ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 848

ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥ ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥ ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥ ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥ {ਪੰਨਾ 848}

ਪਦਅਰਥ: ਤਜਿ = ਤਿਆਗ ਕੇ, ਵਿਸਾਰ ਕੇ। ਕਤੁ = {कुत्र} ਕਿੱਥੇ? ਲਾਗੀਐ = ਪਰਚੇ ਰਹੀਦਾ ਹੈ। ਮਰਿ ਜਾਈਐ = ਆਤਮਕ ਮੌਤੇ ਮਰ ਜਾਈਦਾ ਹੈ। ਲਾਜ = ਸ਼ਰਮ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਅਗਿਆਨ ਮਤੀ = ਉਹ ਮਨੁੱਖ ਜਿਸ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ। ਬਿਰਮਾਈਐ = ਪਰਚਿਆ ਰਹਿੰਦਾ ਹੈ। ਦੁਰਜਨ = ਭੈੜੇ ਬੰਦਿਆਂ ਵਿਚ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਪਤਿਤ ਪਾਵਨ ਪ੍ਰਭੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ। ਕਰੇ = ਕਰਿ। ਤਿਆਗਿ ਕਰੇ = ਤਿਆਗਿ ਕਰਿ, ਤਿਆਗ ਕੇ। ਕਹੁ = ਦੱਸ। ਕਤ = ਕਿੱਥੇ? ਠਹਰਾਈਐ = ਸ਼ਾਂਤੀ ਆ ਸਕਦੀ ਹੈ। ਭਾਉ = ਪ੍ਰੇਮ। ਪਦੁ = ਦਰਜਾ। ਜੀਵਨ ਪਦੁ = ਆਤਮਕ ਜੀਵਨ ਵਾਲਾ ਦਰਜਾ। ਪਾਈਐ = ਮਿਲਦਾ ਹੈ।੨।

ਅਰਥ: ਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ। ਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ। ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ? ਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ।੨।

ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥ ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥ ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥ {ਪੰਨਾ 848}

ਪਦਅਰਥ: ਸ੍ਰੀ ਗੋਪਾਲੁ = ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ। ਨ ਉਚਰਹਿ = (ਹੇ ਜੀਭ!) ਤੂੰ ਨਹੀਂ ਉਚਾਰਦੀ। ਬਲਿ ਗਈਏ = {ਨਿੰਦਾ = ਈਰਖਾ ਦੀ ਅੱਗ ਵਿਚ) ਸੜ ਰਹੀਏ! ਦੁਹਚਾਰਣਿ ਰਸਨਾ = (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਪਈ ਹੋਈ ਹੇ ਜੀਭ! ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਨਹ ਸੇਵਹੀ = ਨਹ ਸੇਵਹਿ, ਤੂੰ ਸੇਵਾ = ਭਗਤੀ ਨਹੀਂ ਕਰਦੀ। ਕਾਇਆ = ਸਰੀਰ। ਕਾਕ = (ਕਾਮਾਦਿਕ) ਕਾਂ। ਕਾਕ ਗ੍ਰਸਨਾ = (ਕਾਮਾਦਿਕ) ਕਾਂ ਖਾਈ ਜਾ ਰਹੇ ਹਨ। ਭ੍ਰਮਿ = ਭਟਕਣਾ ਵਿਚ। ਮੋਹੀ = ਠੱਗੀ ਹੋਈ। ਨ ਜਾਣਹੀ = ਨ ਜਾਣਹਿ, ਤੂੰ ਨਹੀਂ ਜਾਣਦੀ। ਕੋਟਿ = ਕ੍ਰੋੜਾਂ। ਅਵਰੁ ਸਿ = ਜਿਹੜਾ ਕੋਈ ਹੋਰ। ਕ੍ਰਿਮ = ਕੀੜਾ। ਭਸਮਾ = ਸੁਆਹ।੩।

ਅਰਥ: ਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ। ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।

ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ! ਹੇ ਨਾਨਕ! ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ।੩।

ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥ ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥ ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥ {ਪੰਨਾ 848}

