ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 883

ਰਾਮਕਲੀ ਮਹਲਾ ੫ ॥ ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥ ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥ ਸੰਤਹੁ ਐਸੀ ਕਥਹੁ ਕਹਾਣੀ ॥ ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥ ਪਰਪੰਚੁ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ ॥ ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥੨॥ ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥ ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥ ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥ ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥ {ਪੰਨਾ 883}

ਪਦਅਰਥ: ਤਲਿ = ਹੇਠ। ਊਪਰਿ ਆਵਹੁ = ਉੱਚੇ ਜੀਵਨ ਵਾਲੇ ਬਣ ਜਾਉਗੇ। ਆਪਸ ਤੇ = ਆਪਣੇ ਆਪ ਨਾਲੋਂ। ਤੇ = ਤੋਂ। ਊਪਰਿ = ਸ੍ਰੇਸ਼ਟ, ਉੱਚਾ। ਤਉ = ਤਾਂ, ਤਦੋਂ।੧।ਰਹਾਉ।

ਸੰਤਹੁ = ਹੇ ਸੰਤ ਜਨੋ! ਕਥਹੁ = ਆਖੋ, ਉਚਾਰੋ। ਕਹਾਣੀ = ਸਿਫ਼ਤਿ-ਸਾਲਾਹ। ਸੁਰ = ਦੇਵਤੇ। ਨਰ = ਮਨੁੱਖ। ਦੇਵ = ਦੇਵਤੇ। ਖਿਨੁ = ਖਿਨੁ ਖਿਨੁ, ਹਰ ਵੇਲੇ, ਛਿਨ ਛਿਨ।

ਗੁਰਮੁਖਿ = ਗੁਰੂ ਦੀ ਸਰਨ ਪੈ ਕੇ।੧।ਰਹਾਉ।

ਪਰਪੰਚੁ = ਮਾਇਆ ਦਾ ਮੋਹ। ਛੋਡਿ = ਛੱਡ ਕੇ। ਸਹਜ = ਆਤਮਕ ਅਡੋਲਤਾ। ਸਹਜ ਘਰਿ = ਆਤਮਕ ਅਡੋਲਤਾ ਦੇ ਘਰ ਵਿਚ। ਬੈਸਹੁ = ਟਿਕੇ ਰਹੋ। ਨਵੈ ਨਿਧਿ = ਨੌ ਹੀ ਖ਼ਜ਼ਾਨੇ। ਇਨ ਬਿਧਿ = ਇਸ ਤਰੀਕੇ ਨਾਲ। ਤਤੁ ਬਿਲੋਈ = ਤਤੁ ਬਿਲੋਇ, ਮੱਖਣ ਰਿੜਕ ਕੇ, ਅਸਲੀਅਤ ਲੱਭ ਕੇ, ਸਹੀ ਜੀਵਨ = ਰਾਹ ਲੱਭ ਕੇ।੨।

ਭਰਮੁ = ਭਟਕਣਾ। ਚੁਕਾਵਹੁ = ਦੂਰ ਕਰੋ। ਆਤਮੁ = ਆਪਣੇ ਆਪ ਨੂੰ। ਚੀਨਹੁ = ਪਛਾਣੋ। ਭਾਈ = ਹੇ ਭਾਈ! ਨਿਕਟਿ = ਨੇੜੇ। ਹਾਜਰੁ = ਅੰਗ = ਸੰਗ ਵੱਸਦਾ। ਬੁਰਾਈ = ਭੈੜ।੩।

ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮਾਰਗੁ = (ਜ਼ਿੰਦਗੀ ਦਾ) ਰਸਤਾ। ਮੁਕਤਾ = ਖੁਲ੍ਹਾ, (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਬਚਿਆ ਹੋਇਆ) ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਧਨੁ ਧਨੁ = ਭਾਗਾਂ ਵਾਲੇ। ਸੇ ਜਨ = ਉਹ ਬੰਦੇ। ਕਲਿ ਮਹਿ = {ਨੋਟ: ਇਥੇ ਕਿਸੇ ਖ਼ਾਸ ਜੁਗ ਦਾ ਨਿਰਨਾ ਨਹੀਂ ਹੈ} ਇਸ ਕਲਿ ਵਿਚ, ਜਗਤ ਵਿਚ, ਇਸ ਜੀਵਨ ਵਿਚ। ਸਦ = ਸਦਾ।੪।

