ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 850 ਸਲੋਕ ਮਃ ੩ ॥ ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥ ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥ ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥ ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥ ਨਾਨਕ ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥ {ਪੰਨਾ 850} ਪਦਅਰਥ: ਬਿੰਦਹਿ = ਪਛਾਣਦੇ ਹਨ, ਡੂੰਘੀ ਸਾਂਝ ਪਾਂਦੇ ਹਨ। ਬ੍ਰਹਮੁ = ਪਰਮਾਤਮਾ। ਭਾਇ = ਪਿਆਰ ਵਿਚ। ਚਲਹਿ = (ਜੀਵਨ = ਸਫ਼ਰ ਵਿਚ) ਤੁਰਦੇ ਹਨ, ਜੀਵਨ ਬਤੀਤ ਕਰਦੇ ਹਨ। ਕੈ ਹਿਰਦੈ = ਦੇ ਹਿਰਦੇ ਵਿਚ। ਗਵਾਇ = ਦੂਰ ਕਰ ਕੇ। ਰਵਹਿ = ਚੇਤੇ ਕਰਦੇ ਹਨ। ਸੰਗ੍ਰਹਹਿ = ਇਕੱਠੇ ਕਰਦੇ ਹਨ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ ਮਿਲਾਇ = (ਆਪਣੀ) ਸੁਰਤਿ ਜੋੜ ਕੇ। ਜੁਗ ਮਹਿ = ਮਨੁੱਖਾ ਜੀਵਨ ਵਿਚ। ਲਾਇ = ਲਾ ਕੇ। ਨਦਰਿ = ਮਿਹਰ ਦੀ ਨਿਗਾਹ। ਸਚਾ = ਸਦਾ ਕਾਇਮ ਰਹਿਣ ਵਾਲਾ। ਨਾਮਿ = ਨਾਮ ਵਿਚ। ਲਿਵ = ਸੁਰਤਿ।੧। ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਸਤਿਗੁਰੂ ਦੀ ਰਜ਼ਾ ਵਿਚ ਜੀਵਨ ਬਤੀਤ ਕਰਦੇ ਹਨ (ਆਪਣੇ ਅੰਦਰੋਂ) ਹਉਮੈ (ਦਾ) ਰੋਗ ਦੂਰ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਵੱਸਦਾ ਹੈ ਉਹ ਮਨੁੱਖ ਹਨ (ਅਸਲ) ਬ੍ਰਾਹਮਣ। (ਉਹ ਬ੍ਰਾਹਮਣ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਸੁਰਤਿ-ਜੋੜ ਕੇ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ ਤੇ ਪਰਮਾਤਮਾ ਦੇ ਗੁਣ (ਆਪਣੇ ਅੰਦਰੋਂ) ਇਕੱਠੇ ਕਰਦੇ ਰਹਿੰਦੇ ਹਨ। ਪਰ ਹੇ ਭਾਈ! ਇਸ ਮਨੁੱਖਾ ਜੀਵਨ ਵਿਚ (ਇਹੋ ਜਿਹੇ) ਬ੍ਰਾਹਮਣ ਵਿਰਲੇ ਹੀ ਹੁੰਦੇ ਹਨ ਜੋ ਮਨ ਲਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ। ਹੇ ਨਾਨਕ! ਜਿਨ੍ਹਾਂ (ਇਹੋ ਜਿਹੇ ਬ੍ਰਾਹਮਣਾਂ) ਉਤੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ।੧। ਮਃ ੩ ॥ ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥ ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥ ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥ ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥ ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥ {ਪੰਨਾ 850} ਪਦਅਰਥ: ਸੇਵ = ਸੇਵਾ, ਕਾਰ। ਸਬਦਿ = ਗੁਰੂ ਦੇ ਸ਼ਬਦ ਵਿਚ। ਭਾਉ = ਪਿਆਰ। ਦੀਰਘੁ = ਲੰਮਾ। ਬਹੁ ਸੁਆਉ = ਬਹੁਤੇ ਸੁਆਦਾਂ ਵਲ ਪ੍ਰੇਰਨ ਵਾਲਾ। ਹਠਿ = ਹਠ ਦੀ ਰਾਹੀਂ। ਪਾਇ = ਪੈਂਦਾ ਹੈ। ਸਫਲੁ = ਕਾਮਯਾਬ। ਆਪੇ = (ਪ੍ਰਭੂ) ਆਪ ਹੀ। ਨਦਰੀ = ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ। ਪਲੈ ਪਾਇ = ਹਾਸਲ ਕਰ ਲੈਂਦਾ ਹੈ।੨। ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ-ਕਮਾਈ ਨਾਹ ਕੀਤੀ, ਜਿਸ ਦਾ ਪਿਆਰ (ਗੁਰੂ ਦੇ) ਸ਼ਬਦ ਵਿਚ ਨਾਹ ਬਣਿਆ (ਆਪਣੇ ਹੀ ਮਨ ਦਾ ਮੁਰੀਦ ਰਹਿ ਕੇ ਉਸ ਨੇ) ਅਨੇਕਾਂ ਚਸਕਿਆਂ ਵਲ ਪ੍ਰੇਰਨ ਵਾਲਾ ਬਹੁਤ ਲੰਮਾ ਹਉਮੈ ਦਾ ਰੋਗ ਹੀ ਖੱਟਿਆ; ਆਪਣੇ ਮਨ ਦੇ ਹਠ ਦੇ ਆਸਰੇ (ਹੋਰ ਹੋਰ) ਕਰਮ ਕਰਦੇ ਰਹਿਣ ਕਰਕੇ ਉਹ ਮਨੁੱਖ ਮੁੜ ਮੁੜ ਜੂਨਾਂ (ਦੇ ਗੇੜ) ਵਿਚ ਪੈਂਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ (ਪਰ ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਜਿਸ ਨੂੰ (ਪਰਮਾਤਮਾ) ਆਪ ਹੀ (ਗੁਰੂ ਦੇ ਚਰਨਾਂ ਵਿਚ) ਜੋੜਦਾ ਹੈ। ਹੇ ਨਾਨਕ! ਜਦੋਂ ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ (ਕਿਸੇ ਮਨੁੱਖ ਉਤੇ ਮਿਹਰ ਦੀ) ਨਿਗਾਹ ਕਰਦਾ ਹੈ ਤਦੋਂ ਉਹ ਪਰਮਾਤਮਾ ਦਾ ਨਾਮ-ਧਨ ਪ੍ਰਾਪਤ ਕਰ ਲੈਂਦਾ ਹੈ।੨। ਪਉੜੀ ॥ ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥ ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥ ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥ ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥ ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥ {ਪੰਨਾ 850} ਪਦਅਰਥ: ਸਭ ਵਡਿਆਈਆ = ਸਾਰੇ ਗੁਣ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ। ਧਿਆਈਐ = ਸਿਮਰਿਆ ਜਾ ਸਕਦਾ ਹੈ। ਜਿ ਵਸਤੁ = ਜਿਹੜੀ ਚੀਜ਼। ਨਾਮਿ = ਨਾਮ ਵਿਚ। ਗੁਹਜ ਗਲ = ਲੁਕਵੀਂ ਗੱਲ, ਅੰਦਰਲੀ ਗੱਲ, ਦਿਲ ਦੀ ਘੁੰਡੀ। ਜੀਅ ਕੀ = ਦਿਲ ਦੀ। ਕੀਚੈ = ਕੀਤੀ ਜਾਏ। ਸਰਬ ਸੁਖੁ = ਹਰੇਕ ਕਿਸਮ ਦਾ ਸੁਖ। ਦੇਇ = ਦੇਂਦਾ ਹੈ। ਭੁਖ = ਤ੍ਰਿਸ਼ਨਾ। ਪੂਰਬਿ = ਪਹਿਲਾਂ ਤੋਂ, ਮੁੱਢ ਤੋਂ, ਧੁਰ ਤੋਂ। ਲਿਖਿਆ = (ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ) ਲਿਖਿਆ ਹੋਇਆ ਲੇਖ।੩। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਿਚ ਸਾਰੇ ਗੁਣ ਹਨ (ਜੇ ਮਨੁੱਖ ਨਾਮ ਸਿਮਰੇ ਤਾਂ ਉਸ ਦੇ ਅੰਦਰ ਸਾਰੇ ਆਤਮਕ ਗੁਣ ਪੈਦਾ ਹੋ ਜਾਂਦੇ ਹਨ, ਪਰ) ਪਰਮਾਤਮਾ (ਦਾ ਨਾਮ) ਗੁਰੂ ਦੀ ਸਰਨ ਪਿਆਂ ਹੀ ਸਿਮਰਿਆ ਜਾ ਸਕਦਾ ਹੈ। ਹੇ ਭਾਈ! ਜੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜੀ ਰੱਖੀਏ ਤਾਂ (ਉਸ ਦੇ ਦਰ ਤੋਂ) ਜਿਹੜੀ ਭੀ ਚੀਜ਼ ਮੰਗੀ ਜਾਂਦੀ ਹੈ ਉਹੀ ਮਿਲ ਜਾਂਦੀ ਹੈ। ਹੇ ਭਾਈ! ਜਦੋਂ ਦਿਲ ਦੀ ਘੁੰਡੀ ਸਤਿਗੁਰੂ ਦੇ ਅੱਗੇ ਖੋਹਲੀ ਜਾਂਦੀ ਹੈ ਤਦੋਂ ਹਰੇਕ ਕਿਸਮ ਦਾ ਸੁਖ ਮਿਲ ਜਾਂਦਾ ਹੈ। ਪੂਰਾ ਸਤਿਗੁਰੂ ਪਰਮਾਤਮਾ (ਦੇ ਸਿਮਰਨ) ਦਾ ਉਪਦੇਸ਼ ਦੇਂਦਾ ਹੈ (ਅਤੇ ਸਿਮਰਨ ਦੀ ਬਰਕਤ ਨਾਲ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। ਪਰ ਹੇ ਭਾਈ! ਜਿਸ ਮਨੁੱਖ ਦੇ ਅੰਦਰ ਮੁੱਢ ਤੋਂ {ਸਿਫ਼ਤਿ-ਸਾਲਾਹ ਦੇ ਸੰਸਕਾਰਾਂ ਦਾ} ਲੇਖ ਲਿਖਿਆ ਹੁੰਦਾ ਹੈ ਉਹ ਹੀ ਪਰਮਾਤਮਾ ਦੇ ਗੁਣ ਗਾਂਦਾ ਹੈ (ਬਾਕੀ ਸਾਰੀ ਲੁਕਾਈ ਤਾਂ ਮਾਇਆ ਦੇ ਢਹੇ ਚੜ੍ਹੀ ਰਹਿੰਦੀ ਹੈ) ।੩। ਸਲੋਕ ਮਃ ੩ ॥ ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥ ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥ ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥ ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥ ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥ {ਪੰਨਾ 850} ਪਦਅਰਥ: ਮੇਰੈ ਪ੍ਰਭਿ = ਪਿਆਰੇ ਪ੍ਰਭੂ ਵਿਚ। ਮੇਲਿ ਮਿਲਾਏ = ਮੇਲ ਕੇ ਮਿਲਾ ਦੇਂਦਾ ਹੈ, ਪੂਰਨ ਤੌਰ ਤੇ ਮਿਲਾ ਦੇਂਦਾ ਹੈ। ਸਫਲੁ = ਫਲ ਦੇਣ ਵਾਲਾ, ਸ = ਫਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਤ੍ਰਿਸਨਾ = ਤ੍ਰੇਹ, ਲਾਲਚ। ਪੀ = ਪੀ ਕੇ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਮਨਿ = ਮਨ ਵਿਚ। ਅਮਰਾਪਦੁ = ਉਹ ਦਰਜਾ ਜੋ ਕਦੇ ਨਾਸ ਨਹੀਂ ਹੁੰਦਾ। ਅਨਹਦ = ਇਕ-ਰਸ, ਲਗਾਤਾਰ। ਅਨਹਦ ਸਬਦ = ਇਕ-ਰਸ ਵਾਜੇ। ਦਹਦਿਸਿ = ਦਸੀਂ ਪਾਸੀਂ। ਗੁਰ ਕੈ = ਗੁਰੂ ਦੀ ਰਾਹੀਂ (ਮਿਲੀ ਹੋਈ) । ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ। ਅਰਥ: ਹੇ ਭਾਈ! ਗੁਰੂ ਦੇ ਦਰ ਤੋਂ (ਕਦੇ) ਕੋਈ ਖ਼ਾਲੀ (ਨਿਰਾਸ) ਨਹੀਂ ਗਿਆ, (ਦਰ ਤੇ ਆਏ ਸਾਰਿਆਂ ਨੂੰ) ਪਿਆਰੇ ਪ੍ਰਭੂ ਵਿਚ ਪੂਰਨ ਤੌਰ ਤੇ ਮਿਲਾ ਦੇਂਦਾ ਹੈ। ਗੁਰੂ ਦਾ ਦੀਦਾਰ ਭੀ ਫਲ ਦੇਣ ਵਾਲਾ ਹੈ, ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ। ਹੇ ਭਾਈ! ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲਾ (ਮਾਨੋ) ਜਲ ਹੈ (ਜਿਵੇਂ ਜਲ ਪੀ ਕੇ ਤ੍ਰੇਹ ਮਿਟਾ ਲਈਦੀ ਹੈ, ਤਿਵੇਂ ਸ਼ਬਦ-ਜਲ ਦੀ ਬਰਕਤ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੀ) ਤ੍ਰੇਹ ਭੁੱਖ ਸਾਰੀ ਮਿਟ ਜਾਂਦੀ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦਾ ਨਾਮ-ਰਸ ਪੀ ਕੇ (ਮਨੁੱਖ ਦੇ ਅੰਦਰ) ਸੰਤੋਖ ਪੈਦਾ ਹੁੰਦਾ ਹੈ, ਅਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਰਾਹੀਂ ਅਡੋਲ ਅਵਸਥਾ ਵਿਚ ਪਿਆਰ-ਅਵਸਥਾ ਵਿਚ ਅੱਪੜਦਾ ਹੈ ਉਸ ਨੂੰ ਦਸੀਂ ਹੀ ਪਾਸੀਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵਿਆਪਕ ਦਿੱਸਦਾ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰ ਕੇ ਉਸ ਨੂੰ ਐਸਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਕਦੇ ਨਾਸ ਨਹੀਂ ਹੁੰਦਾ, ਉਹ (ਆਪਣੇ ਅੰਦਰ ਸਿਫ਼ਤਿ-ਸਾਲਾਹ ਦੇ) ਇਕ-ਰਸ ਵਾਜੇ ਵਜਾਂਦਾ ਹੈ (ਆਤਮਕ ਜੀਵਨ ਦੇਣ ਵਾਲੀ ਅਵਸਥਾ ਉਸ ਦੇ ਅੰਦਰ ਸਦਾ ਪ੍ਰਬਲ ਰਹਿੰਦੀ ਹੈ) । ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਟਿਕਿਆ ਰਹਿੰਦਾ ਹੈ ਉਹ ਮਨੁੱਖ ਕਿਸੇ ਦੇ ਲੁਕਾਏ ਨਹੀਂ ਲੁਕਦੇ (ਕੋਈ ਮਨੁੱਖ ਉਹਨਾਂ ਦੀ ਸੋਭਾ ਨੂੰ ਮਿਟਾ ਨਹੀਂ ਸਕਦਾ) ।੧। ਮਃ ੩ ॥ ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥ ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥ ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥ {ਪੰਨਾ 850} ਪਦਅਰਥ: ਗੁਰ ਸੇਵਾ ਤੇ = ਗੁਰੂ ਦੀ ਦੱਸੀ ਕਾਰ ਕੀਤਿਆਂ। ਜਾ ਕਉ = ਜਿਸ ਉਤੇ। ਤੇ = ਤੋਂ। ਸਚੀ ਭਗਤਿ = ਸਦਾ ਕਾਇਮ ਰਹਿਣ ਵਾਲੀ ਭਗਤੀ। ਦੇਇ = ਦੇਂਦਾ ਹੈ। ਮਾਰਿ = ਮਾਰ ਕੇ। ਮਿਲਾਇਅਨੁ = ਮਿਲਾ ਲਏ ਹਨ ਉਸ (ਪ੍ਰਭੂ) ਨੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਚੇਇ = ਪਵਿੱਤਰ ਜੀਵਨ ਵਾਲੇ। ਸਹਜੇ = ਸਹਿਜ, ਆਤਮਕ ਅਡੋਲਤਾ ਵਿਚ (ਟਿਕ ਕੇ) । ਵਡਿਆਈ = ਗੁਣ।੩। ਅਰਥ: ਹੇ ਭਾਈ! ਗੁਰੂ ਦੀ ਦੱਸੀ ਕਾਰ ਕੀਤਿਆਂ ਪਰਮਾਤਮਾ ਮਿਲ ਪੈਂਦਾ ਹੈ (ਪਰ ਮਿਲਦਾ ਉਸ ਨੂੰ ਹੈ) ਜਿਸ ਉਤੇ (ਪਰਮਾਤਮਾ) ਮਿਹਰ ਕਰਦਾ ਹੈ। (ਗੁਰੂ ਦੀ ਦੱਸੀ ਕਾਰ ਕੀਤਿਆਂ) ਮਨੁੱਖਾਂ ਤੋਂ ਦੇਵਤੇ ਬਣ ਜਾਂਦੇ ਹਨ (ਪਰ ਉਹ ਮਨੁੱਖ ਦੇਵਤਾ ਬਣਦਾ ਹੈ) ਜਿਸ ਨੂੰ ਪ੍ਰਭੂ ਸਦਾ ਕਾਇਮ ਰਹਿਣ ਵਾਲੀ ਭਗਤੀ (ਦੀ ਦਾਤਿ) ਦੇਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਜਿਹੜੇ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਗਏ, ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲਿਆ। ਹੇ ਨਾਨਕ! ਆਖ-ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ) ਨਾਮ (ਜਪਣ ਦਾ) ਗੁਣ ਬਖ਼ਸ਼ਦਾ ਹੈ (ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ।੨। ਪਉੜੀ ॥ ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥ ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥ ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ੍ਹ੍ਹਾ ਪਰਾਇਆ ਭਲਾ ਨ ਸੁਖਾਈ ॥ ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥ ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥ {ਪੰਨਾ 850} ਪਦਅਰਥ: ਨਾਵੈ ਕੀ ਵਡਿਆਈ = ਨਾਮ (ਜਪਣ ਜਪਾਣ) ਦਾ ਗੁਣ। ਕਰਤੈ = ਕਰਤਾਰ ਨੇ। ਸਭਿ = ਸਾਰੇ। ਜੀਵਨ੍ਹ੍ਹਿ = ਆਤਮਕ ਜੀਵਨ ਹਾਸਲ ਕਰਦੇ ਹਨ। ਭਾਈ = ਚੰਗੀ ਲੱਗਦੀ ਹੈ। ਵੇਖਿ ਨ ਸਕਨਿ = ਵੇਖ ਕੇ ਜਰ ਨਹੀਂ ਸਕਦੇ। ਨ ਸੁਖਾਈ = ਚੰਗਾ ਨਹੀਂ ਲੱਗਦਾ। ਸਚੇ ਸਿਉ = ਸਦਾ-ਥਿਰ ਪ੍ਰਭੂ ਨਾਲ। ਬਣਿ ਆਈ = ਪ੍ਰੀਤ ਬਣੀ ਹੋਈ ਹੈ। ਕਿਆ ਹੋਵੈ = ਕੁਝ ਵਿਗਾੜ ਨਹੀਂ ਸਕਦਾ। ਜਿ ਗਲ = ਜਿਹੜੀ ਗੱਲ। ਸਾ = ਉਹ ਗੱਲ। ਚੜੈ ਸਵਾਈ = ਵਧਦੀ ਹੈ। ਲੋਕਾਈ = ਖ਼ਲਕਤ, ਦੁਨੀਆ ਦੇ ਲੋਕ। ਖਪਿ ਖਪਿ ਮਰੈ = ਖਿੱਝ ਖਿੱਝ ਕੇ ਆਤਮਕ ਮੌਤ ਸਹੇੜਦੀ ਹੈ।੪। ਅਰਥ: ਹੇ ਭਾਈ! ਗੁਰੂ ਦੇ ਅੰਦਰ (ਪਰਮਾਤਮਾ ਦਾ) ਨਾਮ (ਜਪਣ ਜਪਾਣ) ਦਾ ਵੱਡਾ ਗੁਣ ਹੈ, ਪਰਮਾਤਮਾ ਨੇ ਆਪ (ਇਹ ਗੁਣ ਗੁਰੂ ਵਿਚ) ਵਧਾਇਆ ਹੈ। (ਸਤਿਗੁਰੂ ਦੇ) ਸਾਰੇ ਸਿੱਖ ਸੇਵਕ (ਗੁਰੂ ਦੇ) ਇਸ ਗੁਣ ਨੂੰ ਵੇਖ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹਨਾਂ ਨੂੰ (ਗੁਰੂ ਦਾ ਇਹ ਗੁਣ ਆਪਣੇ) ਹਿਰਦੇ ਵਿਚ ਪਿਆਰਾ ਲੱਗਦਾ ਹੈ। (ਗੁਰੂ ਦੀ) ਨਿੰਦਾ ਕਰਨ ਵਾਲੇ ਅਤੇ ਭੈੜੇ ਬੰਦੇ (ਸਤਿਗੁਰੂ ਦੀ) ਵਡਿਆਈ ਵੇਖ ਕੇ ਸਹਾਰ ਨਹੀਂ ਸਕਦੇ, ਉਹਨਾਂ ਨੂੰ ਕਿਸੇ ਹੋਰ ਦੀ ਭਲਾਈ ਚੰਗੀ ਨਹੀਂ ਲੱਗਦੀ। ਪਰ ਜਦੋਂ ਗੁਰੂ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣਿਆ ਹੋਇਆ ਹੈ, ਤਾਂ ਕਿਸੇ (ਨਿੰਦਕ ਦੁਸ਼ਟ) ਦੇ ਝਖ ਮਾਰਿਆਂ ਗੁਰੂ ਦਾ ਕੁਝ ਵਿਗੜ ਨਹੀਂ ਸਕਦਾ। ਜਿਹੜੀ ਗੱਲ ਕਰਤਾਰ ਨੂੰ ਚੰਗੀ ਲੱਗਦੀ ਹੈ ਉਹ ਦਿਨੋਂ ਦਿਨ ਵਧਦੀ ਹੈ (ਤੇ ਨਿੰਦਾ ਕਰਨ ਵਾਲੀ) ਸਾਰੀ ਲੁਕਾਈ ਖਿੱਝ ਖਿੱਝ ਕੇ ਆਤਮਕ ਮੌਤ ਸਹੇੜਦੀ ਹੈ।੪। ਸਲੋਕ ਮਃ ੩ ॥ ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥ ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥ ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥ ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥ ਨਾਮਿ ਰਤੇ ਜਨ ਸਦਾ ਸੁਖੁ ਪਾਇਨ੍ਹ੍ਹਿ ਜਨ ਨਾਨਕ ਤਿਨ ਬਲਿ ਜਾਏ ॥੧॥ {ਪੰਨਾ 850-851} ਪਦਅਰਥ: ਧ੍ਰਿਗੁ = ਫਿਟਕਾਰ = ਜੋਗ। ਦੂਜੇ ਭਾਵ ਕੀ = (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾਣ ਵਾਲੀ। ਮੋਹਿ = ਮੋਹਿ ਵਿਚ। ਪਲ੍ਹ੍ਹਰਿ = ਪਰਾਲੀ ਦੇ ਵੱਟੇ। ਵਿਸਾਰਿ = ਭੁਲਾ ਕੇ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅਗਿਆਨੀ = ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅੰਧੁਲੇ = ਜਿਨ੍ਹਾਂ ਨੂੰ ਜੀਵਨ ਦਾ ਸਹੀ ਰਸਤਾ ਨਹੀਂ ਦਿੱਸਦਾ। ਜਨਮਿ ਮਰਹਿ = ਜਨਮ ਕੇ ਮਰਦੇ ਹਨ। ਸਿਧਿ = ਕਾਮਯਾਬੀਆਂ। ਨ ਹੋਵਨ੍ਹ੍ਹੀ = ਨਹੀਂ ਹੁੰਦੀਆਂ। ਅੰਤਿ = ਆਖ਼ਰ ਨੂੰ। ਕਰਮੁ = ਬਖ਼ਸ਼ਸ਼। ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਪਾਇਨ੍ਹ੍ਹਿ = ਪਾਂਦੇ ਹਨ। ਬਲਿ ਜਾਏ = ਸਦਕੇ ਜਾਂਦਾ ਹੈ।੧। ਅਰਥ: ਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਜੋੜਦਾ ਹੈ ਉਸ ਦੀ ਇਹ ਮਾਇਆ ਨਾਲ ਪਿਆਰ ਵਧਾਣ ਵਾਲੀ ਆਸ (ਉਸ ਦੇ ਵਾਸਤੇ) ਫਿਟਕਾਰ ਹੀ ਖੱਟਣ ਵਾਲੀ ਹੁੰਦੀ ਹੈ (ਕਿਉਂਕਿ ਉਹ ਮਨੁੱਖ) ਪਰਮਾਤਮਾ ਦੇ ਨਾਮ ਦਾ ਆਨੰਦ ਪਰਾਲੀ ਦੇ ਵੱਟੇ ਤਿਆਗਦਾ ਹੈ, ਪਰਮਾਤਮਾ ਦਾ ਨਾਮ ਭੁਲਾ ਕੇ ਉਹ ਦੁੱਖ (ਹੀ) ਪਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ, ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿੱਸਦਾ (ਇਸ ਵਾਸਤੇ ਉਹ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਮਨਮੁਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। (ਪ੍ਰਭੂ ਨੂੰ ਵਿਸਾਰ ਕੇ ਮਨਮੁਖ ਨੇ ਹੋਰ ਹੋਰ ਕਈ ਧੰਧੇ ਸਹੇੜੇ ਹੁੰਦੇ ਹਨ, ਉਹਨਾਂ) ਕੰਮਾਂ ਵਿਚ (ਉਸ ਨੂੰ) ਕਾਮਯਾਬੀਆਂ ਨਹੀਂ ਹੁੰਦੀਆਂ, ਆਖ਼ਰ ਇਥੋਂ ਹਾਹੁਕੇ ਲੈਂਦਾ ਹੀ ਜਾਂਦਾ ਹੈ। ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ, ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ। ਨਾਮ ਵਿਚ ਰੰਗੇ ਹੋਏ ਮਨੁੱਖ ਸਦਾ ਆਤਮਕ ਆਨੰਦ ਮਾਣਦੇ ਹਨ। ਹੇ ਦਾਸ ਨਾਨਕ! ਆਖ-) ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।੧। |
Sri Guru Granth Darpan, by Professor Sahib Singh |