ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 886 ਰਾਗੁ ਰਾਮਕਲੀ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਚਾਰਿ ਪੁਕਾਰਹਿ ਨਾ ਤੂ ਮਾਨਹਿ ॥ ਖਟੁ ਭੀ ਏਕਾ ਬਾਤ ਵਖਾਨਹਿ ॥ ਦਸ ਅਸਟੀ ਮਿਲਿ ਏਕੋ ਕਹਿਆ ॥ ਤਾ ਭੀ ਜੋਗੀ ਭੇਦੁ ਨ ਲਹਿਆ ॥੧॥ ਕਿੰਕੁਰੀ ਅਨੂਪ ਵਾਜੈ ॥ ਜੋਗੀਆ ਮਤਵਾਰੋ ਰੇ ॥੧॥ ਰਹਾਉ ॥ ਪ੍ਰਥਮੇ ਵਸਿਆ ਸਤ ਕਾ ਖੇੜਾ ॥ ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥ ਦੁਤੀਆ ਅਰਧੋ ਅਰਧਿ ਸਮਾਇਆ ॥ ਏਕੁ ਰਹਿਆ ਤਾ ਏਕੁ ਦਿਖਾਇਆ ॥੨॥ ਏਕੈ ਸੂਤਿ ਪਰੋਏ ਮਣੀਏ ॥ ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥ ਫਿਰਤੀ ਮਾਲਾ ਬਹੁ ਬਿਧਿ ਭਾਇ ॥ ਖਿੰਚਿਆ ਸੂਤੁ ਤ ਆਈ ਥਾਇ ॥੩॥ ਚਹੁ ਮਹਿ ਏਕੈ ਮਟੁ ਹੈ ਕੀਆ ॥ ਤਹ ਬਿਖੜੇ ਥਾਨ ਅਨਿਕ ਖਿੜਕੀਆ ॥ ਖੋਜਤ ਖੋਜਤ ਦੁਆਰੇ ਆਇਆ ॥ ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥ ਇਉ ਕਿੰਕੁਰੀ ਆਨੂਪ ਵਾਜੈ ॥ ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥ {ਪੰਨਾ 886} ਪਦਅਰਥ: ਚਾਰਿ = ਚਾਰ ਵੇਦ {ਨੋਟ:ਗਿਣਤੀ ਦੱਸਣ ਵਾਲਾ ਲਫ਼ਜ਼ 'ਚਾਰਿ' ਸਦਾ 'ਿ ' ਨਾਲ ਹੋਇਆ ਕਰਦਾ ਹੈ}। ਪੁਕਾਰਹਿ = ਜ਼ੋਰ ਦੇ ਕੇ ਆਖਦੇ ਹਨ। ਖਟੁ = ਛੇ ਸ਼ਾਸਤਰ। ਏਕਾ ਬਾਤ = (ਇਹੀ) ਇਕੋ ਗੱਲ। ਵਖਾਨਹਿ = ਬਿਆਨ ਕਰਦੇ ਹਨ। ਦਸ ਅਸਟੀ = ਅਠਾਰਾਂ ਪੁਰਾਨ {ਅਸਟੀ = ਅੱਠ}। ਮਿਲਿ = ਮਿਲ ਕੇ। ਏਕੋ = ਇਕ ਬਚਨ। ਜੋਗੀ = ਹੇ ਜੋਗੀ! ਭੇਦੁ = (ਹਰੇਕ ਹਿਰਦੇ ਵਿਚ ਵੱਸ ਰਹੀ ਸੋਹਣੀ ਕਿੰਗੁਰੀ ਦਾ) ਭੇਤ। ਲਹਿਆ = ਲੱਭਾ।੧। ਕਿੰਕੁਰੀ = ਕਿੰਗਰੀ, ਸੋਹਣੇ ਕਿੰਗ। ਅਨੂਪ = ਉਪਮਾ = ਰਹਿਤ, ਬੇ = ਮਿਸਾਲ, ਬਹੁਤ ਸੋਹਣੀ। ਵਾਜੈ = (ਅੱਗੇ ਹੀ) ਵੱਜ ਰਹੀ ਹੈ। ਰੇ ਜੋਗੀਆ = ਹੇ ਜੋਗੀ! ਮਤਵਾਰੋ = ਮਤਵਾਲਾ, (ਆਪਣੀ ਕਿੰਗ ਵਜਾਣ ਵਿਚ) ਮਸਤ।੧।