ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 849 ਬਿਲਾਵਲ ਕੀ ਵਾਰ ਮਹਲਾ ੪ ਪਉੜੀ-ਵਾਰ ਭਾਵ ੧. ਸਾਰਾ ਜਗਤ ਪਰਮਾਤਮਾ ਨੇ ਆਪ ਪੈਦਾ ਕੀਤਾ ਹੈ, ਤੇ ਆਪ ਹੀ ਹਰ ਥਾਂ ਸਭ ਜੀਵਾਂ ਵਿਚ ਮੌਜੂਦ ਹੈ। ਜਿਹੜਾ ਮਨੁੱਖ ਸਰਬ-ਵਿਆਪਕ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਸ ਦੇ ਨਾਮ ਵਿਚ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ। ੨. ਉਹ ਸਰਬ-ਵਿਆਪਕ ਪਰਮਾਤਮਾ ਆਪਣੇ ਭਗਤਾਂ ਨਾਲ ਪਿਆਰ ਕਰਦਾ ਹੈ, ਹਰ ਥਾਂ ਹਰ ਵੇਲੇ ਭਗਤਾਂ ਦਾ ਸਾਥੀ ਬਣਿਆ ਰਹਿੰਦਾ ਹੈ। ਭਗਤ ਉਸ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਆਨੰਦ ਮਾਣਦੇ ਹਨ। ੩. ਪਰ ਉਸ ਪਰਮਾਤਮਾ ਦਾ ਸਿਮਰਨ ਗੁਰੂ ਦੀ ਰਾਹੀਂ ਹੀ ਕੀਤਾ ਜਾ ਸਕਦਾ ਹੈ। ਜਿਹੜਾ ਮਨੁੱਖ ਆਪਣਾ ਦਿਲ ਗੁਰੂ ਅੱਗੇ ਖੋਹਲ ਕੇ ਰੱਖਦਾ ਹੈ ਉਹ ਹਰ ਕਿਸਮ ਦਾ ਆਨੰਦ ਪ੍ਰਾਪਤ ਕਰਦਾ ਹੈ, ਉਸ ਦੀ ਮਾਇਆ ਦੀ ਤ੍ਰਿਸਨਾ ਮਿਟ ਜਾਂਦੀ ਹੈ। ਚੰਗੇ ਭਾਗਾਂ ਨਾਲ ਹੀ ਨਾਮ ਸਿਮਰਨ ਦੀ ਦਾਤਿ ਲੱਭਦੀ ਹੈ। ੪. ਪਰਮਾਤਮਾ ਦਾ ਨਾਮ ਜਪਾਣ ਦਾ ਗੁਣ ਗੁਰੂ ਵਿਚ ਪਰਮਾਤਮਾ ਨੇ ਆਪ ਹੀ ਟਿਕਾ ਰੱਖਿਆ ਹੈ। ਗੁਰੂ ਦੀ ਸੋਭਾ ਦਿਨੋ ਦਿਨ ਵਧਦੀ ਹੈ। ਨਿੰਦਕ ਗੁਰੂ ਦੀ ਸੋਭਾ ਵੇਖ ਕੇ ਜਰ ਨਹੀਂ ਸਕਦੇ। ਪਰ ਉਹ ਗੁਰੂ ਦਾ ਕੁਝ ਵਿਗਾੜ ਨਹੀਂ ਸਕਦੇ। ੫. ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਪਰਮਾਤਮਾ ਆਪ ਮੌਜੂਦ ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ, ਸੁਖ ਮਿਲਦਾ ਹੈ। ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਹਰ ਥਾਂ ਫਿਟਕਾਰ ਹੀ ਪੈਂਦੀ ਹੈ। ੬. ਦੁਨੀਆ ਦੇ ਰਾਜੇ ਪਾਤਿਸ਼ਾਹ ਭੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ, ਤੇ ਪਰਮਾਤਮਾ ਦੇ ਦਰ ਦੇ ਹੀ ਮੰਗਤੇ ਹਨ। ਇਤਨੀ ਸਮਰਥਾ ਵਾਲਾ ਪ੍ਰਭੂ ਸਦਾ ਗੁਰੂ ਦਾ ਪੱਖ ਕਰਦਾ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਭੀ ਪਰਮਾਤਮਾ ਨੇ ਗੁਰੂ ਦੇ ਦਰ ਦੇ ਗੋਲੇ ਬਣਾਏ ਹੋਏ ਹਨ। ਜਿਹੜਾ ਮਨੁੱਖ ਉਸ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਦੇ ਅੰਦਰੋਂ ਕਾਮਾਦਿਕ ਸਾਰੇ ਵੈਰੀ ਉਹ ਮਾਰ ਮੁਕਾਂਦਾ ਹੈ। ੭. ਉਹੀ ਮਨੁੱਖ ਵੱਡਾ ਸ਼ਾਹੂਕਾਰ ਹੈ ਜਿਸ ਨੂੰ ਪਰਮਾਤਮਾ ਨੇ ਆਪਣਾ ਨਾਮ-ਧਨ ਦਿੱਤਾ ਹੈ। ਸਾਰਾ ਜਗਤ ਉਸ ਭਗਤ ਦੇ ਦਰ ਤੇ ਮੰਗਤਾ ਹੁੰਦਾ ਹੈ। ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ ਉਹ ਕਿਸੇ ਦੇ ਮੁਥਾਜ ਨਹੀਂ ਰਹਿੰਦੇ। ੮. ਇਹ ਨਾਮ-ਧਨ ਗੁਰੂ ਪਾਸੋਂ ਹੀ ਮਿਲਦਾ ਹੈ। ਜਿਹੜੇ ਮਨੁੱਖ ਇਸ ਧਨ ਤੋਂ ਵਾਂਜੇ ਰਹਿੰਦੇ ਹਨ ਉਹ ਹਾਰੇ ਹੋਏ ਜਵਾਰੀਏ ਵਾਂਗ ਆਪਣਾ ਜੀਵਨ ਅਜਾਈਂ ਗਵਾ ਜਾਂਦੇ ਹਨ। ੯. ਇਸ ਨਾਮ-ਧਨ ਉਤੇ ਕਿਸੇ ਦਾ ਕੋਈ ਜੱਦੀ ਹੱਕ ਨਹੀਂ ਹੁੰਦਾ, ਕਿਸੇ ਭੀ ਪਾਸ ਇਸ ਦੀ ਮਲਕੀਅਤ ਦਾ ਪਟਾ ਨਹੀਂ ਹੁੰਦਾ। ਸਿਰਫ਼ ਸਤਿਗੁਰੂ ਹੀ ਇਹ ਹਰਿ-ਧਨ ਪਰਮਾਤਮਾ ਪਾਸੋਂ ਦਿਵਾ ਸਕਦਾ ਹੈ। ੧੦. ਪਰਮਾਤਮਾ ਨੇ ਗੁਰੂ ਦੀ ਰਾਹੀਂ ਹੀ ਸਾਰੇ ਸੰਸਾਰ ਨੂੰ ਆਪਣੇ ਨਾਮ ਦੀ ਬਖ਼ਸ਼ਸ਼ ਕੀਤੀ ਹੈ। ਗੁਰੂ ਹੀ ਨਾਮ ਦੀ ਦਾਤਿ ਦੇਣ ਦੇ ਸਮਰੱਥ ਹੈ। ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਆਤਮਕ ਖ਼ੁਰਾਕ ਗੁਰੂ ਦੇ ਦਰ ਤੋਂ ਹੀ ਮਿਲਦੀ ਹੈ। ੧੧. ਗੁਰੂ ਨੇ ਜਿਸ ਮਨੁੱਖ ਦੇ ਮਨ ਵਿਚੋਂ ਭਟਕਣਾ ਦੂਰ ਕੀਤੀ, ਉਸ ਦੇ ਅੰਦਰੋਂ ਕਾਮਾਦਿਕ ਸਾਰੇ ਵੈਰੀ ਮੁੱਕ ਗਏ, ਉਸ ਨੇ ਹਰਿ-ਨਾਮ ਮਨ ਵਿਚ ਵਸਾ ਲਿਆ, ਤੇ, ਉਸ ਨੇ ਸਾਧ ਸੰਗਤਿ ਵਿਚ ਟਿਕ ਕੇ ਆਪਣਾ ਜੀਵਨ ਸਫਲਾ ਕਰ ਲਿਆ। ੧੨. ਗੁਰੂ ਦਾ ਉਪਦੇਸ਼ ਸਾਰੇ ਜਗਤ ਵਿਚ ਪ੍ਰਭਾਵ ਪਾਂਦਾ ਹੈ। ਗੁਰੂ ਹੀ ਪਰਮਾਤਮਾ ਦੇ ਬੇਅੰਤ ਗੁਣਾਂ ਦੀ ਸੂਝ ਬਖ਼ਸ਼ਦਾ ਹੈ। ਪਰਮਾਤਮਾ ਦਾ ਨਾਮ, ਆਤਮਕ ਅਡੋਲਤਾ, ਆਤਮਕ ਆਨੰਦ-ਇਹ ਗੁਰੂ ਪਾਸੋਂ ਹੀ ਮਿਲਦੇ ਹਨ। ੧੩. ਗੁਰੂ ਬੜਾ ਹੀ ਉਦਾਰ-ਚਿੱਤ ਹੈ। ਸਰਨ-ਪਏ ਨਿੰਦਕ ਦੇ ਭੀ ਔਗੁਣ ਬਖ਼ਸ਼ ਕੇ ਉਸ ਨੂੰ ਸਾਧ ਸੰਗਤਿ ਵਿਚ ਜੋੜ ਦੇਂਦਾ ਹੈ। ਸੋ, ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਹਰ ਥਾਂ ਆਦਰ-ਮਾਣ ਪ੍ਰਾਪਤ ਕਰਦਾ ਹੈ। ਮੁੱਖ ਭਾਵ: ਸਭ ਤਾਕਤਾਂ ਦੇ ਮਾਲਕ ਤੇ ਸਰਬ-ਵਿਆਪਕ ਪਰਮਾਤਮਾ ਦੇ ਨਾਮ ਦੀ ਦਾਤਿ ਗੁਰੂ ਪਾਸੋਂ ਹੀ ਮਿਲਦੀ ਹੈ। ਵੱਡੇ ਵੱਡੇ ਦੁਨੀਆਦਾਰ ਸਭ ਗੁਰੂ ਦੇ ਦਰ ਦੇ ਮੰਗਤੇ ਹਨ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ ਨਾਮ-ਧਨ ਮਿਲਦਾ ਹੈ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਦੇ ਅੰਦਰੋਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ, ਸਾਰੇ ਜਗਤ ਵਿਚ ਉਸ ਨੂੰ ਆਦਰ-ਮਾਣ ਹਾਸਲ ਹੁੰਦਾ ਹੈ, ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ਵਾਰ ਦੀ ਬਣਤਰ ਇਹ ਵਾਰ ਗੁਰੂ ਰਾਮਦਾਸ ਜੀ ਦੀ ਉਚਾਰੀ ਹੋਈ ਹੈ, ਇਸ ਵਿਚ ੧੩ ਪਉੜੀਆਂ ਹਨ ਤੇ ੨੭ ਸਲੋਕ ਹਨ। ਹਰੇਕ ਪਉੜੀ ਦੇ ਨਾਲ ਦੋ ਦੋ ਸਲੋਕ ਹਨ, ਸਿਰਫ਼ ਪਉੜੀ ਨੰ: ੭ ਨਾਲ ੩ ਸਲੋਕ ਹਨ। ਸਲੋਕਾਂ ਦਾ ਵੇਰਵਾ ਇਉਂ ਹੈ: ਗੁਰੂ ਰਾਮਦਾਸ ਜੀ
---- ੧ ਜਿਸ ਸਤਿਗੁਰੂ ਜੀ ਦੀ ਉਚਾਰੀ ਹੋਈ ਇਹ ਵਾਰ ਹੈ, ਉਹਨਾਂ ਦਾ ਸਲੋਕ ਸਿਰਫ਼ ਇੱਕ ਹੀ ਹੈ, ਜੋ ਪਹਿਲੀ ਹੀ ਪਉੜੀ ਨਾਲ ਦਰਜ ਹੈ, ਗੁਰੂ ਨਾਨਕ ਦੇਵ ਜੀ ਦੇ ਦੋਵੇਂ ਸਲੋਕ ਪਉੜੀ ਨੰ: ੧੧ ਨਾਲ ਦਰਜ ਹਨ। ਹਰੇਕ ਪਉੜੀ ਵਿਚ ਪੰਜ ਪੰਜ ਤੁਕਾਂ ਹਨ, ਸਿਰਫ਼ ਪਉੜੀ ਨੰ: ੧੦ ਵਿਚ ੬ ਤੁਕਾਂ ਹਨ; ਪਰ ਤੁਕਾਂ ਦੀ ਲੰਬਾਈ ਇਕੋ ਜਿਹੀ ਨਹੀਂ ਹੈ, ਕਈ ਪਉੜੀਆਂ ਵਿਚ ਕਈ ਤੁਕਾਂ ਬਹੁਤ ਹੀ ਲੰਮੀਆਂ ਹਨ; ਵੇਖੋ ਪਉੜੀ ਨੰ: ੬, ੯ ਤੇ ੧੩। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖ਼ੀਰ ਵਿਚ ਜੋ ਸਲੋਕ ਦਰਜ ਹਨ, ਉਹਨਾਂ ਦਾ ਸਿਰ-ਲੇਖ ਹੈ "ਸਲੋਕ ਵਾਰਾਂ ਤੇ ਵਧੀਕ"। ਇਹ 'ਸਿਰ-ਲੇਖ' ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਸ੍ਰੀ ਗੁਰੂ ਅਰਜਨ ਸਾਹਿਬ ਨੇ ਲਿਖਾਇਆ; ਇਸ ਸਿਰ-ਲੇਖ ਤੋਂ ਇਹ ਸਾਫ਼ ਜ਼ਾਹਰ ਹੈ ਕਿ 'ਵਾਰਾਂ' ਦੇ ਨਾਲ ਜੋ ਸਲੋਕ ਦਰਜ ਹਨ, ਇਹ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ। ਸੋ, ਬਿਲਾਵਲ ਰਾਗ ਦੀ ਇਹ 'ਵਾਰ' ਭੀ ਗੁਰੂ ਰਾਮਦਾਸ ਜੀ ਨੇ ਸਿਰਫ਼ "ਪਉੜੀਆਂ" ਦੀ ਸ਼ਕਲ ਵਿਚ ਹੀ ਉਚਾਰੀ ਸੀ, ਨਾਲ ਦੇ ੨੭ ਸਲੋਕ ਬੀੜ ਤਿਆਰ ਕਰਨ ਵੇਲੇ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ। ਬਿਲਾਵਲ ਕੀ ਵਾਰ ਮਹਲਾ ੪ ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੪ ॥ ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥ ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥ {ਪੰਨਾ 849} ਪਦਅਰਥ: ਨਾਦੁ = ਗੁਰੂ ਦਾ ਸ਼ਬਦ। ਨਾਦੁ ਬਿਲਾਵਲੁ ਰਾਗੁ = ਗੁਰੂ ਦਾ ਸ਼ਬਦ = ਰੂਪ ਬਿਲਾਵਲੁ ਰਾਗ। ਕਰਿ = ਕਰ ਕੇ, ਉਚਾਰ ਕੇ। ਸੁਣਿ = ਸੁਣ ਕੇ। ਧੁਰਿ = ਧੁਰ ਤੋਂ, ਮੁੱਢ ਤੋਂ। ਮਸਤਕਿ = ਮੱਥੇ ਉਤੇ। ਰੈਣਿ = ਰਾਤ। ਉਰਿ = ਹਿਰਦੇ ਵਿਚ। ਦੇਖਿ = ਵੇਖ ਕੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਮੁਖਿ ਲਾਗੁ = ਮੂੰਹ ਲੱਗੇ, ਦਰਸ਼ਨ ਦੇਵੇ।੧। ਅਰਥ: ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਸ ਮਨੁੱਖ ਦੇ ਮੱਥੇ ਉਤੇ ਧੁਰ ਤੋਂ ਹੀ ਪੂਰਨ ਭਾਗ ਹੈ, (ਜਿਸ ਦੇ ਹਿਰਦੇ ਵਿਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉੱਘੜਦਾ ਹੈ) ਉਸ ਨੇ ਗੁਰੂ ਦਾ ਸ਼ਬਦ-ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ, ਉਸ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਇਆ ਹੈ। ਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ (ਅੱਠੇ ਪਹਿਰ) ਪਰਮਾਤਮਾ ਦੇ ਗੁਣ ਗਾਂਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ। ਉਸ ਦਾ ਸਾਰਾ ਤਨ ਸਾਰਾ ਮਨ ਹਰਾ-ਭਰਾ ਹੋ ਜਾਂਦਾ ਹੈ (ਆਤਮਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ) , ਉਸ ਦਾ ਮਨ (ਇਉਂ) ਖਿੜ ਪੈਂਦਾ ਹੈ (ਜਿਵੇਂ) ਹਰਾ ਹੋਇਆ ਹੋਇਆ ਬਾਗ਼ ਹੈ। ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ (ਉਸ ਦੇ ਅੰਦਰ, ਮਾਨੋ) ਦੀਵਾ ਰੌਸ਼ਨੀ ਕਰ ਦੇਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਮਿਟ ਜਾਂਦਾ ਹੈ। ਹੇ ਹਰੀ! ਤੇਰਾ) ਦਾਸ ਨਾਨਕ (ਅਜੇਹੇ ਗੁਰਮੁਖਿ ਮਨੁੱਖ ਨੂੰ) ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ (ਤੇ, ਚਾਹੁੰਦਾ ਹੈ ਕਿ) ਭਾਵੇਂ ਇਕ ਪਲ-ਭਰ ਹੀ ਉਸ ਦਾ ਦਰਸ਼ਨ ਹੋਵੇ।੧। ਮਃ ੩ ॥ ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ {ਪੰਨਾ 849} ਪਦਅਰਥ: ਬਿਲਾਵਲੁ = ਪੂਰਨ ਖਿੜਾਉ, ਆਤਮਕ ਆਨੰਦ। ਕੀਜੀਐ = ਕੀਤਾ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ। ਮੁਖਿ = ਮੂੰਹ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਜਾ = ਜਦੋਂ। ਸਹਜਿ = ਆਤਮਕ ਅਡੋਲਤਾ ਵਿਚ। ਧਿਆਨੁ = ਸੁਰਤਿ। ਸੇਵੀਐ = ਸਿਮਰਨ ਕਰੀਏ। ਪਾਈਐ = ਪਾਈਦਾ ਹੈ। ਮਨਿ = ਮਨ ਵਿਚ (ਟਿਕਿਆ ਹੋਇਆ) । ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬੀਚਾਰੀਐ = ਮਨ ਵਿਚ ਟਿਕਾਈਏ।੨। ਅਰਥ: ਹੇ ਭਾਈ! ਪੂਰਨ ਆਤਮਕ ਆਨੰਦ ਤਦੋਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਪਰਮਾਤਮਾ ਦਾ ਨਾਮ (ਮਨੁੱਖ ਦੇ) ਮੂੰਹ ਵਿਚ ਟਿਕਦਾ ਹੈ। ਹੇ ਭਾਈ! ਰਾਗ ਤੇ ਨਾਦ (ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ (ਸ਼ਬਦ ਦੀ ਬਰਕਤ ਨਾਲ ਮਨੁੱਖ ਦੀ) ਸੁਰਤਿ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ। ਹੇ ਭਾਈ! ਸੰਸਾਰਕ) ਰਾਗ ਰੰਗ (ਦਾ ਰਸ) ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਹੇ ਨਾਨਕ! ਆਖ-) ਜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਯਾਦ ਮਨ ਵਿਚ ਟਿਕਾਈਏ, ਤਾਂ ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ।੨। ਪਉੜੀ ॥ ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥ ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥ ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥ ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥ ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥ {ਪੰਨਾ 849} ਪਦਅਰਥ: ਹਰਿ = ਹੇ ਹਰੀ! ਪ੍ਰਭੁ = (ਸਭ ਜੀਵਾਂ ਦਾ) ਮਾਲਕ। ਅਗੰਮੁ = ਅਪਹੁੰਚ, ਜੀਵਾਂ ਦੀ ਪਹੁੰਚ ਤੋਂ ਪਰੇ। ਸਭਿ = ਸਾਰੇ (ਜੀਵ) । ਤੁਧੁ = ਤੂੰ ਹੀ। ਵਰਤਦਾ = ਮੌਜੂਦ ਹੈਂ। ਸਭੁ = ਸਾਰਾ। ਸਬਾਇਆ = ਸਾਰਾ। ਤਾੜੀ = ਸਮਾਧੀ। ਭਗਤਹੁ = ਹੇ ਸੰਤ ਜਨੋ! ਅੰਤਿ = ਅਖ਼ੀਰ ਤੇ। ਜਿਨਿ = ਜਿਸ (ਮਨੁੱਖ) ਨੇ। ਸੇਵਿਆ = ਸਿਮਰਿਆ। ਤਿਨਿ = ਉਸ (ਮਨੁੱਖ) ਨੇ। ਨਾਮਿ = ਨਾਮ ਵਿਚ।੧। ਅਰਥ: ਹੇ ਹਰੀ! ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈਂ। (ਇਹ ਜੋ) ਸਾਰਾ ਜਗਤ (ਦਿੱਸ ਰਿਹਾ) ਹੈ (ਇਸ ਵਿਚ ਹਰ ਥਾਂ) ਤੂੰ ਆਪ ਹੀ ਆਪ ਵਿਆਪਕ ਹੈਂ! ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਸਮਾਧੀ ਭੀ ਤੂੰ ਆਪ ਹੀ ਲਾ ਰਿਹਾ ਹੈਂ, ਤੇ (ਆਪਣੇ) ਗੁਣ ਭੀ ਤੂੰ ਆਪ ਹੀ ਗਾ ਰਿਹਾ ਹੈਂ। ਹੇ ਸੰਤ ਜਨੋ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਪਰਮਾਤਮਾ ਹੀ ਅੰਤ ਵਿਚ ਬਚਾਂਦਾ ਹੈ। ਜਿਸ (ਭੀ) ਮਨੁੱਖ ਨੇ ਉਸ ਦੀ ਸੇਵਾ-ਭਗਤੀ ਕੀਤੀ, ਉਸ ਨੇ (ਹੀ) ਸੁਖ ਪ੍ਰਾਪਤ ਕੀਤਾ, (ਕਿਉਂਕਿ ਉਹ ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।੧। ਸਲੋਕ ਮਃ ੩ ॥ ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥ ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥ ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥ ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥ ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥ ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥ {ਪੰਨਾ 849} ਪਦਅਰਥ: ਭਾਉ = ਪਿਆਰ। ਭਾਇ = ਪਿਆਰ ਵਿਚ। ਦੂਜੈ ਭਾਇ = (ਪਰਮਾਤਮਾ ਨੂੰ ਭੁਲਾ ਕੇ) ਕਿਸੇ ਹੋਰ ਦੇ ਪਿਆਰ ਵਿਚ, ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ) । ਬਿਲਾਵਲੁ = ਆਤਮਕ ਆਨੰਦ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਥਾਇ ਨ ਪਾਇ = ਪਰਵਾਨ ਨਹੀਂ ਹੁੰਦਾ। ਪਾਖੰਡਿ = ਪਖੰਡ ਦੀ ਰਾਹੀਂ। ਮਨ ਹਠਿ = ਮਨ ਦੇ ਹਠ ਨਾਲ। ਕੋਈ = ਕੋਈ ਮਨੁੱਖ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਬੀਚਾਰੀਐ = ਪੜਤਾਲਣਾ ਚਾਹੀਦਾ ਹੈ। ਆਪੁ = ਆਪਾ = ਭਾਵ। ਗਵਾਇ = ਦੂਰ ਕਰ ਕੇ। ਮਨਿ = ਮਨ ਵਿਚ। ਮਿਲਾਇ = ਜੋੜ ਕੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਸੁਰਤਿ।੧। ਅਰਥ: ਹੇ ਭਾਈ! ਮਾਇਆ ਦੇ ਮੋਹ ਵਿਚ (ਟਿਕੇ ਰਿਹਾਂ) ਆਤਮਕ ਆਨੰਦ ਨਹੀਂ ਮਿਲਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀਆਂ ਨਿਗਾਹਾਂ ਵਿਚ) ਕਬੂਲ ਨਹੀਂ ਹੁੰਦਾ (ਕਿਉਂਕਿ) ਅੰਦਰੋਂ ਹੋਰ ਤੇ ਬਾਹਰੋਂ ਹੋਰ ਰਿਹਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲ ਸਕਦਾ। (ਅੰਦਰ ਪ੍ਰਭੂ ਨਾਲ ਪਿਆਰ ਨਾਹ ਹੋਵੇ ਤਾਂ ਨਿਰੇ) ਮਨ ਦੇ ਹਠ ਨਾਲ ਕੀਤੇ ਕਰਮਾਂ ਦੀ ਰਾਹੀਂ ਕੋਈ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਹੇ ਨਾਨਕ! ਆਖ-ਹੇ ਭਾਈ!) ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈ ਕੇ ਆਪਣਾ ਆਤਮਕ ਜੀਵਨ ਪੜਤਾਲਣਾ ਚਾਹੀਦਾ ਹੈ, (ਇਸ ਤਰ੍ਹਾਂ ਉਹ) ਪਰਮਾਤਮਾ (ਜੋ ਹਰ ਥਾਂ) ਆਪ ਹੀ ਆਪ ਹੈ ਮਨ ਵਿਚ ਆ ਵੱਸਦਾ ਹੈ। ਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤਿ ਜੋੜਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।੧। ਮਃ ੩ ॥ ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ ॥ ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥ ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥ ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥ ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥ {ਪੰਨਾ 849} ਪਦਅਰਥ: ਏਕਸੁ ਸਿਉ = ਇੱਕ (ਪਰਮਾਤਮਾ) ਨਾਲ। ਲਿਵ ਲਾਇ = (ਪ੍ਰੇਮ ਦੀ) ਲਗਨ ਲਾ ਕੇ। ਕਟੀਐ = ਕੱਟਿਆ ਜਾਂਦਾ ਹੈ। ਸਚੇ = ਸਦਾ-ਥਿਰ ਪ੍ਰਭੂ ਵਿਚ। ਰਹੈ ਸਮਾਇ = ਲੀਨ ਰਹਿੰਦਾ ਹੈ। ਜਨਮ ਮਰਣ ਦੁਖੁ = ਸਾਰੀ ਉਮਰ ਦਾ ਦੁੱਖ। ਚਲਹਿ = ਤੁਰਦੇ ਹਨ, ਤੁਰਦੇ ਰਹਿਣ। ਸਤਿਗੁਰ ਭਾਇ = ਗੁਰੂ ਦੇ ਅਨੁਸਾਰ, ਗੁਰੂ ਦੀ ਰਜ਼ਾ ਵਿਚ। ਸਤਸੰਗਤੀ ਬਹਿ = ਸਤਸੰਗਤਿ ਵਿਚ ਬੈਠ ਕੇ। ਭਾਉ = ਪਿਆਰ। ਜਿ = ਜਿਹੜੇ {ਲਫ਼ਜ਼ 'ਜੇ' ਅਤੇ 'ਜਿ' ਦਾ ਫ਼ਰਕ ਵੇਖੋ}। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ! ਮੇਲਿ = ਮਿਲਾਪ ਵਿਚ।੨। ਅਰਥ: ਹੇ ਪਿਆਰੇ ਸੱਜਣੋ! ਇੱਕ (ਪਰਮਾਤਮਾ) ਨਾਲ ਸੁਰਤਿ ਜੋੜ ਕੇ ਤੁਸੀ ਆਤਮਕ ਆਨੰਦ ਮਾਣਦੇ ਰਹੋ। (ਜਿਹੜਾ ਮਨੁੱਖ ਇਕ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਉਸ ਦਾ) ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ, (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਸਦਾ) ਲੀਨ ਰਹਿੰਦਾ ਹੈ। ਜੇ (ਮਨੁੱਖ) ਸਤਸੰਗਤਿ ਵਿਚ ਬੈਠ ਕੇ ਪਿਆਰ ਨਾਲ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਿਤੀਤ ਕਰਦੇ ਰਹਿਣ (ਤਾਂ ਉਹਨਾਂ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਨਾਨਕ! ਆਖ-ਹੇ ਭਾਈ!) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪ੍ਰਭੂ ਦੀ ਯਾਦ ਵਿਚ ਟਿਕੇ ਰਹਿੰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ।੧। ਪਉੜੀ ॥ ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥ ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥ ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥ ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥ {ਪੰਨਾ 849} ਪਦਅਰਥ: ਸੋ ਹਰਿ = ਉਹ ਪਰਮਾਤਮਾ। ਸਭੁ ਕੋਈ = ਹਰੇਕ ਜੀਵ। ਕੈ ਵਸਿ = ਦੇ ਵੱਸ ਵਿਚ ਹੈ। ਘਰਿ = ਹਿਰਦੇ = ਘਰ ਵਿਚ। ਸਰਬ = {सर्वत्र} ਹਰ ਥਾਂ। ਮੇਲੀ = ਸਾਥੀ। ਸਉ = ਸੌਂ, (ਭਾਵ) ਸੌਂਦੇ ਹਨ। ਨਿਸੁਲ = ਟੰਗ ਪਸਾਰ ਕੇ, ਬੇ = ਫ਼ਿਕਰ ਹੋ ਕੇ। ਟੰਗ ਧਰਿ = ਲੱਤ ਉਤੇ ਲੱਤ ਧਰ ਕੇ, ਬੇ = ਪਰਵਾਹ ਹੋ ਕੇ। ਚਿਤਿ = ਚਿੱਤ ਵਿਚ। ਚਿਤਿ ਕਰਿ = ਚਿੱਤ ਵਿਚ ਕਰਦੇ, ਸਿਮਰਦੇ ਹਨ। ਸਭ = ਸਾਰੀ ਲੁਕਾਈ। ਝਖਿ ਝਝਿ = ਖਪ ਖਪ ਕੇ। ਪਵੈ ਝੜਿ = ਥੱਕ ਜਾਂਦੀ ਹੈ।੨। ਅਰਥ: ਹੇ ਭਾਈ! ਜਿਹੜਾ ਪਰਮਾਤਮਾ ਆਪ ਸਭ ਜੀਵਾਂ ਵਿਚ ਮੌਜੂਦ ਹੈ ਉਹ ਹੀ ਭਗਤਾਂ ਦਾ ਮਿੱਤਰ ਹੈ। ਭਗਤਾਂ ਦੇ ਹਿਰਦੇ-ਘਰ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ (ਕਿਉਂਕਿ ਉਹ ਜਾਣਦੇ ਹਨ ਕਿ) ਹਰੇਕ ਜੀਵ ਪਰਮਾਤਮਾ ਦੇ ਵੱਸ ਵਿਚ ਹੈ (ਤੇ ਉਹ ਪਰਮਾਤਮਾ ਉਹਨਾਂ ਦਾ ਮਿੱਤਰ ਹੈ) । ਪਰਮਾਤਮਾ ਹਰ ਥਾਂ ਆਪਣੇ ਭਗਤਾਂ ਦਾ ਸਾਥੀ-ਮਦਦਗਾਰ ਹੈ (ਇਸ ਵਾਸਤੇ ਉਸ ਦੇ) ਭਗਤ ਲੱਤ ਉਤੇ ਲੱਤ ਰਖ ਕੇ ਬੇ-ਫ਼ਿਕਰ ਹੋ ਕੇ ਸੌਂਦੇ ਹਨ (ਨਿਸਚਿੰਤ ਜੀਵਨ ਬਤੀਤ ਕਰਦੇ ਹਨ। ਜਿਹੜਾ ਪਰਮਾਤਮਾ ਸਭ ਜੀਵਾਂ ਦਾ ਖਸਮ ਹੈ, ਉਸ ਨੂੰ ਭਗਤ ਜਨ (ਸਦਾ ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ। ਹੇ ਪ੍ਰਭੂ! ਸਾਰੀ ਲੁਕਾਈ ਖਪ ਖਪ ਕੇ ਥੱਕ ਜਾਂਦੀ ਹੈ, ਕੋਈ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ।੨। |
Sri Guru Granth Darpan, by Professor Sahib Singh |