ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 841

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦    ੴ ਸਤਿਗੁਰ ਪ੍ਰਸਾਦਿ ॥ ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥ ਆਪੇ ਵਰਤੈ ਅਵਰੁ ਨ ਕੋਈ ॥ ਓਤਿ ਪੋਤਿ ਜਗੁ ਰਹਿਆ ਪਰੋਈ ॥ ਆਪੇ ਕਰਤਾ ਕਰੈ ਸੁ ਹੋਈ ॥ ਨਾਮਿ ਰਤੇ ਸਦਾ ਸੁਖੁ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੧॥ ਹਿਰਦੈ ਜਪਨੀ ਜਪਉ ਗੁਣਤਾਸਾ ॥ ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥ {ਪੰਨਾ 841}

ਪਦਅਰਥ: ਆਦਿਤ = {आदित्य} ਸੂਰਜ। ਵਾਰਿ = ਵਾਰ ਵਿਚ, ਵਾਰ ਦੀ ਰਾਹੀਂ। ਆਦਿਤ ਵਾਰਿ = ਇਤਵਾਰ ਦੀ ਰਾਹੀਂ, ਸੂਰਜ ਦੇ ਦਿਨ ਦੀ ਰਾਹੀਂ। ਆਦਿ = ਸਭ ਦਾ ਮੂਲ। ਪੁਰਖੁ = ਸਰਬ = ਵਿਆਪਕ ਪ੍ਰਭੂ! ਸੋਈ = ਉਹ ਆਪ ਹੀ। ਆਪੇ = ਆਪ ਹੀ। ਵਰਤੈ = (ਹਰ ਥਾਂ) ਮੌਜੂਦ ਹੈ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ {ओत प्रोत}ਰਹਿਆ ਪਰੋਈ = ਪ੍ਰੋ ਰਿਹਾ ਹੈ। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ ਨੂੰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।੧।

ਹਿਰਦੈ = ਹਿਰਦੇ ਵਿਚ। ਜਪਨੀ = ਮਾਲਾ। ਜਪਉ = ਜਪਉਂ, ਮੈਂ ਜਪਦਾ ਹਾਂ। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਅਗਮ = ਅਪਹੁੰਚ। ਅਗੋਚਰੁ = {ਅ = ਗੋ = ਚਰੁ। ਗੋ = ਗਿਆਨ = ਇੰਦ੍ਰੇ। ਚਰੁ = ਪਹੁੰਚ} ਜੋ ਗਿਆਨ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਅਪਰੰਪਰ = ਪਰੇ ਤੋਂ ਪਰੇ। ਜਨ ਪਗਿ = ਸੰਤ ਜਨਾਂ ਦੀ ਪੈਰੀਂ। ਲਗਿ = ਲੱਗ ਕੇ। ਹੋਇ = ਬਣ ਕੇ। ਧਿਆਵਉ = ਧਿਆਵਉਂ, ਮੈਂ ਸਿਮਰਦਾ ਹਾਂ।੧।ਰਹਾਉ।

ਨੋਟ: ਮ: ੧ ਦੀ ਬਾਣੀ 'ਥਿਤੀ' ਦੀ 'ਰਹਾਉ' ਦੀ ਤੁਕ ਗਹੁ ਨਾਲ ਪੜ੍ਹੋ-"ਕਿਆ ਜਪੁ ਜਾਪਉ ਬਿਨੁ ਜਗਦੀਸੈ'। 'ਵਾਰ ਸਤ' ਦੀ ਭੀ 'ਰਹਾਉ' ਦੀ ਤੁਕ ਵੇਖੋ-'ਹਿਰਦੈ ਜਪਨੀ ਜਪਉ ਗੁਣ ਤਾਸਾ'ਲਫ਼ਜ਼ਾਂ ਦੀ ਸਾਂਝ ਦੱਸਦੀ ਹੈ ਕਿ ਬਾਣੀ 'ਥਿਤੀ' ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ, ਜਦੋਂ ਉਹਨਾਂ 'ਵਾਰ ਸਤ' ਬਾਣੀ ਲਿਖੀ। ਦੋਹਾਂ ਦਾ 'ਘਰੁ ੧੦' ਹੈ।

