ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 851

ਮਃ ੩ ॥ ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥ ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥ ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥ ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥ ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥ {ਪੰਨਾ 851}

ਪਦਅਰਥ: ਮਨਸਾ = ਮਨ ਦਾ ਫੁਰਨਾ, (ਹਰ ਵੇਲੇ) ਮਾਇਆ ਦੀ ਹੀ ਚਿਤਵਨੀ। ਜਗਿ = ਜਗਤ ਵਿਚ। ਜਿਨਿ = ਜਿਸ ਨੇ। ਸਭੁ ਕੋ = ਹਰੇਕ ਜੀਵ। ਜਮ = ਮੌਤ, ਆਤਮਕ ਮੌਤ। ਚੀਰਾ = ਪੱਲਾ, ਹਲਕਾ, ਘੇਰਾ। ਜੇਤਾ = ਜਿਤਨਾ ਭੀ। ਅਕਾਰੁ = ਦਿੱਸਦਾ ਜਗਤ। ਲਗਦਾ = ਜ਼ੋਰ ਪਾਂਦਾ। ਉਬਰੇ = ਬਚਦਾ ਹੈ। ਪਰਸਾਦਿ = ਕਿਰਪਾ ਨਾਲ। ਜਾ = ਜਦੋਂ। ਨਿਰਾਸੁ = (ਮਾਇਆ ਦੀਆਂ) ਆਸਾਂ ਤੋਂ ਨਿਰਲੇਪ।੨।

ਅਰਥ: ਹੇ ਭਾਈ! ਹਰ ਵੇਲੇ ਮਾਇਆ ਦੀ) ਆਸ (ਹਰ ਵੇਲੇ ਮਾਇਆ ਦੀ ਹੀ) ਚਿਤਵਨੀ ਜਗਤ ਵਿਚ (ਜੀਵਾਂ ਨੂੰ) ਮੋਹ ਰਹੀ ਹੈ, ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਜਿਤਨਾ ਭੀ ਜਗਤ ਦਿੱਸ ਰਿਹਾ ਹੈ (ਇਸ ਆਸਾ ਮਨਸਾ ਦੇ ਕਾਰਨ ਜਗਤ ਦਾ) ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿਚ ਹੈ। (ਪਰ) ਇਹ ਆਤਮਕ ਮੌਤ (ਪਰਮਾਤਮਾ ਦੇ) ਹੁਕਮ ਵਿਚ ਹੀ ਵਿਆਪਦੀ ਹੈ (ਇਸ ਵਾਸਤੇ ਇਸ ਤੋਂ) ਉਹੀ ਬਚਦਾ ਹੈ ਜਿਸ ਉਤੇ ਕਰਤਾਰ ਮਿਹਰ ਕਰਦਾ ਹੈ (ਤੇ, ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਗੁਰੂ ਦੀ ਰਾਹੀਂ)

ਹੇ ਨਾਨਕ! ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਦਾ ਹੈ, ਜਦੋਂ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਦਾ ਹੈ ਤਦੋਂ ਮਨੁੱਖ ਆਸਾ ਮਨਸਾ ਨੂੰ ਮੁਕਾ ਲੈਂਦਾ ਹੈ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ) ਆਸਾਂ ਤੋਂ ਉਤਾਂਹ ਰਹਿੰਦਾ ਹੈ, ਤਦੋਂ ਮਨੁੱਖ ਦਾ ਮਨ (ਆਸਾ ਮਨਸਾ ਦੀ ਘੁੰਮਣ-ਘੇਰੀ ਵਿਚੋਂ) ਪਾਰ ਲੰਘ ਜਾਂਦਾ ਹੈ।੨।

ਪਉੜੀ ॥ ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥ ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥ ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥ ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥ ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥ {ਪੰਨਾ 851}

ਪਦਅਰਥ: ਮਹਿ = ਵਿਚ। ਤਿਥੈ = ਉਥੇ ਹੀ। ਸਾਈ = ਸਾਈਂ, ਖਸਮ। ਅਗੈ = ਪਰਲੋਕ ਵਿਚ। ਸਭੁ = ਹਰ ਥਾਂ। ਆਪੇ = ਆਪ ਹੀ। ਵਰਤਦਾ = ਮੌਜੂਦ ਹੈ, ਕਾਰ ਚਲਾ ਰਿਹਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਨਿਆਈ = ਨਿਆਂ ਕਰਨ ਵਾਲਾ। ਕੂੜਿਆਰ = ਕੂੜ ਦੇ ਵਪਾਰੀ, ਮਾਇਆ = ਗ੍ਰਸੇ ਜੀਵ। ਫਿਟਕੀਅਹਿ = ਫਿਟਕਾਰੇ ਜਾਂਦੇ ਹਨ। ਸਚੁ = ਸਦਾ-ਥਿਰ ਰਹਿਣ ਵਾਲਾ ਹਰਿ = ਨਾਮ। ਵਡਿਆਈ = ਆਦਰ। ਸਿਰਿ = ਸਿਰ ਉਤੇ। ਛਾਈ = ਸੁਆਹ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।੫।

