ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 885

ਰਾਮਕਲੀ ਮਹਲਾ ੫ ॥ ਓਅੰਕਾਰਿ ਏਕ ਧੁਨਿ ਏਕੈ ਏਕੈ ਰਾਗੁ ਅਲਾਪੈ ॥ ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥ ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥ ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥ ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥ ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥੨॥ ਨਾਰਦੀ ਨਰਹਰ ਜਾਣਿ ਹਦੂਰੇ ॥ ਘੂੰਘਰ ਖੜਕੁ ਤਿਆਗਿ ਵਿਸੂਰੇ ॥ ਸਹਜ ਅਨੰਦ ਦਿਖਾਵੈ ਭਾਵੈ ॥ ਏਹੁ ਨਿਰਤਿਕਾਰੀ ਜਨਮਿ ਨ ਆਵੈ ॥੩॥ ਜੇ ਕੋ ਅਪਨੇ ਠਾਕੁਰ ਭਾਵੈ ॥ ਕੋਟਿ ਮਧਿ ਏਹੁ ਕੀਰਤਨੁ ਗਾਵੈ ॥ ਸਾਧਸੰਗਤਿ ਕੀ ਜਾਵਉ ਟੇਕ ॥ ਕਹੁ ਨਾਨਕ ਤਿਸੁ ਕੀਰਤਨੁ ਏਕ ॥੪॥੮॥ {ਪੰਨਾ 885}

ਪਦਅਰਥ: ਏਕੈ ਓਅੰਕਾਰਿ = (ਕੇਵਲ) ਇਕ ਪਰਮਾਤਮਾ ਵਿਚ। ਏਕ ਧੁਨਿ = ਇਕੋ ਲਗਨ, ਹਰ ਵੇਲੇ ਦੀ ਸੁਰਤਿ। ਏਕੈ ਰਾਗੁ = ਇਕ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਦਾ ਰਾਗੁ। ਅਲਾਪੈ = ਉਚਾਰਦਾ ਹੈ। ਏਕਾ ਦੇਸੀ = (ਸਿਰਫ਼) ਇਕ ਪ੍ਰਭੂ ਦੇ ਦੇਸ ਦਾ ਵਾਸੀ। ਏਕੁ ਦਿਖਾਵੈ = (ਹੋਰਨਾਂ ਨੂੰ ਭੀ) ਇਕ ਪ੍ਰਭੂ ਦਾ ਹੀ ਦਰਸ਼ਨ ਕਰਾਂਦਾ ਹੈ। ਏਕੋ = ਇਕ ਪਰਮਾਤਮਾ ਹੀ। ਏਕਿ ਸੁਰਤਿ = ਇਕ ਪ੍ਰਭੂ ਦਾ ਹੀ ਧਿਆਨ। ਸੇਵਾ = ਭਗਤੀ। ਗੁਰ ਤੇ = ਗੁਰੂ ਤੋਂ। ਜਾਪੈ = ਜਪਦਾ ਹੈ।੧।ਰਹਾਉ।

ਰੇ = ਹੇ ਭਾਈ! ਭਲੋ ਕੀਰਤਨੀਆ = ਚੰਗਾ ਕੀਰਤਨੀ। ਕੀਰਤਨੀਆ = ਕੀਰਤਨ ਕਰਨ ਵਾਲਾ ਰਾਸਧਾਰੀਆ। ਰਮਾ = ਸਰਬ = ਵਿਆਪਕ। ਗਾਉ = ਗਾਂਦਾ ਹੈ। ਸੁਆਉ = ਸੁਆਰਥ, ਖ਼ੁਦ = ਗ਼ਰਜ਼ੀ।੧।ਰਹਾਉ।