ਅਰਥ: ਹੇ ਭਾਈ! ਸਾਰੇ ਜਗਤ ਦਾ) ਮੂਲ ਉਹ ਅਕਾਲ ਪੁਰਖ ਆਪ ਹੀ (ਸਭ ਥਾਂ) ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ। ਉਹ ਪਰਮਾਤਮਾ ਸਾਰੇ ਜਗਤ ਨੂੰ ਤਾਣੇ ਪੇਟੇ ਵਾਂਗ (ਆਪਣੀ ਰਜ਼ਾ ਵਿਚ) ਪ੍ਰੋ ਰਿਹਾ ਹੈ। (ਜਗਤ ਵਿਚ) ਉਹ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰਦਾ ਹੈ। ਉਸ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ। ਪਰ ਕੋਈ ਵਿਰਲਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।੧।

ਹੇ ਭਾਈ! ਮੈਂ (ਆਪਣੇ) ਹਿਰਦੇ ਵਿਚ ਗੁਣਾਂ ਦੇ ਖ਼ਜ਼ਾਨੇ (ਪਰਮਾਤਮਾ ਦੇ ਨਾਮ) ਨੂੰ ਜਪਦਾ ਹਾਂ (ਇਹੀ ਹੈ ਮੇਰੀ) ਮਾਲਾ। ਪਰਮਾਤਮਾ ਅਪਹੁੰਚ ਹੈ, ਪਰੇ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਤਾਂ ਸੰਤ ਜਨਾਂ ਦੀ ਚਰਨੀਂ ਲੱਗ ਕੇ ਸੰਤ ਜਨਾਂ ਦੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ।੧।ਰਹਾਉ।

ਸੋਮਵਾਰਿ ਸਚਿ ਰਹਿਆ ਸਮਾਇ ॥ ਤਿਸ ਕੀ ਕੀਮਤਿ ਕਹੀ ਨ ਜਾਇ ॥ ਆਖਿ ਆਖਿ ਰਹੇ ਸਭਿ ਲਿਵ ਲਾਇ ॥ ਜਿਸੁ ਦੇਵੈ ਤਿਸੁ ਪਲੈ ਪਾਇ ॥ ਅਗਮ ਅਗੋਚਰੁ ਲਖਿਆ ਨ ਜਾਇ ॥ ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥ {ਪੰਨਾ 841}

ਪਦਅਰਥ: ਸਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਤਿਸ ਕੀ = {ਸੰਬੰਧਕ 'ਕੀ' ਕਾਰਨ ਲਫ਼ਜ਼ 'ਤਿਸੁ ਦਾ ੁ ਉੱਡ ਗਿਆ ਹੈ}ਆਖਿ ਆਖਿ = ਆਖ ਆਖ ਕੇ। ਰਹੇ = ਥੱਕ ਗਏ। ਸਭਿ = ਸਾਰੇ। ਲਿਵ ਲਾਇ = ਸੁਰਤਿ ਜੋੜ ਕੇ। ਦੇਵੈ = (ਸਿਫ਼ਤਿ-ਸਾਲਾਹ ਦੀ ਦਾਤਿ ਪ੍ਰਭੂ ਆਪ) ਦੇਂਦਾ ਹੈ। ਤਿਸੁ ਪਲੈ ਪਾਇ = ਉਸ ਦੇ ਪੱਲੇ ਵਿਚ ਪੈਂਦੀ ਹੈ, ਉਸ ਨੂੰ ਮਿਲਦੀ ਹੈ। ਲਖਿਆ ਨ ਜਾਇ = (ਸਹੀ ਸਰੂਪ) ਬਿਆਨ ਨਹੀਂ ਕੀਤਾ ਜਾ ਸਕਦਾ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਹਿਆ ਸਮਾਇ = ਲੀਨ ਹੋਇਆ ਰਹਿੰਦਾ ਹੈ।੨।

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਹੋਇਆ ਰਹਿੰਦਾ ਹੈ (ਉਸ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। (ਪਰ ਇਹ ਸਿਮਰਨ ਤੇ ਯਾਦ ਦੀ ਦਾਤਿ) ਜਿਸ (ਮਨੁੱਖ) ਨੂੰ (ਪਰਮਾਤਮਾ ਆਪ) ਦੇਂਦਾ ਹੈ, ਉਸ ਨੂੰ (ਹੀ) ਮਿਲਦੀ ਹੈ, (ਆਪਣੇ ਉੱਦਮ ਨਾਲ ਸੁਰਤਾਂ ਜੋੜਨ ਵਾਲੇ ਅਤੇ ਸਿਫ਼ਤਾਂ ਆਖਣ ਵਾਲੇ ਮਨੁੱਖ) ਸਿਫ਼ਤਾਂ ਆਖ ਆਖ ਕੇ ਅਤੇ ਸੁਰਤਿ ਜੋੜ ਜੋੜ ਕੇ ਸਾਰੇ ਹੀ ਥੱਕ ਜਾਂਦੇ ਹਨ।

