ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 884 ਰਾਮਕਲੀ ਮਹਲਾ ੫ ॥ ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥ ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥ ਸਤਿਗੁਰੁ ਪਰਮੇਸਰੁ ਮੇਰਾ ॥ ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥ ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥ ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥ ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥ ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥ ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥ {ਪੰਨਾ 884} ਪਦਅਰਥ: ਅੰਗੀਕਾਰੁ = ਪੱਖ, ਸਹਾਇਤਾ। ਅੰਗੀਕਾਰੁ ਕੀਆ = ਪੱਖ ਕੀਤਾ, ਅੰਗ ਨਾਲ ਲਾਇਆ, ਚਰਨਾਂ ਵਿਚ ਜੋੜਿਆ, ਬਾਂਹ ਫੜੀ। ਪ੍ਰਭਿ ਅਪਨੈ = ਆਪਣੇ ਪ੍ਰਭੂ ਨੇ। ਸਗਲੇ = ਸਾਰੇ। ਬੈਰੀ = (ਕਾਮਾਇਕ) ਵੈਰੀ। ਸਾਧੇ = ਵੱਸ ਵਿਚ ਕਰ ਦਿੱਤੇ। ਜਿਨਿ = ਜਿਸ ਨੇ। ਜਿਨਿ ਬੈਰੀ = (ਕਾਮਾਦਿਕ) ਜਿਸ ਜਿਸ ਵੈਰੀ ਨੇ {ਨੋਟ:ਲਫ਼ਜ਼ 'ਜਿਨਿ' ਇਕ-ਵਚਨ ਹੈ}। ਤੇ = ਉਹ {ਬਹੁ-ਵਚਨ}। ਲੈ = ਫੜ ਕੇ।੧। ਮੇਰਾ = ਮੇਰਾ (ਰਾਖਾ) । ਮਾਣੀ = ਮਾਣੀਂ, ਮੈਂ ਮਾਣਦਾ ਹਾਂ। ਜਪੀ = ਜਪੀਂ, ਜਪਦਾ ਰਹਾਂ। ਭਰਵਾਸਾ = ਆਸਰਾ।੧।ਰਹਾਉ। ਚੀਤਿ = ਚਿੱਤ ਵਿਚ। ਆਵਸਿ = ਆਉਂਦੀ। ਰਹਤ ਹੈ– ਰਹਿੰਦਾ ਹੈ। ਸੁਆਮੀ = ਹੇ ਸੁਆਮੀ! ਕੈ ਆਧਾਰਾ = ਦੇ ਆਸਰੇ।੨। ਹੋਇ = ਹੋ ਜਾਂਦਾ ਹੈ। ਊਨ = ਊਣਾ, ਮੁਥਾਜ। ਕਾਈ ਬਾਤਾ = ਕਿਸੇ ਗੱਲੇ। ਤਤੁ = ਮੂਲ, ਜਗਤ ਦਾ ਮੂਲ। ਸਾਰੁ = ਨਿਚੋੜ, ਅਸਲ ਜੀਵਨ = ਮਨੋਰਥ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਤਹੂ = ਕਿਸੇ ਹੋਰ ਪਾਸੇ।੩। ਬਰਨਿ ਨ ਸਾਕਉ = (ਸਾਕਉਂ) ਮੈਂ ਬਿਆਨ ਨਹੀਂ ਕਰ ਸਕਦਾ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਅਲਖ = ਹੇ ਅਲੱਖ! ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਤੁਲ = ਜਿਸ ਦੇ ਗੁਣਾਂ ਨੂੰ ਤੋਲਿਆ ਨਾਹ ਜਾ ਸਕੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਾਹ ਲੱਭ ਸਕੇ। ਥਾਹ = ਡੂੰਘਾਈ।੪। ਅਰਥ: ਹੇ ਭਾਈ! ਮੇਰਾ ਤਾਂ ਗੁਰੂ ਰਾਖਾ ਹੈ, ਪਰਮਾਤਮਾ ਰਾਖਾ ਹੈ (ਉਹੀ ਮੈਨੂੰ ਕਾਮਾਦਿਕ ਵੈਰੀਆਂ ਤੋਂ ਬਚਾਣ ਵਾਲਾ ਹੈ। ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ।੧।ਰਹਾਉ। ਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀਂ ਲਾ ਲਿਆ, ਉਸ ਦੇ ਉਸ ਨੇ (ਕਾਮਾਦਿਕ) ਸਾਰੇ ਹੀ ਵੈਰੀ ਵੱਸ ਵਿਚ ਕਰ ਦਿੱਤੇ। (ਕਾਮਾਦਿਕ) ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਹੈ, (ਪ੍ਰਭੂ ਨੇ ਉਸ ਦੇ) ਉਹ ਸਾਰੇ ਵੈਰੀ ਫੜ ਕੇ ਬੰਨ੍ਹ ਦਿੱਤੇ।੧। ਹੇ ਭਾਈ! ਪਰਮਾਤਮਾ (ਜਿਸ ਮਨੁੱਖ ਦੇ) ਸਿਰ ਉੱਤੇ ਰਾਖਾ ਬਣਦਾ ਹੈ, ਉਸ ਮਨੁੱਖ ਦੇ ਚਿੱਤ ਵਿਚ (ਪਰਮਾਤਮਾ ਦੇ ਨਾਮ ਤੋਂ ਬਿਨਾ, ਕਾਮਾਦਿਕ ਦਾ) ਕੋਈ ਹੋਰ ਫੁਰਨਾ ਉਠਦਾ ਹੀ ਨਹੀਂ। ਹੇ ਮਾਲਕ-ਪ੍ਰਭੂ! ਸਿਰਫ਼ ਤੇਰੇ ਨਾਮ ਦੇ ਆਸਰੇ ਉਹ ਮਨੁੱਖ (ਦੁਨੀਆ ਦੀਆਂ ਹੋਰ ਗ਼ਰਜ਼ਾਂ ਵਲੋਂ) ਬੇ-ਪਰਵਾਹ ਰਹਿੰਦਾ ਹੈ।੨। ਹੇ ਭਾਈ! ਜਿਸ ਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਹ (ਉੱਚੇ ਆਤਮਕ ਗੁਣਾਂ ਨਾਲ) ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਥਾਜ ਨਹੀਂ ਰਹਿੰਦਾ। ਉਹ ਮਨੁੱਖ ਜਗਤ ਦੇ ਮੂਲ-ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ, ਉਹ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਤੇ, ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ।੩। ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਬੇਅੰਤ! ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਹਾ ਹੈਂ। ਹੇ ਨਾਨਕ! (ਆਖ-) ਹੇ ਬੇ-ਮਿਸਾਲ ਪ੍ਰਭੂ! ਹੇ ਅਥਾਹ! ਹੇ ਅਡੋਲ ਮਾਲਕ! ਤੂੰ ਹੀ ਮੇਰਾ ਖਸਮ ਹੈਂ।੪।੫। ਰਾਮਕਲੀ ਮਹਲਾ ੫ ॥ ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥ ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥ ਏਕੈ ਏਕੈ ਏਕ ਤੂਹੀ ॥ ਏਕੈ ਏਕੈ ਤੂ ਰਾਇਆ ॥ ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥ ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥ ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥ ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥ ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥ ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਨ ਜਾਏ ॥੪॥੬॥ {ਪੰਨਾ 884} ਪਦਅਰਥ: ਦਾਨਾ = (ਦਿਲ ਦੀ) ਜਾਣਨ ਵਾਲਾ। ਅਬਿਚਲੁ = ਅਟੱਲ, ਸਦਾ ਕਾਇਮ ਰਹਿਣ ਵਾਲਾ। ਪਾਤੀ = ਪਾਤਿ, ਕੁਲ। ਅਡੋਲੁ = ਜਿਸ ਉਤੇ ਮਾਇਆ ਦੇ ਝਕੋਲਿਆਂ ਦਾ ਅਸਰ ਨਾਹ ਹੋ ਸਕੇ। ਤਾਤੀ = ਤਾਤਿ, ਚਿੰਤਾ।੧। ਏਕੈ = ਇੱਕ ਹੀ। ਰਾਇਆ = ਹੇ ਪਾਤਿਸ਼ਾਹ! ਤਉ = ਤੇਰੀ। ਤੇ = ਤੋਂ, ਨਾਲ।੧।ਰਹਾਉ। ਸਾਗਰੁ = ਸਮੁੰਦਰ। ਹਮ = ਅਸੀ ਜੀਵ। ਮਹਿ = ਵਿਚ, ਅੰਦਰ। ਮਾਣਕ = ਮੋਤੀ। ਤਿਲੁ = ਰਤਾ ਭਰ ਭੀ। ਸੰਕ ਝਿਜਕ। ਭੁੰਚਹ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ} ਅਸੀ ਭੋਗਦੇ ਹਾਂ। ਨਿਹਾਲਾ = ਪ੍ਰਸੰਨ।੨। ਮੁਖਿ = ਮੂੰਹ ਵਿਚ। ਖੀਰਾ = ਦੁੱਧ। ਸਭਿ = ਸਾਰੇ। ਸਦ = ਸਦਾ। ਗੁਣੀ = ਗੁਣਾਂ ਦਾ ਮਾਲਕ। ਗਹੀਰਾ = ਡੂੰਘਾ, ਗੰਭੀਰ।੩। ਪੂਰਨ = ਸਰਬ = ਵਿਆਪਕ। ਪੂਰਿ ਰਹੇ = ਹਰ ਥਾਂ ਮੌਜੂਦ ਹੈ। ਸੰਪੂਰਨ = ਮੁਕੰਮਲ ਤੌਰ ਤੇ। ਸੰਗਿ = (ਤੇਰੇ) ਨਾਲ। ਅਘਾਏ = ਰੱਜ ਗਏ। ਮਿਲਤ = ਮਿਲਦਿਆਂ, ਮਿਲਣ ਦਾ ਜਤਨ ਕਰਦਿਆਂ। ਮਿਲਿ ਰਹਿਆ = (ਪੂਰਨ ਤੌਰ ਤੇ) ਮਿਲ ਜਾਂਦਾ ਹੈ।੪। ਅਰਥ: ਹੇ ਪ੍ਰਭੂ ਪਾਤਿਸ਼ਾਹ! ਅਸਾਂ ਜੀਵਾਂ ਦਾ) ਸਿਰਫ਼ ਇਕ ਤੂੰ ਹੀ (ਖਸਮ) ਹੈਂ, ਤੂੰ ਹੀ ਹੈਂ। ਤੇਰੀ ਮੇਹਰ ਨਾਲ ਹੀ ਅਸੀ ਸੁਖ ਹਾਸਲ ਕਰਦੇ ਹਾਂ।੧।ਰਹਾਉ। ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰੀ ਜਾਤ ਹੈਂ, ਤੂੰ ਹੀ ਮੇਰੀ ਕੁਲ ਹੈਂ (ਉੱਚੀ ਜਾਤਿ ਕੁਲ ਦਾ ਮਾਣ ਹੋਣ ਦੇ ਥਾਂ ਮੈਨੂੰ ਇਹੀ ਭਰੋਸਾ ਹੈ ਕਿ ਤੂੰ ਹੀ ਹਰ ਵੇਲੇ ਮੇਰੇ ਅੰਗ-ਸੰਗ ਹੈਂ) । ਹੇ ਪਾਤਿਸ਼ਾਹ! ਮਾਇਆ ਦੇ ਝਕੋਲੇ ਤੇਰੇ ਉਤੇ ਅਸਰ ਨਹੀਂ ਕਰ ਸਕਦੇ, ਤੂੰ (ਮਾਇਆ ਦੇ ਟਾਕਰੇ ਤੇ) ਕਦੇ ਡੋਲਦਾ ਨਹੀਂ (ਜੇ ਮੇਰੇ ਉਤੇ ਤੇਰੀ ਕਿਰਪਾ ਰਹੇ ਤਾਂ) ਮੈਨੂੰ ਭੀ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ।੧। ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਸਮੁੰਦਰ ਹੈਂ, ਅਸੀ ਤੇਰੇ ਹੰਸ ਹਾਂ, ਤੇਰੇ (ਚਰਨਾਂ) ਵਿਚ ਰਹਿ ਕੇ (ਤੇਰੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਲਾਲ ਪ੍ਰਾਪਤ ਕਰਦੇ ਹਾਂ। (ਇਹ ਮੋਤੀ ਲਾਲ) ਤੂੰ ਸਾਨੂੰ ਦੇਂਦਾ ਹੈਂ (ਸਾਡੇ ਔਗੁਣਾਂ ਵਲ ਤੱਕ ਕੇ) ਤੂੰ ਦੇਣੋਂ ਰਤਾ ਭਰ ਭੀ ਝਿਜਕ ਨਹੀਂ ਕਰਦਾ। ਅਸੀ ਜੀਵ ਉਹ ਮੋਤੀ ਲਾਲ ਸਦਾ ਵਰਤਦੇ ਹਾਂ ਤੇ ਪ੍ਰਸੰਨ ਰਹਿੰਦੇ ਹਾਂ।੨। ਹੇ ਮੇਰੇ ਪ੍ਰਭੂ-ਪਾਤਿਸ਼ਾਹ! ਅਸੀ ਜੀਵ ਤੇਰੇ ਬੱਚੇ ਹਾਂ, ਤੂੰ ਸਾਡਾ ਪਿਉ ਹੈਂ, ਤੂੰ ਸਾਡੇ ਮੂੰਹ ਵਿਚ ਦੁੱਧ ਪਾਂਦਾ ਹੈਂ। (ਤੇਰੀ ਗੋਦ ਵਿਚ) ਅਸੀ ਖੇਡਦੇ ਹਾਂ, ਸਾਰੇ ਲਾਡ ਕਰਦੇ ਹਾਂ, ਤੂੰ ਗੁਣਾਂ ਦਾ ਮਾਲਕ ਸਦਾ ਗੰਭੀਰ ਰਹਿੰਦਾ ਹੈਂ (ਅਸਾਂ ਬੱਚਿਆਂ ਦੇ ਔਗੁਣਾਂ ਵਲ ਨਹੀਂ ਤੱਕਦਾ) ।੩। ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਸਰਬ-ਵਿਆਪਕ ਹੈਂ, ਮੁਕੰਮਲ ਤੌਰ ਤੇ ਹਰ ਥਾਂ ਮੌਜੂਦ ਹੈਂ, ਅਸੀ ਜੀਵ ਭੀ ਤੇਰੇ ਚਰਨਾਂ ਵਿਚ ਰਹਿ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਾਂ। ਹੇ ਨਾਨਕ! ਆਖ-ਪ੍ਰਭੂ-ਪਾਤਿਸ਼ਾਹ ਦੀ ਮੇਹਰ ਨਾਲ ਜੇਹੜਾ ਜੀਵ ਉਸ ਪ੍ਰਭੂ ਨੂੰ) ਮਿਲਣ ਦਾ ਜਤਨ ਹਰ ਵੇਲੇ ਕਰਦਾ ਰਹਿੰਦਾ ਹੈ, ਉਹ ਹਰ ਵੇਲੇ ਉਸ ਵਿਚ ਮਿਲਿਆ ਰਹਿੰਦਾ ਹੈ, ਤੇ, ਉਸ ਜੀਵ ਦੀ ਉੱਚੀ ਆਤਮਕ ਅਵਸਥਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ।੪।੬। ਰਾਮਕਲੀ ਮਹਲਾ ੫ ॥ ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥ ਰਾਮ ਕੋ ਨਿਰਤਿਕਾਰੀ ॥ ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥ ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥ ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥ ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥੨॥ ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥ ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥ ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥੩॥ ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ ॥ ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥ ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥੪॥੭॥ {ਪੰਨਾ 884} ਪਦਅਰਥ: ਕਰ = ਹੱਥ {ਬਹੁ-ਵਚਨ। ਕਰੁ = ਇੱਕ ਹੱਥ}। ਕਰਿ = {ਕ੍ਰਿਆ} ਕਰ ਕੇ, ਬਣਾ ਕੇ। ਤਾਲ = ਛੈਣੇ। ਪਖਾਵਜੁ = ਜੋੜੀ, ਤਬਲਾ। ਨੇਨਹੁ = ਅੱਖਾਂ ਨੂੰ। ਮਾਥੈ = (ਹਰੇਕ ਜੀਵ ਦੇ) ਮੱਥੇ ਉੱਤੇ (ਲਿਖੇ ਲੇਖ। ਵਜਹਿ = ਵੱਜਦੇ ਹਨ। ਕਰਨਹੁ = ਕੰਨਾਂ ਵਿਚ। ਮਧੁ = ਮਧੁਰ, ਮਿੱਠੀ। ਬਾਸੁਰੀ = ਬੰਸਰੀ। ਜਿਹਵਾ = ਜੀਭ। ਧੁਨਿ = {ध्वनि} ਆਵਾਜ਼, ਲਗਨ। ਆਗਾਜਾ = ਗੱਜਦੀ ਹੈ। ਨਿਰਤਿ = ਨਾਚ। ਕਰੇ ਕਰਿ = ਕਰਿ ਕਰਿ, ਕਰ ਕਰ ਕੇ। ਨਾਚੈ = ਨੱਚਦਾ ਹੈ। ਨਿਰਤਿ......ਨਾਚੈ = ਮਨ ਹਰ ਵੇਲੇ ਨੱਚਦਾ ਹੈ। ਆਣੇ = ਆਣਿ, ਲਿਆ ਕੇ, ਪਹਿਨ ਕੇ। ਘੂਘਰ = ਘੁੰਘਰੂ।੧। ਕੋ = ਦੀ। ਨਿਰਤਿਕਾਰੀ = ਨਾਚ। ਪੇਖੈ = ਵੇਖਦਾ ਹੈ। ਪੇਖਨਹਾਰੁ = ਵੇਖਣ ਦੀ ਸਮਰਥਾ ਵਾਲਾ। ਜੇਤਾ = ਜਿਤਨਾ ਹੀ, ਸਾਰਾ ਹੀ। ਸੀਗਾਰੀ = ਸਿੰਗਾਰ।੧।ਰਹਾਉ। ਆਖਾਰ ਮੰਡਲੀ = (ਨਿਰਤਿਕਾਰੀ ਵਾਲਾ) ਅਖਾੜਾ। ਧਰਣਿ = ਧਰਤੀ। ਸਬਾਈ = ਸਾਰੀ। ਗਗਨੁ = ਆਕਾਸ਼। ਪਵਨੁ = ਹਵਾ, ਸੁਆਸ। ਵਿਚੋਲਾ = (ਜਿੰਦ ਤੇ ਸਰੀਰ ਦਾ) ਮਿਲਾਪ ਕਰਾਈ ਰੱਖਣ ਵਾਲਾ। ਜਲ ਤੇ = ਪਾਣੀ ਤੋਂ, ਪਿਤਾ ਦੀ ਬੂੰਦ ਤੋਂ। ਓਪਤਿ = ਉਤਪੱਤੀ। ਕਰਿ = ਕਰ ਕੇ। ਪੁਤਰਾ = ਸਰੀਰ, ਪੁਤਲਾ। ਕਿਰਤ = (ਪਿਛਲੇ ਜਨਮਾਂ ਦੇ) ਕੀਤੇ ਹੋਏ ਕਰਮਾਂ ਅਨੁਸਾਰ।