ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 870 ਰਾਗੁ ਗੋਂਡ ਬਾਣੀ ਭਗਤਾ ਕੀ ॥ ਕਬੀਰ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥ ਬਾਬਾ ਬੋਲਨਾ ਕਿਆ ਕਹੀਐ ॥ ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥ ਸੰਤਨ ਸਿਉ ਬੋਲੇ ਉਪਕਾਰੀ ॥ ਮੂਰਖ ਸਿਉ ਬੋਲੇ ਝਖ ਮਾਰੀ ॥੨॥ ਬੋਲਤ ਬੋਲਤ ਬਢਹਿ ਬਿਕਾਰਾ ॥ ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥ ਕਹੁ ਕਬੀਰ ਛੂਛਾ ਘਟੁ ਬੋਲੈ ॥ ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥ {ਪੰਨਾ 870} ਪਦਅਰਥ: ਅਸੰਤੁ = ਅ = ਸੰਤੁ, ਜੋ ਸੰਤ ਨਹੀਂ, ਮੰਦਾ ਮਨੁੱਖ। ਮਸਟਿ = ਚੁੱਪ।੧। ਕਿਆ ਬੋਲਨਾ = ਕਿਹੋ ਜਿਹੀ ਗੱਲ = ਬਾਤ? ਜੈਸੇ = ਜਿਸ ਦਾ ਸਦਕਾ। ਰਵਿ ਰਹੀਐ = ਜੁੜੇ ਰਹੀਏ।੧।ਰਹਾਉ। ਬੋਲੇ = ਬੋਲਿਆਂ। ਉਪਕਾਰੀ = ਭਲਾਈ ਦੀ ਗੱਲ। ਝਖ ਮਾਰੀ = ਵਿਅਰਥ ਖਪ = ਖਪਾ।੨। ਬੋਲਤ = (ਅਸੰਤ ਨਾਲ) ਬੋਲਦਿਆਂ। ਬਢਹਿ = ਵਧਦੇ ਹਨ। ਬਿਨੁ ਬੋਲੇ = ਜੇ (ਸੰਤ ਨਾਲ ਭੀ) ਨਾਹ ਬੋਲੀਏ। ਬਿਚਾਰਾ = ਵਿਚਾਰ ਦੀ ਗੱਲ।੩। ਛੂਛਾ = (ਗੁਣਾਂ ਤੋਂ) ਸੱਖਣਾ। ਬੋਲੈ = ਬਹੁਤੀਆਂ ਫ਼ਾਲਤੂ ਗੱਲਾਂ ਕਰਦਾ ਹੈ। ਭਰਿਆ = ਜੋ ਗੁਣਵਾਨ ਹੈ।੪। ਅਰਥ: ਹੇ ਭਾਈ! ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ, ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ?।੧।ਰਹਾਉ। {ਨੋਟ: ਬਾਕੀ ਦੇ ਸਾਰੇ ਸ਼ਬਦ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।} ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ। ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ।੧। (ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ, ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ।੨। (ਫਿਰ) ਜਿਉਂ ਜਿਉਂ (ਮੂਰਖ ਨਾਲ) ਗੱਲਾਂ ਕਰੀਏ (ਉਸ ਦੇ ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ; (ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ ਨਹੀਂ ਚਾਹੀਦਾ) । ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ, ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ) ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ?।੩। ਹੇ ਕਬੀਰ! ਸੱਚੀ ਗੱਲ ਇਹ ਹੈ ਕਿ (ਜਿਵੇਂ) ਖ਼ਾਲੀ ਘੜਾ ਬੋਲਦਾ ਹੈ, ਜੇ ਉਹ (ਪਾਣੀ ਨਾਲ) ਭਰਿਆ ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ ਹੀ ਕਰਦਾ ਹੈ। ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਸੋ, ਜਗਤ ਵਿਚ ਕੋਈ ਐਸਾ ਉੱਦਮ ਕਰੀਏ, ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ, ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ) ।੪।੧। ਸ਼ਬਦ ਦਾ ਭਾਵ: ਭਲਿਆਂ ਦੀ ਸੰਗਤ ਵਿਚ ਰਿਹਾਂ ਭਲਾਈ ਸਿੱਖੀਦੀ ਹੈ, ਤੇ ਪਰਮਾਤਮਾ ਵਾਲੇ ਪਾਸੇ ਦੀ ਲਗਨ ਬਣੀ ਰਹਿੰਦੀ ਹੈ। ਪਰ ਜੇ ਭੈੜਿਆਂ ਦੇ ਬਹਿਣੇ ਬੈਠੀਏ, ਤਾਂ ਇਕ ਤਾਂ ਉੱਥੇ ਵਿਅਰਥ ਖਪ-ਖਪਾ ਹੀ ਹੋਵੇਗਾ, ਦੂਜੇ ਵਿਕਾਰਾਂ ਵਲ ਰੁਚੀ ਬਣ ਜਾਣ ਦਾ ਖ਼ਤਰਾ ਰਹਿੰਦਾ ਹੈ। ਗੋਂਡ ॥ ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥੧॥ ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥ ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ ॥ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥ ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥ ਕਹੁ ਕਬੀਰ ਤਬ ਹੀ ਨਰੁ ਜਾਗੈ ॥ ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥ {ਪੰਨਾ 870} ਪਦਅਰਥ: ਨਰੂ = ਮਨੁੱਖ। ਦਸ ਕਾਜ = ਕਈ ਕੰਮ।੧। ਕਰਮ ਕੀ ਗਤਿ = ਜੋ ਕਰਮ ਮੈਂ ਕਰ ਰਿਹਾ ਹਾਂ ਉਹਨਾਂ ਦੀ ਹਾਲਤ, ਜੋ ਕੰਮ ਮੈਂ ਕਰੀ ਜਾ ਰਿਹਾ ਹਾਂ ਉਹਨਾਂ ਦੀ ਚੰਗਿਆਈ। ਮੈ ਕਿਆ ਜਾਨਉ = ਮੈਂ ਕੀਹ ਜਾਣਾਂ? ਮੈਨੂੰ ਕੀਹ ਪਤਾ? ਮੈਨੂੰ ਸਮਝ ਨਹੀਂ ਆਉਂਦੀ। ਅਪਨੇ.....ਜਾਨਉ = ਜੋ ਕੰਮ ਮੈਂ ਨਿੱਤ ਕਰੀ ਜਾ ਰਿਹਾ ਹਾਂ, ਉਹਨਾਂ ਵਿਚ ਮੈਨੂੰ ਕੋਈ ਚੰਗਿਆਈ ਨਹੀਂ ਦਿੱਸ ਰਹੀ (ਭਾਵ, ਮੈਂ ਮੰਦੇ ਕੰਮ ਹੀ ਕਰੀ ਜਾ ਰਿਹਾ ਹਾਂ) । ਰੇ ਬਾਬਾ = ਹੇ ਪਿਤਾ!।੧।ਰਹਾਉ। ਤੂਲਾ = ਗੱਠਾ। ਘਾਸ = ਘਾਹ। ਪੂਲਾ = ਮੁੱਠਾ।੨। ਜਾਗੈ = ਮੰਦੇ ਕਰਮਾਂ ਵਲੋਂ ਜਾਗ ਆਉਂਦੀ ਹੈ। ਡੰਡੁ = ਡੰਡਾ। ਮੂੰਡ ਮਹਿ = ਸਿਰ ਉੱਤੇ।੩। ਅਰਥ: ਹੇ ਬਾਬਾ! ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿੱਤ-ਕਰਮ ਕਰੀ ਜਾ ਰਿਹਾ ਹਾਂ, (ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ, ਤੇ) ਮੈਨੂੰ ਖ਼ਿਆਲ ਹੀ ਨਹੀਂ ਆਉਂਦਾ।੧।ਰਹਾਉ। (ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰ ਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ, ਮੇਰਾ ਅਸਲਾ ਤਾਂ ਇਹੀ ਹੈ ਨਾ ਕਿ) ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ (ਦਾ ਸਰੀਰ) ਕਿਸੇ ਕੰਮ ਨਹੀਂ ਆਉਂਦਾ, ਪਰ ਪਸ਼ੂ ਮਰਦਾ ਹੈ ਤਾਂ (ਫਿਰ ਭੀ ਉਸ ਦਾ ਸਰੀਰ ਮਨੁੱਖ ਦੇ) ਕਈ ਕੰਮ ਸਵਾਰਦਾ ਹੈ।੧। (ਹੇ ਬਾਬਾ! ਮੈਂ ਕਦੇ ਸੋਚਿਆ ਹੀ ਨਹੀਂ ਕਿ ਮੌਤ ਆਇਆਂ ਇਸ ਸਰੀਰ ਦੀਆਂ) ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ, ਤੇ (ਇਸ ਦੇ) ਕੇਸ ਘਾਹ ਦੇ ਪੂਲੇ ਵਾਂਘ ਸੜ ਜਾਂਦੇ ਹਨ (ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ, ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ) ।੨। ਪਰ, ਹੇ ਕਬੀਰ! ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛਤਾਉਂਦਾ ਹੈ) ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ।੩।੨। ਨੋਟ: ਸਰੀਰ ਦੀ ਅੰਤਲੀ ਦਸ਼ਾ ਦਾ ਸਹਿਜ-ਸੁਭਾਇ ਜ਼ਿਕਰ ਕਰਦੇ ਹੋਏ ਭੀ ਕਬੀਰ ਜੀ ਹਿੰਦੂ-ਮਰਯਾਦਾ ਹੀ ਦੱਸਦੇ ਹਨ ਕਿ ਮਰਨ ਤੇ ਜਿਸਮ ਅੱਗ ਦੀ ਭੇਟ ਹੋ ਜਾਂਦਾ ਹੈ। ਇਸ ਸ਼ਬਦ ਵਿਚ ਕਿਸੇ ਭੀ ਮਜ਼ਹਬ ਦੀ ਬਾਬਤ ਕੋਈ ਬਹਿਸ ਨਹੀਂ ਹੈ; ਸਧਾਰਨ ਤੌਰ ਤੇ ਇਨਸਾਨੀ ਹਾਲਤ ਬਿਆਨ ਕੀਤੀ ਹੈ। ਇਸ ਸਧਾਰਨ ਹਾਲਤ ਦੇ ਦੱਸਣ ਵਿਚ ਭੀ ਸਿਰਫ਼ ਸਾੜਨ ਦੇ ਰਿਵਾਜ ਦਾ ਜ਼ਿਕਰ ਸਾਫ਼ ਸਾਬਤ ਕਰਦਾ ਹੈ ਕਿ ਕਬੀਰ ਜੀ ਮੁਸਲਮਾਨ ਨਹੀਂ ਸਨ, ਹਿੰਦੂ ਘਰ ਵਿਚ ਜੰਮੇ-ਪਲੇ ਸਨ। ਸ਼ਬਦ ਦਾ ਭਾਵ: ਮਨੁੱਖ ਆਪਣੇ ਸਰੀਰ ਦੀ ਮਮਤਾ ਵਿਚ ਫਸ ਕੇ ਵਿਕਾਰ ਕਰਦਾ ਰਹਿੰਦਾ ਹੈ। ਇਹ ਕਦੇ ਭੀ ਨਹੀਂ ਸੋਚਦਾ ਕਿ ਪ੍ਰਭੂ ਦੀ ਯਾਦ ਤੋਂ ਬਿਨਾ ਇਹ ਸਰੀਰ ਤਾਂ ਪਸ਼ੂ ਦੇ ਸਰੀਰ ਨਾਲੋਂ ਭੀ ਮਾੜਾ ਹੈ, ਤੇ ਇੱਥੇ ਹੀ ਸੜ ਕੇ ਸੁਆਹ ਹੋ ਜਾਂਦਾ ਹੈ। ਮਰਨ ਵੇਲੇ ਪਛਤਾਣ ਦਾ ਕੀਹ ਲਾਭ? ਗੋਂਡ ॥ ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥ ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥੧॥ ਮੋਹਿ ਬੈਰਾਗੁ ਭਇਓ ॥ ਇਹੁ ਜੀਉ ਆਇ ਕਹਾ ਗਇਓ ॥੧॥ ਰਹਾਉ ॥ਪੰਚ ਤਤੁ ਮਿਲਿ ਕਾਇਆ ਕੀਨ੍ਹ੍ਹੀ ਤਤੁ ਕਹਾ ਤੇ ਕੀਨੁ ਰੇ ॥ ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥ ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥ ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥ {ਪੰਨਾ 870} ਪਦਅਰਥ: ਆਕਾਸਿ = ਅਕਾਸ਼ ਵਿਚ। ਗਗਨੁ = ਚੇਤਨ = ਸੱਤਾ, ਉਹ ਚੇਤੰਨਤਾ ਜੋ ਸਾਰੇ ਜਗਤ ਦੀ ਸੱਤਿਆ ਦਾ ਮੂਲ ਹੈ। ਪਾਤਾਲਿ = ਪਾਤਾਲ ਵਿਚ। ਚਹੁ ਦਿਸਿ = ਚਵ੍ਹੀਂ ਪਾਸੀਂ। ਰਹਾਇਲੇ = ਮੌਜੂਦ ਹੈ। ਮੂਲੁ = ਕਾਰਨ, ਮੁੱਢ। ਘਟੁ = ਸਰੀਰ। ਨ ਜਾਇਲੇ = ਨਾਸ ਨਹੀਂ ਹੁੰਦੀ ਹੈ।