ਬਜਿਤ੍ਰ = ਵਾਜੇ, ਸਾਜ। ਸੰਤੋਖਾ = ਸਤ ਸੰਤੋਖ ਦਇਆ ਆਦਿਕ ਨੂੰ। ਸਾਤ ਸੁਰਾ = ਸੱਤ (ਸਾ, ਰੇ, ਗਾ, ਮਾ, ਪਾ, ਧਾ, ਨੀ,) ਸੁਰਾਂ। ਲੈ = ਲੀਨਤਾ ਵਿਚ, ਪ੍ਰਭੂ = ਚਰਨਾਂ ਵਿਚ ਮਗਨ ਰਹਿ ਕੇ। ਚਾਲੈ = ਤੁਰਦਾ ਹੈ, ਕਿਰਤ = ਕਾਰ ਕਰਦਾ ਹੈ। ਮਾਣੁ ਤਾਣੁ = ਅਹੰਕਾਰ, ਆਪਣੀ ਤਾਕਤ ਦਾ ਭਰੋਸਾ। ਤਜਿ = ਤਜੇ, ਤਿਆਗਦਾ ਹੈ। ਤਾਨਾ = ਤਾਨ = ਪਲਟਾ। ਬੀਗਾ = ਵਿੰਗਾ। ਪਾਉ ਨ ਬੀਗਾ ਘਾਲੈ = ਵਿੰਗਾ ਪੈਰ ਨਹੀਂ ਧਰਦਾ, ਮੰਦੇ ਪਾਸੇ ਨਹੀਂ ਜਾਂਦਾ। ਫੇਰੀ = ਨਿਰਤਕਾਰੀ ਵੇਲੇ ਭੁਆਂਟਣੀ। ਫੇਰੁ = ਜਨਮ ਮਰਨ ਦਾ ਗੇੜ। ਬੰਧਿ = ਬੰਧੇ, ਬੰਨ੍ਹਦਾ ਹੈ। ਪਾਲੈ = ਪੱਲੇ।੨।

ਨਾਰਦੀ = ਨਾਰਦ ਵਾਲੀ ਨਿਰਤਕਾਰੀ। ਨਰਹਰ = ਪਰਮਾਤਮਾ। ਹਦੂਰੇ = ਹਾਜ਼ਰ ਨਾਜ਼ਰ, ਅੰਗ = ਸੰਗ। ਘੂੰਘਰ ਖੜਕੁ = ਘੁੰਘਰੂਆਂ ਦਾ ਖੜਾਕ। ਵਿਸੂਰ = ਚਿੰਤਾ = ਝੋਰੇ। ਸਹਜ ਅਨੰਦ = ਆਤਮਕ ਅਡੋਲਤਾ ਦਾ ਅਨੰਦ। ਭਾਵੈ = ਹਾਵ = ਭਾਵ, ਕਲੋਲ। ਨਿਰਤਿਕਾਰੀ = ਨਾਚ, ਮੂਰਤੀ ਦੀ ਪੂਜਾ ਵੇਲੇ ਨਾਚ। ਜਨਮਿ = ਜਨਮ ਵਿਚ।੩।

ਕੋ = ਕੋਈ ਮਨੁੱਖ। ਠਾਕੁਰ ਭਾਵੈ = ਪਰਮਾਤਮਾ ਨੂੰ ਪਿਆਰਾ ਲੱਗਦਾ ਹੈ। ਕੋਟਿ ਮਧਿ = ਕ੍ਰੋੜਾਂ ਵਿਚੋਂ। ਜਾਵਉ = ਜਾਵਉਂ, ਮੈਂ ਜਾਂਦਾ ਹਾਂ। ਟੇਕ = ਸਰਨ। ਤਿਸੁ = ਉਸ (ਸਾਧ ਸੰਗਤਿ) ਦਾ। ਏਕ = ਇਕੋ ਟੇਕ, ਇਕੋ ਆਸਰਾ।੪।

ਅਰਥ: ਹੇ ਭਾਈ! ਜੇਹੜਾ ਮਨੁੱਖ ਮਾਇਆ ਦੇ ਧੰਧੇ ਛੱਡ ਕੇ, ਮਾਇਆ ਦੀ ਗ਼ਰਜ਼ ਛੱਡ ਕੇ, ਸਰਬ-ਵਿਆਪਕ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹੀ ਹੈ ਸਭ ਤੋਂ ਚੰਗਾ ਰਾਸਧਾਰੀਆ।੧।ਰਹਾਉ।

