ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 840

ਦਸਮੀ ਨਾਮੁ ਦਾਨੁ ਇਸਨਾਨੁ ॥ ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥ ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥ ਬਿਲਮੁ ਨ ਤੂਟਸਿ ਕਾਚੈ ਤਾਗੈ ॥ ਜਿਉ ਤਾਗਾ ਜਗੁ ਏਵੈ ਜਾਣਹੁ ॥ ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥ {ਪੰਨਾ 840}

ਪਦਅਰਥ: ਅਨਦਿਨੁ = ਹਰ ਰੋਜ਼, ਸਦਾ। ਮਜਨੁ = ਇਸ਼ਨਾਨ। ਸਚਾ = ਸਦਾ-ਥਿਰ। ਗੁਣ ਗਿਆਨੁ = ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ। ਸਚਿ = ਸਦਾ-ਥਿਰ ਪ੍ਰਭੂ = ਨਾਮ ਵਿਚ (ਜੁੜਿਆਂ) ਭ੍ਰਮੁ = ਭਟਕਣਾ। ਬਿਲਮੁ = ਦੇਰ, ਢਿੱਲ। ਅਸਥਿਰੁ = ਟਿਕਵਾਂ। ਸਾਚਿ = ਸਦਾ-ਥਿਰ ਪ੍ਰਭੂ ਵਿਚ।

ਅਰਥ: ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ। ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਮਨ ਦਾ ਸਹਿਮ ਮੁੱਕ ਜਾਂਦਾ ਹੈ (ਇਉਂ ਤੁਰਤ ਮੁੱਕਦਾ ਹੈ, ਜਿਵੇਂ) ਕੱਚੇ ਧਾਗੇ ਨੂੰ ਟੁੱਟਦਿਆਂ ਚਿਰ ਨਹੀਂ ਲੱਗਦਾ।

(ਹੇ ਭਾਈ!) ਜਗਤ (ਦੇ ਸੰਬੰਧ) ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ; ਆਪਣੇ ਮਨ ਨੂੰ ਸਦਾ-ਥਿਰ ਪ੍ਰਭੂ-ਨਾਮ ਵਿਚ ਟਿਕਾ ਕੇ ਰੱਖੋ, ਅਤੇ ਆਤਮਕ ਆਨੰਦ ਮਾਣੋ।੧੨।

ਏਕਾਦਸੀ ਇਕੁ ਰਿਦੈ ਵਸਾਵੈ ॥ ਹਿੰਸਾ ਮਮਤਾ ਮੋਹੁ ਚੁਕਾਵੈ ॥ ਫਲੁ ਪਾਵੈ ਬ੍ਰਤੁ ਆਤਮ ਚੀਨੈ ॥ ਪਾਖੰਡਿ ਰਾਚਿ ਤਤੁ ਨਹੀ ਬੀਨੈ ॥ ਨਿਰਮਲੁ ਨਿਰਾਹਾਰੁ ਨਿਹਕੇਵਲੁ ॥ ਸੂਚੈ ਸਾਚੇ ਨਾ ਲਾਗੈ ਮਲੁ ॥੧੩॥ {ਪੰਨਾ 840}

ਪਦਅਰਥ: ਇਕ = ਇੱਕ (ਪਰਮਾਤਮਾ) ਨੂੰ। ਰਿਦੈ = ਹਿਰਦੇ ਵਿਚ। ਵਸਾਵੈ = ਵਸਾਂਦਾ ਹੈ। ਹਿੰਸਾ = ਨਿਰਦਇਤਾ। ਮਮਤਾ = ਮਲਕੀਅਤ ਦੀ ਲਾਲਸਾ। ਚੁਕਾਵੈ = ਦੂਰ ਕਰਦਾ ਹੈ। ਆਤਮ ਚੀਨੈ = ਆਪਣੇ ਆਪ ਨੂੰ ਪਛਾਣਦਾ ਹੈ, ਆਪਣੇ ਜੀਵਨ ਨੂੰ ਪਰਖਦਾ ਰਹਿੰਦਾ ਹੈ। ਪਾਖੰਡਿ = ਵਿਖਾਵੇ ਵਿਚ। ਰਾਇ = ਰਚ ਕੇ, ਰੁੱਝ ਕੇ। ਤਤੁ = ਅਸਲੀਅਤ। ਬੀਨੈ = ਵੇਖਦਾ, ਵੇਖ ਸਕਦਾ। ਨਿਰਾਹਾਰੁ = {ਨਿਰ = ਆਹਾਰੁ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਨਿਹਕੇਵਲੁ = {निष्कैवल्य} ਸੁੱਧ ਸਰੂਪ। ਸੂਚੈ = ਪਵਿੱਤਰ ਪ੍ਰਭੂ ਵਿਚ। ਸਾਚੇ = ਸਦਾ-ਥਿਰ ਪ੍ਰਭੂ ਦਾ ਰੂਪ। ਏਕਾਦਸੀ = ਚੰਦ ਦੇ ਹਿਸਾਬ ਪੂਰਨਮਾਸ਼ੀ ਜਾਂ ਮੱਸਿਆ ਤੋਂ ਗਿਆਰ੍ਹਵਾਂ ਦਿਨ। ਕਰਮ = ਕਾਂਡੀ ਲੋਕ ਉਸ ਦਿਨ ਵਰਤ ਰੱਖਦੇ ਹਨ, ਨਿਰਾਹਾਰ ਰਹਿੰਦੇ ਹਨ।੧੩।

