ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 837

ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥ ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥ ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥ ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥ {ਪੰਨਾ 837}

ਪਦਅਰਥ: ਸੇਜ = ਹਿਰਦੇ ਦੀ ਸੇਜ। ਮਹਲੁ = ਟਿਕਾਣਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ = ਇਸਤ੍ਰੀ। ਭਰਮਈਆ = ਭਟਕਦੀ ਹੈ। ਕਰਤ = ਕਰਦਿਆਂ। ਆਇ = ਆ ਕੇ। ਢੀਲ = ਢੇਰ।੫।

ਕਰਿ = ਕਰ ਕੇ। ਕਰਿ ਕਰਿ = ਮੁੜ ਮੁੜ ਕਰ ਕੇ। ਕਿਰਿਆਚਾਰ = ਕਿਰਿਆ = ਆਚਾਰ, ਕਰਮ ਕਾਂਡ। ਮਨਿ = ਮਨ ਵਿਚ। ਪਾਖੰਡ = ਵਿਖਾਵਾ। ਕਪਟ = ਧੋਖਾ, ਵਲ = ਛਲ। ਬੇਸੁਆ = ਬਜ਼ਾਰੀ ਔਰਤ। ਕੈ ਘਰਿ = ਦੇ ਘਰ ਵਿਚ। ਤਾਹਿ ਪਿਤਾ ਨਾਮੁ = ਉਸ ਦੇ ਪਿਉ ਦਾ ਨਾਮ। ਕਿਆ ਸਦਈਆ = ਕੀਹ ਕਿਹਾ ਜਾ ਸਕਦਾ ਹੈ?੬।

ਅਰਥ: ਹੇ ਸਹੇਲੀਏ! ਜੀਵ-ਇਸਤ੍ਰੀ ਦੀ) ਇਕੋ ਹਿਰਦਾ-ਸੇਜ ਹੈ ਜਿਸ ਉਤੇ ਠਾਕੁਰੁ-ਪ੍ਰਭੂ ਆਪ ਹੀ ਵੱਸਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਪਤੀ ਦਾ) ਟਿਕਾਣਾ ਨਹੀਂ ਲੱਭ ਸਕਦੀ, ਉਹ ਭਟਕਦੀ ਹੀ ਫਿਰਦੀ ਹੈ। ਜੇ ਉਹ 'ਗੁਰ ਗੁਰੂ' ਕਰਦੀ ਗੁਰੂ ਦੀ ਸਰਨ ਆ ਪਏ, ਤਾਂ ਪ੍ਰਭੂ ਆ ਕੇ ਉਸ ਨੂੰ ਮਿਲ ਪੈਂਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ।੫।

ਪਰ ਜੇ ਕੋਈ ਮਨੁੱਖ (ਗੁਰੂ ਦਾ ਆਸਰਾ ਛੱਡ ਕੇ, ਹਰਿ-ਨਾਮ ਦਾ ਸਿਮਰਨ ਭੁਲਾ ਕੇ) ਮੁੜ ਮੁੜ (ਤੀਰਥ-ਜਾਤ੍ਰਾ ਆਦਿਕ ਦੇ ਮਿੱਥੇ ਹੋਏ ਧਾਰਮਿਕ ਕਰਮ) ਕਰ ਕੇ ਇਹਨਾਂ ਕਰਮ ਕਾਂਡੀ ਕਰਮਾਂ ਨੂੰ ਹੀ ਵਧਾਂਦਾ ਜਾਏ, ਤਾਂ ਉਸ ਦੇ ਮਨ ਵਿਚ ਲੋਭ ਵਲ-ਛਲ ਵਿਖਾਵੇ ਆਦਿਕ ਦਾ ਕਰਮ ਹੀ ਟਿਕਿਆ ਰਹੇਗਾ (ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੋਵੇਗਾ) ਬਜ਼ਾਰੀ ਔਰਤ ਦੇ ਘਰ ਜੇ ਪੁੱਤਰ ਜੰਮ ਪਏ, ਤਾਂ ਉਸ ਪੁੱਤਰ ਦੇ ਪਿਉ ਦਾ ਕੋਈ ਨਾਮ ਨਹੀਂ ਦੱਸਿਆ ਜਾ ਸਕਦਾ।੬।

ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥ ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥ ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥ ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥ {ਪੰਨਾ 837}

ਪਦਅਰਥ: ਪੂਰਬ ਜਨਮਿ = ਪਹਿਲੇ ਜਨਮ ਵਿਚ। ਕਰਿ = ਕਰ ਕੇ। ਆਏ = (ਮਨੁੱਖਾ ਜਨਮ ਵਿਚ) ਆ ਗਏ। ਗੁਰਿ = ਗੁਰੂ ਨੇ। ਭਗਤਿ ਜਮਈਆ = (ਪਰਮਾਤਮਾ ਦੀ) ਭਗਤੀ (ਦਾ ਬੀਜ ਉਹਨਾਂ ਦੇ ਅੰਦਰ) ਬੀਜ ਦਿੱਤਾ। ਕਰਤੇ = ਕਰਦਿਆਂ। ਭਗਤਿ ਭਗਤਿ ਕਰਤੇ = ਹਰ ਵੇਲੇ ਭਗਤੀ ਕਰਦਿਆਂ। ਨਾਮਿ = ਨਾਮ ਵਿਚ।੭।

ਪ੍ਰਭਿ = ਪ੍ਰਭੂ ਨੇ। ਆਣਿ = ਲਿਆ ਕੇ। ਆਪੇ = ਆਪ ਹੀ। ਘੋਲਿ = ਘੋਲ ਕੇ। ਅੰਗਿ = ਸਰੀਰ ਉਤੇ। ਠਾਕੁਰਿ = ਠਾਕੁਰ ਨੇ। ਪਕਰਿ = ਫੜ ਕੇ।੮।

ਅਰਥ: ਹੇ ਭਾਈ! ਜਿਹੜੇ ਮਨੁੱਖ) ਪੂਰਬਲੇ ਜਨਮ ਵਿਚ (ਪਰਮਾਤਮਾ ਦੀ) ਭਗਤੀ ਕਰ ਕੇ (ਹੁਣ ਮਨੁੱਖਾ ਜਨਮ ਵਿਚ) ਆਏ ਹਨ, ਗੁਰੂ ਨੇ (ਉਹਨਾਂ ਦੇ ਅੰਦਰ) ਹਰ ਵੇਲੇ ਭਗਤੀ ਕਰਨ ਦਾ ਬੀਜ ਬੀਜ ਦਿੱਤਾ ਹੈ। ਜਦੋਂ ਉਹ ਹਰ ਵੇਲੇ ਹਰਿ-ਨਾਮ ਸਿਮਰਦਿਆਂ ਸਿਮਰਦਿਆਂ ਹਰਿ-ਨਾਮ ਵਿਚ ਲੀਨ ਹੋ ਗਏ, ਤਦੋਂ ਹਰ ਵੇਲੇ ਭਗਤੀ ਕਰਦਿਆਂ ਉਹਨਾਂ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ।੭।

