ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 829

ਬਿਲਾਵਲੁ ਮਹਲਾ ੫ ॥ ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥ ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥ ਜਨ ਨਾਨਕ ਪਿਆਸ ਚਰਨ ਕਮਲਨ੍ਹ੍ਹ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥ {ਪੰਨਾ 829}

ਪਦਅਰਥ: ਕਉ = ਨੂੰ। ਕਬਹੁ = ਕਦੇ ਭੀ। ਉਰਿ = ਛਾਤੀ ਨਾਲ। ਸੁਆਮੀ = ਹੇ ਮਾਲਕ! ਪ੍ਰਭ = ਹੇ ਪ੍ਰਭੂ! ਪੂਰਬ = ਪਹਿਲੀ। ਗੋਬਿੰਦ = ਹੇ ਗੋਬਿੰਦ!੧।ਰਹਾਉ।

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨਾ) ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਤੁਮ੍ਹ੍ਹਾਰੋ = {ਅੱਖਰ 'ਮ' ਦੇ ਹੇਠ ਅੱਧਾ 'ਹ' ਹੈ}ਦੋਖ = ਐਬ। ਰਿਦੈ = ਹਿਰਦੇ ਵਿਚ। ਮਤ = ਨਾਹ। ਧਾਰਹੁ = ਟਿਕਾਓ। ਜੀਵਨ ਪ੍ਰਾਨ = ਜਿੰਦ = ਜਾਨ। ਪਟਲੁ = ਪਰਦਾ। ਕਰਿ = ਕਰ ਕੇ। ਜਾਰਹੁ = ਸਾੜ ਦੇ।੧।

ਬਿਹੂਨ = ਬਿਨਾ। ਮੀਨ = ਮੱਛੀ। ਕਤ = ਕਿਵੇਂ? ਰਹਨੁ = ਟਿਕਣ, ਜੀਊਣ। ਬਾਰੋ = ਬਾਲਕ। ਕਮਲਨ੍ਹ੍ਹ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}ਪੇਖਿ = ਵੇਖ ਕੇ। ਸੁਆਮੀ = ਹੇ ਮਾਲਕ! ਸਾਰੋ = ਸਾਰੇ।੨।

ਅਰਥ: ਹੇ ਮੇਰੇ ਮਾਲਕ-ਪ੍ਰਭੂ! ਮੈਨੂੰ) ਆਪਣੇ ਸੇਵਕ ਨੂੰ ਕਦੇ ਭੀ ਨਾਹ ਭੁਲਾਈਂ, ਮੇਰੇ ਹਿਰਦੇ ਵਿਚ ਵੱਸਿਆ ਰਹੁ। ਹੇ ਮੇਰੇ ਗੋਬਿੰਦ! ਮੇਰੀ ਪੂਰਬਲੀ ਪ੍ਰੀਤ ਨੂੰ ਚੇਤੇ ਰੱਖੀਂ।੧।ਰਹਾਉ।

ਹੇ ਪ੍ਰਭੂ! ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਤੂੰ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰ ਦੇਂਦਾ ਹੈਂ। ਹੇ ਪ੍ਰਭੂ! ਮੇਰੇ ਐਬ (ਭੀ) ਆਪਣੇ ਹਿਰਦੇ ਵਿਚ ਨਾਹ ਰੱਖੀਂ। ਹੇ ਹਰੀ! ਤੂੰ ਹੀ ਮੇਰੀ ਜਿੰਦ-ਜਾਨ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰਾ ਸੁਖ ਹੈਂ। ਮੇਹਰ ਕਰ ਕੇ (ਮੇਰੇ ਅੰਦਰੋਂ) ਹਉਮੈ ਦਾ ਪਰਦਾ ਸਾੜ ਦੇ।੧।

ਹੇ ਮੇਰੇ ਮਾਲਕ-ਪ੍ਰਭੂ! ਪਾਣੀ ਤੋਂ ਬਿਨਾ ਮੱਛੀ ਕਦੇ ਜੀਊਂਦੀ ਨਹੀਂ ਰਹਿ ਸਕਦੀ। ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ। (ਤਿਵੇਂ ਤੇਰੇ) ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨਾਂ ਦੇ ਦਰਸਨ ਦੀ ਪਿਆਸ ਹੈ, ਦਰਸਨ ਕਰ ਕੇ (ਤੇਰੇ ਸੇਵਕ ਨੂੰ) ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ।੨।੭।੧੨੩।

