ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 845

ਬਿਲਾਵਲੁ ਮਹਲਾ ੪ ਸਲੋਕੁ ॥ ਹਰਿ ਪ੍ਰਭੁ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥ ਗੁਰਿ ਪੂਰੈ ਵੇਖਾਲਿਆ ਨਾਨਕ ਹਰਿ ਲਿਵ ਲਾਗੁ ॥੧॥ ਛੰਤ ॥ਮੇਰਾ ਹਰਿ ਪ੍ਰਭੁ ਰਾਵਣਿ ਆਈਆ ਹਉਮੈ ਬਿਖੁ ਝਾਗੇ ਰਾਮ ॥ ਗੁਰਮਤਿ ਆਪੁ ਮਿਟਾਇਆ ਹਰਿ ਹਰਿ ਲਿਵ ਲਾਗੇ ਰਾਮ ॥ ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ॥ ਜਨ ਨਾਨਕ ਹਰਿ ਪ੍ਰਭੁ ਪਾਇਆ ਪੂਰੈ ਵਡਭਾਗੇ ਰਾਮ ॥੧॥ {ਪੰਨਾ 845}

ਪਦਅਰਥ: ਲੋੜਿ ਲਹੁ = ਲੱਭ ਲਵੋ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਵਡਭਾਗੁ = ਵੱਡੇ ਭਾਗਾਂ ਵਾਲਾ। ਗੁਰਿ ਪੂਰੈ = ਪੂਰੇ ਗੁਰੂ ਨੇ। ਲਿਵ = ਸੁਰਤਿ, ਲਗਨ।੧।

ਛੰਤ। ਰਾਵਣਿ = (ਮਿਲਾਪ ਦਾ ਆਨੰਦ) ਮਾਣਨ ਵਾਸਤੇ। ਬਿਖੁ = ਆਤਮਕ ਮੌਤ ਲਿਆਉਣ ਵਾਲੀ (ਹਉਮੈ ਦਾ) ਜ਼ਹਿਰ। ਝਾਗੇ = ਝਾਗਿ, (ਹਉਮੈ ਦਾ ਸਮੁੰਦਰ) ਔਖਿਆਈ ਨਾਲ ਲੰਘ ਕੇ। ਆਪੁ = ਆਪਾ = ਭਾਵ। ਕਮਲੁ = ਹਿਰਦੇ ਦਾ ਕੌਲ ਫੁੱਲ। ਪਰਗਾਸਿਆ = ਖਿੜ ਪੈਂਦਾ ਹੈ। ਗੁਰ ਗਿਆਨੀ = ਗੁਰ ਗਿਆਨਿ, ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਗਿਆਨ = ਆਤਮਕ ਜੀਵਨ ਦੀ ਸੂਝ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।੧।

ਅਰਥ: ਸਲੋਕ। ਹੇ ਭਾਈ! ਅਸਲ) ਮਿੱਤਰ ਪਰਮਾਤਮਾ ਨੂੰ ਲੱਭ ਲਵੋ। (ਜਿਸ ਦੇ) ਮਨ ਵਿਚ ਉਹ ਆ ਵੱਸਦਾ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਉਸ ਦੀ ਸੁਰਤਿ ਪਰਮਾਤਮਾ ਵਿਚ ਜੁੜ ਗਈ।੧।

ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਦੀ ਜ਼ਹਿਰ (ਨਾਲ ਭਰੇ ਹੋਏ ਸਮੁੰਦਰ) ਨੂੰ ਔਖਿਆਈ ਨਾਲ ਲੰਘ ਕੇ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਗੁਰੂ ਦੀ ਸਰਨ) ਆਉਂਦੀ ਹੈ, ਗੁਰੂ ਦੀ ਮਤਿ ਉੱਤੇ ਤੁਰ ਕੇ ਉਹ (ਆਪਣੇ ਅੰਦਰੋਂ) ਆਪਾ-ਭਾਵ ਮਿਟਾਂਦੀ ਹੈ, (ਤੇ, ਫਿਰ) ਉਸ ਦੀ ਲਗਨ ਪਰਮਾਤਮਾ ਵਿਚ ਲੱਗ ਜਾਂਦੀ ਹੈ। ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ ਨਾਲ ਉਹ (ਵਿਕਾਰਾਂ ਦੇ ਹੱਲਿਆਂ ਵਲੋਂ ਸਦਾ) ਸੁਚੇਤ ਰਹਿੰਦੀ ਹੈ, ਉਸ ਦੇ ਅੰਦਰ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ।