ਪਦਅਰਥ: ਬਿਰਹੁ = ਪਿਆਰ। ਸੰਗੇ = ਨਾਲ। ਹੋਇ ਬੈਰਾਗਨਿ = ਵੈਰਾਗਣ ਹੋ ਕੇ। ਚੀਰ = (ਸੋਹਣੇ) ਕੱਪੜੇ। ਰਸਾ = ਸੁਆਦਲੇ ਭੋਜਨ। ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਿਰ। ਤਿਆਗਨਿ = ਤਿਆਗ ਦੇਂਦੇ ਹਨ। ਈਤ ਊਤ = ਇੱਥੇ ਉੱਥੇ। ਜਾਗਨਿ = ਜਾਗਦੇ ਹਨ, ਸੁਚੇਤ ਰਹਿੰਦੇ ਹਨ। ਜਿਨਿ = ਜਿਸ (ਜੀਵ = ਇਸਤ੍ਰੀ) ਨੇ। ਸਾ = ਉਹ (ਜੀਵ = ਇਸਤ੍ਰੀ) ੪।

ਅਰਥ: ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ। (ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ। (ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।

ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ।੪।੧।੪।

ਬਿਲਾਵਲੁ ਮਹਲਾ ੫ ॥ ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ ॥ ਗੁਨ ਗੋਵਿਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ ॥ ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ ॥ ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮ ॥੧॥ {ਪੰਨਾ 848}

ਪਦਅਰਥ: ਵਡਭਾਗੀਹੋ = ਹੇ ਵੱਡੇ ਭਾਗਾਂ ਵਾਲਿਓ! ਮਿਲਿ = ਮਿਲ ਕੇ। ਸਾਧੂ ਸੰਗੇ = ਗੁਰੂ ਦੀ ਸੰਗਤਿ ਵਿਚ। ਸਦ = ਸਦਾ। ਗਾਈਅਹਿ = ਗਾਏ ਜਾਣੇ ਚਾਹੀਦੇ ਹਨ। ਕੈ ਰੰਗੇ = ਦੇ ਪਿਆਰ = ਰੰਗ ਵਿਚ (ਟਿਕ ਕੇ) ਸੇਵੀਐ = ਸੇਵਾ = ਭਗਤੀ ਕਰਨੀ ਚਾਹੀਦੀ ਹੈ। ਪਾਈਅਹਿ = ਮਿਲ ਜਾਂਦੇ ਹਨ। ਪ੍ਰਭ ਸਰਣਾਗਤੀ = ਪ੍ਰਭੂ ਦੀ ਸਰਨ ਪਿਆ ਰਹੁ। ਜਪਿ = ਜਪਿਆ ਕਰ। ਅਨਤ = ਅਨੰਤ, ਅਨੇਕਾਂ। ਤਰੰਗ = ਲਹਿਰ। ਅਨਤ ਤਰੰਗੇ = ਅਨੇਕਾਂ ਲਹਿਰਾਂ ਦਾ ਮਾਲਕ ਪ੍ਰਭੂ।੧।

ਅਰਥ: ਹੇ ਵੱਡੇ ਭਾਗਾਂ ਵਾਲਿਓ! ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਭਾਲ ਕਰਦੇ ਰਹੋ। ਹੇ ਭਾਈ! ਪਰਮਾਤਮਾ ਦੇ ਪਿਆਰ-ਰੰਗ ਵਿਚ (ਟਿਕ ਕੇ) ਉਸ ਦੇ ਗੁਣ ਗਾਏ ਜਾਣੇ ਚਾਹੀਦੇ ਹਨ।

ਹੇ ਭਾਈ! ਸਦਾ ਹੀ ਉਸ ਪ੍ਰਭੂ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ (ਉਸ ਦੀ ਭਗਤੀ ਦੀ ਬਰਕਤ ਨਾਲ) ਮੂੰਹ-ਮੰਗੇ ਫਲ ਮਿਲ ਜਾਂਦੇ ਹਨ। ਹੇ ਨਾਨਕ! ਸਦਾ) ਪਰਮਾਤਮਾ ਦੀ ਸਰਨ ਪਿਆ ਰਹੁ, ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰ।੧।

