ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 856

ਬਿਲਾਵਲੁ ॥ ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥ ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥੧॥ ਹਮਾਰੇ ਕੁਲ ਕਉਨੇ ਰਾਮੁ ਕਹਿਓ ॥ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥ ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥੨॥ ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥ ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥੩॥ ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥ ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥੪॥੪॥ {ਪੰਨਾ 856}

ਪਦਅਰਥ: ਕੋਰੀ = ਜੁਲਾਹ (ਨੋਟ:ਕੋਰਾ ਭਾਂਡਾ ਸਿਰਫ਼ ਉਸ ਭਾਂਡੇ ਨੂੰ ਕਹੀਦਾ ਹੈ, ਜਿਸ ਵਿਚ ਅਜੇ ਪਾਣੀ ਨਾਹ ਪਾਇਆ ਗਿਆ ਹੋਵੇ। ਹਰ ਰੋਜ਼ ਕੋਰਾ ਘੜਾ ਲਿਆਉਣ ਦੀ ਕਬੀਰ ਜੀ ਨੂੰ ਭਲਾ ਕੀਹ ਲੋੜ ਪੈ ਸਕਦੀ ਹੈ? ਤੇ ਨਾਹ ਹੀ ਉਹਨਾਂ ਦੀ ਮਾਇਕ ਹਾਲਤ ਅਜਿਹੀ ਸੀ ਕਿ ਉਹ ਹਰ ਰੋਜ਼ ਕੋਰਾ ਘੜਾ ਖ਼ਰੀਦ ਸਕਦੇ। ਕਰਮ = ਕਾਂਡ ਦੀ ਇਤਨੀ ਸਖ਼ਤ ਨਿਖੇਧੀ ਕਰਨ ਵਾਲੇ ਕਬੀਰ ਜੀ ਆਪ ਕਦੇ ਇਹ ਖ਼ਿਆਲ ਨਹੀਂ ਸਨ ਬਣਾ ਸਕਦੇ ਕਿ ਬੰਦਗੀ ਕਰਨ ਲਈ ਹਰ ਰੋਜ਼ ਘੜੇ ਦੀ ਲੋੜ ਹੈ। ਸੋ, ਲਫ਼ਜ਼ 'ਕੋਰੀ' ਲਫ਼ਜ਼ 'ਗਾਗਰਿ' ਦਾ ਵਿਸ਼ੇਸ਼ਣ ਨਹੀਂ ਹੈ) ਆਨੈ = ਲਿਆਉਂਦਾ ਹੈ। ਲੀਪਤ = ਲਿੰਬਦਿਆਂ। ਜੀਉ ਗਇਓ = ਜਿੰਦ ਭੀ ਖਪ ਜਾਂਦੀ ਹੈ। ਰਸਿ = ਰਸ ਵਿਚ, ਅਨੰਦ ਵਿਚ।੧।

ਕਉਨੇ = ਕਿਸ ਨੇ? (ਭਾਵ, ਕਿਸੇ ਨਹੀਂ) ਨਿਪੂਤੇ = ਇਸ ਔਂਤਰੇ ਨੇ। ਮਾਲਾ = {ਨੋਟ: ਕਬੀਰ ਜੀ ਦੀ ਮਾਲਾ ਕਬੀਰ ਜੀ ਦੀ ਆਪਣੀ ਜ਼ਬਾਨੀ ਇਉਂ ਹੈ: "ਕਬੀਰ ਮੇਰੀ ਸਿਮਰਨੀ ਰਸਨਾ ਉਪਰਿ ਰਾਮੁ।" ਕਬੀਰ ਜੀ ਦੀ ਮਾਂ ਨੂੰ ਕਬੀਰ ਜੀ ਦਾ ਭਜਨ = ਬੰਦਗੀ ਵਾਲਾ ਜੀਵਨ ਪਸੰਦ ਨਹੀਂ ਸੀ, ਤੇ ਜਿਹੜੀ ਗੱਲ ਚੰਗੀ ਨਾਹ ਲੱਗੇ ਉਸ ਦਾ ਗਿਲਾ ਕਰਨ ਲੱਗਿਆਂ ਆਮ ਤੌਰ ਤੇ ਬੜੀ ਵਧਾ ਕੇ ਗੱਲ ਆਖੀਦੀ ਹੈ। ਸੋ, ਲਫ਼ਜ਼ 'ਮਾਲਾ' ਤਾਂ ਕਬੀਰ ਜੀ ਦੀ ਮਾਂ ਕਬੀਰ ਦੀ ਬੰਦਗੀ ਵਲੋਂ ਨਫ਼ਰਤ ਜ਼ਾਹਰ ਕਰਨ ਲਈ ਵਰਤਦੀ ਹੈ; ਪਰ ਨਾਲ ਹੀ ਇਹ ਗੱਲ ਬਹੁਤ ਵਧਾ ਕੇ ਭੀ ਕਹੀ ਜਾ ਰਹੀ ਹੈ ਕਿ ਕਬੀਰ ਜੀ ਨਿੱਤ ਸਵੇਰੇ ਪੋਚਾ ਫੇਰਦੇ ਸਨ।

