ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 836

ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥ ਮਸਤਕੁ ਕਾਟਿ ਦੇਉ ਚਰਣਾ ਤਲਿ ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥ ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥ ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥ {ਪੰਨਾ 836}

ਪਦਅਰਥ: ਆਣਿ ਸਦੇਸਾ = ਸੁਨੇਹਾ ਲਿਆ ਕੇ। ਦੇਇ = ਦੇਂਦਾ ਹੈ। ਕੇਰਾ = ਦਾ। ਰਿਦ ਅੰਤਰਿ = ਹਿਰਦੇ ਵਿਚ। ਮਨਿ = ਮਨ ਵਿਚ। ਤਨਿ = ਤਨ ਵਿਚ। ਲਗਈਆ = ਲੱਗਦਾ ਹੈ। ਮਸਤਕੁ = ਮੱਥਾ, ਸਿਰ। ਕਾਟਿ = ਕੱਟ ਕੇ। ਦੇਉ = ਦੇਉਂ, ਮੈਂ ਦੇਂਦਾ ਹਾਂ। ਤਲਿ = ਹੇਠ।੩।

ਚਲੁ = ਆ ਤੁਰ। ਸਖੀ = ਹੇ ਸਹੇਲੀ! ਪ੍ਰਭੁ ਪਰਬੋਧਹ = ਅਸੀ ਪ੍ਰਭੂ (ਦੇ ਪਿਆਰ) ਨੂੰ ਜਗਾਈਏ, ਟੁੰਬੀਏ, ਹਿਲੂਣਾ ਦੇਈਏ। ਕਾਮਣ = ਟੂਣੇ, ਉਹ ਗੀਤ ਜੋ ਜੰਞ ਦੇ ਢੁਕਾ ਵੇਲੇ ਕੁੜੀਆਂ ਨਵੇਂ ਲਾੜੇ ਨੂੰ ਵੱਸ ਵਿਚ ਕਰਨ ਵਾਸਤੇ ਗਾਂਦੀਆਂ ਹਨ। ਕਰਿ = ਕਰ ਕੇ। ਲਹੀਆ = ਲੱਭ ਲਈਏ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਕਹੀਅਤੁ = ਕਿਹਾ ਜਾਂਦਾ ਹੈ। ਉਆ ਕੋ = ਉਸ ਦਾ।੪।

ਅਰਥ: ਹੇ ਭਾਈ! ਹੁਣ ਜੇ) ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ (ਮੈਨੂੰ) ਦੇਂਦਾ ਹੈ, ਤਾਂ ਉਹ ਮੇਰੇ ਹਿਰਦੇ ਵਿਚ ਮੇਰੇ ਮਨ ਵਿਚ ਮੇਰੇ ਤਨ ਵਿਚ ਪਿਆਰਾ ਲੱਗਦਾ ਹੈ। ਹੇ ਭਾਈ! ਜਿਹੜਾ ਕੋਈ ਸੱਜਣ ਮੈਨੂੰ ਪ੍ਰਭੂ ਮਿਲਾਂਦਾ ਹੈ, ਮੈਂ ਆਪਣਾ ਸਿਰ ਕੱਟ ਕੇ ਉਸ ਦੇ ਪੈਰਾਂ ਹੇਠ ਰੱਖਣ ਨੂੰ ਤਿਆਰ ਹਾਂ।੩।

ਹੇ ਸਖੀ! ਆ ਤੁਰ, ਹੇ ਸਖੀ! ਆ ਤੁਰ, ਅਸੀ (ਚੱਲ ਕੇ) ਪ੍ਰਭੂ (ਦੇ ਪਿਆਰ) ਨੂੰ ਹਿਲੂਣਾ ਦੇਈਏ, (ਆਤਮਕ) ਗੁਣਾਂ ਦੇ ਕਾਮਣ ਪਾ ਕੇ ਉਸ ਪ੍ਰਭੂ-ਪਤੀ ਨੂੰ ਵੱਸ ਵਿਚ ਕਰੀਏ। 'ਭਗਤੀ ਨਾਲ ਪਿਆਰ ਕਰਨ ਵਾਲਾ'-ਇਹ ਉਸ ਦਾ ਨਾਮ ਕਿਹਾ ਜਾਂਦਾ ਹੈ (ਹੇ ਸਖੀ! ਆ) ਉਸ ਦੀ ਸਰਨ ਪੈ ਜਾਈਏ, ਉਸ ਦੇ ਦਰ ਤੇ ਡਿੱਗ ਪਈਏ।੪।

ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ ॥ ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥ ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥ ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥੬॥ {ਪੰਨਾ 836}

ਪਦਅਰਥ: ਖਿਮਾ = ਕਿਸੇ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ। ਸੀਗਾਰ = ਸਿੰਗਾਰ, ਸਜਾਵਟ। ਮਨਿ = ਮਨ ਵਿਚ। ਦੀਪਕ = ਦੀਵਾ। ਗਿਆਨੁ = ਆਤਮਕ ਜੀਵਨ ਦੀ ਸੂਝ। ਬਲਈਆ = ਬਾਲਦੀ ਹੈ, ਜਗਾਂਦੀ ਹੈ। ਰਸਿ ਰਸਿ = ਬੜੇ ਸੁਆਦ ਨਾਲ। ਭੋਗ ਕਰੇ = ਮਿਲਾਪ ਮਾਣਦਾ ਹੈ। ਜੀਉ = ਜਿੰਦ। ਕਟਿ ਕਟਿ = ਮੁੜ ਮੁੜ ਕੱਟ ਕੇ।੫।

ਕੰਠਿ = ਗਲ ਵਿਚ। ਮੋਤੀਚੂਰੁ = ਸਿਰ ਦਾ ਇਕ ਗਹਿਣਾ। ਗਹਨ– ਗਹਿਣੇ। ਮਨਿ = ਮਨ ਵਿਚ। ਭਈਆ = ਪਿਆਰਾ ਲੱਗਦਾ ਹੈ।੬।

ਅਰਥ: ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਂਦੀ ਹੈ, ਜਿਹੜੀ ਆਪਣੇ ਮਨ ਵਿਚ ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਦੀਵਾ ਜਗਾਂਦੀ ਹੈ, ਪ੍ਰਭੂ-ਪਤੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ। ਪ੍ਰਭੂ ਉਸ ਦੇ ਆਤਮਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ। ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਦੇ ਅੱਗੇ ਆਪਣੀ ਜਿੰਦ ਮੁੜ ਮੁੜ ਵਾਰਨੇ ਕਰਨ ਨੂੰ ਤਿਆਰ ਹਾਂ।੫।

ਹੇ ਸਹੇਲੀਏ! ਪਰਮਾਤਮਾ ਦੇ ਨਾਮ (ਦੀ ਸੁਆਸ ਸੁਆਸ ਯਾਦ) ਦਾ ਹਾਰ ਮੈਂ (ਆਪਣੇ) ਗਲ ਵਿਚ ਪਾ ਲਿਆ ਹੈ (ਯਾਦ ਦੀ ਬਰਕਤ ਨਾਲ ਸੁੰਦਰ ਹੋ ਚੁਕਿਆ ਆਪਣਾ) ਮਨ ਮੈਂ ਸਭ ਤੋਂ ਵੱਡਾ ਮੋਤੀਚੂਰ ਗਹਿਣਾ ਬਣਾ ਲਿਆ ਹੈ। ਹਰਿ-ਨਾਮ ਦੀ ਸਰਧਾ ਦੀ ਮੈਂ (ਆਪਣੇ ਹਿਰਦੇ ਵਿਚ) ਸੇਜ ਵਿਛਾ ਦਿੱਤੀ ਹੈ, ਮੇਰੇ ਮਨ ਵਿਚ ਉਹ ਪ੍ਰਭੂ-ਪਤੀ ਬਹੁਤ ਪਿਆਰਾ ਲੱਗ ਰਿਹਾ ਹੈ (ਹੁਣ ਤੈਨੂੰ ਯਕੀਨ ਹੈ ਕਿ ਉਹ) ਪ੍ਰਭੂ-ਪਤੀ ਮੈਨੂੰ ਛੱਡ ਨਹੀਂ ਸਕਦਾ।੬।

ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥ ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥੭॥ ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ ॥ ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥ {ਪੰਨਾ 836}

ਪਦਅਰਥ: ਕੀਜੈ = ਕਰਦੇ ਰਹੀਏ। ਸਭੁ ਸੀਗਾਰੁ = ਸਾਰਾ ਸਿੰਗਾਰ। ਫੋਕਟ = ਫੋਕਾ, ਵਿਅਰਥ। ਮਿਲਣ ਕੈ ਤਾਈ = {ਤਾਈਂ} ਮਿਲਣ ਵਾਸਤੇ। ਲੀਓ ਸੁਹਾਗਨਿ = ਸੁਹਾਗਣ ਨੂੰ ਆਪਣੀ ਬਣਾ ਲਿਆ। ਮੁਖਿ = (ਨਿਰੇ ਸਿੰਗਾਰ ਕਰਨ ਵਾਲੀ ਦੇ) ਮੂੰਹ ਉੱਤੇ।੭।

ਚੇਰੀ = ਚੇਰੀਆਂ, ਦਾਸੀਆਂ। ਅਗਮ = ਅਪਹੁੰਚ। ਗੁਸਾਈ = ਧਰਤੀ ਦਾ ਖਸਮ। ਕਿਆ ਹਮ ਕਰਹ = ਅਸੀ ਕੀਹ ਕਰ ਸਕਦੀਆਂ ਹਾਂ? ਤੇਰੈ ਵਸਿ = ਤੇਰੇ ਵੱਸ ਵਿਚ। ਦੀਨ = ਗ਼ਰੀਬਾਂ ਉੱਤੇ।੮।

ਅਰਥ: ਹੇ ਸਹੇਲੀਏ! ਜੇ) ਪ੍ਰਭੂ-ਪਤੀ ਕੁਝ ਹੋਰ ਆਖਦਾ ਰਹੇ, ਤੇ, (ਜੀਵ-ਇਸਤ੍ਰੀ) ਕੁਝ ਹੋਰ ਕਰਦੀ ਰਹੇ, ਤਾਂ (ਉਸ ਜੀਵ-ਇਸਤ੍ਰੀ ਦਾ) ਸਾਰਾ ਸਿੰਗਾਰ (ਸਾਰਾ ਧਾਰਮਿਕ ਉੱਦਮ) ਵਿਅਰਥ ਚਲਾ ਜਾਂਦਾ ਹੈ, ਬਿਲਕੁਲ ਫੋਕਾ ਬਣ ਜਾਂਦਾ ਹੈ। (ਉਸ ਦੇ) ਮੂੰਹ ਉਤੇ ਤਾਂ ਥੁੱਕਾਂ ਹੀ ਪਈਆਂ, ਉਸ ਪ੍ਰਭੂ ਨੇ ਤਾਂ (ਕਿਸੇ ਹੋਰ) ਸੁਹਾਗਣ ਨੂੰ ਆਪਣੀ ਬਣਾ ਲਿਆ।੭।

ਹੇ ਪ੍ਰਭੂ! ਅਸੀ ਤੇਰੀਆਂ ਦਾਸੀਆਂ ਹਾਂ, ਤੂੰ ਅਪਹੁੰਚ ਤੇ ਧਰਤੀ ਦਾ ਖਸਮ ਹੈਂ। ਅਸੀ ਜੀਵ-ਇਸਤ੍ਰੀਆਂ (ਤੇਰੇ ਹੁਕਮ ਤੋਂ ਬਾਹਰ) ਕੁਝ ਨਹੀਂ ਕਰ ਸਕਦੀਆਂ, ਅਸੀ ਤਾਂ ਸਦਾ ਤੇਰੇ ਵੱਸ ਵਿਚ ਹਾਂ। ਹੇ ਨਾਨਕ! ਆਖ-) ਹੇ ਹਰੀ! ਅਸਾਂ ਕੰਗਾਲਾਂ ਉਤੇ ਮਿਹਰ ਕਰ, ਸਾਨੂੰ ਆਪਣੇ ਚਰਨਾਂ ਵਿਚ ਰੱਖ, ਸਾਨੂੰ ਗੁਰੂ ਦੀ ਸਰਨ ਵਿਚ ਸਮਾਈ ਦੇਈ ਰੱਖ।੮।੫।

