ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 866

ਗੋਂਡ ਮਹਲਾ ੫ ॥ ਗੁਰ ਕੇ ਚਰਨ ਕਮਲ ਨਮਸਕਾਰਿ ॥ ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥ ਹੋਇ ਰਹੀਐ ਸਗਲ ਕੀ ਰੀਨਾ ॥ ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥ ਇਨ ਬਿਧਿ ਰਮਹੁ ਗੋਪਾਲ ਗਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ਆਠ ਪਹਰ ਹਰਿ ਕੇ ਗੁਣ ਗਾਉ ॥ ਜੀਅ ਪ੍ਰਾਨ ਕੋ ਇਹੈ ਸੁਆਉ ॥ ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥ ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥ ਜਿਨਿ ਤੂੰ ਕੀਆ ਤਿਸ ਕਉ ਜਾਨੁ ॥ ਆਗੈ ਦਰਗਹ ਪਾਵੈ ਮਾਨੁ ॥ ਮਨੁ ਤਨੁ ਨਿਰਮਲ ਹੋਇ ਨਿਹਾਲੁ ॥ ਰਸਨਾ ਨਾਮੁ ਜਪਤ ਗੋਪਾਲ ॥੩॥ ਕਰਿ ਕਿਰਪਾ ਮੇਰੇ ਦੀਨ ਦਇਆਲਾ ॥ ਸਾਧੂ ਕੀ ਮਨੁ ਮੰਗੈ ਰਵਾਲਾ ॥ ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥ ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥ {ਪੰਨਾ 866}

ਪਦਅਰਥ: ਨਮਸਕਾਰਿ = ਸਿਰ ਨਿਵਾ, ਪ੍ਰਣਾਮ ਕਰ। ਤੇ = ਤੋਂ, ਵਿਚੋਂ। ਹੋਇ ਰਹੀਐ = ਹੋ ਰਹਿਣਾ ਚਾਹੀਦਾ ਹੈ। ਰੀਨਾ = ਚਰਨ = ਧੂੜ। ਘਟਿ ਘਟਿ = ਹਰੇਕ ਘਟ ਵਿਚ। ਘਟ = ਸਰੀਰ। ਸਭ ਮਹਿ = ਸਭਨਾਂ ਵਿਚ। ਚੀਨ੍ਹ੍ਹਾ = ਚੀਨ੍ਹ੍ਹ, ਪਛਾਣ।੧।

ਬਿਧਿ = ਤਰੀਕਾ। ਰਮਹੁ = ਸਿਮਰੋ। ਗਬਿੰਦ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਗੋਬਿੰਦੁ' ਹੈ, ਇਥੇ 'ਗੁਬਿੰਦੁ' ਪੜ੍ਹਨਾ ਹੈ}ਜਿੰਦੁ = ਜਾਨ {ਲਫ਼ਜ਼ 'ਜਿੰਦੁ' ਇਸਤ੍ਰੀ ਲਿੰਗ ਹੈ, ਪਰ ਇਸ ਦੀ ਸ਼ਕਲ ਪੁਲਿੰਗ ਵਾਲੀ ਹੈ}੧।ਰਹਾਉ।

ਗਾਉ = ਗਾਇਆ ਕਰੋ। ਕੋ = ਦਾ। ਸੁਆਉ = ਮਨੋਰਥ। ਤਜਿ = ਤਿਆਗ ਕੇ। ਸੰਗਿ = (ਆਪਣੇ) ਨਾਲ। ਸਾਧ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਸਿਉ = ਨਾਲ। ਰੰਗਿ = ਰੰਗਿ ਲੈ, ਜੋੜੀ ਰੱਖ।੨।

ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਜਾਨੁ = ਸਾਂਝ ਪਾ। ਤਿਸ ਕਉ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}ਪਾਵੈ = ਪ੍ਰਾਪਤ ਕਰਦਾ ਹੈ। ਮਾਨੁ = ਆਦਰ। ਨਿਹਾਲੁ = ਪ੍ਰਸੰਨ। ਰਸਨਾ = ਜੀਭ (ਨਾਲ) ੩।

ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਸਾਧੂ = ਗੁਰੂ। ਰਵਾਲਾ = ਚਰਨ = ਧੂੜ। ਪ੍ਰਭ = ਹੇ ਪ੍ਰਭੂ! ਜਪਿ = ਜਪ ਕੇ। ਜੀਵੈ = ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਪ੍ਰਭ ਨਾਮੁ = ਪ੍ਰਭੂ ਦਾ ਨਾਮ।੪।