ਅਰਥ: ਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।੧।ਰਹਾਉ।

ਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ। ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ। ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ।੧।

ਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ। ਗੁਰੂ ਦੀ ਸਰਨ ਪਏ ਰਹੋ। ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ। ਬੇ-ਮੁਥਾਜ ਹੋ ਜਾਉਗੇ) ੨।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ। ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ) ੩।

ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ। ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਹੇ ਦਾਸ ਨਾਨਕ! ਆਖ-ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ।੪।੨।

ਰਾਮਕਲੀ ਮਹਲਾ ੫ ॥ ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥ ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥ ਇਹ ਬਿਧਿ ਹੈ ਮਨੁ ਜੋਗਨੀ ॥ ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥ ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥ ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥ ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥ ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥ ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥ ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥ {ਪੰਨਾ 883}

ਪਦਅਰਥ: ਆਵਤ = ਆਉਂਦਿਆਂ, ਕੋਈ ਮਾਇਕ ਲਾਭ ਹੋਇਆਂ। ਹਰਖ = ਖ਼ੁਸ਼ੀ। ਜਾਵਤ = ਕੋਈ ਨੁਕਸਾਨ ਹੁੰਦਿਆਂ। ਬਿਆਪੈ = ਆਪਣਾ ਜ਼ੋਰ ਪਾ ਸਕਦਾ। ਮਨ ਰੋਗਨੀ = ਮਨ ਦਾ ਰੋਗ, ਚਿੰਤਾ। ਤਉ = ਤਦੋਂ। ਸਗਲ = ਸਾਰੀ। ਬਿਓਗਨੀ = ਵਿਛੋੜਾ।੧।

ਇਹ ਬਿਧਿ = ਇਸ ਕਿਸਮ ਦਾ। ਜੋਗਨੀ = ਜੁੜਿਆ ਹੋਇਆ। ਲੋਗੁ = ਲੋਕ = ਲਾਜ। ਤਹ = ਉਸ ਅਵਸਥਾ ਵਿਚ।੧।ਰਹਾਉ।

ਮਿਰਤ = ਮਾਤ = ਲੋਕ। ਪਇਆਲ = ਪਾਤਾਲ। ਅਲੋਗਨੀ = ਲੋਕ = ਲਾਜ ਤੋਂ ਰਹਿਤ। ਭੁੰਚੈ = ਮਾਣਦਾ ਹੈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਗੁਨੀ = ਗੁਣਾਂ ਦਾ ਮਾਲਕ।੨।

ਸਿਵ ਸਕਤੀ = ਸ਼ਿਵ ਦੀ ਸ਼ਕਤੀ, ਰਿੱਧੀਆਂ ਸਿੱਧੀਆਂ। ਜਲੁ = ਪਾਣੀ, ਤੀਰਥ = ਇਸ਼ਨਾਨ। ਪਵਨਾ = ਹਵਾ, ਪ੍ਰਾਣਾਯਾਮ। ਤਹ = ਉਸ ਅਵਸਥਾ ਵਿਚ। ਅਕਾਰੁ = ਆਕਾਰ, ਰੂਪ। ਮੇਦਨੀ = ਧਰਤੀ (ਦੇ ਪਦਾਰਥ) ਜੋਗ = ਮਿਲਾਪ। ਅਵਿਗਤ = ਅਵਿਅਕਤ, ਅਦ੍ਰਿਸ਼ਟ ਪ੍ਰਭੂ। ਅਗਮ = ਅਪਹੁੰਚ। ਧਨੀ = ਮਾਲਕ।੩।

ਹਉ = ਮੈਂ। ਗਨੀ = ਗਨੀਂ, ਮੈਂ ਗਿਣਾਂ। ਹਮ ਤੁਮ = ਮੇਰ = ਤੇਰ। ਗੁਰਿ = ਗੁਰੂ ਨੇ। ਅੰਭੈ = ਪਾਣੀ ਵਿਚ। ਅੰਭੁ = ਪਾਣੀ {अंभस्}

ਅਰਥ: (ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ, ਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ।੧।ਰਹਾਉ।

ਹੇ ਭਾਈ! ਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ। ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ।੧।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ। (ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ। ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ।੨।

ਹੇ ਭਾਈ! ਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ। ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ।੩।