ਹਰੇਕ ਮਨੁੱਖ, ਜੇ ਚਾਹੇ ਤਾਂ, ਆਪਣੇ ਜੀਵਨ ਵਿਚੋਂ ਅਜਿਹੀਆਂ ਕਈ ਘਟਨਾਂ ਵੇਖ ਸਕਦਾ ਹੈ ਕਿ ਅਸੀ ਉਸ ਗੱਲ ਨੂੰ ਕਿਵੇਂ ਵਧਾ ਕੇ ਬਿਆਨ ਕਰਦੇ ਹਾਂ, ਜੋ ਸਾਨੂੰ ਪਸੰਦ ਨਹੀਂ ਹੁੰਦੀ। ਮੈਂ ਕਈ ਐਸੇ ਬੰਦੇ ਵੇਖੇ ਹਨ ਜੋ ਬਿਰਧ ਹੋਣ ਕਰਕੇ ਆਪ ਰਤਾ ਭੀ ਕਮਾਈ ਨਹੀਂ ਕਰ ਸਕਦੇ ਸਨ, ਉਹਨਾਂ ਦਾ ਨਿਰਬਾਹ ਉਹਨਾਂ ਦੇ ਪੁੱਤਰਾਂ ਦੇ ਆਸਰੇ ਸੀ। ਪਰ ਜਦੋਂ ਕਦੇ ਉਹ ਪੁੱਤਰ ਕਿਸੇ ਸਤਸੰਗ ਜਾਂ ਦੀਵਾਨ ਵਿਚ ਜਾਣ ਲੱਗਦਾ ਸੀ, ਤਾਂ ਉਹ ਬਿਰਧ ਪਿਉ ਸੌ ਸੌ ਗਾਲ੍ਹ ਕੱਢਦਾ ਤੇ ਕਹਿੰਦਾ ਕਿ ਇਸ ਨਕਾਰੇ ਨੇ ਸਾਰਾ ਘਰ ਉਜਾੜ ਦਿੱਤਾ ਹੈ। ਸੋ, ਜਗਤ ਦੀ ਚਾਲ ਹੀ ਇਹੀ ਹੈ। ਸਤਸੰਗ ਕਿਸੇ ਵਿਰਲੇ ਨੂੰ ਭਾਉਂਦਾ ਹੈ। ਲਗਨ ਵਾਲਿਆਂ ਦੀ ਵਿਰੋਧਤਾ ਹੁੰਦੀ ਹੀ ਹੈ, ਤੇ ਹੁੰਦੀ ਹੀ ਰਹੇਗੀ। ਉਹਨਾਂ ਦੇ ਵਿਰੁੱਧ ਵਧਾ ਵਧਾ ਕੇ ਊਜਾਂ ਸਦਾ ਲਾਈਆਂ ਜਾਂਦੀਆਂ ਹਨ। ਕਬੀਰ ਜੀ ਨਾਹ ਸਦਾ ਪੋਚਾ ਫੇਰਨਾ ਆਪਣਾ ਧਰਮ ਮੰਨੀ ਬੈਠੇ ਸਨ, ਤੇ ਨਾਹ ਹੀ ਮਾਲਾ ਗਲ ਵਿਚ ਪਾਈ ਫਿਰਦੇ ਸਨ। ਹਾਂ, ਇੱਥੇ ਇਕ ਗੱਲ ਹੋਰ ਚੇਤੇ ਰਹਿਣੀ ਚਾਹੀਦੀ ਹੈ। ਉਹਨੀਂ ਦਿਨੀਂ ਸ਼ਹਿਰਾਂ ਵਿਚ ਅਜੇ ਮਿਊਂਸਪੈਲਟੀਆਂ ਵਲੋਂ ਨਲਕਿਆਂ ਦਾ ਕੋਈ ਪਰਬੰਧ ਨਹੀਂ ਸੀ, ਨਾਹ ਹੀ ਘਰਾਂ ਵਿਚ ਕਿਤੇ ਵਖੋ = ਵਖਰੇ ਨਲਕੇ ਹੀ ਲੱਗੇ ਹੋਏ ਸਨ। ਹਰੇਕ ਘਰ ਵਾਲਿਆਂ ਨੂੰ ਗਲੀਆਂ ਬਜ਼ਾਰਾਂ ਦੇ ਸਾਂਝੇ ਖੂਹਾਂ ਤੋਂ ਪਾਣੀ ਆਪ ਹੀ ਲਿਆਉਣਾ ਪੈਂਦਾ ਸੀ। ਅਮੀਰ ਲੋਕ ਤਾਂ ਭਲਾ ਝਿਊਰ ਆਦਿਕਾਂ ਦੀ ਰਾਹੀਂ ਪਾਣੀ ਮੰਗਾਉਂਦੇ ਹਨ, ਪਰ ਗਰੀਬਾਂ ਨੂੰ ਇਹ ਕੰਮ ਆਪ ਹੀ ਕਰਨਾ ਪੈਂਦਾ ਹੈ। ਆਲਸ ਦੇ ਮਾਰੇ ਦੁਨੀਆਦਾਰ ਤਾਂ ਦਿਨ ਚੜ੍ਹੇ ਤਕ ਮੰਜੇ ਤੇ ਪਏ ਰਹਿੰਦੇ ਹਨ, ਪਰ ਬੰਦਗੀ ਵਾਲਾ ਬੰਦਾ ਨਿੱਤ ਸਵੇਰੇ ਉੱਠਣ ਦਾ ਆਦੀ ਹੋਇਆ ਕਰਦਾ ਹੈ, ਉਸ ਵੇਲੇ ਇਸ਼ਨਾਨ ਕਰਨਾ ਭੀ ਸੁਭਾਵਿਕ ਹੀ ਗੱਲ ਹੈ। ਹੁਣ ਭੀ ਪਿੰਡਾਂ ਵਿਚ ਜਾ ਕੇ ਵੇਖੋ। ਲੋਕ ਖੂਹ ਉੱਤੇ ਨ੍ਹਾਉਣ ਜਾਂਦੇ ਹਨ, ਆਉਂਦੀ ਵਾਰੀ ਘਰ ਵਰਤਣ ਲਈ ਘੜਾ ਜਾਂ ਗਾਗਰ ਭਰ ਲਿਆਉਂਦੇ ਹਨ। ਪਰ ਕਬੀਰ ਜੀ, ਉੱਦਮੀ ਕਬੀਰ ਜੀ, ਇਹ ਸਾਰਾ ਕੰਮ ਘਰ = ਦਿਆਂ ਦੇ ਸੁੱਤੇ ਪਿਆਂ ਹੀ ਕਰ ਲੈਂਦੇ ਸਨ। ਮਾਂ ਨੂੰ ਉਹਨਾਂ ਦਾ ਭਜਨ ਪਸੰਦ ਨਾਹ ਹੋਣ ਕਰਕੇ ਇਹ ਸਵੇਰੇ ਪਾਣੀ ਲੈ ਆਉਣਾ ਭੀ ਮੰਦਾ ਲੱਗਦਾ ਸੀ। ਤੇ, ਇਸ ਨੂੰ ਉਹ ਵਧਾ ਕੇ ਆਖਦੀ ਸੀ ਕਿ ਕਬੀਰ ਨਿੱਤ ਪੋਚਾ ਫੇਰਦਾ ਰਹਿੰਦਾ ਹੈ}੧।ਰਹਾਉ।

