ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 839 ਕਿਆ ਜਪੁ ਜਾਪਉ ਬਿਨੁ ਜਗਦੀਸੈ ॥ ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥ {ਪੰਨਾ 839} ਪਦਅਰਥ: ਕਿਆ ਜਪੁ = ਹੋਰ ਕੇਹੜਾ ਜਪ? ਜਾਪਉ = ਜਾਪਉਂ, ਮੈਂ ਜਪਾਂ। ਜਗਦੀਸ = {ਜਗਤ = ਈਸ} ਜਗਤ ਦਾ ਮਾਲਕ। ਸਬਦਿ = ਸ਼ਬਦ ਦੀ ਰਾਹੀਂ, ਸ਼ਬਦ ਵਿਚ ਜੁੜਿਆਂ। ਮਹਲੁ = ਪਰਮਾਤਮਾ ਦਾ ਟਿਕਾਣਾ। ਦੀਸੈ = ਦਿੱਸ ਸਕਦਾ ਹੈ।੧।ਰਹਾਉ। ਅਰਥ: ਗੁਰੂ ਦੇ ਸ਼ਬਦ ਵਿਚ ਜੁੜ ਕੇ (ਪਰਮਾਤਮਾ ਦਾ ਸਿਮਰਨ ਕੀਤਿਆਂ ਪਰਮਾਤਮਾ ਦਾ) ਦਰ-ਘਰ ਦਿੱਸ ਸਕਦਾ ਹੈ (ਪਰਮਾਤਮਾ ਦੇ ਚਰਨਾਂ ਵਿਚ ਟਿਕ ਸਕੀਦਾ ਹੈ, ਇਸ ਵਾਸਤੇ) ਜਗਤ ਦੇ ਮਾਲਕ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਹੋਰ ਕੋਈ ਭੀ ਜਾਪ ਨਹੀਂ ਜਪਦਾ।੧।ਰਹਾਉ। ਦੂਜੈ ਭਾਇ ਲਗੇ ਪਛੁਤਾਣੇ ॥ ਜਮ ਦਰਿ ਬਾਧੇ ਆਵਣ ਜਾਣੇ ॥ ਕਿਆ ਲੈ ਆਵਹਿ ਕਿਆ ਲੇ ਜਾਹਿ ॥ ਸਿਰਿ ਜਮਕਾਲੁ ਸਿ ਚੋਟਾ ਖਾਹਿ ॥ ਬਿਨੁ ਗੁਰ ਸਬਦ ਨ ਛੂਟਸਿ ਕੋਇ ॥ ਪਾਖੰਡਿ ਕੀਨ੍ਹ੍ਹੈ ਮੁਕਤਿ ਨ ਹੋਇ ॥੨॥ {ਪੰਨਾ 839} ਪਦਅਰਥ: ਭਾਇ = ਪ੍ਰੇਮ ਵਿਚ। ਭਾਉ = ਪ੍ਰੇਮ। ਦੂਜੈ ਭਾਇ = (ਪ੍ਰਭੂ ਨੂੰ ਭੁਲਾ ਕੇ) ਕਿਸੇ ਹੋਰ ਪ੍ਰੇਮ ਵਿਚ। ਜਮ ਦਰਿ = ਜਮ ਦੇ ਦਰ ਤੇ। ਬਾਧੇ = ਬੱਝੇ ਹੋਏ। ਆਵਣ ਜਾਣੇ = ਜਨਮ ਮਰਨ ਦੇ ਗੇੜ। ਕਿਆ ਲੈ = ਕੀਹ ਲੈ ਕੇ? ਖ਼ਾਲੀ = ਹੱਥ। ਜਾਹਿ = ਚਲੇ ਜਾਂਦੇ ਹਨ। ਸਿਰਿ = ਸਿਰ ਉਤੇ। ਜਮਕਾਲੁ = ਮੌਤ, ਜਮਰਾਜ, ਮੌਤ ਦਾ ਡਰ, ਆਤਮਕ ਮੌਤ। ਸਿ = ਅਜਿਹੇ ਬੰਦੇ। ਖਾਹਿ = ਖਾਂਦੇ ਹਨ। ਨ ਛੂਟਸਿ = ਖ਼ਲਾਸੀ ਪ੍ਰਾਪਤ ਨਹੀਂ ਕਰੇਗਾ। ਕੋਇ = ਕੋਈ ਜੀਵ। ਪਾਖੰਡਿ = ਪਖੰਡ ਦੀ ਰਾਹੀਂ। ਪਾਖੰਡਿ ਕੀਨ੍ਹ੍ਹੈ– ਕੀਤੇ ਹੋਏ ਪਖੰਡ ਦੀ ਰਾਹੀਂ, ਪਖੰਡ ਕੀਤਿਆਂ। ਮੁਕਤਿ = (ਆਤਮਕ ਮੌਤ ਤੋਂ) ਖ਼ਲਾਸੀ।੨। ਅਰਥ: ਜਿਹੜੇ ਜੀਵ (ਪਰਮਾਤਮਾ ਨੂੰ ਵਿਸਾਰ ਕੇ) ਕਿਸੇ ਹੋਰ ਮੋਹ ਵਿਚ ਫਸੇ ਰਹਿੰਦੇ ਹਨ ਉਹ (ਆਖ਼ਰ) ਪਛੁਤਾਂਦੇ ਹਨ। ਉਹ ਜਮਰਾਜ ਦੇ ਦਰ ਤੇ ਬੱਝੇ ਰਹਿੰਦੇ ਹਨ, ਉਹਨਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਜਗਤ ਵਿਚ ਖ਼ਾਲੀ-ਹੱਥ ਆਉਂਦੇ ਹਨ, ਇਥੋਂ ਖ਼ਾਲੀ-ਹੱਥ ਹੀ ਜਾਂਦੇ ਹਨ (ਭਾਵ, ਸਿਮਰਨ ਸੇਵਾ ਆਦਿਕ ਦੀ ਆਤਮਕ ਰਾਸਿ-ਪੂੰਜੀ ਤਾਂ ਇਕੱਠੀ ਨਾਹ ਕੀਤੀ, ਤੇ ਹੋਰ ਜੋੜਿਆ ਕਮਾਇਆ ਧਨ-ਪਦਾਰਥ ਜਗਤ ਵਿਚ ਹੀ ਰਹਿ ਗਿਆ। ਉਹਨਾਂ ਦੇ ਸਿਰ ਉਤੇ ਆਤਮਕ ਮੌਤ (ਹਰ ਵੇਲੇ ਖੜੀ ਰਹਿੰਦੀ ਹੈ) ਤੇ ਉਹ (ਨਿੱਤ ਇਸ ਆਤਮਕ ਮੌਤ ਦੀਆਂ) ਸੱਟਾਂ ਸਹਾਰਦੇ ਰਹਿੰਦੇ ਹਨ। ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਆਤਮਕ ਮੌਤ ਤੋਂ ਬਚ ਨਹੀਂ ਸਕਦਾ। ਪਖੰਡ ਕੀਤਿਆਂ (ਬਾਹਰੋਂ ਧਾਰਮਿਕ ਭੇਖ ਬਣਾਇਆਂ) ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ।੨। ਆਪੇ ਸਚੁ ਕੀਆ ਕਰ ਜੋੜਿ ॥ ਅੰਡਜ ਫੋੜਿ ਜੋੜਿ ਵਿਛੋੜਿ ॥ ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥ ਰਾਤਿ ਦਿਨੰਤੁ ਕੀਏ ਭਉ ਭਾਉ ॥ ਜਿਨਿ ਕੀਏ ਕਰਿ ਵੇਖਣਹਾਰਾ ॥ ਅਵਰੁ ਨ ਦੂਜਾ ਸਿਰਜਣਹਾਰਾ ॥੩॥ {ਪੰਨਾ 839} ਪਦਅਰਥ: ਆਪੇ = (ਪਰਮਾਤਮਾ) ਆਪ ਹੀ। ਸਚੁ = ਸਦਾ ਕਾਇਮ ਰਹਿਣ ਵਾਲਾ। ਕੀਆ = (ਇਹ ਬ੍ਰਹਮੰਡ ਸਦਾ-ਥਿਰ ਪ੍ਰਭੂ ਨੇ ਆਪ ਹੀ) ਬਣਾਇਆ ਹੈ। ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਕਰ ਜੋੜਿ = ਹੱਥ ਜੋੜ ਕੇ, ਹੱਥ ਹਿਲਾ ਕੇ, ਉੱਦਮ ਕਰ ਕੇ, ਹੁਕਮ ਕਰ ਕੇ। ਅੰਡਜ = ਬ੍ਰਹਮਾਂਡ। ਫੋੜਿ = ਤੋੜ ਕੇ, ਨਾਸ ਕਰ ਕੇ। ਜੋੜਿ = ਜੋੜ ਕੇ, (ਫਿਰ) ਪੈਦਾ ਕਰ ਕੇ। ਵਿਛੋੜਿ = ਵਿਛੋੜ ਕੇ, ਤੋੜ ਕੇ, ਨਾਸ ਕਰ ਕੇ। ਕੀਏ = ਬਣਾਏ ਹਨ। ਬੈਸਣ ਕਉ = ਬੈਠਣ ਲਈ, (ਜੀਵਾਂ ਦੇ) ਵੱਸਣ ਲਈ। ਦਿਨੰਤੁ = ਦਿਨ। ਭਉ = ਡਰ। ਭਾਉ = ਪਿਆਰ। ਜਿਨਿ = ਜਿਸ (ਪਰਮਾਤਮਾ) ਨੇ। ਕਰਿ = (ਪੈਦਾ) ਕਰ ਕੇ। ਅਵਰੁ = (ਕੋਈ) ਹੋਰ।੩। ਅਰਥ: ਹੇ ਭਾਈ! ਪਰਮਾਤਮਾ) ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਇਹ ਬ੍ਰਹਮਾਂਡ ਉਸ ਸਦਾ-ਥਿਰ ਪ੍ਰਭੂ ਨੇ) ਹੁਕਮ ਕਰ ਕੇ (ਆਪ ਹੀ) ਪੈਦਾ ਕੀਤਾ ਹੈ। ਇਸ ਬ੍ਰਹਮਾਂਡ ਨੂੰ ਨਾਸ ਕਰ ਕੇ, (ਫਿਰ) ਪੈਦਾ ਕਰ ਕੇ, (ਫਿਰ) ਨਾਸ ਕਰ ਕੇ (ਫਿਰ ਆਪ ਹੀ ਪੈਦਾ ਕਰ ਦੇਂਦਾ ਹੈ) । ਹੇ ਭਾਈ! ਇਹ) ਧਰਤੀ (ਅਤੇ) ਆਕਾਸ਼ (ਪਰਮਾਤਮਾ ਨੇ ਜੀਵਾਂ ਦੇ) ਵੱਸਣ ਵਾਸਤੇ ਥਾਂ ਬਣਾਈ ਹੈ। (ਪਰਮਾਤਮਾ ਨੇ ਆਪ ਹੀ) ਦਿਨ ਅਤੇ ਰਾਤ ਬਣਾਏ ਹਨ, (ਜੀਵਾਂ ਦੇ ਅੰਦਰ) ਡਰ ਅਤੇ ਪਿਆਰ (ਭੀ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹਨ) । ਹੇ ਭਾਈ! ਜਿਸ (ਪਰਮਾਤਮਾ) ਨੇ (ਸਾਰੇ ਜੀਵ) ਪੈਦਾ ਕੀਤੇ ਹਨ, (ਇਹਨਾਂ ਨੂੰ) ਪੈਦਾ ਕਰ ਕੇ (ਆਪ ਹੀ ਇਹਨਾਂ ਦੀ) ਸੰਭਾਲ ਕਰਨ ਵਾਲਾ ਹੈ। ਹੇ ਭਾਈ! ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ (ਇਸ ਬ੍ਰਹਮਾਂਡ ਨੂੰ) ਪੈਦਾ ਕਰਨ ਵਾਲਾ ਨਹੀਂ ਹੈ।੩। ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥ ਦੇਵੀ ਦੇਵ ਉਪਾਏ ਵੇਸਾ ॥ ਜੋਤੀ ਜਾਤੀ ਗਣਤ ਨ ਆਵੈ ॥ ਜਿਨਿ ਸਾਜੀ ਸੋ ਕੀਮਤਿ ਪਾਵੈ ॥ ਕੀਮਤਿ ਪਾਇ ਰਹਿਆ ਭਰਪੂਰਿ ॥ ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥ {ਪੰਨਾ 839} ਪਦਅਰਥ: ਤ੍ਰਿਤੀਆ = ਪੂਰਨਮਾਸ਼ੀ ਤੋਂ ਪਿਛੋਂ ਤੀਜਾ ਦਿਨ। ਮਹੇਸਾ = ਸ਼ਿਵ। ਉਪਾਏ = ਪੈਦਾ ਕੀਤੇ। ਵੇਸਾ = ਵੇਸ, ਸਰੂਪ। ਜੋਤਿ = ਪ੍ਰਕਾਸ਼, ਚਾਨਣ। ਜਾਤੀ = ਜਾਤਿ, ਹਸਤੀ। ਜਿਨਿ = ਜਿਸ (ਕਰਤਾਰ) ਨੇ। ਸੋ = ਉਹ ਪਰਮਾਤਮਾ। ਕੀਮਤਿ = ਕਦਰ, ਮੁੱਲ। ਆਖਾ = ਆਖਾਂ, ਮੈਂ ਆਖਾਂ।੪। ਅਰਥ: ਪਰਮਾਤਮਾ ਨੇ ਹੀ ਬ੍ਰਹਮਾ ਵਿਸ਼ਨੂ ਤੇ ਸ਼ਿਵ ਪੈਦਾ ਕੀਤੇ, ਪਰਮਾਤਮਾ ਨੇ ਹੀ ਦੇਵੀਆਂ ਦੇਵਤੇ ਆਦਿਕ ਅਨੇਕਾਂ ਹਸਤੀਆਂ ਪੈਦਾ ਕੀਤੀਆਂ। ਦੁਨੀਆ ਨੂੰ ਚਾਨਣ ਦੇਣ ਵਾਲੀਆਂ ਇਤਨੀਆਂ ਹਸਤੀਆਂ ਉਸ ਨੇ ਪੈਦਾ ਕੀਤੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ ਉਹ (ਹੀ) ਇਸ ਦੀ ਕਦਰ ਜਾਣਦਾ ਹੈ (ਭਾਵ, ਇਸ ਨਾਲ ਪਿਆਰ ਕਰਦਾ ਹੈ, ਤੇ) ਇਸ ਵਿਚ ਹਰ ਥਾਂ ਮੌਜੂਦ (ਇਸ ਦੀ ਸੰਭਾਲ ਕਰਦਾ) ਹੈ। ਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਪਰਮਾਤਮਾ ਨੇੜੇ ਹੈ ਤੇ ਕਿਸ ਤੋਂ ਦੂਰ ਹੈ? (ਭਾਵ, ਪਰਮਾਤਮਾ ਨਾਹ ਕਿਸੇ ਤੋਂ ਨੇੜੇ ਤੇ ਨਾਹ ਕਿਸੇ ਤੋਂ ਦੂਰ ਹੈ, ਹਰੇਕ ਵਿਚ ਇਕ-ਸਮਾਨ ਵਿਆਪਕ ਹੈ) ।੪। ਚਉਥਿ ਉਪਾਏ ਚਾਰੇ ਬੇਦਾ ॥ ਖਾਣੀ ਚਾਰੇ ਬਾਣੀ ਭੇਦਾ ॥ ਅਸਟ ਦਸਾ ਖਟੁ ਤੀਨਿ ਉਪਾਏ ॥ ਸੋ ਬੂਝੈ ਜਿਸੁ ਆਪਿ ਬੁਝਾਏ ॥ ਤੀਨਿ ਸਮਾਵੈ ਚਉਥੈ ਵਾਸਾ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥ {ਪੰਨਾ 839} ਪਦਅਰਥ: ਚਉਥਿ = ਪੂਰਨਮਾਸ਼ੀ ਤੋਂ ਪਿਛੋਂ ਚੌਥੇ ਦਿਨ। ਚਾਰੇ ਬੇਦ = ਰਿਗ, ਜਜੁਰ, ਸਾਮ, ਅਥਰਬਨ। ਖਾਣੀ ਚਾਰੇ = ਜਗਤ = ਉਤਪੱਤੀ ਦੀਆਂ ਚਾਰ ਖਾਣਾਂ (ਅੰਡਜ, ਜੇਰਜ, ਉਤਭੁਜ, ਸੇਤਜ) । ਬਾਣੀ ਭੇਦਾ = ਵਖ ਵਖ ਬੋਲੀਆਂ। ਅਸਟ = ਅੱਠ। ਅਸਟ ਦਸਾ = (ਅੱਠ ਤੇ ਦਸ) ਅਠਾਰਾਂ ਪੁਰਾਣ। ਖਟੁ = ਛੇ (ਸ਼ਾਸਤ੍ਰ) {ਸਾਂਖ, ਜੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ}। ਤੀਨਿ = (ਮਾਇਆ ਦੇ) ਤਿੰਨ ਗੁਣ (ਰਜੋ, ਸਤੋ, ਤਮੋ) । ਸਮਾਵੈ = ਮੁਕਾ ਲਏ। ਚਉਥੈ = ਚੌਥੇ (ਪਦ) ਵਿਚ, ਆਤਮਕ ਅਡੋਲਤਾ ਵਿਚ। ਤਾ ਕੇ = ਉਸ (ਗੁਰਮੁਖ) ਦੇ।੫। ਅਰਥ: ਪਰਮਾਤਮਾ ਨੇ ਆਪ ਹੀ ਚਾਰ ਵੇਦ ਪੈਦਾ ਕੀਤੇ ਹਨ, ਆਪ ਹੀ (ਜਗਤ-ਉਤਪੱਤੀ ਦੀਆਂ) ਚਾਰ ਖਾਣਾਂ ਪੈਦਾ ਕੀਤੀਆਂ ਹਨ ਤੇ ਆਪ ਹੀ ਜੀਵਾਂ ਦੀਆਂ ਵਖ ਵਖ ਬੋਲੀਆਂ ਬਣਾ ਦਿੱਤੀਆਂ ਹਨ। ਅਕਾਲ ਪੁਰਖ ਨੇ ਆਪ ਹੀ ਅਠਾਰਾਂ ਪੁਰਾਣ ਛੇ ਸ਼ਾਸਤ੍ਰ ਤੇ (ਮਾਇਆ ਦੇ) ਤਿੰਨ (ਗੁਣ) ਪੈਦਾ ਕੀਤੇ ਹਨ। ਇਸ ਭੇਤ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸੂਝ ਬਖ਼ਸ਼ੇ। ਨਾਨਕ ਬੇਨਤੀ ਕਰਦਾ ਹੈ-ਮੈਂ ਉਸ ਮਨੁੱਖ ਦਾ ਦਾਸ ਹਾਂ ਜੋ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮੁਕਾ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।੫। ਪੰਚਮੀ ਪੰਚ ਭੂਤ ਬੇਤਾਲਾ ॥ ਆਪਿ ਅਗੋਚਰੁ ਪੁਰਖੁ ਨਿਰਾਲਾ ॥ ਇਕਿ ਭ੍ਰਮਿ ਭੂਖੇ ਮੋਹ ਪਿਆਸੇ ॥ ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ ॥ ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥ ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥ {ਪੰਨਾ 839} ਪਦਅਰਥ: ਪੰਚ ਭੂਤ = ਪੰਜ ਤੱਤਾਂ ਵਿਚ ਹੀ ਪ੍ਰਵਿਰਤ ਜੀਵ। ਬੇਤਾਲਾ = ਜੀਵਨ = ਜਾਚ ਤੋਂ, ਤਾਲ ਤੋਂ ਖੁੰਝੇ ਹੋਏ ਜੀਵ, ਭੂਤਨੇ। ਅਗੋਚਰੁ = {ਅ = ਗੋ = ਚਰੁ। ਗੋ = ਗਿਆਨ = ਇੰਦ੍ਰੇ। ਚਰੁ = ਪਹੁੰਚਣਾ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਨਿਰਾਲਾ = {ਨਿਰ = ਆਲਯ} ਜਿਸ ਦਾ ਕੋਈ ਖ਼ਾਸ ਘਰ ਨਹੀਂ, ਜੋ ਕਿਸੇ ਖ਼ਾਸ ਇੱਕ ਸਰੀਰ = ਘਰ ਵਿਚ ਹੀ ਨਹੀਂ, ਨਿਰਲੇਪ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ, ਅਨੇਕਾਂ ਜੀਵ। ਭ੍ਰਮਿ = ਭਟਕਣਾ ਵਿਚ ਪੈ ਕੇ। ਭੂਖੇ = ਮਾਇਆ ਦੀ ਭੁੱਖ ਦੇ ਅਧੀਨ, ਤ੍ਰਿਸ਼ਨਾ = ਮਾਰੇ। ਰਸੁ = ਨਾਮ = ਰਸ। ਤ੍ਰਿਪਤਾਸੇ = ਮਾਇਆ ਵਲੋਂ ਰੱਜੇ ਹੋਏ। ਰਾਤੇ = ਰੱਤੇ ਹੋਏ, ਰੰਗੇ ਹੋਏ। ਮਰਿ = (ਆਤਮਕ ਮੌਤੇ) ਮਰ ਕੇ, ਆਤਮਕ ਜੀਵਨ ਗਵਾ ਕੇ। ਧੂਰਿ = ਮਿੱਟੀ। ਦਰਿ = ਪ੍ਰਭੂ ਦੇ ਦਰ ਤੇ। ਘਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਦੇਖਿ = ਵੇਖ ਕੇ।੬। ਅਰਥ: ਸਰਬ-ਵਿਆਪਕ (-ਪੁਰਖ) ਪਰਮਾਤਮਾ ਆਪ ਤਾਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਤੇ ਨਿਰਲੇਪ ਹੈ, ਪਰ ਉਸ ਦੇ ਪੈਦਾ ਕੀਤੇ ਹੋਏ ਜਿਹੜੇ ਜੀਵ ਪੰਜ ਤੱਤਾਂ ਵਿਚ ਹੀ ਪਰਵਿਰਤ ਹਨ ਉਹ ਜੀਵਨ-ਜਾਚ ਤੋਂ ਖੁੰਝੇ ਹੋਏ ਹਨ। (ਅਜਿਹੇ) ਅਨੇਕਾਂ ਜੀਵ ਭਟਕਣਾ ਦੇ ਕਾਰਨ ਤ੍ਰਿਸ਼ਨਾ-ਅਧੀਨ ਹਨ, ਮਾਇਆ ਦੇ ਮੋਹ ਵਿਚ ਫਸੇ ਹੋਏ ਹਨ। ਪਰ ਕਈ ਐਸੇ (ਭਾਗਾਂ ਵਾਲੇ) ਹਨ ਜੋ (ਪਰਮਾਤਮਾ ਦੇ ਨਾਮ ਦਾ) ਸੁਆਦ ਚੱਖ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਵਲੋਂ ਰੱਜੇ ਹੋਏ ਹਨ, ਤੇ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਹੋਏ ਹਨ। ਪਰ ਇਕ ਐਸੇ ਹਨ ਜੋ ਆਤਮਕ ਮੌਤ ਸਹੇੜ ਕੇ ਮਿੱਟੀ ਹੋਏ ਪਏ ਹਨ (ਜੀਵਨ ਉੱਕਾ ਹੀ ਗਵਾ ਚੁਕੇ ਹਨ) । ਇਕ ਐਸੇ ਹਨ ਜੋ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖ ਕੇ ਉਸ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕੇ ਰਹਿੰਦੇ ਹਨ ਉਸ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ।੬। ਝੂਠੇ ਕਉ ਨਾਹੀ ਪਤਿ ਨਾਉ ॥ ਕਬਹੁ ਨ ਸੂਚਾ ਕਾਲਾ ਕਾਉ ॥ ਪਿੰਜਰਿ ਪੰਖੀ ਬੰਧਿਆ ਕੋਇ ॥ ਛੇਰੀਂ ਭਰਮੈ ਮੁਕਤਿ ਨ ਹੋਇ ॥ ਤਉ ਛੂਟੈ ਜਾ ਖਸਮੁ ਛਡਾਏ ॥ ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥ {ਪੰਨਾ 839} ਪਦਅਰਥ: ਝੂਠਾ = ਕੂੜ ਦਾ ਵਪਾਰੀ ਜੀਵ। ਪਤਿ = ਇੱਜ਼ਤ। ਨਾਉ = ਨਾਮਣਾ, ਇੱਜ਼ਤ। ਸੂਚਾ = ਪਵਿਤ੍ਰ। ਪਿੰਜਰਿ = ਪਿੰਜਰੇ ਵਿਚ। ਬੰਧਿਆ = ਕੈਦ ਕੀਤਾ ਹੋਇਆ। ਛੇਰੀਂ = ਪਿੰਜਰੇ ਦੀਆਂ ਵਿਰਲਾਂ ਵਿਚ। ਭਰਮੈ = ਭਟਕਦਾ ਹੈ। ਮੁਕਤਿ = ਪਿੰਜਰੇ ਵਿਚੋਂ ਖ਼ਲਾਸੀ। ਤਉ = ਤਦੋਂ ਹੀ। ਖਸਮੁ = ਮਾਲਕ। ਦ੍ਰਿੜਾਏ = ਹਿਰਦੇ ਵਿਚ ਪੱਕੀ ਕਰ ਦੇਂਦਾ ਹੈ।੭। ਅਰਥ: ਜਿਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦਾ ਹੀ ਪ੍ਰੇਮੀ ਬਣਿਆ ਰਹਿੰਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ ਕਿਤੇ ਭੀ) ਇੱਜ਼ਤ-ਆਦਰ ਨਸੀਬ ਨਹੀਂ ਹੁੰਦਾ। ਜਿਸ ਮਨੁੱਖ ਦਾ ਮਨ ਵਿਕਾਰਾਂ ਨਾਲ ਕਾਂ ਵਾਂਗ ਕਾਲਾ ਹੋ ਜਾਏ ਉਹ (ਮਾਇਆ ਵਿਚ ਫਸਿਆ ਰਹਿ ਕੇ) ਕਦੇ ਭੀ ਪਵਿੱਤ੍ਰ ਨਹੀਂ ਹੋ ਸਕਦਾ। ਕੋਈ ਪੰਛੀ ਪਿੰਜਰੇ ਵਿਚ ਕੈਦ ਹੋ ਜਾਏ, ਉਹ ਪਿੰਜਰੇ ਦੀਆਂ ਵਿਰਲਾਂ ਵਿਚ (ਬੇਸ਼ੱਕ) ਪਿਆ ਭਟਕੇ, (ਇਸ ਤਰ੍ਹਾਂ ਪਿੰਜਰੇ ਦੀ) ਕੈਦ ਵਿਚੋਂ ਨਿਕਲ ਨਹੀਂ ਸਕਦਾ, ਤਦੋਂ ਹੀ ਪਿੰਜਰੇ ਵਿਚੋਂ ਆਜ਼ਾਦ ਹੋਵੇਗਾ ਜੇ ਉਸ ਦਾ ਮਾਲਕ ਉਸ ਨੂੰ ਆਜ਼ਾਦੀ ਦੇਵੇ (ਤਿਵੇਂ ਹੀ ਮਾਇਆ ਦੇ ਮੋਹ ਵਿਚ ਕੈਦ ਹੋਏ ਜੀਵ ਨੂੰ ਮਾਲਕ-ਪ੍ਰਭੂ ਆਪ ਹੀ ਖ਼ਲਾਸੀ ਦੇਂਦਾ ਹੈ) । ਪ੍ਰਭੂ ਉਸ ਨੂੰ ਗੁਰੂ ਦੀ ਮਤਿ ਵਿਚ ਜੋੜਦਾ ਹੈ, ਆਪਣੀ ਭਗਤੀ ਉਸ ਦੇ ਹਿਰਦੇ ਵਿਚ ਪੱਕੀ ਕਰ ਦੇਂਦਾ ਹੈ।੭। ਖਸਟੀ ਖਟੁ ਦਰਸਨ ਪ੍ਰਭ ਸਾਜੇ ॥ ਅਨਹਦ ਸਬਦੁ ਨਿਰਾਲਾ ਵਾਜੇ ॥ ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥ ਸਬਦੇ ਭੇਦੇ ਤਉ ਪਤਿ ਪਾਵੈ ॥ ਕਰਿ ਕਰਿ ਵੇਸ ਖਪਹਿ ਜਲਿ ਜਾਵਹਿ ॥ ਸਾਚੈ ਸਾਚੇ ਸਾਚਿ ਸਮਾਵਹਿ ॥੮॥ {ਪੰਨਾ 839} ਪਦਅਰਥ: ਖਸਟੀ = ਖਸਟਮੀ, ਛੇਵੀਂ ਥਿਤ। ਖਟੁ ਦਰਸਨ = ਛੇ ਭੇਖ (ਜੋਗੀ, ਸੰਨਿਆਸੀ, ਜੰਗਮ, ਬੋਧੀ, ਸਰੇਵੜੇ, ਬੈਰਾਗੀ) । ਪ੍ਰਭ = ਪ੍ਰਭੂ ਦੀ ਖ਼ਾਤਰ, ਪ੍ਰਭੂ ਨੂੰ ਮਿਲਣ ਵਾਸਤੇ। ਅਨਹਦ = ਇਕ-ਰਸ, ਬਿਨਾ ਵਜਾਏ ਵੱਜਣ ਵਾਲਾ। ਸਬਦੁ = ਸਿਫ਼ਤਿ-ਸਾਲਾਹ ਦੀ ਧੁਨਿ। ਨਿਰਾਲਾ = ਵੱਖਰਾ ਹੀ, (ਭੇਖਾਂ ਦੇ ਅਡੰਬਰ ਤੋਂ) ਵੱਖਰਾ ਹੀ। ਪ੍ਰਭ ਭਾਵੈ = ਪ੍ਰਭੂ ਨੂੰ ਪਸੰਦ ਆ ਜਾਏ। ਮਹਲਿ = ਆਪਣੀ ਹਜ਼ੂਰੀ ਵਿਚ। ਸਬਦੇ = ਸਬਦਿ, ਸਿਫ਼ਤਿ-ਸਾਲਾਹ ਦੀ ਬਾਣੀ ਨਾਲ। ਭੇਦੇ = ਵਿੰਨ੍ਹ ਲਏ, ਮੋਹਿਤ ਕਰ ਲਏ। ਤਉ = ਤਦੋਂ। ਪਤਿ = ਇੱਜ਼ਤ। ਵੇਸ = ਧਾਰਮਿਕ ਪਹਿਰਾਵੇ। ਜਲਿ ਜਾਵਹਿ = ਸੜ ਜਾਂਦੇ ਹਨ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਾਚੇ = ਸਦਾ-ਥਿਰ ਪ੍ਰਭੂ ਦਾ ਰੂਪ ਹੋ ਕੇ। ਸਾਚਿ = ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਰਾਹੀਂ।੮। ਅਰਥ: ਪ੍ਰਭੂ ਨੂੰ ਮਿਲਣ ਵਾਸਤੇ (ਜੋਗੀ ਸੰਨਿਆਸੀ ਆਦਿਕ) ਛੇ ਭੇਖ ਬਣਾਏ ਗਏ, ਪਰ ਇਕ-ਰਸ ਸਿਫ਼ਤਿ-ਸਾਲਾਹ ਦਾ ਸ਼ਬਦ (-ਵਾਜਾ ਇਹਨਾਂ ਭੇਖਾਂ ਤੋਂ) ਵੱਖਰਾ ਹੀ ਵੱਜਦਾ ਹੈ (ਪ੍ਰਭਾਵ ਪਾਂਦਾ ਹੈ) । ਜੇ ਪ੍ਰਭੂ ਨੂੰ (ਕੋਈ ਵਡ-ਭਾਗੀ) ਚੰਗਾ ਲੱਗ ਪਏ, ਤਾਂ ਉਸ ਨੂੰ ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ। ਜਦੋਂ ਕੋਈ ਮਨੁੱਖ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿਚ) ਪ੍ਰੋ ਲਏ, ਤਦੋਂ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਪਾਂਦਾ ਹੈ। ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ-ਨਾਮ ਦੇ ਸਿਮਰਨ ਦੀ ਰਾਹੀਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਪਰ (ਭੇਖੀ ਸਾਧ) ਧਾਰਮਿਕ ਭੇਖ ਕਰ ਕਰ ਕੇ ਹੀ ਖਪਦੇ ਹਨ ਤੇ (ਤ੍ਰਿਸ਼ਨਾ-ਅੱਗ ਵਿਚ) ਸੜਦੇ ਰਹਿੰਦੇ ਹਨ।੮। ਸਪਤਮੀ ਸਤੁ ਸੰਤੋਖੁ ਸਰੀਰਿ ॥ ਸਾਤ ਸਮੁੰਦ ਭਰੇ ਨਿਰਮਲ ਨੀਰਿ ॥ ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥ ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥ ਮਨਿ ਸਾਚਾ ਮੁਖਿ ਸਾਚਉ ਭਾਇ ॥ ਸਚੁ ਨੀਸਾਣੈ ਠਾਕ ਨ ਪਾਇ ॥੯॥ {ਪੰਨਾ 839} ਪਦਅਰਥ: ਸਰੀਰਿ = (ਜਿਸ ਦੇ) ਸਰੀਰ ਵਿਚ। ਸਚੁ = ਦਾਨ, ਸੇਵਾ। ਸਾਤ ਸਮੁੰਦੁ = ਪੰਜ ਗਿਆਨ ਇੰਦ੍ਰੇ, ਮਨ ਤੇ ਬੁਧਿ। ਨੀਰਿ = (ਨਾਮ-) ਜਲ ਨਾਲ। ਸੀਲੁ = ਪਵਿਤ੍ਰ ਆਚਰਨ। ਮਜਨੁ = ਇਸ਼ਨਾਨ। ਸਚੁ = ਸਦਾ-ਥਿਰ ਪ੍ਰਭੂ। ਵੀਚਾਰਿ = ਵਿਚਾਰ ਕੇ, ਟਿਕਾ ਕੇ। ਸਬਦਿ = ਸ਼ਬਦ ਦੀ ਰਾਹੀਂ। ਪਾਵੈ ਪਾਰਿ = ਪਾਰ ਲੰਘਾ ਲੈਂਦਾ ਹੈ। ਸਭਿ = ਸਾਰੇ ਸੱਤ ਸਮੁੰਦਰਾਂ ਨੂੰ। ਮਨਿ = ਮਨ ਵਿਚ। ਮੁਖਿ = ਮੂੰਹ ਵਿਚ। ਸਾਚਉ = ਸਦਾ-ਥਿਰ ਪ੍ਰਭੂ। ਭਾਇ = ਪ੍ਰੇਮ ਵਿਚ। ਸਚੁ = ਸਦਾ-ਥਿਰ ਪ੍ਰਭੂ = ਨਾਮ। ਨੀਸਾਣੈ = ਨੀਸਾਣ ਦੇ ਕਾਰਨ, ਰਾਹਦਾਰੀ ਦੇ ਕਾਰਨ।