ਅਰਥ: ਹੇ ਭਾਈ! ਇਸ ਸਰੀਰ ਨੂੰ, ਇਸ ਧਨ ਨੂੰ, ਪ੍ਰਭੂ ਦਾ ਬਖ਼ਸ਼ਿਆ ਹੋਇਆ ਜਾਣੋ, ਇਸ ਜਿੰਦ ਨੂੰ (ਭੀ) ਪ੍ਰਭੂ ਦੀ ਦਿੱਤੀ ਹੋਈ ਸਮਝੋ। ਇਸ ਤਰ੍ਹਾਂ ਸ੍ਰਿਸ਼ਟੀ ਦੇ ਪਾਲਕ ਗੋਬਿੰਦ ਦਾ ਨਾਮ ਜਪਦੇ ਰਹੋ।੧।ਰਹਾਉ।

ਹੇ ਭਾਈ! ਆਪਣੇ) ਗੁਰੂ ਦੇ ਚਰਨਾਂ ਉਤੇ ਆਪਣਾ ਸਿਰ ਰੱਖਿਆ ਕਰ। (ਗੁਰੂ ਦੀ ਕਿਰਪਾ ਨਾਲ ਆਪਣੇ) ਇਸ ਸਰੀਰ ਵਿਚੋਂ ਕਾਮ ਅਤੇ ਕ੍ਰੋਧ (ਆਦਿਕ ਵਿਕਾਰਾਂ) ਨੂੰ ਮਾਰ ਮੁਕਾ। ਹੇ ਭਾਈ! ਸਭਨਾਂ ਦੇ ਚਰਨਾਂ ਦੀ ਧੂੜ ਹੋ ਕੇ ਰਹਿਣਾ ਚਾਹੀਦਾ ਹੈ। ਹਰੇਕ ਸਰੀਰ ਵਿਚ ਸਭ ਜੀਵਾਂ ਵਿਚ ਸੋਹਣੇ ਰਾਮ ਨੂੰ ਵੱਸਦਾ ਵੇਖ।੧।

ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ। ਤੇਰੀ ਜਿੰਦ-ਜਾਨ ਦਾ (ਸੰਸਾਰ ਵਿਚ) ਇਹੀ (ਸਭ ਤੋਂ ਵੱਡਾ) ਮਨੋਰਥ ਹੈ। ਹੇ ਭਾਈ! ਅਹੰਕਾਰ ਦੂਰ ਕਰ ਕੇ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਸਮਝ। ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਪਰਮਾਤਮਾ (ਦੇ ਪ੍ਰੇਮ-ਰੰਗ) ਨਾਲ ਰੰਗ ਲੈ।੨।

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਪਾਈ ਰੱਖ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰਦਾ ਹੈ। ਹੇ ਭਾਈ! ਜੀਭ ਨਾਲ ਪਰਮਾਤਮਾ ਦਾ ਨਾਮ ਜਪਦਿਆਂ ਮਨ ਤਨ ਪਵਿੱਤਰ ਹੋ ਜਾਂਦਾ ਹੈ, ਮਨ ਖਿੜਿਆ ਰਹਿੰਦਾ ਹੈ, ਸਰੀਰ ਭੀ ਖਿੜਿਆ ਰਹਿੰਦਾ ਹੈ।੩।

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਮੇਹਰ ਕਰ। (ਮੇਰਾ) ਮਨ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਹੇ ਪ੍ਰਭੂ! ਨਾਨਕ ਉਤੇ) ਦਇਆਵਾਨ ਹੋ ਅਤੇ ਇਹ ਖ਼ੈਰ ਪਾ ਕਿ (ਤੇਰਾ ਦਾਸ) ਨਾਨਕ, ਹੇ ਪ੍ਰਭੂ! ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹੇ।੪।੧੧।੧੩।

ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ ॥ ਪਾਰਬ੍ਰਹਮ ਪੂਰਨ ਬਖਸੰਦ ॥ ਕਰਿ ਕਿਰਪਾ ਜਨ ਸੇਵਾ ਲਾਏ ॥ ਜਨਮ ਮਰਣ ਦੁਖ ਮੇਟਿ ਮਿਲਾਏ ॥੨॥ ਕਰਮ ਧਰਮ ਇਹੁ ਤਤੁ ਗਿਆਨੁ ॥ ਸਾਧਸੰਗਿ ਜਪੀਐ ਹਰਿ ਨਾਮੁ ॥ ਸਾਗਰ ਤਰਿ ਬੋਹਿਥ ਪ੍ਰਭ ਚਰਣ ॥ ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥ ਰਾਖਿ ਲੀਏ ਅਪਨੀ ਕਿਰਪਾ ਧਾਰਿ ॥ ਪੰਚ ਦੂਤ ਭਾਗੇ ਬਿਕਰਾਲ ॥ ਜੂਐ ਜਨਮੁ ਨ ਕਬਹੂ ਹਾਰਿ ॥ ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥ {ਪੰਨਾ 866}