ਬਿਲਾਵਲੁ ਮਹਲਾ ੫ ॥ ਆਗੈ ਪਾਛੈ ਕੁਸਲੁ ਭਇਆ ॥ ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ ॥ ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ ਗਇਆ ॥ ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥੧॥ ਗੁਨੁ ਅਵਗੁਨੁ ਪ੍ਰਭਿ ਕਛੁ ਨ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ ॥ ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ ॥੨॥੮॥੧੨੪॥ {ਪੰਨਾ 829}

ਪਦਅਰਥ: ਆਗੈ = ਪਰਲੋਕ ਵਿਚ। ਪਾਛੈ = ਇਸ ਲੋਕ ਵਿਚ। ਕੁਸਲੁ = ਸੁਖ। ਭਇਆ = ਹੋ ਗਿਆ, ਹੋ ਜਾਂਦਾ ਹੈ। ਗੁਰਿ = ਗੁਰੂ ਨੇ। ਰਾਖੀ = (ਵਿਕਾਰਾਂ ਦੇ ਟਾਕਰੇ ਤੇ ਇੱਜ਼ਤ) ਰੱਖੀ। ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮਇਆ = ਦਇਆ।੧।ਰਹਾਉ।

ਮਨਿ = ਮਨ ਵਿਚ। ਤਨਿ = ਤਨ ਵਿਚ। ਰਵਿ ਰਹਿਆ = ਹਰ ਵੇਲੇ ਮੌਜੂਦ ਰਹਿੰਦਾ ਹੈ। ਸਗਲਾ = ਸਾਰਾ। ਸਹਜ = ਆਤਮਕ ਅਡੋਲਤਾ। ਦੂਤ = ਵੈਰੀ। ਦੁਸਟ = ਭੈੜੇ ਵਿਕਾਰ। ਸਭਿ = ਸਾਰੇ। ਖਇਆ = ਖੈ, ਨਾਸ।੧।

ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ। ਕਰਿ ਲਇਆ = ਬਣਾ ਲਿਆ, ਬਣਾ ਲੈਂਦਾ ਹੈ। ਅਤੁਲ = ਜੋ ਤੋਲੀ ਨਾਹ ਜਾ ਸਕੇ, ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਾਹ ਹੋਵੇ, ਬੇ = ਮਿਸਾਲ। ਅਚੁਤ = ਅੱਚੁਤ {च्युत = ਡਿੱਗਾ ਹੋਇਆ} ਜੋ ਡਿੱਗ ਨਾਹ ਸਕੇ, ਕਦੇ ਨਾਹ ਡਿੱਗ ਸਕਣ ਵਾਲਾ। ਨਾਨਕੁ ਉਚਰੈ = ਨਾਨਕ ਉਚਾਰਦਾ ਹੈ। ਜਇਆ = ਜੈ।੨।

ਅਰਥ: ਹੇ ਭਾਈ! ਜਿਸ ਮਨੁੱਖ ਉਤੇ ਪਾਰਬ੍ਰਹਮ ਨੇ ਪ੍ਰਭੂ ਨੇ ਮੇਹਰ ਕਰ ਦਿੱਤੀ, ('ਦੂਤ ਦੁਸਟ' ਦੇ ਟਾਕਰੇ ਤੇ) ਪੂਰੇ ਗੁਰੂ ਨੇ (ਜਿਸ ਮਨੁੱਖ ਦੀ) ਇੱਜ਼ਤ ਚੰਗੀ ਤਰ੍ਹਾਂ ਬਚਾ ਲਈ, ਉਸ ਮਨੁੱਖ ਵਾਸਤੇ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੁਖ ਬਣਿਆ ਰਹਿੰਦਾ ਹੈ।੧।ਰਹਾਉ।

