ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 857

ਬਿਲਾਵਲੁ ॥ ਇਨ੍ਹ੍ਹਿ ਮਾਇਆ ਜਗਦੀਸ ਗੁਸਾਈ ਤੁਮ੍ਹ੍ਹਰੇ ਚਰਨ ਬਿਸਾਰੇ ॥ ਕਿੰਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥ ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ ਬਾਂਧੇ ਆਪ ਬਚੰਨੀ ॥੧॥ ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠੁ ਗੁਮਾਨਾ ॥ ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥੨॥੯॥ {ਪੰਨਾ 857}

ਪਦਅਰਥ: ਇਨ੍ਹ੍ਹਿ = ਇਸ ਨੇ। ਇਨ੍ਹ੍ਹਿ ਮਾਇਆ = ਇਸ ਮਾਇਆ ਨੇ। ਜਗਦੀਸ = ਹੇ ਜਗਤ ਦੇ ਈਸ਼! ਕਿੰਚਤ = {skt. किंचित} ਰਤਾ ਭਰ ਭੀ, ਥੋੜੀ ਭੀ। ਜਨ ਕਉ = ਬੰਦਿਆਂ ਨੂੰ। ਬੇਚਾਰੇ ਜਨ = ਵਿਚਾਰੇ ਜੀਵ।੧।ਰਹਾਉ।

ਧ੍ਰਿਗੁ = ਫਿਟਕਾਰ = ਜੋਗ। ਤਨੁ = ਸਰੀਰ। ਫੰਨੀ = ਫੰਧ ਲਾਣ ਵਾਲੀ, ਲੋਕਾਂ ਨੂੰ ਧੋਖਾ ਦੇਣ ਵਾਲੀ। ਦ੍ਰਿੜੁ ਕਰਿ ਰਾਖਹੁ = ਚੰਗੀ ਤਰ੍ਹਾਂ ਸਾਂਭ ਰੱਖ। ਬਾਂਧੇ = (ਇਹ ਮਾਇਆ ਜੀਵਾਂ ਨੂੰ) ਬੰਨ੍ਹਦੀ ਹੈ। ਆਪ ਬਚੰਨੀ = (ਹੇ ਪ੍ਰਭੂ!) ਤੇਰੇ ਹੁਕਮ ਅਨੁਸਾਰ।੧।

ਲੇਵਾ ਦੇਈ = ਲੈਣ = ਦੇਣ, ਕਾਰ = ਵਿਹਾਰ, ਵਪਾਰ। ਪਰਪੰਚ ਗੁਮਾਨਾ = ਇਸ ਪਸਾਰੇ ਦਾ ਮਾਣ। ਝੂਠੁ = ਕੂੜ, ਵਿਅਰਥ। ਕਹਿ = ਕਹੇ, ਆਖਦਾ ਹੈ। ਅੰਤਿ = ਅੰਤ ਨੂੰ ਆਖ਼ਰ। ਬਿਗੂਤੇ = ਖ਼ੁਆਰ ਹੋਏ, ਪਛਤਾਏ। ਨਿਦਾਨਾ = ਓੜਕ ਨੂੰ।੨।

ਅਰਥ: ਹੇ ਜਗਤ ਦੇ ਮਾਲਕ! ਹੇ ਜਗਤ ਦੇ ਖਸਮ! ਤੇਰੀ ਪੈਦਾ ਕੀਤੀ ਹੋਈ) ਇਸ ਮਾਇਆ ਨੇ (ਅਸਾਂ ਜੀਵਾਂ ਦੇ ਦਿਲਾਂ ਵਿਚੋਂ) ਤੇਰੇ ਚਰਨਾਂ ਦੀ ਯਾਦ ਭੁਲਾ ਦਿੱਤੀ ਹੈ। ਜੀਵ ਵਿਚਾਰੇ ਕੀਹ ਕਰਨ? (ਇਸ ਮਾਇਆ ਦੇ ਕਾਰਨ) ਜੀਵਾਂ ਦੇ ਅੰਦਰ (ਤੇਰੇ ਚਰਨਾਂ ਦਾ) ਰਤਾ ਭੀ ਪਿਆਰ ਪੈਦਾ ਨਹੀਂ ਹੁੰਦਾ ਹੈ।੧।ਰਹਾਉ।