(ਹੇ ਭਾਈ! ਪ੍ਰਭੂ ਦੇ ਦਰ ਤੇ ਰਾਸ ਪਾਣ ਵਾਲਾ ਉਹ ਮਨੁੱਖ) ਸਿਰਫ਼ ਇਕ ਪਰਮਾਤਮਾ (ਦੇ ਚਰਨਾਂ) ਵਿਚ ਲਿਵ ਲਾਈ ਰੱਖਦਾ ਹੈ, ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ, ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਇਕ ਪਰਮਾਤਮਾ ਦਾ ਹੀ ਉਪਦੇਸ਼ ਕਰਦਾ ਹੈ, (ਉਸ ਰਾਸਧਾਰੀਏ ਨੂੰ) ਇਕ ਪਰਮਾਤਮਾ ਹੀ ਹਰ ਥਾਂ ਵੱਸਦਾ ਦਿੱਸਦਾ ਹੈ। ਉਸ ਦੀ ਸੁਰਤਿ ਸਿਰਫ਼ ਪਰਮਾਤਮਾ ਵਿਚ ਹੀ ਲੱਗੀ ਰਹਿੰਦੀ ਹੈ, ਉਹ ਸਿਰਫ਼ ਪ੍ਰਭੂ ਦੀ ਹੀ ਭਗਤੀ ਕਰਦਾ ਹੈ। ਗੁਰੂ ਪਾਸੋਂ (ਸਿੱਖਿਆ ਲੈ ਕੇ) ਉਹ ਸਿਰਫ਼ ਪਰਮਾਤਮਾ ਦਾ ਹੀ ਨਾਮ ਜਪਦਾ ਰਹਿੰਦਾ ਹੈ।੧।

(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ ਸਤ) ਸੰਤੋਖ (ਆਦਿਕ ਗੁਣਾਂ) ਨੂੰ ਪੰਜ (ਕਿਸਮ ਦੇ) ਸਾਜ ਬਣਾਂਦਾ ਹੈ, ਪ੍ਰਭੂ-ਚਰਨਾਂ ਵਿਚ ਲੀਨ ਰਹਿ ਕੇ ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੈ-ਇਹੀ ਉਸ ਵਾਸਤੇ (ਸਾ, ਰੇ ਆਦਿਕ) ਸੱਤ ਸੁਰਾਂ (ਦਾ ਆਲਾਪ ਹੈ। ਉਹ ਮਨੁੱਖ ਆਪਣੀ ਤਾਕਤ ਦਾ ਭਰੋਸਾ ਤਿਆਗਦਾ ਹੈ-ਇਹੀ ਉਸ ਦਾ ਵਾਜਾ (ਵਜਾਣਾ) ਹੈ। ਉਹ ਮਨੁੱਖ ਮੰਦੇ ਪਾਸੇ ਪੈਰ ਨਹੀਂ ਧਰਦਾ-ਇਹੀ ਉਸ ਵਾਸਤੇ ਤਾਨ-ਪਲਟਾ (ਆਲਾਪ) ਹੈ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਪੱਲੇ ਬੰਨ੍ਹੀ ਰੱਖਦਾ ਹੈ (ਹਿਰਦੇ ਵਿਚ ਵਸਾਈ ਰੱਖਦਾ ਹੈ। ਇਸ ਸ਼ਬਦ ਦੀ ਬਰਕਤ ਨਾਲ ਉਸ ਨੂੰ) ਕਦੇ ਜਨਮ-ਮਰਨ ਦਾ ਗੇੜ ਨਹੀਂ ਹੁੰਦਾ-ਇਹੀ (ਰਾਸ ਪਾਣ ਵੇਲੇ) ਉਸ ਦੀ ਨਾਚ-ਭੁਆਂਟਣੀ ਹੈ।੨।

(ਹੇ ਭਾਈ! ਪ੍ਰਭੂ ਦੇ ਦਰ ਦਾ ਰਾਸਧਾਰੀਆ) ਪਰਮਾਤਮਾ ਨੂੰ (ਸਦਾ ਆਪਣੇ) ਅੰਗ-ਸੰਗ ਜਾਣਦਾ ਹੈ-ਇਹ ਹੈ ਉਸ ਦੇ ਵਾਸਤੇ ਨਾਰਦ-ਭਗਤੀ ਵਾਲਾ ਨਾਚ। (ਇਸ ਤਰ੍ਹਾਂ) ਉਹ (ਦੁਨੀਆ ਦੇ ਸਾਰੇ) ਚਿੰਤਾ-ਝੋਰੇ ਤਿਆਗ ਦੇਂਦਾ ਹੈ-ਇਹ ਹੈ ਉਸ ਲਈ ਘੂੰਘਰੂਆਂ ਦੀ ਛਣਕਾਰ। (ਪ੍ਰਭੂ ਦੇ ਦਰ ਦਾ ਰਾਸਧਾਰੀਆ) ਆਤਮਕ ਅਡੋਲਤਾ ਦਾ ਸੁਖ ਮਾਣਦਾ ਹੈ (ਮਾਨੋ, ਉਹ) ਨਿਰਤਕਾਰੀ ਦੇ ਕਲੋਲ ਵਿਖਾ ਰਿਹਾ ਹੈ। ਹੇ ਭਾਈ! ਜੇਹੜਾ ਭੀ ਮਨੁੱਖ ਇਹ ਨਿਰਤਕਾਰੀ ਕਰਦਾ ਹੈ, ਉਹ ਜਨਮਾਂ ਦੇ ਗੇੜ ਵਿਚ ਨਹੀਂ ਪੈਂਦਾ।੩।