ਅਰਥ: ਜਿਹੜਾ ਮਨੁੱਖ ਇਕ (ਪਰਮਾਤਮਾ) ਨੂੰ (ਆਪਣੇ) ਹਿਰਦੇ ਵਿਚ ਵਸਾਂਦਾ ਹੈ, (ਉਹ ਮਨੁੱਖ ਆਪਣੇ ਅੰਦਰੋਂ) ਨਿਰਦਇਤਾ, ਮਾਇਆ ਦੀ ਅਪਣੱਤ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ। (ਜਿਹੜਾ ਮਨੁੱਖ ਹਿੰਸਾ ਮੋਹ ਆਦਿਕ ਤੋਂ ਬਚੇ ਰਹਿਣ ਵਾਲਾ ਇਹ) ਵਰਤ (ਰੱਖਦਾ ਹੈ, ਉਹ ਇਸ ਵਰਤ ਦਾ ਇਹ) ਫਲ ਪ੍ਰਾਪਤ ਕਰਦਾ ਹੈ ਕਿ (ਸਦਾ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ। ਪਰ ਵਿਖਾਵੇ (ਦੇ ਵਰਤ) ਵਿਚ ਪਤੀਜ ਕੇ ਮਨੁੱਖ (ਸਾਰੇ ਜਗਤ ਦੇ) ਮੂਲ (ਪਰਮਾਤਮਾ ਨੂੰ) ਨਹੀਂ ਵੇਖ ਸਕਦਾ।

ਹੇ ਭਾਈ! ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਪਰਮਾਤਮਾ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ (ਉਹ ਹਰ ਵੇਲੇ ਹੀ ਬ੍ਰਤ-ਧਾਰੀ ਹੈ) , ਪਰਮਾਤਮਾ ਸੁੱਧ-ਸਰੂਪ ਹੈ, (ਜਿਹੜੇ ਮਨੁੱਖ ਉਸ) ਪਵਿੱਤਰ ਪ੍ਰਭੂ ਵਿਚ (ਜੁੜ ਕੇ) ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹਨਾਂ ਨੂੰ (ਵੀ ਵਿਕਾਰਾਂ ਦੀ) ਮੈਲ ਨਹੀਂ ਲੱਗਦੀ।੧੩।

ਜਹ ਦੇਖਉ ਤਹ ਏਕੋ ਏਕਾ ॥ ਹੋਰਿ ਜੀਅ ਉਪਾਏ ਵੇਕੋ ਵੇਕਾ ॥ ਫਲੋਹਾਰ ਕੀਏ ਫਲੁ ਜਾਇ ॥ ਰਸ ਕਸ ਖਾਏ ਸਾਦੁ ਗਵਾਇ ॥ ਕੂੜੈ ਲਾਲਚਿ ਲਪਟੈ ਲਪਟਾਇ ॥ ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥ {ਪੰਨਾ 840}

ਪਦਅਰਥ: ਜਹ = ਜਿੱਥੇ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਤਹ = ਉਥੇ। ਏਕੋ ਏਕਾ = ਇਕ ਪਰਮਾਤਮਾ ਹੀ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}ਹੋਰਿ ਜੀਅ = ਬਾਕੀ ਸਾਰੇ ਜੀਵ। ਵੇਕੋ ਵੇਕਾ = ਭਾਂਤ ਭਾਂਤ ਦੇ। ਫਲੋਹਾਰ = ਫਲਾਂ ਦਾ ਆਹਾਰ {ਏਕਾਦਸੀ ਦੇ ਵਰਤ ਤੇ ਅੰਨ ਛੱਡ ਕੇ ਕਰਮ = ਕਾਂਡੀ ਸਿਰਫ਼ ਫਲ ਖਾਂਦੇ ਹਨ, ਤੇ ਸਿਰਫ਼ ਇਤਨੇ ਉੱਦਮ ਨਾਲ ਹੀ ਵਰਤ ਦਾ ਫਲ ਮਿਲਦਾ ਸਮਝ ਲੈਂਦੇ ਹਨ। ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ'}ਰਸ ਕਸ = ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ। ਸਾਦੁ = ਸੁਆਦ, ਮਜ਼ਾ। ਲਾਲਚਿ = ਲਾਲਚ ਵਿਚ। ਕੂੜੈ ਲਾਲਚ = ਝੂਠੇ ਲਾਲਚ ਵਿਚ। ਲਪਟੈ = ਚੰਬੜਿਆ ਰਹਿੰਦਾ ਹੈ। ਛੂਟੈ = (ਲਾਲਚ ਤੋਂ) ਮੁਕਤ ਹੁੰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚ = ਸਦਾ-ਥਿਰ ਹਰਿ = ਨਾਮ ਦਾ ਸਿਮਰਨ।੧੪।

ਅਰਥ: ਮੈਂ ਜਿਧਰ ਵੇਖਦਾ ਹਾਂ, ਉਧਰ ਇਕ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ। (ਉਸ ਨੇ) ਭਾਂਤ ਭਾਂਤ ਦੇ ਇਹ ਸਾਰੇ ਜੀਵ ਪੈਦਾ ਕੀਤੇ ਹੋਏ ਹਨ (ਜੋ ਵਰਤ ਆਦਿਕ ਕਈ ਭਰਮਾਂ ਵਿਚ ਪਏ ਰਹਿੰਦੇ ਹਨ)

ਹੇ ਭਾਈ! ਏਕਾਦਸੀ ਵਾਲੇ ਦਿਨ ਅੰਨ ਛੱਡ ਕੇ) ਨਿਰੇ ਫਲ ਖਾਧਿਆਂ (ਵਰਤ ਦਾ ਅਸਲ) ਫਲ ਨਹੀਂ ਮਿਲਦਾ (ਅਸਲ ਵਰਤ ਹੈ 'ਵਿਕਾਰਾਂ ਵਲੋਂ ਪਰਹੇਜ਼', ਉਸ ਦਾ ਫਲ ਹੈ 'ਉੱਚਾ ਆਤਮਕ ਜੀਵਨ') । (ਅੰਨ ਦੇ ਥਾਂ) ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ (ਜੋ ਮਨੁੱਖ) ਖਾਂਦਾ ਹੈ, (ਉਹ ਤਾਂ ਉਂਞ ਹੀ ਵਰਤ ਦਾ) ਮਜ਼ਾ ਗਵਾ ਲੈਂਦਾ ਹੈ। (ਵਰਤ ਰੱਖਣ ਵਾਲਾ ਮਨੁੱਖ ਵਰਤ ਦੇ ਫਲ ਦੀ ਆਸ ਧਾਰ ਕੇ) ਮਾਇਆ ਦੇ ਲਾਲਚ ਵਿਚ ਫਸਿਆ ਹੀ ਰਹਿੰਦਾ ਹੈ। (ਇਸ ਲਾਲਚ ਤੋਂ ਉਹ ਮਨੁੱਖ) ਖ਼ਲਾਸੀ ਹਾਸਲ ਕਰਦਾ ਹੈ ਜਿਹੜਾ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ।੧੪।

ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥ ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥ ਜਾਗਤੁ ਜਾਗਿ ਰਹੈ ਲਿਵ ਲਾਇ ॥ ਗੁਰ ਪਰਚੈ ਤਿਸੁ ਕਾਲੁ ਨ ਖਾਇ ॥ ਅਤੀਤ ਭਏ ਮਾਰੇ ਬੈਰਾਈ ॥ ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥ {ਪੰਨਾ 840}

ਪਦਅਰਥ: ਦੁਆਦਸਿ = ਬਾਰ੍ਹਵੀਂ ਥਿਤਿ, ਪੂਰਨਮਾਸੀ ਜਾਂ ਮੱਸਿਆ ਤੋਂ ਬਾਰ੍ਹਵਾਂ ਦਿਨ। ਮੁਦ੍ਰਾ = ਮੁਹਰ, ਛਾਪ, ਭੇਖ ਦਾ ਚਿੰਨ੍ਹ। ਦੁਆਦਸਿ ਮੁਦ੍ਰਾ = ਭੇਖਾਂ ਦੇ ਬਾਰਾਂ ਚਿੰਨ੍ਹ {ਬ੍ਰਹਮਚਾਰੀ ਦੇ ਪੰਜ ਚਿੰਨ੍ਹ=ਜਨੇਊ, ਮ੍ਰਿਗਛਾਲਾ, ਮੁੰਞ ਦੀ ਤੜਾਗੀ, ਕਰਮੰਡਲ, ਸ਼ਿਖਾ। ਵੈਸ਼ਨਵ ਦੇ ਤਿੰਨ ਚਿੰਨ੍ਹ=ਤਿਲਕ, ਕੰਠੀ, ਤੁਲਸੀ ਮਾਲਾ। ਸ਼ੈਵ (ਸ਼ਿਵ = ਉਪਾਸ਼ਕ) ਦੇ ਦੋ ਚਿੰਨ੍ਹ=ਰੁਦ੍ਰਾਖ ਦੀ ਮਾਲਾ, ਤ੍ਰਿਪੁੰਡ੍ਰ (ਗਾਂ ਦੇ ਗੋਹੇ ਦੀ ਸੁਆਹ ਨਾਲ ਮੱਥੇ ਉੱਤੇ ਪਈਆਂ ਤਿੰਨ ਲਕੀਰਾਂ) ਜੋਗੀ ਦਾ ਇਕ ਚਿੰਨ੍ਹ=ਮੁੰਦਰਾਂ। ਸੰਨਿਆਸੀ ਦਾ ਇਕ ਚਿੰਨ੍ਹ=ਤ੍ਰਿਦੰਡ। (੫++++=੧੨)