ਅਰਥ: ਹੇ ਭਾਈ! ਸੰਸਾਰ ਵਿਚ ਜਿਸ ਥਾਂ ਭੀ ਜਾਈਏ, ਉਥੇ ਹੀ ਮਾਲਕ-ਪ੍ਰਭੂ ਹਾਜ਼ਰ ਹੈ। ਪਰਲੋਕ ਵਿਚ ਭੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ ਹੈ। (ਉਸ ਦੀ ਹਜ਼ੂਰੀ ਵਿਚ) ਮਾਇਆ-ਗ੍ਰਸੇ ਜੀਵਾਂ ਨੂੰ ਫਿਟਕਾਰਾਂ ਪੈਂਦੀਆਂ ਹਨ। (ਪਰ ਜਿਨ੍ਹਾਂ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਵੱਸਦਾ ਹੈ ਪ੍ਰਭੂ ਦੀ ਭਗਤੀ ਟਿਕੀ ਹੋਈ ਹੈ, ਉਹਨਾਂ ਨੂੰ ਆਦਰ ਮਿਲਦਾ ਹੈ।

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ਼ ਭੀ ਅਟੱਲ ਹੈ। (ਉਸ ਦੇ ਨਿਆਂ ਅਨੁਸਾਰ ਹੀ ਗੁਰਮੁਖਾਂ ਦੀ) ਨਿੰਦਾ ਕਰਨ ਵਾਲੇ ਬੰਦਿਆਂ ਦੇ ਸਿਰ ਸੁਆਹ ਪੈਂਦੀ ਹੈ।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਹੈ।੫।

ਸਲੋਕ ਮਃ ੩ ॥ ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥ ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥ ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥ {ਪੰਨਾ 851}

ਪਦਅਰਥ: ਪੂਰੇ ਭਾਗਿ = ਪੂਰੀ ਕਿਸਮਤ ਨਾਲ। ਬਖਸ = ਬਖ਼ਸ਼ਸ਼, ਮਿਹਰ। ਓਪਾਵਾ ਸਿਰ = ਸਾਰੇ ਉਪਾਵਾਂ ਦੇ ਸਿਰ ਉਤੇ, ਸਭ ਉਪਾਵਾਂ ਨਾਲੋਂ ਵਧੀਆ। ਅੰਦਰੁ = ਮਨ, ਹਿਰਦਾ। ਹਿਰਦੈ = ਹਿਰਦੇ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਰਸ। ਨਾਇ = ਨਾਮ ਦੀ ਰਾਹੀਂ।੧।

ਅਰਥ: ਹੇ ਭਾਈ! ਜੇ ਪਰਮਾਤਮਾ ਮਿਹਰ ਕਰੇ ਤਾਂ (ਮਨੁੱਖ ਨੂੰ) ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ। (ਗੁਰੂ ਦਾ ਮਿਲਣਾ ਹੀ) ਸਾਰੇ ਵਸੀਲਿਆਂ ਨਾਲੋਂ ਵਧੀਆ ਵਸੀਲਾ ਹੈ (ਜਿਸ ਦੀ ਰਾਹੀਂ ਪਰਮਾਤਮਾ ਦਾ) ਨਾਮ ਹਾਸਲ ਹੁੰਦਾ ਹੈ। (ਨਾਮ ਦੀ ਬਰਕਤ ਨਾਲ ਮਨੁੱਖ ਦਾ) ਮਨ ਠੰਢਾ-ਠਾਰ ਹੋ ਜਾਂਦਾ ਹੈ (ਮਨੁੱਖ ਦੇ) ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ। ਹੇ ਨਾਨਕ! ਸਤਿਗੁਰੂ ਦੇ ਮਿਲਣ ਨਾਲ ਜਿਸ ਮਨੁੱਖ ਦੀ) ਖ਼ੁਰਾਕ ਤੇ ਪੁਸ਼ਾਕ (ਭਾਵ, ਜ਼ਿੰਦਗੀ ਦਾ ਆਸਰਾ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਬਣ ਜਾਂਦਾ ਹੈ ਉਸ ਨੂੰ ਨਾਮ ਦੀ ਰਾਹੀਂ (ਹਰ ਥਾਂ) ਆਦਰ ਮਿਲਦਾ ਹੈ।੧।

