ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 834 ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥ ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥੩॥ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤਿ ਭੰਡਾਰ ਖੁਲ੍ਹ੍ਹਈਆ ॥ ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥੪॥ ਪਰਮ ਬੈਰਾਗੁ ਨਿਤ ਨਿਤ ਹਰਿ ਧਿਆਏ ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥ ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰੁ ਨ ਪਾਵੈ ਪਰੈ ਪਰਈਆ ॥੫॥ {ਪੰਨਾ 834} ਪਦਅਰਥ: ਗਤਿ = ਉੱਚੀ ਆਤਮਕ ਹਾਲਤ। ਮਿਤਿ = ਗਿਣਤੀ, ਮਰਯਾਦਾ, ਹੱਦ = ਬੰਨਾ। ਆਪੇ = ਆਪ ਹੀ। ਸਭ ਬਿਧਿ = ਸਾਰੀ ਮਰਯਾਦਾ। ਭੇਟੇ = ਮਿਲਦਾ ਹੈ। ਕੰਚਨੁ = ਸੋਨਾ। ਧੁਰਿ = ਧੁਰ ਦਰਗਾਹ ਤੋਂ।੩। ਗੁਰਮਤਿ = ਗੁਰੂ ਦੀ ਮਤਿ ਦੀ ਰਾਹੀਂ। ਪਾਵੈ = (ਮਨੁੱਖ) ਲੱਭ ਲੈਂਦਾ ਹੈ। ਸਾਗਰ = ਸਮੁੰਦਰ। ਇਕ ਸਰਧਾ = ਇਕ ਪਰਮਾਤਮਾ ਦਾ ਪਿਆਰ। ਕਹਤੇ = ਕਹਿੰਦਿਆਂ। ਤ੍ਰਿਪਤਿ = ਰਜੇਵਾਂ।੪। ਪਰਮ ਬੈਰਾਗੁ = ਸਭ ਤੋਂ ਉੱਚਾ ਵੈਰਾਗ, ਸਭ ਤੋਂ ਉੱਚੀ ਲਗਨ। ਭਾਵਨੀ = ਪਿਆਰ। ਬਾਰ ਬਾਰ = ਮੁੜ ਮੁੜ। ਕਹੀਐ = ਸਿਮਰਨਾ ਚਾਹੀਦਾ ਹੈ। ਪਾਰੁ = ਪਾਰਲਾ ਬੰਨਾ। ਪਰੈ ਪਰਈਆ = ਪਰੇ ਤੋਂ ਪਰੇ।੫। ਅਰਥ: ਹੇ ਭਾਈ! ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ। (ਜਗਤ ਦੀ) ਸਾਰੀ ਮਰਯਾਦਾ ਉਸ ਨੇ ਆਪ ਹੀ ਬਣਾਈ ਹੋਈ ਹੈ (ਉਸ ਮਰਯਾਦਾ ਅਨੁਸਾਰ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸੋਨਾ ਬਣ ਜਾਂਦਾ ਹੈ (ਸੁੱਚੇ ਜੀਵਨ ਵਲ ਬਣ ਜਾਂਦਾ ਹੈ। ਹੇ ਭਾਈ! ਧੁਰ ਦਰਗਾਹ ਤੋਂ (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਦੇ ਮੱਥੇ ਉਤੇ ਜੋ ਲੇਖ) ਲਿਖਿਆ ਜਾਂਦਾ ਹੈ, ਉਹ ਲੇਖ (ਕਿਸੇ ਦੇ ਆਪਣੇ ਉੱਦਮ ਨਾਲ) ਮਿਟਾਇਆਂ ਮਿਟ ਨਹੀਂ ਸਕਦਾ (ਗੁਰੂ ਦੇ ਮਿਲਣ ਨਾਲ ਹੀ ਲੋਹੇ ਤੋਂ ਕੰਚਨ ਬਣਦਾ) ਹੈ।੩। ਹੇ ਭਾਈ! ਗੁਰੂ ਦੇ ਅੰਦਰ) ਭਗਤੀ ਦੇ ਸਮੁੰਦਰ (ਭਰੇ ਪਏ) ਹਨ, ਭਗਤੀ ਦੇ ਖ਼ਜ਼ਾਨੇ ਖੁਲ੍ਹੇ ਪਏ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਹੀ ਮਨੁੱਖ (ਉੱਚੇ ਆਤਮਕ ਗੁਣ-) ਰਤਨ ਪ੍ਰਾਪਤ ਕਰ ਸਕਦਾ ਹੈ। (ਵੇਖੋ) ਗੁਰੂ ਦੀ ਚਰਨੀਂ ਲੱਗ ਕੇ (ਹੀ ਮੇਰੇ ਅੰਦਰ) ਇਕ ਪਰਮਾਤਮਾ ਵਾਸਤੇ ਪਿਆਰ ਪੈਦਾ ਹੋਇਆ ਹੈ (ਹੁਣ) ਪਰਮਾਤਮਾ ਦੇ ਗੁਣ ਗਾਂਦਿਆਂ ਮੇਰਾ ਮਨ ਰੱਜਦਾ ਨਹੀਂ ਹੈ।