ਹੇ ਭਾਈ! ਜੇ ਕ੍ਰੋੜਾਂ ਵਿਚੋਂ ਕੋਈ ਮਨੁੱਖ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਤਾਂ ਉਹ (ਪ੍ਰਭੂ ਦਾ) ਇਹ ਕੀਰਤਨ ਗਾਂਦਾ ਹੈ। ਹੇ ਨਾਨਕ! ਆਖ-ਮੈਂ ਤਾਂ ਸਾਧ ਸੰਗਤਿ ਦੀ ਸਰਨੀਂ ਪੈਂਦਾ ਹਾਂ, ਕਿਉਂਕਿ ਸਾਧ ਸੰਗਤਿ ਨੂੰ ਕੀਰਤਨ ਹੀ ਜ਼ਿੰਦਗੀ ਦਾ) ਇਕੋ ਇਕ ਸਹਾਰਾ ਹੈ।੪।੮।

ਰਾਮਕਲੀ ਮਹਲਾ ੫ ॥ ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ਕਿਰਪਾ ਧਾਰਿ ਰਹੀਮ ॥੧॥ ਰਹਾਉ ॥ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥ ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥ {ਪੰਨਾ 885}

ਪਦਅਰਥ: ਗੁਸਈਆ = ਗੋਸਾਈਂ। ਅਲਾਇ = ਅੱਲਾ।੧।

ਕਾਰਣ ਕਰਣ = ਜਗਤ ਦਾ ਕਾਰਣ, ਜਗਤ ਦਾ ਮੂਲ। ਕਰਣ = ਜਗਤ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ। ਕਿਰਪਾ ਧਾਰਿ = ਕਿਰਪਾ = ਧਾਰਿ, ਕਿਰਪਾ ਕਰਨ ਵਾਲਾ। ਰਹੀਮ = ਰਹਿਮ ਕਰਨ ਵਾਲਾ।੧।ਰਹਾਉ।

ਨਾਵੈ = ਨ੍ਹਾਵੈ, ਇਸ਼ਨਾਨ ਕਰਦਾ ਹੈ। ਤੀਰਥਿ = ਤੀਰਥ ਉੱਤੇ। ਹਜ ਜਾਇ = ਕਾਅਬੇ ਦਾ ਦਰਸ਼ਨ ਕਰਨ ਜਾਂਦਾ ਹੈ। ਸਿਰੁ ਨਿਵਾਇ = ਨਮਾਜ਼ ਪੜ੍ਹਦਾ ਹੈ।੨।

ਕਤੇਬ = ਕੁਰਾਨ, ਅੰਜੀਲ ਆਦਿਕ ਪੱਛਮੀ ਧਰਮਾਂ ਦੇ ਧਾਰਮਿਕ ਗ੍ਰੰਥ। ਓਢੈ = ਪਹਿਨਦਾ ਹੈ। ਨੀਲ = ਨੀਲੇ ਕੱਪੜੇ। ਸੁਪੇਦ = ਚਿੱਟੇ ਕੱਪੜੇ।੩।

ਤੁਰਕੁ = ਮੁਸਲਮਾਨ। ਬਾਛੈ = ਮੰਗਦਾ ਹੈ, ਚਾਹੁੰਦਾ ਹੈ। ਭਿਸਤੁ = ਬਹਿਸ਼ਤ। ਸੁਰਗਿੰਦੂ = ਸੁਰਗ = ਇੰਦੂ, ਇੰਦਰ ਦੇਵਤੇ ਦਾ ਸੁਰਗ।੪।