ਰਹਾਉ। ਪ੍ਰਥਮੇ = ਪਹਿਲੇ (ਜੁਗ ਵਿਚ) ਸਤਜੁਗ ਵਿਚ। ਖੇੜਾ = ਨਗਰ। ਸਤ = ਦਾਨ। ਤ੍ਰਿਤੀਏ ਮਹਿ = ਤ੍ਰੇਤੇ ਜੁਗ ਵਿਚ। ਦੁਤੇੜਾ = ਦੁਫੇੜਾ, ਕਮੀ, ਘਾਟ। ਅਰਧੋ ਅਰਧਿ = ਅੱਧ ਅੱਧ ਵਿਚ। ਏਕੁ ਰਹਿਆ = (ਧਰਮ ਦਾ ਸਿਰਫ਼) ਇੱਕ (ਪੈਰ) ਰਹਿ ਗਿਆ। ਏਕੁ = ਇੱਕ ਪਰਮਾਤਮਾ। ਦੁਤੀਆ = ਦੁਆਪਰ ਜੁਗ। ਏਕੈ ਸੂਤਿ = ਇਕੋ ਧਾਗੇ ਵਿਚ, ਇਕੋ ਪਰਮਾਤਮਾ ਦੀ ਚੇਤਨ = ਸੱਤਾ ਵਿਚ। ਸੂਤਿ = ਸੂਤਰ ਵਿਚ। ਗਾਠੀ = ਗੰਢਾਂ, ਸ਼ਕਲਾਂ, ਸ਼ਖ਼ਸੀਅਤਾਂ। ਭਿਨਿ ਭਿਨਿ = ਵੱਖ ਵੱਖ। ਤਣੀਏ = ਤਾਣੀਆਂ ਹੋਈਆਂ ਹਨ। ਮਾਲਾ = ਸੰਸਾਰ = ਚੱਕਰ। ਬਹੁ ਬਿਧਿ = ਕਈ ਤਰੀਕਿਆਂ ਨਾਲ। ਬਹੁ ਭਾਇ = ਕਈ ਜੁਗਤੀਆਂ ਨਾਲ। ਸੂਤ = (ਮਾਲਾ ਦਾ) ਧਾਗਾ, (ਜੀਵਾਂ ਵਿਚ ਪਰਮਾਤਮਾ ਦੀ ਚੇਤਨ = ਸੱਤਾ) । ਆਈ ਥਾਇ = (ਸਾਰੀ ਮਾਲਾ) ਇਕੋ ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ।੩। ਚਹੁ ਮਹਿ = ਚਹੁੰਆਂ (ਜੁਗਾਂ) ਵਿਚ। ਏਕੈ ਮਟੁ = ਇਕੋ (ਪਰਮਾਤਮਾ) ਦਾ ਹੀ (ਜਗਤ-) ਮਠ {ਨੋਟ: ਜੋਗੀਆਂ ਦਾ ਨਿਵਾਸ = ਅਸਥਾਨ 'ਮਠ' ਅਖਵਾਂਦਾ ਹੈ। ਇਹ ਜਗਤ ਸਾਰੇ ਜੀਵ = ਜੋਗੀਆਂ ਦਾ ਨਿਵਾਸ = ਅਸਥਾਨ ਹੈ}। ਤਹ = ਇਸ (ਜਗਤ = ਮਠ) ਵਿਚ। ਬਿਖੜੇ = ਔਖੇ। ਅਨਿਕ ਖਿੜਕੀਆ = ਅਨੇਕਾਂ ਜੂਨਾਂ। ਦੁਆਰੇ = (ਗੁਰੂ ਦੇ) ਦਰ ਤੇ। ਨਾਨਕ = ਹੇ ਨਾਨਕ! ਜੋਗੀ = ਜੋਗੀ ਨੇ, ਪ੍ਰਭੂ = ਚਰਨਾਂ ਵਿਚ ਜੁੜੇ ਮਨੁੱਖ ਨੇ। ਮਹਲੁ = ਪ੍ਰਭੂ ਦਾ ਮਹਲ। ਘਰੁ = ਪ੍ਰਭੂ ਦਾ ਘਰ। ਮਹਲੁ ਘਰੁ = ਪ੍ਰਭੂ ਦੇ ਚਰਨਾਂ ਵਿਚ ਨਿਵਾਸ।੪। ਇਉ = ਇਉਂ, ਇਸ ਤਰ੍ਹਾਂ, (ਭਾਵ, ਖੋਜ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ) । ਸੁਣਿ = ਸੁਣ ਕੇ। ਕੈ ਮਨਿ = ਦੇ ਮਨ ਵਿਚ। ਜੋਗੀ ਕੈ ਮਨਿ = ਪ੍ਰਭੂ = ਚਰਨਾਂ ਵਿਚ ਜੁੜੇ ਮਨੁੱਖ ਦੇ ਮਨ ਵਿਚ।੧।ਰਹਾਉ ਦੂਜਾ। ਨੋਟ: ਪਹਿਲੇ 'ਰਹਾਉ' ਦੀਆਂ ਤੁਕਾਂ ਵਿਚ 'ਅਨੂਪ ਕਿੰਕੁਰੀ' ਦਾ ਜ਼ਿਕਰ ਕੀਤਾ ਗਿਆ ਸੀ। ਬੰਦ ਨੰ: ੪ ਵਿਚ ਗੁਰੂ ਦੇ ਦਰ ਤੇ ਪਹੁੰਚਣ ਦੀ ਤਾਕੀਦ ਕੀਤੀ ਗਈ ਹੈ। 'ਦੂਜੇ ਰਹਾਉ' ਵਿਚ ਇਹ ਦੱਸਿਆ ਹੈ ਕਿ ਗੁਰੂ ਦੇ ਦਰ ਤੇ ਪਹੁੰਚਿਆਂ ਆਪਣੇ ਅੰਦਰ ਰੁਮਕ ਰਹੀ ਰੱਬੀ ਰੌ ਦਾ ਆਨੰਦ ਆਉਣ ਲੱਗ ਪੈਂਦਾ ਹੈ। ਅਰਥ: (ਆਪਣੀ ਨਿੱਕੀ ਜਿਹੀ ਕਿੰਗ ਵਜਾਣ ਵਿਚ) ਮਸਤ ਹੇ ਜੋਗੀ! ਵੇਖ, ਅੱਗੇ ਹੀ) ਸੁੰਦਰ ਕਿੰਗ ਬੜੀ ਸੋਹਣੀ ਵੱਜ ਰਹੀ ਹੈ (ਹਰੇਕ ਜੀਵ ਦੇ ਹਿਰਦੇ ਵਿਚ ਰੱਬੀ ਰੌ ਚੱਲ ਰਹੀ ਹੈ-ਇਹੀ ਹੈ ਸੋਹਣੀ ਕਿੰਗ) ।੧।