੪। ਹੇ ਭਾਈ! ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ ਉਸਦੇ ਅੰਦਰ ਸਭ ਤੋਂ ਉੱਚੀ ਲਗਨ ਬਣ ਜਾਂਦੀ ਹੈ। ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਿਹੜਾ ਪਿਆਰ ਮੇਰੇ ਅੰਦਰ ਬਣਿਆ ਹੈ, ਮੈਂ (ਤੁਹਾਨੂੰ ਉਸ ਦਾ ਹਾਲ) ਦੱਸਿਆ ਹੈ। ਸੋ, ਹੇ ਭਾਈ! ਮੁੜ ਮੁੜ, ਹਰੇਕ ਖਿਨ, ਹਰੇਕ ਪਲ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ (ਪਰ, ਇਹ ਚੇਤੇ ਰੱਖੋ) ਪਰਮਾਤਮਾ ਪਰੇ ਤੋਂ ਪਰੇ ਹੈ, ਕੋਈ ਜੀਵ ਉਸ (ਦੀ ਹਸਤੀ) ਦਾ ਪਾਰਲਾ ਬੰਨ੍ਹਾ ਲੱਭ ਨਹੀਂ ਸਕਦਾ।੫। ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥ ਮਨਮੁਖ ਪਾਖੰਡਿ ਭਰਮਿ ਵਿਗੂਤੇ ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥ ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥ ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥ ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆ ॥ ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥ {ਪੰਨਾ 834} ਪਦਅਰਥ: ਪੁਕਾਰਹਿ = ਪੁਕਾਰਦੇ ਹਨ, (ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ। ਧਰਮੁ = (ਖਟ = ਕਰਮੀ) ਧਰਮ। ਖਟ ਕਰਮ = ਛੇ ਧਾਰਮਿਕ ਕਰਮ (ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨੇ ਤੇ ਕਰਾਣੇ, ਦਾਨ ਦੇਣਾ ਤੇ ਲੈਣਾ) । ਦ੍ਰਿੜਈਆ = ਪਕਿਆਈ ਕਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪਾਖੰਡਿ = ਪਖੰਡ ਵਿਚ। ਭਰਮਿ = ਭਟਕਣਾ ਵਿਚ। ਵਿਗੂਤੇ = ਖ਼ੁਆਰ ਹੁੰਦੇ ਹਨ। ਨਾਵ = (ਜ਼ਿੰਦਗੀ ਦੀ) ਬੇੜੀ। ਭਾਰਿ = ਭਾਰ ਨਾਲ।੬। ਨਾਮੇ = ਨਾਮ ਦੀ ਰਾਹੀਂ ਹੀ। ਗਤਿ = ਉੱਚੀ ਆਤਮਕ ਅਵਸਥਾ। ਦ੍ਰਿੜਈਆ = ਹਿਰਦੇ ਵਿਚ ਪੱਕਾ ਕਰੋ। ਜਾਇ = ਦੂਰ ਹੁੰਦੀ ਹੈ। ਤ = ਤਦੋਂ। ਨਿਰਮਲੁ = ਪਵਿੱਤਰ ਜੀਵਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ। ਪਰਚੈ = (ਨਾਮ ਵਿਚ) ਪਰਚਦਾ ਹੈ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।