ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 858 ਬਿਲਾਵਲੁ ਬਾਣੀ ਰਵਿਦਾਸ ਭਗਤ ਕੀ ੴ ਸਤਿਗੁਰ ਪ੍ਰਸਾਦਿ ॥ ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥ ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥ ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥ ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ ॥ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥ ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥ ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥ ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥ {ਪੰਨਾ 858} ਪਦਅਰਥ: ਦਾਰਿਦੁ = ਗ਼ਰੀਬੀ। ਸਭ ਕੋ = ਹਰੇਕ ਬੰਦਾ। ਹਸੈ = ਮਖ਼ੌਲ ਕਰਦਾ ਹੈ। ਦਸਾ = ਦਸ਼ਾ, ਹਾਲਤ। ਅਸਟ ਦਸਾ = ਅਠਾਰਾਂ {ਅੱਠ ਤੇ ਦਸ}। ਕਰ ਤਲੈ = ਹੱਥ ਦੀ ਤਲੀ ਉਤੇ, ਇਖ਼ਤਿਆਰ ਵਿਚ।੧। ਮੈ ਕਿਛੁ ਨਹੀ = ਮੇਰੀ ਕੋਈ ਪਾਂਇਆਂ ਨਹੀਂ। ਭਵਖੰਡਨ = ਹੇ ਜਨਮ ਮਰਨ ਨਾਸ ਕਰਨ ਵਾਲੇ! ਜੀਅ = ਜੀਵ। ਪੂਰਨ ਕਾਮ = ਹੇ ਸਭ ਦੀ ਕਾਮਨਾ ਪੂਰਨ ਕਰਨ ਵਾਲੇ!।੧।ਰਹਾਉ। ਸਰਨਾਗਤਾ = ਸਰਨ ਆਏ ਹਨ। ਭਾਰੁ = ਬੋਝ (ਵਿਕਾਰਾਂ ਦਾ) । ਤੁਮ ਤੇ = ਤੇਰੀ ਮਿਹਰ ਨਾਲ। ਤੇ = ਤੋਂ। ਆਲਜੁ = {ਨੋਟ: ਇਸ ਲਫ਼ਜ਼ ਦੇ ਦੋ ਹਿੱਸੇ 'ਆਲ' ਅਤੇ 'ਜੁ' ਕਰਨੇ ਠੀਕ ਨਹੀਂ, ਵਖੋ ਵਖ ਕਰ ਕੇ ਪਾਠ ਕਰਨਾ ਹੀ ਅਸੰਭਵ ਹੋ ਜਾਂਦਾ ਹੈ। 'ਆਲਜੁ' ਦਾ ਅਰਥ 'ਅਲਜੁ' ਕਰਨਾ ਭੀ ਠੀਕ ਨਹੀਂ; 'ਆ' ਅਤੇ 'ਅ' ਵਿਚ ਬੜਾ ਫ਼ਰਕ ਹੈ। ਬਾਣੀ ਵਿਚ 'ਅਲਜੁ' ਲਫ਼ਜ਼ ਨਹੀਂ, 'ਨਿਰਲਜ' ਲਫ਼ਜ਼ ਹੀ ਆਇਆ ਹੈ। ਆਮ ਬੋਲੀ ਵਿਚ ਅਸੀ ਆਖਦੇ ਭੀ 'ਨਿਰਲਜ' ਹੀ ਹਾਂ} ਆਲ+ਜੁ। ਆਲ = ਆਲਯ, ਆਲਾ, ਘਰ, ਗ੍ਰਿਹਸਤ ਦਾ ਜੰਜਾਲਾ। ਆਲਜੁ = ਗ੍ਰਿਹਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਜੰਜਾਲਾਂ ਨਾਲ ਭਰਿਆ ਹੋਇਆ।੨। ਅਕਥ = ਅ+ਕਥ, ਬਿਆਨ ਤੋਂ ਪਰੇ। ਬਹੁ = ਬਹੁਤ ਗੱਲ। ਕਾਇ = ਕਾਹਦੇ ਲਈ? ਉਪਮਾ = ਤਸ਼ਬੀਹ, ਬਰਾਬਰੀ, ਤੁਲਨਾ।੩। ਅਰਥ: ਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ! ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ।੧।ਰਹਾਉ। ਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ) , ਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ! ਇਹ ਸਾਰੀ ਤੇਰੀ ਹੀ ਮਿਹਰ ਹੈ।੧। ਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੇ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ, ਇਸ ਵਾਸਤੇ ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ।੨। ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ) , ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ; ਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ।੩।੧। ਭਾਵ: ਪਰਮਾਤਮਾ ਦਾ ਸਿਮਰਨ ਨੀਵਿਆਂ ਨੂੰ ਭੀ ਉੱਚੇ ਕਰ ਦੇਂਦਾ ਹੈ। ਬਿਲਾਵਲੁ ॥ ਜਿਹ ਕੁਲ ਸਾਧੁ ਬੈਸਨੌ ਹੋਇ ॥ ਬਰਨ ਅਬਰਨ ਰੰਕੁ ਨਹੀ ਈਸੁਰੁ ਬਿਮਲ ਬਾਸੁ ਜਾਨੀਐ ਜਗਿ ਸੋਇ ॥੧॥ ਰਹਾਉ ॥ ਬ੍ਰਹਮਨ ਬੈਸ ਸੂਦ ਅਰੁ ਖ੍ਯ੍ਯਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥ ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥੧॥ ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥ ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥੨॥ ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥ ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ ॥੩॥੨॥ {ਪੰਨਾ 858} ਪਦਅਰਥ: ਜਿਹ ਕੁਲ = ਜਿਸ ਕਿਸੇ ਭੀ ਕੁਲ ਵਿਚ। ਬੈਸਨੌ = ਪਰਮਾਤਮਾ ਦਾ ਭਗਤ। ਹੋਇ = ਜੰਮ ਪਏ। ਬਰਨ = ਉੱਚੀ ਜਾਤ। ਅਬਰਨ = ਨੀਵੀਂ ਜਾਤ। ਰੰਕੁ = ਗ਼ਰੀਬ। ਈਸੁਰੁ = ਧਨਾਢ, ਅਮੀਰ। ਬਿਮਲ ਬਾਸੁ = ਨਿਰਮਲ ਸੋਭਾ ਵਾਲਾ। ਬਾਸੁ = ਸੁਗੰਧੀ, ਚੰਗੀ ਸੋਭਾ। ਜਗਿ = ਜਗਤ ਵਿਚ। ਸੋਇ = ਉਹ ਮਨੁੱਖ।੧।ਰਹਾਉ। ਡੋਮ = ਡੂਮ, ਮਿਰਾਸੀ। ਮਲੇਛ ਮਨ = ਮਲੀਨ ਮਨ ਵਾਲਾ। ਆਪੁ = ਆਪਣੇ ਆਪ ਨੂੰ। ਤਾਰਿ = ਤਾਰ ਕੇ। ਦੋਇ = ਦੋਵੇਂ।੧। ਧੰਨਿ = ਭਾਗਾਂ ਵਾਲਾ। ਗਾਉ = ਪਿੰਡ। ਠਾਉ = ਥਾਂ। ਲੋਇ = ਜਗਤ ਵਿਚ। ਜਿਨਿ = ਜਿਸ ਨੇ। ਸਾਰ = ਸ੍ਰੇਸ਼ਟ। ਤਜੇ = ਤਿਆਗੇ। ਆਨ = ਹੋਰ। ਮਗਨ = ਮਸਤ। ਬਿਖੁ = ਜ਼ਹਿਰ। ਖੋਇ ਡਾਰੇ = ਨਾਸ ਕਰ ਦਿੱਤਾ।੨। ਸੂਰ = ਸੂਰਮਾ। ਛਤ੍ਰਪਤਿ = ਛੱਤਰਧਾਰੀ। ਪੁਰੈਨ ਪਾਤ = ਚੁਪੱਤੀ। ਸਮੀਪ = ਨੇੜੇ। ਰਹੈ– ਰਹਿ ਸਕਦੀ ਹੈ, ਜੀਊ ਸਕਦੀ ਹੈ। ਭਨਿ = ਭਨੈ, ਆਖਦਾ ਹੈ। ਜਨਮੇ = ਜੰਮੇ ਹਨ। ਜਨਮੇ ਓਇ = ਉਹੀ ਜੰਮੇ ਹਨ, ਉਹਨਾਂ ਦਾ ਹੀ ਜੰਮਣਾ ਸਫਲ ਹੈ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ।੩। ਅਰਥ: ਜਿਸ ਕਿਸੇ ਭੀ ਕੁਲ ਵਿਚ ਪਰਮਾਤਮਾ ਦਾ ਭਗਤ ਜੰਮ ਪਏ, ਚਾਹੇ ਉਹ ਚੰਗੀ ਜਾਤ ਦਾ ਹੈ ਚਾਹੇ ਨੀਵੀਂ ਜਾਤ ਦਾ, ਚਾਹੇ ਕੰਗਾਲ ਹੈ ਚਾਹੇ ਧਨਾਢ, (ਉਸ ਦੀ ਜਾਤ ਤੇ ਧਨ ਆਦਿਕ ਦਾ ਜ਼ਿਕਰ ਹੀ) ਨਹੀਂ (ਛਿੜਦਾ) , ਉਹ ਜਗਤ ਵਿਚ ਨਿਰਮਲ ਸੋਭਾ ਵਾਲਾ ਮਸ਼ਹੂਰ ਹੁੰਦਾ ਹੈ।੧।ਰਹਾਉ। ਕੋਈ ਬ੍ਰਾਹਮਣ ਹੋਵੇ, ਖੱਤ੍ਰੀ ਹੋਵੇ, ਡੂਮ ਚੰਡਾਲ ਜਾਂ ਮਲੀਨ ਮਨ ਵਾਲਾ ਹੋਵੇ, ਪਰਮਾਤਮਾ ਦੇ ਭਜਨ ਨਾਲ ਮਨੁੱਖ ਪਵਿਤ੍ਰ ਹੋ ਜਾਂਦਾ ਹੈ; ਉਹ ਆਪਣੇ ਆਪ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਕੇ ਆਪਣੀਆਂ ਦੋਵੇਂ ਕੁਲਾਂ ਭੀ ਤਾਰ ਲੈਂਦਾ ਹੈ।੧। ਸੰਸਾਰ ਵਿਚ ਉਹ ਪਿੰਡ ਮੁਬਾਰਿਕ ਹੈ, ਉਹ ਥਾਂ ਧੰਨ ਹੈ, ਉਹ ਪਵਿਤ੍ਰ ਕੁਲ ਭਾਗਾਂ ਵਾਲੀ ਹੈ, (ਜਿਸ ਵਿਚ ਜੰਮ ਕੇ) ਕਿਸੇ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਤਾ ਹੈ, ਹੋਰ (ਮੰਦੇ) ਰਸ ਛਡੇ ਹਨ, ਤੇ, ਪ੍ਰਭੂ ਦੇ ਨਾਮ-ਰਸ ਵਿਚ ਮਸਤ ਹੋ ਕੇ (ਵਿਕਾਰ-ਵਾਸ਼ਨਾ ਦਾ) ਜ਼ਹਿਰ (ਆਪਣੇ ਅੰਦਰੋਂ) ਨਾਸ ਕਰ ਦਿੱਤਾ ਹੈ।੨। ਭਾਰਾ ਵਿਦਵਾਨ ਹੋਵੇ ਚਾਹੇ ਸੂਰਮਾ, ਚਾਹੇ ਛੱਤਰਪਤੀ ਰਾਜਾ ਹੋਵੇ, ਕੋਈ ਭੀ ਮਨੁੱਖ ਪਰਮਾਤਮਾ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ। ਰਵਿਦਾਸ ਆਖਦਾ ਹੈ-ਭਗਤਾਂ ਦਾ ਹੀ ਜੰਮਣਾ ਜਗਤ ਵਿਚ ਮੁਬਾਰਿਕ ਹੈ (ਉਹ ਪ੍ਰਭੂ ਦੇ ਚਰਨਾਂ ਵਿਚ ਰਹਿ ਕੇ ਹੀ ਜੀਊ ਸਕਦੇ ਹਨ) , ਜਿਵੇਂ ਚੁਪੱਤੀ ਪਾਣੀ ਦੇ ਨੇੜੇ ਰਹਿ ਕੇ ਹੀ (ਹਰੀ) ਰਹਿ ਸਕਦੀ ਹੈ।੩।੨। ਭਾਵ: ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ। ਬਾਣੀ ਸਧਨੇ ਕੀ ਰਾਗੁ ਬਿਲਾਵਲੁ ੴ ਸਤਿਗੁਰ ਪ੍ਰਸਾਦਿ ॥ ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥ ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥ ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥ ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥ ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥੨॥ ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥ ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥ ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥ ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥੪॥੧॥ {ਪੰਨਾ 858} ਪਦਅਰਥ: ਨ੍ਰਿਪ = ਰਾਜਾ। ਕੇ ਕਾਰਨੈ = ਦੀ ਖ਼ਾਤਰ। ਭੇਖਧਾਰੀ = ਭੇਖ ਧਾਰਨ ਵਾਲਾ, ਸਿਰਫ਼ ਧਾਰਮਿਕ ਲਿਬਾਸ ਵਾਲਾ, ਜਿਸ ਨੇ ਲੋਕ = ਦਿਖਾਵੇ ਖ਼ਾਤਰ ਬਾਹਰ ਧਾਰਮਿਕ ਚਿਹਨ ਰੱਖੇ ਹੋਏ ਹੋਣ ਪਰ ਅੰਦਰ ਧਰਮ ਵਲੋਂ ਕੋਰਾ ਹੋਵੇ। ਕਾਮਾਰਥੀ = ਕਾਮੀ, ਕਾਮ = ਵਾਸ਼ਨਾ ਪੂਰੀ ਕਰਨ ਦਾ ਚਾਹਵਾਨ। ਸੁਆਰਥੀ = ਖ਼ੁਦਗ਼ਰਜ਼। ਵਾ ਕੀ = ਉਸੇ ਭੇਖ = ਧਾਰੀ ਦੀ। ਪੈਜ ਸਵਾਰੀ = ਲਾਜ ਰੱਖੀ, ਵਿਕਾਰਾਂ ਵਿਚ ਡਿੱਗਣ ਤੋਂ ਬਚਾ ਲਿਆ।੧। ਤਵ = ਤੇਰੇ। ਕਹਾ = ਕਿੱਥੇ? ਜਗਤ ਗੁਰਾ = ਹੇ ਜਗਤ ਦੇ ਗੁਰੂ! ਜਉ = ਜੇ। ਕਰਮੁ = ਕੀਤੇ ਕਰਮਾਂ ਦਾ ਫਲ। ਕਤ = ਕਾਹਦੇ ਲਈ? ਜੰਬੁਕੁ = ਗਿੱਦੜ। ਗ੍ਰਾਸੈ = ਖਾ ਜਾਏ।੧।ਰਹਾਉ। ਬੂੰਦ ਜਲ = ਜਲ ਦੀ ਬੂੰਦ। ਚਾਤ੍ਰਿਕੁ = ਪਪੀਹਾ। ਪ੍ਰਾਨ ਗਏ = ਜਿੰਦ ਚਲੀ ਗਈ। ਸਾਗਰੁ = ਸਮੁੰਦਰ। ਫੁਨਿ = ਫਿਰ, ਪ੍ਰਾਣ ਚਲੇ ਜਾਣ ਤੋਂ ਪਿਛੋਂ।੨। ਬਿਰਮਾਵਉ = ਮੈਂ ਧੀਰਜ ਦਿਆਂ। ਬੂਡਿ ਮੂਏ = ਜੇ ਡੁੱਬ ਮੋਏ। ਨਉਕਾ = ਬੇੜੀ। ਕਾਹਿ = ਕਿਸ ਨੂੰ? ਚਢਾਵਉ = ਮੈਂ ਚੜ੍ਹਾਵਾਂਗਾ।੩। ਮੋਰਾ = ਮੇਰਾ। ਅਉਸਰ = ਸਮਾ। ਅਉਸਰ ਲਜਾ = ਲਾਜ ਰੱਖਣ ਦਾ ਸਮਾ ਹੈ। ਤੋਰਾ = ਤੇਰਾ।੪। ਅਰਥ: ਹੇ ਜਗਤ ਦੇ ਗੁਰੂ ਪ੍ਰਭੂ! ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾਹ ਹੋਇਆ (ਭਾਵ, ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ ਮੰਦੇ ਕਰਮ ਕਰੀ ਹੀ ਗਿਆ) ਤਾਂ ਤੇਰੀ ਸ਼ਰਨ ਆਉਣ ਦਾ ਕੀਹ ਗੁਣ ਹੋਵੇਗਾ? ਸ਼ੇਰ ਦੀ ਸ਼ਰਨ ਪੈਣ ਦਾ ਕੀਹ ਲਾਭ, ਜੇ ਫਿਰ ਭੀ ਗਿੱਦੜ ਖਾ ਜਾਏ?।੧।ਰਹਾਉ। ਹੇ ਪ੍ਰਭੂ! ਤੂੰ ਉਸ ਕਾਮੀ ਤੇ ਖ਼ੁਦਗ਼ਰਜ਼ ਬੰਦੇ ਦੀ ਭੀ ਲਾਜ ਰੱਖੀ (ਭਾਵ, ਤੂੰ ਉਸ ਨੂੰ ਕਾਮ ਵਾਸ਼ਨਾ ਦੇ ਵਿਕਾਰ ਵਿਚ ਡਿੱਗਣ ਤੋਂ ਬਚਾਇਆ ਸੀ) ਜਿਸ ਨੇ ਇਕ ਰਾਜੇ ਦੀ ਲੜਕੀ ਦੀ ਖ਼ਾਤਰ (ਧਰਮ ਦਾ) ਭੇਖ ਧਾਰਿਆ ਸੀ।੧। ਪਪੀਹਾ ਜਲ ਦੀ ਇਕ ਬੂੰਦ ਵਾਸਤੇ ਦੁਖੀ ਹੁੰਦਾ ਹੈ (ਤੇ ਕੂਕਦਾ ਹੈ; ਪਰ ਉਡੀਕ ਵਿਚ ਹੀ) ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ (ਪਾਣੀ ਦਾ) ਸਮੁੰਦਰ ਭੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ; (ਤਿਵੇਂ, ਹੇ ਪ੍ਰਭੂ! ਜੇ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿਚ ਮਰ ਹੀ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀਹ ਸਵਾਰੇਗਾ?।੨। (ਤੇਰੀ ਮਿਹਰ ਨੂੰ ਉਡੀਕ ਉਡੀਕ ਕੇ) ਮੇਰੀ ਜਿੰਦ ਥੱਕੀ ਹੋਈ ਹੈ, (ਵਿਕਾਰਾਂ ਵਿਚ) ਡੋਲ ਰਹੀ ਹੈ, ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵਲੋਂ ਰੋਕਾਂ? ਹੇ ਪ੍ਰਭੂ! ਜੇ ਮੈਂ (ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਹੀ ਗਿਆ, ਤੇ ਪਿਛੋਂ ਤੇਰੀ ਬੇੜੀ ਮਿਲੀ, ਤਾਂ, ਦੱਸ, ਉਸ ਬੇੜੀ ਵਿਚ ਮੈਂ ਕਿਸ ਨੂੰ ਚੜ੍ਹਾਵਾਂਗਾ?।੩। ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰਾ ਹੋਰ ਕੋਈ ਆਸਰਾ ਨਹੀਂ; (ਇਹ ਮਨੁੱਖਾ ਜਨਮ ਹੀ) ਮੇਰੀ ਲਾਜ ਰੱਖਣ ਦਾ ਸਮਾ ਹੈ, ਮੈਂ ਸਧਨਾ ਤੇਰਾ ਦਾਸ ਹਾਂ, ਮੇਰੀ ਲਾਜ ਰੱਖ (ਤੇ ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣ ਤੋਂ ਮੈਨੂੰ ਬਚਾ ਲੈ) ।੪।੧। ਨੋਟ: ਇਸ ਸ਼ਬਦ ਦੀ ਰਾਹੀਂ ਮਨ ਦੀਆਂ ਮੰਦੀਆਂ ਵਾਸ਼ਨਾਂ ਤੋਂ ਬਚਣ ਲਈ ਪ੍ਰਭੂ ਅਗੇ ਅਰਜ਼ੋਈ ਕੀਤੀ ਗਈ ਹੈ। ਨੋਟ: ਸ਼ਬਦ ਦਾ ਭਾਵ ਤਾਂ ਬੜਾ ਸਾਫ਼ ਸਿੱਧਾ ਹੈ ਕਿ ਭਗਤ ਸਧਨਾ ਜੀ ਪਰਮਾਤਮਾ ਅੱਗੇ ਅਰਦਾਸ ਕਰ ਕੇ ਆਖਦੇ ਹਨ-ਹੇ ਪ੍ਰਭੂ! ਸੰਸਾਰ-ਸਮੁੰਦਰ ਵਿਚ ਵਿਕਾਰਾਂ ਦੀਆਂ ਅਨੇਕਾਂ ਲਹਿਰਾਂ ਉਠ ਰਹੀਆਂ ਹਨ; ਮੈਂ ਆਪਣੀ ਹਿੰਮਤ ਨਾਲ ਇਹਨਾਂ ਵਿਚ ਆਪਣੀ ਕਮਜ਼ੋਰ ਜਿੰਦ ਦੀ ਨਿੱਕੀ ਜਿਹੀ ਬੇੜੀ ਨੂੰ ਡੁੱਬਣ ਤੋਂ ਬਚਾ ਨਹੀਂ ਸਕਦਾ। ਮਨੁੱਖਾ ਜੀਵਨ ਦਾ ਸਮਾ ਮੁੱਕਦਾ ਜਾ ਰਿਹਾ ਹੈ, ਤੇ ਵਿਕਾਰ ਮੁੜ ਮੁੜ ਹੱਲੇ ਕਰ ਰਹੇ ਹਨ, ਛੇਤੀ ਬਹੁੜ, ਮੈਨੂੰ ਇਹਨਾਂ ਦੇ ਹੱਲਿਆਂ ਤੋਂ ਬਚਾ ਲੈ। ਪਰ ਪੰਡਿਤ ਤਾਰਾ ਸਿੰਘ ਜੀ ਇਸ ਬਾਰੇ ਇਉਂ ਲਿਖਦੇ ਹਨ- "ਸਧਨਾ ਕਸਾਈ ਅਪਨੀ ਕੁਲ ਕਾ ਕਾਰ ਤਿਆਗ ਕਾਹੂੰ ਹਿੰਦੂ ਸਾਧੂ ਸੇ ਪਰਮੇਸਰ ਭਗਤੀ ਕਾ ਉਪਦੇਸ ਲੇ ਕਰ ਪਰਮ ਪ੍ਰੇਮ ਸੇ ਭਗਤੀ ਕਰਨੇ ਲਗਾ। ਮੁਸਲਮਾਨ ਉਸ ਕੋ ਕਾਫ਼ਰ ਕਹਨੇ ਲਗੇ। ਕਾਜੀ ਲੋਗੋਂ ਨੇ ਉਸ ਸਮੇ ਕੇ ਰਾਜਾ ਕੋ ਕਹਾ ਇਸ ਕੋ ਬੁਰਜ ਮੈ ਚਿਣਨਾ ਚਾਹੀਏ। ਨਹੀ ਤੋ ਯਹ ਕਾਫ਼ਰ ਬਹੁਤ ਮੁਸਲਮਾਨੋਂ ਕੋ ਹਿੰਦੂ ਮਤ ਕੀ ਰੀਤ ਸਿਖਾਇ ਕਰ ਕਾਫ਼ਰ ਕਰੇਗਾ। ਪਾਤਿਸ਼ਾਹ ਨੇ ਕਾਜੀਯੋਂ ਕੇ ਕਹਨੇ ਸੇ ਬੁਰਜ ਮੈ ਚਿਨਨੇ ਕਾ ਹੁਕਮ ਦੀਆ। ਰਾਜ ਚਿਨਨੇ ਲਗੇ। ਤਿਸ ਸਮੇਂ ਸਧਨੇ ਭਗਤ ਨੇ ਯਹ ਬਚਨ ਕਹਿਆ।" ਅੱਜ ਕਲ ਦੇ ਟੀਕਾਕਾਰ ਇਸ ਸ਼ਬਦ ਦੀ ਉਥਾਨਕਾ ਇਉਂ ਦੇਂਦੇ ਹਨ- "ਕਾਜੀਆਂ ਦੀ ਸ਼ਰਾਰਤ ਕਰ ਕੇ ਪਾਤਿਸ਼ਾਹ ਨੇ ਸਧਨੇ ਜੀ ਨੂੰ ਬੁਰਜ ਵਿਚ ਚਿਣਨਾ ਸ਼ੁਰੂ ਕੀਤਾ ਤਾਂ ਭਗਤ ਜੀ ਵਾਹਿਗੁਰੂ ਅਗੇ ਬੇਨਤੀ ਕਰਦੇ ਹਨ।" ਅਤੇ "ਇਹ ਭਗਤ ਸਿੰਧ ਦੇ ਪਿੰਡ ਸਿਹਵਾਂ ਵਿਚ ਪੈਦਾ ਹੋਇਆ। ਨਾਮਦੇਵ ਦਾ ਸਮਕਾਲੀ ਸੀ। ਕੰਮ ਕਸਾਈ ਦਾ ਕਰਦਾ ਸੀ। ਜਦ ਭਗਤ ਜੀ ਨੂੰ ਇਕ ਰਾਜੇ ਨੇ ਦੁਖ ਤੇ ਤਸੀਹੇ ਦੇਣ ਲਈ ਤਿਆਰੀ ਕੀਤੀ, ਤਾਂ ਇਹਨਾਂ ਨੇ ਇਸ ਪ੍ਰਕਾਰ ਸ਼ਬਦ ਵਿਚ ਪ੍ਰਾਰਥਨਾ ਕੀਤੀ।" ਭਗਤ-ਬਾਣੀ ਦੇ ਵਿਰੋਧੀ ਸੱਜਣ ਇਸ ਸ਼ਬਦ ਨੂੰ ਗੁਰਮਤਿ ਦੇ ਉਲਟ ਸਮਝਦੇ ਹੋਏ ਭਗਤ ਸਧਨਾ ਜੀ ਬਾਰੇ ਇਉਂ ਲਿਖਦੇ ਹਨ- "ਭਗਤ ਸਧਨਾ ਜੀ ਮੁਸਲਮਾਨ ਕਸਾਈਆਂ ਵਿਚੋਂ ਸੀ। ਆਪ ਹੈਦਰਾਬਾਦ ਸਿੰਧ ਦੇ ਪਾਸ ਸੇਹਵਾਲ ਨਗਰ ਦੇ ਰਹਿਣ ਵਾਲੇ ਸਨ। ਕਈ ਆਪ ਜੀ ਨੂੰ ਹਿੰਦੂ ਭੀ ਮੰਨਦੇ ਹਨ। ਦੱਸਿਆ ਜਾਂਦਾ ਹੈ ਕਿ ਭਗਤ ਜੀ ਸਾਲਗਰਾਮ ਦੇ ਪੁਜਾਰੀ ਸਨ, ਜੋ ਉਲਟੀ ਬਾਤ ਹੈ ਕਿ ਹਿੰਦੂ ਹੁੰਦਾ ਹੋਇਆ ਸਾਲਗਰਾਮ ਨਾਲ ਮਾਸ ਤੋਲ ਕੇ ਨਹੀਂ ਬੇਚ ਸਕਦਾ ਸੀ। ਐਸੀਆਂ ਕਥਾਵਾਂ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਆਪ ਮੁਸਲਮਾਨ ਹੀ ਸਨ ਕਿਉਂਕਿ ਮਾਸ ਵੇਚਣ ਵਾਲੇ ਕਸਾਈ ਹਿੰਦੂ ਨਹੀਂ ਸਨ (ਅੱਜ ਕਲ੍ਹ ਭੀ ਹਿੰਦੂ ਲੋਕ ਮਾਸ ਘੱਟ ਹੀ ਵੇਚਦੇ ਹਨ) । ਜੇ ਮੁਸਲਮਾਨ ਸਨ ਤਾਂ ਸਾਲਗਰਾਮ ਦੀ ਪੂਜਾ ਕਿਉਂ ਕਰਦੇ? ਦੂਜੇ ਪਾਸੇ, ਆਪ ਜੀ ਦੀ ਰਚਨਾ ਆਪ ਨੂੰ ਹਿੰਦੂ ਵੈਸ਼ਨਵ ਸਾਬਤ ਕਰਦੀ ਹੈ। "ਸਧਨਾ ਜੀ ਦੀ ਰਚਨਾ ਸਾਫ਼ ਦੱਸ ਰਹੀ ਹੈ ਕਿ ਭਗਤ ਜੀ ਨੇ ਕਿਸੇ ਬਿਪਤਾ ਸਮੇਂ ਛੁਟਕਾਰਾ ਪਾਉਣ ਹਿਤ ਸ੍ਰੀ ਵਿਸ਼ਨੂੰ ਜੀ ਦੀ ਅਰਾਧਨਾ ਕੀਤੀ ਹੈ। ਕਈਆਂ ਦਾ ਖ਼ਿਆਲ ਹੈ ਕਿ ਇਹ ਸ਼ਬਦ ਆਪ ਜੀ ਨੇ ਉਸ ਭੈ ਤੋਂ ਬਚਣ ਵੇਲੇ ਡਰਦੇ ਹੋਇਆਂ ਨੇ ਰਚਿਆ ਸੀ ਜਦੋਂ ਰਾਜੇ ਵਲੋਂ ਜ਼ਿੰਦਾ ਕੰਧ ਵਿਚ ਚਿਨਾਉਣ ਦਾ ਹੁਕਮ ਸੀ। "ਭਾਵੇਂ ਸ਼ਬਦ-ਰਚਨਾ ਦਾ ਕਾਰਨ ਕੁਝ ਹੋਵੇ ਪਰ ਆਰਾਧਨਾ ਵਿਸ਼ਨੂੰ ਜੀ ਦੀ ਹੈ, ਜੋ ਗੁਰਮਤਿ ਦੇ ਆਸ਼ੇ ਤੋਂ ਹਜ਼ਾਰਾਂ ਕੋਹ ਦੂਰ ਹੈ। "ਸੋ ਇਹ ਸ਼ਬਦ ਗੁਰਮਤਿ ਦੇ ਆਸ਼ੇ ਤੋਂ ਬਹੁਤ ਦੂਰ ਹੈ। ਅਸਲੋਂ ਜਾਨ-ਬਖ਼ਸ਼ੀ ਲਈ ਤਰਲੇ ਹਨ।" ਸਦਾ ਕਹਾਣੀਆਂ ਵਾਲਾ ਜ਼ਮਾਨਾ ਟਿਕਿਆ ਨਹੀਂ ਰਹਿ ਸਕਦਾ ਸੀ। ਆਖ਼ਰ ਇਹਨਾਂ ਉਤੇ ਇਤਰਾਜ਼ ਹੋਣੇ ਹੀ ਸਨ। ਇਤਰਾਜ਼ ਕਰਨ ਵਾਲੇ ਸੱਜਣਾਂ ਨੂੰ ਚਾਹੀਦਾ ਇਹ ਸੀ ਕਿ ਸਿਰਫ਼ ਬਨਾਉਟੀ ਕਹਾਣੀਆਂ ਨੂੰ ਸ਼ਬਦਾਂ ਨਾਲੋਂ ਨਿਖੇੜ ਦੇਂਦੇ, ਪਰ ਇਥੇ ਤਾਂ ਕਾਹਲੀ ਵਿਚ ਸ਼ਬਦਾਂ ਦੇ ਉਲਟ ਹੀ ਖਰ੍ਹਵੇ ਬੋਲ ਬੋਲੇ ਜਾਣ ਲੱਗ ਪਏ ਹਨ। ਆਓ, ਹੁਣ ਗਹੁ ਨਾਲ ਉਥਾਨਕਾ ਨੂੰ ਤੇ ਵਿਰੋਧੀ ਨੁਕਤਾ-ਚੀਨੀ ਨੂੰ ਵਿਚਾਰੀਏ। ਪੰਡਿਤ ਤਾਰਾ ਸਿੰਘ ਜੀ ਲਿਖਦੇ ਹਨ ਕਿ ਸਧਨਾ ਜੀ ਮੁਸਲਮਾਨ ਸਨ, ਤੇ, ਕਿਸੇ ਹਿੰਦੂ ਸਾਧੂ ਦੇ ਅਸਰ ਹੇਠ ਪਰਮੇਸਰ ਦੀ ਭਗਤੀ ਕਰਨ ਲੱਗ ਪਏ ਸਨ। ਮੁਸਲਮਾਨਾਂ ਨੂੰ ਬੜੀ ਕੌੜ ਲੱਗੀ। ਮੁਸਲਮਾਨਾਂ ਨੂੰ ਕੌੜ ਲੱਗਣੀ ਹੀ ਸੀ, ਖ਼ਾਸ ਕਰਕੇ ਉਸ ਸਮੇ ਜਦੋਂ ਇਥੇ ਰਾਜ ਭੀ ਮੁਸਲਮਾਨਾਂ ਦਾ ਸੀ। ਪਰ ਇਕ ਗੱਲ ਸਾਫ਼ ਪਰਤੱਖ ਹੈ। ਅਜਿਹੀ ਘਟਨਾ ਸਜਰੀ ਸਜਰੀ ਹੀ ਜੋਸ਼ ਪੈਦਾ ਕਰ ਸਕਦੀ ਹੈ। ਜੇ ਸਧਨੇ ਨੂੰ ਮੁਸਲਮਾਨ ਤੋਂ ਹਿੰਦੂ ਬਣਿਆਂ ਪੰਜ ਸੱਤ ਸਾਲ ਬੀਤ ਜਾਂਦੇ, ਤਾਂ ਇਤਨੀ ਵਿੱਥ ਪੈ ਜਾਣ ਤੇ ਗੱਲ ਪੁਰਾਣੀ ਹੋ ਜਾਂਦੀ, ਲੋਕ ਸਹਿੰਦੜ ਹੋ ਜਾਂਦੇ, ਫਿਰ ਕਿਸੇ ਭੀ ਮੁਸਲਮਾਨ ਨੂੰ ਆਪਣੇ ਦੀਨੀ ਭਾਈ ਦਾ ਕਾਫ਼ਰ ਬਣ ਜਾਣਾ ਚੁੱਭ ਨਹੀਂ ਸਕਦਾ ਸੀ। ਸੋ, ਮੁਸਲਮਾਨਾਂ ਨੇ ਝਬਦੇ ਹੀ ਸਧਨੇ ਨੂੰ ਬੁਰਜ ਵਿਚ ਚਿਣਾਨ ਦਾ ਹੁਕਮ ਜਾਰੀ ਕਰਾ ਦਿੱਤਾ ਹੋਵੇਗਾ। ਇਥੇ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਸਲਮਾਨ ਘਰਾਂ ਵਿਚ ਜੰਮੇ-ਪਲੇ ਸਧਨੇ ਨੇ ਹਿੰਦੂ ਬਣਦਿਆਂ ਸਾਰ ਹੀ ਆਪਣੀ ਮੁਸਲਮਾਨੀ ਬੋਲੀ ਕਿਵੇਂ ਭੁਲਾ ਦਿੱਤੀ, ਤੇ, ਅਚਨਚੇਤ ਸੰਸਕ੍ਰਿਤ ਦੇ ਵਿਦਵਾਨ ਕਿਵੇਂ ਬਣ ਗਏ। ਫ਼ਰੀਦ ਜੀ ਦੇ ਸਲੋਕ ਪੜ੍ਹ ਕੇ ਵੇਖੋ, ਠੇਠ ਪੰਜਾਬੀ ਵਿਚ ਹਨ; ਪਰ ਫਿਰ ਭੀ ਇਸਲਾਮੀ ਸੱਭਿਅਤਾ ਵਾਲੇ ਲਫ਼ਜ਼ ਥਾਂ ਥਾਂ ਵਰਤੇ ਮਿਲਦੇ ਹਨ। ਸਧਨੇ ਜੀ ਦਾ ਸ਼ਬਦ ਪੜ੍ਹ ਕੇ ਵੇਖੋ, ਕਿਤੇ ਇੱਕ ਲਫ਼ਜ਼ ਭੀ ਉਰਦੂ ਫ਼ਾਰਸੀ ਦਾ ਨਹੀਂ ਹੈ, ਸਿੰਧੀ ਬੋਲੀ ਦੇ ਭੀ ਨਹੀਂ ਹਨ, ਸਾਰੇ ਦੇ ਸਾਰੇ ਸੰਸਕ੍ਰਿਤ ਤੇ ਹਿੰਦੀ ਦੇ ਹਨ। ਇਹ ਗੱਲ ਕੁਦਰਤ ਦੇ ਨਿਯਮ ਦੇ ਬਿਲਕੁਲ ਉਲਟ ਹੈ ਕਿ ਦਿਨਾਂ ਵਿਚ ਹੀ ਮੁਸਲਮਾਨ ਸਧਨਾ ਹਿੰਦੂ ਭਗਤ ਬਣ ਕੇ ਆਪਣੀ ਬੋਲੀ ਭੀ ਭੁਲਾ ਦੇਂਦਾ ਤੇ ਨਵੀਂ ਸਿੱਖ ਲੈਂਦਾ। ਨਾਲੇ, ਮੁਸਲਮਾਨੀ ਬੋਲੀ ਟਿਕੀ ਰਹਿਣ ਨਾਲ ਸਧਨੇ ਜੀ ਦੀ ਭਗਤੀ ਵਿਚ ਕਿਵੇਂ ਕੋਈ ਫ਼ਰਕ ਪੈ ਜਾਣਾ ਸੀ? ਸੋ, ਸਧਨਾ ਜੀ ਹਿੰਦੂ-ਘਰ ਦੇ ਜੰਮੇ-ਪਲੇ ਸਨ। ਤੇ, ਸਾਲਗਰਾਮ ਨਾਲ ਮਾਸ ਤੋਲਣ ਦੀਆਂ ਕਹਾਣੀਆਂ ਜੋੜਨ ਵਾਲਿਆਂ ਤੋਂ ਵਾਰੇ ਵਾਰੇ ਜਾਈਏ, ਸ਼ਬਦ ਵਿਚ ਤਾਂ ਕਿਤੇ ਐਸਾ ਕੋਈ ਜ਼ਿਕਰ ਨਹੀਂ ਹੈ। ਇਹ ਹੋ ਸਕਦਾ ਹੈ ਕਿ ਸਧਨਾ ਜੀ ਪਹਿਲਾਂ ਬੁਤ-ਪੂਜ ਹੋਣ, ਫਿਰ ਉਹਨਾਂ ਬੁੱਤ-ਪੂਜਾ ਛੱਡ ਦਿੱਤੀ ਹੋਵੇ। ਇਸ ਵਿਚ ਕੋਈ ਭੈੜ ਨਹੀਂ। ਗੁਰੂ ਨਾਨਕ ਸਾਹਿਬ ਨੇ ਦੇਵੀ-ਪੂਜਾ ਤੇ ਮੜ੍ਹੀ-ਪੂਜ ਆਦਿਕਾਂ ਨੂੰ ਹੀ ਜੀਵਨ ਦਾ ਸਹੀ ਰਾਹ ਦੱਸ ਕੇ ਰੱਬ ਦਾ ਉਪਾਸ਼ਕ ਬਣਾਇਆ ਸੀ, ਉਹਨਾਂ ਦੀ ਸੰਤਾਨ ਸਿੱਖ ਕੌਮ ਨੂੰ ਅੱਜ ਕੋਈ ਮੂਰਤੀ-ਪੂਜ ਨਹੀਂ ਆਖ ਸਕਦਾ। ਸਧਨਾ ਜੀ ਦੇ ਸ਼ਬਦ ਵਿਚ ਕੋਈ ਭੀ ਐਸਾ ਇਸ਼ਾਰਾ ਨਹੀਂ ਹੈ ਜਿਥੋਂ ਇਹ ਸਾਬਤ ਹੋ ਸਕੇ ਕਿ ਭਗਤ ਜੀ ਨੇ ਕਿਸੇ ਬੁਰਜ ਵਿਚ ਚਿਣੇ ਜਾਣ ਤੋਂ ਡਰਦਿਆਂ ਜਾਨ-ਬਖ਼ਸ਼ੀ ਲਈ ਤਰਲੇ ਲਏ ਹਨ। ਇਹ ਮਿਹਰਬਾਨੀ ਕਹਾਣੀ-ਘਾੜਿਆਂ ਦੀ ਹੈ। ਅਜਿਹੀ ਉਕਾਈ ਤਾਂ ਅਸਾਡੇ ਸਿੱਖ ਵਿਦਵਾਨ ਭੀ ਸਤਿਗੁਰੂ ਪਾਤਿਸ਼ਾਹ ਦਾ ਇਤਿਹਾਸ ਲਿਖਣ ਵੇਲੇ ਖਾ ਗਏ ਹਨ। ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਹਾਲ ਦੱਸਦੇ ਹੋਏ ਗਿਆਨੀ ਗਿਆਨ ਸਿੰਘ ਜੀ 'ਤਵਾਰੀਖ਼ ਗੁਰੂ ਖ਼ਾਲਸਾ' ਵਿਚ ਕੀਹ ਲਿਖਦੇ ਹਨ- "ਬੁੱਢੇ ਕੇ ਗੁਰਦਿੱਤੇ ਨੇ ਬੇਨਤੀ ਕੀਤੀ 'ਸੱਚੇ ਪਾਤਿਸ਼ਾਹ, ਦੁਸ਼ਟ, ਔਰੰਗੇ ਨੇ ਕੱਲ ਨੂੰ ਸਾਨੂੰ ਭੀ ਏਸੇ ਤਰ੍ਹਾਂ ਮਾਰਨਾ ਹੈ, ਜੀਕੂੰ ਸਾਡੇ ਦੋ ਭਾਈ ਮਾਰੇ ਗਏ।' ਗੁਰੂ ਜੀ ਵਡੇ ਧੀਰਜ ਨਾਲ ਬੋਲੇ, 'ਅਸੀਂ ਤਾਂ ਪਹਿਲੇ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਸਾਡੇ ਨਾਲ ਉਹ ਚੱਲੇ ਜਿਸ ਨੇ ਕਸ਼ਟ ਸਹਾਰ ਕੇ ਭੀ ਧਰਮ ਉਤੇ ਕੁਰਬਾਨ ਹੋਣਾ ਹੋਵੇ। ਸੋ ਹੁਣ ਭੀ ਜੇ ਤੁਸੀਂ ਜਾਣਾ ਚਾਹੁੰਦੇ ਹੋ, ਚਲੇ ਜਾਓ।' ਉਹਨਾਂ ਆਖਿਆ 'ਬੇੜੀਆਂ ਸੰਗਲ ਪਏ, ਪਹਿਰੇ ਖੜੇ, ਜੰਦੇ ਲੱਗੇ ਹੋਇਆਂ ਕੀਕੂੰ ਜਾਈਏ।' ਬਚਨ ਹੋਇਆ, 'ਇਹ ਸ਼ਬਦ ਪੜ੍ਹੋ'- ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸ ॥ ਤਦ ਉਹਨਾਂ ਦੇ ਬੰਧਨ ਇਸ ਤੁਕ ਦੇ ਪੜ੍ਹਨੇ ਕਰਕੇ ਟੁੱਟ ਗਏ, ਤੇ ਪਹਿਰੂ ਸੌਂ ਗਏ, ਦਰਵਾਜ਼ਾ ਖੁਲ੍ਹ ਗਿਆ। ਸਿੱਖ ਤੁਰੇ ਤਾਂ ਗੁਰੂ ਜੀ ਨੇ ਇਹ ਸ਼ਲੋਕ ਉਚਾਰਿਆ- ਸੰਗ ਸਖਾ ਸਭਿ ਤਜਿ ਗਏ, ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤ ਮੈ, ਟੇਕ ਏਕ ਰਘੁਨਾਥ ॥੫੫॥ "ਇਹ ਬਚਨ ਸੁਣ ਕੇ ਸਿੱਖਾਂ ਦੇ ਨੇਤ੍ਰ ਵਹਿ ਗਏ, ਤੇ ਧੀਰਜ ਆ ਗਿਆ, ਮੁੜ ਗੁਰੂ ਜੀ ਪਾਸ ਆ ਬੈਠੇ। ਫੇਰ ਗੁਰੂ ਸਾਹਿਬ ਬਥੇਰਾ ਆਖ ਰਹੇ, ਪਰ ਉਹ ਨਾਹ ਗਏ।" ਅਗਾਂਹ ਚੱਲ ਕੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਜੇਲ੍ਹ ਵਿਚੋਂ ਆਪਣੀ ਮਾਤਾ ਜੀ ਨੂੰ ਚਿੱਠੀ ਲਿਖੀ, ਤੇ, "ਏਸੇ ਪੱਤ੍ਰਕਾ ਵਿਚ ਦਸ਼ਮੇਸ੍ਵਰ ਦਾ ਨਿਸ਼ਚਾ ਪਰਖਣ ਲਈ ਇਹ ਦੋਹਰਾ ਲਿਖਿਆ ਸੀ- ਬਲੁ ਛੁਟਕਿਓ ਬੰਧਨ ਪਰੇ, ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ ਹਰਿ, ਗਜ ਜਿਉ ਹੋਹੁ ਸਹਾਇ ॥ ਇਸ ਦਾ ਉੱਤਰ (ਬਲੁ ਹੋਆ ਬੰਧਨ ਛੁਟੇ, ਸਭ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ, ਤੁਮ ਹੀ ਹੋਤ ਸਹਾਇ ॥) ਇਹ ਲਿਖ ਕੇ ਦਸਮ ਪਾਤਿਸ਼ਾਹ ਨੇ ਉਸੇ ਘੜੀ ਸਿੱਖ ਦੇ ਹੱਥ ਨੌਵੇਂ ਪਾਤਿਸ਼ਾਹ ਪਾਸ ਦਿੱਲੀ ਭੇਜ ਦਿੱਤਾ।" ਅੱਜ ਕਲ੍ਹ ਦੇ ਵਿਦਵਾਨ ਟੀਕਾਕਾਰਾਂ ਨੇ ਭੀ ਸਲੋਕ ਮ: ੯ ਦੇ ਇਹਨਾਂ ਸ਼ਲੋਕਾਂ ਬਾਰੇ ਇਉਂ ਲਿਖਿਆ ਹੈ-"ਕਹਿੰਦੇ ਹਨ ਕਿ ਇਹ ਦੋਹਿਰਾ ਗੁਰੂ ਜੀ ਨੇ ਦਿੱਲੀ ਤੋਂ ਕੈਦ ਦੀ ਹਾਲਤ ਵਿਚ ਲਿਖ ਕੇ ਦਸਮੇਸ਼ ਜੀ ਨੂੰ ਭੇਜਿਆ ਸੀ। ਇਸ ਵਿਚ ਉਹਨਾਂ ਦਾ ਇਰਾਦਾ ਆਪਣੇ ਸਪੁੱਤਰ ਦੇ ਦਿਲ ਦੀ ਤਕੜਾਈ ਨੂੰ ਪਰਖਣ ਦਾ ਸੀ। ਅਗਲੇ ਦੋਹਿਰੇ ਵਿਚ ਦਸਮੇਸ਼ ਜੀ ਵਲੋਂ ਉੱਤਰ ਦਿੱਤਾ ਹੋਇਆ ਹੈ। ਕਈਆਂ ਬੀੜਾਂ (ਜਿਵੇਂ ਭਾਈ ਬੰਨੋ ਵਾਲੀ) ਵਿਚ ਇਸ ਦੇ ਨਾਲ 'ਮਹਲਾ ੧੦' ਦਿੱਤਾ ਹੋਇਆ ਹੈ।" ਜੋ ਸੱਜਣ ਆਪਣੇ ਸਤਿਗੁਰ ਪਾਤਿਸ਼ਾਹ ਨੂੰ ਪੂਰਨ ਮਹਾ ਪੁਰਖ ਸਮਝਦੇ ਹਨ, ਜਿਸ ਵਿਚ ਉਕਾਈ ਦਾ ਕਿਤੇ ਨਾਮ-ਨਿਸ਼ਾਨ ਨਹੀਂ, ਤੇ, ਜੋ ਸੱਜਣ "ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ" ਦੇ ਗੁਰ-ਵਾਕ ਅਨੁਸਾਰ ਗੁਰੂ ਪਾਤਿਸ਼ਾਹ ਦੀਆਂ ਜੀਵਨ-ਸਾਖੀਆਂ ਵਿਚੋਂ ਆਪਣੇ ਜੀਵਨ ਦੀ ਅਗਵਾਈ ਲਈ ਕੋਈ ਝਲਕ ਵੇਖਣੀ ਚਾਹੁੰਦੇ ਹਨ ਉਹਨਾਂ ਨੂੰ ਇਹਨਾਂ ਇਤਿਹਾਸ-ਕਾਰਾਂ ਤੇ ਟੀਕਾਕਾਰਾਂ ਦੇ ਸਾਦਾ ਲਫ਼ਜ਼ਾਂ ਵਿਚ ਬੜੀਆਂ ਔਕੜਾਂ ਆ ਰਹੀਆਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਖ਼ੁਸ਼ੀ ਨਾਲ ਦੁਖੀਆਂ ਦਾ ਦੁਖ ਵੰਡਣ ਹਿਤ ਸ਼ਹੀਦ ਹੋਣ ਲਈ ਦਿੱਲੀ ਗਏ ਸਨ। ਇਹ ਗੱਲ ਸਾਰੇ ਜਹਾਨ ਵਿਚ ਸੂਰਜ ਵਾਂਗ ਰੌਸ਼ਨ ਹੈ। ਪਰ ਉਹਨਾਂ ਦੇ ਸ਼ਲੋਕ ਨੰ: ੫੫ ਨੂੰ ਇਸ ਸਾਖੀ ਵਿਚ ਐਸੇ ਤਰੀਕੇ ਨਾਲ ਦਰਜ ਕੀਤਾ ਗਿਆ ਹੈ, ਜਿਸ ਤੋਂ ਇਹ ਜ਼ਾਹਰ ਹੋ ਰਿਹਾ ਹੈ ਕਿ ਸਤਿਗੁਰੂ ਜੀ ਉਸ ਕੈਦ ਨੂੰ "ਬਿਪਤ" ਮੰਨ ਰਹੇ ਸਨ ਤੇ ਉਸ ਨੂੰ ਸਹਾਰਨ ਲਈ ਆਪਣੇ ਸਾਥੀ ਸਿੱਖਾਂ ਦਾ ਆਸਰਾ ਲੋੜਦੇ ਸਨ। ਕੋਈ ਭੀ ਸਿੱਖ ਕਦੇ ਇਸ ਸ਼ਲੋਕ ਵਿਚੋਂ ਇਹ ਅਰਥ ਕੱਢਣ ਨੂੰ ਤਿਆਰ ਨਹੀਂ ਹੋ ਸਕਦਾ, ਪਰ ਸਾਖੀ ਨੇ ਬਦੋ-ਬਦੀ ਇਹ ਅਰਥ ਬਣਾ ਧਰੇ ਹਨ। ਸਾਖੀ ਦੇ ਦੂਜੇ ਹਿੱਸੇ ਵਿਚ ਸ਼ਰਧਾਵਾਨ ਸਿੱਖ ਲਈ ਹੋਰ ਭੀ ਵਧੀਕ ਔਖਿਆਈ ਆ ਬਣਦੀ ਹੈ। ਇਤਿਹਾਸ-ਕਾਰ ਤੇ ਟੀਕਾਕਾਰ ਦੋਵੇਂ ਧਿਰ ਲਿਖਦੇ ਹਨ ਕਿ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸਪੁੱਤ੍ਰ ਜੀ ਨੂੰ ਪਰਖਣ ਵਾਸਤੇ ਇਹ ਸ਼ਲੋਕ ਲਿਖਿਆ ਸੀ। ਇਸ ਦਾ ਭਾਵ ਇਹ ਨਿਕਲਿਆ ਕਿ ਉਹ ਕੋਈ ਨਿਰਬਲਤਾ ਤੇ ਬੰਧਨਾਂ ਦੀ ਤਕਲਫ਼ਿ ਮਹਿਸੂਸ ਨਹੀ ਕਰ ਰਹੇ ਸਨ, ਸਿਰਫ਼ ਦਸਮੇਸ਼ ਜੀ ਦਾ ਦਿਲ ਵੇਖਣ ਵਾਸਤੇ ਹੀ ਲਿਖਿਆ ਸੀ। ਜੇ ਸਾਖੀ ਨੂੰ ਸਹੀ ਮੰਨੀਏ ਤਾਂ ਦੂਜੇ ਲਫ਼ਜ਼ਾਂ ਵਿਚ ਕਹਿਣਾ ਪਏਗਾ ਕਿ ਸਤਿਗੁਰੂ ਜੀ ਨੇ ਆਪਣੇ ਬਾਰੇ ਜੋ ਕੁਝ ਇਸ ਸ਼ਲੋਕ ਵਿਚ ਲਿਖਿਆ ਸੀ ਉਹ ਠੀਕ ਨਹੀਂ ਸੀ। ਪਰ ਇਹ ਸ਼ਲੋਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਤੇ, ਇਸ ਬਾਰੇ ਕਦੇ ਭੀ ਇਹ ਨਹੀਂ ਚਿਤਵਿਆ ਜਾ ਸਕਦਾ ਕਿ ਸਤਿਗੁਰੂ ਜੀ ਨੇ ਇਹ ਐਵੇਂ ਹੀ ਲਿਖਿਆ ਸੀ। ਤੇ, ਜੇ ਇਹ ਆਖੀਏ ਕਿ ਸਤਿਗੁਰੂ ਜੀ ਨੇ ਜੋ ਕੁਝ ਚਿੱਠੀ ਵਿਚ ਲਿਖਿਆ ਸੀ ਠੀਕ ਲਿਖਿਆ ਸੀ, ਤਾਂ ਅਸੀ ਇਕ ਹੋਰ ਉਪੱਦ੍ਰਵ ਕਰ ਬੈਠਦੇ ਹਾਂ, ਤਾਂ ਅਸੀ ਅੰਞਾਣ-ਪੁਣੇ ਵਿਚ ਇਹ ਮੰਨਦੇ ਹਾਂ ਕਿ ਸਤਿਗੁਰੂ ਜੀ ਕੈਦ ਦੇ ਬੰਧਨਾਂ ਵਿਚ ਆਪਣੇ ਆਪ ਨੂੰ ਔਖੇ ਮਹਿਸੂਸ ਕਰ ਰਹੇ ਸਨ, ਤੇ ਕਹਿ ਰਹੇ ਸਨ ਕਿ "ਗਜ ਜਿਉ ਹੋਹੁ ਸਹਾਇ"। ਪਾਠਕ-ਜਨ ਵੇਖ ਚੁਕੇ ਹਨ ਕਿ ਸਲੋਕਾਂ ਦੇ ਨਾਲ ਗ਼ਲਤ ਸਾਖੀ ਜੋੜ ਕੇ ਇਤਿਹਾਸ-ਕਾਰ ਨੇ ਅਸਾਡੇ ਦੀਨ ਦੁਨੀ ਦੇ ਵਾਲੀ ਪਾਤਿਸ਼ਾਹ ਦੇ ਵਿਰੁੱਧ ਉਹੀ ਕੋਝਾ ਦੂਸ਼ਨ ਖੜਾ ਕਰ ਦਿਤਾ ਹੈ ਜੋ ਭਗਤ ਸਧਨਾ ਜੀ ਦੇ ਸ਼ਬਦ ਨਾਲ ਸਾਖੀ ਲਿਖ ਕੇ ਭਗਤ ਜੀ ਦੇ ਵਿਰੁੱਧ ਲਵਾਇਆ ਹੈ। ਅਸਲ ਗੱਲ ਇਹ ਹੈ ਕਿ ਦਸਮੇਸ਼ ਜੀ ਨੂੰ ਪਰਖਣ ਬਾਰੇ ਸਾਖੀ ਮਨ-ਘੜਤ ਹੈ, ਤੇ, ਭਗਤ ਸਧਨਾ ਜੀ ਬਾਰੇ ਬੁਰਜ ਵਿਚ ਚਿਣੇ ਜਾਣ ਵਾਲੀ ਸਾਖੀ ਭੀ ਬਨਾਵਟੀ ਹੈ। ਵਿਰੋਧੀ ਸੱਜਣ ਲਿਖਦਾ ਹੈ ਕਿ ਇਸ ਸ਼ਬਦ ਵਿਚ ਭਗਤ ਜੀ ਨੇ ਵਿਸ਼ਨੂੰ ਦੀ ਅਰਾਧਨਾ ਕੀਤੀ ਹੈ। ਮੁਸ਼ਕਿਲ ਇਹ ਬਣੀ ਪਈ ਹੈ ਕਿ ਜਾਗਦਿਆਂ ਨੂੰ ਕੌਣ ਜਗਾਏ। ਨਹੀਂ ਤਾਂ, ਜਿਸ ਨੂੰ ਭਗਤ ਜੀ ਸੰਬੋਧਨ ਕਰਦੇ ਹਨ ਉਸ ਵਾਸਤੇ ਲਫ਼ਜ਼ "ਜਗਤ-ਗੁਰਾ" ਵਰਤਦੇ ਹਨ। ਕਿਸੇ ਭੀ ਖਿੱਚ-ਘਸੀਟ ਨਾਲ ਇਸ ਲਫ਼ਜ਼ ਦਾ ਅਰਥ ਵਿਸ਼ਨੂੰ ਨਹੀਂ ਕੀਤਾ ਜਾ ਸਕਦਾ। ਲਫ਼ਜ਼ "ਜਗਤ-ਗੁਰਾ" ਦਾ ਅਰਥ ਵਿਸ਼ਨੂੰ ਕਰਨ ਦਾ ਸਿਰਫ਼ ਇਕੋ ਕਾਰਨ ਹੋ ਸਕਦਾ ਹੈ। ਉਹ ਇਹ ਹੈ ਕਿ ਸ਼ਬਦ ਦੀ ਪਹਿਲੀ ਤੁਕ ਵਿਚ ਜਿਸ ਕਹਾਣੀ ਵਲ ਇਸ਼ਾਰਾ ਹੈ ਉਹ ਵਿਸ਼ਨੂੰ ਬਾਰੇ ਹੈ। ਪਰ ਨਿਰਾ ਇਤਨੀ ਗੱਲ ਨਾਲ ਸਧਨਾ ਜੀ ਨੂੰ ਵਿਸ਼ਨੂੰ ਦਾ ਉਪਾਸ਼ਕ ਨਹੀਂ ਕਿਹਾ ਜਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਮਾਰੂ ਰਾਗ ਵਿਚ ਇਕ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨ ਦੀ ਵਡਿਆਈ ਇਉਂ ਬਿਆਨ ਕਰਦੇ ਹਨ: ਮਾਰੂ ਮਹਲਾ ੯ ॥ ਹਰਿ ਕੋ ਨਾਮੁ ਸਦਾ ਸੁਖਦਾਈ ॥ ਜਾ ਕਉ ਸਿਮਰਿ ਅਜਾਮਲੁ ਉਧਰਿਓ, ਗਨਕਾ ਹੂ ਗਤਿ ਪਾਈ ॥੧॥ਰਹਾਉ॥ ਪੰਚਾਲੀ ਕਉ ਰਾਜ ਸਭਾ ਮਹਿ, ਰਾਮ ਨਾਮ ਸੁਧਿ ਆਈ ॥ ਤਾ ਕੋ ਦੂਖੁ ਹਰਿਓ ਕਰੁਣਾਮੈ, ਅਪਨੀ ਪੈਜ ਬਢਾਈ ॥੧॥ ਜਿਹ ਨਰ ਜਸੁ ਕਿਰਪਾਨਿਧਿ ਗਾਇਓ, ਤਾ ਕਉ ਭਇਓ ਸਹਾਈ ॥ ਕਹੁ ਨਾਨਕ ਮੈ ਇਹੀ ਭਰੋਸੈ, ਗਹੀ ਆਨਿ ਸਰਨਾਈ ॥੨॥੧॥ {ਪੰਨਾ 1008} 'ਪੰਚਾਲੀ' ਦ੍ਰੋਪਦੀ ਦਾ ਨਾਮ ਹੈ, ਤੇ ਹਰੇਕ ਹਿੰਦੂ ਸੱਜਣ ਜਾਣਦਾ ਹੈ ਕਿ ਦ੍ਰੋਪਦੀ ਨੇ ਦੁਹਸਾਸਨ ਦੀ ਸਭਾ ਵਿਚ ਨਗਨ ਹੋਣ ਤੋਂ ਬਚਣ ਲਈ ਕ੍ਰਿਸ਼ਨ ਜੀ ਦੀ ਅਰਾਧਨਾ ਕੀਤੀ ਸੀ। ਇਸ ਤੋਂ ਇਹ ਨਤੀਜਾ ਨਹੀਂ ਨਿਕਲ ਸਕਦਾ ਕਿ ਇਸ ਸ਼ਬਦ ਵਿਚ ਸਤਿਗੁਰੂ ਜੀ ਕ੍ਰਿਸ਼ਨ-ਭਗਤੀ ਦਾ ਉਪਦੇਸ਼ ਕਰ ਰਹੇ ਹਨ। ਸਧਨਾ ਜੀ ਦਾ 'ਜਗਤ-ਗੁਰ' ਭੀ ਵਿਸ਼ਨੂੰ ਨਹੀਂ ਹੈ। ਸਧਨਾ ਜੀ ਨੇ ਸ਼ਬਦ ਦੀ ਪਹਿਲੀ ਤੁਕ ਵਿਚ ਜਿਸ ਕਹਾਣੀ ਵਲ ਇਸ਼ਾਰਾ ਕੀਤਾ ਹੈ ਉਸ ਸੰਬੰਧੀ ਵਿਰੋਧੀ ਸੱਜਣ ਜੀ ਨੇ ਲਿਖਿਆ ਹੈ-ਕਾਮਾਰਥੀ ਤੋਂ ਭਾਵ ਉਸ ਸਾਖੀ ਵਲ ਇਸ਼ਾਰਾ ਹੈ ਜਿਸ ਵਿਚ ਤਰਖਾਣ ਨੇ ਰਾਜੇ ਦੀ ਲੜਕੀ ਦੀ ਖ਼ਾਤਰ ਵਿਸ਼ਨੂੰ ਦਾ ਸੁਆਂਗ ਰਚਿਆ ਸੀ, ਪਰ ਇਹ ਸਾਖੀ ਗੰਦੀ ਹੈ। ਅਸਾਡੇ ਕਈ ਟੀਕਾਕਾਰਾਂ ਨੇ ਉਹ ਤਰਖਾਣ ਦੀ ਕਹਾਣੀ ਥੋੜੇ ਥੋੜੇ ਫ਼ਰਕ ਨਾਲ ਇਉਂ ਲਿਖੀ ਹੈ- ਇਕ ਰਾਜੇ ਦੀ ਲੜਕੀ ਨੇ ਪ੍ਰਣ ਕਰ ਲਿਆ ਸੀ ਕਿ ਮੈਂ ਵਿਸ਼ਨੂੰ ਭਗਵਾਨ ਦੇ ਨਾਲ ਵਿਆਹ ਕਰਾਉਣਾ ਹੈ। ਉਸੀ ਵਕਤ ਇਕ ਤਰਖਾਣ ਦੇ ਪੁੱਤਰ ਨੇ ਉੱਕਰ ਦਾ ਭੇਖ ਕਰ ਕੇ ਵਿਆਹ ਲਈ। ਕਿਸੇ ਦਿਨ ਉਸ ਰਾਜੇ ਤੇ ਕੋਈ ਹੋਰ ਰਾਜਾ ਚੜ੍ਹ ਕੇ ਆਇਆ। ਇਹ ਗੱਲ ਸੁਣ ਕੇ ਉਹ ਪਖੰਡੀ ਤਰਖਾਣ ਨੱਸ ਗਿਆ ਅਤੇ ਦੇਵਨੇਤ ਵਾਹਿਗੁਰੂ ਨੇ ਇਸ ਰਾਜੇ ਦੀ ਜਿੱਤ ਕੀਤੀ। ਤਿਸ ਪਰਥਾਇ ਹਿੰਦੂ ਮਤ ਦੀ ਸਾਖੀ ਲੈ ਕੇ ਸਧਨਾ ਜੀ ਕਹਿੰਦੇ ਹਨ। ਦੇਖੋ ਸ਼ਿਵ ਨਾਥ ਕ੍ਰਿਤ ਪੰਚ ਤੰਤ੍ਰ ਦਾ ਪਹਿਲਾ ਤੰਤ੍ਰ ੫ ਕਥਾ ੬੩ ਤੋਂ ਲੈ ਕੇ ੭੦ ਤਕ। ਕਈ ਨ੍ਰਿਪ ਕੰਨ੍ਯਾ ਮੀਰਾਂ ਬਾਈ ਦੀ ਸਾਖੀ ਲਾਉਂਦੇ ਹਨ ਅਤੇ ਆਖਦੇ ਹਨ ਉਸ ਪਾਸ ਗਿਰਧਰ ਸਾਂਗ ਧਾਰ ਕੇ ਆਇਆ ਸੀ। ਇਥੇ ਕਹਾਣੀ ਦੇ ਗੰਦੇ ਹੋਣ ਬਾਰੇ ਵਿਰੋਧੀ ਸੱਜਣ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਕਹਾਣੀ ਵਿਚ ਠੱਗੀ ਤਾਂ ਜ਼ਰੂਰ ਹੈ, ਇਸ ਨੂੰ ਗੰਦੀ ਨਹੀਂ ਕਿਹਾ ਜਾ ਸਕਦਾ। ਇਸ ਦੇ ਟਾਕਰੇ ਤੇ ਵੇਖੋ ਇੰਦ੍ਰ ਦੇਵਤੇ ਦੀ ਉਹ ਕਹਾਣੀ ਜਿਸ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਕ ਸ਼ਲੋਕ ਵਿਚ ਇਉਂ ਕੀਤਾ ਹੈ, "ਸਹੰਸਰ ਦਾਨ ਦੇ ਇੰਦ੍ਰੁ ਰੋਆਇਆ।" ਪਰ ਅਜਿਹੀ ਦਲੀਲ ਪੇਸ਼ ਕਰ ਕੇ ਅਸੀ ਅਸਲ ਮਜ਼ਮੂਨ ਤੋਂ ਲਾਂਭੇ ਜਾ ਰਹੇ ਹਾਂ। ਇਹਨਾਂ ਕਹਾਣੀਆਂ ਦੇ ਗੰਦੇ ਹੋਣ ਜਾਂ ਨਾਹ ਹੋਣ ਦੀ ਜ਼ਿੰਮੇਵਾਰੀ ਸਧਨਾ ਜੀ ਜਾਂ ਗੁਰੂ ਨਾਨਕ ਸਾਹਿਬ ਉਤੇ ਨਹੀਂ ਆ ਸਕਦੀ। ਹਿੰਦੂ ਦੇਵਤਿਆਂ ਦੀਆਂ ਇਹ ਕਹਾਣੀਆਂ ਹਿੰਦੂ ਜਨਤਾ ਵਿਚ ਆਮ ਪ੍ਰਚਲਤ ਹਨ। ਹੁਣ ਤਕ ਦੀ ਵਿਚਾਰ ਵਿਚ ਅਸੀ ਹੇਠ-ਲਿਖੇ ਨਤੀਜਿਆਂ ਤੇ ਅੱਪੜ ਚੁਕੇ ਹਾਂ- (੧) ਭਗਤ ਜੀ ਇਸ ਸ਼ਬਦ ਦੀ ਰਾਹੀਂ ਵਿਕਾਰਾਂ ਤੋਂ ਬਚਣ ਲਈ ਪਰਮਾਤਮਾ ਅੱਗੇ ਅਰਜ਼ੋਈ ਕਰ ਰਹੇ ਹਨ। ਵਿਸ਼ਨੂੰ-ਪੂਜਾ ਦਾ ਇਥੇ ਕੋਈ ਜ਼ਿਕਰ ਨਹੀਂ ਹੈ। ਨਾਹ ਹੀ ਜਾਨ-ਬਖ਼ਸ਼ੀ ਲਈ ਇਥੇ ਕੋਈ ਤਰਲੇ ਹਨ। ਸਾਖੀ ਮਨ-ਘੜਤ ਹੈ। (੨) ਸਧਨਾ ਜੀ ਮੁਸਲਮਾਨ ਨਹੀਂ ਸਨ, ਹਿੰਦੂ ਘਰ ਦੇ ਜੰਮੇ ਪਲੇ ਸਨ। (੩) ਸ਼ਬਦ ਦਾ ਭਾਵ ਨਿਰੋਲ ਗੁਰਮਤਿ ਅਨੁਸਾਰ ਹੈ। |
Sri Guru Granth Darpan, by Professor Sahib Singh |