ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 867 ਗੋਂਡ ਮਹਲਾ ੫ ॥ ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥ ਨਿਰਮਲ ਹੋਇ ਤੁਮ੍ਹ੍ਹਾਰਾ ਚੀਤ ॥ ਮਨ ਤਨ ਕੀ ਸਭ ਮਿਟੈ ਬਲਾਇ ॥ ਦੂਖੁ ਅੰਧੇਰਾ ਸਗਲਾ ਜਾਇ ॥੧॥ ਹਰਿ ਗੁਣ ਗਾਵਤ ਤਰੀਐ ਸੰਸਾਰੁ ॥ ਵਡ ਭਾਗੀ ਪਾਈਐ ਪੁਰਖੁ ਅਪਾਰੁ ॥੧॥ ਰਹਾਉ ॥ ਜੋ ਜਨੁ ਕਰੈ ਕੀਰਤਨੁ ਗੋਪਾਲ ॥ ਤਿਸ ਕਉ ਪੋਹਿ ਨ ਸਕੈ ਜਮਕਾਲੁ ॥ ਜਗ ਮਹਿ ਆਇਆ ਸੋ ਪਰਵਾਣੁ ॥ ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥ ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥ ਕਾਮ ਕ੍ਰੋਧ ਮਿਟਹਿ ਉਨਮਾਦ ॥ ਸਦਾ ਹਜੂਰਿ ਜਾਣੁ ਭਗਵੰਤ ॥ ਪੂਰੇ ਗੁਰ ਕਾ ਪੂਰਨ ਮੰਤ ॥੩॥ ਹਰਿ ਧਨੁ ਖਾਟਿ ਕੀਏ ਭੰਡਾਰ ॥ ਮਿਲਿ ਸਤਿਗੁਰ ਸਭਿ ਕਾਜ ਸਵਾਰ ॥ ਹਰਿ ਕੇ ਨਾਮ ਰੰਗ ਸੰਗਿ ਜਾਗਾ ॥ ਹਰਿ ਚਰਣੀ ਨਾਨਕ ਮਨੁ ਲਾਗਾ ॥੪॥੧੪॥੧੬॥ {ਪੰਨਾ 867} ਪਦਅਰਥ: ਮੀਤ = ਹੇ ਮਿੱਤਰ! ਨਿਰਮਲ = ਪਵਿੱਤਰ। ਮਿਟੈ = ਮਿਟ ਜਾਂਦੀ ਹੈ। ਬਲਾਇ = ਬਿਪਤਾ। ਸਗਲਾ = ਸਾਰਾ। ਜਾਇ = ਦੂਰ ਹੋ ਜਾਂਦਾ ਹੈ।੧। ਗਾਵਤ = ਗਾਂਦਿਆਂ। ਤਰੀਐ = ਤਰ ਜਾਈਦਾ ਹੈ। ਵਡਭਾਗੀ = ਵੱਡੇ ਭਾਗਾਂ ਨਾਲ। ਪੁਰਖੁ = ਸਰਬ = ਵਿਆਪਕ ਪ੍ਰਭੂ। ਅਪਾਰੁ = ਅ = ਪਾਰੁ, ਬੇਅੰਤ।੧।ਰਹਾਉ। ਤਿਸ ਕਉ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਛਾਣੁ = ਸਾਂਝ ਪਾ।੨। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਿਟਹਿ = ਮਿਟ ਜਾਂਦੇ ਹਨ {ਮਿਟੈ = ਇਕ-ਵਚਨ}। ਉਨਮਾਦ = {उन्माद = madness, insanity} ਝੱਲ = ਪੁਣਾ। ਮੰਤ = ੳਪਦੇਸ਼।੩। ਖਾਟਿ = ਖੱਟ ਕੇ। ਭੰਡਾਰ = ਖ਼ਜ਼ਾਨੇ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਸਭਿ = ਸਾਰੇ। ਨਾਮ ਰੰਗ ਸੰਗਿ = ਨਾਮ ਦੇ ਪ੍ਰੇਮ ਨਾਲ। ਸੰਗਿ = ਨਾਲ।