ਰਹਾਉ। ਹੇ ਜੋਗੀ! ਚਾਰ ਵੇਦ ਪੁਕਾਰ ਪੁਕਾਰ ਕੇ ਆਖ ਰਹੇ ਹਨ (ਕਿ ਸਭ ਜੀਵਾਂ ਵਿਚ (ਰੱਬੀ ਜੋਤਿ-ਰੂਪ ਸੁੰਦਰ ਕਿੰਗਰੀ ਹਰ ਥਾਂ ਵੱਜ ਰਹੀ ਹੈ) ਪਰ ਤੂੰ ਯਕੀਨ ਨਹੀਂ ਕਰਦਾ। ਹੇ ਜੋਗੀ! ਛੇ ਸ਼ਾਸਤਰ ਭੀ ਇਹੀ ਗੱਲ ਬਿਆਨ ਕਰ ਰਹੇ ਹਨ। ਅਠਾਰਾਂ ਪੁਰਾਣਾਂ ਨੇ ਮਿਲ ਕੇ ਭੀ ਇਹੋ ਬਚਨ ਆਖਿਆ ਹੈ। ਪਰ ਹੇ ਜੋਗੀ! (ਹਰੇਕ ਹਿਰਦੇ ਵਿਚ ਵੱਜ ਰਹੀ ਸੋਹਣੀ ਕਿੰਗ ਦਾ) ਭੇਤ ਤੂੰ ਨਹੀਂ ਸਮਝਿਆ।੧। (ਹੇ ਜੋਗੀ! ਤੂੰ ਇਹੀ ਸਮਝਦਾ ਆ ਰਿਹਾ ਹੈਂ ਕਿ) ਪਹਿਲੇ ਜੁਗ (ਸਤਜੁਗ) ਵਿਚ ਦਾਨ ਦਾ ਨਗਰ ਵੱਸਦਾ ਸੀ (ਭਾਵ, ਦਾਨ ਕਰਨ ਦਾ ਕਰਮ ਪ੍ਰਧਾਨ ਸੀ) ਅਤੇ ਤ੍ਰੇਤੇ ਜੁਗ ਵਿਚ (ਧਰਮ ਦੇ ਅੰਦਰ) ਕੁਝ ਤ੍ਰੇੜ ਆ ਗਈ (ਧਰਮ-ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ) । (ਹੇ ਜੋਗੀ! ਤੂੰ ਇਹੀ ਨਿਸਚਾ ਬਣਾਇਆ ਹੋਇਆ ਹੈ ਕਿ) ਦੁਆਪਰ ਜੁਗ ਅੱਧ ਵਿਚ ਟਿਕ ਗਿਆ (ਭਾਵ, ਦੁਆਪਰ ਜੁਗ ਵਿਚ ਧਰਮ-ਬਲਦ ਦੀਆਂ ਦੋ ਲੱਤਾਂ ਰਹਿ ਗਈਆਂ) ਅਤੇ (ਹੁਣ ਜਦੋਂ ਕਲਜੁਗ ਵਿਚ ਧਰਮ-ਬਲਦ ਸਿਰਫ਼) ਇੱਕ (ਲੱਤ ਵਾਲਾ) ਰਹਿ ਗਿਆ ਹੈ, ਤਦੋਂ (ਦਾਨ, ਤਪ, ਜੱਗ ਆਦਿਕ ਦੇ ਥਾਂ ਹਰਿ-ਨਾਮ-ਸਿਮਰਨ ਦਾ) ਇੱਕੋ (ਰਸਤਾ ਮੂਰਤੀ-ਪੂਜਾ ਨੇ ਜੀਵਾਂ ਨੂੰ) ਵਿਖਾਇਆ ਹੈ (ਪਰ ਤੈਨੂੰ ਇਹ ਭੁਲੇਖਾ ਹੈ ਕਿ ਇਕੋ ਪਰਮਾਤਮਾ ਦੇ ਰਚੇ ਜਗਤ ਵਿਚ ਵਖ ਵਖ ਜੁਗਾਂ ਵਿਚ ਵਖ ਵਖ ਧਰਮ-ਆਦਰਸ਼ ਹੋ ਗਏ। ਪਰਮਾਤਮਾ ਦੀ ਬਣਾਈ ਮਰਯਾਦਾ ਸਦਾ ਇਕ-ਸਾਰ ਰਹਿੰਦੀ ਹੈ, ਉਸ ਵਿਚ ਤਬਦੀਲੀ ਨਹੀਂ ਆਉਂਦੀ) ।੨। (ਵੇਖ, ਹੇ ਜੋਗੀ! ਜਿਵੇਂ ਮਾਲਾ ਦੇ ਇਕੋ ਧਾਗੇ ਵਿਚ ਕਈ ਮਣਕੇ ਪ੍ਰੋਤੇ ਹੋਏ ਹੁੰਦੇ ਹਨ, ਤੇ, ਉਸ ਮਾਲਾ ਨੂੰ ਮਨੁੱਖ ਫੇਰਦਾ ਰਹਿੰਦਾ ਹੈ, ਤਿਵੇਂ) ਜਗਤ ਦੇ ਸਾਰੇ ਹੀ ਜੀਵ-ਮਣਕੇ ਪਰਮਾਤਮਾ ਦੀ ਸੱਤਾ-ਰੂਪ ਧਾਗੇ ਵਿਚ ਪ੍ਰੋਤੇ ਹੋਏ ਹਨ (ਸੰਸਾਰ-ਚੱਕਰ ਦੀ) ਇਹ ਮਾਲਾ ਕਈ ਤਰੀਕਿਆਂ ਨਾਲ ਕਈ ਜੁਗਤੀਆਂ ਨਾਲ ਫਿਰਦੀ ਰਹਿੰਦੀ ਹੈ। (ਜਦੋਂ ਪਰਮਾਤਮਾ ਆਪਣੀ) ਸੱਤਾ-ਰੂਪ ਧਾਗਾ (ਇਸ ਜਗਤ-ਮਾਲਾ ਵਿਚੋਂ) ਖਿੱਚ ਲੈਂਦਾ ਹੈ, ਤਾਂ (ਸਾਰੀ ਮਾਲਾ ਇਕੋ) ਥਾਂ ਵਿਚ ਆ ਜਾਂਦੀ ਹੈ (ਸਾਰੀ ਸ੍ਰਿਸ਼ਟੀ ਇਕੋ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੀ ਹੈ) ।