(ਹੇ ਭਾਈ! ਜਿਸ ਮਨੁੱਖ ਦੀ ਇੱਜ਼ਤ ਪੂਰਾ ਗੁਰੂ ਬਚਾਂਦਾ ਹੈ, ਉਸ ਦੇ) ਮਨ ਵਿਚ ਹਿਰਦੇ ਵਿਚ ਪ੍ਰੀਤਮ ਹਰੀ ਹਰ ਵੇਲੇ ਵੱਸਿਆ ਰਹਿੰਦਾ ਹੈ, ਉਸ ਦੇ ਸਾਰੇ ਦੁੱਖ ਦਰਦ ਮਿਟ ਜਾਂਦੇ ਹਨ। ਉਹ (ਹਰ ਵੇਲੇ ਪ੍ਰਭੂ ਦੇ) ਗੁਣ ਗਾਂਦਾ ਰਹਿੰਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰ) ਸ਼ਾਂਤੀ ਅਤੇ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, (ਕਾਮਾਦਿਕ) ਸਾਰੇ (ਉਸ ਦੇ) ਦੋਖੀ ਵੈਰੀ ਨਾਸ ਹੋ ਜਾਂਦੇ ਹਨ।੧।

(ਹੇ ਭਾਈ! ਪੂਰਾ ਗੁਰੂ ਜਿਸ ਮਨੁੱਖ ਦੀ ਇੱਜ਼ਤ ਬਚਾਂਦਾ ਹੈ) ਪਰਮਾਤਮਾ ਉਸ ਦਾ ਕੋਈ ਗੁਣ ਔਗੁਣ ਨਹੀਂ ਪੜਤਾਲਦਾ, ਮੇਹਰ ਕਰ ਕੇ ਉਸ ਨੂੰ ਪ੍ਰਭੂ ਆਪਣਾ (ਸੇਵਕ) ਬਣਾ ਲੈਂਦਾ ਹੈ। ਹੇ ਭਾਈ! ਅਟੱਲ ਅਤੇ ਅਬਿਨਾਸ਼ੀ ਪਰਮਾਤਮਾ ਦੀ ਤਾਕਤ ਬੇ-ਮਿਸਾਲ ਹੈ। ਨਾਨਕ ਸਦਾ ਉਸੇ ਪ੍ਰਭੂ ਦੀ ਜੈ ਜੈਕਾਰ ਉਚਾਰਦਾ ਰਹਿੰਦਾ ਹੈ।੨।੮।੧੨੪।

ਬਿਲਾਵਲੁ ਮਹਲਾ ੫ ॥ ਬਿਨੁ ਭੈ ਭਗਤੀ ਤਰਨੁ ਕੈਸੇ ॥ ਕਰਹੁ ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥ ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ ॥ ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥੧॥ ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ ॥ ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥ {ਪੰਨਾ 829}

ਪਦਅਰਥ: ਭੈ ਬਿਨੁ = (ਸੰਬੰਧਕ 'ਬਿਨੁ' ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਗਿਆ ਹੈ} ਡਰ = ਅਦਬ ਤੋਂ ਬਿਨਾ। ਤਰਨੁ = ਸੰਸਾਰ = ਸਮੁੰਦਰ ਤੋਂ ਪਾਰ = ਉਤਾਰਾ। ਕੈਸੇ = ਕਿਵੇਂ? ਅਨੁਗ੍ਰਹੁ = ਦਇਆ, ਕਿਰਪਾ। ਪਤਿਤ ਉਧਾਰਨ = ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਸੁਆਮੀ = ਹੇ ਮਾਲਕ! ਆਪ ਭਰੋਸੇ = ਆਪ ਦੇ ਆਸਰੇ, ਤੇਰੇ ਆਸਰੇ। ਰਾਖ = ਮਦਦ ਕਰ।੧।ਰਹਾਉ।