(ਪਰ, ਹੇ ਭਾਈ! ਪਰਮਾਤਮਾ ਦੀ ਭਗਤੀ ਕਰਨਾ ਜੀਵ ਦੇ ਆਪਣੇ ਇਖ਼ਤਿਆਰ ਦੀ ਗੱਲ ਨਹੀਂ ਹੈ। ਇਹ ਘਾਲ-ਕਮਾਈ ਪ੍ਰਭੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ। ਪ੍ਰਭੂ ਦੀ ਭਗਤੀ ਕਰਨੀ, ਮਾਨੋ, ਮਹਿੰਦੀ ਨੂੰ ਪੀਸਣ ਸਮਾਨ ਹੈ। ਇਸਤ੍ਰੀ ਮਹਿੰਦੀ ਨੂੰ ਆਪ ਹੀ ਪੀਂਹਦੀ ਹੈ, ਆਪ ਹੀ ਘਸਾਂਦੀ ਹੈ, ਤੇ ਆਪ ਹੀ ਉਸ ਨੂੰ ਆਪਣੇ ਹੱਥਾਂ-ਪੈਰਾਂ ਤੇ ਲਾਂਦੀ ਹੈ। ਉਹ ਆਪ ਹੀ ਮਹਿੰਦੀ ਨੂੰ ਇਸ ਯੋਗ ਬਣਾਂਦੀ ਹੈ ਕਿ ਉਹ ਉਸ ਇਸਤ੍ਰੀ ਦੇ ਅੰਗਾਂ ਤੇ ਲੱਗ ਸਕੇ) ਪ੍ਰਭੂ ਨੇ ਆਪ ਹੀ (ਜੀਵ ਦੇ ਮਨ ਨੂੰ ਆਪਣੇ ਚਰਨਾਂ ਵਿਚ) ਲਿਆ ਲਿਆ ਕੇ (ਭਗਤੀ ਕਰਨ ਦੀ) ਮਹਿੰਦੀ (ਜੀਵ ਪਾਸੋਂ) ਪਿਹਾਈ ਹੈ, ਫਿਰ ਆਪ ਹੀ ਉਸ ਦੀ ਭਗਤੀ-ਰੂਪ ਮਹਿੰਦੀ ਨੂੰ ਘੋਲ ਘੋਲ ਕੇ (ਰੰਗੀਲੀ ਪਿਆਰ-ਭਰੀ ਬਣਾ ਬਣਾ ਕੇ) ਆਪਣੇ ਚਰਨਾਂ ਵਿਚ ਉਸ ਨੂੰ ਜੋੜਿਆ ਹੈ। ਹੇ ਨਾਨਕ! ਆਖ-ਹੇ ਭਾਈ!) ਜਿਨ੍ਹਾਂ ਉਤੇ ਮਾਲਕ-ਪ੍ਰਭੂ ਨੇ ਮਿਹਰ ਕੀਤੀ, ਉਹਨਾਂ ਦੀ ਬਾਂਹ ਫੜ ਕੇ (ਉਹਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਬਾਹਰ) ਕੱਢ ਲਿਆ।੮।੬।੯।

ਗਿਣਤੀ ਦਾ ਵੇਰਵਾ:

ਅਸਟਪਦੀਆਂ ਮ: ੧ ----
 . . . . . . . ਮ: ੩ ----
 . . . . . . . ਮ: ੪ ----
 . . . . . . . . . . . . . ----
 . . . ਜੋੜ . . . . . . . . .

ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨    ੴ ਸਤਿਗੁਰ ਪ੍ਰਸਾਦਿ ॥ ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥ ਤਜਿ ਆਨ ਸਰਣਿ ਗਹੀ ॥੧॥ ਰਹਾਉ ॥ ਪ੍ਰਭ ਚਰਨ ਕਮਲ ਅਪਾਰ ॥ ਹਉ ਜਾਉ ਸਦ ਬਲਿਹਾਰ ॥ ਮਨਿ ਪ੍ਰੀਤਿ ਲਾਗੀ ਤਾਹਿ ॥ ਤਜਿ ਆਨ ਕਤਹਿ ਨ ਜਾਹਿ ॥੧॥ ਹਰਿ ਨਾਮ ਰਸਨਾ ਕਹਨ ॥ ਮਲ ਪਾਪ ਕਲਮਲ ਦਹਨ ॥ ਚੜਿ ਨਾਵ ਸੰਤ ਉਧਾਰਿ ॥ ਭੈ ਤਰੇ ਸਾਗਰ ਪਾਰਿ ॥੨॥ ਮਨਿ ਡੋਰਿ ਪ੍ਰੇਮ ਪਰੀਤਿ ॥ ਇਹ ਸੰਤ ਨਿਰਮਲ ਰੀਤਿ ॥ ਤਜਿ ਗਏ ਪਾਪ ਬਿਕਾਰ ॥ ਹਰਿ ਮਿਲੇ ਪ੍ਰਭ ਨਿਰੰਕਾਰ ॥੩॥ ਪ੍ਰਭ ਪੇਖੀਐ ਬਿਸਮਾਦ ॥ ਚਖਿ ਅਨਦ ਪੂਰਨ ਸਾਦ ॥ ਨਹ ਡੋਲੀਐ ਇਤ ਊਤ ॥ਪ੍ਰਭ ਬਸੇ ਹਰਿ ਹਰਿ ਚੀਤ ॥੪॥ {ਪੰਨਾ 837}