੪। ਅਰਥ: ਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਸੰਸਾਰ (-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ, (ਭਾਗ ਜਾਗ ਪੈਂਦੇ ਹਨ) ਵੱਡੇ ਭਾਗਾਂ ਨਾਲ ਸਰਬ-ਵਿਆਪਕ ਬੇਅੰਤ ਪ੍ਰਭੂ ਮਿਲ ਪੈਂਦਾ ਹੈ।੧।ਰਹਾਉ। ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ, (ਨਾਮ ਦੀ ਬਰਕਤਿ ਨਾਲ) ਤੇਰਾ ਮਨ ਪਵਿੱਤਰ ਹੋ ਜਾਇਗਾ। (ਹੇ ਮਿੱਤਰ! ਨਾਮ ਜਪਿਆਂ) ਮਨ ਦੀ ਸਰੀਰ ਦੀ ਹਰੇਕ ਬਿਪਤਾ ਮਿਟ ਜਾਂਦੀ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਮਾਇਆ ਦੇ ਮੋਹ ਦਾ) ਸਾਰਾ ਹਨੇਰਾ ਮੁੱਕ ਜਾਂਦਾ ਹੈ।੧। ਹੇ ਮੇਰੇ ਮਿੱਤਰ! ਜੇਹੜਾ ਮਨੁੱਖ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ, ਉਸ ਮਨੁੱਖ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ। (ਹੇ ਮਿੱਤਰ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਆਪਣੇ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਪਾਈ ਰੱਖ।੨। (ਹੇ ਮਿੱਤਰ! ਜੇਹੜਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, (ਉਸ ਦੇ ਅੰਦਰੋਂ) ਕਾਮ ਕ੍ਰੋਧ (ਆਦਿਕ) ਝੱਲ-ਪੁਣੇ ਮਿਟ ਜਾਂਦੇ ਹਨ। (ਹੇ ਮਿੱਤਰ! ਤੂੰ ਭੀ) ਪੂਰੇ ਗੁਰੂ ਦਾ ਸੱਚਾ ਉਪਦੇਸ਼ ਲੈ ਕੇ ਭਗਵਾਨ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਿਆ ਕਰ।੩। ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਮਨੁੱਖ ਨੇ ਹਰਿ-ਨਾਮ ਧਨ ਖੱਟ ਕੇ ਖ਼ਜ਼ਾਨੇ ਭਰ ਲਏ, ਉਸ ਨੇ ਆਪਣੇ ਸਾਰੇ ਹੀ ਕੰਮ ਸੰਵਾਰ ਲਏ। ਹਰਿ-ਨਾਮ ਦੇ ਪ੍ਰੇਮ ਦੀ ਬਰਕਤਿ ਨਾਲ ਉਸ ਦਾ ਮਨ ਜਾਗ ਪੈਂਦਾ ਹੈ (ਕਾਮ ਕ੍ਰੋਧ ਆਦਿਕ ਵਿਕਾਰਾਂ ਵਲੋਂ ਉਹ ਸਦਾ ਸੁਚੇਤ ਰਹਿੰਦਾ ਹੈ) ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।