ਸਾਤ ਸੂਤ = ਸੂਤਰ = ਸਾਤਰ, ਸੂਤਰ ਆਦਿਕ, ਸੂਤਰ ਆਦਿਕ ਨਾਲ ਕੰਮ ਕਰਨਾ।੨।

ਗੁਰਿ = ਸਤਿਗੁਰੂ ਨੇ। ਪੈਜ = ਲਾਜ, ਇੱਜ਼ਤ। ਜਿਨਿ = ਜਿਸ (ਪ੍ਰਭੂ) ਨੇ। ਨਖ = ਨਹੁੰਆਂ ਨਾਲ। ਬਿਦਰਿਓ = ਚੀਰਿਆ, ਚੀਰ ਕੇ ਮਾਰ ਦਿੱਤਾ।੩।

ਪਿਤਰ ਕੀ ਛੋਡੀ = ਪਿਤਾ = ਪੁਰਖੀ ਛੱਡ ਦਿੱਤੀ ਹੈ। ਕੋ = ਦਾ। ਸੰਤਹ ਲੈ = ਸੰਤਾਂ ਦੀ ਸੰਗਤ ਵਿਚ ਲੈ ਕੇ।੪।

ਨੋਟ: ਇਸ ਸ਼ਬਦ ਵਿਚ ਕਬੀਰ ਜੀ ਆਪ ਹੀ ਆਪਣੇ ਬਚਨਾਂ ਦੀ ਰਾਹੀਂ ਆਪਣੀ ਮਾਂ ਦਾ ਰਵੱਈਆ ਤੇ ਗਿਲੇ ਬਿਆਨ ਕਰ ਕੇ ਮੁੜ ਆਪ ਹੀ ਆਪਣਾ ਨਿੱਤ ਦਾ ਕਰਤੱਬ ਦੱਸਦੇ ਹਨ। ਕਬੀਰ ਜੀ ਦੀ ਮਾਂ ਦੇ ਇਹ ਆਪਣੇ ਉਚਾਰੇ ਹੋਏ ਲਫ਼ਜ਼ ਨਹੀਂ ਹਨ। ਸਿਰਫ਼ ਭਗਤ ਦੀ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਥਾਂ ਮਿਲ ਸਕਦੀ ਸੀ, ਕਿਸੇ ਹੋਰ ਨੂੰ ਨਹੀਂ।

ਅਰਥ: ਸਾਡੀ ਕੁਲ ਵਿਚ ਕਦੇ ਕਿਸੇ ਨੇ ਪਰਮਾਤਮਾ ਦਾ ਭਜਨ ਨਹੀਂ ਸੀ ਕੀਤਾ। ਜਦੋਂ ਦਾ ਮੇਰਾ ਔਂਤਰਾ (ਪੁੱਤਰ) ਭਗਤੀ ਵਿਚ ਲੱਗਾ ਹੈ, ਤਦੋਂ ਤੋਂ ਸਾਨੂੰ ਕੋਈ ਸੁਖ ਨਹੀਂ ਰਿਹਾ।੧।ਰਹਾਉ।

ਇਹ ਜੁਲਾਹ (-ਪੁੱਤਰ) ਰੋਜ਼ ਸਵੇਰੇ ਉੱਠ ਕੇ (ਪਾਣੀ ਦੀ) ਗਾਗਰ ਲਿਆਉਂਦਾ ਹੈ ਤੇ ਪੋਚਾ ਫੇਰਦਾ ਖਪ ਜਾਂਦਾ ਹੈ, ਇਸ ਨੂੰ ਆਪਣੇ ਖੱਡੀ ਦੇ ਕੰਮ ਦੀ ਸੁਰਤ ਹੀ ਨਹੀਂ ਰਹੀ, ਸਦਾ ਹਰੀ ਦੇ ਰਸ ਵਿਚ ਹੀ ਮਗਨ ਰਹਿੰਦਾ ਹੈ।੧।