ਪਦਅਰਥ: ਧੂਪ ਦੀਪ = (ਮੂਰਤੀ ਦੀ ਆਰਤੀ ਸਮੇ ਥਾਲ ਵਿਚ) ਧੂਪ ਧੁਖਾਣਾ ਦੀਵੇ ਜਗਾਣੇ। ਸੇਵਾ = ਭਗਤੀ। ਬੰਦਨ = ਨਮਸਕਾਰ। ਗਹੀ = ਫੜੀ। ਤਿਆਗਿ = ਛੱਡ ਕੇ। ਸੁਪ੍ਰਸੰਨ = ਬਹੁਤ ਖ਼ੁਸ਼। ਵਡਭਾਗਿ = ਵੱਡੀ ਕਿਸਮਤ ਨਾਲ।੧।

ਗਾਈਐ = ਗਾਣਾ ਚਾਹੀਦਾ ਹੈ।੧।ਰਹਾਉ।

ਰਮਤ = ਸਿਮਰਦਿਆਂ। ਬਖਸੰਦ = ਬਖ਼ਸ਼ਸ਼ ਕਰਨ ਵਾਲਾ। ਕਰਿ = ਕਰ ਕੇ। ਮੇਟਿ = ਮਿਟਾ ਕੇ।੨।

ਕਰਮ ਧਰਮ = (ਤੀਰਥ, ਵਰਤ, ਮੂਰਤੀ = ਪੂਜਾ ਆਦਿਕ) ਕਰਮ ਜਿਨ੍ਹਾਂ ਨੂੰ ਧਰਮ ਸਮਝਿਆ ਗਿਆ ਹੈ। ਤਤੁ ਗਿਆਨੁ = ਅਸਲ ਗਿਆਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਜਪੀਐ = ਜਪਣਾ ਚਾਹੀਦਾ ਹੈ। ਸਾਗਰ = (ਸੰਸਾਰ-) ਸਮੁੰਦਰ। ਤਰਿ = ਪਾਰ ਲੰਘ। ਬੋਹਿਥ = ਜਹਾਜ਼। ਕਾਰਣ ਕਰਣ = ਜਗਤ ਦਾ ਮੂਲ। ਕਾਰਣ = ਮੂਲ, ਵਸੀਲਾ। ਕਰਣ = ਜਗਤ।੩।

ਧਾਰਿ = ਧਾਰ ਕੇ, ਕਰ ਕੇ। ਦੂਤ = ਵੈਰੀ। ਬਿਕਰਾਲ = ਡਰਾਉਣੇ। ਜੂਐ = ਜੂਏ ਵਿਚ। ਹਾਰਿ = ਹਾਰੇ, ਹਾਰਦਾ। ਅੰਗੁ = ਪੱਖ। ਨਾਨਕ ਕਾ ਅੰਗੁ = ਹੇ ਨਾਨਕ! ਜਿਸ ਦਾ ਪੱਖ। ਕਰਤਾਰਿ = ਕਰਤਾਰ ਨੇ।੪।

ਅਰਥ: ਹੇ ਭਾਈ! ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ, ਉਸ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ।੧।ਰਹਾਉ।

(ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਜਿਸ ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ, ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ, ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ, ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ 'ਧੂਪ ਦੀਪ' ਦੀ ਕ੍ਰਿਆ ਹੈ।੧।

ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਸਰਬ-ਵਿਆਪਕ ਬਖ਼ਸ਼ੰਦ ਪਰਮਾਤਮਾ ਦੇ ਗੁਣ ਗਾਂਦਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।੨।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ, ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ। ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ।੩।

ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ, (ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ। ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ, ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ।੪।੧੨।੧੪।