ਪਦਅਰਥ: ਉਪਮਾ = ਵਡਿਆਈ। ਜਾਤ ਨ ਕਹੀ = ਬਿਆਨ ਨਹੀਂ ਕੀਤੀ ਜਾ ਸਕਦੀ। ਤਜਿ = ਤਿਆਗ ਕੇ। ਆਨ = {अन्य} ਹੋਰ (ਆਸਰੇ) ਗਹੀ = (ਮੈਂ) ਫੜੀ ਹੈ।੧।ਰਹਾਉ।

ਪ੍ਰਭ ਅਪਾਰ = ਬੇਅੰਤ ਪ੍ਰਭੂ ਦੇ। ਹਉ = ਹਉਂ, ਮੈਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਸਦ = ਸਦਾ। ਮਨਿ = (ਜਿਨ੍ਹਾਂ ਦੇ) ਮਨ ਵਿਚ। ਤਾਹਿ = ਉਸ (ਪ੍ਰਭੂ) ਦੀ। ਆਨ ਕਤਹਿ = ਕਿਸੇ ਭੀ ਹੋਰ ਥਾਂ। ਜਾਹਿ = ਜਾਹਿਂ, ਜਾਂਦੇ {ਬਹੁ-ਵਚਨ}

ਰਸਨਾ = ਜੀਭ (ਨਾਲ) ਕਹਨ– ਉਚਾਰਨਾ। ਕਲਮਲ = ਪਾਪ। ਦਹਨ– ਸੜਨਾ। ਨਾਵ = ਬੇੜੀ। ('ਹਰਿ ਨਾਮ ਕਹਨ' ਵਾਲੀ) ਬੇੜੀ। ਚੜਿ = ਚੜ੍ਹ ਕੇ। ਉਧਾਰਿ = (ਡੁੱਬਣ ਤੋਂ) ਬਚਾ ਲਏ ਗਏ। ਭੈ ਸਾਗਰ ਪਾਰਿ = ਭਿਆਨਕ (ਸੰਸਾਰ-) ਸਮੁੰਦਰ ਤੋਂ ਪਾਰ। ਤਰੇ = ਪਾਰ ਲੰਘ ਗਏ।੨।

ਮਨਿ = ਮਨ ਵਿਚ। ਡੋਰਿ = ਡੋਰੀ, ਤਾਰ, ਲਗਨ। ਨਿਰਮਲ ਰੀਤਿ = ਪਵਿੱਤਰ ਕਰਨ ਵਾਲੀ ਮਰਯਾਦਾ। ਨਿਰੰਕਾਰ = ਆਕਾਰ = ਰਹਿਤ ਪ੍ਰਭੂ (ਨੂੰ) ੩।