੪।੧੪।੧੬। ਗੋਂਡ ਮਹਲਾ ੫ ॥ ਭਵ ਸਾਗਰ ਬੋਹਿਥ ਹਰਿ ਚਰਣ ॥ ਸਿਮਰਤ ਨਾਮੁ ਨਾਹੀ ਫਿਰਿ ਮਰਣ ॥ ਹਰਿ ਗੁਣ ਰਮਤ ਨਾਹੀ ਜਮ ਪੰਥ ॥ ਮਹਾ ਬੀਚਾਰ ਪੰਚ ਦੂਤਹ ਮੰਥ ॥੧॥ ਤਉ ਸਰਣਾਈ ਪੂਰਨ ਨਾਥ ॥ ਜੰਤ ਅਪਨੇ ਕਉ ਦੀਜਹਿ ਹਾਥ ॥੧॥ ਰਹਾਉ ॥ ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥ ਪਾਰਬ੍ਰਹਮ ਕਾ ਕਰਹਿ ਵਖਿਆਣ ॥ ਜੋਗੀ ਜਤੀ ਬੈਸਨੋ ਰਾਮਦਾਸ ॥ ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥ ਕਰਣ ਪਲਾਹ ਕਰਹਿ ਸਿਵ ਦੇਵ ॥ ਤਿਲੁ ਨਹੀ ਬੂਝਹਿ ਅਲਖ ਅਭੇਵ ॥ ਪ੍ਰੇਮ ਭਗਤਿ ਜਿਸੁ ਆਪੇ ਦੇਇ ॥ ਜਗ ਮਹਿ ਵਿਰਲੇ ਕੇਈ ਕੇਇ ॥੩॥ ਮੋਹਿ ਨਿਰਗੁਣ ਗੁਣੁ ਕਿਛਹੂ ਨਾਹਿ ॥ ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ॥ ਨਾਨਕੁ ਦੀਨੁ ਜਾਚੈ ਤੇਰੀ ਸੇਵ ॥ ਕਰਿ ਕਿਰਪਾ ਦੀਜੈ ਗੁਰਦੇਵ ॥੪॥੧੫॥੧੭॥ {ਪੰਨਾ 867} ਪਦਅਰਥ: ਭਵ = ਸੰਸਾਰ। ਸਾਗਰ = ਸਮੁੰਦਰ। ਬੋਹਿਥ = ਜਹਾਜ਼। ਸਿਮਰਤ = ਸਿਮਰਦਿਆਂ। ਮਰਣ = ਮੌਤ, ਆਤਮਕ ਮੌਤ। ਰਮਤ = ਜਪਦਿਆਂ। ਪੰਥ = ਰਸਤਾ। ਮਹਾ ਬੀਚਾਰ = (ਪ੍ਰਭੂ ਦੇ ਗੁਣਾਂ ਦਾ) ਵਿਚਾਰ ਜੋ ਹੋਰ ਸਭ ਵਿਚਾਰਾਂ ਨਾਲੋਂ ਉੱਤਮ ਹੈ। ਮੰਥ = ਨਾਸ ਕਰਨ ਵਾਲਾ।੧। ਤਉ = ਤੇਰੀ। ਨਾਥ = ਹੇ ਨਾਥ! ਦੀਜਹਿ = ਦਿੱਤੇ ਜਾਣੇ ਚਾਹੀਦੇ ਹਨ {ਬਹੁ-ਵਚਨ}।੧।ਰਹਾਉ। ਕਰਹਿ = ਕਰਦੇ ਹਨ। ਰਾਮਦਾਸ = (ਦੱਖਣ ਵਿਚ) ਬੈਰਾਗੀਆਂ ਦੀ ਇਕ ਸੰਪ੍ਰਦਾਇ ਜੋ ਨ੍ਰਿਤਕਾਰੀ ਕਰਦੇ ਹਨ। ਮਿਤਿ = ਅੰਦਾਜ਼ਾ, ਅੰਤ।੨। ਕਰਣ ਪਲਾਹ = {करूणा प्रलाप} ਤਰਲੇ, ਕੀਰਨੇ। ਅਲਖ = ਜਿਸ ਦਾ ਸਹੀ ਸਰੂਪ ਸਮਝ ਵਿਚ ਨਹੀਂ ਆ ਸਕਦਾ। ਅਭੇਵ = ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਤਿਲੁ = ਰਤਾ ਭਰ ਭੀ। ਦੇਇ = ਦੇਂਦਾ ਹੈ। ਕੇਈ ਕੇਇ = ਵਿਰਲੇ ਵਿਰਲੇ।