ਹੇ ਭਾਈ! ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਪਰਮਾਤਮਾ ਵਿਚ ਲੀਨ ਰਹਿ ਸਕਦਾ ਹੈ।੨।

ਮੰਗਲਿ ਮਾਇਆ ਮੋਹੁ ਉਪਾਇਆ ॥ ਆਪੇ ਸਿਰਿ ਸਿਰਿ ਧੰਧੈ ਲਾਇਆ ॥ ਆਪਿ ਬੁਝਾਏ ਸੋਈ ਬੂਝੈ ॥ ਗੁਰ ਕੈ ਸਬਦਿ ਦਰੁ ਘਰੁ ਸੂਝੈ ॥ ਪ੍ਰੇਮ ਭਗਤਿ ਕਰੇ ਲਿਵ ਲਾਇ ॥ ਹਉਮੈ ਮਮਤਾ ਸਬਦਿ ਜਲਾਇ ॥੩॥ {ਪੰਨਾ 841}

ਪਦਅਰਥ: ਮੰਗਲਿ = ਮੰਗਲ (ਵਾਰ) ਦੀ ਰਾਹੀਂ। ਆਪੇ = ਆਪ ਹੀ। ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ (ਜੀਵ ਦੇ) ਸਿਰ ਉੱਤੇ। ਧੰਧੈ = (ਮਾਇਆ ਦੇ) ਧੰਧੇ ਵਿਚ। ਬੁਝਾਏ = ਸਮਝ ਬਖ਼ਸ਼ਦਾ ਹੈ। ਬੂਝੈ = ਸਮਝਦਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਦਰੁ ਘਰੁ = ਪਰਮਾਤਮਾ ਦਾ ਦਰਵਾਜ਼ਾ, ਪਰਮਾਤਮਾ ਦਾ ਟਿਕਾਣਾ। ਸੂਝੈ = ਦਿੱਸਦਾ ਹੈ। ਲਿਵ ਲਾਇ = ਸੁਰਤਿ ਜੋੜ ਕੇ। ਸਬਦਿ = ਸ਼ਬਦ ਦੀ ਰਾਹੀਂ।੩।

ਅਰਥ: ਹੇ ਭਾਈ! ਪਰਮਾਤਮਾ ਨੇ) ਮਾਇਆ ਦਾ ਮੋਹ (ਆਪ ਹੀ) ਪੈਦਾ ਕੀਤਾ ਹੈ, ਆਪ ਹੀ (ਇਸ ਮੋਹ ਨੂੰ) ਹਰੇਕ (ਜੀਵ ਦੇ) ਸਿਰ ਉੱਤੇ (ਥਾਪ ਕੇ ਹਰੇਕ ਨੂੰ ਮਾਇਆ ਦੇ) ਧੰਧੇ ਵਿਚ ਲਾਇਆ ਹੋਇਆ ਹੈ। ਜਿਸ ਮਨੁੱਖ ਨੂੰ (ਪਰਮਾਤਮਾ) ਆਪ ਸਮਝ ਬਖ਼ਸ਼ਦਾ ਹੈ, ਉਹੀ (ਇਸ ਮੋਹ ਦੀ ਖੇਡ ਨੂੰ) ਸਮਝਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ (ਪਰਮਾਤਮਾ ਦਾ) ਦਰ-ਘਰ ਦਿੱਸ ਪੈਂਦਾ ਹੈ। ਉਹ ਮਨੁੱਖ ਸੁਰਤਿ ਜੋੜ ਕੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ, (ਤੇ, ਇਸ ਤਰ੍ਹਾਂ) ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਅਤੇ (ਮਾਇਆ ਦੀ) ਮਮਤਾ ਸਾੜ ਲੈਂਦਾ ਹੈ।੩।