ਦੁਆਦਸਿ ਮੁਦ੍ਰਾ ਮਨੁ = ਜਿਸ ਦਾ ਮਨ ਬਾਰਾਂ ਛਾਪਾਂ ਦਾ ਧਾਰਨੀ ਹੈ। ਅਉਧੂਤਾ = ਤਿਆਗੀ। ਅਹਿ = ਦਿਨ। ਨਿਸਿ = ਰਾਤ। ਜਾਗਹਿ = ਜਾਗਦੇ ਰਹਿੰਦੇ ਹਨ, ਸੁਚੇਤ ਰਹਿੰਦੇ ਹਨ। ਜਾਗਿ = ਜਾਗ ਕੇ। ਲਿਵ = ਸੁਰਤਿ। ਲਾਇ ਰਹੈ– ਜੋੜੀ ਰੱਖਦਾ ਹੈ। ਗੁਰ ਪਰਚੈ = ਗੁਰੂ ਦੇ ਉਪਦੇਸ਼ ਵਿਚ। ਕਾਲੁ = ਆਤਮਕ ਮੌਤ। ਅਤੀਤ = ਵਿਰਕਤ। ਬੈਰਾਈ = (ਕਾਮਾਦਿਕ) ਵੈਰੀ। ਤਹ = ਉਥੇ, ਉਸ ਟਿਕਾਣੇ ਤੇ।੧੫।

ਅਰਥ: ਹੇ ਭਾਈ! ਗੁਰੂ ਦੇ ਉਪਦੇਸ਼ ਵਿਚ ਜੁੜ ਕੇ ਜਿਹੜੇ ਮਨੁੱਖ) ਦਿਨ ਰਾਤ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ (ਮਾਇਆ ਦੇ ਮੋਹ ਦੀ ਨੀਂਦ ਵਿਚ) ਕਦੇ ਨਹੀਂ ਸੌਂਦੇ, (ਉਹੀ ਹਨ ਅਸਲ) ਤਿਆਗੀ, (ਉਹਨਾਂ ਦਾ) ਮਨ (ਮਾਨੋ, ਭੇਖਾਂ ਦੇ) ਬਾਰਾਂ ਹੀ ਚਿੰਨ੍ਹਾਂ ਦਾ ਧਾਰਨੀ ਹੁੰਦਾ ਹੈ। ਹੇ ਭਾਈ! ਗੁਰੂ ਦੇ ਉਪਦੇਸ਼ ਵਿਚ (ਟਿਕ ਕੇ ਜਿਹੜਾ ਮਨੁੱਖ ਮਾਇਆ ਦੇ ਹੱਲਿਆਂ ਵਲੋਂ) ਜਾਗਦਾ ਰਹਿੰਦਾ ਹੈ, ਅਤੇ ਸੁਚੇਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜੀ ਰੱਖਦਾ ਹੈ, ਉਸ (ਦੇ ਆਤਮਕ ਜੀਵਨ) ਨੂੰ (ਆਤਮਕ) ਮੌਤ ਖਾ ਨਹੀਂ ਸਕਦੀ।

ਨਾਨਕ ਬੇਨਤੀ ਕਰਦਾ ਹੈ-(ਜਿਨ੍ਹਾਂ ਮਨੁੱਖਾਂ ਨੇ) ਉਥੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜੀ ਹੋਈ ਹੈ, ਉਹਨਾਂ ਨੇ (ਕਾਮਾਦਿਕ) ਸਾਰੇ ਵੈਰੀ ਮੁਕਾ ਲਏ, ਉਹ (ਅਸਲ) ਤਿਆਗੀ ਬਣ ਗਏ।੧੫।

ਦੁਆਦਸੀ ਦਇਆ ਦਾਨੁ ਕਰਿ ਜਾਣੈ ॥ ਬਾਹਰਿ ਜਾਤੋ ਭੀਤਰਿ ਆਣੈ ॥ ਬਰਤੀ ਬਰਤ ਰਹੈ ਨਿਹਕਾਮ ॥ ਅਜਪਾ ਜਾਪੁ ਜਪੈ ਮੁਖਿ ਨਾਮ ॥ ਤੀਨਿ ਭਵਣ ਮਹਿ ਏਕੋ ਜਾਣੈ ॥ ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥ {ਪੰਨਾ 840}

