ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 869 ਗੋਂਡ ਮਹਲਾ ੫ ॥ ਸੰਤਨ ਕੈ ਬਲਿਹਾਰੈ ਜਾਉ ॥ ਸੰਤਨ ਕੈ ਸੰਗਿ ਰਾਮ ਗੁਨ ਗਾਉ ॥ ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥ ਸੰਤ ਸਰਣਿ ਵਡਭਾਗੀ ਪਏ ॥੧॥ ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥ ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥ ਪਾਰਬ੍ਰਹਮੁ ਜਬ ਹੋਇ ਦਇਆਲ ॥ ਸਾਧੂ ਜਨ ਕੀ ਕਰੈ ਰਵਾਲ ॥ ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥ ਰਾਮ ਰਤਨੁ ਵਸੈ ਮਨਿ ਆਇ ॥੨॥ ਸਫਲੁ ਜਨਮੁ ਤਾਂ ਕਾ ਪਰਵਾਣੁ ॥ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥ ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥ ਜਨਮ ਜਨਮ ਕਾ ਸੋਇਆ ਜਾਗੈ ॥੩॥ ਚਰਨ ਕਮਲ ਜਨ ਕਾ ਆਧਾਰੁ ॥ ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥ ਦਾਸ ਜਨਾ ਕੀ ਮਨਸਾ ਪੂਰਿ ॥ ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥ {ਪੰਨਾ 869} ਪਦਅਰਥ: ਕੈ = ਤੋਂ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿਹਾਰੈ = ਕੁਰਬਾਨ। ਕੈ ਸੰਗਿ = ਦੀ ਸੰਗਤਿ ਵਿਚ। ਗਾਉ = ਗਾਉਂ, ਮੈਂ ਗਾਂਦਾ ਹਾਂ। ਸੰਤ ਪ੍ਰਸਾਦਿ = ਸੰਤ ਜਨਾਂ ਦੀ ਕਿਰਪਾ ਨਾਲ। ਕਿਲਵਿਖ = ਪਾਪ। ਵਡਭਾਗੀ = ਵੱਡੇ ਭਾਗਾਂ ਵਾਲੇ ਬੰਦੇ।੧। ਜਪਤ = ਜਪਦਿਆਂ। ਬਿਘਨੁ = ਰੁਕਾਵਟ। ਨ ਵਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ। ਜਾਪੈ = (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ।੧।ਰਹਾਉ। ਦਇਆਲ = ਦਇਆਵਾਨ। ਸਾਧੂ ਜਨ = ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲੇ ਸੇਵਕ। ਰਵਾਲ = ਚਰਨ = ਧੂੜ। ਤਨ ਤੇ = ਸਰੀਰ ਤੋਂ। ਜਾਇ = ਚਲਾ ਜਾਂਦਾ ਹੈ। ਮਨਿ = ਮਨ ਵਿਚ। ਆਇ = ਆ ਕੇ।