ਪੇਖੀਐ = ਵੇਖ ਸਕੀਦਾ ਹੈ, ਦਰਸਨ ਕਰ ਸਕੀਦਾ ਹੈ। ਪ੍ਰਭੂ ਬਿਸਮਾਦ = ਅਸਚਰਜ = ਰੂਪ ਪ੍ਰਭੂ (ਨੂੰ) ਚਖਿ = ਚੱਖ ਕੇ। ਸਾਦੁ = ਸੁਆਦ। ਆਨਦ ਪੂਰਨ ਸਾਦ = ਪੂਰਨ ਆਨੰਦ = ਸਰੂਪ ਪ੍ਰਭੂ (ਦੇ ਨਾਮ = ਰਸ ਦਾ) ਸੁਆਦ। ਨਹ ਡੋਲਿਐ = ਨਹੀਂ ਡੋਲਦਾ। ਇਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਚੀਤ = ਚਿੱਤ ਵਿਚ।੪।

ਅਰਥ: ਹੇ ਭਾਈ! ਪਿਆਰੇ ਪ੍ਰਭੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, (ਕਿਸੇ ਹਾਲਤ ਵਿਚ ਭੀ) ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਮੈਂ ਤਾਂ) ਹੋਰ ਆਸਰੇ ਤਿਆਗ ਕੇ ਪ੍ਰਭੂ ਦਾ ਆਸਰਾ ਲਿਆ ਹੈ।੧।ਰਹਾਉ।

ਹੇ ਭਾਈ! ਮੈਂ (ਤਾਂ) ਸਦਾ ਬੇਅੰਤ ਪ੍ਰਭੂ ਦੇ ਸੋਹਣੇ ਚਰਨਾਂ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ ਉਸ (ਪ੍ਰਭੂ) ਵਾਸਤੇ ਪਿਆਰ ਬਣ ਜਾਂਦਾ ਹੈ, (ਉਹ ਮਨੁੱਖ ਪ੍ਰਭੂ ਦਾ ਦਰ) ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦੇ।੧।

ਹੇ ਭਾਈ! ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਨਾ ਅਨੇਕਾਂ ਪਾਪਾਂ ਵਿਕਾਰਾਂ ਦੀ ਮੈਲ ਸਾੜਨ (ਦਾ ਕਾਰਨ ਬਣਦਾ) ਹੈ। (ਅਨੇਕਾਂ ਮਨੁੱਖ 'ਹਰਿ ਨਾਮ ਕਹਨ' ਵਾਲੀ) ਸੰਤ ਜਨਾਂ ਦੀ (ਇਸ) ਬੇੜੀ ਵਿਚ ਚੜ੍ਹ ਕੇ (ਵਿਕਾਰਾਂ ਵਿਚ ਡੁੱਬਣ ਤੋਂ) ਬਚਾ ਲਏ ਜਾਂਦੇ ਹਨ (ਹਰਿ-ਨਾਮ ਸਿਮਰਨ ਦੀ ਬੇੜੀ ਵਿਚ ਚੜ੍ਹ ਕੇ) ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।੨।

ਹੇ ਭਾਈ! ਆਪਣੇ) ਮਨ ਵਿਚ (ਪ੍ਰਭੂ-ਚਰਨਾਂ ਵਾਸਤੇ) ਪਿਆਰ ਦੀ ਲਗਨ ਪੈਦਾ ਕਰਨੀ-ਸੰਤ ਜਨਾਂ ਦੀ ਦੱਸੀ ਹੋਈ ਇਹ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਮਰਯਾਦਾ ਹੈ। (ਜਿਹੜੇ ਮਨੁੱਖ ਇਹ ਲਗਨ ਪੈਦਾ ਕਰਦੇ ਹਨ, ਉਹ) ਸਾਰੇ ਪਾਪਾਂ ਵਿਕਾਰਾਂ ਦਾ ਸਾਥ ਛੱਡ ਜਾਂਦੇ ਹਨ, ਉਹ ਮਨੁੱਖ ਹਰਿ-ਪ੍ਰਭੂ ਨਿਰੰਕਾਰ ਨੂੰ ਜਾ ਮਿਲਦੇ ਹਨ।੩।