ਜਿਨਿ = ਜਿਸ (ਮਨੁੱਖ) ਨੇ। ਤਿਨਿ = ਉਸ (ਮਨੁੱਖ) ਨੇ।੫।

ਅਰਥ: ਹੇ ਸਾਰੇ ਜਗਤ ਦੇ ਮੂਲ! ਹੇ ਬਖ਼ਸ਼ਿੰਦ! ਹੇ ਕਿਰਪਾਲ! ਹੇ ਰਹਿਮ ਕਰਨ ਵਾਲੇ! ਜੀਵਾਂ ਨੇ ਆਪੋ ਆਪਣੇ ਧਰਮ-ਪੁਸਤਕਾਂ ਦੀ ਬੋਲੀ ਅਨੁਸਾਰ ਤੇਰੇ ਵਖ ਵਖ ਨਾਮ ਰੱਖੇ ਹੋਏ ਹਨ, ਪਰ ਤੂੰ ਸਭ ਦਾ ਸਾਂਝਾ ਹੈਂ) ੧।ਰਹਾਉ।

ਹੇ ਭਾਈ! ਕੋਈ ਮਨੁੱਖ (ਪਰਮਾਤਮਾ ਦਾ ਨਾਮ) 'ਰਾਮ ਰਾਮ' ਉਚਾਰਦਾ ਹੈ, ਕੋਈ ਉਸ ਨੂੰ 'ਖ਼ੁਦਾਇ, ਖ਼ੁਦਾਇ' ਆਖਦਾ ਹੈ। ਕੋਈ ਮਨੁੱਖ ਉਸ ਨੂੰ 'ਗੋਸਾਈਂ' ਆਖ ਕੇ ਉਸ ਦੀ ਭਗਤੀ ਕਰਦਾ ਹੈ, ਕੋਈ 'ਅੱਲਾ' ਆਖ ਕੇ ਬੰਦਗੀ ਕਰਦਾ ਹੈ।੧।

ਹੇ ਭਾਈ! ਕੋਈ ਮਨੁੱਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ (ਮੱਕੇ) ਹੱਜ ਕਰਨ ਵਾਸਤੇ ਜਾਂਦਾ ਹੈ। ਕੋਈ ਮਨੁੱਖ (ਪ੍ਰਭੂ ਦੀ ਮੂਰਤੀ ਬਣਾ ਕੇ) ਪੂਜਾ ਕਰਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ।੨।

ਹੇ ਭਾਈ! ਕੋਈ (ਹਿੰਦੂ) ਵੇਦ ਆਦਿਕ ਧਰਮ-ਪੁਸਤਕ ਪੜ੍ਹਦਾ ਹੈ, ਕੋਈ (ਮੁਸਲਮਾਨ ਆਦਿਕ) ਕੁਰਾਨ ਅੰਜੀਲ ਆਦਿਕ ਪੜ੍ਹਦਾ ਹੈ। ਕੋਈ (ਮੁਸਲਮਾਨ ਹੋ ਕੇ) ਨੀਲੇ ਕੱਪੜੇ ਪਹਿਨਦਾ ਹੈ, ਕੋਈ (ਹਿੰਦੂ) ਚਿੱਟੇ ਬਸਤ੍ਰ ਪਾਂਦਾ ਹੈ।੩।

ਹੇ ਭਾਈ! ਕੋਈ ਮਨੁੱਖ ਆਖਦਾ ਹੈ 'ਮੈਂ ਮੁਸਲਮਾਨ ਹਾਂ', ਕੋਈ ਆਖਦਾ ਹੈ 'ਮੈਂ ਹਿੰਦੂ ਹਾਂ'ਕੋਈ ਮਨੁੱਖ (ਪਰਮਾਤਮਾ ਪਾਸੋਂ) ਬਹਿਸ਼ਤ ਮੰਗਦਾ ਹੈ, ਕੋਈ ਸੁਰਗ ਮੰਗਦਾ ਹੈ।੪।

ਹੇ ਨਾਨਕ! ਆਖ-ਜਿਸ ਮਨੁੱਖ ਨੇ ਪਰਮਾਤਮਾ ਦਾ ਹੁਕਮ ਪਛਾਣਿਆ ਹੈ, ਉਸ ਨੇ ਮਾਲਕ-ਪ੍ਰਭੂ ਦਾ ਭੇਤ ਪਾ ਲਿਆ ਹੈ (ਕਿ ਉਸ ਨੂੰ ਕਿਵੇਂ ਪ੍ਰਸੰਨ ਕਰ ਸਕੀਦਾ ਹੈ) ੯।