ਹੇ ਮੇਰੀਓ ਦਿਰਾਣੀਓ ਜਿਠਾਣੀਓ! ਸੁਣੋ, (ਸਾਡੇ ਘਰ) ਇਹ ਕਿਹਾ ਅਚਰਜ ਭਾਣਾ ਵਰਤ ਗਿਆ ਹੈ? ਇਸ ਮੂਰਖ ਮੁੰਡੇ ਨੇ ਸੂਤਰ ਆਦਿਕ ਦਾ ਕੰਮ ਹੀ ਛੱਡ ਦਿੱਤਾ ਹੈ। ਇਸ ਨਾਲੋਂ ਤਾਂ ਇਹ ਮਰ ਹੀ ਜਾਂਦਾ ਤਾਂ ਚੰਗਾ ਸੀ।੨।

(ਪਰ) ਜਿਸ ਪਰਮਾਤਮਾ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਮਾਰ ਕੇ ਆਪਣੇ ਭਗਤ ਪ੍ਰਹਿਲਾਦ ਦੀ ਲਾਜ ਰੱਖੀ ਸੀ, ਜੋ ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ ਉਸ ਦਾ ਨਾਮ (ਮੈਨੂੰ ਕਬੀਰ ਨੂੰ ਮੇਰੇ) ਗੁਰੂ ਨੇ ਬਖ਼ਸ਼ਿਆ ਹੈ।੩।

ਕਬੀਰ ਆਖਦਾ ਹੈ-ਮੈਂ ਪਿਤਾ-ਪੁਰਖੀ ਛੱਡ ਦਿੱਤੀ ਹੈ, ਮੈਂ ਆਪਣੇ ਘਰ ਵਿਚ ਪੂਜੇ ਜਾਣ ਵਾਲੇ ਦੇਵਤੇ (ਭਾਵ, ਬ੍ਰਹਮਣ) ਛੱਡ ਬੈਠਾ ਹਾਂ। ਹੁਣ ਮੈਂ ਸਤਿਗੁਰੂ ਦਾ ਸ਼ਬਦ ਹੀ ਧਾਰਨ ਕੀਤਾ ਹੈ। ਜੋ ਪ੍ਰਭੂ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਸਤ-ਸੰਗਤ ਵਿਚ ਉਸ ਦਾ ਨਾਮ ਸਿਮਰ ਕੇ ਮੈਂ (ਸੰਸਾਰ-ਸਾਗਰ ਤੋਂ) ਪਾਰ ਲੰਘ ਗਿਆ ਹਾਂ।੪।੪।

ਬਿਲਾਵਲੁ ॥ ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥ ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥ ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥ ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥ ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥੫॥ {ਪੰਨਾ 856}

ਪਦਅਰਥ: ਕੋਊ = ਕੋਈ ਜੀਵ ਭੀ। ਸਮਾਨਿ = ਬਰਾਬਰ, ਵਰਗਾ। ਏ ਭੂਪਤਿ = ਇਹ ਦੁਨੀਆ ਦੇ ਰਾਜੇ। ਦਿਵਸ = ਦਿਨ। ਝੂਠੇ = ਜੋ ਸਦਾ ਕਾਇਮ ਨਹੀਂ ਰਹਿ ਸਕਦੇ। ਦਿਵਾਜਾ = ਦਿਖਲਾਵੇ।੧।ਰਹਾਉ।

ਜਨੁ = ਦਾਸ, ਭਗਤ। ਕਤ = ਕਿਉਂ? ਕਤ ਡੋਲੈ = (ਇਹਨਾਂ ਦੁਨੀਆ ਦੇ ਰਾਜਿਆਂ ਅੱਗੇ) ਨਹੀਂ ਡੋਲਦਾ। ਪਰ = ਵਿਚ। ਤੀਨਿ ਭਵਨ ਪਰ = ਤਿੰਨਾਂ ਭਵਨਾਂ ਵਿਚ, ਸਾਰੇ ਜਗਤ ਵਿਚ। ਛਾਜਾ = ਪ੍ਰਭਾਵ ਛਾਇਆ ਰਹਿੰਦਾ ਹੈ, ਵਡਿਆਈ ਬਣੀ ਰਹਿੰਦੀ ਹੈ। ਕੋ = ਕੌਣ? ਜਨ ਕਉ = ਭਗਤ ਵਲ। ਪਸਾਰਿ ਸਕੈ = ਖਿਲਾਰ ਸਕਦਾ ਹੈ, ਚੁੱਕ ਸਕਦਾ ਹੈ। ਅੰਦਾਜ਼ਾ = (ਪ੍ਰਤਾਪ ਦਾ) ਅਨੁਮਾਨ।੧।

ਅਚੇਤ ਮਨ = ਹੇ ਗ਼ਾਫ਼ਲ ਮਨ! ਬਾਜੇ = ਵੱਜ ਪੈਣ। ਅਨਹਦ ਬਾਜਾ = ਇੱਕ = ਰਸ (ਅਨੰਦ ਦੇ) ਵਾਜੇ। ਕਹਿ = ਕਹੇ, ਆਖਦਾ ਹੈ। ਭ੍ਰਮੁ = ਭਟਕਣਾ। ਸੰਸਾ = ਸਹਿਮ। ਚੂਕੋ = ਮੁੱਕ ਜਾਂਦਾ ਹੈ। ਨਿਵਾਜਾ = ਨਿਵਾਜਦਾ ਹੈ, ਮਾਣ ਦੇਂਦਾ ਹੈ, ਪਾਲਦਾ ਹੈ।੨।