੩। ਮੋਹਿ ਨਿਰਗੁਣ = ਮੈਂ ਗੁਣ = ਹੀਣ ਵਿਚ। ਸਰਬ ਨਿਧਾਨ = ਸਾਰੇ ਖ਼ਜ਼ਾਨੇ। ਦ੍ਰਿਸਟੀ = ਨਜ਼ਰ, ਨਿਗਾਹ। ਨਾਨਕੁ ਜਾਚੈ = ਨਾਨਕ ਮੰਗਦਾ ਹੈ {ਨਾਨਕ = ਹੇ ਨਾਨਕ!}। ਗੁਰਦੇਵ = ਹੇ ਸਭ ਤੋਂ ਵੱਡੇ ਦੇਵ!।੪। ਅਰਥ: ਹੇ ਸਾਰੇ ਗੁਣਾਂ ਨਾਲ ਭਰਪੂਰ ਖਸਮ-ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। (ਮੈਨੂੰ) ਆਪਣੇ ਪੈਦਾ ਕੀਤੇ ਗਰੀਬ ਸੇਵਕ ਨੂੰ ਕਿਰਪਾ ਕਰ ਕੇ ਆਪਣੇ ਹੱਥ ਫੜਾ।੧।ਰਹਾਉ। ਹੇ ਭਾਈ! ਪਰਮਾਤਮਾ ਦੇ ਚਰਨ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਜਹਾਜ਼ ਹਨ। ਪਰਮਾਤਮਾ ਦਾ ਨਾਮ ਸਿਮਰਦਿਆਂ ਮੁੜ ਮੁੜ (ਆਤਮਕ) ਮੌਤ ਨਹੀਂ ਹੁੰਦੀ। ਪ੍ਰਭੂ ਦੇ ਗੁਣ ਗਾਂਦਿਆਂ ਜਮਾਂ ਦਾ ਰਸਤਾ ਨਹੀਂ ਫੜਨਾ ਪੈਂਦਾ। (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਜੋ ਹੋਰ ਸਾਰੀਆਂ ਵਿਚਾਰਾਂ ਤੋਂ ਉੱਤਮ ਹੈ (ਕਾਮਾਦਿਕ) ਪੰਜ ਵੈਰੀਆਂ ਦਾ ਨਾਸ ਕਰ ਦੇਂਦੀ ਹੈ।੧। ਹੇ ਭਾਈ! ਸਿਮ੍ਰਿਤੀਆਂ, ਸ਼ਾਸਤਰ, ਵੇਦ, ਪੁਰਾਣ (ਆਦਿਕ ਸਾਰੇ ਧਰਮ-ਪੁਸਤਕ) ਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਹਨ। ਜੋਗੀ ਜਤੀ, ਵੈਸ਼ਨਵ ਸਾਧੂ, (ਨਿਰਤ-ਕਾਰੀ ਕਰਨ ਵਾਲੇ) ਬੈਰਾਗੀ ਭਗਤ ਭੀ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦੇ ਹਨ, ਪਰ ਉਸ ਅਬਿਨਾਸੀ ਪ੍ਰਭੂ ਦਾ ਕੋਈ ਭੀ ਅੰਤ ਨਹੀਂ ਪਾ ਸਕਦਾ।੨। ਹੇ ਭਾਈ! ਸ਼ਿਵ ਜੀ ਅਤੇ ਹੋਰ ਅਨੇਕਾਂ ਦੇਵਤੇ (ਉਸ ਪ੍ਰਭੂ ਦਾ ਅੰਤ ਲੱਭਣ ਵਾਸਤੇ) ਤਰਲੇ ਲੈਂਦੇ ਹਨ, ਪਰ ਉਸ ਦੇ ਸਰੂਪ ਨੂੰ ਰਤਾ ਭਰ ਭੀ ਨਹੀਂ ਸਮਝ ਸਕਦੇ। ਉਸ ਪ੍ਰਭੂ ਦਾ ਸਰੂਪ ਸਹੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ।੩। ਹੇ ਪ੍ਰਭੂ! ਮੈਂ ਤਾਂ ਹਾਂ ਨਾ-ਚੀਜ਼। ਭਲਾ ਮੈਂ ਤੇਰਾ ਅੰਤ ਕਿਵੇਂ ਪਾ ਸਕਾਂ?) ਮੈਂ ਗੁਣ-ਹੀਣ ਵਿਚ ਕੋਈ ਭੀ ਗੁਣ ਨਹੀਂ ਹੈ। (ਹਾਂ,) ਤੇਰੀ ਮੇਹਰ ਦੀ ਨਿਗਾਹ ਵਿਚ ਸਾਰੇ ਖ਼ਜ਼ਾਨੇ ਹਨ (ਜਿਸ ਉਤੇ ਨਜ਼ਰ ਕਰਦਾ ਹੈਂ, ਉਸ ਨੂੰ ਪ੍ਰਾਪਤ ਹੋ ਜਾਂਦੇ ਹਨ) । ਹੇ ਸਭ ਤੋਂ ਵੱਡੇ ਦੇਵ! ਤੇਰਾ ਦਾਸ) ਗਰੀਬ ਨਾਨਕ (ਤੈਥੋਂ) ਤੇਰੀ ਭਗਤੀ ਮੰਗਦਾ ਹੈ। ਮੇਹਰ ਕਰ ਕੇ ਇਹ ਖ਼ੈਰ ਪਾ।੪।੧੫।੧੭। ਗੋਂਡ ਮਹਲਾ ੫ ॥ ਸੰਤ ਕਾ ਲੀਆ ਧਰਤਿ ਬਿਦਾਰਉ ॥ ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥ ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥ ਸੰਤ ਉਧਾਰਉ ਤਤਖਿਣ ਤਾਲਿ ॥੧॥ ਸੋਈ ਸੰਤੁ ਜਿ ਭਾਵੈ ਰਾਮ ॥ ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥ ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥ ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥ ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥ ਸੰਤ ਕੀ ਨਿੰਦਾ ਕਰਹੁ ਨ ਕੋਇ ॥ ਜੋ ਨਿੰਦੈ ਤਿਸ ਕਾ ਪਤਨੁ ਹੋਇ ॥ ਜਿਸ ਕਉ ਰਾਖੈ ਸਿਰਜਨਹਾਰੁ ॥ ਝਖ ਮਾਰਉ ਸਗਲ ਸੰਸਾਰੁ ॥੩॥ ਪ੍ਰਭ ਅਪਨੇ ਕਾ ਭਇਆ ਬਿਸਾਸੁ ॥ ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥ ਨਾਨਕ ਕਉ ਉਪਜੀ ਪਰਤੀਤਿ ॥ ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥ {ਪੰਨਾ 867} ਪਦਅਰਥ: ਲੀਆ = {ਅਰਬੀ ਲਫ਼ਜ਼ 'ਲਈਨ' = ਜਿਸ ਉਤੇ ਲਾਹਨਤ ਪਾਈ ਹੋਈ ਹੋਵੇ} ਲਾਹਨਤਿਆ ਹੋਇਆ, ਫਿਟਕਾਰਿਆ ਹੋਇਆ। ਬਿਦਾਰਉ = ਬਿਦਾਰਉਂ, ਮੈਂ ਚੀਰ ਦਿਆਂ। ਧਰਤਿ ਬਿਦਾਰਉ = ਮੈਂ ਧਰਤੀ ਤੋਂ ਜੜ੍ਹਾਂ ਪੁੱਟ ਦਿਆਂ। ਅਕਾਸ ਤੇ = ਆਕਾਸ਼ ਤੋਂ, ਉੱਚੇ ਮਰਾਤਬੇ ਤੋਂ। ਟਾਰਉ = ਟਾਰਉਂ, ਮੈਂ ਸੁੱਟ ਦਿਆਂ। ਕਉ = ਨੂੰ। ਰਾਖਉ = ਰਾਖਉਂ, ਮੈਂ ਰੱਖਿਆ ਕਰਦਾ ਹਾਂ। ਜੀਅ ਨਾਲਿ = ਜਿੰਦ ਨਾਲ। ਉਧਾਰਉ = ਉਧਾਰਉਂ, ਮੈਂ ਬਚਾ ਲੈਂਦਾ ਹਾਂ। ਤਤਕਾਲਿ = ਉਸੇ ਵੇਲੇ। ਤਾਲਿ = ਤਾਲੀ ਵੱਜਣ ਜਿਤਨੇ ਸਮੇ ਵਿਚ।੧। ਸੋਈ = ਉਹੀ (ਮਨੁੱਖ) । ਜਿ = ਜਿਹੜਾ। ਭਾਵੈ ਰਾਮ = ਰਾਮ ਨੂੰ ਚੰਗਾ ਲੱਗਦਾ ਹੈ। ਸੰਤ ਗੋਬਿੰਦ ਕੈ = ਸੰਤ ਅਤੇ ਪਰਮਾਤਮਾ ਦੇ ਅੰਦਰ। ਏਕੈ = ਇਕੋ ਜਿਹੇ।੧।ਰਹਾਉ। ਕੈ ਊਪਰਿ = ਦੇ ਉੱਤੇ। ਦੇਇ = ਦੇਂਦੀ ਹੈ। ਕੈ ਸੰਗਿ = ਦੇ ਨਾਲ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਪ੍ਰਤਿਪਾਲਿ = ਪ੍ਰਤਿਪਾਲੈ, ਰਾਖੀ ਕਰਦਾ ਹੈ। ਦੋਖੀ = ਵੈਰੀ, ਬੁਰਾ ਚਿਤਵਨ ਵਾਲਾ। ਟਾਲਿ = ਟਾਲੈ, ਸੁੱਟ ਦੇਂਦਾ ਹੈ।੨। ਤਿਸ ਕਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}। ਪਤਨੁ = ਨਾਸ, ਗਿਰਾਵਟ। ਜਿਸ ਕਉ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}। ਮਾਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ = ਸ਼ੱਕ ਮਾਰੇ। ਝਖ ਮਾਰਉ = ਬੇ = ਸ਼ੱਕ ਝਖਾਂ ਮਾਰੇ।੩। ਬਿਸਾਸੁ = ਭਰੋਸਾ। ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਰਾਸਿ = ਸਰਮਾਇਆ, ਪੂੰਜੀ। ਕਉ = ਨੂੰ। ਪਰਤੀਤਿ = ਯਕੀਨ, ਨਿਸ਼ਚਾ। ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲਾ, ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗੁਰਮੁਖ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਜੀਤਿ = ਜਿੱਤ।੪। ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹੀ ਹੈ ਸੰਤ। ਸੰਤ ਦੇ ਹਿਰਦੇ ਵਿਚ ਅਤੇ ਗੋਬਿੰਦ ਦੇ ਮਨ ਵਿਚ ਇਕੋ ਜਿਹਾ ਕੰਮ ਹੁੰਦਾ ਹੈ।