ਹੇ ਭਾਈ! ਪੂਰਨ ਆਨੰਦ-ਸਰੂਪ ਪ੍ਰਭੂ (ਦੇ ਨਾਮ-ਰਸ) ਦਾ ਸੁਆਸ ਚੱਖ ਕੇ ਅਸਚਰਜ-ਰੂਪ ਪ੍ਰਭੂ ਦਾ ਦਰਸਨ ਕਰ ਸਕੀਦਾ ਹੈ। ਹੇ ਭਾਈ! ਜੇ ਹਰਿ-ਪ੍ਰਭੂ ਜੀ ਹਿਰਦੇ ਵਿਚ ਵੱਸੇ ਰਹਿਣ, ਤਾਂ ਇਸ ਲੋਕ ਅਤੇ ਪਰਲੋਕ ਵਿਚ (ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਘਬਰਾਹਟ ਨਹੀਂ ਹੁੰਦੀ।੪।

ਤਿਨ੍ਹ੍ਹ ਨਾਹਿ ਨਰਕ ਨਿਵਾਸੁ ॥ ਨਿਤ ਸਿਮਰਿ ਪ੍ਰਭ ਗੁਣਤਾਸੁ ॥ ਤੇ ਜਮੁ ਨ ਪੇਖਹਿ ਨੈਨ ॥ ਸੁਨਿ ਮੋਹੇ ਅਨਹਤ ਬੈਨ ॥੫॥ ਹਰਿ ਸਰਣਿ ਸੂਰ ਗੁਪਾਲ ॥ ਪ੍ਰਭ ਭਗਤ ਵਸਿ ਦਇਆਲ ॥ ਹਰਿ ਨਿਗਮ ਲਹਹਿ ਨ ਭੇਵ ॥ ਨਿਤ ਕਰਹਿ ਮੁਨਿ ਜਨ ਸੇਵ ॥੬॥ ਦੁਖ ਦੀਨ ਦਰਦ ਨਿਵਾਰ ॥ ਜਾ ਕੀ ਮਹਾ ਬਿਖੜੀ ਕਾਰ ॥ ਤਾ ਕੀ ਮਿਤਿ ਨ ਜਾਨੈ ਕੋਇ ॥ ਜਲਿ ਥਲਿ ਮਹੀਅਲਿ ਸੋਇ ॥੭॥ ਕਰਿ ਬੰਦਨਾ ਲਖ ਬਾਰ ॥ ਥਕਿ ਪਰਿਓ ਪ੍ਰਭ ਦਰਬਾਰ ॥ ਪ੍ਰਭ ਕਰਹੁ ਸਾਧੂ ਧੂਰਿ ॥ ਨਾਨਕ ਮਨਸਾ ਪੂਰਿ ॥੮॥੧॥ {ਪੰਨਾ 837}

ਪਦਅਰਥ: ਸਿਮਰਿ = ਸਿਮਰ ਕੇ। ਗੁਣ ਤਾਸੁ = ਸਾਰੇ ਗੁਣਾਂ ਦਾ ਖ਼ਜ਼ਾਨਾ। ਤੇ = ਉਹ ਬੰਦੇ {ਬਹੁ-ਵਚਨ}ਨ ਪੇਖਹਿ = ਨ ਪੇਖਹਿਂ, ਨਹੀਂ ਵੇਖਦੇ। ਨੈਨ = ਅੱਖਾਂ ਨਾਲ। ਸੁਨਿ = ਸੁਣ ਕੇ। ਅਨਹਤ = ਇਕ-ਰਸ (ਵੱਜ ਰਹੀ) ਬੈਨ = ਬੇਨ, ਬੰਸਰੀ।੫।