ਅਰਥ: (ਹੇ ਭਾਈ!) ਜਗਤ ਵਿਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ। ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ।੧।ਰਹਾਉ।

(ਹੇ ਪ੍ਰਭੂ!) ਜੋ ਮਨੁੱਖ ਤੇਰਾ ਦਾਸ ਹੋ ਕੇ ਰਹਿੰਦਾ ਹੈ ਉਹ (ਇਹਨਾਂ ਦੁਨੀਆ ਦੇ ਰਾਜਿਆਂ ਦੇ ਸਾਹਮਣੇ) ਘਾਬਰਦਾ ਨਹੀਂ, (ਕਿਉਂਕਿ, ਹੇ ਪ੍ਰਭੂ! ਤੇਰੇ ਸੇਵਕ ਦਾ ਪ੍ਰਤਾਪ) ਸਾਰੇ ਜਗਤ ਵਿਚ ਛਾਇਆ ਰਹਿੰਦਾ ਹੈ। ਹੱਥ ਚੁੱਕਣਾ ਤਾਂ ਕਿਤੇ ਰਿਹਾ, ਤੇਰੇ ਸੇਵਕ ਦੇ ਸਾਹਮਣੇ ਉਹ ਉੱਚਾ ਬੋਲ ਭੀ ਬੋਲ ਨਹੀਂ ਸਕਦੇ।੧।

ਹੇ ਮੇਰੇ ਗ਼ਾਫ਼ਲ ਮਨ! ਤੂੰ ਭੀ ਪ੍ਰਭੂ ਨੂੰ ਸਿਮਰ, (ਤਾਂ ਜੋ ਤੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਇੱਕ-ਰਸ ਵਾਜੇ ਵੱਜਣ (ਤੇ, ਤੈਨੂੰ ਦੁਨੀਆ ਦੇ ਰਾਜਿਆਂ ਤੋਂ ਕੋਈ ਘਬਰਾਹਟ ਨਾਹ ਹੋਵੇ) ਕਬੀਰ ਆਖਦਾ ਹੈ-(ਜੋ ਮਨੁੱਖ ਪ੍ਰਭੂ ਨੂੰ ਸਿਮਰਦਾ ਹੈ, ਉਸ ਦਾ) ਸਹਿਮ, ਉਸ ਦੀ ਭਟਕਣਾ ਸਭ ਦੂਰ ਹੋ ਜਾਂਦੇ ਹਨ, ਪ੍ਰਭੂ (ਆਪਣੇ ਸੇਵਕ ਨੂੰ) ਧ੍ਰੂ ਤੇ ਪ੍ਰਹਿਲਾਦ ਵਾਂਗ ਪਾਲਦਾ ਹੈ।੨।੫।

ਬਿਲਾਵਲੁ ॥ ਰਾਖਿ ਲੇਹੁ ਹਮ ਤੇ ਬਿਗਰੀ ॥ ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥ ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥ ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥ {ਪੰਨਾ 856}

ਪਦਅਰਥ: ਹਮ ਤੇ = ਅਸਾਂ ਜੀਵਾਂ ਤੋਂ, ਮੈਥੋਂ। ਬਿਗਰੀ = ਵਿਗੜੀ ਹੈ, ਵਿਗਾੜ ਹੋਇਆ ਹੈ, ਮਾੜਾ ਕੰਮ ਹੋਇਆ ਹੈ। ਸੀਲੁ = ਚੰਗਾ ਸੁਭਾਉ। ਧਰਮੁ = ਜ਼ਿੰਦਗੀ ਦਾ ਫ਼ਰਜ਼। ਜਪੁ = ਬੰਦਗੀ। ਹਉ = ਮੈਂ। ਟੇਢ = ਵਿੰਗੀ। ਪਗਰੀ = ਪਕੜੀ, ਫੜੀ।੧।ਰਹਾਉ।

ਅਮਰ = {ਅ = ਮਰ} ਨਾਹ ਮਰਨ ਵਾਲੀ, ਨਾਸ ਨਾਹ ਹੋਣ ਵਾਲੀ। ਜਾਨਿ = ਸਮਝ ਕੇ। ਸੰਚੀ = ਸਾਂਭ ਕੇ ਰੱਖੀ, ਪਾਲਦਾ ਰਿਹਾ। ਕਾਇਆ = ਸਰੀਰ। ਮਿਥਿਆ = ਨਾਸਵੰਤ। ਗਗਰੀ = ਘੜਾ। ਜਿਨਹਿ = ਜਿਸ (ਪ੍ਰਭੂ) ਨੇ। ਨਿਵਾਜਿ = ਆਦਰ ਦੇ ਕੇ, ਮਿਹਰ ਕਰ ਕੇ। ਸਾਜਿ = ਪੈਦਾ ਕਰ ਕੇ। ਹਮ = ਸਾਨੂੰ, ਮੈਨੂੰ। ਅਵਰ = ਹੋਰਨੀਂ ਪਾਸੀਂ।੧।

ਸੰਧਿਕ = ਚੋਰ। ਤੋਹਿ = ਤੇਰਾ। ਕਹੀਅਉ = ਮੈਂ ਅਖਵਾ ਸਕਦਾ ਹਾਂ। ਤੁਮਰੀ ਪਗਰੀ = ਤੇਰੇ ਚਰਨਾਂ ਦੀ। ਮਤ ਘਾਲਹੁ = ਭੇਜੀਂ। ਖਬਰੀ = ਖ਼ਬਰੀ, ਸੋਇ।੨।