੧।ਰਹਾਉ। (ਹੇ ਭਾਈ! ਤਾਹੀਏਂ ਪਰਮਾਤਮਾ ਆਖਦਾ ਹੈ-) ਜਿਸ ਮਨੁੱਖ ਨੂੰ ਸੰਤ ਫਿਟਕਾਰ ਪਾਏ, ਮੈਂ ਉਸ ਦੀਆਂ ਜੜ੍ਹਾਂ ਪੁੱਟ ਦੇਂਦਾ ਹਾਂ। ਸੰਤ ਦੀ ਨਿੰਦਾ ਕਰਨ ਵਾਲੇ ਨੂੰ ਮ ੈਂ ਉੱਚੇ ਮਰਾਤਬੇ ਤੋਂ ਹੇਠਾਂ ਡੇਗ ਦੇਂਦਾ ਹਾਂ। ਸੰਤ ਨੂੰ ਮੈਂ ਸਦਾ ਆਪਣੀ ਜਿੰਦ ਦੇ ਨਾਲ ਰੱਖਦਾ ਹਾਂ। (ਕਿਸੇ ਭੀ ਬਿਪਤਾ ਤੋਂ) ਸੰਤ ਨੂੰ ਮੈਂ ਤੁਰਤ ਉਸੇ ਵੇਲੇ ਬਚਾ ਲੈਂਦਾ ਹਾਂ।੧। ਹੇ ਭਾਈ! ਪ੍ਰਭੂ ਆਪਣਾ ਹੱਥ (ਆਪਣੇ) ਸੰਤ ਉੱਤੇ ਰੱਖਦਾ ਹੈ, ਪ੍ਰਭੂ ਆਪਣੇ ਸੰਤ ਦੇ ਨਾਲ ਦਿਨ ਰਾਤ (ਹਰ ਵੇਲੇ) ਵੱਸਦਾ ਹੈ। ਪ੍ਰਭੂ ਆਪਣੇ ਸੰਤਾਂ ਦੀ (ਉਹਨਾਂ ਦੇ) ਹਰੇਕ ਸਾਹ ਦੇ ਨਾਲ ਰਾਖੀ ਕਰਦਾ ਹੈ। ਸੰਤ ਦਾ ਬੁਰਾ ਮੰਗਣ ਵਾਲੇ ਨੂੰ ਪ੍ਰਭੂ ਰਾਜ ਤੋਂ (ਭੀ) ਹੇਠਾਂ ਡੇਗ ਦੇਂਦਾ ਹੈ।੨। ਹੇ ਭਾਈ! ਕੋਈ ਭੀ ਮਨੁੱਖ ਕਿਸੇ ਸੰਤ ਦੀ ਨਿੰਦਾ ਨਾਹ ਕਰਿਆ ਕਰੇ। ਜੇਹੜਾ ਭੀ ਮਨੁੱਖ ਨਿੰਦਾ ਕਰਦਾ ਹੈ, ਉਹ ਆਤਮਕ ਜੀਵਨ ਤੋਂ ਡਿੱਗ ਪੈਂਦਾ ਹੈ। ਕਰਤਾਰ ਆਪ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਸਾਰਾ ਸੰਸਾਰ (ਉਸ ਦਾ ਨੁਕਸਾਨ ਕਰਨ ਲਈ) ਬੇ-ਸ਼ੱਕ ਪਿਆ ਝਖਾਂ ਮਾਰੇ (ਉਸ ਦਾ ਕੋਈ ਵਿਗਾੜ ਨਹੀਂ ਕਰ ਸਕਦਾ) ।੩। ਹੇ ਭਾਈ! ਜਿਸ ਮਨੁੱਖ ਨੂੰ ਆਪਣੇ ਪ੍ਰਭੂ ਉਤੇ ਭਰੋਸਾ ਬਣ ਜਾਂਦਾ ਹੈ (ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪ੍ਰਭੂ ਦਾ ਦਿੱਤਾ ਹੋਇਆ ਹੀ ਸਰਮਾਇਆ ਹੈ। ਹੇ ਭਾਈ! ਨਾਨਕ ਦੇ ਹਿਰਦੇ ਵਿਚ ਭੀ ਇਹ ਯਕੀਨ ਬਣ ਗਿਆ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਜੀਵਨ-ਬਾਜ਼ੀ ਵਿਚ) ਹਾਰ ਜਾਂਦਾ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਸਦਾ ਜਿੱਤ ਪ੍ਰਾਪਤ ਹੁੰਦੀ ਹੈ।੪।੧੬।੧੮। |
Sri Guru Granth Darpan, by Professor Sahib Singh |