ਨਹੀ ਆਵਤ = ਨਹੀਂ ਆਉਂਦਾ, ਜਾਚ ਨਹੀਂ। ਮਦ = ਨਸ਼ਾ। ਮਾਵਤ = ਮਸਤ। ਬਿਖਿਆ = ਮਾਇਆ। ਰਾਤਾ = ਰੰਗਿਆ ਹੋਇਆ, ਮਗਨ। ਸੁਆਨ ਜੈਸੇ = ਜਿਵੇਂ ਕੁੱਤਾ (ਭਟਕਦਾ ਫਿਰਦਾ ਹੈ। ਅਉਧ = ਉਮਰ। ਅਧਿਕ = ਬਹੁਤ। ਮੋਹਾਵਤ = ਠੱਗਿਆ ਜਾਂਦਾ ਹੈ। ਬੁਡੇ = ਡੁੱਬਦੇ ਜਾਂਦੇ ਹਨ। ਐਸੇ = ਇਉਂ।੧।

ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਪੁਰਖ = ਹੇ ਸਰਬ = ਵਿਆਪਕ! ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਪਰੇ! ਰਵਣੁ = ਸਿਮਰਨ। ਜੈਸੇ = ਜਿਵੇਂ ਹੋ ਸਕੇ। ਕੇਸਵ = ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ {केशाः प्रशस्याः सन्ति अस्य}ਕਲੇਸ ਨਾਸ = ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਅਘ ਖੰਡਨ = ਹੇ ਪਾਪਾਂ ਦੇ ਨਾਸ ਕਰਨ ਵਾਲੇ! ਦਿਸੇ = ਦਿੱਸਿਆਂ।੨।

ਅਰਥ: ਹੇ ਭਾਈ! ਪਰਮਾਤਮਾ ਦਾ ਡਰ-ਅਦਬ ਮਨ ਵਿਚ ਵਸਾਣ ਤੋਂ ਬਿਨਾ, ਭਗਤੀ ਕਰਨ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਨਹੀਂ ਹੋ ਸਕਦਾ। ਹੇ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਸੁਆਮੀ! ਮੇਰੇ ਉਤੇ) ਮੇਹਰ ਕਰ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾਈ ਰੱਖ, ਮੈਂ ਤੇਰੇ ਹੀ ਆਸਰੇ ਹਾਂ।੧।ਰਹਾਉ।

(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ ਜੀਵ ਨੂੰ ਤੇਰਾ) ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ) ਵਿਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ। ਹੇ ਪ੍ਰਭੂ! ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ (ਵਿਕਾਰਾਂ ਦੀ ਹੱਥੀਂ) ਵਧੀਕ ਲੁੱਟੇ ਜਾਂਦੇ ਹਨ, ਬੱਸ! ਇਉਂ ਹੀ ਪਾਪ ਕਰਦੇ ਕਰਦੇ ਸੰਸਾਰ-ਸਮੁੰਦਰ ਵਿਚ ਡੁੱਬਦੇ ਜਾਂਦੇ ਹਨ।੧।

ਹੇ ਨਾਨਕ! ਆਖ-) ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਸਰਬ ਵਿਆਪਕ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! ਮੇਹਰ ਕਰ, ਤਾ ਕਿ) ਜਿਵੇਂ ਭੀ ਹੋ ਸਕੇ (ਤੇਰਾ ਦਾਸ) ਸਾਧ ਸੰਗਤਿ ਵਿਚ (ਟਿਕ ਕੇ ਤੇਰਾ) ਸਿਮਰਨ ਕਰਦਾ ਰਹੇ। ਹੇ ਕੇਸ਼ਵ! ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਹੇ ਪਾਪਾਂ ਦੇ ਨਾਸ ਕਰਨ ਵਾਲੇ! ਤੇਰਾ ਦਾਸ) ਨਾਨਕ ਤੇਰਾ ਦਰਸਨ ਕਰ ਕੇ ਹੀ ਆਤਮਕ ਜੀਵਨ ਹਾਸਲ ਕਰਦਾ ਹੈ।੨।੯।੧੨੫।

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯    ੴ ਸਤਿਗੁਰ ਪ੍ਰਸਾਦਿ ॥ ਆਪਹਿ ਮੇਲਿ ਲਏ ॥ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ ॥ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ ॥ ਜਪਿ ਜਪਿ ਨਾਮੁ ਤੁਮ੍ਹ੍ਹਾਰੋ ਪ੍ਰੀਤਮ ਤਨ ਤੇ ਰੋਗ ਖਏ ॥੧॥ ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ ॥ ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥ {ਪੰਨਾ 829}