ਬੁਧਵਾਰਿ ਆਪੇ ਬੁਧਿ ਸਾਰੁ ॥ ਗੁਰਮੁਖਿ ਕਰਣੀ ਸਬਦੁ ਵੀਚਾਰੁ ॥ ਨਾਮਿ ਰਤੇ ਮਨੁ ਨਿਰਮਲੁ ਹੋਇ ॥ ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥ ਦਰਿ ਸਚੈ ਸਦ ਸੋਭਾ ਪਾਏ ॥ ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥ ਲਾਹਾ ਨਾਮੁ ਪਾਏ ਗੁਰ ਦੁਆਰਿ ॥ ਆਪੇ ਦੇਵੈ ਦੇਵਣਹਾਰੁ ॥ ਜੋ ਦੇਵੈ ਤਿਸ ਕਉ ਬਲਿ ਜਾਈਐ ॥ ਗੁਰ ਪਰਸਾਦੀ ਆਪੁ ਗਵਾਈਐ ॥ ਨਾਨਕ ਨਾਮੁ ਰਖਹੁ ਉਰ ਧਾਰਿ ॥ ਦੇਵਣਹਾਰੇ ਕਉ ਜੈਕਾਰੁ ॥੫॥ {ਪੰਨਾ 481}

ਪਦਅਰਥ: ਆਪੇ = ਆਪ ਹੀ (ਦੇਂਦਾ ਹੈ) ਬੁਧਿ ਸਾਰੁ = ਬੁੱਧੀ ਦਾ ਸਾਰ, ਸ੍ਰੇਸ਼ਟ ਬੁੱਧੀ {ਸਾਰੁ = ਤੱਤ, ਨਚੋੜ}ਗੁਰਮੁਖਿ = ਗੁਰੂ ਦੇ ਸਨਮੁਖ ਰੱਖ ਕੇ, ਗੁਰੂ ਦੀ ਰਾਹੀਂ। ਕਰਣੀ = ਚੰਗਾ ਆਚਰਨ। ਵੀਚਾਰੁ = (ਗੁਣਾਂ ਨੂੰ) ਮਨ ਵਿਚ ਵਸਾਣਾ। ਨਾਮਿ ਰਤੇ ਮਨੁ = ਨਾਮੁ ਵਿਚ ਰੰਗੇ ਹੋਏ (ਮਨੁੱਖ) ਦਾ ਮਨ। ਖੋਇ = ਦੂਰ ਕਰ ਕੇ। ਦਰਿ = ਦਰ ਤੇ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਦ = ਸਦਾ। ਨਾਮਿ ਰਤੇ = ਨਾਮ ਵਿਚ ਰੰਗੇ ਹੋਏ ਮਨੁੱਖ। ਸਬਦਿ = ਸ਼ਬਦ ਦੀ ਰਾਹੀਂ। ਸੁਹਾਏ = ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।੪।

ਲਾਹਾ = ਲਾਭ। ਗੁਰ ਦੁਆਰਿ = ਗੁਰੂ ਦੇ ਦਰ ਤੇ। ਦੇਵਣਹਾਰੁ = ਦੇ ਸਕਣ ਵਾਲਾ ਪ੍ਰਭੂ। ਜੋ = ਜਿਹੜਾ ਪ੍ਰਭੂ। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}ਬਲਿ ਜਾਈਐ = ਕੁਰਬਾਨ ਜਾਣਾ ਚਾਹੀਦਾ ਹੈ। ਪਰਸਾਦੀ = ਕਿਰਪਾ ਨਾਲ, ਪਰਸਾਦਿ। ਆਪੁ = ਆਪਾ = ਭਾਵ, ਹਉਮੈ। ਗਵਾਈਐ = ਦੂਰ ਕਰਨਾ ਚਾਹੀਦਾ ਹੈ। ਉਰ = ਹਿਰਦਾ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ। ਕਉ = ਨੂੰ। ਜੈਕਾਰੁ = ਸਿਫ਼ਤਿ-ਸਾਲਾਹ, ਵਡਿਆਈ।੫।

ਅਰਥ: ਹੇ ਭਾਈ! ਪਰਮਾਤਮਾ) ਆਪ ਹੀ (ਮਨੁੱਖ ਨੂੰ) ਗੁਰੂ ਦੀ ਸਰਨ ਵਿਚ ਰੱਖ ਕੇ ਸ੍ਰੇਸ਼ਟ ਬੁੱਧੀ, ਉੱਚਾ ਆਚਰਨ, ਸਿਫ਼ਤਿ-ਸਾਲਾਹ ਅਤੇ (ਆਪਣੇ ਗੁਣਾਂ ਦੀ) ਵਿਚਾਰ (ਬਖ਼ਸ਼ਦਾ ਹੈ, ਇਸ ਤਰ੍ਹਾਂ ਉਸ ਦੇ) ਨਾਮ ਵਿਚ ਰੰਗੇ ਹੋਏ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, (ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਸੋਭਾ ਖੱਟਦਾ ਹੈ।

ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।੪।

ਹੇ ਭਾਈ! ਗੁਰੂ ਦੇ ਦਰ ਤੇ (ਰਹਿ ਕੇ ਮਨੁੱਖ ਪਰਮਾਤਮਾ ਦਾ) ਨਾਮ-ਲਾਭ ਖੱਟ ਲੈਂਦਾ ਹੈ, (ਪਰ ਇਹ ਦਾਤਿ ਹੈ, ਤੇ ਇਹ ਦਾਤਿ) ਦੇਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ। ਸੋ, ਜਿਹੜਾ ਪ੍ਰਭੂ (ਇਹ ਦਾਤਿ) ਦੇਂਦਾ ਹੈ ਉਸ ਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ, ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਨਾ ਚਾਹੀਦਾ ਹੈ।

ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ, ਤੇ, ਉਸ ਸਭ ਕੁਝ ਦੇ ਸਕਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹੋ।੫।

ਵੀਰਵਾਰਿ ਵੀਰ ਭਰਮਿ ਭੁਲਾਏ ॥ ਪ੍ਰੇਤ ਭੂਤ ਸਭਿ ਦੂਜੈ ਲਾਏ ॥ ਆਪਿ ਉਪਾਏ ਕਰਿ ਵੇਖੈ ਵੇਕਾ ॥ ਸਭਨਾ ਕਰਤੇ ਤੇਰੀ ਟੇਕਾ ॥ ਜੀਅ ਜੰਤ ਤੇਰੀ ਸਰਣਾਈ ॥ ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥ ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥ ਆਪਿ ਉਪਾਇ ਸਭ ਕੀਮਤਿ ਪਾਈ ॥ ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥ ਸਚੁ ਸੰਜਮੁ ਕਰਣੀ ਹੈ ਕਾਰ ॥ ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥ ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥ ਹਉਮੈ ਮੇਰਾ ਭਰਮੈ ਸੰਸਾਰੁ ॥ ਮਨਮੁਖੁ ਅੰਧਾ ਦੂਜੈ ਭਾਇ ॥ ਜਮ ਦਰਿ ਬਾਧਾ ਚੋਟਾ ਖਾਇ ॥ ਗੁਰ ਪਰਸਾਦੀ ਸਦਾ ਸੁਖੁ ਪਾਏ ॥ ਸਚੁ ਕਰਣੀ ਸਾਚਿ ਲਿਵ ਲਾਏ ॥੮॥ {ਪੰਨਾ 841}

ਪਦਅਰਥ: ਵੀਰਵਾਰਿ = ਵੀਰਵਾਰ ਦੀ ਰਾਹੀਂ। ਵੀਰ = ਬਵੰਜਾ ਬੀਰ (ਹਨੂਮਾਨ ਆਦਿਕ। ਭਰਮਿ = ਭਟਕਣਾ ਵਿਚ (ਪਾ ਕੇ) ਭੁਲਾਏ = ਕੁਰਾਹੇ ਪਾ ਰੱਖੇ। ਸਭਿ = ਸਾਰੇ। ਦੂਜੈ = ਮਾਇਆ ਦੇ ਮੋਹ ਵਿਚ। ਲਾਏ = ਲਾ ਦਿੱਤੇ। ਉਪਾਏ = ਪੈਦਾ ਕੀਤੇ। ਕਰਿ = ਕਰ ਕੇ, ਬਣਾ ਕੇ। ਵੇਕਾ = ਵੱਖ ਵੱਖ ਕਿਸਮ ਦੇ। ਵੇਖੈ = ਵੇਖਦਾ ਹੈ, ਸੰਭਾਲ ਕਰਦਾ ਹੈ। ਕਰਤੇ = ਹੇ ਕਰਤਾਰ! ਟੇਕਾ = ਆਸਰਾ। ਮਿਲੈ = (ਤੈਨੂੰ) ਮਿਲਦਾ ਹੈ। ਲੈਹਿ ਮਿਲਾਈ = ਤੂੰ (ਆਪ) ਮਿਲਾ ਲੈਂਦਾ ਹੈਂ।੬।

