ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 828

ਬਿਲਾਵਲੁ ਮਹਲਾ ੫ ॥ ਤੁਮ੍ਹ੍ਹ ਸਮਰਥਾ ਕਾਰਨ ਕਰਨ ॥ ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥ ਜੋ ਜੋ ਕੀਨੋ ਸੋ ਤੁਮ੍ਹ੍ਹ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥ ਬਡ ਪਰਤਾਪੁ ਸੁਨਿਓ ਪ੍ਰਭ ਤੁਮ੍ਹ੍ਹਰੋ ਕੋਟਿ ਅਘਾ ਤੇਰੋ ਨਾਮ ਹਰਨ ॥੧॥ ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਹ੍ਹਰੋ ਬਿਰਦੁ ਪਤਿਤ ਉਧਰਨ ॥ ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥ {ਪੰਨਾ 828}

ਪਦਅਰਥ: ਸਮਰਥਾ = ਸਾਰੀਆਂ ਤਾਕਤਾਂ ਦਾ ਮਾਲਕ। ਕਾਰਨ = ਸਬੱਬ, ਮੂਲ। ਕਰਨ = ਜਗਤ। ਕਰਨ ਕਾਰਨ = ਜਗਤ ਦਾ ਮੂਲ। ਢਾਕਨ = ਪਰਦਾ। ਗੋਬਿਦ = ਹੇ ਗੋਬਿੰਦ! ਗੁਰ = ਹੇ ਸਭ ਤੋਂ ਵੱਡੇ! ਮੋਹਿ = ਮੈਂ।੧।ਰਹਾਉ।

ਕੀਨੋ = ਕੀਤਾ। ਪੇਖਿਓ = ਵੇਖਿਆ। ਠਉਰ ਮੁਕਰਨ = ਮੁਕਰਨ ਦੀ ਥਾਂ, ਇਨਕਾਰੀ ਹੋਣ ਦੀ ਗੁੰਜ਼ੈਸ਼। ਢੀਠ = ਮੁੜ ਮੁੜ ਉਹੀ ਕਰੀ ਜਾਣ ਵਾਲਾ, ਨਿਰਲੱਜ। ਪ੍ਰਭ = ਹੇ ਪ੍ਰਭੂ! ਕੋਟਿ = ਕ੍ਰੋੜਾਂ। ਅਘਾ = ਪਾਪ। ਹਰਨ = ਦੂਰ ਕਰਨ ਵਾਲਾ।੧।

ਸਹਾਉ = ਸੁਭਾਉ। ਸਦ = ਸਦਾ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਉਧਰਨ = (ਵਿਕਾਰਾਂ ਵਿਚੋਂ) ਕੱਢਣਾ। ਕਰੁਣਾ ਮੈ = ਤਰਸ = ਭਰਪੂਰ {ਕਰੁਣਾ = ਤਰਸ}ਨਿਧਿ = ਖ਼ਜ਼ਾਨਾ। ਜੀਵਨ ਪਦ = ਆਤਮਕ ਜੀਵਨ ਦਾ ਦਰਜਾ।੨।

ਅਰਥ: ਹੇ ਮੇਰੇ ਗੋਬਿੰਦ! ਹੇ ਮੇਰੇ ਸਭ ਤੋਂ ਵੱਡੇ (ਮਾਲਕ) ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ, ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ।੧।ਰਹਾਉ।

ਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪ੍ਰਭੂ! ਉਹ ਤੂੰ ਸਭ ਕੁਝ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ, (ਫਿਰ ਭੀ ਮੈਂ ਕਰੀ ਭੀ ਜਾਂਦਾ ਹਾਂ, ਤੇ ਲੁਕਾਂਦਾ ਭੀ ਹਾਂ) ਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕ੍ਰੋੜਾਂ ਪਾਪ ਦੂਰ ਕਰ ਸਕਦਾ ਹੈ (ਮੈਨੂੰ ਭੀ ਆਪਣਾ ਨਾਮ ਬਖ਼ਸ਼) ੧।

ਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ। ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ। ਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ।੨।੨।੧੧੮।

ਬਿਲਾਵਲੁ ਮਹਲਾ ੫ ॥ ਐਸੀ ਕਿਰਪਾ ਮੋਹਿ ਕਰਹੁ ॥ ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥ ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥ ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ ॥੧॥ ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ ॥ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥ {ਪੰਨਾ 828}

ਪਦਅਰਥ: ਮੋਹਿ = ਮੈਨੂੰ, ਮੇਰੇ ਉੱਤੇ। ਸੰਤਹ = ਸੰਤਾਂ ਦੇ। ਹਮਾਰੋ = ਮੇਰੋ। ਤਨਿ = ਸਰੀਰ ਉੱਤੇ। ਪਰਹੁ = ਪਾ ਦਿਉ।੧।ਰਹਾਉ।

ਕੋ = ਦਾ। ਹੀਅਰੈ = ਹਿਰਦੇ ਵਿਚ। ਬਾਸੈ = ਵੱਸਦਾ ਰਹੇ। ਮਨ ਸੰਗਿ = ਮਨ ਦੇ ਨਾਲ, ਜਿੰਦ ਦੇ ਨਾਲ। ਤਸਕਰ = ਚੋਰ। ਨਿਵਾਰਹੁ = ਕੱਢ ਦਿਉ। ਠਾਕੁਰ = ਹੇ ਠਾਕੁਰ! ਸਗਲੇ = ਸਾਰਾ। ਹੋਮਿ = ਹਵਨ ਵਿਚ। ਜਰਹੁ = ਜਾਰਹੁ, ਸਾੜੋ।੧।

ਭਲ = ਭਲਾ, ਚੰਗਾ। ਮਾਨੈ = (ਮੇਰਾ ਮਨ) ਮੰਨ ਲਏ। ਭਾਵਨੁ = ਭਾਉਣਾ, ਚੰਗਾ ਲੱਗਣਾ। ਭਾਵਨੁ ਦੁਬਿਧਾ = ਦੁਬਿਧਾ ਚੰਗੀ ਲੱਗਣੀ। ਦੁਬਿਧਾ = ਮੇਰ = ਤੇਰ, ਵਿਤਕਰਾ। ਟਰਹੁ = ਟਾਲ ਦਿਉ। ਪ੍ਰਭ = ਹੇ ਪ੍ਰਭੂ! ਸੰਗਿ = ਸੰਗਤਿ ਵਿਚ। ਲੇ = ਲੈ ਕੇ, ਰੱਖ ਕੇ। ਮੋਹਿ = ਮੈਨੂੰ। ਉਧਰਹੁ = (ਤਸਕਰਾਂ ਤੋਂ) ਬਚਾ ਲਵੋ।੨।

ਅਰਥ: ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ ਕਿ ਸੰਤਾਂ ਦੇ ਚਰਨਾਂ ਉਤੇ ਮੇਰਾ ਮੱਥਾ (ਸਿਰ) ਪਿਆ ਰਹੇ, ਮੇਰੀਆਂ ਅੱਖਾਂ ਵਿਚ ਸੰਤ ਜਨਾਂ ਦਾ ਦਰਸਨ ਟਿਕਿਆ ਰਹੇ, ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਾਈ ਰੱਖੋ।੧।ਰਹਾਉ।

(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰੋ-) ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ (ਸਦਾ) ਵੱਸਦਾ ਰਹੇ, ਹੇ ਹਰੀ! ਆਪਣਾ ਨਾਮ ਮੇਰੇ ਮਨ ਵਿਚ ਟਿਕਾਈ ਰੱਖ। ਹੇ ਠਾਕੁਰ! ਮੇਰੇ ਅੰਦਰੋਂ ਕਾਮਾਦਿਕ) ਪੰਜੇ ਚੋਰ ਕੱਢ ਦੇ, ਮੇਰੀ ਸਾਰੀ ਭਟਕਣਾ ਅੱਗ ਵਿਚ ਸਾੜ ਦੇ।੧।