ਪਦਅਰਥ: ਦੁਆਦਸੀ = ਬਾਰ੍ਹਵੀਂ ਥਿਤਿ। ਕਰਿ ਜਾਣੈ = ਕਰਨਾ ਜਾਣਦਾ ਹੈ। ਦਾਨੁ ਕਰਿ ਜਾਣੈ = ਦਾਨ ਕਰਨਾ ਜਾਣਦਾ ਹੈ। ਦਇਆ = ਪਿਆਰ। ਜਾਤੋ = ਜਾਂਦਾ, ਭਟਕਦਾ। ਆਣੈ = ਲਿਆਉਂਦਾ ਹੈ। ਬਰਤੀ ਬਰਤ = ਵਰਤਾਂ ਵਿਚੋਂ ਸ੍ਰੇਸ਼ਟ ਵਰਤ। ਨਿਹਕਾਮੁ = ਵਾਸਨਾ ਤੋਂ ਰਹਿਤ। ਅਜਪਾ ਜਾਪੁ = ਜਪਣ ਤੋਂ ਬਿਨਾ ਕੀਤਾ ਹੋਇਆ (ਕਿਸੇ ਮੰਤ੍ਰ ਦਾ) ਜਾਪ। ਮੁਖਿ = ਮੂੰਹ ਨਾਲ। ਜਪੈ = ਜਪਦਾ ਹੈ। ਤੀਨਿ ਭਵਣ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਏਕੋ = ਇਕ (ਪਰਮਾਤਮਾ) ਨੂੰ ਹੀ। ਸਭਿ = ਸਾਰੇ। ਸੰਜਮ = ਗਿਆਨ = ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਜਤਨ। ਸੁਚਿ = ਸਰੀਰਕ ਪਵਿੱਤ੍ਰਤਾ ਦੇ ਉੱਦਮ। ਸਾਚੁ = ਸਦਾ-ਥਿਰ ਪ੍ਰਭੂ। ਪਛਾਣੇ = ਸਾਂਝ ਪਾਂਦਾ ਹੈ।੧੬।

ਅਰਥ: ਹੇ ਭਾਈ! ਕਰਮ-ਕਾਂਡੀ ਮਨੁੱਖ ਕਿਸੇ ਵਰਤ ਆਦਿਕ ਸਮੇ ਮਾਇਆ ਦਾ ਦਾਨ ਕਰਦਾ ਹੈ, ਅਤੇ ਕਿਸੇ ਮੰਤ੍ਰ ਦਾ ਅਜਪਾ ਜਾਪ ਕਰਦਾ ਹੈ, ਪਰ ਜਿਹੜਾ ਮਨੁੱਖ ਬੰਦਿਆਂ ਵਿਚ) ਪਿਆਰ ਵੰਡਣਾ ਜਾਣਦਾ ਹੈ, ਬਾਹਰ ਭਟਕਦੇ ਮਨ ਨੂੰ (ਹਰਿ-ਨਾਮ ਦੀ ਸਹਾਇਤਾ ਨਾਲ ਆਪਣੇ) ਅੰਦਰ ਹੀ ਲੈ ਆਉਂਦਾ ਹੈ, ਜਿਹੜਾ ਮਨੁੱਖ ਵਾਸਨਾ-ਰਹਿਤ ਜੀਵਨ ਜੀਊਂਦਾ ਹੈ, ਅਤੇ ਮੂੰਹੋਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਮਨੁੱਖ (ਮਾਨੋ) ਅਜਪਾ ਜਾਪ ਕਰ ਰਿਹਾ ਹੈ। ਹੇ ਭਾਈ! ਜਿਹੜਾ ਮਨੁੱਖ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝਦਾ ਹੈ, ਅਤੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ (ਮਾਨੋ) ਸਰੀਰਕ ਪਵਿਤ੍ਰੱਤਾ ਦੇ ਸਾਰੇ ਉੱਦਮ ਕਰ ਰਿਹਾ ਹੈ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰਨ ਦੇ ਸਾਰੇ ਜਤਨ ਕਰ ਰਿਹਾ ਹੈ।੧੬।

ਤੇਰਸਿ ਤਰਵਰ ਸਮੁਦ ਕਨਾਰੈ ॥ ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥ ਡਰ ਡਰਿ ਮਰੈ ਨ ਬੂਡੈ ਕੋਇ ॥ ਨਿਡਰੁ ਬੂਡਿ ਮਰੈ ਪਤਿ ਖੋਇ ॥ ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥ ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥ {ਪੰਨਾ 840}

ਪਦਅਰਥ: ਤੇਰਸਿ = ਤੇਰ੍ਹਵੀਂ ਥਿਤਿ। ਕਨਾਰੈ = ਕੰਢੇ ਤੇ। ਤਰਵਰ = ਰੁੱਖ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਮੂਲੁ = ਮੁੱਢ, ਜੜ੍ਹ। ਸਿਖਰਿ = ਸਿਖਰ ਤੇ। ਲਿਵ ਤਾਰੈ = ਲਿਵ ਦੀ ਤਾਰ ਵਿਚ। ਡਰ = (ਸੰਸਾਰਕ) ਡਰਾਂ ਨਾਲ। ਡਰਿ ਮਰੈ ਨ = ਡਰ ਕੇ ਨਹੀਂ ਮਰਦਾ। ਨ ਬੂਡੈ = ਨਹੀਂ ਡੁੱਬਦਾ। ਨਿਡਰੁ = (ਪਰਮਾਤਮਾ ਦਾ) ਡਰ = ਅਦਬ ਨਾਹ ਰੱਖਣ ਵਾਲਾ। ਬੂਡਿ = (ਵਿਕਾਰਾਂ ਵਿਚ) ਡੁੱਬ ਕੇ। ਮਰੈ = ਆਤਮਕ ਮੌਤ ਸਹੇੜਦਾ ਹੈ। ਪਤਿ = ਇੱਜ਼ਤ। ਖੋਇ = ਗਵਾ ਕੇ। ਘਰੁ = ਟਿਕਾਣਾ। ਘਰ ਮਹਿ = ਹਿਰਦੇ = ਘਰ ਵਿਚ। ਜਾਣੈ = (ਜਿਹੜਾ ਮਨੁੱਖ) ਜਾਣਦਾ ਹੈ। ਤਖਤਿ = ਤਖ਼ਤ ਉੱਤੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ।੧੭।