੧। ਮੋਹਿ = ਮੈਨੂੰ। ਬੈਰਾਗੁ = ਭਇਓ = (ਹੋਰਨਾਂ ਗੱਲਾਂ ਵਲੋਂ) ਉਪਰਾਮਤਾ ਹੋ ਰਹੀ ਹੈ, ਮੈਨੂੰ ਹੋਰ ਗੱਲਾਂ ਗ਼ੈਰ = ਜ਼ਰੂਰੀ ਜਾਪਦੀਆਂ ਹਨ; ਹੋਰਨਾਂ ਗੱਲਾਂ ਵੱਲੋਂ ਹਟ ਕੇ ਮੈਨੂੰ ਇਹ ਸੋਚ ਫੁਰ ਰਹੀ ਹੈ ਕਿ। ਜੀਉ = ਜੀਵਾਤਮਾ। ਇਹੁ......ਗਇਓ = ਕਹਾ ਤੇ ਇਹ ਜੀਉ ਆਇ ਕਹਾ ਗਇਓ? ਨਾਹ ਕਿਤੋਂ ਆਉਂਦਾ ਹੈ ਨਾਹ ਕਿਤੇ ਜਾਂਦਾ ਹੈ, ਇਹ ਜੀਵਾਤਮਾ ਕਦੇ ਮਰਦੀ ਨਹੀਂ।੧।ਰਹਾਉ। ਕਾਇਆ = ਸਰੀਰ। ਰੇ = ਹੇ ਭਾਈ! ਤਤੁ = ਹਵਾ, ਅੱਗ, ਮਿੱਟੀ ਆਦਿਕ ਤੱਤ ਜੋ ਜਗਤ = ਰਚਨਾ ਦਾ ਮੂਲ਼ ਹਨ। ਕਰਮ ਬਧ = ਪਿਛਲੇ ਕੀਤੇ ਕਰਮਾਂ ਦਾ ਬੱਝਾ ਹੋਇਆ। ਕਰਮਹਿ = ਕਰਮਾਂ ਨੂੰ। ਕਿਨਿ = (ਚੇਤਨ = ਸੱਤਾ ਬਿਨਾ ਹੋਰ) ਕਿਸ ਨੇ? ਜੀਉ ਦੀਨੁ = ਵਜੂਦ ਦਿੱਤਾ, ਹਸਤੀ ਵਿਚ ਲਿਆਂਦਾ।੨। ਨਿਰੰਤਰਿ = ਅੰਦਰ ਇੱਕ = ਰਸ। ਸੋਇ = ਉਹ ਗਗਨ ਹੀ, ਉਹ ਚੇਤਨ = ਸੱਤਾ ਹੀ। ਸਹਜੇ......ਹੋਇ = (ਇਹ ਯਕੀਨ ਬਣ ਜਾਂਦਾ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ (ਰਜ਼ਾ = ਅਨੁਸਾਰ) ਸੁਤੇ ਹੀ ਹੋ ਰਿਹਾ ਹੈ।੩। ਅਰਥ: ਮੇਰਾ ਨਿਸ਼ਚਾ ਹੁਣ ਇਸ ਗੱਲ ਉੱਤੇ ਟਿਕ ਗਿਆ ਹੈ ਕਿ ਇਹ ਜਿੰਦ ਕਦੇ ਮਰਦੀ ਨਹੀਂ (ਕਿਉਂਕਿ ਇਹ ਜਿੰਦ ਉਸ ਸਰਬ-ਵਿਆਪਕ ਸਦਾ-ਥਿਰ ਚੇਤਨ-ਸੱਤਾ ਦਾ ਅੰਸ਼ ਹੈ) ।੧।ਰਹਾਉ। (ਇਹ ਜਿੰਦ ਜਿਸ ਦਾ ਅੰਸ਼ ਹੈ ਉਹ) ਚੇਤਨ-ਸੱਤਾ ਅਕਾਸ਼ ਤੋਂ ਪਤਾਲ ਤੱਕ ਹਰ ਪਾਸੇ ਮੌਜੂਦ ਹੈ, ਉਹੀ (ਜੀਵਾਂ ਦੇ) ਸੁਖ ਦਾ ਮੂਲ-ਕਾਰਨ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ, ਉਹ ਹੀ (ਹੈ ਜਿਸ ਨੂੰ) ਉੱਤਮ ਪੁਰਖ (ਪਰਮਾਤਮਾ ਕਹੀਦਾ) ਹੈ। (ਜੀਵਾਂ ਦਾ) ਸਰੀਰ ਨਾਸ ਹੋ ਜਾਂਦਾ ਹੈ, ਪਰ (ਸਰੀਰ ਵਿਚ ਵੱਸਦੀ ਜਿੰਦ ਦਾ ਸੋਮਾ) ਚੇਤਨ-ਸੱਤਾ ਨਾਸ ਨਹੀਂ ਹੁੰਦੀ।