(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ-) ਜੋ ਕੁਝ ਤੂੰ ਕਰਦਾ ਹੈਂ, ਉਸੇ ਨੂੰ (ਮੇਰਾ ਮਨ) ਚੰਗਾ ਮੰਨੇ। (ਹੇ ਪ੍ਰਭੂ! ਮੇਰੇ ਅੰਦਰੋਂ) ਵਿਤਕਰਿਆਂ ਦਾ ਚੰਗਾ ਲੱਗਣਾ ਕੱਢ ਦੇ। ਹੇ ਪ੍ਰਭੂ! ਤੂੰ ਹੀ ਨਾਨਕ ਨੂੰ ਸਭ ਦਾਤਾਂ ਦੇਣ ਵਾਲਾ ਹੈਂ। (ਨਾਨਕ ਦੀ ਇਹ ਅਰਜ਼ੋਈ ਹੈ-) ਸੰਤਾਂ ਦੀ ਸੰਗਤਿ ਵਿਚ ਰੱਖ ਕੇ ਮੈਨੂੰ (ਨਾਨਕ ਨੂੰ ਕਾਮਾਦਿਕ ਤਸਕਰਾਂ ਤੋਂ) ਬਚਾ ਲੈ।੨।੩।੧੧੯।

ਬਿਲਾਵਲੁ ਮਹਲਾ ੫ ॥ ਐਸੀ ਦੀਖਿਆ ਜਨ ਸਿਉ ਮੰਗਾ ॥ ਤੁਮ੍ਹ੍ਹਰੋ ਧਿਆਨੁ ਤੁਮ੍ਹ੍ਹਾਰੋ ਰੰਗਾ ॥ ਤੁਮ੍ਹ੍ਹਰੀ ਸੇਵਾ ਤੁਮ੍ਹ੍ਹਾਰੇ ਅੰਗਾ ॥੧॥ ਰਹਾਉ ॥ ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ ਜਨ ਕੈ ਸੰਗਾ ॥ ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥੧॥ ਜਨ ਪਾਰਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟਿ ਗੰਗਾ ॥ ਜਨ ਕੀ ਧੂਰਿ ਕੀਓ ਮਜਨੁ ਨਾਨਕ ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥ {ਪੰਨਾ 828}

ਪਦਅਰਥ: ਦੀਖਿਆ = ਸਿੱਖਿਆ। ਜਨ ਸਿਉ = (ਹੇ ਪ੍ਰਭੂ! ਤੇਰੇ) ਜਨਾਂ ਪਾਸੋਂ। ਮੰਗਾ = ਮੰਗਾਂ, ਮੈਂ ਮੰਗਦਾ ਹਾਂ। ਰੰਗਾ = ਰੰਗ, ਪ੍ਰੇਮ। ਅੰਗਾ = ਅੰਗ, ਨਾਲ।੧।ਰਹਾਉ।

ਸੰਭਾਖਨੁ = ਬੋਲ = ਚਾਲ। ਜਿਉ = ਨਾਲ। ਊਠਨੁ ਬੈਠਨੁ = ਬਹਿਣ = ਖਲੋਣ, ਮੇਲ = ਜੋਲ। ਕੈ ਸੰਗਾ = ਦੇ ਨਾਲ। ਚਰ ਰਜ = ਚਰਨਾਂ ਦੀ ਰਜ, ਚਰਨਾਂ ਦੀ ਧੂੜ। ਮੁਖਿ = ਮੂੰਹ ਉਤੇ। ਅਨਤ = ਅਨੰਤ, ਬੇਅੰਤ। ਤਰੰਗਾ = ਲਹਿਰਾਂ।੧।