੨। ਦੁਇ = ਦੋਵੇਂ। ਜਰੇ = ਬਲ ਰਹੇ ਹਨ। ਚਰਾਗਾ = ਦੀਵੇ। ਚਹੁ ਕੁੰਟ ਭੀਤਰਿ = ਚਹੁੰਆਂ ਕੂਟਾਂ ਵਿਚ, ਸਾਰੀ ਸ੍ਰਿਸ਼ਟੀ ਵਿਚ। ਪਾਤਉ = ਪਾਤਰ। ਦਸ ਪਾਤਉ = ਦਸ ਪਾਤਰ, ਦਸ ਇੰਦ੍ਰੇ। ਪੰਚ = ਪੰਜ (ਕਾਮਾਇਕ) । ਸੰਗੀਤਾ = ਡੂੰਮ। ਏਕੈ ਭੀਤਰਿ = ਇਕ (ਸਰੀਰ) ਵਿਚ ਹੀ। ਸਾਥੇ = ਇਕੱਠੇ। ਹੁਇ = ਹੋ ਕੇ। ਭਿੰਨ = ਵੱਖਰੇ। ਦਿਖਾਵਹਿ = ਵਿਖਾਂਦੇ ਹਨ। ਸਭਹੁ = ਸਭਨਾਂ ਵਿਚ। ਨਿਰਾਰੀ = ਨਿਰਾਲੀ, ਵੱਖਰੀ। ਭਾਖੇ = ਬੋਲੀ, ਪ੍ਰੇਰਨਾ, ਕਾਮਨਾ।੩। ਘਰਿ ਘਰਿ = ਹਰੇਕ ਘਰ ਵਿਚ, ਹਰੇਕ ਇੰਦ੍ਰੇ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਤੂਰਾ = (ਮਾਇਆ ਦਾ) ਵਾਜਾ। ਏਕਿ = ('ਏਕ' ਤੋਂ ਬਹੁ-ਵਚਨ} ਮਾਇਆ ਦੇ ਕਈ ਵਾਜੇ। ਨਚਾਵਹਿ = (ਜੀਵਾਂ ਨੂੰ) ਨਚਾਂਦੇ ਹਨ। ਭਵਾਵਹਿ = ਭਟਕਾਂਦੇ ਫਿਰਦੇ ਹਨ। ਇਕਿ = ਬੇਅੰਤ ਜੀਵ। ਹੋਇ ਧੂਰਾ = ਮਿੱਟੀ ਹੋ ਕੇ, ਰੁਲ ਕੇ, ਖ਼ੁਆਰ ਹੋ ਕੇ। ਆਇ = ਆ ਕੇ। ਜਾਇ = ਜਾ ਕੇ, ਮਰ ਕੇ। ਆਇ ਜਾਇ = ਜਨਮ ਮਰਨ ਦੇ ਗੇੜ ਵਿਚ ਪੈ ਕੇ। ਨਾਨਕ = ਹੇ ਨਾਨਕ! ਬਹੁਰਿ = ਮੁੜ ਮੁੜ। ਜਿਸੁ ਭੇਟੈ = ਜਿਸ ਨੂੰ ਮਿਲ ਪੈਂਦਾ ਹੈ।੪। ਅਰਥ: (ਹੇ ਭਾਈ! ਜਗਤ ਵਿਚ) ਪਰਮਾਤਮਾ (ਦੀ ਰਚੀ ਰਚਨਾ) ਦਾ ਨਾਚ ਹੋ ਰਿਹਾ ਹੈ। (ਇਸ ਨਾਚ ਨੂੰ) ਵੇਖਣ ਦੀ ਸਮਰਥਾ ਵਾਲਾ ਦਇਆਵਾਨ ਪ੍ਰਭੂ (ਨਾਚ ਦੇ) ਇਸ ਸਾਰੇ ਸਾਜ ਸਿੰਗਾਰ ਨੂੰ ਆਪ ਵੇਖ ਰਿਹਾ ਹੈ।੧।ਰਹਾਉ। ਹੇ ਭਾਈ! ਹਰੇਕ ਜੀਵ ਦੇ) ਮੱਥੇ ਉਤੇ (ਲਿਖੇ ਲੇਖ, ਮਾਨੋ,) ਰਬਾਬ ਵੱਜ ਰਹੇ ਹਨ, (ਹਰੇਕ ਜੀਵ ਦੇ) ਕੰਨਾਂ ਵਿਚ (ਮਾਇਆ ਦੀ ਹੀ ਸ੍ਰੋਤ, ਮਾਨੋ,) ਮਿੱਠੀ (ਸੁਰ ਵਾਲੀ) ਬੰਸਰੀ ਵੱਜ ਰਹੀ ਹੈ, (ਹਰੇਕ ਜੀਵ ਨੂੰ) ਜੀਭ ਦਾ ਚਸਕਾ (ਮਾਨੋ) ਰਾਗ ਹੋ ਰਿਹਾ ਹੈ। (ਹੱਥ ਮਾਇਆ ਕਮਾਣ ਵਿਚ ਲੱਗੇ ਪਏ ਹਨ, ਅੱਖਾਂ ਮਾਇਕ ਪਦਾਰਥਾਂ ਨੂੰ ਹੀ ਵੇਖ ਰਹੀਆਂ ਹਨ) । (ਹਰੇਕ ਮਨੁੱਖ ਦਾ) ਮਨ (ਰਬਾਬ, ਬੰਸਰੀ ਆਦਿਕ ਇਹਨਾਂ ਸਾਜਾਂ ਦੇ ਨਾਲ) (ਮਨੁੱਖ ਦੇ) ਹੱਥਾਂ ਨੂੰ ਛੈਣੇ ਬਣਾ ਕੇ ਅਤੇ ਅੱਖਾਂ ਨੂੰ ਤਬਲਾ ਬਣਾ ਕੇ; (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ) ਘੁੰਘਰੂ ਆਦਿਕ ਸਾਜ ਬਣਾ ਕੇ ਹਰ ਵੇਲੇ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ।੧। (ਹੇ ਭਾਈ! ਸਭ ਜੀਵਾਂ ਦੇ ਮਨਾਂ ਦੇ ਨੱਚਣ ਵਾਸਤੇ) ਸਾਰੀ ਧਰਤੀ ਅਖਾੜਾ ਬਣੀ ਹੋਈ ਹੈ, ਇਸ ਦੇ ਉੱਪਰ ਆਕਾਸ਼-ਚੰਦੋਆ ਬਣਿਆ ਤਣਿਆ ਹੋਇਆ ਹੈ। (ਜੇਹੜਾ ਸਰੀਰ) ਪਾਣੀ ਤੋਂ ਪੈਦਾ ਹੁੰਦਾ ਹੈ (ਉਸ ਦਾ ਅਤੇ ਜਿੰਦ ਦਾ) ਮਿਲਾਪ ਕਰਾਈ ਰੱਖਣ ਵਾਲਾ (ਹਰੇਕ ਜੀਵ ਦੇ ਅੰਦਰ ਚੱਲ ਰਿਹਾ ਹਰੇਕ) ਸੁਆਸ ਹੈ। ਪੰਜ ਤੱਤਾਂ ਨੂੰ ਮਿਲਾ ਕੇ (ਪਰਮਾਤਮਾ ਨੇ ਹਰੇਕ ਜੀਵ ਦਾ) ਸਰੀਰ ਬਣਾਇਆ ਹੋਇਆ ਹੈ। (ਜੀਵ ਦੇ ਪਿਛਲੇ ਕੀਤੇ ਹੋਏ) ਕਰਮਾਂ ਅਨੁਸਾਰ ਸਰੀਰ ਦਾ ਮਿਲਾਪ ਪ੍ਰਾਪਤ ਹੋਇਆ ਹੋਇਆ ਹੈ।੨। (ਹੇ ਭਾਈ! ਨਿਰਤ-ਕਾਰੀ ਵਾਲੇ ਇਸ ਧਰਤਿ-ਅਖਾੜੇ ਵਿਚ) ਚੰਦ ਅਤੇ ਸੂਰਜ ਦੋ ਦੀਵੇ ਬਲ ਰਹੇ ਹਨ, ਚੌਹੀਂ ਪਾਸੀਂ (ਚਾਨਣ ਦੇਣ ਲਈ) ਟਿਕਾਏ ਹੋਏ ਹਨ। (ਹਰੇਕ ਜੀਵ ਦੇ) ਦਸ ਇੰਦ੍ਰੇ ਅਤੇ ਪੰਜ (ਕਾਮਾਦਿਕ) ਡੂੰਮ ਇਕੋ ਸਰੀਰ ਵਿਚ ਹੀ ਇਕੱਠੇ ਹਨ। ਇਹ ਸਾਰੇ ਵੱਖ-ਵੱਖ ਹੋ ਕੇ ਆਪੋ ਆਪਣੇ ਭਾਵ (ਕਲੋਲ) ਵਿਖਾ ਰਹੇ ਹਨ, ਸਭਨਾਂ ਵਿਚ ਵੱਖਰੀ ਵੱਖਰੀ ਪ੍ਰੇਰਨਾ (ਕਾਮਨਾ) ਹੈ।੩। ਹੇ ਭਾਈ! ਦਿਨ ਰਾਤ ਹਰੇਕ (ਜੀਵ ਦੇ ਹਰੇਕ) ਇੰਦ੍ਰੇ ਵਿਚ ਇਹ ਨਾਚ ਹੋ ਰਿਹਾ ਹੈ। ਹਰੇਕ ਸਰੀਰ ਵਿਚ ਮਾਇਆ ਦਾ ਵਾਜਾ ਵੱਜ ਰਿਹਾ ਹੈ। ਮਾਇਆ ਦੇ ਕਈ ਵਾਜੇ ਜੀਵਾਂ ਨੂੰ ਨਚਾ ਰਹੇ ਹਨ, ਕਈ ਵਾਜੇ ਜੀਵਾਂ ਨੂੰ ਭਟਕਾਂਦੇ ਫਿਰਦੇ ਹਨ, ਬੇਅੰਤ ਜੀਵ (ਇਹਨਾਂ ਦੇ ਪ੍ਰਭਾਵ ਹੇਠ) ਖ਼ੁਆਰ ਹੋ ਹੋ ਕੇ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ। ਹੇ ਨਾਨਕ! ਆਖ-ਜਿਸ ਜੀਵ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ (ਮਾਇਆ ਦੇ ਹੱਥਾਂ ਤੇ) ਮੁੜ ਮੁੜ ਨਹੀਂ ਨੱਚਦਾ।੪।੭। |
Sri Guru Granth Darpan, by Professor Sahib Singh |