੧। ਪੰਜਾਂ ਤੱਤਾਂ ਨੇ ਮਿਲ ਕੇ ਇਹ ਸਰੀਰ ਬਣਾਇਆ ਹੈ (ਪਰ ਇਹਨਾਂ ਤੱਤਾਂ ਦੀ ਭੀ ਕੋਈ ਵੱਖਰੀ ਹਸਤੀ ਨਹੀਂ ਹੈ) , ਇਹ ਤੱਤ ਭੀ ਹੋਰ ਕਿੱਥੋਂ ਬਣਨੇ ਸਨ? (ਇਹ ਭੀ ਚੇਤਨ-ਸੱਤਾ ਤੋਂ ਹੀ ਬਣੇ ਹਨ) । ਤੁਸੀ ਲੋਕ, ਹੇ ਭਾਈ! ਇਹ ਆਖਦੇ ਹੋ ਕਿ ਜੀਵਾਤਮਾ ਕੀਤੇ ਕਰਮਾਂ ਕਰਮਾਂ ਦਾ ਬੱਝਾ ਹੋਇਆ ਹੈ, (ਪਰ ਅਸਲ ਗੱਲ ਇਹ ਹੈ ਕਿ) ਕਰਮਾਂ ਨੂੰ ਭੀ ਪਹਿਲਾਂ ਚੇਤਨ-ਸੱਤਾ ਤੋਂ ਬਿਨਾ ਹੋਰ ਕਿਸ ਨੇ ਵਜੂਦ ਵਿਚ ਲਿਆਉਣਾ ਸੀ? (ਭਾਵ, ਕਰਮਾਂ ਨੂੰ ਭੀ ਪਹਿਲਾਂ ਇਹ ਚੇਤਨ-ਸੱਤਾ ਹੀ ਵਜੂਦ ਵਿਚ ਲਿਆਉਂਦੀ ਹੈ) ।੨। ਹੇ ਭਾਈ! ਉਸ ਚੇਤਨ-ਸੱਤਾ ਪ੍ਰਭੂ ਦੇ ਅੰਦਰ ਇਹ (ਜੀਵਾਂ ਦਾ) ਸਰੀਰ ਵਜੂਦ ਵਿਚ ਆਉਂਦਾ ਹੈ, ਤੇ ਸਰੀਰਾਂ ਵਿਚ ਉਹ ਪ੍ਰਭੂ ਵੱਸਦਾ ਹੈ। ਸਭਨਾਂ ਦੇ ਅੰਦਰ ਉਹੀ ਹੈ, ਕਿਤੇ ਵਿੱਥ ਨਹੀਂ ਹੈ। ਸੋ, ਕਬੀਰ ਆਖਦਾ ਹੈ-ਐਸੇ ਚੇਤਨ-ਸੱਤਾ ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਭੁਲਾਵਾਂਗਾ, (ਨਾਮ ਸਿਮਰਨ ਦੀ ਬਰਕਤਿ ਨਾਲ ਹੀ ਇਹ ਸਮਝ ਆਉਂਦੀ ਹੈ ਕਿ) ਜੋ ਕੁਝ ਜਗਤ ਵਿਚ ਹੋ ਰਿਹਾ ਹੈ ਸੁਤੇ ਹੀ (ਉਸ ਚੇਤਨ-ਸੱਤਾ ਪ੍ਰਭੂ ਦੀ ਰਜ਼ਾ ਵਿਚ) ਹੋ ਰਿਹਾ ਹੈ।੩।੩। ਨੋਟ: ਰਾਗ ਸੋਰਠਿ ਵਿਚ ਰਵਿਦਾਸ ਜੀ ਲਿਖਦੇ ਹਨ- ਸਰਬੇ ਏਕੁ ਅਨੇਕੈ ਸੁਆਮੀ, ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੇ, ਸਹਜੇ ਹੋਇ ਸੁ ਹੋਈ ॥੪॥੧॥ ਇੱਥੇ ਵੇਖੋ ਕਬੀਰ ਜੀ ਦੀ ਆਖ਼ਰੀ ਤੁਕ "ਸਹਜੇ ਹੋਇ ਸੁ ਹੋਇ ਰੇ"। ਦੋਵੇਂ ਬਨਾਰਸ ਦੇ ਰਹਿਣ ਵਾਲੇ ਤੇ ਸਮ-ਕਾਲੀ ਸਨ। ਇਕ ਦੂਜੇ ਨਾਲ ਪਿਆਰ ਤੇ ਖ਼ਿਆਲਾਂ ਦੀ ਡੂੰਘੀ ਸਾਂਝ ਸੀ। ਸ਼ਬਦ ਦਾ ਭਾਵ: ਸਰਬ-ਵਿਆਪਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਜੀਵਾਤਮਾ ਉਸੇ ਦੀ ਅੰਸ਼ ਹਨ, ਜੀਵਾਂ ਦੇ ਸਰੀਰ ਨੂੰ ਬਣਾਣ ਵਾਲਾ ਭੀ ਪ੍ਰਭੂ ਹੀ ਹੈ, ਤੇ ਜੀਵਾਂ ਦੇ ਕਰਮਾਂ ਨੂੰ ਭੀ ਉਸੇ ਨੇ ਹੀ ਪਹਿਲਾਂ ਵਜੂਦ ਵਿਚ ਲਿਆਂਦਾ। ਜੋ ਕੁਝ ਹੋ ਰਿਹਾ ਹੈ, ਸੁਤੇ ਹੀ ਉਸੇ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ। ਰਾਗੁ ਗੋਂਡ ਬਾਣੀ ਕਬੀਰ ਜੀਉ ਕੀ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ ਹਸਤਿ ਭਾਗਿ ਕੈ ਚੀਸਾ ਮਾਰੈ ॥ ਇਆ ਮੂਰਤਿ ਕੈ ਹਉ ਬਲਿਹਾਰੈ ॥੧॥ ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥ ਕਾਜੀ ਬਕਿਬੋ ਹਸਤੀ ਤੋਰੁ ॥੧॥ ਰਹਾਉ ॥ ਰੇ ਮਹਾਵਤ ਤੁਝੁ ਡਾਰਉ ਕਾਟਿ ॥ ਇਸਹਿ ਤੁਰਾਵਹੁ ਘਾਲਹੁ ਸਾਟਿ ॥ ਹਸਤਿ ਨ ਤੋਰੈ ਧਰੈ ਧਿਆਨੁ ॥ ਵਾ ਕੈ ਰਿਦੈ ਬਸੈ ਭਗਵਾਨੁ ॥੨॥ ਕਿਆ ਅਪਰਾਧੁ ਸੰਤ ਹੈ ਕੀਨ੍ਹ੍ਹਾ ॥ ਬਾਂਧਿ ਪੋਟ ਕੁੰਚਰ ਕਉ ਦੀਨ੍ਹ੍ਹਾ ॥ ਕੁੰਚਰੁ ਪੋਟ ਲੈ ਲੈ ਨਮਸਕਾਰੈ ॥ ਬੂਝੀ ਨਹੀ ਕਾਜੀ ਅੰਧਿਆਰੈ ॥੩॥ ਤੀਨਿ ਬਾਰ ਪਤੀਆ ਭਰਿ ਲੀਨਾ ॥ ਮਨ ਕਠੋਰੁ ਅਜਹੂ ਨ ਪਤੀਨਾ ॥ ਕਹਿ ਕਬੀਰ ਹਮਰਾ ਗੋਬਿੰਦੁ ॥ ਚਉਥੇ ਪਦ ਮਹਿ ਜਨ ਕੀ ਜਿੰਦੁ ॥੪॥੧॥੪॥ {ਪੰਨਾ 870} ਪਦਅਰਥ: ਭੁਜਾ = ਬਾਂਹ। ਭਿਲਾ = ਢੀਮ। ਭਿਲਾ ਕਰਿ = ਢੀਮ ਬਣਾ ਕੇ, ਢੀਮ ਵਾਂਗ। ਡਾਰਿਓ = ਸੁੱਟ ਦਿੱਤਾ। ਕ੍ਰੋਧਿ = (ਮਹਾਵਤ ਨੇ) ਕ੍ਰੋਧ ਵਿਚ (ਆ ਕੇ) । ਹਸਤੀ ਮੂੰਡ ਮਹਿ = ਹਾਥੀ ਦੇ ਸਿਰ ਉੱਤੇ। ਹਉ = ਮੈਂ।੧। ਆਹਿ = ਹੈ। ਠਾਕੁਰ = ਹੇ ਠਾਕੁਰ! ਜੋਰੁ = ਤਾਣ, ਆਸਰਾ। ਬਕਿਬੋ = ਬੋਲਦਾ ਹੈ। ਤੋਰੁ = ਚੱਲਾ।੧।ਰਹਾਉ। ਰੇ = ਹੇ! ਵਾ ਕੈ = ਉਸ ਦੇ।੨। ਪੋਟ = ਪੋਟਲੀ। ਕੁੰਚਰੁ = ਹਾਥੀ। ਅੰਧਿਆਰੈ = ਹਨੇਰੇ ਵਿਚ। ਪਤੀਆ = ਪਰਤਾਵਾ, ਅਜ਼ਮਾਇਸ਼। ਪਤੀਨਾ = ਪਤੀਜਿਆ, ਤਸੱਲੀ ਹੋਈ। ਚਉਥੇ ਪਦ ਮਹਿ = ਉਸ ਅਵਸਥਾ ਵਿਚ ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ = ਚਰਨਾਂ ਵਿਚ।੪। ਅਰਥ: ਹੇ ਮੇਰੇ ਪ੍ਰਭੂ! ਕਾਜ਼ੀ ਤਾਂ ਕਹਿ ਰਿਹਾ ਹੈ ਕਿ (ਇਸ ਕਬੀਰ ਉੱਤੇ) ਹਾਥੀ ਚਾੜ੍ਹ ਦੇਹ, ਪਰ ਮੈਨੂੰ ਤੇਰਾ ਤਾਣ ਹੈ (ਸੋ, ਤੇਰੀ ਬਰਕਤਿ ਨਾਲ ਮੈਨੂੰ ਕੋਈ ਫ਼ਿਕਰ ਨਹੀਂ ਹੈ) ।੧।ਰਹਾਉ। ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਹਾਥੀ ਅੱਗੇ) ਸੁੱਟ ਦਿੱਤਾ ਹੈ, (ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਸੱਟ) ਮਾਰੀ ਹੈ। ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੇ ਥਾਂ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ, (ਜਿਵੇਂ ਆਖਦਾ ਹੈ-) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ।੧। (ਕਾਜ਼ੀ ਆਖਦਾ ਹੈ-) ਇਸ ਹਾਥੀ ਨੂੰ ਸੱਟ ਮਾਰ ਤੇ (ਕਬੀਰ ਵਲ) ਤੋਰ, ਨਹੀਂ ਤਾਂ ਮੈਂ ਤੇਰਾ ਸਿਰ ਉਤਰਾ ਦਿਆਂਗਾ। ਪਰ ਹਾਥੀ ਤੁਰਦਾ ਨਹੀਂ (ਉਹ ਤਾਂ ਇਉਂ ਦਿੱਸਦਾ ਹੈ ਜਿਵੇਂ) ਪ੍ਰਭੂ-ਚਰਨਾਂ ਵਿਚ ਮਸਤ ਹੈ (ਜਿਵੇਂ) ਉਸ ਦੇ ਹਿਰਦੇ ਵਿਚ ਪਰਮਾਤਮਾ (ਪਰਗਟ ਹੋ ਕੇ) ਵੱਸ ਰਿਹਾ ਹੈ।੨। ਮੇਰੀ ਪੋਟਲੀ ਬੰਨ੍ਹ ਕੇ (ਇਹਨਾਂ ਮੈਨੂੰ) ਹਾਥੀ ਅੱਗੇ ਸੁੱਟ ਦਿੱਤਾ, ਭਲਾ ਮੈਂ ਆਪਣੇ ਪ੍ਰਭੂ ਦੇ ਸੇਵਕ ਨੇ ਇਹਨਾਂ ਦਾ ਕੀਹ ਵਿਗਾੜ ਕੀਤਾ ਸੀ? ਪਰ ਕਾਜ਼ੀ ਨੂੰ (ਤੁਅੱਸਬ ਦੇ) ਹਨੇਰੇ ਵਿਚ ਇਹ ਸਮਝ ਹੀ ਨਹੀਂ ਆਈ, (ਤੇ ਉਧਰ) ਹਾਥੀ (ਮੇਰੇ ਸਰੀਰ ਦੀ ਬਣੀ) ਪੋਟਲੀ ਨੂੰ ਮੁੜ ਮੁੜ ਸਿਰ ਨਿਵਾ ਰਿਹਾ ਹੈ।੩। (ਕਾਜ਼ੀ ਨੇ ਹਾਥੀ ਨੂੰ ਮੇਰੇ ਉਪਰ ਚਾੜ੍ਹ ਚਾੜ੍ਹ ਕੇ) ਤਿੰਨ ਵਾਰੀ ਪਰਤਾਵਾ ਲਿਆ, ਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ। ਕਬੀਰ ਆਖਦਾ ਹੈ-(ਕਾਜ਼ੀ ਨੂੰ ਇਹ ਸਮਝ ਨਾਹ ਆਈ ਕਿ) ਸਾਡਾ (ਪ੍ਰਭੂ ਦੇ ਸੇਵਕਾਂ ਦਾ ਰਾਖਾ) ਪਰਮਾਤਮਾ ਹੈ, ਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਪ੍ਰਭੂ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ (ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ) ।੪।੧।੪। ਸ਼ਬਦ ਦਾ ਭਾਵ: ਸਿਮਰਨ ਕਰਨ ਵਾਲੇ ਬੰਦਿਆਂ ਦੀ ਸੁਰਤ ਸਦਾ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ, ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ। |
Sri Guru Granth Darpan, by Professor Sahib Singh |