ਹੇ ਦਾਸ ਨਾਨਕ! ਪੂਰੇ ਵੱਡੇ ਭਾਗਾਂ ਨਾਲ ਹੀ ਪ੍ਰਭੂ-ਪਰਮਾਤਮਾ ਮਿਲਦਾ ਹੈ।੧।

ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ ॥ ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ ॥ ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ ॥ ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥੨॥ {ਪੰਨਾ 845}

ਪਦਅਰਥ: ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ। ਨਾਮਿ = ਨਾਮ ਦੀ ਰਾਹੀਂ। ਵਧਾਈ = ਉਤਸ਼ਾਹ, ਚੜ੍ਹਦੀ ਕਲਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਲਿਵ = ਲਗਨ, ਸੁਰਤਿ। ਅਗਿਆਨੁ = ਆਤਮਕ ਜੀਵਨ ਵਲੋਂ ਬੇ = ਸਮਝੀ। ਪਰਗਟਿਆਈ = ਪਰਗਟ ਹੋ ਗਈ, ਰੌਸ਼ਨ ਹੋ ਪਈ। ਅਧਾਰੁ = ਆਸਰਾ। ਨਾਮਿ = ਨਾਮ ਵਿਚ। ਸਮਾਈ = ਲੀਨਤਾ।੨।

ਅਰਥ: ਹੇ ਭਾਈ! ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ) ਮਨ ਵਿਚ ਹਰੀ-ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ) ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਪੂਰੇ ਗੁਰੂ ਦੀ ਰਾਹੀਂ ਜਿਸ ਨੂੰ ਪ੍ਰਭੂ ਮਿਲ ਪਿਆ, ਉਹ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ। (ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਕੱਟਿਆ ਜਾਂਦਾ ਹੈ, (ਉਸ ਦੇ ਅੰਦਰ) ਰੱਬੀ ਜੋਤਿ ਜਗ ਪੈਂਦੀ ਹੈ। ਹੇ ਦਾਸ ਨਾਨਕ! ਆਖ-) ਉਸ ਮਨੁੱਖ ਲਈ ਪਰਮਾਤਮਾ ਦਾ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲੀਨਤਾ ਬਣੀ ਰਹਿੰਦੀ ਹੈ।੨।

ਧਨ ਹਰਿ ਪ੍ਰਭਿ ਪਿਆਰੈ ਰਾਵੀਆ ਜਾਂ ਹਰਿ ਪ੍ਰਭ ਭਾਈ ਰਾਮ ॥ ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ ॥ ਗੁਰਿ ਪੂਰੈ ਹਰਿ ਮੇਲਿਆ ਹਰਿ ਰਸਿ ਆਘਾਈ ਰਾਮ ॥ ਜਨ ਨਾਨਕ ਨਾਮਿ ਵਿਗਸਿਆ ਹਰਿ ਹਰਿ ਲਿਵ ਲਾਈ ਰਾਮ ॥੩॥ {ਪੰਨਾ 845}