ਅਰਥ: ਹੇ ਪ੍ਰਭੂ! ਮੇਰੀ ਲਾਜ ਰੱਖ ਲੈ। ਮੈਥੋਂ ਬੜਾ ਮਾੜਾ ਕੰਮ ਹੋਇਆ ਹੈ ਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ (ਟੇਢਾ-ਪਨ ਫੜਿਆ ਹੋਇਆ ਹੈ) ੧।ਰਹਾਉ।

ਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ। ਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ।੧।

(ਸੋ) ਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ; ਮੇਰੀ ਇਹ ਅਰਜ਼ੋਈ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ (ਭਾਵ, ਮੈਨੂੰ ਜਨਮ ਮਰਨ ਦੇ ਗੇੜ ਵਿਚ ਨਾਹ ਪੈਣ ਦੇਈਂ) ੨।੬।

ਬਿਲਾਵਲੁ ॥ ਦਰਮਾਦੇ ਠਾਢੇ ਦਰਬਾਰਿ ॥ ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹ੍ਹਿ ਕਿਵਾਰ ॥੧॥ ਰਹਾਉ ॥ ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ਹ੍ਹ ਸੁਨੀਅਤੁ ਸੁਜਸੁ ਤੁਮ੍ਹ੍ਹਾਰ ॥ ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ਹ੍ਹ ਹੀ ਤੇ ਮੇਰੋ ਨਿਸਤਾਰੁ ॥੧॥ ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥ ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥ {ਪੰਨਾ 856}

ਪਦਅਰਥ: ਦਰਮਾਦੇ = {ਫ਼ਾਰਸੀ: ਦਰਮਾਂਦਾ} ਆਜਿਜ਼, ਮੰਗਤਾ। ਠਾਢੇ = ਖਲੋਤਾ ਹਾਂ। ਦਰਬਾਰਿ = (ਤੇਰੇ) ਦਰ ਤੇ। ਸੁਰਤਿ = ਸੰਭਾਲ, ਖ਼ਬਰਗੀਰੀ। ਕੋ = ਕੌਣ? ਖੋਲ੍ਹ੍ਹਿ = ਖੋਲ੍ਹ ਕੇ। ਕਿਵਾਰ = ਕਿਵਾੜ, ਭਿੱਤ, ਬੂਹਾ।੧।ਰਹਾਉ।

ਧਨ ਧਨੀ = ਧਨ ਦਾ ਮਾਲਕ। ਉਦਾਰ = ਖੁਲ੍ਹੇ ਦਿਲ ਵਾਲਾ। ਤਿਆਗੀ = ਦਾਨੀ। ਸ੍ਰਵਨਨ = ਕੰਨੀਂ। ਸੁਨੀਅਤ = ਸੁਣਿਆ ਜਾਂਦਾ ਹੈ। ਸੁਜਸੁ = ਸੁਹਣਾ ਜਸ, ਮਿੱਠੀ ਸੋਭਾ। ਮਾਗਉ = ਮਾਗਉਂ, ਮੈਂ ਮੰਗਾਂ। ਕਾਹਿ = ਕਿਸ ਪਾਸੋਂ? ਰੰਕ = ਕੰਗਾਲ। ਨਿਸਤਾਰੁ = ਪਾਰ = ਉਤਾਰਾ।੧।

ਜੈਦੇਉ = ਭਗਤ ਜੈਦੇਵ ਜੀ ਬਾਰ੍ਹਵੀਂ ਸਦੀ ਵਿਚ ਸੰਸਕ੍ਰਿਤ ਦੇ ਇਕ ਪ੍ਰਸਿੱਧ ਵਿਦਵਾਨ ਕਵੀ ਹੋਏ ਹਨ, ਇਹਨਾਂ ਦੀ ਭਗਤੀ = ਰਸ ਵਿਚ ਲਿਖੀ ਹੋਈ ਪੁਸਤਕ "ਗੀਤ ਗੋਵਿੰਦ" ਬੜਾ ਆਦਰ ਮਾਣ ਪਾ ਰਹੀ ਹੈ। ਦੱਖਣੀ ਬੰਗਾਲ ਦੇ ਪਿੰਡ ਕੰਨਦੂਲੀ ਵਿਚ ਇਹ ਜੰਮੇ ਸਨ। ਉੱਚੇ ਜੀਵਨ ਵਾਲੇ ਪ੍ਰਭੂ = ਭਗਤ ਹੋਏ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਹਨਾਂ ਦੇ ਦੋ ਸ਼ਬਦ ਦਰਜ ਹਨ, ਜੋ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਵਿਚ ਬੰਗਾਲ ਵਲ ਜਾਂਦਿਆਂ ਲਿਆਂਦੇ ਸਨ।

ਨਾਮਾ = ਭਗਤ ਨਾਮਦੇਵ ਜੀ ਬੰਬਈ ਦੇ ਜ਼ਿਲਾ ਸਤਾਰਾ ਦੇ ਇਕ ਪਿੰਡ ਵਿਚ ਪੈਦਾ ਹੋਏ ਤੇ ਸਾਰਾ ਜੀਵਨ ਇਹਨਾਂ ਪਾਂਧਰਪੁਰ ਵਿਚ ਗੁਜ਼ਾਰਿਆ। ਕਬੀਰ ਜੀ ਇੱਥੇ ਉਹਨਾਂ ਦੀ ਅਨਿੰਨ ਭਗਤੀ ਤੇ ਪ੍ਰਭੂ ਦੀ ਉਹਨਾਂ ਉੱਤੇ ਅਪਾਰ ਕਿਰਪਾ ਦਾ ਜ਼ਿਕਰ ਕਰ ਰਹੇ ਹਨ। ਸੋ, ਇਹ ਖ਼ਿਆਲ ਕਰਨਾ ਵੱਡੀ ਭੁੱਲ ਹੈ ਕਿ ਨਾਮਦੇਵ ਜੀ ਮੂਰਤੀ = ਪੂਜਕ ਸਨ ਜਾਂ ਮੂਰਤੀ ਪੂਜਾ ਤੋਂ ਉਹਨਾਂ ਰੱਬ ਲੱਭਾ ਸੀ। ਬਿਪ = ਬ੍ਰਾਹਮਣ। ਬਾਰ = ਚਿਰ।੨।