੨। ਸਫਲੁ = ਕਾਮਯਾਬ। ਪਰਵਾਣੁ = ਕਬੂਲ। ਤਾ ਕਾ = ਉਸ (ਮਨੁੱਖ) ਦਾ। ਨਿਕਟਿ = ਨੇੜੇ। ਕਰਿ = ਕਰ ਕੇ। ਨਿਕਟਿ ਕਰਿ = ਨੇੜੇ = ਵੱਸਦਾ। ਜਾਣੁ = ਸਮਝ ਲੈ। ਭਾਇ = ਪ੍ਰੇਮ ਨਾਲ {ਭਾਉ = ਪ੍ਰੇਮ}। ਕੀਰਤਨਿ = ਕੀਰਤਨ ਵਿਚ। ਸੋਇਆ = ਸੁੱਤਾ ਹੋਇਆ, ਗ਼ਾਫ਼ਲ ਹੋਇਆ ਹੋਇਆ।੩। ਆਧਾਰੁ = ਆਸਰਾ। ਰੳਂੁ = ਰਵਉਂ, ਮੈਂ (ਭੀ) ਚੇਤੇ ਕਰਦਾ ਹਾਂ। ਸਚੁ = ਸਦਾ-ਥਿਰ। ਮਨਸਾ = ਮਨ ਦੀ ਕਾਮਨਾ। ਪੂਰਿ = ਪੂਰੀ ਕਰਦਾ ਹੈ। ਜਨ ਧੂਰਿ = ਸੇਵਕਾਂ ਦੀ ਚਰਨ = ਧੂੜ ਵਿਚ।੪। ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਿਆਰਾ ਪ੍ਰਭੂ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ, (ਇਸ ਵਾਸਤੇ) ਪ੍ਰਭੂ ਦਾ ਨਾਮ ਜਪਦਿਆਂ (ਕਿਸੇ ਕਿਸਮ ਦਾ) ਕੋਈ ਵਿਘਨ (ਨਾਮ ਜਪਣ ਵਾਲੇ ਉਤੇ ਆਪਣਾ) ਜ਼ੋਰ ਨਹੀਂ ਪਾ ਸਕਦਾ।੧।ਰਹਾਉ। (ਹੇ ਭਾਈ! ਗੁਰੂ ਦੇ ਦੱਸੇ ਰਸਤੇ ਉਤੇ ਤੁਰਨ ਵਾਲੇ) ਸੰਤ ਜਨਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ, ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਮੈਂ (ਭੀ) ਪਰਮਾਤਮਾ ਦੇ ਗੁਣ ਗਾਂਦਾ ਹਾਂ। ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ। ਵੱਡੇ ਭਾਗਾਂ ਵਾਲੇ ਬੰਦੇ (ਹੀ) ਸੰਤ ਜਨਾਂ ਦੀ ਸਰਨ ਪੈਂਦੇ ਹਨ।੧। ਹੇ ਭਾਈ! ਪਰਮਾਤਮਾ ਜਦੋਂ (ਕਿਸੇ ਮਨੁੱਖ ਉੱਤੇ) ਦਇਆਵਾਨ ਹੁੰਦਾ ਹੈ, (ਤਾਂ ਉਸ ਮਨੁੱਖ ਨੂੰ) ਗੁਰੂ ਦੇ (ਦੱਸੇ ਰਾਹ ਉਤੇ ਤੁਰਨ ਵਾਲੇ) ਸੇਵਕਾਂ ਦੇ ਚਰਨਾਂ ਦੀ ਧੂੜ ਬਣਾਂਦਾ ਹੈ। ਪਰਮਾਤਮਾ ਦਾ ਅਮੋਲਕ ਨਾਮ ਉਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਉਸ ਦੇ ਸਰੀਰ ਵਿਚੋਂ ਕਾਮ ਚਲਾ ਜਾਂਦਾ ਹੈ ਕ੍ਰੋਧ ਚਲਾ ਜਾਂਦਾ ਹੈ।