ਪਦਅਰਥ: ਧਨ = ਜੀਵ = ਇਸਤ੍ਰੀ। ਪ੍ਰਭਿ = ਪ੍ਰਭੂ ਨੇ। ਪ੍ਰਭਿ ਪਿਆਰੈ = ਪਿਆਰੇ ਪ੍ਰਭੂ ਨੇ। ਰਾਵੀਆ = ਰਾਵੀ, ਮਾਣੀ, ਆਪਣੇ ਨਾਲ ਮਿਲਾ ਲਈ। ਜਾਂ = ਜਦੋਂ। ਪ੍ਰਭ ਭਾਈ = ਪ੍ਰਭੂ ਨੂੰ ਪਿਆਰੀ ਲੱਗੀ। ਅਖੀ = ਅੱਖੀਂ, (ਉਸ ਦੀਆਂ) ਅੱਖਾਂ। ਕਸਾਈਆ = ਖਿੱਚ ਖਾਧੀ, ਖਿੱਚੀਆਂ ਗਈਆਂ। ਬਿਲਕ = ਬਿੱਲੀ। ਮਸਾਈ = ਮੂਸਾ, ਚੂਹਾ। ਗੁਰਿ ਪੂਰੈ = ਪੂਰੇ ਗੁਰੂ ਨੇ। ਹਰਿ ਰਸਿ = ਹਰਿ = ਨਾਮ ਦੇ ਸੁਆਦ ਨਾਲ। ਆਘਾਈ = (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈ। ਨਾਮਿ = ਨਾਮ ਦੀ ਬਰਕਤਿ ਨਾਲ। ਵਿਗਸਿਆ = ਖਿੜ ਪਿਆ। ਲਿਵ ਲਾਈ = ਸੁਰਤਿ ਜੋੜ ਲਈ।੩।

ਅਰਥ: ਹੇ ਭਾਈ! ਜਦੋਂ ਕੋਈ (ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗੀ, (ਤਦੋਂ) ਪਿਆਰੇ ਪ੍ਰਭੂ ਨੇ (ਉਸ) ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲਿਆ, (ਉਸ ਜੀਵ-ਇਸਤ੍ਰੀ ਦੀਆਂ) ਅੱਖਾਂ ਨੇ ਪਿਆਰ ਦੀ ਖਿੱਚ ਖਾਧੀ, ਜਿਵੇਂ ਬਿੱਲੀ (ਦੀਆਂ ਅੱਖਾਂ) ਚੂਹੇ ਵਲ (ਖਾਂਦੀਆਂ ਹਨ)

ਹੇ ਦਾਸ ਨਾਨਕ! ਪੂਰੇ ਗੁਰੂ ਨੇ (ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਨਾਲ ਮਿਲਾ ਦਿੱਤਾ, (ਉਹ ਜੀਵ-ਇਸਤ੍ਰੀ) ਹਰਿ-ਨਾਮ-ਰਸ ਦੇ ਸੁਆਦ ਦੀ ਬਰਕਤਿ ਨਾਲ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈ, ਹਰਿ-ਨਾਮ ਦੇ ਕਾਰਨ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਹ ਸਦਾ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ।੩।

ਹਮ ਮੂਰਖ ਮੁਗਧ ਮਿਲਾਇਆ ਹਰਿ ਕਿਰਪਾ ਧਾਰੀ ਰਾਮ ॥ ਧਨੁ ਧੰਨੁ ਗੁਰੂ ਸਾਬਾਸਿ ਹੈ ਜਿਨਿ ਹਉਮੈ ਮਾਰੀ ਰਾਮ ॥ ਜਿਨ੍ਹ੍ਹ ਵਡਭਾਗੀਆ ਵਡਭਾਗੁ ਹੈ ਹਰਿ ਹਰਿ ਉਰ ਧਾਰੀ ਰਾਮ ॥ ਜਨ ਨਾਨਕ ਨਾਮੁ ਸਲਾਹਿ ਤੂ ਨਾਮੇ ਬਲਿਹਾਰੀ ਰਾਮ ॥੪॥੨॥੪॥ {ਪੰਨਾ 845}

ਪਦਅਰਥ: ਹਮ = ਅਸੀ ਜੀਵ। ਮੁਗਧ = ਮੂਰਖ, ਬੇ = ਸਮਝ। ਧਨੁ ਧੰਨੁ = ਸਲਾਹੁਣ = ਜੋਗ। ਜਿਨਿ = ਜਿਸ (ਗੁਰੂ) ਨੇ। ਉਰ = ਹਿਰਦਾ। ਸਲਾਹਿ = ਸਿਫ਼ਤ ਕਰਿਆ ਕਰ। ਬਲਿਹਾਰੀ = ਸਦਕੇ।੪।