੭। ਵਰਨੁ = ਰੰਗ। ਜਿਤੁ = ਜਿਸ (ਕੰਮ) ਵਿਚ। ਲਾਵਹਿ = ਤੂੰ ਲਾਂਦਾ ਹੈਂ। ਸੇ = ਉਹ {ਬਹੁ-ਵਚਨ}। ਜੰਤ = ਜੀਵ {ਬਹੁ-ਵਚਨ}। ਵਾਜਹਿ = ਵੱਜਦੇ ਹਨ। ਜਿਤੁ = ਜਿਸ (ਰਾਹ) ਵਿਚ। ਭਾਵੈ = ਤੈਨੂੰ ਚੰਗਾ ਲੱਗਦਾ ਹੈ। ਤਿਤੁ ਰਾਹਿ = ਉਸੇ ਰਾਹ ਤੇ।੮। ਅਰਥ: ਹੇ ਭਾਈ! ਵੇਦ ਸ਼ਾਸਤ੍ਰ ਪੁਰਾਣ (ਆਦਿਕ ਧਰਮ ਪੁਸਤਕ ਇਸੇ ਗੱਲ ਉੱਤੇ) ਜ਼ੋਰ ਦੇਂਦੇ ਹਨ (ਕਿ ਖਟ-ਕਰਮੀ) ਧਰਮ ਕਮਾਇਆ ਕਰੋ, ਉਹ ਇਹਨਾਂ ਛੇ ਧਾਰਮਿਕ ਕਰਮਾਂ ਬਾਰੇ ਹੀ ਪਕਿਆਈ ਕਰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਇਸੇ) ਪਾਖੰਡ ਵਿਚ ਭਟਕਣਾ ਵਿਚ (ਪੈ ਕੇ) ਖ਼ੁਆਰ ਹੁੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੀ) ਬੇੜੀ (ਆਪਣੇ ਹੀ ਪਾਖੰਡ ਦੇ) ਭਾਰ ਨਾਲ ਲੋਭ ਦੀ ਲਹਿਰ ਵਿਚ ਡੁੱਬ ਜਾਂਦੀ ਹੈ।੬। ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰੋ, ਨਾਮ ਵਿਚ ਜੁੜ ਕੇ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ। (ਆਪਣੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਟਿਕਾਈ ਰੱਖੋ, (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵਾਸਤੇ ਇਹ ਹਰਿ-ਨਾਮ ਹੀ) ਸਿਮ੍ਰਿਤੀਆਂ ਸ਼ਾਸਤ੍ਰਾਂ ਦਾ ਉਪਦੇਸ ਹੈ। (ਹਰਿ-ਨਾਮ ਦੀ ਰਾਹੀਂ ਜਦੋਂ ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਜਦੋਂ ਮਨੁੱਖ (ਪਰਮਾਤਮਾ ਦੇ ਨਾਮ ਵਿਚ) ਪਤੀਜਦਾ ਹੈ, ਤਦੋਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।੭। ਹੇ ਨਾਨਕ! ਆਖ-ਹੇ ਪ੍ਰਭੂ!) ਇਹ ਸਾਰਾ ਜਗਤ ਤੇਰਾ ਹੀ ਰੂਪ ਹੈ ਤੇਰਾ ਹੀ ਰੰਗ ਹੈ। ਜਿਸ ਪਾਸੇ ਤੂੰ (ਜੀਵਾਂ ਨੂੰ) ਲਾਂਦਾ ਹੈਂ, ਉਹੀ ਕਰਮ ਜੀਵ ਕਰਦੇ ਹਨ। ਜੀਵ (ਤੇਰੇ ਵਾਜੇ ਹਨ) ਜਿਵੇਂ ਤੂੰ ਵਜਾਂਦਾ ਹੈਂ, ਤਿਵੇਂ ਵੱਜਦੇ ਹਨ। ਜਿਸ ਰਾਹ ਤੇ ਤੋਰਨਾ ਤੈਨੂੰ ਚੰਗਾ ਲੱਗਦਾ ਹੈ, ਉਸੇ ਰਾਹ ਤੇ ਜੀਵ ਤੁਰਦੇ ਹਨ।੮।੨। ਬਿਲਾਵਲੁ ਮਹਲਾ ੪ ॥ ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ ॥ ਰਾਮ ਨਾਮੁ ਮੇਰੈ ਪ੍ਰਾਣਿ ਵਸਾਏ ਸਤਿਗੁਰ ਪਰਸਿ ਹਰਿ ਨਾਮਿ ਸਮਈਆ ॥੧॥ ਜਨ ਕੀ ਟੇਕ ਹਰਿ ਨਾਮੁ ਟਿਕਈਆ ॥ ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥੧॥ ਰਹਾਉ ॥ਇਹੁ ਸਰੀਰੁ ਕਰਮ ਕੀ ਧਰਤੀ ਗੁਰਮੁਖਿ ਮਥਿ ਮਥਿ ਤਤੁ ਕਢਈਆ ॥ ਲਾਲੁ ਜਵੇਹਰ ਨਾਮੁ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤੁ ਅਈਆ ॥੨॥ {ਪੰਨਾ 834} ਪਦਅਰਥ: ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਅਗਮ = ਅਪਹੁੰਚ। ਅਗੋਚਰੁ = {ਅ = ਗੋ = ਚਰੁ। ਗੋ = ਗਿਆਨ = ਇੰਦ੍ਰੇ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਹਉ = ਹਉਂ, ਮੈਂ। ਬਲਿ ਬਲਿ = ਸਦਕੇ। ਮੇਰੈ ਪ੍ਰਾਣਿ = ਮੇਰੀ ਜਿੰਦ ਵਿਚ, ਮੇਰੇ ਹਰੇਕ ਸੁਆਸ ਵਿਚ। ਪਰਸਿ = ਛੁਹ ਕੇ। ਨਾਮਿ = ਨਾਮ ਵਿਚ।੧। ਟੇਕ = ਆਸਰਾ। ਟਿਕਈਆ = ਟਿਕਾ ਦਿੱਤੀ ਹੈ, ਬਣਾ ਦਿੱਤੀ ਹੈ। ਧਰ = ਆਸਰਾ। ਜਾਵਾ = ਜਾਵਾਂ, ਮੈਂ ਜਾਂਦਾ ਹਾਂ, ਮੈਂ (ਜੀਵਨ = ਪੰਧ ਤੇ) ਤੁਰਿਆ ਜਾ ਰਿਹਾ ਹਾਂ। ਧਰ ਲਾਗਾ = ਪੱਲਾ ਫੜੀ। ਤੇ = ਤੋਂ, ਦੀ ਰਾਹੀਂ। ਲਹੀਆ = ਲੱਭ ਲਿਆ ਹੈ।੧।ਰਹਾਉ। ਮਥਿ = ਰਿੜਕ ਕੇ, ਸੋਧ ਕੇ। ਤਤੁ = ਮੱਖਣ, ਉੱਚਾ ਆਤਮਕ ਜੀਵਨ। ਪ੍ਰਗਾਸਿਆ = ਪਰਕਾਸ਼ ਕਰ ਦਿੱਤਾ ਹੈ (ਗੁਰੂ ਨੇ) , ਪਰਗਟ ਕਰ ਦਿੱਤਾ ਹੈ। ਭਾਂਡੈ ਤਿਤੁ = ਤਿਤੁ ਭਾਂਡੈ, ਉਸ (ਹਿਰਦਾ-) ਭਾਂਡੇ ਵਿਚ। ਭਾਉ = ਪਿਆਰ, ਪ੍ਰੇਮ। ਅਈਆ = ਆ ਪਿਆ ਹੈ।੨। ਅਰਥ: ਹੇ ਭਾਈ! ਮੈਂ ਗੁਰੂ ਦਾ ਪੱਲਾ ਫੜ ਕੇ (ਜੀਵਨ-ਪੰਧ ਤੇ) ਤੁਰਿਆ ਜਾ ਰਿਹਾ ਹਾਂ, ਗੁਰੂ ਦੀ ਮਿਹਰ ਨਾਲ ਮੈਂ ਪਰਮਾਤਮਾ (ਦੇ ਮਹਲ) ਦਾ ਦਰਵਾਜ਼ਾ ਲੱਭ ਲਿਆ ਹੈ। (ਗੁਰੂ ਨੇ) ਪਰਮਾਤਮਾ ਦਾ ਨਾਮ (ਮੈਂ) ਦਾਸ (ਦੀ ਜ਼ਿੰਦਗੀ) ਦਾ ਸਹਾਰਾ ਬਣਾ ਦਿੱਤਾ ਹੈ।੧।ਰਹਾਉ। ਹੇ ਭਾਈ! ਮੈਂ ਗੁਰੂ ਮਹਾ ਪੁਰਖ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਗੁਰੂ ਦੀ ਸਰਨ ਪੈ ਕੇ ਮੈਂ ਉਸ ਅਪਹੁੰਚ ਪ੍ਰਭੂ ਦਾ ਨਾਮ ਸਿਮਰ ਰਿਹਾ ਹਾਂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਰੇਕ ਸੁਆਸ ਵਿਚ ਵਸਾ ਦਿੱਤਾ ਹੈ। ਗੁਰੂ (ਦੇ ਚਰਨਾਂ) ਨੂੰ ਛੁਹ ਕੇ ਪਰਮਾਤਮਾ ਦੇ ਨਾਮ ਵਿਚ ਮੈਂ ਲੀਨ ਰਹਿੰਦਾ ਹਾਂ।੧। ਹੇ ਭਾਈ! ਇਹ (ਮਨੁੱਖਾ) ਸਰੀਰ (ਇਕ ਅਜਿਹੀ) ਧਰਤੀ ਹੈ ਜਿਸ ਵਿਚ (ਰੋਜ਼ਾਨਾ ਕੀਤੇ ਜਾ ਰਹੇ) ਕਰਮ (-ਬੀਜ) ਬੀਜੇ ਜਾ ਰਹੇ ਹਨ। (ਜਿਵੇਂ) ਦੁੱਧ ਨੂੰ ਰਿੜਕ ਰਿੜਕ ਕੇ ਮੱਖਣ ਕੱਢ ਲਈਦਾ ਹੈ (ਤਿਵੇਂ,) ਗੁਰੂ ਦੀ ਸਰਨ ਪੈ ਕੇ (ਇਹਨਾਂ ਰੋਜ਼ਾਨਾ ਕੀਤੇ ਜਾ ਰਹੇ ਕਰਮਾਂ ਨੂੰ ਸੋਧ ਸੋਧ ਕੇ ਉੱਚਾ ਆਤਮਕ ਜੀਵਨ ਪ੍ਰਾਪਤ ਕਰ ਲਈਦਾ ਹੈ) । (ਜਿਸ ਹਿਰਦੇ-ਰੂਪ ਭਾਂਡੇ ਵਿਚ ਗੁਰੂ ਪਰਮਾਤਮਾ ਦਾ) ਮਹਾਨ ਕੀਮਤੀ ਨਾਮ ਪਰਗਟ ਕਰ ਦੇਂਦਾ ਹੈ, ਉਸ (ਹਿਰਦਾ-) ਭਾਂਡੇ ਵਿਚ ਪ੍ਰੇਮ ਆ ਵੱਸਦਾ ਹੈ।