ਮਃ ੩ ॥ ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥ ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥ ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥ {ਪੰਨਾ 851}

ਪਦਅਰਥ: ਏ ਮਨ = ਹੇ ਮਨ। ਸਿਖ = ਸਿੱਖ, ਸਿੱਖਿਆ। ਪਾਇਹਿ = ਤੂੰ ਲੱਭ ਲਏਂਗਾ। ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ। ਤੇਰੈ ਮਨਿ = ਤੇਰੇ ਮਨ ਵਿਚ। ਵਸੈ = ਵੱਸ ਪਏਗਾ, ਵੱਸਦਾ ਦਿੱਸ ਪਏਗਾ। ਜਾਇ = ਦੂਰ ਹੋ ਜਾਇਗਾ। ਨਦਰੀ = ਮਿਹਰ ਦੀ ਨਿਗਾਹ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।੧।

ਅਰਥ: ਹੇ ਮਨ! ਗੁਰੂ ਦੀ ਸਿੱਖਿਆ ਆਪਣੇ ਅੰਦਰ ਵਸਾ (ਇਸ ਤਰ੍ਹਾਂ) ਤੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਏਂਗਾ। (ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਤੈਨੂੰ ਤੇਰੇ ਆਪਣੇ ਅੰਦਰ ਵੱਸਦਾ ਦਿੱਸ ਪਏਗਾ (ਤੇਰੇ ਅੰਦਰੋਂ) ਹਉਮੈ ਅਹੰਕਾਰ ਦੂਰ ਹੋ ਜਾਇਗਾ। ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਗੁਰੂ ਦੀ ਰਾਹੀਂ ਆਪਣੀ) ਮਿਹਰ ਦੀ ਨਿਗਾਹ ਨਾਲ (ਹੀ) ਮਿਲਦਾ ਹੈ।੨।

ਪਉੜੀ ॥ ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥ ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥ ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥ ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥ ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥ {ਪੰਨਾ 851}

ਪਦਅਰਥ: ਸਿਕਦਾਰ = ਚੌਧਰੀ। ਹਹਿ = ਹਨ, ਹੈਂ। ਤਿਤਨੇ ਸਭਿ = ਉਹ ਸਾਰੇ ਹੀ। ਕੀਏ = ਪੈਦਾ ਕੀਤੇ ਹੋਏ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}ਕਰਹਿ = ਕਰਦੇ ਹਨ। ਅਰਥੀਏ = ਮੰਗਤੇ। ਪ੍ਰਭੁ = ਮਾਲਕ। ਕੈ ਵਲਿ = ਦੇ ਪੱਖ ਵਿਚ। ਤਿਨਿ = ਉਸ (ਪ੍ਰਭੂ) ਨੇ। ਚਾਰੇ ਖਾਣੀ = ਚਹੁੰਆਂ ਖਾਣੀਆਂ ਦੇ ਜੀਵ। ਸਭ = ਸਾਰੀ। ਗੋਲੇ = ਦਾਸ। ਕਰਿ = ਬਣਾ ਕੇ। ਦੀਏ = ਰੱਖ ਦਿੱਤੇ ਹਨ। ਸੰਤਹੁ = ਹੇ ਸੰਤ ਜਨੋ! ਜਿਨਿ = ਜਿਸ (ਹਰੀ) ਨੇ। ਵਡਿਆਈ = ਗੁਣ। ਕਾਇਆ = ਸਰੀਰ। ਮਾਰਿ = ਮਾਰ ਕੇ। ਕਰਿ = ਕਰ ਕੇ।੬।

ਅਰਥ: (ਹੇ ਭਾਈ! ਜਗਤ ਵਿਚ) ਜਿਤਨੇ ਭੀ ਸ਼ਾਹ, ਪਾਤਿਸ਼ਾਹ, ਰਾਜੇ, ਖ਼ਾਨ, ਅਮੀਰ ਤੇ ਸਰਦਾਰ ਹਨ, ਉਹ ਸਾਰੇ ਪਰਮਾਤਮਾ ਦੇ (ਹੀ) ਪੈਦਾ ਕੀਤੇ ਹੋਏ ਹਨ। ਜੋ ਕੁਝ ਪਰਮਾਤਮਾ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ, ਉਹ ਸਾਰੇ ਪਰਮਾਤਮਾ ਦੇ (ਦਰ ਦੇ ਹੀ) ਮੰਗਤੇ ਹਨ।