੩। (ਵੇਖ, ਹੇ ਜੋਗੀ! ਜੋਗੀਆਂ ਦੇ ਮਠ ਵਾਂਗ ਇਹ ਜਗਤ ਇਕ ਮਠ ਹੈ) ਚਹੁੰਆਂ ਹੀ ਜੁਗਾਂ ਵਿਚ (ਸਦਾ ਤੋਂ ਹੀ) ਇਹ ਜਗਤ-ਮਠ ਇਕ (ਪਰਮਾਤਮਾ) ਦਾ ਹੀ ਬਣਾਇਆ ਹੋਇਆ ਹੈ। ਇਸ ਜਗਤ-ਮਠ ਵਿਚ ਜੀਵ ਨੂੰ ਖ਼ੁਆਰ ਕਰਨ ਲਈ ਅਨੇਕਾਂ (ਵਿਕਾਰ-ਰੂਪ) ਔਖੇ ਥਾਂ ਹਨ (ਅਤੇ ਵਿਕਾਰਾਂ ਵਿਚ ਫਸੇ ਜੀਵਾਂ ਵਾਸਤੇ) ਅਨੇਕਾਂ ਹੀ ਜੂਨਾਂ ਹਨ (ਜਿਨ੍ਹਾਂ ਵਿਚੋਂ ਦੀ ਜੀਵਾਂ ਨੂੰ ਲੰਘਣਾ ਪੈਂਦਾ ਹੈ, ਜਿਵੇਂ ਕਿਸੇ ਘਰ ਦੀ ਖਿੜਕੀ ਵਿਚੋਂ ਦੀ ਲੰਘੀਦਾ ਹੈ) । ਹੇ ਨਾਨਕ! ਆਖ-ਹੇ ਜੋਗੀ!) ਜਦੋਂ ਕੋਈ ਮਨੁੱਖ (ਪਰਮਾਤਮਾ ਦੇ ਦੇਸ ਦੀ) ਭਾਲ ਕਰਦਾ ਕਰਦਾ (ਗੁਰੂ ਦੇ) ਦਰ ਤੇ ਆ ਪਹੁੰਚਦਾ ਹੈ, ਤਦੋਂ ਪ੍ਰਭੂ-ਚਰਨਾਂ ਵਿਚ ਜੁੜੇ ਉਸ ਮਨੁੱਖ ਨੂੰ ਪਰਮਾਤਮਾ ਦਾ ਮਹਲ ਪਰਮਾਤਮਾ ਦਾ ਘਰ ਲੱਭ ਪੈਂਦਾ ਹੈ।੪। (ਹੇ ਜੋਗੀ!) ਇਸ ਤਰ੍ਹਾਂ ਖੋਜ ਕਰਦਿਆਂ ਕਰਦਿਆਂ ਗੁਰੂ ਦੇ ਦਰ ਤੇ ਪਹੁੰਚ ਕੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਹਰੇਕ ਹਿਰਦੇ ਵਿਚ ਪਰਮਾਤਮਾ ਦੀ ਚੇਤਨ-ਸੱਤਾ ਦੀ) ਸੁੰਦਰ ਕਿੰਗਰੀ ਵੱਜ ਰਹੀ ਹੈ। (ਇਹ ਸੁੰਦਰ ਕਿੰਗਰੀ ਵੱਜਦੀ) ਸੁਣ ਸੁਣ ਕੇ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਹੋਏ ਮਨੁੱਖ ਦੇ ਮਨ ਵਿਚ (ਇਹ ਕਿੰਗਰੀ) ਮਿੱਠੀ ਲੱਗਣ ਲੱਗ ਪੈਂਦੀ ਹੈ।੧।ਰਹਾਉ ਦੂਜਾ। ਜ਼ਰੂਰੀ ਨੋਟ: 'ਰਹਾਉ' ਦੀ ਤੁਕ ਵਿਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ। ਪਹਿਲੇ ਦੋ ਬੰਦਾਂ ਵਿਚ ਕਿਸੇ ਜੋਗੀ ਦਾ ਧਿਆਨ ਉਸ ਦੇ ਆਪਣੇ ਹੀ ਧਾਰਮਿਕ ਭੁਲੇਖਿਆਂ ਵਲ ਦਿਵਾਇਆ ਗਿਆ ਹੈ। ਤੀਜੇ ਅਤੇ ਚੌਥੇ ਬੰਦ ਵਿਚ ਸਤਿਗੁਰੂ ਜੀ ਆਪਣਾ ਮਤ ਬਿਆਨ ਕਰ ਰਹੇ ਹਨ। ਰਾਮਕਲੀ ਮਹਲਾ ੫ ॥ ਤਾਗਾ ਕਰਿ ਕੈ ਲਾਈ ਥਿਗਲੀ ॥ ਲਉ ਨਾੜੀ ਸੂਆ ਹੈ ਅਸਤੀ ॥ ਅੰਭੈ ਕਾ ਕਰਿ ਡੰਡਾ ਧਰਿਆ ॥ ਕਿਆ ਤੂ ਜੋਗੀ ਗਰਬਹਿ ਪਰਿਆ ॥੧॥ ਜਪਿ ਨਾਥੁ ਦਿਨੁ ਰੈਨਾਈ ॥ ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥ਗਹਰੀ ਬਿਭੂਤ ਲਾਇ ਬੈਠਾ ਤਾੜੀ ॥ ਮੇਰੀ ਤੇਰੀ ਮੁੰਦ੍ਰਾ ਧਾਰੀ ॥ ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥ ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥ ਚਲ ਚਿਤ ਜੋਗੀ ਆਸਣੁ ਤੇਰਾ ॥ ਸਿੰਙੀ ਵਾਜੈ ਨਿਤ ਉਦਾਸੇਰਾ ॥ ਗੁਰ ਗੋਰਖ ਕੀ ਤੈ ਬੂਝ ਨ ਪਾਈ ॥ ਫਿਰਿ ਫਿਰਿ ਜੋਗੀ ਆਵੈ ਜਾਈ ॥੩॥ ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥ ਰਹਰਾਸਿ ਹਮਾਰੀ ਗੁਰ ਗੋਪਾਲਾ ॥ ਨਾਮੈ ਖਿੰਥਾ ਨਾਮੈ ਬਸਤਰੁ ॥ ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥ ਇਉ ਜਪਿਆ ਨਾਥੁ ਦਿਨੁ ਰੈਨਾਈ ॥ ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥ {ਪੰਨਾ 886} ਪਦਅਰਥ: ਤਾਗਾ = ਧਾਗਾ (ਨਾੜੀਆਂ) । ਕਰਿ ਕੈ = ਬਣਾ ਕੇ। ਥਿਗਲੀ = ਟਾਕੀ (ਸਰੀਰ ਦੇ ਵਖ ਵਖ ਅੰਗ) । ਲਉ = ਨਗੰਦੇ, ਤਰੋਪੇ। ਸੂਆ = ਸੂਈ। ਅਸਤੀ = ਹੱਡੀ। ਅੰਭੈ ਕਾ = ਪਾਣੀ ਦਾ (ਰਕਤ ਬੂੰਦ ਦਾ) । ਡੰਡਾ = (ਭਾਵ) ਸਰੀਰ। ਗਰਬਹਿ = ਅਹੰਕਾਰ ਵਿਚ।੧। ਨਾਥੁ = (ਸਾਰੇ ਸੰਸਾਰ ਦਾ) ਖਸਮ। ਰੈਨਾਈ = ਰਾਤ। ਖਿੰਥਾ = ਗੋਦੜੀ (ਸਰੀਰ) । ਦੋ ਦਿਹਾਈ = ਦੋ ਦਿਨ ਕਾਇਮ ਰਹਿਣ ਵਾਲੀ, ਨਾਸਵੰਤ।੧।ਰਹਾਉ। ਗਹਰੀ = ਸੰਘਣੀ। ਬਿਭੂਤ = ਸੁਆਹ। ਲਾਇ = ਲਾ ਕੇ। ਮੇਰੀ ਤੇਰੀ = ਮੇਰ = ਤੇਰ ਵਿਚ। ਮਾਗਹਿ = ਤੂੰ ਮੰਗਦਾ ਹੈਂ। ਟੂਕਾ = ਟੁੱਕਰ, ਰੋਟੀਆਂ। ਤ੍ਰਿਪਤਿ = ਰਜੇਵਾਂ। ਛੋਡਿ = ਛੱਡ ਕੇ। ਜਾਚਹਿ = ਤੂੰ ਮੰਗਦਾ ਹੈਂ। ਲਾਜ = ਸ਼ਰਮ।੨। ਚਲਚਿਤ ਜੋਗੀ = ਹੇ ਡੋਲਦੇ ਮਨ ਵਾਲੇ ਜੋਗੀ! ਵਾਜੈ = ਵੱਜ ਰਹੀ ਹੈ। ਉਦਾਸੇਰਾ = ਉਪਰਾਮ, ਭਟਕਦਾ। ਗੋਰਖ = ਗੋਪਾਲ {ਗੋ = ਧਰਤੀ। ਰਖ = ਰੱਖਿਆ ਕਰਨ ਵਾਲਾ}। ਤੈ = ਤੂੰ, ਤੈਂ। ਬੂਝ = ਸੋਝੀ। ਫਿਰਿ = ਮੁੜ ਮੁੜ।੩। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਰਹਰਾਸਿ = ਅਰਦਾਸ, ਅਰਜ਼ੋਈ। ਗੁਰ = ਹੇ ਸਭ ਤੋਂ ਵੱਡੇ! ਗੋਪਾਲਾ = ਹੇ ਸ੍ਰਿਸ਼ਟੀ ਦੇ ਰੱਖਿਅਕ! ਨਾਮੈ = (ਤੇਰਾ) ਨਾਮ ਹੀ। ਖਿੰਥਾ = ਗੋਦੜੀ। ਅਸਥਿਰੁ = ਅਡੋਲ।੪। ਇਉ = ਇਉਂ, ਇਸ ਤਰ੍ਹਾਂ। ਹੁਣਿ = ਇਸੇ ਜਨਮ ਵਿਚ।ਰਹਾਉ ਦੂਜਾ। ਨੋਟ: ਪਹਿਲੇ 'ਰਹਾਉ' ਦੇ ਲਫ਼ਜ਼ਾਂ 'ਜਪਿ ਨਾਥੁ' ਦੀ ਵਿਆਖਿਆ ਅਗਲੇ ਸਾਰੇ ਬੰਦਾਂ ਵਿਚ ਕਰ ਕੇ 'ਦੂਜੇ ਰਹਾਉ' ਵਿਚ ਆਖਦੇ ਹਨ 'ਇਉ ਜਪਿਆ'। ਅਰਥ: ਹੇ ਜੋਗੀ! ਤੇਰਾ ਇਹ ਸਰੀਰ ਦੋ ਦਿਨਾਂ ਦਾ ਹੀ ਪਰਾਹੁਣਾ ਹੈ। ਦਿਨ ਰਾਤ (ਜਗਤ ਦੇ) ਨਾਥ-ਪ੍ਰਭੂ ਦਾ ਨਾਮ ਜਪਿਆ ਕਰ।੧।