ਕੋਟੀ = ਕ੍ਰੋੜਾਂ। ਮਜਨੁ = ਇਸ਼ਨਾਨ, ਚੁੱਭੀ। ਹਰੇ = ਦੂਰ ਕੀਤੇ। ਕਲੰਗਾ = ਕਲੰਕ, ਪਾਪ।੧।

ਅਰਥ: (ਹੇ ਪ੍ਰਭੂ! ਤੇਰੇ) ਸੇਵਕਾਂ ਪਾਸੋਂ ਮੈਂ ਇਹ ਸਿੱਖਿਆ ਮੰਗਦਾ ਹਾਂ ਕਿ ਤੇਰੇ ਹੀ ਚਰਨਾਂ ਦਾ ਧਿਆਨ, ਤੇਰਾ ਹੀ ਪ੍ਰੇਮ (ਮੇਰੇ ਅੰਦਰ ਬਣਿਆ ਰਹੇ) ਤੇਰੀ ਹੀ ਸੇਵਾ ਭਗਤੀ ਕਰਦਾ ਰਹਾਂ, ਤੇਰੇ ਹੀ ਚਰਨਾਂ ਵਿਚ ਜੁੜਿਆ ਰਹਾਂ।੧।ਰਹਾਉ।

(ਹੇ ਪ੍ਰਭੂ! ਤੇਰੇ ਸੇਵਕਾਂ ਪਾਸੋਂ ਮੈਂ ਇਹ ਦਾਨ ਮੰਗਦਾ ਹਾਂ ਕਿ ਤੇਰੇ) ਸੇਵਕਾਂ ਦੀ ਮੈਂ ਟਹਿਲ ਕਰਦਾ ਰਹਾਂ, ਤੇਰੇ ਸੇਵਕਾਂ ਨਾਲ ਹੀ ਮੇਰਾ ਬੋਲ-ਚਾਲ ਰਹੇ, ਮੇਰਾ ਮੇਲ-ਜੋਲ ਭੀ ਤੇਰੇ ਸੇਵਕਾਂ ਨਾਲ ਹੀ ਰਹੇ। ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਰੇ ਮੂੰਹ-ਮੱਥੇ ਉਤੇ ਲੱਗਦੀ ਰਹੇ-ਇਹ ਚਰਨ-ਧੂੜ (ਮਾਇਆ ਦੀਆਂ) ਅਨੇਕਾਂ ਲਹਿਰਾਂ ਪੈਦਾ ਕਰਨ ਵਾਲੀਆਂ ਆਸਾਂ ਨੂੰ ਸ਼ਾਂਤ ਕਰ ਦੇਂਦੀ ਹੈ।੧।

ਹੇ ਨਾਨਕ! ਪਰਮਾਤਮਾ ਦੇ ਸੇਵਕ ਐਸੇ ਹਨ ਕਿ ਉਹਨਾਂ ਦੀ ਸੋਭਾ ਦਾਗ਼-ਹੀਨ ਹੁੰਦੀ ਹੈ, ਸੇਵਕਾਂ ਦੇ ਚਰਨ ਗੰਗਾ ਆਦਿਕ ਕ੍ਰੋੜਾਂ ਤੀਰਥਾਂ ਦੇ ਤੁੱਲ ਹਨ। ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ ਲਿਆ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ।੨।੪।੧੨੦।

ਬਿਲਾਵਲੁ ਮਹਲਾ ੫ ॥ ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮ੍ਹ੍ਹ ਪਿਤਾ ਕਿਰਪਾਲ ॥੧॥ ਰਹਾਉ ॥ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮ੍ਹ੍ਹਰੀ ਘਾਲ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥ ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥ ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥ {ਪੰਨਾ 828}

ਪਦਅਰਥ: ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ, ਜਿਵੇਂ ਹੋ ਸਕੇ। ਮੋਹਿ = ਮੈਨੂੰ। ਪ੍ਰਤਿਪਾਲ = ਬਚਾ ਲੈ। ਹਮ = ਅਸੀ (ਜੀਵ) ਬਾਰਿਕ = ਬੱਚੇ।੧।ਰਹਾਉ।

