ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 844 ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥ ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥ ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥ ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥ {ਪੰਨਾ 844} ਪਦਅਰਥ: ਭਿੰਨੜੀ = (ਹਰਿ = ਨਾਮ ਦੇ ਰਸ ਨਾਲ) ਭਿੱਜੀ ਹੋਈ (ਜੀਵ = ਇਸਤ੍ਰੀ) ਨੂੰ। ਰੈਣਿ = ਰਾਤ। ਸੁਹਾਏ = ਸੁਹਾਵਣੇ, ਸੁਖ ਦੇਣ ਵਾਲੇ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਆਪ ਵਿਚ। ਸੂਤੜੀਏ = ਸੁੱਤੀ ਜੀਵ = ਇਸਤ੍ਰੀਏ! ਹਰਿ = ਨਾਮ ਵਲੋਂ ਬੇ = ਪਰਵਾਹ ਹੋ ਰਹੀ ਜੀਵ = ਇਸਤ੍ਰੀਏ! ਪਿਰਮੁ = ਪ੍ਰਭੂ ਦਾ ਪ੍ਰੁੇਮ। ਜਗਾਏ = (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ। ਹਾਣਿ = (हायन) ਸਾਲ, ਵਰ੍ਹਾ। ਨਵ ਹਾਣਿ = ਨਵੀਂ ਉਮਰ ਵਾਲੀ, ਵਿਕਾਰਾਂ ਤੋਂ ਬਚੀ ਹੋਈ। ਧਨ = ਜੀਵ = ਇਸਤ੍ਰੀ। ਨਵ = ਨਵੀਂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਾਗੀ = (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ। ਪਿਰ ਭਾਣੀਆ = ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਤਜਿ = ਤਿਆਗ ਕੇ। ਕੂੜੁ = ਝੂਠ, ਨਾਸਵੰਤ ਪਦਾਰਥਾਂ ਦਾ ਮੋਹ। ਸੁਭਾਉ ਦੂਜਾ = ਪ੍ਰਭੂ ਨੂੰ ਛੱਡ ਕੇ ਹੋਰ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ। ਲੋਕਾਣੀਆ = ਲੋਕਾਂ ਦੀ। ਚਾਕਰੀ = ਖ਼ੁਸ਼ਾਮਦ, ਮੁਥਾਜੀ। ਕੰਠੇ = ਗਲੇ ਵਿਚ। ਸਾਚ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ। ਨੀਸਾਣਿਆ = ਪਰਵਾਨਾ, ਰਾਹਦਾਰੀ, ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਪਰਵਾਨਾ। ਕਰ = ਹੱਥ {ਬਹੁ-ਵਚਨ}। ਸਾਚੁ = ਸਦਾ-ਥਿਰ ਹਰਿ = ਨਾਮ। ਨਦਰਿ = ਮਿਹਰ ਦੀ ਨਿਗਾਹ। ਤੁਧੁ ਭਾਣਿਆ = ਜੇ ਤੈਨੂੰ ਚੰਗਾ ਲੱਗੇ।੨। ਅਰਥ: ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ, ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ। ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ ਸਹੇਲੀਏ! ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ। ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ-ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ।੨। ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥ ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥ ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥ ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥ {ਪੰਨਾ 844} ਪਦਅਰਥ: ਜਾਗੁ = (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ। ਲੋਇਣ = ਅੱਖਾਂ। ਸਲੋਨੜੀਏ = ਹੇ ਸੋਹਣੇ ਨੇਤ੍ਰਾਂ ਵਾਲੀ ਜੀਵ = ਇਸਤ੍ਰੀਏ! ਬੋਲੈ = ਬੋਲਦੀ ਹੈ, ਜਗਾਂਦੀ ਹੈ, ਸਾਵਧਾਨ ਕਰਦੀ ਹੈ। ਜਿਨਿ = ਜਿਸ ਨੇ। ਸੁਣਿ = ਸੁਣ ਕੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ। ਅਕਥ = ਅ = ਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਪਦੁ = ਆਤਮਕ ਦਰਜਾ। ਨਿਰਬਾਣ = ਵਾਸਨਾ = ਰਹਿਤ। ਕੋ = ਕੋਈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੂਝਏ = ਬੂਝੈ, ਸਮਝਦਾ ਹੈ। ਸਬਦਿ = ਗੁਰੂ ਦੇ ਸ਼ਬਦ ਵਿਚ। ਆਪੁ = ਆਪਾ = ਭਾਵ। ਤ੍ਰਿਭਵਣ ਸੋਝੀ = ਸਾਰੇ ਜਗਤ ਵਿਚ ਵਿਆਪਕ ਪ੍ਰਭੂ ਦੀ ਸੂਝ। ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਰੇ। ਅਪਰੰਪਰਿ = ਪਰੇ ਤੋਂ ਪਰੇ ਪ੍ਰਭੂ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ = ਮਸਤ। ਸਾਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਸਾਰਿਆ = ਸੰਭਾਲਦਾ ਹੈ। ਓਹੁ = ਉਹ (ਅਪਰੰਪਰ ਪ੍ਰਭੂ। ਸਰਬ ਠਾਈ = ਸਭਨੀਂ ਥਾਈਂ। ਉਰਿ = ਹਿਰਦੇ ਵਿਚ।੩। ਅਰਥ: ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ। ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ। ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ। ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ, ਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ। ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ) , ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ।੩। ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥ ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥ ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥ ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥ ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥ ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥ {ਪੰਨਾ 844} ਪਦਅਰਥ: ਮਹਲਿ = ਮਹੱਲ ਵਿਚ, ਪ੍ਰਭੂ ਦੇ ਚਰਨਾਂ ਵਿਚ, ਪ੍ਰਭੂ = ਦਰ ਤੇ। ਬੁਲਾਇੜੀਏ = ਹੇ ਸੱਦੀ ਹੋਈ ਜੀਵ = ਇਸਤ੍ਰੀਏ! ਮਹਲਿ ਬੁਲਾਇੜੀਏ = ਹੇ ਪ੍ਰਭੂ = ਦਰ ਤੇ ਪਹੁੰਚੀ ਹੋਈ ਜੀਵ = ਇਸਤ੍ਰੀਏ! ਸਨੇਹੀ = ਪਿਆਰ ਕਰਨ ਵਾਲਾ। ਭਗਤਿ ਸਨੇਹੀ = ਭਗਤੀ ਨਾਲ ਪਿਆਰ ਕਰਨ ਵਾਲਾ। ਮਨਿ = ਮਨ ਵਿਚ। ਰਹਸੀ = ਪ੍ਰਸੰਨ। ਸੀਝਸਿ = ਸਫਲ ਹੋ ਜਾਂਦੀ ਹੈ। ਦੇਹੀ = ਕਾਇਆਂ, ਸਰੀਰ। ਮਾਰਿ = ਮਾਰ ਕੇ, ਵੱਸ ਵਿਚ ਲਿਆ ਕੇ। ਰੀਝੈ = ਖ਼ੁਸ਼ ਹੁੰਦੀ ਹੈ, ਆਤਮਕ ਆਨੰਦ ਹਾਸਲ ਕਰਦੀ ਹੈ। ਸਬਦਿ = ਸ਼ਬਦ ਦੀ ਰਾਹੀਂ। ਸੀਝੈ = ਕਾਮਯਾਬ ਹੁੰਦੀ ਹੈ। ਪਛਾਣਏ = ਪਛਾਣੈ, ਪਛਾਣਦੀ ਹੈ, ਸਾਂਝ ਪਾਂਦੀ ਹੈ। ਡੀਗਿ = ਡਿੱਗ ਕੇ, ਠੇਡਾ ਖਾ ਕੇ। ਡੋਲਿ = ਡੋਲ ਕੇ। ਕਤਹੀ = ਕਿਤੇ ਭੀ। ਜਾਣਏ = ਜਾਣੈ, ਡੂੰਘੀ ਸਾਂਝ ਪਾਂਦੀ ਹੈ। ਆਧਾਰੁ = ਆਸਰਾ। ਤਾਣੁ = ਬਲ, ਸਹਾਰਾ। ਤਕੀਆ = ਆਸਰਾ। ਤੇਰਓ = ਤੇਰਾ ਹੀ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸੂਚਾ = ਸੁੱਚੇ ਜੀਵਨ ਵਾਲਾ। ਝਗਰੁ = (ਮਾਇਆ ਦੇ ਮੋਹ ਦੀ) ਖਹ = ਖਹ। ਨਿਬੇਰਓ = ਮੁਕਾ ਲੈਂਦਾ ਹੈ।੪। ਅਰਥ: ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ। (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ। (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ। (ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ। ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ।੪।੨। ਛੰਤ ਬਿਲਾਵਲੁ ਮਹਲਾ ੪ ਮੰਗਲ ੴ ਸਤਿਗੁਰ ਪ੍ਰਸਾਦਿ ॥ ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥ ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ ॥ ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥ ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥ {ਪੰਨਾ 844} ਪਦਅਰਥ: ਸੇਜੈ = (ਹਿਰਦੇ ਦੀ) ਸੇਜ ਉੱਤੇ। ਸੁਖਿ = ਆਨੰਦ ਵਿਚ। ਗੁਰਿ ਤੁਠੈ = ਗੁਰੂ ਦੇ ਮਿਹਰਵਾਨ ਹੋਇਆਂ, ਗੁਰੂ ਦੇ ਪ੍ਰਸੰਨ ਹੋਇਆਂ। ਰੰਗਿ = ਪ੍ਰੇਮ ਵਿਚ। ਰਲੀਆ = ਰਲੀਆਂ, ਮਿਲਾਪ ਦਾ ਸੁਆਦ। ਵਡਭਾਗੀਆ = ਵੱਡੇ ਭਾਗਾਂ ਵਾਲੀਆਂ। ਸੋਹਾਗਣੀ = ਪ੍ਰਭੂ = ਖਸਮ ਵਾਲੀਆਂ। ਮਸਤਕਿ = ਮੱਥੇ ਉੱਤੇ। ਮਾਣਾ = ਮਾਣਕ। ਸੋਹਾਗੁ = ਖਸਮ। ਮਨਿ = ਮਨ ਵਿਚ। ਭਾਣਾ = ਪਿਆਰਾ ਲੱਗਾ।੧। ਅਰਥ: ਹੇ ਸਹੇਲੀਏ! ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਦੇ ਹਿਰਦੇ ਦੀ) ਸੇਜ ਉਤੇ ਪਿਆਰਾ ਹਰੀ-ਪ੍ਰਭੂ ਆ ਬੈਠਾ, ਉਸ ਦਾ ਮਨ ਆਤਮਕ ਆਨੰਦ ਵਿਚ ਮਗਨ ਹੋ ਜਾਂਦਾ ਹੈ। ਗੁਰੂ ਦੇ ਪ੍ਰਸੰਨ ਹੋਇਆਂ ਜਿਸ (ਜੀਵ-ਇਸਤ੍ਰੀ) ਨੂੰ ਹਰੀ-ਪ੍ਰਭੂ ਮਿਲ ਪਿਆ, ਉਹ ਪ੍ਰੇਮ ਵਿਚ (ਮਸਤ ਹੋ ਕੇ ਪ੍ਰਭੂ ਦੇ ਮਿਲਾਪ ਦਾ) ਸੁਆਦ ਮਾਣਦੀ ਹੈ। ਹੇ ਨਾਨਕ! ਆਖ-ਹੇ ਸਹੇਲੀਏ!) ਜਿਨ੍ਹਾਂ ਦੇ ਮੱਥੇ ਉੱਤੇ ਹਰਿ (-ਮਿਲਾਪ ਦਾ) ਮੋਤੀ (ਚਮਕ ਪੈਂਦਾ) ਹੈ, ਉਹ ਵੱਡੇ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸੁਹਾਗਣਾਂ ਬਣ ਜਾਂਦੀਆਂ ਹਨ। ਹਰੀ-ਪ੍ਰਭੂ ਖਸਮ (ਉਹਨਾਂ ਦੇ ਸਿਰ ਉੱਤੇ) ਕਾਇਮ ਹੋ ਜਾਂਦਾ ਹੈ, ਉਹਨਾਂ ਨੂੰ ਪ੍ਰਭੂ-ਖਸਮ ਮਨ ਵਿਚ ਪਿਆਰਾ ਲੱਗ ਪੈਂਦਾ ਹੈ।੧। ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ ॥ ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ ॥ ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ ॥ ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥ {ਪੰਨਾ 844} ਪਦਅਰਥ: ਆਪੈ = ਆਪੇ ਵਿਚ, ਆਤਮਾ ਵਿਚ, ਜਿੰਦ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਆਪੁ = ਆਪਾ = ਭਾਵ। ਜਾਪੈ = ਜਪਦਾ ਹੈ। ਭਾਵੈ = ਚੰਗਾ ਲੱਗਦਾ ਹੈ। ਰੰਗਿ = ਪ੍ਰੇਮ = ਰੰਗ ਵਿਚ। ਰਾਪੈ = ਰੰਗਿਆ ਜਾਂਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਧ੍ਰਾਪੈ = ਰੱਜਿਆ ਰਹਿੰਦਾ ਹੈ। ਹਰਿ ਰਸਿ = ਹਰਿ = ਨਾਮ = ਰਸ ਦੀ ਬਰਕਤਿ ਨਾਲ।੨। ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਅਤੇ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਹਰਿ-ਪ੍ਰਭੂ ਉਸ ਦੇ ਆਪੇ ਵਿਚ (ਜਿੰਦ ਵਿਚ) ਸਦਾ ਟਿਕਿਆ ਰਹਿੰਦਾ ਹੈ (ਉਸ ਨੂੰ ਸਮਝ ਆ ਜਾਂਦੀ ਹੈ ਕਿ) ਜਿਨ੍ਹਾਂ ਨੂੰ ਕੋਈ ਆਦਰ ਨਹੀਂ ਦੇਂਦਾ, ਪਰਮਾਤਮਾ ਉਹਨਾਂ ਦਾ ਆਦਰ-ਸਹਾਰਾ ਬਣ ਜਾਂਦਾ ਹੈ। (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ (ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ) ਮੇਰਾ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। ਦਾਸ ਨਾਨਕ (ਆਖਦਾ ਹੈ-ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦੇ ਨਾਮ-ਰਸ ਦੀ ਬਰਕਤਿ ਨਾਲ ਉਹ (ਮਾਇਆ ਵਲੋਂ) ਰੱਜਿਆ ਰਹਿੰਦਾ ਹੈ।੨। ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥ ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥ ਜਿਨ ਮਾਣਸ ਜਨਮਿ ਨ ਪਾਇਆ ਤਿਨ੍ਹ੍ਹ ਭਾਗੁ ਮੰਦੇਰਾ ਰਾਮ ॥ ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥੩॥ {ਪੰਨਾ 844} ਪਦਅਰਥ: ਮਾਣਸ ਜਨਮਿ = ਮਨੁੱਖਾ ਜਨਮ ਵਿਚ। ਪਾਈਐ = ਮਿਲ ਸਕੀਦਾ ਹੈ। ਰਾਵਣ ਵੇਰਾ = ਮਿਲਾਪ ਦਾ ਸਮਾ। ਵੇਰਾ = ਵੇਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੋਹਾਗਣੀ = ਹੇ ਚੰਗੇ ਭਾਗਾਂ ਵਾਲੀ ਜੀਵ = ਇਸਤ੍ਰੀ! ਘਣੇਰਾ = ਬਹੁਤ। ਮੰਦੇਰਾ = ਖੋਟਾ। ਪ੍ਰਭ = ਹੇ ਪ੍ਰਭੂ! ਜਨੁ = ਦਾਸ।੩। ਅਰਥ: ਹੇ ਭਾਈ! ਮਨੁੱਖਾ ਜਨਮ ਵਿਚ (ਹੀ) ਪਰਮਾਤਮਾ ਨੂੰ ਮਿਲ ਸਕੀਦਾ ਹੈ। (ਮਨੁੱਖਾ ਜਨਮ ਹੀ) ਪਰਮਾਤਮਾ ਦਾ ਮਿਲਾਪ ਮਾਣਨ ਦਾ ਸਮਾ ਹੈ। ਹੇ ਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀਏ! ਗੁਰੂ ਦੀ ਰਾਹੀਂ ਪ੍ਰਭੂ ਨੂੰ ਮਿਲ। (ਗੁਰੂ ਦੀ ਸਰਨ ਪਿਆਂ ਮਿਲਾਪ ਦਾ ਪ੍ਰੇਮ-) ਰੰਗ ਬਹੁਤ ਚੜ੍ਹਦਾ ਹੈ। ਹੇ ਭਾਈ! ਜਿਨ੍ਹਾਂ ਨੇ ਮਨੁੱਖਾ ਜਨਮ ਵਿਚ ਪਰਮਾਤਮਾ ਦਾ ਮਿਲਾਪ ਹਾਸਲ ਨਾਹ ਕੀਤਾ, ਉਹਨਾਂ ਦੀ ਖੋਟੀ ਕਿਸਮਤ ਜਾਣੋ। ਹੇ ਹਰੀ! ਹੇ ਪ੍ਰਭੂ! ਨਾਨਕ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਨਾਨਕ ਤੇਰਾ ਦਾਸ ਹੈ।੩। ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ ਮਨੁ ਤਨੁ ਰੰਗਿ ਭੀਨਾ ਰਾਮ ॥ ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ ॥ ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ ॥ ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ ॥੪॥੧॥੩॥ {ਪੰਨਾ 844-845} ਪਦਅਰਥ: ਗੁਰਿ = ਗੁਰੂ ਨੇ। ਅਗਮੁ = ਅਪਹੁੰਚ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਰੰਗਿ = (ਪਿਆਰ-) ਰੰਗ ਵਿਚ। ਭੀਨਾ = ਭਿੱਜ ਜਾਂਦਾ ਹੈ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਹਰਿ ਨਾਮੁ = ਹਰੀ ਦਾ ਨਾਮ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਲੀਨਾ = ਮਗਨ। ਮੀਨਾ = ਮੱਛੀ। ਸਫਲ = ਕਾਮਯਾਬ। ਪ੍ਰਭਿ = ਪ੍ਰਭੂ ਨੇ।੪। ਅਰਥ: ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਨੇ ਅਪਹੁੰਚ ਹਰੀ ਪ੍ਰਭੂ (ਦਾ ਨਾਮ) ਪੱਕਾ ਕਰ ਦਿੱਤਾ, ਉਸ ਦਾ ਮਨ ਉਸ ਦਾ ਤਨ (ਪਰਮਾਤਮਾ ਦੇ ਪ੍ਰੇਮ-) ਰੰਗ ਵਿਚ ਭਿੱਜਾ ਰਹਿੰਦਾ ਹੈ। ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦਾ ਨਾਮ ਹੈ 'ਭਗਤੀ ਨੂੰ ਪਿਆਰ ਕਰਨ ਵਾਲਾ'। ਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ, ਤਿਵੇਂ (ਪਰਮਾਤਮਾ ਵਿਚ ਲੀਨ ਰਹਿਣ ਵਾਲੇ ਮਨੁੱਖ) ਪਰਮਾਤਮਾ (ਦੀ ਯਾਦ) ਤੋਂ ਬਿਨਾ ਨਹੀਂ ਜੀਊ ਸਕਦੇ। ਹੇ ਨਾਨਕ! ਗੁਰੂ ਦੀ ਰਾਹੀਂ ਜਿਸ ਮਨੁੱਖ ਨੇ) ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਪ੍ਰਭੂ ਨੇ ਉਸ ਦੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ।੪।੧।੩। |
Sri Guru Granth Darpan, by Professor Sahib Singh |