ਲਾਹਨਤ ਹੈ ਇਸ ਸਰੀਰ ਤੇ ਧਨ-ਪਦਾਰਥ ਨੂੰ; ਫਿਟਕਾਰ-ਜੋਗ ਹੈ (ਮਨੁੱਖਾਂ ਦੀ ਇਹ) ਅਕਲ, ਜੋ (ਧਨ-ਪਦਾਰਥ ਦੀ ਖ਼ਾਤਰ) ਹੋਰਨਾਂ ਨੂੰ ਧੋਖਾ ਦੇਂਦੀ ਹੈ। ਹੇ ਜਗਦੀਸ਼! ਤੇਰੇ ਹੁਕਮ-ਅਨੁਸਾਰ ਹੀ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਬੰਨ੍ਹ ਰਹੀ ਹੈ। ਸੋ, ਤੂੰ ਆਪ ਹੀ ਇਸ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿਚ ਰੱਖ।੧।

ਕਬੀਰ ਆਖਦਾ ਹੈ-ਕੀਹ ਖੇਤੀ ਤੇ ਕੀਹ ਵਪਾਰ? ਜਗਤ ਦੇ ਇਸ ਪਸਾਰੇ ਦਾ ਮਾਣ ਕੂੜਾ ਹੈ, ਕਿਉਂਕਿ ਜਦੋਂ ਓੜਕ ਨੂੰ ਮੌਤ ਆਉਂਦੀ ਹੈ ਤਾਂ (ਇਸ ਪਸਾਰੇ ਦੇ ਮੋਹ-ਮਾਣ ਵਿਚ ਫਸੇ ਹੋਏ) ਜੀਵ ਆਖ਼ਰ ਹਾਹੁਕੇ ਲੈਂਦੇ ਹਨ।੨।੯।

ਬਿਲਾਵਲੁ ॥ ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥ ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥੧॥ ਰੇ ਮਨ ਹਰਿ ਭਜੁ ਭ੍ਰਮੁ ਤਜਹੁ ਜਗਜੀਵਨ ਰਾਮ ॥੧॥ ਰਹਾਉ ॥ ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥ ਜਹ ਉਪਜੈ ਬਿਨਸੈ ਤਹੀ ਜੈਸੇ ਪੁਰਿਵਨ ਪਾਤ ॥੨॥ ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥ ਕਹਿ ਕਬੀਰ ਸੇਵਾ ਕਰਹੁ ਮਨ ਮੰਝਿ ਮੁਰਾਰਿ ॥੩॥੧੦॥ {ਪੰਨਾ 857}

ਪਦਅਰਥ: ਭੀਤਰੇ = ਅੰਦਰ ਹੀ, ਭੀਤਰ ਹੀ। ਸਰੋਵਰ = ਸੁਹਣਾ ਸਰ। ਆਛੈ = ਹੈ। ਅਨੂਪ = ਜਿਸ ਵਰਗਾ ਹੋਰ ਨਹੀਂ, ਬੜਾ ਸੁੰਦਰ। ਪੁਰਖੋਤਮੋ = ਉੱਤਮ ਪੁਰਖ ਪ੍ਰਭੂ। ਜਾ ਕੈ = ਜਿਸ ਦੇ ਅੰਦਰ। ਰੇਖ = ਲਕੀਰ।੧।

ਭ੍ਰਮੁ = ਭਟਕਣਾ, ਮਾਇਆ ਦੇ ਪਿੱਛੇ ਦੌੜ = ਭੱਜ। ਜਗ ਜੀਵਨ = ਜਗਤ ਦੀ ਜ਼ਿੰਦਗੀ, ਜਗਤ ਦਾ ਆਸਰਾ।੧।ਰਹਾਉ।