ਰਾਮਕਲੀ ਮਹਲਾ ੫ ॥ ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥ ਕਉਨੁ ਮੂਆ ਰੇ ਕਉਨੁ ਮੂਆ ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥ ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥ ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥ ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥ ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ ॥੩॥ ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥ {ਪੰਨਾ 885}

ਪਦਅਰਥ: ਪਵਨੈ ਮਹਿ = ਹਵਾ ਵਿਚ ਹੀ। ਪਵਨੁ = ਹਵਾ, ਸੁਆਸ। ਸਮਾਇਆ = ਮਿਲ ਜਾਂਦਾ ਹੈ। ਕਵਨ ਟੇਕ = ਕੇਹੜਾ ਆਸਰਾ? ਭੁਲੇਖੇ ਦੇ ਕਾਰਨ ਹੀ।੧।

ਰੇ = ਹੇ ਭਾਈ! ਕਉਨੁ ਮੂਆ = (ਅਸਲ ਵਿਚ) ਕੋਈ ਭੀ ਨਹੀਂ ਮਰਦਾ। ਬ੍ਰਹਮ ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ ਮਨੁੱਖ, ਗੁਰਮੁਖ, ਗੁਰੂ। ਮਿਲਿ = ਮਿਲ ਕੇ। ਤਉ = ਤਾਂ। ਚਲਤੁ = ਖੇਡ, ਤਮਾਸ਼ਾ।੧।ਰਹਾਉ।

ਅਗਲੀ = ਅਗਾਂਹ ਵਰਤਣ ਵਾਲੀ। ਊਠਿ = ਉੱਠ ਕੇ। ਸਿਧਾਈ = ਚਲਾ ਜਾਂਦਾ ਹੈ। ਬੰਧ = ਬੰਧਨ। ਭਖਲਾਏ = ਬਰੜਾਉਂਦਾ ਹੈ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ।੨।

ਕਰਤਾਰਿ = ਕਰਤਾਰ ਨੇ। ਹੁਕਮਿ = (ਪ੍ਰਭੂ ਦੇ) ਹੁਕਮ ਵਿਚ ਹੀ। ਅਪਾਰਿ ਹੁਕਮਿ = ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਦੀ ਰਾਹੀਂ {ਲਫ਼ਜ਼ 'ਅਪਾਰਿ' ਅਤੇ 'ਹੁਕਮਿ' ਇਕੋ ਹੀ 'ਕਾਰਕ' (Case) ਵਿਚ ਹਨ}੩।

ਜੋ = ਜਿਹੋ ਜਿਹਾ। ਜਾਣਹੁ = ਤੁਸੀ ਸਮਝਦੇ ਹੋ। ਇਹੁ = ਇਹ ਜੀਵਾਤਮਾ ਨੂੰ। ਸੋ = ਉਹੋ ਜਿਹਾ। ਕਉ = ਨੂੰ, ਤੋਂ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ। ਗੁਰਿ = ਗੁਰੂ ਨੇ। ਭਰਮੁ = ਭੁਲੇਖਾ। ਆਵੈ = ਜੰਮਦਾ ਹੈ। ਜਾਇਆ = ਮਰਦਾ ਹੈ।੪।

ਅਰਥ: ਹੇ ਭਾਈ! ਅਸਲ ਵਿਚ) ਕੋਈ ਭੀ ਜੀਵਾਤਮਾ ਮਰਦਾ ਨਹੀਂ, ਇਹ ਪੱਕੀ ਗੱਲ ਹੈ। ਜੇਹੜਾ ਕੋਈ ਗੁਰਮੁਖਿ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੂੰ ਮਿਲ ਕੇ (ਬੇ-ਸ਼ੱਕ) ਵਿਚਾਰ ਕਰ ਲਵੋ, (ਜੰਮਣ ਮਰਨ ਵਾਲੀ ਤਾਂ) ਇਹ ਇਕ ਖੇਡ ਬਣੀ ਹੋਈ ਹੈ।੧।ਰਹਾਉ।