ਅਰਥ: ਹੇ ਭਾਈ! ਜਿਵੇਂ) ਸਮੁੰਦਰ ਦੇ ਕੰਢੇ ਉੱਤੇ ਉੱਗੇ ਹੋਏ ਰੁੱਖ ਦੀ (ਪਾਂਇਆਂ ਹੈ, ਤਿਵੇਂ ਇਹ ਸਰੀਰ ਹੈ। ਪਰ ਜਿਹੜਾ ਮਨੁੱਖ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ (ਆਪਣੇ ਜੀਵਨ ਦੀ) ਜੜ੍ਹ ਬਣਾਂਦਾ ਹੈ, (ਉੱਕੀ) ਸੁਰਤਿ ਦੀ ਡੋਰ ਦੀ ਬਰਕਤ ਨਾਲ ਉਹ ਸਿਖਰ ਤੇ (ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ) । (ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਹੈ, ਉਹ ਸੰਸਾਰਕ) ਡਰਾਂ ਨਾਲ ਡਰ ਡਰ ਕੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਵਿਕਾਰਾਂ ਦੇ ਸਮੁੰਦਰ ਵਿਚ) ਨਹੀਂ ਡੁੱਬਦਾ। (ਪਰ ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ ਮਨੁੱਖ (ਲੋਕ ਪਰਲੋਕ ਦੀ) ਇੱਜ਼ਤ ਗਵਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਡਰ-ਅਦਬ ਵਿਚ (ਆਪਣਾ) ਟਿਕਾਣਾ ਬਣਾਈ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਹਿਰਦੇ-ਘਰ ਵਿਚ (ਪ੍ਰਭੂ ਦਾ) ਡਰ ਅਦਬ ਵਸਾਈ ਰੱਖਣਾ ਜਾਣਦਾ ਹੈ, ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਦਾ-ਥਿਰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੇ ਰੱਬੀ) ਤਖ਼ਤ ਉੱਤੇ ਨਿਵਾਸ ਮਿਲਦਾ ਹੈ।੧੭।

ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥ ਰਾਜਸ ਤਾਮਸ ਸਤ ਕਾਲ ਸਮਾਵੈ ॥ ਸਸੀਅਰ ਕੈ ਘਰਿ ਸੂਰੁ ਸਮਾਵੈ ॥ ਜੋਗ ਜੁਗਤਿ ਕੀ ਕੀਮਤਿ ਪਾਵੈ ॥ ਚਉਦਸਿ ਭਵਨ ਪਾਤਾਲ ਸਮਾਏ ॥ ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥ {ਪੰਨਾ 480}

ਪਦਅਰਥ: ਚਉਦਸਿ = ਪੂਰਨਮਾਸ਼ੀ ਤੋਂ ਚੌਧਵਾਂ ਦਿਨ। ਚਉਥੇ ਥਾਵਹਿ = ਚੌਥੇ ਥਾਂ ਨੂੰ, ਉਸ ਆਤਮਕ ਟਿਕਾਣੇ ਨੂੰ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਤੁਰੀਆਵਸਥਾ। ਲਹਿ ਪਾਵੈ = ਲੱਭ ਲੈਂਦਾ ਹੈ, ਹਾਸਲ ਕਰ ਲੈਂਦਾ ਹੈ। ਰਾਜਸ ਤਾਮਸ ਸਤ = ਰਜੋ ਗੁਣ, ਤਮੋ ਗੁਣ, ਸਤੋ ਗੁਣ। ਕਾਲ = ਸਮਾ। ਸਮਾਵੈ = ਲੀਨ ਹੋ ਜਾਂਦਾ ਹੈ। ਸਸੀਅਰ = ਚੰਦ੍ਰਮਾ। ਕੈ ਘਰਿ = ਦੇ ਘਰ ਵਿਚ। ਸਸੀਅਰ ਕੈ ਘਰਿ = ਸ਼ਾਂਤੀ ਦੇ ਘਰ ਵਿਚ। ਸੂਰੁ = ਸੂਰਜ, ਤਪਸ਼, ਮਨ ਦੀ ਤਪਸ਼। ਜੋਗ ਜੁਗਤਿ = ਪ੍ਰਭੂ = ਮਿਲਾਪ ਦਾ ਤਰੀਕਾ। ਕੀਮਤਿ = ਕਦਰ, ਸਾਰ। ਚਉਦਸਿ ਭਵਨ = ਚੌਦਾਂ ਭਵਨਾਂ ਵਿਚ। ਲਿਵ ਲਾਏ = ਸੁਰਤਿ ਜੋੜਦਾ ਹੈ।੧੮।