ਹੇ ਨਾਨਕ! ਆਖ-(ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ। (ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ?੪।੩।

ਰਾਮਕਲੀ ਮਹਲਾ ੫ ॥ ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥ ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥੧॥ ਰਹਾਉ ॥ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥ ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥ ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥ ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥ ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥ ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥ {ਪੰਨਾ 883}

ਪਦਅਰਥ: ਰਹਤ = ਨਿਰਲੇਪ। ਤ੍ਰੈ ਗੁਣ ਰਹਤ = ਮਾਇਆ ਦੇ ਤਿੰਨ ਗੁਣਾਂ ਤੋਂ ਬਚੀ ਹੋਈ। ਨਿਰਾਰੀ = ਨਿਰਾਲੀ, ਵੱਖਰੀ। ਸਾਧਿਕ = ਜੋਗ = ਸਾਧਨ ਕਰਨ ਵਾਲੇ। ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਨ ਜਾਨੈ = ਨਹੀਂ ਜਾਣਦੀ, ਸਾਂਝ ਨਹੀਂ ਪਾਂਦੀ। ਰਤਨ = ਪ੍ਰਭੂ ਦੇ ਗੁਣਾਂ ਦੇ ਰਤਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ। ਸੰਪੂਰਨ = ਨਕਾ = ਨਕ ਭਰੀ ਹੋਈ। ਕੈ ਖਜਾਨੈ = ਦੇ ਖ਼ਜ਼ਾਨੇ ਵਿਚ।੧।

ਅਚਰਜੁ = ਅਨੋਖਾ ਤਮਾਸ਼ਾ। ਬਸਤੁ = {वस्तु} ਕੀਮਤੀ ਚੀਜ਼ {ਇਸਤ੍ਰੀ-ਲਿੰਗ}ਅਗੋਚਰ = {ਅ = ਗੋ = ਚਰ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਭਾਈ = ਹੇ ਭਾਈ!੧।ਰਹਾਉ।

ਜੋਗਾ = ਸਮਰਥ। ਕੋ = ਕੋਈ ਮਨੁੱਖ। ਕਉ = ਵਾਸਤੇ। ਸੋਝੀ = ਸਮਝ, ਅਕਲ। ਜੋ = ਜੇਹੜਾ ਮਨੁੱਖ। ਪੇਖੈ = ਵੇਖਦਾ ਹੈ। ਤਿਸੁ = ਉਸ (ਮਨੁੱਖ) ਦੀ (ਪ੍ਰੀਤ) ਬਣਿ ਆਵੈ = ਬਣ ਜਾਂਦੀ ਹੈ।੨।

ਸੋਈ = ਉਹ (ਕਰਣਹਾਰ) ਹੀ। ਕੀਤਾ = (ਪ੍ਰਭੂ ਦਾ) ਪੈਦਾ ਕੀਤਾ ਹੋਇਆ ਜੀਵ। ਕਿਆ ਬੇਚਾਰਾ = ਕੀਹ ਪਾਂਇਆਂ ਰੱਖਦਾ ਹੈ? ਕੋਈ ਪਾਂਇਆਂ ਨਹੀਂ। ਗਤਿ = ਹਾਲਤ। ਮਿਤਿ = ਮਾਪ, ਅੰਦਾਜ਼ਾ। ਆਪੇ = ਆਪ ਹੀ। ਪੂਰ ਭੰਡਾਰਾ = ਭਰੇ ਹੋਏ ਖ਼ਜ਼ਾਨਿਆਂ ਵਾਲਾ।੩।

ਅੰਮ੍ਰਿਤੁ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ = ਰਸ। ਮਨਿ = ਮਨ ਵਿਚ। ਤ੍ਰਿਪਤਿ ਰਹੇ ਆਘਾਈ = ਪੂਰਨ ਤੌਰ ਤੇ ਰੱਜ ਗਏ। ਨਾਨਕ = ਹੇ ਨਾਨਕ!੪।

ਅਰਥ: ਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ। (ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।੧।ਰਹਾਉ।

ਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ) ਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ। ਉਹ ਪਦਾਰਥ ਹੈ-ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ।੧।

ਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ। ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ। (ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ। ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ।੨।

ਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ। ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ। ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ।੩।

ਹੇ ਨਾਨਕ! ਆਖ-ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ) ਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ।੪।੪।

TOP OF PAGE

Sri Guru Granth Darpan, by Professor Sahib Singh