ਸੂਰ = ਸੂਰਮਾ। ਭਗਤ ਵਸਿ = ਭਗਤਾਂ ਦੇ ਵੱਸ ਵਿਚ। ਹਰਿ ਭੇਵ = ਹਰੀ ਦਾ ਭੇਤ। ਨਿਗਮ = ਵੇਦ। ਕਰਹਿ = ਕਰਹਿ, ਕਰਦੇ ਹਨ। ਸੇਵ = ਸੇਵਾ = ਭਗਤੀ।੬।

ਨਿਵਾਰ = ਦੂਰ ਕਰਨ ਵਾਲਾ। ਜਾ ਕੀ = ਜਿਸ (ਪਰਮਾਤਮਾ) ਦੀ। ਬਿਖੜੀ = ਔਖੀ। ਤਾ ਕੀ = ਉਸ (ਪਰਮਾਤਮਾ) ਦੀ। ਮਿਤਿ = ਮਾਪ, ਹੱਦ = ਬੰਨਾ। ਕੋਇ = ਕੋਈ ਭੀ ਜੀਵ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।੭।

ਕਰਿ = ਕਰੀਂ, ਮੈਂ ਕਰਦਾ ਹਾਂ। ਬੰਦਨਾ = ਨਮਸਕਾਰ। ਥਕਿ = ਥੱਕ ਕੇ, ਹਾਰ ਕੇ। ਪ੍ਰਭ = ਹੇ ਪ੍ਰਭੂ! ਸਾਧੂ ਧੂਰਿ = ਸੰਤ ਜਨਾਂ ਦੀ ਧੂੜ। ਮਨਸਾ = {मनीषा} ਮਨ ਦਾ ਫੁਰਨਾ। ਪੂਰਿ = ਪੂਰੀ ਕਰ।੮।

ਅਰਥ: ਹੇ ਭਾਈ! ਜਿਹੜੇ ਮਨੁੱਖ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਸਿਮਰਨ ਕਰ ਕੇ ਉਸ ਨੂੰ ਸਦਾ (ਹਿਰਦੇ ਵਿਚ ਵਸਾਈ ਰੱਖਦੇ ਹਨ) ਉਹਨਾਂ ਨੂੰ ਨਰਕਾਂ ਦਾ ਨਿਵਾਸ ਨਹੀਂ ਮਿਲਦਾ। ਜਿਹੜੇ ਮਨੁੱਖ ਇਕ-ਰਸ (ਵੱਜ ਰਹੀ ਸਿਫ਼ਤਿ-ਸਾਲਾਹ ਦੀ) ਬੰਸਰੀ ਸੁਣ ਕੇ (ਉਸ ਵਿਚ) ਮਸਤ ਰਹਿੰਦੇ ਹਨ, ਉਹ (ਆਪਣੀਆਂ) ਅੱਖਾਂ ਨਾਲ ਜਮਰਾਜ ਨੂੰ ਨਹੀਂ ਵੇਖਦੇ (ਜਮਾਂ ਨਾਲ ਉਹਨਾਂ ਨੂੰ ਵਾਹ ਨਹੀਂ ਪੈਂਦਾ) ੫।

ਹੇ ਭਾਈ! ਦਇਆ ਦਾ ਸੋਮਾ ਪਰਮਾਤਮਾ (ਆਪਣੇ) ਭਗਤਾਂ ਦੇ ਵੱਸ ਵਿਚ ਰਹਿੰਦਾ ਹੈ, ਭਗਤ ਉਸ ਸੂਰਮੇ ਗੋਪਾਲ ਹਰੀ ਦੀ ਸਰਨ ਪਏ ਰਹਿੰਦੇ ਹਨ। ਹੇ ਭਾਈ! ਵੇਦ (ਭੀ) ਉਸ ਹਰੀ ਦਾ ਭੇਤ ਨਹੀਂ ਪਾ ਸਕਦੇ, ਸਾਰੇ ਰਿਸ਼ੀ ਮੁਨੀ ਉਸ ਦੀ ਸੇਵਾ-ਭਗਤੀ ਸਦਾ ਕਰਦੇ ਹਨ।੬।