ਅਰਥ: (ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ) ਤੁਰੀਆ ਅਵਸਥਾ ਨੂੰ ਲੱਭ ਲੈਂਦਾ ਹੈ, ਤਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ (ਮਾਇਆ ਦਾ ਇਹ ਹਰੇਕ ਗੁਣ ਉਸ ਚੌਥੇ ਪਦ ਵਿਚ) ਲੀਨ ਹੋ ਜਾਂਦਾ ਹੈ। ਸ਼ਾਂਤੀ ਦੇ ਘਰ ਵਿਚ (ਮਨੁੱਖ ਦੇ ਮਨ ਦੀ) ਤਪਸ਼ ਸਮਾ ਜਾਂਦੀ ਹੈ, (ਉਸ ਵੇਲੇ ਮਨੁੱਖ ਪਰਮਾਤਮਾ ਨਾਲ) ਮਿਲਾਪ ਦੀ ਜੁਗਤੀ ਦੀ ਕਦਰ ਸਮਝਦਾ ਹੈ। ਤਦੋਂ ਮਨੁੱਖ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਹੜਾ ਖੰਡਾਂ ਬ੍ਰਹਮੰਡਾਂ ਵਿਚ ਚੌਦਾਂ ਭਵਨਾਂ ਵਿਚ ਪਾਤਾਲਾਂ ਵਿਚ ਹਰ ਥਾਂ ਸਮਾਇਆ ਹੋਇਆ ਹੈ।੧੮।

ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥ ਬੂਝਹੁ ਗਿਆਨੀ ਸਬਦੁ ਬੀਚਾਰਿ ॥ ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥ ਕਰਿ ਕਰਿ ਵੇਖੈ ਕਰਤਾ ਸੋਈ ॥ ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥ ਮਨਮੁਖਿ ਭੂਲੇ ਆਵਹਿ ਜਾਹਿ ॥੧੯॥ {ਪੰਨਾ 840}

ਪਦਅਰਥ: ਗੁਪਤੁ = ਲੁਕਿਆ ਹੋਇਆ। ਗੈਣਾਰਿ = ਆਕਾਸ਼ ਵਿਚ। ਬੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ। ਗਿਆਨੀ = ਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ! ਸਸੀਅਰੁ = ਚੰਦ੍ਰਮਾ। ਗਗਨਿ = ਆਕਾਸ਼ ਵਿਚ। ਤਿਹੁ ਲੋਈ = ਤਿੰਨ ਲੋਕਾਂ ਵਿਚ, ਤਿੰਨ ਭਵਨਾਂ ਵਿਚ, ਸਾਰੇ ਸੰਸਾਰ ਵਿਚ। ਕਰਿ = ਪੈਦਾ ਕਰ ਕੇ। ਵੇਖੈ = ਸੰਭਾਲ ਕਰਦਾ ਹੈ। ਕਰਤਾ ਸੋਈ = ਉਹ ਕਰਤਾਰ ਹੀ। ਤੇ = ਤੋਂ, ਪਾਸੋਂ। ਦੀਸੈ = ਦਿੱਸ ਪੈਂਦਾ ਹੈ। ਸੋ = ਉਹ (ਮਨੁੱਖ) ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}ਤਿਸ ਹੀ ਮਾਹਿ = ਉਸ (ਪਰਮਾਤਮਾ) ਵਿਚ ਹੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਆਵਹਿ = ਜੰਮਦੇ ਹਨ। ਜਾਹਿ = ਮਰਦੇ ਹਨ।੧੯।

ਅਰਥ: ਹੇ ਭਾਈ! ਜਿਵੇਂ) ਮੱਸਿਆ ਨੂੰ ਚੰਦ ਆਕਾਸ਼ ਵਿਚ ਗੁਪਤ ਰਹਿੰਦਾ ਹੈ (ਤਿਵੇਂ ਪਰਮਾਤਮਾ ਹਰੇਕ ਹਿਰਦੇ ਵਿਚ ਗੁਪਤ ਵੱਸ ਰਿਹਾ ਹੈ) ਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਹੀ ਇਸ ਭੇਤ ਨੂੰ) ਸਮਝ ਸਕੋਗੇ। (ਜਿਵੇਂ) ਚੰਦ੍ਰਮਾ ਆਕਾਸ਼ ਵਿਚ (ਹਰ ਪਾਸੇ ਚਾਨਣ ਦੇ ਰਿਹਾ ਹੈ, ਤਿਵੇਂ ਪਰਮਾਤਮਾ ਦੀ) ਜੋਤਿ ਸਾਰੇ ਸੰਸਾਰ ਵਿਚ (ਜੀਵਨ-ਸੱਤਾ ਦੇ ਰਹੀ ਹੈ) ਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਮਿਲ ਜਾਂਦੀ ਹੈ, ਉਹ ਮਨੁੱਖ ਉਸ ਪਰਮਾਤਮਾ ਵਿਚ ਹੀ ਸਦਾ ਲੀਨ ਰਹਿੰਦਾ ਹੈ।