ਉਪਾਇ = ਪੈਦਾ ਕਰ ਕੇ। ਸਭ = ਸਾਰੀ ਸ੍ਰਿਸ਼ਟੀ। ਕੀਮਤਿ = ਕਦਰ। ਗੁਰਮੁਖਿ = ਗੁਰੂ ਦੇ ਸਨਮੁਖ। ਸੁ = ਉਹ ਮਨੁੱਖ। ਸਚੁ = ਸਦਾ-ਥਿਰ ਹਰਿ = ਨਾਮ ਦਾ ਸਿਮਰਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਤੋਂ ਬਚਾਈ ਰੱਖਣ ਦਾ ਉੱਦਮ। ਕਰਣੀ = ਕਰਤੱਬ। ਕਾਰ = ਰੋਜ਼ਾਨਾ ਕੰਮ। ਨਿਤਾਪ੍ਰਤਿ = ਸਦਾ ਹੀ, ਰੋਜ਼ਾਨਾ। ਪੂਜਾ = ਦੇਵ = ਪੂਜਾ। ਸਭੁ = ਸਾਰਾ। ਭਾਉ = ਪਿਆਰ। ਦੂਜਾ ਭਾਉ = (ਪ੍ਰਭੂ ਤੋਂ ਬਿਨਾ ਕਿਸੇ) ਹੋਰ ਦਾ ਪਿਆਰ।੭।

ਸਉਣ = ਸ਼ੋਨਕ ਰਿਸ਼ੀ। ਸਉਣ ਸਾਸਤ = ਸ਼ੋਨਕ ਦਾ ਲਿਖਿਆ ਜੋਤਿਸ਼ ਸ਼ਾਸਤ੍ਰ। ਮੇਰਾ = ਮਮਤਾ। ਭਰਮੈ = ਭਟਕਦਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। {ਭਾਉ = ਪਿਆਰ। ਭਾਇ = ਪਿਆਰ ਵਿਚ}ਦਰਿ = ਦਰ ਤੇ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਲਿਵ ਲਾਏ = ਸੁਰਤਿ ਜੋੜਦਾ ਹੈ।੮।

ਅਰਥ: ਹੇ ਭਾਈ! ਬਵੰਜਾ) ਬੀਰਾਂ ਨੂੰ (ਭੀ ਪਰਮਾਤਮਾ ਨੇ) ਭਟਕਣਾ ਵਿਚ ਪਾ ਕੇ (ਮਾਇਆ ਦੇ ਮੋਹ ਵਿਚ) ਭੁਲਾਈ ਰੱਖਿਆ, ਸਾਰੇ ਭੂਤ ਪ੍ਰੇਤ ਭੀ ਮਾਇਆ ਦੇ ਮੋਹ ਵਿਚ ਲਾਏ ਹੋਏ ਹਨ। ਪਰਮਾਤਮਾ ਨੇ ਆਪ (ਹੀ ਇਹ ਸਾਰੇ) ਪੈਦਾ ਕੀਤੇ, (ਇਹਨਾਂ ਨੂੰ) ਵੱਖ ਵੱਖ ਕਿਸਮਾਂ ਦੇ ਬਣਾ ਕੇ (ਸਭ ਦੀ) ਸੰਭਾਲ (ਭੀ) ਕਰਦਾ ਹੈ।

ਹੇ ਕਰਤਾਰ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ। ਸਾਰੇ ਜੀਵ ਜੰਤ ਤੇਰੀ ਸਰਨ ਹਨ। ਉਹ ਮਨੁੱਖ (ਹੀ ਤੈਨੂੰ) ਮਿਲਦਾ ਹੈ ਜਿਸ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ।੬।

ਹੇ ਭਾਈ! ਸਾਰੀ ਸ੍ਰਿਸ਼ਟੀ ਵਿਚ) ਪਰਮਾਤਮਾ ਵਿਆਪਕ ਹੈ, (ਸ੍ਰਿਸ਼ਟੀ ਨੂੰ) ਆਪ (ਹੀ) ਪੈਦਾ ਕਰ ਕੇ ਸਾਰੀ ਸ੍ਰਿਸ਼ਟੀ ਦੀ ਕਦਰ ਭੀ ਆਪ ਹੀ ਜਾਣਦਾ ਹੈ।

ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾਂਦਾ ਹੈ। ਸਦਾ-ਥਿਰ ਹਰਿ-ਨਾਮ ਦਾ ਸਿਮਰਨ, ਅਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਈ ਰੱਖਣ ਦਾ ਉੱਦਮ-ਇਹ ਉਸ ਮਨੁੱਖ ਦਾ ਨਿੱਤ ਦਾ ਕਰਤੱਬ, ਨਿੱਤ ਦੀ ਕਾਰ ਹੋ ਜਾਂਦੀ ਹੈ।