ਹੇ ਭਾਈ! ਇਹੋ ਜਿਹੀ ਸਮਰਥਾ ਵਾਲਾ ਸਭਨਾਂ ਜੀਵਾਂ ਦਾ ਮਾਲਕ ਉਹ ਪਰਮਾਤਮਾ (ਸਦਾ) ਸਤਿਗੁਰੂ ਦੇ ਪੱਖ ਤੇ ਰਹਿੰਦਾ ਹੈ। ਉਸ ਪਰਮਾਤਮਾ ਨੇ ਚਹੁੰਆਂ ਵਰਨਾਂ ਚਹੁੰਆਂ ਖਾਣੀਆਂ ਦੇ ਸਾਰੇ ਜੀਵ ਸਾਰੀ ਹੀ ਸ੍ਰਿਸ਼ਟੀ (ਦੇ ਜੀਵ) (ਗੁਰੂ ਦੇ) ਸੇਵਕ ਬਣਾ ਕੇ ਗੁਰੂ ਦੇ ਦਰ ਤੇ ਸੇਵਾ ਕਰਨ ਲਈ ਖੜੇ ਕੀਤੇ ਹੋਏ ਹਨ।

ਹੇ ਸੰਤ ਜਨੋ! ਵੇਖੋ, ਪਰਮਾਤਮਾ ਦੀ ਭਗਤੀ ਕਰਨ ਦਾ ਇਹ ਗੁਣ ਹੈ ਕਿ ਉਸ (ਪਰਮਾਤਮਾ) ਨੇ (ਭਗਤੀ ਕਰਨ ਵਾਲੇ ਆਪਣੇ ਸੇਵਕ ਦੇ) ਸਰੀਰ-ਨਗਰ ਵਿਚੋਂ (ਕਾਮਾਦਿਕ) ਸਾਰੇ ਵੈਰੀ ਦੁਸ਼ਮਨ ਮਾਰ ਕੇ (ਬਾਹਰ) ਕੱਢ ਦਿੱਤੇ ਹੁੰਦੇ ਹਨ। ਹੇ ਭਾਈ! ਪਰਮਾਤਮਾ ਆਪਣੇ ਭਗਤਾਂ ਉਤੇ (ਸਦਾ) ਦਇਆਵਾਨ ਹੁੰਦਾ ਹੈ। ਪਰਮਾਤਮਾ ਮਿਹਰ ਕਰ ਕੇ (ਆਪਣੇ ਭਗਤਾਂ ਨੂੰ ਕਾਮਾਦਿਕ ਵੈਰੀਆਂ ਤੋਂ) ਆਪ ਬਚਾਂਦਾ ਹੈ।੬।

ਸਲੋਕ ਮਃ ੩ ॥ ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥ ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥ ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥ {ਪੰਨਾ 851}

ਪਦਅਰਥ: ਕਪਟੁ = ਖੋਟ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਧਿਆਨੁ ਨ ਲਾਗੈ = ਸੁਰਤਿ ਨਹੀਂ ਜੁੜਦੀ। ਵਰਤੈ = ਵਾਪਰਦਾ ਹੈ। ਆਗੈ = ਅਗਾਂਹ, ਪਰਲੋਕ ਵਿਚ। ਕਰਮੀ = (ਪਰਮਾਤਮਾ ਦੀ) ਮਿਹਰ ਨਾਲ। ਭੇਟੀਐ = ਮਿਲਦਾ ਹੈ। ਤਾ = ਤਦੋਂ। ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰਿ = ਨਾਮ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਅੰਦਰਹੁ = ਮਨ ਵਿਚੋਂ। ਭ੍ਰਮੁ = ਭਟਕਣਾ। ਭਉ = ਸਹਿਮ।੧।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ (ਇਸ ਵਾਸਤੇ ਉਸ ਨੂੰ) ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤਿ (ਪਰਮਾਤਮਾ ਵਿਚ) ਨਹੀਂ ਜੁੜਦੀ। ਉਸ ਮਨੁੱਖ ਦੀ ਸਾਰੀ ਕਿਰਤ-ਕਾਰ ਦੁੱਖ-ਕਲੇਸ਼ ਵਿਚ ਹੀ ਹੁੰਦੀ ਹੈ (ਹਰ ਵੇਲੇ ਉਸ ਨੂੰ) ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ।

ਹੇ ਨਾਨਕ! ਜਦੋਂ ਪਰਮਾਤਮਾ ਦੀ) ਮਿਹਰ ਨਾਲ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ ਸਦਾ-ਥਿਰ ਹਰਿ-ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਆਤਮਕ ਅਡੋਲਤਾ ਵਿਚ (ਟਿਕਣ ਕਰਕੇ ਉਸ ਨੂੰ ਆਤਮਕ) ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ।੧।

TOP OF PAGE

Sri Guru Granth Darpan, by Professor Sahib Singh