ਅਰਥ: ਹੇ ਭਾਈ! ਪਰਮਾਤਮਾ ਨੇ (ਮੇਰੇ ਉਤੇ) ਮਿਹਰ ਕੀਤੀ ਹੈ, ਤੇ ਮੈਨੂੰ ਮੂਰਖ ਨੂੰ ਅੰਞਾਣ ਨੂੰ (ਗੁਰੂ ਦੀ ਰਾਹੀਂ ਆਪਣੇ ਚਰਨਾਂ ਵਿਚ) ਜੋੜ ਲਿਆ। (ਮੇਰਾ) ਗੁਰੂ ਸਲਾਹੁਣ-ਜੋਗ ਹੈ, ਗੁਰੂ ਨੂੰ ਸ਼ਾਬਾਸ਼ੇ, ਜਿਸ ਨੇ (ਮੇਰੇ ਅੰਦਰੋਂ) ਹਉਮੈ ਦੂਰ ਕਰ ਦਿੱਤੀ ਹੈ।

ਹੇ ਭਾਈ! ਜਿਨ੍ਹਾਂ ਵੱਡੇ ਵਾਗਾਂ ਵਾਲੀਆਂ ਦੀ ਕਿਸਮਤ ਜਾਗਦੀ ਹੈ, ਉਹ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੀਆਂ ਹਨ। ਹੇ ਦਾਸ ਨਾਨਕ! (ਤੂੰ ਭੀ) ਪਰਮਾਤਮਾ ਦਾ ਨਾਮ ਸਲਾਹਿਆ ਕਰ, ਨਾਮ ਤੋਂ ਸਦਕੇ ਹੋਇਆ ਕਰ।੪।੨।੪।

ਬਿਲਾਵਲੁ ਮਹਲਾ ੫ ਛੰਤ    ੴ ਸਤਿਗੁਰ ਪ੍ਰਸਾਦਿ ॥ ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥ ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥ ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥ ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥ ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥ ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥ {ਪੰਨਾ 845}

ਪਦਅਰਥ: ਮੰਗਲ ਸਾਜੁ = ਖ਼ੁਸ਼ੀ ਦਾ ਸਾਮਾਨ, ਖ਼ੁਸ਼ੀ ਦਾ ਰੰਗ = ਢੰਗ। ਅਬਿਨਾਸੀ = ਨਾਹ ਨਾਸ ਹੋਣ ਵਾਲਾ। ਵਰੁ = (ਪ੍ਰਭੂ) ਪਤੀ। ਮਨਿ = ਮਨ ਵਿਚ। ਚਾਇਆ = ਚਾਉ। ਵਡੈ ਭਾਗੈ = ਵੱਡੀ ਕਿਸਮਤ ਨਾਲ। ਪਤੇ = ਪਤੀ ਨੂੰ। ਸਹਜੇ = ਆਤਮਕ ਅਡੋਲਤਾ ਵਿਚ। ਪਾਈਐ = ਮਿਲ ਪੈਂਦਾ ਹੈ। ਸਖੀਏ = ਹੇ ਸਹੇਲੀਏ! ਮੋਹਿ = ਮੈਨੂੰ। ਮਤੇ = ਮਤਿ, ਉਪਦੇਸ਼। ਰੈਣਿ = ਰਾਤ। ਠਾਢੀ = ਖਲੋਤੀ। ਕਰਉ = ਕਰਉਂ, ਮੈਂ ਕਰਾਂ। ਕਵਨ ਜੁਗਤੀ = ਕਿਸ ਤਰੀਕੇ ਨਾਲ? ਲੈਹੁ ਲਾਇਆ = ਲਾ ਲਵੋ। ਲੜਿ = ਲੜ ਨਾਲ, ਪੱਲੇ ਨਾਲ।੧।

ਅਰਥ: ਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ। ਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ।

(ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ। (ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ-ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ। (ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ-) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ।

ਨਾਨਕ (ਭੀ) ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ।੧।

ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥ ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥ ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥ ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ ॥ ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ ਮਿਲੈ ਹਰਿ ਜਸੁ ਲਾਹਾ ॥ ਬਿਨਵੰਤਿ ਨਾਨਕ ਦਾਸੁ ਤੇਰਾ ਮੇਰਾ ਪ੍ਰਭੁ ਅਗਮ ਅਥਾਹਾ ॥੨॥ {ਪੰਨਾ 845}