ਗੋਂਡ ਮਹਲਾ ੫ ॥ ਕਰਿ ਕਿਰਪਾ ਸੁਖ ਅਨਦ ਕਰੇਇ ॥ ਬਾਲਕ ਰਾਖਿ ਲੀਏ ਗੁਰਦੇਵਿ ॥ ਪ੍ਰਭ ਕਿਰਪਾਲ ਦਇਆਲ ਗਬਿੰਦ ॥ ਜੀਅ ਜੰਤ ਸਗਲੇ ਬਖਸਿੰਦ ॥੧॥ ਤੇਰੀ ਸਰਣਿ ਪ੍ਰਭ ਦੀਨ ਦਇਆਲ ॥ ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥ ਪ੍ਰਭ ਦਇਆਲ ਦੂਸਰ ਕੋਈ ਨਾਹੀ ॥ ਘਟ ਘਟ ਅੰਤਰਿ ਸਰਬ ਸਮਾਹੀ ॥ ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥ ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੈ ॥੨॥ ਅਉਖਧ ਕੋਟਿ ਸਿਮਰਿ ਗੋਬਿੰਦ ॥ ਤੰਤੁ ਮੰਤੁ ਭਜੀਐ ਭਗਵੰਤ ॥ ਰੋਗ ਸੋਗ ਮਿਟੇ ਪ੍ਰਭ ਧਿਆਏ ॥ ਮਨ ਬਾਂਛਤ ਪੂਰਨ ਫਲ ਪਾਏ ॥੩॥ ਕਰਨ ਕਾਰਨ ਸਮਰਥ ਦਇਆਰ ॥ ਸਰਬ ਨਿਧਾਨ ਮਹਾ ਬੀਚਾਰ ॥ ਨਾਨਕ ਬਖਸਿ ਲੀਏ ਪ੍ਰਭਿ ਆਪਿ ॥ ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥ {ਪੰਨਾ 866}

ਪਦਅਰਥ: ਕਰਿ = ਕਰ ਕੇ। ਕਰੇਇ = ਕਰਦਾ ਹੈ। ਬਾਲਕ = (ਆਪਣੇ) ਬੱਚਿਆਂ ਨੂੰ। ਗੁਰਦੇਵਿ = ਗੁਰਦੇਵ ਨੇ, ਸਭ ਤੋਂ ਵੱਡੇ ਪ੍ਰਭੂ ਨੇ। ਕਿਰਪਾਲ = ਕਿਰਪਾ ਦਾ ਘਰ। ਗਬਿੰਦ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਗੋਬਿੰਦ' ਹੈ, ਇਥੇ 'ਗੁਬਿੰਦ' ਪੜ੍ਹਨਾ ਹੈ}ਸਗਲੈ = ਸਾਰੇ। ਬਖਸਿੰਦ = ਬਖ਼ਸ਼ਣ ਵਾਲਾ।੧।

ਪ੍ਰਭ = ਹੇ ਪ੍ਰਭੂ! ਜਪਿ = ਜਪ ਕੇ। ਨਿਹਾਲ = ਪ੍ਰਸੰਨ।੧।ਰਹਾਉ।

ਅੰਤਰਿ = ਅੰਦਰ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ ਸਮਾਹੀ = ਤੂੰ ਸਾਰਿਆਂ ਵਿਚ ਸਮਾਇਆ ਹੋਇਆ ਹੈਂ। ਹਲਤੁ = {अत्र} ਇਹ ਲੋਕ। ਪਲਤੁ = {परत्र} ਪਰਲੋਕ। ਸਵਾਰੈ = ਸੰਵਾਰ ਦੇਂਦਾ ਹੈ। ਪਤਿਤ ਪਾਵਨ = ਵਿਕਾਰੀਆਂ ਨੂੰ ਸੁੱਚੇ ਜੀਵਨ ਵਾਲਾ ਬਣਾਣਾ। ਪ੍ਰਭ = ਹੇ ਪ੍ਰਭੂ! ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਤੁਮ੍ਹ੍ਹਾਰੈ = ਤੇਰੇ ਘਰ ਵਿਚ।੨।

ਅਉਖਧ = ਦਵਾਈਆਂ। ਕੋਟਿ = ਕ੍ਰੋੜਾਂ। ਸੋਗ = ਚਿੰਤਾ = ਫ਼ਿਕਰ। ਮਨ ਬਾਂਛਤ = ਮਨ = ਮੰਗੇ।੨।

ਕਰਨ ਕਾਰਨ = ਜਗਤ ਦਾ ਪੈਦਾ ਕਰਨ ਵਾਲਾ। ਕਰਨ = ਜਗਤ। ਦਇਆਰ = ਦਇਆਲ। ਨਿਧਾਨ = ਖ਼ਜ਼ਾਨੇ। ਮਹਾ ਬੀਚਾਰ = ਪ੍ਰਭੂ ਦੇ ਗੁਣਾਂ ਦੇ ਉੱਚੇ ਵਿਚਾਰ। ਪ੍ਰਭਿ = ਪ੍ਰਭੂ ਨੇ।੪।