੨। ਹੇ ਭਾਈ! ਪਰਮਾਤਮਾ ਨੂੰ (ਹਰ ਵੇਲੇ ਆਪਣੇ) ਨੇੜੇ ਵੱਸਦਾ ਸਮਝ (ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝਦਾ ਹੈ) ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ (ਪ੍ਰਭੂ-ਦਰ ਤੇ) ਕਬੂਲ ਪੈ ਜਾਂਦੀ ਹੈ। ਉਹ ਮਨੁੱਖ ਭਗਤੀ-ਭਾਵ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੱਗ ਪੈਂਦਾ ਹੈ, ਅਤੇ ਅਨੇਕਾਂ ਜਨਮਾਂ ਤੋਂ (ਮਾਇਆ ਦੀ ਘੂਕੀ ਵਿਚ) ਸੁੱਤਾ ਹੋਇਆ ਜਾਗ ਪੈਂਦਾ ਹੈ।੩। ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ (ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਵਾਲੇ) ਸੇਵਕਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੇ ਹਨ। ਮੈਂ ਭੀ (ਸੇਵਕਾਂ ਦੀ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਦੇ ਗੁਣ ਗਾਂਦਾ ਹਾਂ, (ਇਸੇ ਉੱਦਮ ਨੂੰ ਜ਼ਿੰਦਗੀ ਦਾ) ਸਦਾ ਕਾਇਮ ਰਹਿਣ ਵਾਲਾ ਵਣਜ ਸਮਝਦਾ ਹਾਂ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੇ ਮਨ ਦੀ ਕਾਮਨਾ ਪੂਰੀ ਕਰਦਾ ਹੈ। (ਪ੍ਰਭੂ ਦਾ ਸੇਵਕ) ਸੰਤ ਜਨਾਂ ਦੀ ਚਰਨ-ਧੂੜ ਵਿਚ ਆਤਮਕ ਆਨੰਦ ਪ੍ਰਾਪਤ ਕਰਦਾ ਹੈ।੪।੨੦।੨੨।੬।੨੮। ਅੰਕਾਂ ਦਾ ਵੇਰਵਾ- ਨੰ:
੪ --- ਇਸ ਸ਼ਬਦ ਦੇ ਚਾਰ ਬੰਦ ਹਨ। ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਰਿ ਨਮਸਕਾਰ ਪੂਰੇ ਗੁਰਦੇਵ ॥ ਸਫਲ ਮੂਰਤਿ ਸਫਲ ਜਾ ਕੀ ਸੇਵ ॥ ਅੰਤਰਜਾਮੀ ਪੁਰਖੁ ਬਿਧਾਤਾ ॥ ਆਠ ਪਹਰ ਨਾਮ ਰੰਗਿ ਰਾਤਾ ॥੧॥ ਗੁਰੁ ਗੋਬਿੰਦ ਗੁਰੂ ਗੋਪਾਲ ॥ ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥ ਪਾਤਿਸਾਹ ਸਾਹ ਉਮਰਾਉ ਪਤੀਆਏ ॥ ਦੁਸਟ ਅਹੰਕਾਰੀ ਮਾਰਿ ਪਚਾਏ ॥ ਨਿੰਦਕ ਕੈ ਮੁਖਿ ਕੀਨੋ ਰੋਗੁ ॥ ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥ ਸੰਤਨ ਕੈ ਮਨਿ ਮਹਾ ਅਨੰਦੁ ॥ ਸੰਤ ਜਪਹਿ ਗੁਰਦੇਉ ਭਗਵੰਤੁ ॥ ਸੰਗਤਿ ਕੇ ਮੁਖ ਊਜਲ ਭਏ ॥ ਸਗਲ ਥਾਨ ਨਿੰਦਕ ਕੇ ਗਏ ॥੩॥ ਸਾਸਿ ਸਾਸਿ ਜਨੁ ਸਦਾ ਸਲਾਹੇ ॥ ਪਾਰਬ੍ਰਹਮ ਗੁਰ ਬੇਪਰਵਾਹੇ ॥ ਸਗਲ ਭੈ ਮਿਟੇ ਜਾ ਕੀ ਸਰਨਿ ॥ ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥ ਜਨ ਕੀ ਨਿੰਦਾ ਕਰੈ ਨ ਕੋਇ ॥ ਜੋ ਕਰੈ ਸੋ ਦੁਖੀਆ ਹੋਇ ॥ ਆਠ ਪਹਰ ਜਨੁ ਏਕੁ ਧਿਆਏ ॥ ਜਮੂਆ ਤਾ ਕੈ ਨਿਕਟਿ ਨ ਜਾਏ ॥੫॥ ਜਨ ਨਿਰਵੈਰ ਨਿੰਦਕ ਅਹੰਕਾਰੀ ॥ ਜਨ ਭਲ ਮਾਨਹਿ ਨਿੰਦਕ ਵੇਕਾਰੀ ॥ ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥ ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥ ਸੁਣਿ ਸਾਜਨ ਮੇਰੇ ਮੀਤ ਪਿਆਰੇ ॥ ਸਤਿ ਬਚਨ ਵਰਤਹਿ ਹਰਿ ਦੁਆਰੇ ॥ ਜੈਸਾ ਕਰੇ ਸੁ ਤੈਸਾ ਪਾਏ ॥ ਅਭਿਮਾਨੀ ਕੀ ਜੜ ਸਰਪਰ ਜਾਏ ॥੭॥ ਨੀਧਰਿਆ ਸਤਿਗੁਰ ਧਰ ਤੇਰੀ ॥ ਕਰਿ ਕਿਰਪਾ ਰਾਖਹੁ ਜਨ ਕੇਰੀ ॥ ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥ ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥ {ਪੰਨਾ 869} ਪਦਅਰਥ: ਕਰਿ ਨਮਸਕਾਰ = ਸਿਰ ਨਿਵਾਇਆ ਕਰ। ਸਫਲ = ਫਲ ਦੇਣ ਵਾਲੀ, ਜੀਵਨ = ਮਨੋਰਥ ਪੂਰਾ ਕਰਨ ਵਾਲੀ। ਸਫਲ ਮੂਰਤਿ = ਉਹ ਗੁਰੂ ਜਿਸ ਦਾ ਦਰਸਨ ਜੀਵਨ = ਮਨੋਰਥ ਪੂਰਾ ਕਰਦਾ ਹੈ। ਜਾ ਕੀ = ਜਿਸ (ਗੁਰੂ) ਦੀ। ਸੇਵ = ਸੇਵਾ, ਸਰਨ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ (ਪ੍ਰਭੂ) । ਪੁਰਖੁ = ਸਰਬ = ਵਿਆਪਕ। ਬਿਧਾਤਾ = ਪੈਦਾ ਕਰਨ ਵਾਲਾ। ਨਾਮ ਰੰਗਿ = (ਪ੍ਰਭੂ ਦੇ) ਨਾਮ ਦੇ ਰੰਗ ਵਿਚ। ਰਾਤਾ = ਰੰਗਿਆ ਹੋਇਆ।੧। ਕਉ = ਨੂੰ। ਰਾਖਨਹਾਰ = ਬਚਾਣ ਵਾਲਾ।੧।ਰਹਾਉ। ਉਮਰਾਉ = ਅਮੀਰ। ਪਤੀਆਏ = ਤਸੱਲੀ ਕਰ ਦੇਂਦਾ ਹੈ, ਪ੍ਰੀਤ ਬਣਾ ਦੇਂਦਾ ਹੈ। ਦੁਸਟ = ਭੈੜੇ। ਮਾਰਿ = ਆਤਮਕ ਮੌਤੇ ਮਾਰ ਕੇ। ਪਚਾਏ = ਖ਼ੁਆਰ ਕਰਦਾ ਹੈ। ਕੈ ਮੁਖਿ = ਦੇ ਮੂੰਹ ਵਿਚ। ਰੋਗੁ = (ਨਿੰਦਾ ਦੀ) ਬੀਮਾਰੀ। ਜੈ ਜੈਕਾਰੁ = (ਹਰ ਵੇਲੇ) ਸੋਭਾ। ਸਭੁ ਲੋਗੁ = ਸਾਰਾ ਜਗਤ।੨। ਕੈ ਮਨਿ = ਦੇ ਮਨ ਵਿਚ। ਜਪਹਿ = ਜਪਦੇ ਹਨ। ਭਗਵੰਤੁ = ਭਾਗਾਂ ਵਾਲਾ। ਸੰਗਤਿ ਕੇ ਮੁਖ = ਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ। ਊਜਲ = ਰੌਸ਼ਨ।