ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 833 ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧ ੴ ਸਤਿਗੁਰ ਪ੍ਰਸਾਦਿ ॥ ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥ ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥ ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥ ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥ ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥ ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥ {ਪੰਨਾ 833} ਪਦਅਰਥ: ਆਪੈ = ਪਰਮਾਤਮਾ ਦੇ ਆਪੇ ਵਿਚ। ਆਪੁ = ਆਪਣਾ ਆਪਾ। ਖਾਇ = ਮੁਕਾ ਕੇ। ਹਉ = ਹਉਮੈ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਹਰਿ ਰਸ ਗੀਤ = ਹਰਿ = ਨਾਮ ਰਸ ਦੇ ਗੀਤ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਚੈ = ਪਰਚ ਜਾਂਦਾ ਹੈ, ਪਤੀਜਦਾ ਹੈ। ਕੰਚਨ = ਸੋਨਾ, ਸੋਨੇ ਵਰਗੀ ਸੁੱਧ। ਕਾਇਆ = ਸਰੀਰ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਜਿੰਦ।੧। ਆਧਾਰੁ = ਆਸਰਾ। ਨਾਮੁ ਰਮਈਆ = ਸੋਹਣੇ ਰਾਮ ਦਾ ਨਾਮ। ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ (ਸਕਉਂ) ।੧।ਰਹਾਉ। ਗਿਰਹੁ = ਗ੍ਰਿਹ, (ਸਰੀਰ-) ਘਰ। ਦੁਆਰ = ਦਰਵਾਜ਼ੇ। ਜਾ ਕੇ = ਜਿਸ (ਸਰੀਰ = ਘਰ) ਦੇ। ਅਹਿ = ਦਿਨ। ਨਿਸਿ = ਰਾਤ। ਤਸਕਰ = ਚੋਰ। ਪੰਚ ਚੋਰ = (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ। ਅਰਥੁ = ਧਨ। ਸਭੁ = ਸਾਰਾ। ਹਿਰਿ ਲੇ ਜਾਵਹਿ = ਚੁਰਾ ਲੈ ਜਾਂਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁਲੇ = (ਆਤਮਕ ਜੀਵਨ ਵਲੋਂ) ਅੰਨ੍ਹੇ ਮਨੁੱਖ ਨੂੰ।੨। ਅਰਥ: ਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ, (ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ। ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ।੧।ਰਹਾਉ। ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ, ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।੧। ਹੇ ਭਾਈ! ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ, (ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ। (ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ।੨। ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥ ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥ ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥ ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥ {ਪੰਨਾ 833} ਪਦਅਰਥ: ਕੰਚਨ ਕੋਟੁ = ਸੋਨੇ ਦਾ ਕਿਲ੍ਹਾ। ਮਾਣਕਿ = ਮਾਣਕੀਂ, ਮਾਣਕਾਂ ਨਾਲ, ਉੱਚੇ ਆਤਮਕ ਗੁਣਾਂ ਨਾਲ। ਜਾਗੇ = ਜਿਹੜੇ ਮਨੁੱਖ ਜਾਗਦੇ ਰਹੇ, ਸੁਚੇਤ ਰਹੇ। ਤਤਿ = ਤੱਤ ਵਿਚ। ਗਿਆਨ ਤਤਿ = ਆਤਮਕ ਜੀਵਨ ਦੇ ਤੱਤ ਵਿਚ। ਲਿਵ ਲਈਆ = ਸੁਰਤਿ ਜੋੜ ਕੇ। ਤਸਕਰ = ਚੋਰ। ਹੇਰੂ = ਡਾਕੂ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਕੜਿ = ਫੜ ਕੇ। ਬੰਧਿ ਪਈਆ = ਬੰਨ੍ਹ ਲਏ।੩। ਪੋਤੁ = ਜਹਾਜ਼। ਬੋਹਿਥਾ = ਜਹਾਜ਼। ਖੇਵਟੁ = ਮਲਾਹ। ਜਾਗਾਤੀ = ਮਸੂਲੀਆ। ਕੋ ਤਸਕਰੁ = ਕੋਈ ਚੋਰ। ਲਗਈਆ = ਸੰਨ੍ਹ ਲਾਂਦਾ।