ਬਿਲਾਵਲੁ ਮਹਲਾ ੪ ॥ ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥ ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥ ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥ ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੈ ਪ੍ਰਭ ਦੇਖੇ ਬਿਨੁ ਨੀਦ ਨ ਪਈਆ ॥ ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥ {ਪੰਨਾ 836}

ਪਦਅਰਥ: ਮੈ ਮਨਿ = ਮੇਰੇ ਮਨ ਵਿਚ। ਮੈ ਤਨਿ = ਮੇਰੇ ਤਨ ਵਿਚ। ਅਗਮ = ਅਪਹੁੰਚ। ਸਰਧਾ = ਤਾਂਘ। ਸਰਧਾ ਮਨ = ਮਨ ਦੀ ਤਾਂਘ। ਚਾਤ੍ਰਿਕ ਮੁਖਿ = ਪਪੀਹੇ ਦੇ ਮੂੰਹ ਵਿਚ।੧।

ਸਖੀ = ਹੇ ਸਹੇਲੀਏ! ਕਥਾ = ਸਿਫ਼ਤਿ-ਸਾਲਾਹ। ਸੁਨਈਆ = ਸੁਣੀਏ। ਮੇਲੇ = ਮਿਲਾਂਦਾ ਹੈ। ਮੈ ਸਿਰੁ = ਮੇਰਾ ਸਿਰ। ਪਈਆ = ਪੈਂਦਾ ਹੈ।੧।ਰਹਾਉ।

ਰੋਮਿ ਰੋਮਿ = ਹਰੇਕ ਰੋਮ ਵਿਚ। ਬੇਦਨ = ਬਿਰਹੋਂ ਦੀ ਪੀੜ। ਬੈਦਕ = ਹਕੀਮ। ਨਾਟਿਕ = ਨਾੜੀ, ਨਬਜ਼। ਦੇਖਿ = ਵੇਖ ਕੇ। ਪੀਰ = ਪੀੜ।੨।

ਅਰਥ: ਹੇ ਸਹੇਲੀਏ! ਆ, ਇਕੱਠੀਆਂ ਬੈਠੀਏ, ਇਕੱਠੀਆਂ ਬੈਠੀਏ, (ਤੇ, ਬੈਠ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀਏ। ਜਿਸ ਉੱਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ (ਨਾਲ) ਮਿਲਾ ਦੇਂਦਾ ਹੈ। ਉਸ (ਗੁਰੂ) ਅੱਗੇ ਮੇਰਾ ਸਿਰ ਮੁੜ ਮੁੜ ਕੁਰਬਾਨ ਹੁੰਦਾ ਹੈ।੧।ਰਹਾਉ।

ਹੇ ਸਹੇਲੀਏ! ਮੇਰੇ ਮਨ ਵਿਚ, ਮੇਰੇ ਤਨ ਵਿਚ, ਅਪਹੁੰਚ ਮਾਲਕ-ਪ੍ਰਭੂ ਦਾ ਪਿਆਰ ਪੈਦਾ ਹੋ ਚੁਕਾ ਹੈ, ਮੇਰੇ ਮਨ ਵਿਚ ਘੜੀ ਘੜੀ ਉਸ ਦੇ ਮਿਲਾਪ ਦੀ ਤੀਬਰ ਤਾਂਘ ਪੈਦਾ ਹੋ ਰਹੀ ਹੈ। ਹੇ ਸਹੇਲੀਏ! ਗੁਰੂ ਦਾ ਦਰਸਨ ਕਰ ਕੇ ਮਨ ਦੀ ਇਹ ਤਾਂਘ ਪੂਰੀ ਹੁੰਦੀ ਹੈ, ਜਿਵੇਂ 'ਪ੍ਰਿਉ ਪ੍ਰਿਉ' ਕੂਕਦੇ ਪਪੀਹੇ ਦੇ ਮੂੰਹ ਵਿਚ (ਵਰਖਾ ਦੀ) ਬੂੰਦ ਪੈ ਜਾਂਦੀ ਹੈ।੧।