ਅਰਥ: ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਅਸੀ ਜੀਵ) ਤੇਰੇ ਹੀ ਆਸਰੇ ਹਾਂ। ਹੇ ਪਾਰਬ੍ਰਹਮ! ਤੇਰਾ ਨਾਮ) ਜਪ ਕੇ ਸਦਾ ਖਿੜੇ ਰਹਿ ਸਕੀਦਾ ਹੈ।੧।ਰਹਾਉ।

ਹੇ ਭਾਈ! ਉਸ ਸਭ ਤੋਂ ਵੱਡੇ ਪ੍ਰਭੂ ਨੇ (ਸਦਾ ਹੀ ਸਰਣ-ਪਏ ਆਪਣੇ) ਬੱਚਿਆਂ ਦੀ ਰੱਖਿਆ ਕੀਤੀ ਹੈ, ਮੇਹਰ ਕਰ ਕੇ (ਉਹਨਾਂ ਦੇ ਹਿਰਦੇ ਵਿਚ) ਆਨੰਦ ਪੈਦਾ ਕਰਦਾ ਹੈ। ਹੇ ਭਾਈ! ਗੋਬਿੰਦ ਪ੍ਰਭੂ ਕਿਰਪਾ ਦਾ ਘਰ ਹੈ, ਦਇਆ ਦਾ ਸੋਮਾ ਹੈ, ਸਾਰੇ ਹੀ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲਾ ਹੈ।੧।

ਹੇ ਪ੍ਰਭੂ! ਤੇਰੇ ਵਰਗਾ ਦਇਆ ਦਾ ਸੋਮਾ (ਜਗਤ ਵਿਚ) ਹੋਰ ਕੋਈ ਦੂਜਾ ਨਹੀਂ ਹੈ। ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਸਾਰੇ ਜੀਵਾਂ ਵਿਚ ਵਿਆਪਕ ਹੈਂ। ਹੇ ਭਾਈ! ਪ੍ਰਭੂ ਆਪਣੇ ਸੇਵਕ ਦਾ ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦੇਂਦਾ ਹੈ। ਹੇ ਪ੍ਰਭੂ! ਤੇਰੇ ਘਰ ਵਿਚ ਮੁੱਢ-ਕਦੀਮਾਂ ਦਾ ਹੀ ਇਹ ਸੁਭਾਉ ਹੈ ਕਿ ਤੂੰ ਵਿਕਾਰੀਆਂ ਨੂੰ ਭੀ ਸੁੱਚੇ ਜੀਵਨ ਵਾਲਾ ਬਣਾ ਦੇਂਦਾ ਹੈਂ।੨।

ਹੇ ਭਾਈ! ਗੋਬਿੰਦ ਦਾ ਨਾਮ ਸਿਮਰਿਆ ਕਰ, ਇਹ ਨਾਮ ਹੀ ਕ੍ਰੋੜਾਂ ਦਵਾਈਆਂ (ਦੇ ਬਰਾਬਰ) ਹੈ। ਹੇ ਭਾਈ! ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ, ਇਹ ਨਾਮ (ਸਭ ਤੋਂ ਵਧੀਆ) ਤੰਤ੍ਰ ਹੈ ਅਤੇ ਮੰਤ੍ਰ ਹੈ। ਜੇਹੜਾ ਮਨੁੱਖ ਇਸ ਨਾਮ ਨੂੰ ਸਿਮਰਦਾ ਹੈ, ਉਸ ਦੇ ਸਾਰੇ ਰੋਗ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ। ਉਹ ਮਨੁੱਖ ਸਾਰੇ ਹੀ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ।੩।

ਹੇ ਭਾਈ! ਪਰਮਾਤਮਾ ਜਗਤ ਦਾ ਮੂਲ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਦਇਆ ਦਾ ਸੋਮਾ ਹੈ। ਉਸ ਦੇ ਉੱਚੇ ਗੁਣਾਂ ਦਾ ਵਿਚਾਰ ਕਰਨਾ ਹੀ (ਜੀਵ ਵਾਸਤੇ) ਸਾਰੇ ਖ਼ਜ਼ਾਨੇ ਹੈ। ਹੇ ਨਾਨਕ! ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਉੇਤੇ ਸਦਾ ਬਖ਼ਸ਼ਸ਼ ਕੀਤੀ ਹੈ। ਹੇ ਭਾਈ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਿਆ ਕਰ।੪।੧੩।੧੫।

TOP OF PAGE

Sri Guru Granth Darpan, by Professor Sahib Singh