੪। ਅਰਥ: ਹੇ ਭਾਈ! ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ, (ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ। ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤਿ ਜੋੜ ਕੇ ਸੁਚੇਤ ਰਹਿੰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ।੩। ਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ।੪। ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥ ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗਪਾਲ ਨੀਸਾਨੁ ਬਜਈਆ ॥੫॥ ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥ ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥ {ਪੰਨਾ 833} ਪਦਅਰਥ: ਗਾਵੈ = ਗਾ ਰਿਹਾ ਹੈ। ਜਸੁ = ਸਿਫ਼ਤਿ-ਸਾਲਾਹ! ਕਹਤੇ = ਕਹਿੰਦਿਆਂ। ਅੰਤੁ = ਸਿਫ਼ਤਾਂ ਦਾ ਹੱਦ = ਬੰਨਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਇਕਤੁ = ਇੱਕ ਵਿਚ ਹੀ। ਘਰਿ = ਘਰ ਵਿਚ। ਇਕਤੁ ਘਰਿ = ਇੱਕ ਘਰ ਵਿਚ ਹੀ, ਪ੍ਰਭੂ ਦੇ ਚਰਨਾਂ ਵਿਚ ਹੀ। ਆਵੈ = ਆ ਜਾਂਦਾ ਹੈ। ਮਿਲਉ = ਮਿਲਉਂ, ਮੈਂ ਮਿਲ ਰਿਹਾ ਹਾਂ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਨੀਸਾਨੁ ਬਜਈਆ = ਨੀਸਾਨੁ ਬਜਾਇ, ਢੋਲ ਵਜਾ ਕੇ, ਨਿਸੰਗ ਹੋ ਕੇ, ਝਾਕਾ ਲਾਹ ਕੇ।੫। ਨੈਨੀ = ਨੈਨੀਂ, ਅੱਖਾਂ ਨਾਲ। ਦੇਖਿ = ਵੇਖ ਕੇ। ਤ੍ਰਿਪਤੈ = (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ। ਸ੍ਰਵਨ = ਕੰਨ। ਸੁਨਿ = ਸੁਣ ਕੇ। ਆਤਮਦੇਵ = ਆਤਮਾ, ਜਿੰਦ। ਹੈ ਭੀਨੇ = ਭਿੱਜਿਆ ਰਹਿੰਦਾ ਹੈ। ਰਸਿ = ਰਸ ਨਾਲ, ਸੁਆਦ ਨਾਲ। ਰਸਿ ਰਸਿ = ਬੜੇ ਸੁਆਦ ਨਾਲ। ਰਵਈਆ = ਸਿਮਰਦਾ ਹੈ।੬। ਅਰਥ: ਹੇ ਭਾਈ! ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ। ਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ।੫। ਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ। (ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ।੬। ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥ ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥ ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥ ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥ {ਪੰਨਾ 833} ਪਦਅਰਥ: ਤ੍ਰੈਗੁਣ = (ਰਜੋ, ਸਤੋ, ਤਮੋ = ਮਾਇਆ ਦੇ ਇਹ) ਤਿੰਨ ਗੁਣ, ਇਹਨਾਂ ਤਿੰਨਾਂ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ। ਮੋਹਿ = ਮੋਹ ਵਿਚ। ਵਿਆਪੇ = ਫਸੇ ਹੋਏ। ਤੁਰੀਆ ਗੁਣ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ, ਚੌਥਾ ਪਦ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਭ = ਸਾਰੀ ਲੁਕਾਈ। ਸਮ = ਬਰਾਬਰ, ਇਕੋ ਜਿਹਾ। ਜਾਣੈ = ਜਾਣਦਾ ਹੈ। ਨਦਰੀ ਆਵੈ = ਦਿੱਸਦਾ ਹੈ। ਸਭੁ = ਹਰ ਥਾਂ। ਪਸਰਈਆ = ਪਸਰਿਆ ਹੋਇਆ।੭। ਸਬਾਈ = ਸਾਰੀ ਸ੍ਰਿਸ਼ਟੀ। ਗੁਰਮੁਖਿ ਲਖਈਆ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਮਝ ਲੈਂਦਾ ਹੈ। ਆਪੇ = ਆਪ ਹੀ। ਅਲਖ = ਉਹ ਪਰਮਾਤਮਾ ਜਿਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਭਗਤਿ ਭਾਇ = ਭਗਤੀ ਦੇ ਭਾਵ ਨਾਲ। {ਭਾਉ = ਪ੍ਰੇਮ। ਭਾਇ = ਪ੍ਰੇਮ ਦੀ ਰਾਹੀਂ}। ਨਾਮਿ = ਨਾਮ ਵਿਚ।