ਹੇ ਸਹੇਲੀਏ! ਮੇਰੇ ਹਰੇਕ ਰੋਮ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ (ਪ੍ਰਭੂ ਤੋਂ ਵਿਛੋੜੇ ਦੀ) ਪੀੜ ਹੈ, ਪ੍ਰਭੂ ਦਾ ਦਰਸਨ ਕਰਨ ਤੋਂ ਬਿਨਾ ਮੈਨੂੰ ਸ਼ਾਂਤੀ ਨਹੀਂ ਹੁੰਦੀ। ਹਕੀਮ (ਮੇਰੀ) ਨਬਜ਼ ਵੇਖ ਕੇ (ਹੀ) ਗ਼ਲਤੀ ਖਾ ਜਾਂਦੇ ਹਨ, ਮੇਰੇ ਹਿਰਦੇ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ, ਤਾਂ ਪ੍ਰਭੂ-ਪਿਆਰ ਦੀ ਪੀੜ ਉਠ ਰਹੀ ਹੈ।੨।

ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ ਗਈਆ ॥ ਜਿਨ ਕਉ ਪਿਆਸ ਹੋਇ ਪ੍ਰਭ ਕੇਰੀ ਤਿਨ੍ਹ੍ਹ ਅਵਰੁ ਨ ਭਾਵੈ ਬਿਨੁ ਹਰਿ ਕੋ ਦੁਈਆ ॥੩॥ ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥ ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ ॥੪॥ {ਪੰਨਾ 836}

ਪਦਅਰਥ: ਹਉ = ਹਉਂ, ਮੈਂ। ਸਕਉ = ਸਕਉਂ। ਅਮਲ = ਨਸ਼ਾ। ਅਮਲੀ = ਨਸ਼ਈ ਮਨੁੱਖ। ਪਿਆਸ = ਤਾਂਘ। ਕੇਰੀ = ਦੀ। ਕੋ ਦੁਈਆ = ਕੋਈ ਦੂਜਾ।੩।

ਆਨਿ = ਆ ਕੇ। ਵਿਟਹੁ = ਤੋਂ। ਘੁਮਿ ਗਈਆ = ਸਦਕੇ ਜਾਂਦੀ ਹਾਂ।੪।

ਅਰਥ: ਹੇ ਸਹੇਲੀਏ! ਜਿਵੇਂ ਕੋਈ ਨਸ਼ਈ ਮਨੁੱਖ ਨਸ਼ੇ ਤੋਂ ਬਿਨਾ ਮਰਨ-ਹਾਕਾ ਹੋ ਜਾਂਦਾ ਹੈ, ਤਿਵੇਂ ਮੈਂ ਪ੍ਰੀਤਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦੀ। ਹੇ ਸਹੇਲੀਏ! ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਤੀ ਦੇ ਮਿਲਾਪ ਦੀ ਤਾਂਘ ਹੁੰਦੀ ਹੈ, ਉਹਨਾਂ ਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਚੰਗਾ ਨਹੀਂ ਲੱਗਦਾ।੩।

ਹੇ ਸਹੇਲੀਏ! ਜੇ ਕੋਈ ਆ ਕੇ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲਾ ਦੇਵੇ, ਤਾਂ ਮੈਂ ਉਸ ਤੋਂ ਸਦਕੇ ਕੁਰਬਾਨ ਜਾਂਦੀ ਹਾਂ। ਹੇ ਸਹੇਲੀਏ! ਜਦੋਂ ਸਤਿਗੁਰੂ ਦੀ ਸਰਨ ਪਈਦਾ ਹੈ, ਤਾਂ ਸਤਿਗੁਰੂ ਅਨੇਕਾਂ ਜਨਮਾਂ ਦੇ ਵਿਛੁੜਿਆਂ ਨੂੰ (ਪ੍ਰਭੂ ਨਾਲ) ਮਿਲਾ ਦੇਂਦਾ ਹੈ।੪।

TOP OF PAGE

Sri Guru Granth Darpan, by Professor Sahib Singh