੩। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਲਾਹੇ = ਵਡਿਆਈ ਕਰਦਾ ਹੈ। ਬੇਪਰਵਾਹ = ਬੇ = ਮੁਥਾਜ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਜਾ ਕੀ = ਜਿਸ (ਗੁਰੂ) ਦੀ। ਸਭਿ = ਸਾਰੇ। ਪਾਏ ਧਰਨਿ = ਧਰਤੀ ਉਤੇ ਪਾ ਦੇਂਦਾ ਹੈ, ਨੀਵੇਂ ਆਚਰਨ ਦੇ ਟੋਏ ਵਿਚ ਸੁੱਟ ਦੇਂਦਾ ਹੈ। ਮਾਰਿ = ਮਾਰ ਕੇ, ਦੁਰਕਾਰ ਕੇ।੪। ਕੋਇ = ਕੋਈ ਭੀ ਮਨੁੱਖ। ਜਨੁ = ਪ੍ਰਭੂ ਦਾ ਸੇਵਕ। ਏਕੁ = ਇਕ ਪ੍ਰਭੂ ਨੂੰ। ਤਾ ਕੈ ਨਿਕਟਿ = ਉਸ ਦੇ ਨੇੜੇ।੫। ਜਨ = ਪ੍ਰਭੂ ਦੇ ਸੇਵਕ {ਲਫ਼ਜ਼ 'ਜਨੁ' ਅਤੇ 'ਜਨ' ਦਾ ਫ਼ਰਕ ਵੇਖੋ}। ਭਲ ਮਾਨਹਿ = ਸਭ ਦਾ ਭਲਾ ਮੰਗਦੇ ਹਨ। ਵੇਕਾਰੀ = ਵਿਕਾਰਾਂ ਵਿਚ ਮੰਦਾ ਚਿਤਵਨ ਦੇ ਕੁਕਰਮਾਂ ਵਿਚ। ਕੈ ਸਿਖਿ = ਦੇ ਸਿੱਖ ਨੇ। ਉਬਰੇ = ਬਚ ਜਾਂਦੇ ਹਨ। ਨਰਕਿ = ਨਰਕ ਵਿਚ।੬। ਸਾਜਨ = ਹੇ ਸੱਜਣ! ਸਤਿ = {सत्य} ਅਟੱਲ, ਸਦਾ ਕਾਇਮ ਰਹਿਣ ਵਾਲਾ। ਵਰਤਹਿ = ਵਰਤਦੇ ਹਨ, ਵਾਪਰਦੇ ਹਨ। ਦੁਆਰੇ = ਦੁਆਰਿ, ਦਰ ਤੇ। ਸੁ = ਉਹ (ਮਨੁੱਖ) । ਸਰਪਰ = ਜ਼ਰੂਰ।੭। ਨੀਧਰਿਆ = ਨਿਆਸਰਿਆਂ ਨੂੰ। ਧਰ = ਆਸਰਾ। ਸਤਿਗੁਰ = ਹੇ ਗੁਰੂ! ਰਾਖਹੁ = ਤੂੰ ਰੱਖਦਾ ਹੈਂ। ਕੈ ਸਿਮਰਨਿ = ਦੇ ਸਿਮਰਨ ਨੇ। ਪੈਜ = ਲਾਜ।੮। ਅਰਥ: ਹੇ ਭਾਈ! ਗੁਰੂ ਗੋਬਿੰਦ (ਦਾ ਰੂਪ) ਹੈ, ਗੁਰੂ ਗੋਪਾਲ (ਦਾ ਰੂਪ) ਹੈ, ਜੋ ਆਪਣੇ ਸੇਵਕ ਨੂੰ (ਨਿੰਦਾ ਆਦਿਕ ਤੋਂ) ਬਚਾਣ-ਜੋਗਾ ਹੈ।੧।ਰਹਾਉ। ਹੇ ਭਾਈ! ਪੂਰੇ ਸਤਿਗੁਰੂ ਅੱਗੇ ਸਦਾ ਸਿਰ ਨਿਵਾਇਆ ਕਰ, ਉਸ ਦਾ ਦਰਸ਼ਨ ਜੀਵਨ-ਮਨੋਰਥ ਪੂਰਾ ਕਰਦਾ ਹੈ, ਉਸ ਦੀ ਸਰਨ ਪਿਆਂ ਜੀਵਨ ਸਫਲ ਹੋ ਜਾਂਦਾ ਹੈ। ਹੇ ਭਾਈ! ਗੁਰੂ ਉਸ ਪ੍ਰਭੂ ਦੇ ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ਜੇਹੜਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਜੇਹੜਾ ਸਭ ਵਿਚ ਵਿਆਪਕ ਹੈ ਅਤੇ ਜੇਹੜਾ ਸਭ ਦਾ ਪੈਦਾ ਕਰਨ ਵਾਲਾ ਹੈ।