੯। ਅਰਥ: ਜਿਸ ਮਨੁੱਖ ਦੇ ਅੰਦਰ ਦੂਜਿਆਂ ਦੀ ਸੇਵਾ ਤੇ ਸੰਤੋਖ (ਪਲ੍ਹਰਦੇ) ਹਨ, ਜਿਸ ਮਨੁੱਖ ਦੇ ਪੰਜੇ ਗਿਆਨ-ਇੰਦ੍ਰੇ, ਮਨ ਅਤੇ ਬੁੱਧੀ ਪਰਮਾਤਮਾ ਦੇ ਪਵਿੱਤ੍ਰ ਨਾਮ-ਜਲ ਨਾਲ ਭਰਪੂਰ ਹੋ ਜਾਂਦੇ ਹਨ, ਜੋ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ (ਅੰਤਰ ਆਤਮੇ) ਪਵਿਤ੍ਰ-ਆਚਰਨ-ਰੂਪ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਾਰਿਆਂ ਨੂੰ (ਭਾਵ, ਪੰਜੇ ਗਿਆਨ-ਇੰਦ੍ਰਿਆਂ, ਮਨ ਤੇ ਬੁੱਧੀ ਨੂੰ ਵਿਕਾਰਾਂ ਦੇ ਪ੍ਰਭਾਵ ਤੋਂ) ਪਾਰ ਲੰਘਾ ਲੈਂਦਾ ਹੈ। ਜਿਸ ਮਨੁੱਖ ਦੇ ਮਨ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਜਿਸ ਮਨੁੱਖ ਦੀ ਜੀਭ ਉਤੇ ਸਦਾ-ਥਿਰ ਪ੍ਰਭੂ ਹੀ ਵੱਸਦਾ ਹੈ, ਜੋ ਸਦਾ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦਾ ਹੈ, ਸਦਾ-ਥਿਰ ਨਾਮ ਉਸ ਦੇ ਪਾਸ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਸ ਰਾਹਦਾਰੀ ਦੇ ਕਾਰਨ (ਉਸ ਦੇ ਰਾਹ ਵਿਚ ਵਿਕਾਰ ਆਦਿਕਾਂ ਦੀ ਕੋਈ) ਰੋਕ ਨਹੀਂ ਪੈਂਦੀ।੯। ਅਸਟਮੀ ਅਸਟ ਸਿਧਿ ਬੁਧਿ ਸਾਧੈ ॥ ਸਚੁ ਨਿਹਕੇਵਲੁ ਕਰਮਿ ਅਰਾਧੈ ॥ ਪਉਣ ਪਾਣੀ ਅਗਨੀ ਬਿਸਰਾਉ ॥ ਤਹੀ ਨਿਰੰਜਨੁ ਸਾਚੋ ਨਾਉ ॥ ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥ ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੧੦॥ {ਪੰਨਾ 839} ਪਦਅਰਥ: ਅਸਟ = ਅੱਠ। ਅਸਟਮੀ = ਅੱਠਵੀਂ। ਅਸਟ ਸਿਧਿ = ਅੱਠ ਸਿੱਧੀਆਂ {ਅਣਿਮਾ, ਮਹਿਮਾ, ਲਘਿਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮ੍ਯ, ਈਸ਼ਿਤਾ, ਵਸ਼ਿਤਾ}। ਬੁਧਿ = ਅਕਲ। ਸਾਧੈ = ਕਾਬੂ ਵਿਚ ਰੱਖਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਨਿਹਕੇਵਲੁ = {निष्कैवल्य} ਪਵਿਤ੍ਰ। ਕਰਮਿ = (ਪ੍ਰਭੂ ਦੀ) ਮੇਹਰ ਨਾਲ। ਅਰਾਧੈ = ਸਿਮਰਦਾ ਹੈ। ਪਉਣ = ਰਜੋ ਗੁਣ। ਪਾਣੀ = ਸਤੋ ਗੁਣ। ਅਗਨੀ = ਤਮੋ ਗੁਣ। ਬਿਸਰਾਉ = ਅਭਾਵ। ਤਹੀ = ਉਸ ਥਾਂ, ਉਸੇ ਹਿਰਦੇ ਵਿਚ। ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਉਤਾਂਹ। ਸਾਚੋ = ਸਦਾ-ਥਿਰ। ਤਿਸੁ ਮਹਿ = ਉਸ ਪਰਮਾਤਮਾ ਵਿਚ। ਪ੍ਰਣਵਤਿ = ਬੇਨਤੀ ਕਰਦਾ ਹੈ। ਕਾਲੁ = ਆਤਮਕ ਮੌਤ।