ਪਦਅਰਥ: ਆਪਹਿ = ਆਪਿ ਹੀ {ਕ੍ਰਿਆ ਵਿਸ਼ੇਸ਼ਣ 'ਹਿ' ਹੀ ਦੇ ਕਾਰਨ ਲਫ਼ਜ਼ 'ਆਪਿ' ਦੀ 'ਿ' ਉੱਡ ਜਾਂਦੀ ਹੈ}ਤੇ = ਤੋਂ। ਦੋਖ = ਐਬ ਵਿਕਾਰ।੧।ਰਹਾਉ।

ਅਰੁ = ਅਤੇ। ਤਜਿ = ਤਿਆਗ ਕੇ। ਚਿੰਤ ਬਿਰਾਨੀ = ਬਿਗਾਨੀ ਆਸ ਦਾ ਖ਼ਿਆਲ। ਸਾਧਹ = ਸੰਤ ਜਨਾਂ ਦੀ। ਜਪਿ = ਜਪਿ ਕੇ। ਪ੍ਰੀਤਮ = ਹੇ ਪ੍ਰੀਤਮ! ਖਏ = ਨਾਸ ਹੋ ਗਏ ਹਨ।੧।

ਮੁਗਧ = ਮੂਰਖ। ਦਏ = ਦਇਆ। ਧਾਰਿ = ਧਾਰ ਕੇ, ਕਰ ਕੇ। ਭੇਟਿਓ = ਮਿਲਿਆ। ਰਹੇ = ਮੁੱਕ ਗਏ।੨।

ਅਰਥ: ਹੇ ਪ੍ਰਭੂ! ਜਦੋਂ ਤੋਂ (ਜਿਹੜੇ ਮਨੁੱਖ) ਤੇਰੀ ਸਰਨ ਆਉਂਦੇ ਹਨ, ਤਦੋਂ ਤੋਂ (ਉਹਨਾਂ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ, ਕਿਉਂਕਿ ਤੂੰ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ।੧।ਰਹਾਉ।

(ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਉਹ ਮਨੁੱਖ) ਅਹੰਕਾਰ ਛੱਡ ਕੇ ਅਤੇ ਬਿਗਾਨੀ ਆਸ ਦਾ ਖ਼ਿਆਲ ਛੱਡ ਕੇ ਸੰਤ ਜਨਾਂ ਦੀ ਸਰਨ ਆ ਪੈਂਦੇ ਹਨ, ਅਤੇ, ਹੇ ਪ੍ਰੀਤਮ! ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ।੧।

(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਨੀ ਪੈਂਦੇ ਹਨ, ਉਹਨਾਂ) ਵੱਡੇ ਵੱਡੇ ਮੂਰਖਾਂ ਅੰਞਾਣਾਂ ਅਤੇ ਅਗਿਆਨੀਆਂ ਨੂੰ ਭੀ ਤੂੰ ਦਇਆ ਕਰ ਕੇ (ਵਿਕਾਰਾਂ ਰੋਗਾਂ ਤੋਂ) ਬਚਾ ਲੈਂਦਾ ਹੈਂ। ਹੇ ਨਾਨਕ! ਆਖ-(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, (ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।੨।੧।੧੨੬।

ਨੋਟ: ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ।

ਬਿਲਾਵਲੁ ਮਹਲਾ ੫ ॥ ਜੀਵਉ ਨਾਮੁ ਸੁਨੀ ॥ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥ ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥ ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥ ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥ ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥ {ਪੰਨਾ 829}

ਪਦਅਰਥ: ਜੀਵਉ = ਜੀਵਉਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਸੁਨੀ = ਸੁਨਿ, ਸੁਣ ਕੇ। ਜਉ = ਜਦੋਂ। ਪੁਨੀ = ਪੁੱਗ ਜਾਂਦੀ ਹੈ, ਪੂਰੀ ਹੋ ਜਾਂਦੀ ਹੈ।੧।ਰਹਾਉ।