ਪਦਅਰਥ: ਸਮਾਹੜਾ = {ਸਮਾਹ = समाश्वास } ਹੌਸਲਾ, ਧੀਰਜ। ਵਿਸਾਹਾ = ਖ਼ਰੀਦਿਆ। ਖੋਜਿ = ਖੋਜ ਕੇ, ਭਾਲ ਕਰ ਕੇ। ਪਾਹਾ = ਪਾਸੋਂ। ਧਾਰੇ = ਧਾਰ ਕੇ। ਕਥਹਿ = ਕਥਦੇ ਹਨ, ਸੁਣਾਂਦੇ ਹਨ। ਅਕਥ ਬੀਚਾਰੋ = ਅਕੱਥ ਪ੍ਰਭੂ ਦੇ ਗੁਣਾਂ ਦਾ ਵਿਚਾਰ। ਅਕਥ = ਅ = ਕਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਇਕ ਚਿਤਿ = ਇਕ ਚਿੱਤ ਨਾਲ, ਸੁਰਤਿ ਜੋੜ ਕੇ। ਇਕ ਮਨਿ = ਇਕ ਮਨ ਨਾਲ, ਮਨ ਲਾ ਕੇ। ਧਿਆਇ = ਧਿਆਨ ਧਰ। ਲਾਇ = ਲਾ ਕੇ। ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਪਹਿ = ਪਾਸ, ਕੋਲ। ਮਿਲੈ = ਮਿਲਦਾ ਹੈ। ਜਸੁ = ਸਿਫ਼ਤਿ-ਸਾਲਾਹ। ਲਾਹਾ = ਲਾਭ। ਅਗਮ = ਅਪਹੁੰਚ। ਅਥਾਹਾ = ਜਿਸ ਦੀ ਹਾਥ ਨ ਲੱਭ ਸਕੇ।੨।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਜਿਹੜਾ ਮਨੁੱਖ ਇਹ) ਹਰਿ-ਨਾਮ ਵਿਹਾਝਦਾ ਹੈ, (ਉਸ ਦੇ ਅੰਦਰ) ਧੀਰਜ ਪੈਦਾ ਹੋ ਜਾਂਦੀ ਹੈ। ਪਰ ਇਹ ਨਾਮ-ਰਤਨ (ਕੋਈ ਵਿਰਲਾ) ਖੋਜ ਕਰਨ ਵਾਲਾ ਮਨੁੱਖ ਭਾਲ ਕਰ ਕੇ ਸੰਤ ਜਨਾਂ ਪਾਸੋਂ ਹੀ ਹਾਸਲ ਕਰਦਾ ਹੈ। ਜਿਸ ਵਡ-ਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ, (ਉਹੀ) ਮਿਹਰ ਕਰ ਕੇ (ਉਸ ਨੂੰ) ਅਕੱਥ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦੇ ਹਨ।

ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸੁਰਤਿ ਜੋੜ ਕੇ, ਮਨ ਲਾ ਕੇ ਪ੍ਰਭੂ-ਚਰਨਾਂ ਨਾਲ ਪਿਆਰ ਪਾ ਕੇ (ਪਰਮਾਤਮਾ ਦਾ) ਨਾਮ ਸਿਮਰਿਆ ਕਰ। ਪ੍ਰਭੂ ਦੇ ਦਰ ਤੇ (ਦੋਵੇਂ) ਹੱਥ ਜੋੜ ਕੇ ਅਰਦਾਸ ਕਰਿਆ ਕਰ। (ਜਿਹੜਾ ਮਨੁੱਖ ਨਿੱਤ ਅਰਦਾਸ ਕਰਦਾ ਰਹਿੰਦਾ ਹੈ, ਉਸ ਨੂੰ ਮਨੁੱਖਾ ਜੀਵਨ ਦੀ) ਖੱਟੀ (ਵਜੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਦਾਤਿ) ਮਿਲਦੀ ਹੈ।

ਹੇ ਅਪਹੁੰਚ ਤੇ ਆਥਾਹ ਪ੍ਰਭੂ! ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈਂ (ਮੈਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਬਖ਼ਸ਼) ੨।

TOP OF PAGE

Sri Guru Granth Darpan, by Professor Sahib Singh