ਇਕੁ ਤਿਲੁ ਪ੍ਰਭੂ ਨ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ ॥ ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਹ੍ਹਾ ਰਾਮ ॥ ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ ॥ ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥ {ਪੰਨਾ 848}

ਪਦਅਰਥ: ਇਕੁ ਤਿਲੁ = ਰਤਾ ਭਰ ਸਮੇ ਲਈ ਭੀ। ਜਿਨਿ = ਜਿਸ (ਪ੍ਰਭੂ) ਨੇ। ਮੇਲਾਵੜਾ = ਮਿਲਾਪ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਪਿਰੁ = ਪ੍ਰਭੂ = ਪਤੀ ਨੂੰ। ਚੀਨ੍ਹ੍ਹਾ = ਪਛਾਣਿਆ, ਸਾਂਝ ਪਾਈ। ਪਕੜਿ = ਫੜ ਕੇ। ਤਮ = (ਮਾਇਆ ਦੇ ਮੋਹ ਦਾ) ਹਨੇਰਾ। ਤੇ = ਤੋਂ। ਕਰਿ = ਕਰ ਕੇ, ਬਣਾ ਕੇ। ਜਪਤ = ਜਪਦਿਆਂ। ਜੀਵੇ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਸੀਤਲੁ = ਠੰਢਾ, ਸ਼ਾਂਤ। ਸੀਨਾ = ਛਾਤੀ, ਹਿਰਦਾ।੨।

ਅਰਥ: ਹੇ ਭਾਈ! ਜਿਸ (ਪ੍ਰਭੂ) ਨੇ ਹਰੇਕ ਪਦਾਰਥ ਦਿੱਤਾ ਹੈ, ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ। (ਪਰ ਉਸ ਨਾਲ) ਮਿਲਾਪ ਵੱਡੇ ਭਾਗਾਂ ਨਾਲ ਹੀ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਂਦਾ ਹੈ। (ਸਾਂਝ ਪਾਣ ਵਾਲੇ ਦੀ) ਬਾਂਹ ਫੜ ਕੇ (ਉਸ ਨੂੰ ਮਾਇਆ ਦੇ ਮੋਹ ਦੇ) ਹਨੇਰੇ ਵਿਚੋਂ ਕੱਢ ਲੈਂਦਾ ਹੈ, ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ।

ਹੇ ਨਾਨਕ! ਪਰਮਾਤਮਾ ਦਾ) ਨਾਮ ਜਪਦਿਆਂ (ਮਨੁੱਖ) ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, (ਨਾਮ ਜਪਣ ਵਾਲੇ ਦਾ) ਮਨ ਹਿਰਦਾ ਠੰਢਾ-ਠਾਰ ਰਹਿੰਦਾ ਹੈ।੨।

ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ ॥ ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ ॥ ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ ॥ ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥੩॥ {ਪੰਨਾ 848}

ਪਦਅਰਥ: ਕਹਿ ਸਕਉ = ਕਹਿ ਸਕਉਂ, ਮੈਂ ਆਖ ਸਕਦਾ ਹਾਂ। ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਿਮਰਿ = ਸਿਮਰ ਕੇ। ਨਾਰਾਇਣੈ = ਨਾਰਾਇਣ ਨੂੰ। ਪਾਰਗਰਾਮੀ = (ਸੰਸਾਰ = ਸਮੁੰਦਰ ਤੋਂ) ਪਾਰ ਲੰਘਣ ਜੋਗੇ। ਗਾਵਤ = ਗਾਂਦਿਆਂ। ਇਛ = ਇੱਛਾਂ। ਪੁਜਾਮੀ = ਪੂਰੀਆਂ ਹੋ ਜਾਂਦੀਆਂ ਹਨ। ਉਧਰੇ = ਵਿਕਾਰਾਂ ਤੋਂ ਬਚ ਜਾਂਦੇ ਹਨ। ਜਪਿ = ਜਪ ਕੇ। ਸੁਆਮੀ = ਮਾਲਕ।੩।