ਮੋਹਿ ਨਿਰਗੁਣ = ਮੈਂ ਗੁਣ ਹੀਨ ਵਿਚ। ਸਾਕਉ = ਸਾਕਉਂ। ਪਹੁਚਿ ਨ ਸਾਕਉ = ਮੈਂ ਪਹੁੰਚ ਨਹੀਂ ਸਕਦਾ, ਮੈਂ ਮੁੱਲ ਨਹੀਂ ਪਾ ਸਕਦਾ, ਮੈਂ ਕਦਰ ਨਹੀਂ ਜਾਣ ਸਕਦਾ। ਘਾਲ = ਮੇਹਨਤ, ਉਹ ਮੇਹਨਤ ਜੋ ਤੂੰ ਸਾਨੂੰ ਪਾਲਣ ਲਈ ਕਰਦਾ ਹੈਂ। ਗਤਿ = ਆਤਮਕ ਹਾਲਤ। ਮਿਤਿ = ਮਾਪ। ਤੁਮਰੀ ਗਤਿ ਮਿਤਿ = ਤੇਰੀ ਆਤਮਕ ਅਵਸਥਾ ਤੇਰਾ ਮਾਪ, ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਸਾਰਾ। ਮਾਲ = ਸਰਮਾਇਆ।੧।

ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਪੁਰਖ = ਹੇ ਸਰਬ = ਵਿਆਪਕ! ਅਨਬੋਲਤ = ਬਿਨਾ ਬੋਲਣ ਦੇ। ਸੀਤਲੁ = ਠੰਢਾ = ਠਾਰ, ਸ਼ਾਂਤ। ਪ੍ਰਭ = ਹੇ ਪ੍ਰਭੂ! ਨਿਹਾਲ = ਤੱਕ, ਵੇਖ। ਨਦਰਿ = ਮੇਹਰ ਦੀ ਨਿਗਾਹ ਨਾਲ।੨।

ਅਰਥ: ਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ (ਔਗੁਣਾਂ ਤੋਂ) ਮੇਰੀ ਰਾਖੀ ਕਰ। ਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀ (ਜੀਵ) ਤੁਹਾਡੇ ਹਾਂ, ਤੁਸੀ ਸਾਡੇ ਪਾਲਣਹਾਰ ਪਿਤਾ ਹੋ।੧।ਰਹਾਉ।

ਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ (ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ) ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ।੧।

ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ। ਹੇ ਨਾਨਕ! ਆਖ-) ਹੇ ਪ੍ਰਭੂ ਜੀ! ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ।੨।੫।੧੨੧।

ਬਿਲਾਵਲੁ ਮਹਲਾ ੫ ॥ ਰਾਖੁ ਸਦਾ ਪ੍ਰਭ ਅਪਨੈ ਸਾਥ ॥ ਤੂ ਹਮਰੋ ਪ੍ਰੀਤਮੁ ਮਨਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ ॥੧॥ ਰਹਾਉ ॥ ਰੰਕ ਤੇ ਰਾਉ ਕਰਤ ਖਿਨ ਭੀਤਰਿ ਪ੍ਰਭੁ ਮੇਰੋ ਅਨਾਥ ਕੋ ਨਾਥ ॥ ਜਲਤ ਅਗਨਿ ਮਹਿ ਜਨ ਆਪਿ ਉਧਾਰੇ ਕਰਿ ਅਪੁਨੇ ਦੇ ਰਾਖੇ ਹਾਥ ॥੧॥ ਸੀਤਲ ਸੁਖੁ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ॥ ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥੨॥੬॥੧੨੨॥ {ਪੰਨਾ 828}

ਪਦਅਰਥ: ਅਪਨੈ ਸਾਥ = ਆਪਣੇ ਨਾਲ, ਆਪਣੇ ਚਰਨਾਂ ਵਿਚ। ਪ੍ਰਭ = ਹੇ ਪ੍ਰਭੂ! ਹਮਰੋ = ਅਸਾਡਾ। ਮਨ ਮੋਹਨੁ = ਮਨ ਨੂੰ ਮੋਹਣ ਵਾਲਾ। ਸਗਲ = ਸਾਰਾ। ਅਕਾਥ = ਅਕਾਰਥ।੧।ਰਹਾਉ।