ਅਰਥ: ਹੇ ਪ੍ਰਭੂ! ਮੈਂ ਤੇਰੇ ਦਰ ਤੇ ਮੰਗਤਾ ਬਣ ਕੇ ਖੜਾ ਹਾਂ। ਭਲਾ ਤੈਥੋਂ ਬਿਨਾ ਹੋਰ ਕੌਣ ਮੇਰੀ ਦਾਰੀ ਕਰ ਸਕਦਾ ਹੈ? ਹੇ ਦਾਤੇ! ਬੂਹਾ ਖੋਲ੍ਹ ਕੇ ਮੈਨੂੰ ਦੀਦਾਰ ਬਖ਼ਸ਼।੧।ਰਹਾਉ।

ਤੂੰ ਹੀ (ਜਗਤ ਦੇ ਸਾਰੇ) ਧਨ ਪਦਾਰਥ ਦਾ ਮਾਲਕ ਹੈਂ, ਤੇ ਬੜਾ ਖੁਲ੍ਹੇ ਦਿਲ ਵਾਲਾ ਦਾਨੀ ਹੈਂ। (ਜਗਤ ਵਿਚ) ਤੇਰੀ ਹੀ (ਦਾਨੀ ਹੋਣ ਦੀ) ਮਿੱਠੀ ਸੋਭਾ ਕੰਨੀਂ ਸੁਣੀ ਜਾ ਰਹੀ ਹੈ। ਮੈਂ ਹੋਰ ਕਿਸ ਪਾਸੋਂ ਮੰਗਾਂ? ਮੈਨੂੰ ਤਾਂ ਸਭ ਕੰਗਾਲ ਦਿੱਸ ਰਹੇ ਹਨ। ਮੇਰਾ ਬੇੜਾ ਤੇਰੇ ਰਾਹੀਂ ਹੀ ਪਾਰ ਹੋ ਸਕਦਾ ਹੈ।੧।

ਕਬੀਰ ਆਖਦਾ ਹੈ-ਤੂੰ ਸਭ ਦਾਤਾਂ ਦੇਣ ਜੋਗਾ ਦਾਤਾਰ ਹੈਂ। ਜੀਵਾਂ ਨੂੰ ਚਾਰੇ ਪਦਾਰਥ ਦੇਂਦਿਆਂ ਤੈਨੂੰ ਰਤਾ ਢਿੱਲ ਨਹੀਂ ਲੱਗਦੀ। ਜੈਦੇਵ, ਨਾਮਦੇਵ, ਸੁਦਾਮਾ ਬ੍ਰਾਹਮਣ-ਇਹਨਾਂ ਉੱਤੇ ਤੇਰੀ ਹੀ ਬੇਅੰਤ ਕਿਰਪਾ ਹੋਈ ਸੀ।੨।੭।

ਬਿਲਾਵਲੁ ॥ ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥ ਭ੍ਰਮ ਕੈ ਭਾਇ ਭਵੈ ਭੇਖਧਾਰੀ ॥੧॥ ਆਸਨੁ ਪਵਨ ਦੂਰਿ ਕਰਿ ਬਵਰੇ ॥ ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥ ਕਹਿ ਕਬੀਰ ਕੇਸੌ ਜਗਿ ਜੋਗੀ ॥੨॥੮॥ {ਪੰਨਾ 856-857}

ਪਦਅਰਥ: ਖਿੰਥਾ = ਗੋਦੜੀ, ਖ਼ਫ਼ਨੀ। ਆਧਾਰੀ = ਝੋਲੀ ਜਿਸ ਵਿਚ ਜੋਗੀ ਭਿੱਛਿਆ ਮੰਗ ਕੇ ਪਾ ਲੈਂਦਾ ਹੈ। ਭਾਇ = ਭਾਵਨਾ ਵਿਚ, ਅਨੁਸਾਰ। ਭ੍ਰਮ ਕੈ ਭਾਇ = ਭਰਮ ਦੇ ਆਸਰੇ, ਭਰਮ ਦੇ ਅਧੀਨ ਹੋ ਕੇ, ਭਟਕਣਾ ਵਿਚ ਪੈ ਕੇ। ਭਵੈ = ਭਵੈਂ, ਤੂੰ ਭੌਂ ਰਿਹਾ ਹੈਂ। ਭੇਖ ਧਾਰੀ = ਧਰਮੀਆਂ ਵਾਲਾ ਪਹਿਰਾਵਾ ਪਾ ਕੇ।੧।

ਆਸਨੁ = ਜੋਗ = ਅੱਭਿਆਸ ਦੇ ਆਸਣ। ਪਵਨ = ਪ੍ਰਾਣਾਯਾਮ। ਬਵਰੇ = ਹੇ ਕਮਲੇ ਜੋਗੀ! ਕਪਟੁ = ਠੱਗੀ, ਪਖੰਡ।੧।ਰਹਾਉ।