ਕਛੂ ਨ ਦੀਸਈ = ਕੁੱਝ ਭੀ ਨਹੀਂ ਦਿੱਸਦਾ। ਜਾਤ = ਜਾਂਦਾ, ਮਰਦਾ। ਜਹ = ਜਿੱਥੇ। ਉਪਜੈ = (ਮਾਇਆ ਦੀ ਖੇਡ) ਪੈਦਾ ਹੁੰਦੀ ਹੈ। ਤਹੀ = ਉੱਥੇ ਹੀ। ਪੁਰਿਵਨ ਪਾਤ = ਚੁਪੱਤੀ ਦੇ ਪੱਤਰ।੨।

ਮਿਥਿਆ = ਨਾਸਵੰਤ। ਕਰਿ = ਕਰ ਕੇ, ਜਾਣ ਕੇ, ਸਮਝ ਕੇ। ਬੀਚਾਰਿ = ਵਿਚਾਰ ਕੇ, ਸਮਝ ਕੇ। ਮਨ ਮੰਝਿ = ਮਨ ਦੇ ਅੰਦਰ ਹੀ।੩।

ਅਰਥ: ਹੇ ਮੇਰੇ ਮਨ! ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ।੧।ਰਹਾਉ।

ਹੇ ਮਨ! ਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ, ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ।੧।

ਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ, ਤੇ ਨਾਹ ਮਰਦੀ ਦਿੱਸਦੀ ਹੈ। ਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ।੨।

ਸਹਿਜ ਅਵਸਥਾ ਦੇ ਸੁਖ ਦੀ ਵਿਚਾਰ ਕਰ ਕੇ (ਭਾਵ, ਇਹ ਸਮਝ ਕੇ ਕਿ ਮਾਇਆ ਦਾ ਮੋਹ ਛੱਡਿਆਂ, ਮਾਇਆ ਵਿਚ ਡੋਲਣੋਂ ਹਟ ਕੇ, ਸੁਖ ਬਣ ਜਾਇਗਾ) ਕਬੀਰ ਨੇ ਇਸ ਮਾਇਆ ਨੂੰ ਨਾਸਵੰਤ ਜਾਣ ਕੇ (ਇਸ ਦਾ ਮੋਹ) ਛੱਡ ਦਿੱਤਾ ਹੈ ਤੇ ਹੁਣ ਆਖਦਾ ਹੈ-ਹੇ ਮਨ! ਆਪਣੇ ਅੰਦਰ ਹੀ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ।੩।੧੦।

ਸ਼ਬਦ ਦਾ ਭਾਵ: ਮਾਇਆ ਵਾਲੀ ਭਟਕਣਾ ਛੱਡ ਕੇ ਆਪਣੇ ਅੰਦਰ-ਵੱਸਦੇ ਪ੍ਰਭੂ ਦਾ ਸਿਮਰਨ ਕਰੋ। ਇਹੀ ਹੈ ਸੁਖ ਦਾ ਸਾਧਨ।

ਬਿਲਾਵਲੁ ॥ ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥ ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥ ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥ ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥ ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥ ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥ ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥ {ਪੰਨਾ 857}

ਪਦਅਰਥ: ਭ੍ਰਮੁ = ਭਰਮ, ਭਟਕਣਾ, ਗੇੜ। ਗਇਆ = ਮੁੱਕ ਗਿਆ। ਲਿਵ = ਲਗਨ। ਸੁੰਨਿ = ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ, ਅਫੁਰ ਅਵਸਥਾ ਵਿਚ। ਸਾਖੀ = ਸਿੱਖਿਆ ਦੀ ਰਾਹੀਂ। ਗੁਰ ਸਾਖੀ = ਸਤਿਗੁਰੂ ਦੀ ਸਿੱਖਿਆ ਨਾਲ। ਜਾਗੀ = (ਬੁੱਧ) ਜਾਗ ਪਈ ਹੈ।੧।ਰਹਾਉ।