੧। ਹੇ ਭਾਈ! ਗੁਰੂ ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੱਕਾ ਕਰ ਦੇਂਦਾ ਹੈ ਉਹ ਆਤਮਕ ਮੰਡਲ ਵਿਚ ਸ਼ਾਹ ਪਾਤਿਸ਼ਾਹ ਤੇ ਅਮੀਰ ਬਣ ਜਾਂਦੇ ਹਨ। ਦੁਸ਼ਟਾਂ ਅਹੰਕਾਰੀਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਦਰ ਦਰ ਭਟਕਣ ਦੇ ਰਾਹੇ ਪਾ ਦੇਂਦਾ ਹੈ। (ਸੇਵਕ ਦੀ) ਨਿੰਦਾ ਕਰਨ ਵਾਲੇ ਮਨੁੱਖ ਦੇ ਮੂੰਹ ਵਿਚ (ਨਿੰਦਾ ਕਰਨ ਦੀ) ਬੀਮਾਰੀ ਹੀ ਬਣ ਜਾਂਦੀ ਹੈ, ਸਾਰਾ ਜਗਤ (ਉਸ ਮਨੁੱਖ ਦੀ) ਸਦਾ ਸੋਭਾ ਕਰਦਾ ਹੈ (ਜੋ ਗੁਰੂ ਦੀ ਸਰਨ ਪਿਆ ਰਹਿੰਦਾ ਹੈ) ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ) ਸੰਤ ਜਨਾਂ ਦੇ ਮਨ ਵਿਚ ਬੜਾ ਆਤਮਕ ਆਨੰਦ ਬਣਿਆ ਰਹਿੰਦਾ ਹੈ, ਸੰਤ ਜਨ ਗੁਰੂ ਨੂੰ ਭਗਵਾਨ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ। ਗੁਰੂ ਦੇ ਪਾਸ ਰਹਿਣ ਵਾਲੇ ਸੇਵਕਾਂ ਦੇ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਜਾਂਦੇ ਹਨ ਪਰ ਨਿੰਦਾ ਕਰਨ ਵਾਲੇ ਮਨੁੱਖ ਦੇ (ਲੋਕ ਪਰਲੋਕ) ਸਾਰੇ ਹੀ ਥਾਂ ਹੱਥੋਂ ਚਲੇ ਜਾਂਦੇ ਹਨ।੩। (ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ) ਸੇਵਕ ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਅਤੇ ਬੇ-ਮੁਥਾਜ ਗੁਰੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ। ਹੇ ਭਾਈ! ਜਿਸ ਗੁਰੂ ਦੀ ਸਰਨ ਪਿਆਂ ਸਾਰੇ ਡਰ-ਸਹਿਮ ਦੂਰ ਹੋ ਜਾਂਦੇ ਹਨ, ਉਹ ਗੁਰੂ ਸੇਵਕਾਂ ਦੀ ਨਿੰਦਾ ਕਰਨ ਵਾਲੇ ਬੰਦਿਆਂ ਨੂੰ (ਆਪਣੇ ਦਰ ਤੋਂ) ਦੁਰਕਾਰ ਕੇ ਨੀਵੇਂ ਆਚਰਨ ਦੇ ਟੋਏ ਵਿਚ ਸੁੱਟ ਦੇਂਦਾ ਹੈ (ਭਾਵ, ਨਿੰਦਕਾਂ ਨੂੰ ਗੁਰੂ ਦਾ ਦਰ ਪਸੰਦ ਨਹੀਂ ਆਉਂਦਾ। ਸਿੱਟਾ ਇਹ ਨਿਕਲਦਾ ਹੈ ਕਿ ਗੁਰੂ-ਦਰ ਤੋਂ ਖੁੰਝ ਕੇ ਨਿੰਦਾ ਵਿਚ ਪੈ ਕੇ ਉਹ ਆਚਰਨ ਵਿਚ ਹੋਰ ਨੀਵੇਂ ਹੋਰ ਨੀਵੇਂ ਹੁੰਦੇ ਜਾਂਦੇ ਹਨ।