ਰਹਾਉ। (ਹੇ ਜੋਗੀ! ਉਸ ਜਗਤ-ਨਾਥ ਨੇ ਨਾੜੀਆਂ ਨੂੰ) ਧਾਗਾ ਬਣਾ ਕੇ (ਸਾਰੇ ਸਰੀਰਕ ਅੰਗਾਂ ਦੀਆਂ) ਟਾਕੀਆਂ ਜੋੜ ਦਿੱਤੀਆਂ ਹਨ। (ਇਸ ਸਰੀਰ-ਗੋਦੜੀ ਦੀਆਂ) ਨਾੜੀਆਂ ਤਰੋਪਿਆਂ ਦਾ ਕੰਮ ਕਰ ਰਹੀਆਂ ਹਨ, (ਅਤੇ ਸਰੀਰ ਦੀ ਹਰੇਕ) ਹੱਡੀ ਸੂਈ ਦਾ ਕੰਮ ਕਰਦੀ ਹੈ। (ਉਸ ਨਾਥ ਨੇ ਮਾਤਾ ਪਿਤਾ ਦੀ) ਰਕਤ-ਬੂੰਦ ਨਾਲ (ਸਰੀਰ-) ਡੰਡਾ ਖੜਾ ਕਰ ਦਿੱਤਾ ਹੈ। ਹੇ ਜੋਗੀ! ਤੂੰ (ਆਪਣੀ ਗੋਦੜੀ ਦਾ) ਕੀਹ ਪਿਆ ਮਾਣ ਕਰਦਾ ਹੈਂ?।੧। (ਹੇ ਜੋਗੀ! ਆਪਣੇ ਸਰੀਰ ਉੱਤੇ) ਸੰਘਣੀ ਸੁਆਹ ਮਲ ਕੇ ਤੂੰ ਸਮਾਧੀ ਲਾ ਕੇ ਬੈਠਾ ਹੋਇਆ ਹੈਂ, ਤੂੰ (ਕੰਨਾਂ ਵਿਚ) ਮੁੰਦ੍ਰਾਂ (ਭੀ) ਪਾਈਆਂ ਹੋਈਆਂ ਹਨ (ਪਰ ਤੇਰੇ ਅੰਦਰ) ਮੇਰ-ਤੇਰ ਵੱਸ ਰਹੀ ਹੈ। ਹੇ ਜੋਗੀ! ਘਰ ਘਰ ਤੋਂ ਤੂੰ ਟੁੱਕਰ ਮੰਗਦਾ ਫਿਰਦਾ ਹੈਂ, ਤੇਰੇ ਅੰਦਰ ਸ਼ਾਂਤੀ ਨਹੀਂ ਹੈ। (ਸਾਰੇ ਜਗਤ ਦੇ) ਨਾਥ ਨੂੰ ਛੱਡ ਕੇ ਤੂੰ (ਲੋਕਾਂ ਦੇ ਦਰ ਤੋਂ) ਮੰਗਦਾ ਹੈਂ। ਹੇ ਜੋਗੀ! ਤੈਨੂੰ (ਇਸ ਦੀ) ਸ਼ਰਮ ਨਹੀਂ ਆ ਰਹੀ।੨। ਹੇ ਡੋਲਦੇ ਮਨ ਵਾਲੇ ਜੋਗੀ! ਤੇਰਾ ਆਸਣ (ਜਮਾਣਾ ਕਿਸੇ ਅਰਥ ਨਹੀਂ) । (ਲੋਕਾਂ ਨੂੰ ਵਿਖਾਣ ਲਈ ਤੇਰੀ) ਸਿੰਙੀ ਵੱਜ ਰਹੀ ਹੈ, ਪਰ ਤੇਰਾ ਮਨ ਸਦਾ ਭਟਕਦਾ ਫਿਰਦਾ ਹੈ (ਇਹ ਸਿੰਙੀ ਤਾਂ ਇਕਾਗ੍ਰਤਾ ਦੀ ਖ਼ਾਤਰ ਸੀ) । ਹੇ ਜੋਗੀ! ਇਸ ਤਰ੍ਹਾਂ) ਉਸ ਸਭ ਤੋਂ ਵੱਡੇ ਗੋਰਖ (ਜਗਤ-ਰੱਖਿਅਕ ਪ੍ਰਭੂ) ਦੀ ਤੈਨੂੰ ਸੋਝੀ ਨਹੀਂ ਪਈ। (ਇਹੋ ਜਿਹਾ) ਜੋਗੀ ਤਾਂ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।੩। ਹੇ ਜੋਗੀ! ਜਿਸ ਮਨੁੱਖ ਉੱਤੇ (ਸਾਰੇ ਜਗਤ ਦਾ) ਨਾਥ ਦਇਆਵਾਨ ਹੁੰਦਾ ਹੈ (ਉਹ ਮਨੁੱਖ ਪਰਮਾਤਮਾ ਅੱਗੇ ਹੀ ਬੇਨਤੀ ਕਰਦਾ ਹੈ, ਤੇ ਆਖਦਾ ਹੈ-) ਹੇ ਗੁਰ ਗੋਪਾਲ! ਸਾਡੀ ਅਰਜ਼ੋਈ ਤੇਰੇ ਦਰ ਤੇ ਹੀ ਹੈ। ਤੇਰਾ ਨਾਮ ਹੀ ਮੇਰੀ ਗੋਦੜੀ ਹੈ, ਤੇਰਾ ਨਾਮ ਹੀ ਮੇਰਾ (ਭਗਵਾ) ਕੱਪੜਾ ਹੈ। ਹੇ ਦਾਸ ਨਾਨਕ! ਇਹੋ ਜਿਹਾ ਮਨੁੱਖ ਅਸਲ) ਜੋਗੀ ਹੈ, ਅਤੇ ਉਹ ਕਦੇ ਡੋਲਦਾ ਨਹੀਂ ਹੈ।੪। ਹੇ ਜੋਗੀ! ਜਿਸ ਮਨੁੱਖ ਨੇ ਦਿਨ ਰਾਤ ਇਸ ਤਰ੍ਹਾਂ (ਜਗਤ ਦੇ) ਨਾਥ ਨੂੰ ਸਿਮਰਿਆ ਹੈ, ਉਸ ਨੇ ਇਸੇ ਜਨਮ ਵਿਚ ਉਸ ਸਭ ਤੋਂ ਵੱਡੇ ਜਗਤ-ਨਾਥ ਦਾ ਮਿਲਾਪ ਹਾਸਲ ਕਰ ਲਿਆ ਹੈ।੧।ਰਹਾਉ ਦੂਜਾ।੨।੧੩। ਰਾਮਕਲੀ ਮਹਲਾ ੫ ॥ ਕਰਨ ਕਰਾਵਨ ਸੋਈ ॥ਆਨ ਨ ਦੀਸੈ ਕੋਈ ॥ ਠਾਕੁਰੁ ਮੇਰਾ ਸੁਘੜੁ ਸੁਜਾਨਾ ॥ ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥ ਐਸੋ ਰੇ ਹਰਿ ਰਸੁ ਮੀਠਾ ॥ ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥ ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥ ਪੀਵਤ ਅਮਰ ਭਏ ਨਿਹਕਾਮ ॥ ਤਨੁ ਮਨੁ ਸੀਤਲੁ ਅਗਨਿ ਨਿਵਾਰੀ ॥ ਅਨਦ ਰੂਪ ਪ੍ਰਗਟੇ ਸੰਸਾਰੀ ॥੨॥ ਕਿਆ ਦੇਵਉ ਜਾ ਸਭੁ ਕਿਛੁ ਤੇਰਾ ॥ ਸਦ ਬਲਿਹਾਰਿ ਜਾਉ ਲਖ ਬੇਰਾ ॥ ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥ ਗੁਰ ਕਿਰਪਾ ਤੇ ਨੀਚੁ ਨਿਵਾਜਿਆ ॥੩॥ ਖੋਲਿ ਕਿਵਾਰਾ ਮਹਲਿ ਬੁਲਾਇਆ ॥ ਜੈਸਾ ਸਾ ਤੈਸਾ ਦਿਖਲਾਇਆ ॥ ਕਹੁ ਨਾਨਕ ਸਭੁ ਪੜਦਾ ਤੂਟਾ ॥ ਹਉ ਤੇਰਾ ਤੂ ਮੈ ਮਨਿ ਵੂਠਾ ॥੪॥੩॥੧੪॥ {ਪੰਨਾ 886-887} ਪਦਅਰਥ: ਸੋਈ = ਉਹ (ਪਰਮਾਤਮਾ) ਹੀ। ਆਨ = {अन्य} ਦੂਜਾ ਹੋਰ। ਸੁਘੜੁ = ਗੰਭੀਰ। ਸੁਜਾਨਾ = ਸਿਆਣਾ। ਗੁਰਮੁਖਿ = ਗੁਰੂ ਦੀ ਰਾਹੀਂ। ਰੰਗੁ = ਆਤਮਕ ਆਨੰਦ। ਮਾਨਾ = ਮਾਣਿਆ।੧। ਰੇ = ਹੇ ਭਾਈ! ਐਸੋ = (ਭਾਵ) ਅਸਚਰਜ। ਕਿਨੈ ਵਿਰਲੈ = ਕਿਸੇ ਵਿਰਲੇ ਨੇ।੧।ਰਹਾਉ। ਨਿਰਮਲ = ਮਲ = ਰਹਿਤ। ਜੋਤਿ = ਨੂਰ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਅਮਰ = ਅ = ਮਰ, ਜਿਸ ਉਤੇ ਆਤਮਕ ਮੌਤ ਆਪਣਾ ਜ਼ੋਰ ਨ ਪਾ ਸਕੇ। ਨਿਹਕਾਮ = ਵਾਸਨਾ = ਰਹਿਤ। ਅਗਨਿ = (ਤ੍ਰਿਸ਼ਨਾ ਦੀ) ਅੱਗ। ਨਿਵਾਰੀ = ਦੂਰ ਕਰ ਦਿੱਤੀ। ਸੰਸਾਰੀ = ਸੰਸਾਰਿ, ਸੰਸਾਰ ਵਿਚ।੨। ਦੇਵਉ = ਦੇਵਉਂ, ਮੈਂ ਦਿਆਂ। ਸਦ = ਸਦਾ। ਬਲਿਹਾਰਿ = ਕੁਰਬਾਨ। ਜਾਉ = ਜਾਉਂ, ਮੈਂ ਜਾਵਾਂ। ਬੇਰਾ = ਵਾਰੀ। ਜੀਉ = ਜਿੰਦ। ਦੇ = ਦੇ ਕੇ। ਸਾਜਿਆ = ਪੈਦਾ ਕੀਤਾ। ਤੇ = ਤੋਂ, ਨਾਲ। ਨੀਚੁ = ਨੀਵਾਂ, ਮੰਦਾ, ਨਕਾਰਾ। ਨਿਵਾਜਿਆ = ਵਡਿਆਈ ਦਿੱਤੀ।੩। ਖੋਲਿ = ਖੋਲ੍ਹ ਕੇ। ਕਿਵਾਰਾ = ਕਿਵਾੜ, ਭਿੱਤ। ਮਹਲਿ = ਮਹਲ ਵਿਚ। ਸਾ = ਸੀ। ਸਭੁ = ਸਾਰਾ। ਹਉ = ਹਉਂ, ਮੈਂ। ਮੈ ਮਨਿ = ਮੇਰੇ ਮਨ ਵਿਚ। ਵੂਠਾ = ਆ ਵੱਸਿਆ।੪। ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦਾ ਸੁਆਦ ਅਸਚਰਜ ਹੈ ਮਿੱਠਾ ਹੈ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਉਸ ਦਾ ਦਰਸਨ ਕੀਤਾ ਹੈ।੧।ਰਹਾਉ। ਹੇ ਭਾਈ! ਉਹ ਪਰਮਾਤਮਾ ਹੀ ਸਭ ਕੁਝ ਕਰਨ-ਜੋਗ ਹੈ ਅਤੇ (ਸਭ ਵਿਚ ਵਿਆਪਕ ਹੋ ਕੇ ਸਭ ਜੀਵਾਂ ਪਾਸੋਂ) ਕਰਾਵਣ ਵਾਲਾ ਹੈ। (ਕਿਤੇ ਭੀ) ਉਸ ਤੋਂ ਬਿਨਾ ਕੋਈ ਦੂਜਾ ਨਹੀਂ ਦਿੱਸਦਾ। ਹੇ ਭਾਈ! ਮੇਰਾ ਉਹ ਮਾਲਕ-ਪ੍ਰਭੂ ਗੰਭੀਰ ਸੁਭਾਉ ਵਾਲਾ ਹੈ ਤੇ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਗੁਰੂ ਦੀ ਰਾਹੀਂ, ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ।੧। ਹੇ ਭਾਈ! ਉਸ ਪਰਮਾਤਮਾ ਦਾ ਨੂਰ ਮੈਲ-ਰਹਿਤ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਸਮਝੋ। ਉਸ ਨਾਮ-ਅੰਮ੍ਰਿਤ ਨੂੰ ਪੀਂਦਿਆਂ ਹੀ ਮਨੁੱਖ ਅਟੱਲ ਆਤਮਕ ਜੀਵਨ ਵਾਲੇ ਅਤੇ ਵਾਸਨਾ-ਰਹਿਤ ਹੋ ਜਾਂਦੇ ਹਨ। ਉਹਨਾਂ ਦਾ ਤਨ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ। ਪਰਮਾਤਮਾ (ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾ ਦੇਂਦਾ ਹੈ। ਉਹ ਹਰ ਵੇਲੇ ਆਨੰਦ-ਭਰਪੂਰ ਰਹਿੰਦੇ ਹਨ, ਅਤੇ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ।੨। (ਹੇ ਪ੍ਰਭੂ! ਤੇਰਾ ਉਹ ਨਾਮ-ਅੰਮ੍ਰਿਤ ਪ੍ਰਾਪਤ ਕਰਨ ਵਾਸਤੇ) ਮੈਂ ਤੇਰੇ ਅੱਗੇ ਕੀਹ ਲਿਆ ਧਰਾਂ, ਕਿਉਂਕਿ (ਮੇਰੇ ਪਾਸ ਤਾਂ) ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਲੱਖਾਂ ਵਾਰੀ ਸਦਕੇ ਜਾਂਦਾ ਹਾਂ। ਇਹ ਤਨ ਇਹ ਮਨ, ਇਹ ਜਿੰਦ ਇਹ ਸਰੀਰ ਦੇ ਕੇ ਤੂੰ ਮੈਨੂੰ ਪੈਦਾ ਕੀਤਾ ਹੈ, ਅਤੇ ਗੁਰੂ ਦੀ ਮੇਹਰ ਨਾਲ ਤੂੰ ਮੈਨੂੰ ਨਕਾਰੇ ਨੂੰ ਵਡਿਆਈ ਦਿੱਤੀ ਹੈ।੩। ਹੇ ਨਾਨਕ! ਆਖ-(ਹੇ ਪ੍ਰਭੂ! ਮੇਰੇ ਮਨ ਦੇ) ਕਿਵਾੜ ਖੋਲ੍ਹ ਕੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ, ਤੂੰ ਮੈਨੂੰ ਸਾਖਿਆਤ ਆਪਣਾ ਦੀਦਾਰ ਬਖ਼ਸ਼ਿਆ ਹੈ। (ਤੇਰੇ ਨਾਲੋਂ ਵਿੱਥ ਪਾਣ ਵਾਲਾ ਮੇਰੇ ਅੰਦਰੋਂ) ਸਾਰਾ ਪਰਦਾ ਹੁਣ ਟੁੱਟ ਗਿਆ ਹੈ, ਹੁਣ ਤੂੰ ਮੇਰੇ ਮਨ ਵਿਚ ਆ ਵੱਸਿਆ ਹੈਂ, ਮੈਂ ਤੇਰਾ ਹੋ ਚੁਕਾ ਹਾਂ।੪।੩।੧੪। ਨੋਟ: 'ਘਰੁ ੨' ਦਾ ਇਹ ਤੀਜਾ ਸ਼ਬਦ ਹੈ। 'ਮਹਲਾ ੫' ਦੇ ਹੁਣ ਤਕ ੧੪ ਸ਼ਬਦ ਆ ਚੁਕੇ ਹਨ। |
Sri Guru Granth Darpan, by Professor Sahib Singh |