੮। ਅਰਥ: ਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) । (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ, ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ।੭। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ। ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ।੮।੧। ਬਿਲਾਵਲੁ ਮਹਲਾ ੪ ॥ ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥ ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥੧॥ ਜਪਿ ਜਗੰਨਾਥ ਜਗਦੀਸ ਗੁਸਈਆ ॥ ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥ ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥੨॥ {ਪੰਨਾ 833-834} ਪਦਅਰਥ: ਸੀਤਲ = ਠੰਢ ਪਾਣ ਵਾਲਾ। ਧਿਆਵਹੁ = ਸਿਮਰਿਆ ਕਰੋ। ਵਾਸੁ = ਸੁਗੰਧੀ। ਗੰਧਈਆ = ਸੁਗੰਧਿਤ ਕਰਦੀ ਹੈ। ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਹਿਰਡ = ਅਰਿੰਡ। ਪਲਾਸ = ਪਲਾਹ, ਛਿਛਰਾ। ਸੰਗਿ = (ਚੰਦਨ ਦੇ) ਨਾਲ। ਬੁਹੀਆ = ਸੁਗੰਧਿਤ ਹੋ ਜਾਂਦਾ ਹੈ।੧। ਜਪਿ = ਜਪਿਆ ਕਰ। ਜਗੰਨਾਥ = ਜਗਤ ਦਾ ਨਾਥ। ਜਗਦੀਸ = ਜਗਤ ਦਾ ਈਸ਼੍ਵਰ। ਗੁਸਈਆ = ਧਰਤੀ ਦਾ ਖਸਮ। ਉਬਰੇ = ਵਿਕਾਰਾਂ ਤੋਂ ਬਚ ਗਏ। ਉਧਾਰਿ = ਪਾਰ = ਉਤਾਰਾ ਕਰ ਕੇ।੧।ਰਹਾਉ। ਭਾਰ ਅਠਾਰਹ = ਸਾਰੀ ਬਨਸਪਤੀ। {ਪੁਰਾਣਾ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਹਰੇਕ ਬੂਟੇ ਦਾ ਇਕ ਇਕ ਪੱਤਰ ਲੈ ਕੇ ਤੋਲਿਆਂ ੧੮ ਭਾਰ ਤੋਲ ਬਣਦਾ ਹੈ। ਇਕ ਭਾਰ ਪੰਜ ਮਣ ਕੱਚੇ ਦਾ}। ਨਿਕਟਿ = ਨੇੜੇ। ਸਾਕਤ = ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ। ਊਭ ਸੁਕ = (ਧਰਤੀ ਉਤੇ) ਖਲੋਤੇ ਹੋਏ ਹੀ ਸੁੱਕ ਚੁਕੇ ਰੁੱਖ। ਮਨਿ = ਮਨ ਵਿਚ। ਵਿਛੁੜਿ = ਵਿਛੁੜ ਕੇ।੨। ਅਰਥ: ਹੇ ਭਾਈ! ਜਗਤ ਦੇ ਨਾਥ, ਜਗਤ ਦੇ ਈਸ਼੍ਵਰ, ਧਰਤੀ ਦੇ ਖਸਮ ਪ੍ਰਭੂ ਦਾ ਨਾਮ ਜਪਿਆ ਕਰ। ਜਿਹੜੇ ਮਨੁੱਖ ਪ੍ਰਭੂ ਦੀ ਸਰਨ ਆ ਪੈਂਦੇ ਹਨ, ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਜਿਵੇਂ ਪ੍ਰਹਿਲਾਦ (ਆਦਿਕ ਭਗਤਾਂ) ਨੂੰ (ਪਰਮਾਤਮਾ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਕੇ (ਆਪਣੇ ਚਰਨਾਂ ਵਿਚ) ਲੀਨ ਕਰ ਲਿਆ।੧।ਰਹਾਉ। ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਈਦਾ ਹੈ। ਜਿਵੇਂ ਅਰਿੰਡ ਤੇ ਪਲਾਹ (ਆਦਿਕ ਨਿਕੰਮੇ ਰੁੱਖ ਚੰਦਨ ਦੀ ਸੰਗਤਿ ਨਾਲ) ਸੁਗੰਧਿਤ ਹੋ ਜਾਂਦੇ ਹਨ, (ਤਿਵੇਂ) ਮੇਰੇ ਵਰਗੇ ਜੀਵ (ਹਰਿ ਨਾਮ ਦੀ ਬਰਕਤਿ ਨਾਲ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ) ।੧। ਹੇ ਭਾਈ! ਸਾਰੀ ਬਨਸਪਤੀ ਵਿਚ ਚੰਦਨ ਸਭ ਤੋਂ ਸ੍ਰੇਸ਼ਟ (ਰੁੱਖ) ਹੈ, ਚੰਦਨ ਦੇ ਨੇੜੇ (ਉੱਗਾ ਹੋਇਆ) ਹਰੇਕ ਬੂਟਾ ਚੰਦਨ ਬਣ ਜਾਂਦਾ ਹੈ। ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ-ਵੇੜ੍ਹੇ ਪ੍ਰਾਣੀ (ਉਹਨਾਂ ਰੁੱਖਾਂ ਵਰਗੇ ਹਨ ਜੋ ਧਰਤੀ ਵਿਚੋਂ ਖ਼ੁਰਾਕ ਮਿਲ ਸਕਣ ਤੇ ਭੀ) ਖਲੋਤੇ ਹੀ ਸੁੱਕ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਅਹੰਕਾਰ ਵੱਸਦਾ ਹੈ, (ਇਸ ਵਾਸਤੇ ਪਰਮਾਤਮਾ ਤੋਂ) ਵਿਛੁੱੜ ਕੇ ਉਹ ਕਿਤੇ ਦੂਰ ਪਏ ਰਹਿੰਦੇ ਹਨ।੨। |
Sri Guru Granth Darpan, by Professor Sahib Singh |