(ਹੇ ਭਾਈ! ਜਦੋਂ ਅਸੀ ਇਹ ਸਮਝਦੇ ਹਾਂ ਕਿ ਕੋਈ ਪ੍ਰਾਣੀ ਮਰ ਗਿਆ ਹੈ, ਅਸਲ ਵਿਚ ਇਹ ਹੁੰਦਾ ਹੈ ਕਿ ਉਸ ਦੇ ਪੰਜ-ਤੱਤੀ ਸਰੀਰ ਵਿਚੋਂ) ਸੁਆਸ ਹਵਾ ਵਿਚ ਮਿਲ ਜਾਂਦਾ ਹੈ, (ਸਰੀਰ ਦੀ) ਮਿੱਟੀ (ਧਰਤੀ ਦੀ) ਮਿੱਟੀ ਨਾਲ ਮਿਲ ਜਾਂਦੀ ਹੈ, ਜੀਵਾਤਮਾ (ਸਰਬ-ਵਿਆਪਕ) ਜੋਤਿ ਨਾਲ ਜਾ ਰਲਦਾ ਹੈ। (ਮੁਏ ਨੂੰ) ਰੋਣ ਵਾਲਾ ਭੁਲੇਖੇ ਦੇ ਕਾਰਨ ਹੀ ਰੋਂਦਾ ਹੈ।੧।

(ਹੇ ਭਾਈ! ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲਾ ਪ੍ਰਾਣੀ ਉਸ ਵੇਲੇ) ਅਗਾਂਹ (ਸਦਾ) ਬੀਤਣ ਵਾਲੀ ਗੱਲ ਨਹੀਂ ਸਮਝਦਾ ਕਿ ਜੇਹੜਾ (ਹੁਣ ਕਿਸੇ ਦੇ ਵਿਛੋੜੇ ਤੇ) ਰੋ ਰਿਹਾ ਹੈ (ਆਖ਼ਰ) ਉਸ ਨੇ ਭੀ ਇਥੋਂ ਕੂਚ ਕਰ ਜਾਣਾ ਹੈ। (ਹੇ ਭਾਈ! ਜੀਵਾਂ ਨੂੰ) ਭਰਮ ਅਤੇ ਮੋਹ ਦੇ ਬੰਧਨ ਬੱਝੇ ਹੋਏ ਹਨ, (ਜੀਵਾਤਮਾ ਅਤੇ ਸਰੀਰ ਦਾ ਮਿਲਾਪ ਤਾਂ ਸੁਪਨੇ ਵਾਂਗ ਹੈ, ਇਹ ਆਖ਼ਰ) ਸੁਪਨਾ ਹੋ ਕੇ ਬੀਤ ਜਾਂਦਾ ਹੈ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ (ਵਿਅਰਥ ਹੀ) ਬਰੜਾਂਦਾ ਹੈ।੨।

ਹੇ ਭਾਈ! ਇਹ ਜਗਤ ਤਾਂ ਕਰਤਾਰ ਨੇ ਇਕ ਖੇਡ ਰਚੀ ਹੋਈ ਹੈ। ਉਸ ਕਰਤਾਰ ਦੇ ਕਦੇ ਖ਼ਤਮ ਨਾਹ ਹੋਣ ਵਾਲੇ ਹੁਕਮ ਵਿਚ ਹੀ ਜੀਵ ਇਥੇ ਆਉਂਦੇ ਰਹਿੰਦੇ ਹਨ ਤੇ ਇਥੋਂ ਜਾਂਦੇ ਰਹਿੰਦੇ ਹਨ। ਉਂਞ ਕੋਈ ਭੀ ਜੀਵਾਤਮਾ ਕਦੇ ਮਰਦਾ ਨਹੀਂ ਹੈ, ਕਿਉਂਕਿ ਇਹ ਮਰਨ-ਜੋਗਾ ਹੀ ਨਹੀਂ। ਇਹ ਜੀਵਾਤਮਾ ਕਦੇ ਨਾਸ ਨਹੀਂ ਹੁੰਦਾ, ਇਸ ਦਾ ਅਸਲਾ ਜੁ ਸਦਾ ਕਾਇਮ ਰਹਿਣ ਵਾਲਾ ਹੀ ਹੋਇਆ।੩।

ਹੇ ਭਾਈ! ਤੁਸੀ ਇਸ ਜੀਵਾਤਮਾ ਨੂੰ ਜਿਹੋ ਜਿਹਾ ਸਮਝ ਰਹੇ ਹੋ, ਇਹ ਉਹੋ ਜਿਹਾ ਨਹੀਂ ਹੈ। ਮੈਂ ਉਸ ਮਨੁੱਖ ਤੋਂ ਕੁਰਬਾਨ ਹਾਂ, ਜਿਸ ਨੇ ਇਹ ਅਸਲੀਅਤ ਸਮਝ ਲਈ ਹੈ। ਹੇ ਨਾਨਕ! ਆਖ-ਗੁਰੂ ਨੇ ਜਿਸ ਦਾ ਭੁਲੇਖਾ ਦੂਰ ਕਰ ਦਿੱਤਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।੪।੧੦।