ਪਰ ਵਰਤ ਰੱਖਣਾ, ਕਰਮ ਕਾਂਡ ਦਾ ਹਰੇਕ ਨੇਮ ਨਿਬਾਹੁਣਾ, ਰੋਜ਼ਾਨਾ ਦੇਵ-ਪੂਜਾ-ਆਤਮਕ ਜੀਵਨ ਦੀ ਸੂਝ ਤੋਂ ਬਿਨਾ ਇਹ ਸਾਰਾ ਉੱਦਮ ਮਾਇਆ ਦਾ ਪਿਆਰ (ਹੀ ਪੈਦਾ ਕਰਨ ਵਾਲਾ) ਹੈ।੭।

ਹੇ ਭਾਈ! ਪਰਮਾਤਮਾ ਦਾ ਸਿਮਰਨ ਛੱਡ ਕੇ) ਸ਼ੋਨਕ ਦਾ ਜੋਤਿਸ਼ ਸ਼ਾਸਤ੍ਰ (ਆਦਿਕ) ਵਿਚਾਰਦੇ ਰਹਿਣਾ-(ਇਸ ਦੇ ਕਾਰਣ) ਜਗਤ ਮਮਤਾ ਅਤੇ ਹਉਮੈ ਵਿਚ ਭਟਕਦਾ ਰਹਿੰਦਾ ਹੈ। ਆਤਮਕ ਜੀਵਨ ਵਲੋਂ ਅੰਨ੍ਹਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ।

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ ਸਿਮਰਨ ਨੂੰ (ਆਪਣਾ ਰੋਜ਼ਾਨਾ) ਕਰਤੱਬ ਬਣਾਂਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ।੮।

ਸਤਿਗੁਰੁ ਸੇਵਹਿ ਸੇ ਵਡਭਾਗੀ ॥ ਹਉਮੈ ਮਾਰਿ ਸਚਿ ਲਿਵ ਲਾਗੀ ॥ ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥ ਤੂ ਸੁਖਦਾਤਾ ਲੈਹਿ ਮਿਲਾਇ ॥ ਏਕਸ ਤੇ ਦੂਜਾ ਨਾਹੀ ਕੋਇ ॥ ਗੁਰਮੁਖਿ ਬੂਝੈ ਸੋਝੀ ਹੋਇ ॥੯॥ ਪੰਦ੍ਰਹ ਥਿਤੀ ਤੈ ਸਤ ਵਾਰ ॥ ਮਾਹਾ ਰੁਤੀ ਆਵਹਿ ਵਾਰ ਵਾਰ ॥ ਦਿਨਸੁ ਰੈਣਿ ਤਿਵੈ ਸੰਸਾਰੁ ॥ ਆਵਾ ਗਉਣੁ ਕੀਆ ਕਰਤਾਰਿ ॥ ਨਿਹਚਲੁ ਸਾਚੁ ਰਹਿਆ ਕਲ ਧਾਰਿ ॥ ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥ {ਪੰਨਾ 841-842}

ਪਦਅਰਥ: ਸੇਵਹਿ = ਸੇਂਵਦੇ ਹਨ, ਸੇਵਾ = ਭਗਤੀ ਕਰਦੇ ਹਨ, ਸਰਨ ਪੈਂਦੇ ਹਨ {ਬਹੁ-ਵਚਨ}ਸੇ = ਉਹ {ਬਹੁ-ਵਚਨ}ਮਾਰਿ = ਮਾਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਸੁਰਤਿ। ਤੇਰੈ ਸੰਗਿ = ਤੇਰੇ (ਪ੍ਰੇਮ-) ਰੰਗ ਵਿਚ। ਰਾਤੇ = ਰੰਗੇ ਹੋਏ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ। ਲੈਹਿ ਮਿਲਾਇ = ਤੂੰ ਮਿਲਾ ਲੈਂਦਾ ਹੈਂ। ਤੇ = ਤੋਂ (ਬਿਨਾ) ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੂਝੈ = ਸਮਝ ਲੈਂਦਾ ਹੈ।੯।