੨। ਦਾਸਨਿ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ ॥ ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ ॥੩॥ ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥ ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ ॥੪॥ {ਪੰਨਾ 834} ਪਦਅਰਥ: ਹੋਇ = ਹੋ ਕੇ, ਬਣ ਕੇ। ਰਹੀਐ = ਰਹਿਣਾ ਚਾਹੀਦਾ ਹੈ। ਜੋ ਜਨ = ਜਿਹੜੇ ਮਨੁੱਖ। ਨਿਜ = ਆਪਣੇ ਖ਼ਾਸ। ਅਰਪਿ = ਅਰਪਣ ਕਰ ਕੇ, ਭੇਟਾ ਕਰ ਕੇ। ਧਰਉ = ਧਰਉਂ, ਮੈਂ ਧਰਦਾ ਹਾਂ। ਪਰਸਾਦੀ = ਕਿਰਪਾ ਨਾਲ ਹੀ। ਅਕਥੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਕਥਈਆ = ਮੈਂ ਸਿਫ਼ਤਿ-ਸਾਲਾਹ ਕਰ ਰਿਹਾ ਹਾਂ।੩। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੋਹਿ = ਮੋਹ ਵਿਚ। ਵਿਆਪੇ = ਫਸੇ ਰਹਿੰਦੇ ਹਨ। ਤਿਖਈਆ = ਤਿਖਾ, ਤ੍ਰਿਸ਼ਨਾ। ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਜਲ। ਅਗਨਿ = (ਤ੍ਰਿਸ਼ਨਾ ਦੀ) ਅੱਗ। ਗੁਰ ਸਬਦਿ = ਗੁਰੂ ਦੇ ਸ਼ਬਦ ਨੇ।੪। ਅਰਥ: ਹੇ ਭਾਈ! ਜੇਹੜੇ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਖ਼ਾਸ ਭਗਤ ਬਣ ਜਾਂਦੇ ਹਨ, ਉਹਨਾਂ ਦੇ ਦਾਸਾਂ ਦੇ ਦਾਸਾਂ ਦੇ ਦਾਸ ਬਣ ਕੇ ਰਹਿਣਾ ਚਾਹੀਦਾ ਹੈ। ਮੈਂ (ਆਪਣੇ) ਗੁਰੂ ਦੇ ਅੱਗੇ (ਆਪਣਾ) ਮਨ ਭੇਟਾ ਕਰ ਦਿੱਤਾ ਹੈ, ਆਪਣੀ ਅਕਲ ਭੇਟਾ ਕਰ ਦਿੱਤੀ ਹੈ। ਗੁਰੂ ਦੀ ਕਿਰਪਾ ਨਾਲ ਹੀ ਮੈਂ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।੩। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਸੜਦਾ ਰਹਿੰਦਾ ਹੈ। (ਜਿਸ ਮਨੁੱਖ ਨੇ) ਗੁਰੂ ਦੀ ਸਿੱਖਿਆ ਲੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੱਭ ਲਿਆ, (ਉਸ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ, ਗੁਰੂ ਦੇ ਸ਼ਬਦ ਨੇ ਬੁਝਾ ਦਿੱਤੀ।੪। |
Sri Guru Granth Darpan, by Professor Sahib Singh |