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।੧੯।

ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥ ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥ ਜਹ ਆਸਾ ਤਹ ਬਿਨਸਿ ਬਿਨਾਸਾ ॥ ਫੂਟੈ ਖਪਰੁ ਦੁਬਿਧਾ ਮਨਸਾ ॥ ਮਮਤਾ ਜਾਲ ਤੇ ਰਹੈ ਉਦਾਸਾ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥ {ਪੰਨਾ 840}

ਪਦਅਰਥ: ਥਾਪਿ = ਥਾਪ ਕੇ, ਪੱਕਾ ਟਿਕਾਣਾ ਬਣਾ ਕੇ। ਘਰੁ ਦਰੁ = ਪ੍ਰਭੂ = ਚਰਨਾਂ ਨੂੰ, ਪ੍ਰਭੂ ਦੇ ਦਰ ਨੂੰ। ਥਿਰੁ = ਟਿਕ ਕੇ। ਥਾਨਿ = (ਉਸ) ਥਾਂ ਵਿਚ, ਪ੍ਰਭੂ = ਚਰਨਾਂ ਵਿਚ। ਸੁਹਾਵੈ = ਸੋਹਣਾ ਬਣ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਰਖਦਾ ਹੈ। ਜਾ = ਜਦੋਂ। ਪਾਵੈ = ਮਿਲਾਪ ਹਾਸਲ ਕਰਦਾ ਹੈ। ਜਹ = ਜਿੱਥੇ, ਜਿਸ ਹਿਰਦੇ ਵਿਚ। ਤਹ = ਉਸ ਹਿਰਦੇ ਵਿਚ। ਬਿਨਸਿ = ਨਾਸ ਹੋ ਕੇ, ਆਸਾਂ ਦਾ ਨਾਸ ਹੋ ਕੇ। ਬਿਨਾਸਾ = ਆਸਾਂ ਦਾ ਅਭਾਵ। ਫੂਟੈ = ਟੁੱਟ ਜਾਂਦਾ ਹੈ। ਖਪਰੁ = ਭਾਂਡਾ। ਦੁਬਿਧਾ = ਮੇਰ = ਤੇਰ। ਮਨਸਾ = {मनीषा} ਮਨ ਦਾ ਫੁਰਨਾ। ਤੇ = ਤੋਂ। ਮਮਤਾ = ਅਪਣੱਤ, ਮਲਕੀਅਤ ਦੀ ਤਾਂਘ। ਤਾ ਕੇ = ਉਸ (ਮਨੁੱਖ) ਦੇ।੨੦।

ਅਰਥ: ਹੇ ਭਾਈ! ਜਦੋਂ ਮਨੁੱਖ ਗੁਰੂ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, ਤਦੋਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦੇਂਦਾ ਹੈ, ਅਤੇ ਪ੍ਰਭੂ-ਚਰਨਾਂ ਨੂੰ ਪ੍ਰਭੂ ਦੇ ਦਰ ਨੂੰ (ਆਪਣਾ) ਪੱਕਾ ਆਸਰਾ ਬਣਾ ਕੇ ਉਸ ਥਾਂ ਵਿਚ (ਪ੍ਰਭੂ-ਚਰਨਾਂ ਵਿਚ) ਟਿਕ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਜਿਸ ਹਿਰਦੇ ਵਿਚ (ਪਹਿਲਾਂ ਦੁਨੀਆ ਵਾਲੀਆਂ) ਆਸਾਂ (ਹੀ ਆਸਾਂ ਟਿਕੀਆਂ ਰਹਿੰਦੀਆਂ ਸਨ) ਉਥੇ ਆਸਾਂ ਦਾ ਪੂਰਨ ਅਭਾਵ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਮੇਰ-ਤੇਰ ਅਤੇ ਮਨ ਦੇ ਫੁਰਨਿਆਂ ਦਾ ਭਾਂਡਾ (ਹੀ) ਭੱਜ ਜਾਂਦਾ ਹੈ। ਉਹ ਮਨੁੱਖ (ਮਾਇਆ ਦੀ) ਮਮਤਾ ਦੇ ਜਾਲ ਤੋਂ ਵੱਖਰਾ ਰਹਿੰਦਾ ਹੈ। ਨਾਨਕ ਬੇਨਤੀ ਕਰਦਾ ਹੈ-ਮੈਂ ਇਹੋ ਜਿਹੇ ਮਨੁੱਖ ਦਾ (ਸਦਾ) ਦਾਸ ਹਾਂ।੨੦।੧।

TOP OF PAGE

Sri Guru Granth Darpan, by Professor Sahib Singh