੪। (ਇਸ ਵਾਸਤੇ, ਹੇ ਭਾਈ!) ਗੁਰੂ ਦੇ ਸੇਵਕ ਦੀ ਨਿੰਦਾ ਕਿਸੇ ਭੀ ਮਨੁੱਖ ਨੂੰ ਕਰਨੀ ਨਹੀਂ ਚਾਹੀਦੀ। ਜੇਹੜਾ ਭੀ ਮਨੁੱਖ (ਭਲਿਆਂ ਦੀ ਨਿੰਦਾ) ਕਰਦਾ ਹੈ ਉਹ ਆਪ ਦੁੱਖੀ ਰਹਿੰਦਾ ਹੈ। ਗੁਰੂ ਦਾ ਸੇਵਕ ਤਾਂ ਹਰ ਵੇਲੇ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ, ਜਮ-ਰਾਜ ਭੀ ਉਸ ਦੇ ਨੇੜੇ ਨਹੀਂ ਢੁਕਦਾ।੫। ਹੇ ਭਾਈ! ਗੁਰੂ ਦੇ ਸੇਵਕ ਕਿਸੇ ਨਾਲ ਵੈਰ ਨਹੀਂ ਰੱਖਦੇ, ਪਰ ਉਹਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਅਹੰਕਾਰ ਵਿਚ ਡੁੱਬੇ ਰਹਿੰਦੇ ਹਨ। ਸੇਵਕ ਤਾਂ ਸਭ ਦਾ ਭਲਾ ਮੰਗਦੇ ਹਨ, ਨਿੰਦਾ ਕਰਨ ਵਾਲੇ ਮਨੁੱਖ ਉਹਨਾਂ ਦਾ ਮੰਦਾ ਚਿਤਵਨ ਦੇ ਕੁਕਰਮਾਂ ਵਿਚ ਫਸੇ ਰਹਿੰਦੇ ਹਨ। ਹੇ ਭਾਈ! ਗੁਰੂ ਦੇ ਸਿੱਖ ਨੇ ਤਾਂ ਸਦਾ ਆਪਣੇ ਗੁਰੂ (ਦੇ ਚਰਨਾਂ) ਵਿਚ ਸੁਰਤਿ ਜੋੜੀ ਹੁੰਦੀ ਹੈ। (ਇਸ ਵਾਸਤੇ) ਸੇਵਕ ਤਾਂ (ਨਿੰਦਾ ਆਦਿਕ ਦੇ ਨਰਕ ਵਿਚੋਂ) ਬਚ ਨਿਕਲਦੇ ਹਨ, ਪਰ ਨਿੰਦਕ (ਆਪਣੇ ਆਪ ਨੂੰ ਇਸ) ਨਰਕ ਵਿਚ ਪਾਈ ਰੱਖਦੇ ਹਨ।੬। ਹੇ ਮੇਰੇ ਸੱਜਣ! ਹੇ ਪਿਆਰੇ ਮਿੱਤਰ! ਸੁਣ (ਮੈਂ ਤੈਨੂੰ ਉਹ) ਅਟੱਲ ਨਿਯਮ (ਦੱਸਦਾ ਹਾਂ ਜੋ) ਪਰਮਾਤਮਾ ਦੇ ਦਰ ਤੇ (ਸਦਾ) ਵਾਪਰਦੇ ਹਨ। (ਉਹ ਅਟੱਲ ਨਿਯਮ ਇਹ ਹਨ ਕਿ) ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਫਲ ਪਾ ਲੈਂਦਾ ਹੈ। ਅਹੰਕਾਰੀ ਮਨੁੱਖ ਦੀ ਜੜ੍ਹ ਜ਼ਰੂਰ (ਵੱਢੀ) ਜਾਂਦੀ ਹੈ।੭। ਹੇ ਸਤਿਗੁਰੂ! ਨਿਆਸਰੇ ਬੰਦਿਆਂ ਨੂੰ ਤੇਰਾ ਹੀ ਆਸਰਾ ਹੈ। ਤੂੰ ਮੇਹਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈਂ। ਹੇ ਨਾਨਕ! ਆਖ-ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਦੀ ਓਟ ਚਿਤਾਰਨ ਨੇ ਮੇਰੀ ਇੱਜ਼ਤ ਰੱਖ ਲਈ (ਤੇ, ਮੈਨੂੰ ਨਿੰਦਾ ਆਦਿਕ ਤੋਂ ਬਚਾ ਰੱਖਿਆ) ।੮।੧।੨੯। ਨੋਟ: ਇਹ ਇੱਕੋ ਹੀ ਅਸਟਪਦੀ ਹੈ, ਪਰ ਸਿਰਲੇਖ ਵਿਚ ਲਫ਼ਜ਼ 'ਅਸਟਪਦੀਆ' (ਬਹੁ-ਵਚਨ) ਦਰਜ ਹੈ। |
Sri Guru Granth Darpan, by Professor Sahib Singh |