ਰਾਮਕਲੀ ਮਹਲਾ ੫ ॥ ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥ ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥ ਬਡੈ ਭਾਗਿ ਸਾਧਸੰਗੁ ਪਾਇਓ ॥੧॥ ਬਿਨੁ ਗੁਰ ਪੂਰੇ ਨਾਹੀ ਉਧਾਰੁ ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥ {ਪੰਨਾ 885-886}

ਪਦਅਰਥ: ਤੂੰ ਜੀਵਹਿ = ਤੂੰ ਜੀਊਂਦਾ ਰਹੇਂਗਾ, ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ। ਮਹਾ ਕਾਲੁ = ਭਿਆਨਕ ਆਤਮਕ ਮੌਤ।੧।ਰਹਾਉ।

ਕੋਟਿ = ਕ੍ਰੋੜਾਂ। ਭ੍ਰਮਿ ਭ੍ਰਮਿ ਭ੍ਰਮਿ = ਮੁੜ ਮੁੜ ਭਟਕ ਭਟਕ ਕੇ। ਆਇਓ = ਤੂੰ (ਇਸ ਮਨੁੱਖਾ ਜਨਮ ਵਿਚ) ਆਇਆ ਹੈਂ। ਵਡੈ ਭਾਗਿ = ਵੱਡੀ ਕਿਸਮਤ ਨਾਲ। ਪਾਇਓ = ਤੂੰ ਹਾਸਲ ਕੀਤਾ ਹੈ। ਸਾਧ ਸੰਗੁ = ਗੁਰੂ ਦਾ ਸਾਥ।੧।

ਉਧਾਰੁ = (ਕ੍ਰੋੜਾਂ ਜਨਮਾਂ ਤੋਂ) ਪਾਰ = ਉਤਾਰਾ। ਬਾਬਾ = ਹੇ ਭਾਈ! ਨਾਨਕੁ ਆਖੈ = ਨਾਨਕ ਦੱਸਦਾ ਹੈ।੨।

ਅਰਥ: ਹੇ ਭਾਈ! ਗੋਬਿੰਦ (ਦਾ ਨਾਮ) ਜਪਿਆ ਕਰ, ਸੋਹਣੇ ਗੋਪਾਲ ਦਾ ਨਾਮ ਜਪਿਆ ਕਰ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜਿਉਂ ਜਿਉਂ ਨਾਮ ਸਿਮਰੇਂਗਾ) ਤੈਨੂੰ ਉੱਚਾ ਆਤਮਕ ਜੀਵਨ ਮਿਲਿਆ ਰਹੇਗਾ। ਭਿਆਨਕ ਆਤਮਕ ਮੌਤ (ਤੇਰੇ ਆਤਮਕ ਜੀਵਨ ਨੂੰ) ਫਿਰ ਕਦੇ ਮੁਕਾ ਨਹੀਂ ਸਕੇਗੀ।੧।ਰਹਾਉ।

ਹੇ ਭਾਈ! ਅਨੇਕਾਂ ਕਿਸਮਾਂ ਦੇ) ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਹੁਣ ਤੂੰ ਮਨੁੱਖਾ ਜਨਮ ਵਿਚ) ਆਇਆ ਹੈਂ, (ਤੇ, ਇਥੇ) ਵੱਡੀ ਕਿਸਮਤ ਨਾਲ (ਤੈਨੂੰ) ਗੁਰੂ ਦਾ ਸਾਥ ਮਿਲ ਗਿਆ ਹੈ।੧।

ਹੇ ਭਾਈ! ਨਾਨਕ (ਤੈਨੂੰ) ਇਹ ਵਿਚਾਰ ਦੀ ਗੱਲ ਦੱਸਦਾ ਹੈ-ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਅਨੇਕਾਂ ਜੂਨਾਂ ਤੋਂ) ਪਾਰ-ਉਤਾਰਾ ਨਹੀਂ ਹੋ ਸਕਦਾ।੨।੧੧।

TOP OF PAGE

Sri Guru Granth Darpan, by Professor Sahib Singh