ਹੇ ਭਾਈ! ਜਿਸ (ਪਰਮਾਤਮਾ) ਦੀ (ਸੇਵਾ-ਭਗਤੀ ਦੀ) ਕਾਰ ਬਹੁਤ ਔਖੀ ਹੈ ਉਹ (ਪਰਮਾਤਮਾ) ਗਰੀਬਾਂ ਦੇ ਦੁੱਖ-ਦਰਦ ਦੂਰ ਕਰਨ ਵਾਲਾ ਹੈ। ਕੋਈ ਮਨੁੱਖ ਉਸ (ਦੀ ਹਸਤੀ) ਦਾ ਹੱਦ-ਬੰਨਾ ਨਹੀਂ ਜਾਣਦਾ। ਉਹ ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਆਪ ਹੀ ਮੌਜੂਦ ਹੈ।੭।

ਹੇ ਨਾਨਕ! ਆਖ-) ਹੇ ਪ੍ਰਭੂ! ਹੋਰ ਸਭਨਾਂ ਆਸਰਿਆਂ ਵਲੋਂ) ਹਾਰ ਕੇ ਮੈਂ ਤੇਰੇ ਦਰ ਤੇ ਆਇਆ ਹਾਂ, (ਤੇਰੇ ਹੀ ਦਰ ਤੇ) ਮੈਂ ਅਨੇਕਾਂ ਵਾਰੀ ਸਿਰ ਨਿਵਾਂਦਾ ਹਾਂ। ਮੈਨੂੰ (ਆਪਣੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ, ਮੇਰੀ ਇਹ ਤਾਂਘ ਪੂਰੀ ਕਰ।੮।੧।

ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥ {ਪੰਨਾ 837-838}

ਪਦਅਰਥ: ਪ੍ਰਭ = ਹੇ ਪ੍ਰਭੂ! ਨਿਵਾਰਿ = ਦੂਰ ਕਰ। ਦੁਆਰਿ = (ਤੇਰੇ) ਦਰ ਤੇ। ਹਾਰਿ = ਹਾਰ ਕੇ, ਥੱਕ ਕੇ, (ਹੋਰ ਪਾਸਿਆਂ ਵਲੋਂ) ਆਸ ਲਾਹ ਕੇ। ਗਹਿ = ਫੜ ਕੇ। ਮਿਸਟ = ਮਿੱਠਾ। ਕਰਿ = ਕਰ ਕੇ। ਲੜਿ = ਪੱਲੇ ਨਾਲ। ਨਾਨਕਾ = ਹੇ ਨਾਨਕ!੧।

ਦੀਨਾ ਨਾਥ = ਹੇ ਗਰੀਬਾਂ ਦੇ ਖਸਮ! ਦਇਆਲ = ਹੇ ਦਇਆ ਦੇ ਸੋਮੇ! ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਰਵਾਲ = ਚਰਨ = ਧੂੜ।੧।ਰਹਾਉ।

ਬਿਖਿਆ = ਮਾਇਆ। ਕੂਪ = ਖੂਹ। ਤਮ = ਹਨੇਰਾ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਤਮ ਘੂਪ = ਘੁੱਪ ਹਨੇਰਾ। ਮੋਹਤ = ਮੋਹ ਰਿਹਾ ਹੈ। ਗਹਿ = ਫੜ ਕੇ। ਭੁਜਾ = ਬਾਂਹ। ਠਾਉ = ਠਾਉਂ, ਥਾਂ, ਆਸਰਾ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।੨।

ਅਰਥ: ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੧।ਰਹਾਉ।

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ (ਅਤੇ ਬੇਨਤੀ ਕਰਿਆ ਕਰ-) ਹੇ ਪ੍ਰਭੂ! ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ, ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। (ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।੧।

ਹੇ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼। ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ। (ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ।੨।

TOP OF PAGE

Sri Guru Granth Darpan, by Professor Sahib Singh