗੁਨ ਸਰਗੁਨ ਦੋਹਾਂ ਪਾਸਿਆਂ ਦੇ ਵਿਚਕਾਰ।੧।ਰਹਾਉ। ਨਗਰ = ਸਰੀਰ। ਫੁਨਿ = ਫਿਰ, ਭੀ। ਆਪਨ = ਆਪ ਹੀ। ਕੋ = ਦਾ। ਸਗਲ = ਸਭਨਾਂ ਵਿਚ। ਰਾਜਨ = ਰਾਜਾ, ਪਾਤਿਸ਼ਾਹ। ਰਾਇਆ = ਰਿਆਇਆ, ਰਈਅਤ। ਕਹ ਕਹ = ਕਿਤੇ ਕਿਤੇ। ਠਾਕੁਰੁ = ਮਾਲਕ। ਚੇਰਾ = ਨੌਕਰ।੧। ਕਾ ਕਉ = ਕਿਸ ਪਾਸੋਂ? ਦੁਰਾਉ = ਲੁਕਾਉ, ਉਹਲਾ। ਕਾ ਸਿਉ = ਕਿਸ ਨਾਲ? ਬਲਬੰਚਾ = ਵਲ = ਛਲ, ਠੱਗੀ। ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਹ ਤਹ = ਉਥੇ ਉਥੇ। ਨੇਰਾ = ਨੇੜੇ। ਸਾਧ ਮੂਰਤਿ = ਪਵਿੱਤਰ ਹਸਤੀ ਵਾਲਾ {साधु = Virtuous}। ਭੇਟਿਓ = ਮਿਲਿਆ। ਮਿਲਿ ਸਾਗਰ = ਸਮੁੰਦਰ ਨੂੰ ਮਿਲ ਕੇ। ਅਨ = {अन्य} ਹੋਰ, ਵੱਖਰੀ। ਹੇਰਾ = ਵੇਖੀ ਜਾਂਦੀ।੨। ਅਰਥ: ਹੇ ਪ੍ਰਭੂ! ਮੇਰੀ (ਆਪਣੇ ਆਪ ਵਿਚ) ਕੋਈ ਪਾਂਇਆਂ ਨਹੀਂ ਹੈ। (ਮੇਰੇ ਪਾਸ) ਹਰੇਕ ਚੀਜ਼ ਤੇਰੀ ਹੀ ਬਖ਼ਸ਼ੀ ਹੋਈ ਹੈ। ਹੇ ਭਾਈ! ਇਕ ਪਾਸੇ ਤਾਂ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਤਿੰਨ ਗੁਣਾਂ ਸਮੇਤ ਹੈ। ਇਹਨਾਂ ਦੋਹਾਂ ਹੀ ਹਾਲਤਾਂ ਦੇ ਵਿਚਕਾਰ ਮੇਰਾ ਮਾਲਕ-ਪ੍ਰਭੂ ਇਹ ਜਗਤ-ਤਮਾਸ਼ਾ ਰਚਾਈ ਬੈਠਾ ਹੈ।੧।ਰਹਾਉ। ਹੇ ਭਾਈ! ਹਰੇਕ ਸਰੀਰ-) ਨਗਰ ਵਿਚ ਪ੍ਰਭੂ ਆਪ ਹੀ ਹੈ, ਬਾਹਰ (ਸਾਰੇ ਜਗਤ ਵਿਚ) ਭੀ ਆਪ ਹੀ ਹੈ। ਸਭ ਜੀਵਾਂ ਵਿਚ ਮੇਰੇ ਪ੍ਰਭੂ ਦਾ ਹੀ ਨਿਵਾਸ ਹੈ। ਹੇ ਭਾਈ! ਪ੍ਰਭੂ ਆਪ ਹੀ ਰਾਜਾ ਹੈ ਆਪ ਹੀ ਰਈਅਤ ਹੈ। ਕਿਤੇ ਮਾਲਕ ਬਣਿਆ ਹੋਇਆ ਹੈ। ਕਿਤੇ ਸੇਵਕ ਬਣਿਆ ਹੋਇਆ ਹੈ।੧। ਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਹਰ ਥਾਂ ਪਰਮਾਤਮਾ ਹੀ (ਹਰੇਕ ਦੇ) ਅੰਗ-ਸੰਗ ਵੱਸ ਰਿਹਾ ਹੈ। (ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ, ਇਸ ਵਾਸਤੇ) ਕਿਸ ਪਾਸੋਂ ਕੋਈ ਝੂਠ-ਲੁਕਾਉ ਕੀਤਾ ਜਾਏ, ਤੇ, ਕਿਸ ਨਾਲ ਕੋਈ ਠੱਗੀ-ਫ਼ਰੇਬ ਕੀਤਾ ਜਾਏ? (ਉਹ ਤਾਂ ਸਭ ਕੁਝ ਵੇਖਦਾ ਜਾਣਦਾ ਹੈ) । ਹੇ ਨਾਨਕ! ਜਿਸ ਮਨੁੱਖ ਨੂੰ ਪਵਿੱਤਰ ਹਸਤੀ ਵਾਲਾ ਗੁਰੂ ਮਿਲ ਪੈਂਦਾ ਹੈ, (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸਮੁੰਦਰ ਵਿਚ ਮਿਲ ਕੇ ਪਾਣੀ ਦੀ ਬੂੰਦ (ਸਮੁੰਦਰ ਨਾਲੋਂ) ਵੱਖਰੀ ਨਹੀਂ ਦਿੱਸਦੀ।੨।੧।੧੧੭। ਨੋਟ: ਇਥੋਂ ਘਰ ੮ ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ। TOP OF PAGE |
Sri Guru Granth Darpan, by Professor Sahib Singh |