ਰੰਕ = ਕੰਗਾਲ। ਤੇ = ਤੋਂ। ਰਾਉ = ਰਾਜਾ। ਭੀਤਰਿ = ਵਿਚ। ਕੋ = ਦਾ। ਨਾਥ = ਖਸਮ। ਜਲਤ = ਸੜਦਿਆਂ ਨੂੰ। ਉਧਾਰੇ = ਬਚਾ ਲੈਂਦਾ ਹੈ। ਕਰਿ = ਬਣਾ ਕੇ। ਦੇ ਹਾਥ = ਹੱਥ ਦੇ ਕੇ।੧।

ਸੀਤਲ = ਠੰਢ ਦੇਣ ਵਾਲਾ, ਸ਼ਾਂਤੀ ਦੇਣ ਵਾਲਾ। ਤ੍ਰਿਪਤੇ = ਰੱਜ ਜਾਂਦੇ ਹਨ। ਸਿਮਰਤ = ਸਿਮਰਦਿਆਂ। ਸ੍ਰਮ = ਥਕੇਵੇਂ, ਦੌੜ = ਭੱਜਾਂ, ਭਟਕਣਾ। ਸਗਲੇ = ਸਾਰੇ। ਨਿਧਿ ਨਿਧਾਨ = ਖ਼ਜ਼ਾਨਿਆਂ ਦਾ ਖ਼ਜ਼ਾਨਾ। ਸੇਵਾ = ਭਗਤੀ। ਅਵਰ = ਹੋਰ। ਸਿਆਨਪ = ਚਤੁਰਾਈ।੨।

ਅਰਥ: ਹੇ ਪ੍ਰਭੂ! ਸਾਨੂੰ ਤੂੰ ਸਦਾ ਆਪਣੇ ਚਰਨਾਂ ਵਿਚ ਟਿਕਾਈ ਰੱਖ। ਤੂੰ ਸਾਡਾ ਪਿਆਰਾ ਹੈਂ, ਤੂੰ ਸਾਡੇ ਮਨ ਨੂੰ ਖਿੱਚ ਪਾਣ ਵਾਲਾ ਹੈਂ। ਤੈਥੋਂ ਵਿਛੁੜ ਕੇ (ਅਸਾਂ ਜੀਵਾਂ ਦੀ) ਸਾਰੀ ਹੀ ਜ਼ਿੰਦਗੀ ਵਿਅਰਥ ਹੈ।੧।ਰਹਾਉ।

ਹੇ ਭਾਈ! ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਇਕ ਖਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ (ਤ੍ਰਿਸ਼ਨਾ ਦੀ) ਅੱਗ ਵਿਚ ਸੜਦਿਆਂ ਨੂੰ ਸੇਵਕ ਬਣਾ ਕੇ ਆਪ ਬਚਾ ਲੈਂਦਾ ਹੈ, ਆਪਣੇ ਬਣਾ ਕੇ ਹੱਥ ਦੇ ਕੇ, ਉਹਨਾਂ ਦੀ ਰੱਖਿਆ ਕਰਦਾ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ, ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ, (ਮਾਇਆ ਦੀ ਖ਼ਾਤਰ) ਸਾਰੀਆਂ ਭਟਕਣਾਂ ਮੁੱਕ ਜਾਂਦੀਆਂ ਹਨ। ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਹੀ ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ। (ਮਾਇਆ ਦੀ ਖ਼ਾਤਰ ਵਰਤੀ ਹੋਈ) ਹੋਰ ਸਾਰੀ ਚਤੁਰਾਈ (ਪ੍ਰਭੂ ਦੀ ਸੇਵਾ-ਭਗਤੀ ਦੇ ਸਾਹਮਣੇ) ਵਿਅਰਥ ਹੈ।੨।੬।੧੨੨।

TOP OF PAGE

Sri Guru Granth Darpan, by Professor Sahib Singh