ਜਿਹ = ਜੋ ਕੁਝ, ਜਿਸ (ਮਾਇਆ) ਨੂੰ। ਜਾਚਹਿ = ਤੂੰ ਮੰਗਦਾ ਹੈਂ। ਤ੍ਰਿਭਵਣ = ਤਿੰਨਾਂ ਭਵਨਾਂ ਦੇ ਜੀਵਾਂ ਨੇ, ਸਾਰੇ ਜਗਤ ਦੇ ਜੀਵਾਂ ਨੇ। ਕੇਸੌ = ਪਰਮਾਤਮਾ (ਦਾ ਨਾਮ ਹੀ ਮੰਗਣ = ਜੋਗ ਹੈ) ਜੋਗੀ = ਹੇ ਜੋਗੀ!੨।

ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਵਿਚ ਕਬੀਰ ਜੀ ਖੁਲ੍ਹੇ ਲਫ਼ਜ਼ਾਂ ਵਿਚ ਜੋਗ-ਅੱਭਿਆਸ ਤੇ ਪ੍ਰਾਣਯਾਮ ਨੂੰ ਕਪਟ ਕਹਿ ਰਹੇ ਹਨ, ਤੇ ਕਿਸੇ ਜੋਗੀ ਨੂੰ ਸਮਝਾਉਂਦੇ ਹਨ ਕਿ ਇਹ ਕੁਰਾਹ ਛੱਡ ਦੇਹ। ਇਹ ਮਾਇਆ ਦੀ ਖ਼ਾਤਰ ਹੀ ਇਕ ਡਿੰਭ ਹੈ। ਜੋਗ-ਅੱਭਿਆਸੀ ਪ੍ਰਾਣਾਯਾਮ ਬਾਬਤ ਕਬੀਰ ਜੀ ਦੇ ਆਪਣੇ ਇਹ ਸਾਫ਼ ਖ਼ਿਆਲ ਛੱਡ ਕੇ ਹੋਰ ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਤੇ ਵਿਛ ਕੇ ਕਬੀਰ ਜੀ ਨੂੰ ਜੋਗ-ਅੱਭਿਆਸੀ ਮਿੱਥ ਲੈਣਾ ਭਾਰੀ ਭੁੱਲ ਹੈ।

ਅਰਥ: ਹੇ ਝੱਲੇ ਜੋਗੀ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ। ਇਸ ਪਖੰਡ ਨੂੰ ਛੱਡ, ਤੇ ਸਦਾ ਪ੍ਰਭੂ ਦੀ ਬੰਦਗੀ ਕਰ।੧।ਰਹਾਉ।

ਨੋਟ: ਜੋਗ-ਅੱਭਿਆਸ, ਪ੍ਰਾਣਾਯਾਮ ਛੱਡ ਕੇ ਪ੍ਰਭੂ-ਸਿਮਰਨ ਦਾ ਉਪਦੇਸ਼ ਕਰਨ ਤੋਂ ਇਕ ਗੱਲ ਸਾਫ਼ ਪ੍ਰਤੱਖ ਹੈ ਕਿ ਕਬੀਰ ਜੀ ਭਗਤੀ ਵਾਸਤੇ ਇਹਨਾਂ ਦੀ ਕੋਈ ਲੋੜ ਨਹੀਂ ਸਮਝਦੇ।

ਹੇ ਜੋਗੀ! ਤੂੰ ਭਟਕਣਾ ਵਿਚ ਪੈ ਕੇ, ਡੰਡਾ, ਮੁੰਦ੍ਰਾ, ਖ਼ਫ਼ਨੀ ਤੇ ਝੋਲੀ ਆਦਿਕ ਦਾ ਧਾਰਮਿਕ ਬਾਣਾ ਪਾ ਕੇ, ਕੁਰਾਹੇ ਪੈ ਗਿਆ ਹੈਂ।੧।

(ਜੋਗ-ਅੱਭਿਆਸ ਤੇ ਪ੍ਰਾਣਾਯਾਮ ਦੇ ਨਾਟਕ-ਚੇਟਕ ਵਿਖਾ ਕੇ) ਜਿਹੜੀ ਮਾਇਆ ਤੂੰ ਮੰਗਦਾ ਫਿਰਦਾ ਹੈਂ, ਉਸ ਨੂੰ ਤਾਂ ਸਾਰੇ ਜਗਤ ਦੇ ਜੀਵ ਭੋਗ ਰਹੇ ਹਨ। ਕਬੀਰ ਆਖਦਾ ਹੈ-ਹੇ ਜੋਗੀ! ਜਗਤ ਵਿਚ ਮੰਗਣ-ਜੋਗ ਇਕ ਪ੍ਰਭੂ ਦਾ ਨਾਮ ਹੀ ਹੈ।੨।੮।

ਸ਼ਬਦ ਦਾ ਭਾਵ: ਪ੍ਰਭੂ ਦਾ ਨਾਮ ਹੀ ਮਨੁੱਖਾ ਜਨਮ ਦਾ ਮਨੋਰਥ ਹੈ। ਨਾਮ ਸਿਮਰਨ ਵਾਸਤੇ ਜੋਗੀਆਂ ਦੇ ਆਸਣਾਂ ਅਤੇ ਪ੍ਰਾਣਾਯਾਮ ਦੀ ਕੋਈ ਲੋੜ ਨਹੀਂ ਹੈ।

TOP OF PAGE

Sri Guru Granth Darpan, by Professor Sahib Singh