ਤੈ = ਅਤੇ। ਵਾਰ = ਦਿਨ (ਸੂਰਜ ਦੇ ਹਿਸਾਬ) ਥਿਤਂੀ = ਚੰਦ ਦੇ ਹਿਸਾਬ ਦਿਹਾੜੇ। ਮਾਹਾ = ਮਹੀਨੇ। ਰੁਤੀ = ਰੁੱਤਾਂ। ਆਵਹਿ = ਆਉਂਦੇ ਹਨ। ਵਾਰ ਵਾਰ = ਆਪਣੀ ਆਪਣੀ ਵਾਰੀ, ਮੁੜ ਮੁੜ। ਰੈਣਿ = ਰਾਤ। ਤਿਵੈ = ਉਸੇ ਤਰ੍ਹਾਂ। ਆਵਾਗਉਣ = ਜਨਮ ਮਰਨ ਦਾ ਗੇੜ। ਕਰਤਾਰਿ = ਕਰਤਾਰ ਨੇ। ਨਿਹਚਲੁ = ਅਟੱਲ। ਸਾਚੁ = ਸਦਾ-ਥਿਰ ਪ੍ਰਭੂ। ਕਲ = ਸੱਤਾ, ਤਾਕਤ। ਰਹਿਆ ਧਾਰਿ = ਟਿਕਾ ਰਿਹਾ ਹੈ। ਕੋ = ਕੋਈ ਵਿਰਲਾ।੧੦।

ਨੋਟ: ਗੁਰੂ ਅਮਰਦਾਸ ਜੀ ਦੀ ਇਸ ਬਾਣੀ ਦਾ ਸਿਰਲੇਖ ਹੈ 'ਵਾਰ ਸਤ'ਅਖ਼ੀਰਲੀ ਪਉੜੀ ਨੰ: ੧੦ ਵਿਚ ਆਪ 'ਥਿਤੀ ਦਾ ਭੀ ਜ਼ਿਕਰ ਕਰ ਰਹੇ ਹਨ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਗੁਰੂ ਅਮਰਦਾਸ ਜੀ ਪਾਸ ਗੁਰੂ ਨਾਨਕ ਦੇਵ ਜੀ ਦੀ ਇਹ ਬਾਣੀ ਮੌਜੂਦ ਸੀ।

ਅਰਥ: ਹੇ ਭਾਈ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਸਰਨ ਆ ਪੈਂਦੇ ਹਨ, (ਆਪਣੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਦੀ) ਸੁਰਤਿ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੱਗ ਜਾਂਦੀ ਹੈ।

ਹੇ ਪ੍ਰਭੂ! ਗੁਰੂ ਦੀ ਸਰਨ ਆਉਣ ਵਾਲੇ ਮਨੁੱਖ) ਤੇਰੇ ਪਿਆਰ-ਰੰਗ ਵਿਚ ਟਿਕੇ ਰਹਿੰਦੇ ਹਨ। ਸਾਰੇ ਸੁਖ ਦੇਣ ਵਾਲਾ ਤੂੰ (ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ।

ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਸ ਗੱਲ ਨੂੰ) ਸਮਝ ਲੈਂਦਾ ਹੈ, (ਉਸ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ) ੯।

ਹੇ ਭਾਈ! ਜਿਵੇਂ) ਪੰਦ੍ਰਾਂ ਥਿੱਤਾਂ ਅਤੇ ਸੱਤ ਵਾਰ, ਮਹੀਨੇ, ਰੁੱਤਾਂ, ਰਾਤ, ਦਿਨ ਮੁੜ ਮੁੜ ਆਉਂਦੇ ਰਹਿੰਦੇ ਹਨ, ਤਿਵੇਂ ਇਹ ਜਗਤ ਹੈ (ਭਾਵ, ਜਗਤ ਦੇ ਜੀਵ ਜੰਮਦੇ ਮਰਦੇ ਰਹਿੰਦੇ ਹਨ। ਕਰਤਾਰ ਨੇ (ਆਪ ਹੀ ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਬਣਾ ਦਿੱਤਾ ਹੈ। ਅਟੱਲ ਰਹਿਣ ਵਾਲਾ ਸਦਾ-ਥਿਰ ਪ੍ਰਭੂ ਹੀ ਹੈ ਜੋ (ਸਾਰੀ ਸ੍ਰਿਸ਼ਟੀ ਵਿਚ ਆਪਣੀ) ਸੱਤਾ ਟਿਕਾ ਰਿਹਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ (ਭਾਗਾਂ ਵਾਲਾ) ਮਨੁੱਖ (ਗੁਰੂ ਦੇ) ਸ਼ਬਦ ਨੂੰ (ਆਪਣੇ) ਮਨ ਵਿਚ ਵਸਾ ਕੇ (ਇਸ ਗੱਲ ਨੂੰ) ਸਮਝ ਲੈਂਦਾ ਹੈ।੧੦।੧।

TOP OF PAGE

Sri Guru Granth Darpan, by Professor Sahib Singh