ਪੀਰ = ਪੀੜ। ਬਾਧੀ = ਬੱਝ ਗਈ। ਮਨਿ = ਮਨ ਵਿਚ। ਧੀਰਾ = ਧੀਰਜ। ਅਨਦ ਧੁਨੀ = ਆਨੰਦ ਦੀ ਰੌ ਨਾਲ। ਖਿਨੀ = ਇਕ ਖਿਨ ਵਾਸਤੇ ਭੀ।੧।

ਸਿਮਰਹਿ = ਸਿਮਰਦੇ ਹਨ। ਟਿਕ = ਟੇਕ, ਸਹਾਰਾ। ਨਿਰਧਨ = ਕੰਗਾਲ। ਅਨਿਕ ਗੁਨੀ = ਹੇ ਅਨੇਕਾਂ ਗੁਣਾਂ ਦੇ ਮਾਲਕ!੨।

ਅਰਥ: (ਹੇ ਭਾਈ! ਪਰਮਾਤਮਾ ਦਾ) ਨਾਮ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ (ਪਰ ਪ੍ਰਭੂ ਦਾ ਨਾਮ ਸਿਮਰਨ ਦੀ) ਇਹ ਮੇਰੀ ਆਸ ਤਦੋਂ ਪੂਰੀ ਹੁੰਦੀ ਹੈ ਜਦੋਂ ਪੂਰਾ ਗੁਰੂ (ਮੇਰੇ ਉੱਤੇ) ਬਹੁਤ ਪ੍ਰਸੰਨ ਹੁੰਦਾ ਹੈ।੧।ਰਹਾਉ।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਨਾਮ ਜਪਦਾ ਹਾਂ, ਮੇਰੇ ਅੰਦਰੋਂ) ਪੀੜ ਦੂਰ ਹੋ ਜਾਂਦੀ ਹੈ, ਮੇਰੇ ਵਿਚ ਹੌਸਲਾ ਬਣ ਜਾਂਦਾ ਹੈ, ਮੈਂ (ਆਪਣੇ ਅੰਦਰ ਪੈਦਾ ਹੋਏ) ਆਤਮਕ ਆਨੰਦ ਦੀ ਰੌ ਨਾਲ ਮਸਤ ਹੋ ਜਾਂਦਾ ਹਾਂ, ਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਉ ਪੈਦਾ ਹੋ ਜਾਂਦਾ ਹੈ, (ਉਹ ਚਾਉ ਇਤਨਾ ਤੀਬਰ ਹੋ ਜਾਂਦਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾ) ਇਕ ਖਿਨ ਭੀ ਰਿਹਾ ਨਹੀਂ ਜਾ ਸਕਦਾ।੧।

ਹੇ ਮਾਲਕ! ਆਖ-) ਹੇ ਅਨੇਕਾਂ ਗੁਣਾਂ ਦੇ ਮਾਲਕ ਪ੍ਰਭੂ! ਤੇਰਾ ਨਾਮ) ਅੰਨ੍ਹੇ ਮਨੁੱਖ ਨੂੰ, ਮਾਨੋ, ਡੰਗੋਰੀ ਮਿਲ ਜਾਂਦੀ ਹੈ, ਕੰਗਾਲ ਨੂੰ ਧਨ ਮਿਲ ਜਾਂਦਾ ਹੈ। ਹੇ ਪ੍ਰਭੂ! ਅਨੇਕਾਂ ਹੀ ਰਿਸ਼ੀ ਮੁਨੀ ਤੇਰਾ ਨਾਮ ਸਿਮਰਦੇ ਹਨ। (ਸਿਮਰਨ ਕਰਨ ਵਾਲੇ) ਅਨੇਕਾਂ ਹੀ ਭਗਤ ਅਨੇਕਾਂ ਹੀ ਸੇਵਕ, ਹੇ ਪ੍ਰਭੂ! ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤੇ ਹਨ।੨।੨।੧੨੭।

TOP OF PAGE

Sri Guru Granth Darpan, by Professor Sahib Singh