ਕਾਸੀ = ਕੈਂਹ (ਦਾ ਭਾਂਡਾ) ਧੁਨਿ = ਅਵਾਜ਼। ਜਾਈ = ਲੀਨ ਹੋ ਜਾਂਦੀ ਹੈ। ਕਾਸੀ ਫੂਟੀ = ਕੈਂਹ ਦਾ ਭਾਂਡਾ ਟੁੱਟਿਆਂ। ਪੰਡਿਤਾ = ਹੇ ਪੰਡਿਤ! ਕਹਾਂ = ਕਿੱਥੇ? ਨੋਟ: ਕੈਂਹ ਦੇ ਭਾਂਡੇ ਨੂੰ ਠਣਕਾਰੀਏ ਤਾਂ ਇਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ ਠੋਕਰਨਾ ਛੱਡ ਦੇਈਏ ਤਾਂ ਅਵਾਜ਼ ਭੀ ਮੁੱਕ ਜਾਂਦੀ ਹੈ। ਪਰ ਜਦੋਂ ਭਾਂਡਾ ਟੁੱਟ ਜਾਏ, ਤਾਂ ਠਣਕਾਇਆਂ ਭੀ ਉਹ ਅਵਾਜ਼ ਨਹੀਂ ਨਿਕਲਦੀ। ਸਰੀਰ ਦਾ ਮੋਹ (ਦੇਹ = ਅੱਧਿਆਸ) ਮਾਨੋ, ਕੈਂਹ ਦਾ ਭਾਂਡਾ ਹੈ, ਜਿਤਨਾ ਚਿਰ ਦੇਹ = ਅੱਧਿਆਸ ਮਨੁੱਖ ਦੇ ਅੰਦਰ ਕਾਇਮ ਰਹਿੰਦਾ ਹੈ, ਦੁਨੀਆ ਦੇ ਪਦਾਰਥ ਗਿਆਨ = ਇੰਦ੍ਰਿਆਂ ਨੂੰ ਠੋਕਰਾਂ ਲਾਉਂਦੇ ਹਨ, ਤੇ ਮਨ ਵਿਚੋਂ ਤ੍ਰਿਸ਼ਨਾ ਦੀ ਸੁਰ ਛਿੜੀ ਹੀ ਰਹਿੰਦੀ ਹੈ। ਪਰ ਜਦੋਂ ਸਰੀਰ ਦਾ ਮੋਹ ਮੁੱਕ ਜਾਏ, ਨਾਹ ਕੋਈ ਪਦਾਰਥ ਇੰਦ੍ਰਿਆਂ ਨੂੰ ਪ੍ਰੇਰ ਸਕਦਾ ਹੈ, ਨਾਹ ਕੋਈ ਠੋਕਰ ਵੱਜਦੀ ਹੈ, ਤੇ ਨਾਹ ਹੀ ਅੰਦਰ ਤ੍ਰਿਸ਼ਨਾ ਦਾ ਰਾਗ ਛਿੜਦਾ ਹੈ। ਫਿਰ, ਪਤਾ ਨਹੀਂ ਉਹ ਰਾਗ ਕਿੱਥੇ ਜਾ ਸਮਾਉਂਦਾ ਹੈ।