ਅਰਥ: ਹੇ ਪ੍ਰਭੂ! ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈਂ। ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ? ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਣ-ਜੋਗੇ ਹੋ ਜਾਂਦੇ ਹਨ। ਪਰਮਾਤਮਾ ਦੇ ਗੁਣ ਗਾਂਦਿਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ। ਹੇ ਨਾਨਕ! ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ, ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ।੩।

ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ ॥ ਪ੍ਰਭ ਪੇਖਤ ਇਛਾ ਪੁੰਨੀਆ ਮਿਲਿ ਸਾਜਨ ਜੀ ਕੇ ਰਾਮ ॥ ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ ॥ ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥ {ਪੰਨਾ 848}

ਪਦਅਰਥ: ਭਿੰਨਿਅੜੇ = ਭਿੱਜੇ ਹੋਏ। ਸੰਗੇ = ਨਾਲ। ਸੇ = ਉਹ {ਬਹੁ-ਵਚਨ}ਲੋਇਣ = ਅੱਖਾਂ। ਨੀਕੇ = ਸੋਹਣੇ। ਪੇਖਤ = ਵੇਖਦਿਆਂ। ਪੁੰਨੀਆ = ਪੂਰੀ ਹੋ ਜਾਂਦੀ ਹੈ। ਮਿਲਿ = ਮਿਲ ਕੇ। ਜੀ ਕੇ = ਜਿੰਦ ਦੇ। ਸਾਜਨ ਜੀ ਕੇ = ਜਿੰਦ ਦੇ ਸੱਜਣ ਨੂੰ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਬਿਖਿਆ ਰਸ = ਮਾਇਆ ਦੇ ਸੁਆਦ। ਫੀਕੇ = ਬੇ = ਸੁਆਦੇ। ਜਲਹਿ = ਜਲ ਵਿਚ। ਮੀਕੇ = ਇਕ = ਮਿਕ।੪।

ਅਰਥ: ਹੇ ਭਾਈ! ਉਹ ਅੱਖਾਂ ਹੀ ਸੋਹਣੀਆਂ ਹਨ, ਜਿਹੜੀਆਂ ਪਰਮਾਤਮਾ ਦੇ ਨਾਮ-ਰਸ ਨਾਲ ਭਿੱਜੀਆਂ ਰਹਿੰਦੀਆਂ ਹਨ। ਹੇ ਭਾਈ! ਜਿੰਦ ਦੇ ਸੱਜਣ ਪ੍ਰਭੂ ਨੂੰ ਮਿਲ ਕੇ ਪ੍ਰਭੂ ਦਾ ਦਰਸਨ ਕਰਦਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ।

ਜਿਸ ਮਨੁੱਖ ਨੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰਾਪਤ ਕਰ ਲਿਆ, ਉਸ ਨੂੰ ਮਾਇਆ ਦੇ ਸਾਰੇ ਸੁਆਦ ਫਿੱਕੇ ਜਾਪਦੇ ਹਨ। ਹੇ ਨਾਨਕ! ਨਾਮ-ਰਸ ਪ੍ਰਾਪਤ ਕਰ ਲੈਣ ਵਾਲੇ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ (ਇਉਂ) ਇਕ-ਮਿਕ ਹੋ ਜਾਂਦੀ ਹੈ, (ਜਿਵੇਂ) ਪਾਣੀ ਪਾਣੀ ਵਿਚ ਰਲ ਜਾਂਦਾ ਹੈ।੪।੨।੫।੯।

ਛੰਤਾਂ ਦਾ ਵੇਰਵਾ:
ਮਹਲਾ ੧ ----
ਮਹਲਾ ੪ ----
ਮਹਲਾ ੫ ----
 . . . . . . . .----
 . ਜੋੜ . . . . .

TOP OF PAGE

Sri Guru Granth Darpan, by Professor Sahib Singh