੧੦। ਅਰਥ: ਜਿਹੜਾ ਮਨੁੱਖ (ਜੋਗੀਆਂ ਵਾਲੀਆਂ) ਅੱਠ ਸਿੱਧੀਆਂ ਹਾਸਲ ਕਰਨ ਦੀ ਤਾਂਘ ਰੱਖਣ ਵਾਲੀ ਬੁੱਧੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ (ਭਾਵ, ਜੋ ਮਨੁੱਖ ਸਿੱਧੀਆਂ ਪ੍ਰਾਪਤ ਕਰਨ ਦੀ ਲਾਲਸਾ ਤੋਂ ਉਤਾਂਹ ਰਹਿੰਦਾ ਹੈ) , ਜੋ ਪਵਿਤ੍ਰ-ਸਰੂਪ ਸਦਾ-ਥਿਰ ਪ੍ਰਭੂ ਨੂੰ ਉਸ ਦੀ ਮਿਹਰ ਨਾਲ (ਸਦਾ) ਸਿਮਰਦਾ ਹੈ, ਜਿਸ ਦੇ ਹਿਰਦੇ ਵਿਚ ਰਜੋ ਸਤੋ ਅਤੇ ਤਮੋ ਗੁਣ ਦਾ ਅਭਾਵ ਰਹਿੰਦਾ ਹੈ, ਉਸੇ ਹਿਰਦੇ ਵਿਚ ਨਿਰਲੇਪ ਪਰਮਾਤਮਾ ਵੱਸਦਾ ਹੈ, ਸਦਾ-ਥਿਰ ਪ੍ਰਭੂ-ਨਾਮ ਵੱਸਦਾ ਹੈ। ਜਿਸ ਮਨੁੱਖ ਦਾ ਮਨ ਉਸ ਅਕਾਲ ਪੁਰਖ ਵਿਚ ਸਦਾ ਲੀਨ ਰਹਿੰਦਾ ਹੈ, ਨਾਨਕ ਆਖਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਖਾਂਦੀ (ਆਤਮਕ ਮੌਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ) ।੧੦। ਨਾਉ ਨਉਮੀ ਨਵੇ ਨਾਥ ਨਵ ਖੰਡਾ ॥ ਘਟਿ ਘਟਿ ਨਾਥੁ ਮਹਾ ਬਲਵੰਡਾ ॥ ਆਈ ਪੂਤਾ ਇਹੁ ਜਗੁ ਸਾਰਾ ॥ ਪ੍ਰਭ ਆਦੇਸੁ ਆਦਿ ਰਖਵਾਰਾ ॥ ਆਦਿ ਜੁਗਾਦੀ ਹੈ ਭੀ ਹੋਗੁ ॥ ਓਹੁ ਅਪਰੰਪਰੁ ਕਰਣੈ ਜੋਗੁ ॥੧੧॥ {ਪੰਨਾ 839-840} ਪਦਅਰਥ: ਨਵੇ ਨਾਥ = ਨੌਂਹੀ ਨਾਥ, ਸਾਰੇ ਨੌ ਨਾਥ (ਆਦਿ ਨਾਥ, ਮਛੇਂਦਰ ਨਾਥ, ਉਦਯ ਨਾਥ, ਸੰਤੋਖ ਨਾਥ, ਕੰਥੜ ਨਾਥ, ਸਤ੍ਯ ਨਾਥ, ਅਚੰਭ ਨਾਥ, ਚੌਰੰਗੀ ਨਾਥ, ਗੋਰਖ ਨਾਥ) । ਨਾਥ = ਜੋਗੀਆਂ ਦੇ ਮਹੰਤ। ਨਵ ਖੰਡ = ਧਰਤੀ ਦੇ ਸਾਰੇ ਨੌ ਹਿੱਸੇ, ਸਾਰੀ ਧਰਤੀ ਦੇ ਜੀਵ। ਘਟਿ ਘਟਿ = ਹਰੇਕ ਸਰੀਰ ਵਿਚ (ਵਿਆਪਕ) । ਬਲਵੰਡ = ਬਲੀ। ਮਾਈ = ਮਾਇਆ, ਮਾਂ। ਆਦੇਸੁ = ਨਮਸਕਾਰ। ਪ੍ਰਭ ਆਦੇਸੁ = ਪ੍ਰਭੂ ਨੂੰ ਨਮਸਕਾਰ। ਜੁਗਾਦੀ = ਜੁਗਾਂ ਦੇ ਮੁੱਢ ਤੋਂ। ਅਪਰੰਪਰੁ = ਪਰੇ ਤੋਂ ਪਰੇ, ਜਿਸ ਦਾ ਪਾਰ ਨ ਪਾਇਆ ਜਾ ਸਕੇ। ਜੋਗੁ = ਸਮਰੱਥ।੧੧। ਅਰਥ: (ਅਸਲ) ਨਾਥ (ਉਹ ਪ੍ਰਭੂ ਹੈ ਜੋ) ਹਰੇਕ ਸਰੀਰ ਵਿਚ ਵਿਆਪਕ ਹੈ, ਜੋ ਮਹਾ ਬਲੀ ਹੈ, ਜੋਗੀਆਂ ਦੇ ਨੌ ਹੀ ਨਾਥ ਤੇ ਧਰਤੀ ਦੇ ਸਾਰੇ ਜੀਵ ਜਿਸ ਦਾ ਨਾਮ ਜਪਦੇ ਹਨ। (ਉਹ ਨਾਥ-ਪ੍ਰਭੂ ਸਾਰੇ ਜਗਤ ਦੀ ਮਾਂ ਹੈ) ਇਹ ਸਾਰਾ ਜਗਤ ਉਸ ਮਾਂ (-ਨਾਥ-ਪ੍ਰਭੂ) ਦਾ ਪੁੱਤਰ ਹੈ (ਪੈਦਾ ਕੀਤਾ ਹੋਇਆ ਹੈ) । ਉਸ ਪ੍ਰਭੂ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ, ਉਹ ਸਭ ਦਾ ਮੁੱਢ ਹੈ, ਸਭ ਦਾ ਰਾਖਾ ਹੈ। ਉਹ ਪ੍ਰਭੂ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਭੀ ਹੈ ਤੇ ਸਦਾ ਲਈ ਮੌਜੂਦ ਰਹੇਗਾ। ਉਹ ਪ੍ਰਭੂ-ਨਾਥ ਪਰੇ ਤੋਂ ਪਰੇ ਹੈ (ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ) ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।੧੧। |
Sri Guru Granth Darpan, by Professor Sahib Singh |