ਤ੍ਰਿਕੁਟੀ = {Skt. ਤ੍ਰਿ+ਕੁਟੀ। ਤ੍ਰਿ = ਤਿੰਨ। ਕੁਟੀ = ਡਿੰਗੀਆਂ ਲਕੀਰਾਂ} ਤਿੰਨ ਵਿੰਗੀਆਂ ਲਕੀਰਾਂ ਜੋ ਮਨੁੱਖ ਦੇ ਮੱਥੇ ਉੱਤੇ ਪੈ ਜਾਂਦੀਆਂ ਹਨ। ਜਿਵੇਂ ਸੰਸਕ੍ਰਿਤ ਲਫ਼ਜ਼ "ਨਿਕਟੀ" ਤੋਂ ਪੰਜਾਬੀ ਲਫ਼ਜ਼ "ਨੇੜੇ" ਬਣ ਗਿਆ ਹੈ; ਜਿਵੇਂ ਲਫ਼ਜ਼ "ਕਟਕ" ਤੋਂ "ਕੜਾ" ਬਣ ਗਿਆ ਹੈ, ਤਿਵੇਂ, ਸੰਸਕ੍ਰਿਤ ਲਫ਼ਜ਼ "ਤ੍ਰਿਕੁਟੀ" ਤੋਂ ਪੰਜਾਬੀ ਲਫ਼ਜ਼ ਹੈ "ਤ੍ਰਿਊੜੀ"ਮਨੁੱਖ ਦੇ ਮੱਥੇ ਉੱਤੇ 'ਤ੍ਰਿਊੜੀ, ਤਦੋਂ ਹੀ ਪੈਂਦੀ ਹੈ, ਜਦੋਂ ਇਸ ਦੇ ਮਨ ਵਿਚ ਖਿੱਝ ਹੋਵੇ। ਸੋ, 'ਤਿਕੁਟੀ ਵਿੰਨ੍ਹਣ' ਦਾ ਭਾਵ ਹੈ 'ਮਨ ਵਿਚੋਂ ਖਿੱਝ ਮੁਕਾਉਣੀ'ਇਸ ਵਿਚ ਕੋਈ ਸ਼ੱਕ ਨਹੀਂ ਕਿ ਲਫ਼ਜ਼ 'ਤ੍ਰਿਕੁਟੀ' ਜੋਗੀਆਂ ਵਿਚ ਵਰਤਿਆ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਕਬੀਰ ਜੀ ਦੀ ਬਾਣੀ ਵਿਚ ਭੀ ਇਹ ਉਸੇ ਭਾਵ ਵਿਚ ਹੋਵੇ। ਸਿਰਫ਼ ਇਸ ਲਫ਼ਜ਼ ਦੀ ਵਰਤੋਂ ਤੋਂ ਇਹ ਅੰਦਾਜ਼ਾ ਲਾਉਣਾ ਗ਼ਲਤ ਹੈ ਕਿ ਕਬੀਰ ਜੀ ਪ੍ਰਾਣਾਯਾਮ ਕਰਦੇ ਸਨ। ਜੇ ਅਸਾਂ ਅਜਿਹੀ ਹੀ ਕਸਵੱਟੀ ਵਰਤੀ, ਤਾਂ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਅਸੀ ਅੰਞਾਣਪੁਣੇ ਵਿਚ ਪ੍ਰਾਣਾਯਾਮ ਕਰਨ ਦੇ ਹਾਮੀ ਕਹਿ ਬੈਠਾਂਗੇ।

ਸੰਧਿ = ਵਿੰਨ੍ਹ ਕੇ, ਫੋੜ ਕੇ, ਨਾਸ ਕਰ ਕੇ। ਘਟ ਹੂ ਘਟ = ਹਰੇਕ ਘਟ ਵਿਚ। ਸਮਾਚਰੀ = ਪੈਦਾ ਹੋਈ, ਉਪਜੀ ਹੈ। ਤਿਆਗੀ = ਮਾਇਆ ਤੋਂ ਉਪਰਾਮ, ਮੋਹ ਤੋਂ ਰਹਿਤ।੨।

ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਆਪ ਤੇ = ਅੰਦਰੋਂ ਹੀ। ਤੇਜੁ = ਪ੍ਰਭੂ ਦੀ ਜੋਤ। ਮਾਨਾ = ਪਤੀਜ ਗਿਆ ਹੈ।੩।

ਅਰਥ: (ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ।੧।ਰਹਾਉ।

ਹੇ ਪੰਡਿਤ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ। (ਜਦੋਂ ਦੀ ਬੁੱਧ ਜਾਗੀ ਹੈ) ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ (ਮੇਰਾ ਇਹ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਗਿਆ ਹੈ) , ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ।੧।

(ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ; ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ।੨।

ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ, ਮੇਰੀ ਜੋਤ ਰੱਬੀ-ਜੋਤ ਵਿਚ ਰਲ ਗਈ ਹੈ। ਹੇ ਕਬੀਰ! ਆਖ-ਹੁਣ ਮੈਂ ਗੋਬਿੰਦ ਨਾਲ ਜਾਣ-ਪਛਾਣ ਪਾ ਲਈ ਹੈ, ਮੇਰਾ ਮਨ ਗੋਬਿੰਦ ਨਾਲ ਗਿੱਝ ਗਿਆ ਹੈ।੩।੧੧।

ਸ਼ਬਦ ਦਾ ਭਾਵ: ਜਿਤਨਾ ਚਿਰ ਸਰੀਰ ਨਾਲ ਮੋਹ ਹੈ, ਦੇਹ-ਅੱਧਿਆਸ ਹੈ, ਉਤਨਾ ਚਿਰ ਮਨ ਵਿਚ ਖਿੱਝ ਪੈਦਾ ਹੋਣ ਦੇ ਕਾਰਨ ਬਣਦੇ ਹੀ ਰਹਿੰਦੇ ਹਨ, ਮੱਥੇ ਵੱਟ ਪੈਂਦੇ ਹੀ ਰਹਿੰਦੇ ਹਨ। ਪਰ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਿਆਂ ਇਹ ਤ੍ਰਿਊੜੀ ਮੁੱਕ ਜਾਂਦੀ ਹੈ।

ਬਿਲਾਵਲੁ ॥ ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥ ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥ ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥ ਬਾਰੰ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨੁ ਤੋਲੈ ਦੇਵ ॥੧॥ ਜਹ ਉਹੁ ਜਾਇ ਤਹੀ ਸੁਖੁ ਪਾਵੈ ਮਾਇਆ ਤਾਸੁ ਨ ਝੋਲੈ ਦੇਵ ॥ ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀਓ ਲੈ ਦੇਵ ॥੨॥੧੨॥ {ਪੰਨਾ 857}

ਪਦਅਰਥ: ਕਿਉ ਡੋਲੈ = ਨਹੀਂ ਡੋਲਦਾ, ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ। ਦੇਵ = ਹੇ ਪ੍ਰਭੂ! ਮਾਨੌ = ਇਉਂ ਸਮਝ ਲਵੋ। ਨਿਧਿ = ਖ਼ਜ਼ਾਨਾ। ਤਾ ਕੈ = ਉਸ ਦੇ ਪਾਸ ਹਨ। ਸਹਜਿ = ਸਹਿਜ ਅਵਸਥਾ ਵਿਚ। ਜਸੁ = ਵਡਿਆਈ, ਗੁਣ।ਰਹਾਉ।

ਪੇਖੈ = ਵੇਖਦਾ ਹੈ। ਕੁਟਿਲ = ਵਿੰਗੀ। ਗਾਂਠਿ = ਗੰਢ। ਅਟਕੈ = (ਮਨ ਨੂੰ) ਰੋਕਦਾ ਹੈ। ਨਰਜਾ = ਤੱਕੜੀ।੧।

ਜਹ = ਜਿੱਥੇ। ਤਾਸੁ = ਉਸ ਨੂੰ। ਝੋਲੈ = ਡੁਲਾਉਂਦੀ, ਭਰਮਾਉਂਦੀ। ਲੈ = ਲੀਨ। ਕੀਓ = ਕਰ ਦਿੱਤਾ ਹੈ।੨।

ਅਰਥ: ਹੇ ਦੇਵ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੁਹਣੇ ਚਰਨ ਵੱਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ, ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿ ਕੇ ਤੇਰੀ ਸਿਫ਼ਤਿ-ਸਲਾਹ ਕਰਦਾ ਹੈ। ਉਸ ਦੇ ਅੰਦਰ, ਮਾਨੋ, ਸਾਰੇ ਸੁਖ ਤੇ ਜਗਤ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ।ਰਹਾਉ।

(ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ। ਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵਲੋਂ ਰੋਕਦਾ ਹੈ, ਤੇ ਤੱਕੜੀ ਲੈ ਕੇ ਤੋਲਦਾ ਰਹਿੰਦਾ ਹੈ (ਭਾਵ, ਮਨ ਦੇ ਔਗੁਣਾਂ ਨੂੰ ਪੜਤਾਲਦਾ ਰਹਿੰਦਾ ਹੈ) ੧।

ਜਿੱਥੇ ਭੀ ਉਹ ਮਨੁੱਖ ਜਾਂਦਾ ਹੈ, ਉੱਥੇ ਹੀ ਸੁਖ ਪਾਂਦਾ ਹੈ, ਉਸ ਨੂੰ ਮਾਇਆ ਭਰਮਾਂਦੀ ਨਹੀਂ। ਕਬੀਰ ਆਖਦਾ ਹੈ-ਮੈਂ ਭੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤਿ ਵਿਚ ਲੀਨ ਕਰ ਦਿੱਤਾ ਹੈ, ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ।੨।੧੨।

ਸ਼ਬਦ ਦਾ ਭਾਵ: ਪ੍ਰਭੂ-ਚਰਨਾਂ ਵਿਚ ਚਿੱਤ ਜੋੜਿਆਂ ਮਨੁੱਖ ਦਾ ਮਨ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ। ਉਸ ਨੂੰ ਮਾਇਆ ਦੀ ਪਰਵਾਹ ਹੀ ਨਹੀਂ ਰਹਿੰਦੀ।

ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਸਫਲ ਜਨਮੁ ਮੋ ਕਉ ਗੁਰ ਕੀਨਾ ॥ ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥ ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ ॥੧॥ ਰਹਾਉ ॥ਨਾਮਦੇਇ ਸਿਮਰਨੁ ਕਰਿ ਜਾਨਾਂ ॥ ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥ {ਪੰਨਾ 857-858}

ਪਦਅਰਥ: ਮੋ ਕਉ = ਮੈਨੂੰ। ਸਫਲ ਜਨਮੁ = ਉਹ ਮਨੁੱਖ ਜਿਸ ਦਾ ਜਨਮ ਸਫਲਾ ਹੋ ਗਿਆ ਹੈ, ਉਹ ਮਨੁੱਖ ਜਿਸ ਨੇ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲਿਆ ਹੈ। ਸੁਖ ਅੰਤਰਿ = ਸੁਖ ਵਿਚ। ਬਿਸਾਰਿ = ਭੁਲਾ ਕੇ।੧।

ਅੰਜਨੁ = ਸੁਰਮਾ। ਗੁਰਿ = ਗੁਰੂ ਨੇ। ਮਨ = ਹੇ ਮਨ! ਹੀਨਾ = ਤੁੱਛ, ਨਕਾਰਾ।੧।ਰਹਾਉ।

ਨਾਮਦੇਇ = ਨਾਮਦੇਉ ਨੇ। ਕਰਿ = ਕਰ ਕੇ। ਜਾਨਾਂ = ਜਾਣ ਲਿਆ ਹੈ, ਪਛਾਣ ਲਿਆ ਹੈ। ਸਿਉ = ਨਾਲ। ਜੀਉ = ਜਿੰਦ। ਸਮਾਨਾਂ = ਲੀਨ ਹੋ ਗਈ ਹੈ।੨।

ਅਰਥ: ਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ, ਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ।੧।

ਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ ਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ।੧।ਰਹਾਉ।

ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ ਤੇ ਜਗਤ-ਦੇ-ਆਸਰੇ ਪ੍ਰਭੂ ਵਿਚ ਮੇਰੀ ਜਿੰਦ ਲੀਨ ਹੋ ਗਈ ਹੈ।੨।੧।

ਸ਼ਬਦ ਦਾ ਭਾਵ: ਸਿਮਰਨ ਨਾਲ ਹੀ ਜਨਮ ਸਫਲ ਹੁੰਦਾ ਹੈ। ਇਹ ਦਾਤ ਗੁਰੂ ਤੋਂ ਮਿਲਦੀ ਹੈ।

TOP OF PAGE

Sri Guru Granth Darpan, by Professor Sahib Singh