ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 889

ਰਾਮਕਲੀ ਮਹਲਾ ੫ ॥ ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥ ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥ ਸੰਤਹ ਚਰਨ ਮਾਥਾ ਮੇਰੋ ਪਉਤ ॥ ਅਨਿਕ ਬਾਰ ਸੰਤਹ ਡੰਡਉਤ ॥੧॥ ਇਹੁ ਮਨੁ ਸੰਤਨ ਕੈ ਬਲਿਹਾਰੀ ॥ ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥੧॥ ਰਹਾਉ ॥ਸੰਤਹ ਚਰਣ ਧੋਇ ਧੋਇ ਪੀਵਾ ॥ ਸੰਤਹ ਦਰਸੁ ਪੇਖਿ ਪੇਖਿ ਜੀਵਾ ॥ ਸੰਤਹ ਕੀ ਮੇਰੈ ਮਨਿ ਆਸ ॥ ਸੰਤ ਹਮਾਰੀ ਨਿਰਮਲ ਰਾਸਿ ॥੨॥ ਸੰਤ ਹਮਾਰਾ ਰਾਖਿਆ ਪੜਦਾ ॥ ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥ ਸੰਤਹ ਸੰਗੁ ਦੀਆ ਕਿਰਪਾਲ ॥ ਸੰਤ ਸਹਾਈ ਭਏ ਦਇਆਲ ॥੩॥ ਸੁਰਤਿ ਮਤਿ ਬੁਧਿ ਪਰਗਾਸੁ ॥ ਗਹਿਰ ਗੰਭੀਰ ਅਪਾਰ ਗੁਣਤਾਸੁ ॥ ਜੀਅ ਜੰਤ ਸਗਲੇ ਪ੍ਰਤਿਪਾਲ ॥ ਨਾਨਕ ਸੰਤਹ ਦੇਖਿ ਨਿਹਾਲ ॥੪॥੧੦॥੨੧॥ {ਪੰਨਾ 889}

ਪਦਅਰਥ: ਭੇਟਤ = ਮਿਲਦਿਆਂ। ਸੰਗਿ = ਨਾਲ। ਚਿਤਿ = ਚਿੱਤ ਵਿਚ। ਕਰਤ = ਕਰਦਿਆਂ। ਮਨਿ = ਮਨ ਵਿਚ। ਪਉਤ = ਪਿਆ ਰਹੇ। ਡੰਡਉਤ = ਨਮਸਕਾਰ।੧।

ਕੈ = ਤੋਂ। ਬਲਿਹਾਰੀ = ਕੁਰਬਾਨ। ਜਾ ਕੀ = ਜਿਨ੍ਹਾਂ ਦੀ। ਗਹੀ = ਫੜਿਆਂ। ਧਾਰੀ = ਧਾਰਿ, ਧਾਰ ਕੇ।੧।ਰਹਾਉ।

ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਆਂ। ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਰਾਸਿ = ਪੂੰਜੀ, ਸਰਮਾਇਆ।੨।

ਪੜਦਾ = ਲਾਜ, ਇੱਜ਼ਤ। ਪ੍ਰਸਾਦਿ = ਕਿਰਪਾ ਨਾਲ। ਮੋਹਿ = ਮੈਨੂੰ। ਕੜਦਾ = ਝੋਰਾ, ਚਿੰਤਾ = ਫ਼ਿਕਰ। ਸੰਗੁ = ਸਾਥ। ਸਹਾਈ = ਮਦਦਗਾਰ।੩।

ਪਰਗਾਸੁ = ਚਾਨਣ। ਗਹਿਰ = ਡੂੰਘਾ। ਗੰਭੀਰ = ਜਿਗਰੇ ਵਾਲਾ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ। ਨਿਹਾਲ = ਪ੍ਰਸੰਨ, ਖ਼ੁਸ਼।੪।

ਅਰਥ: ਹੇ ਭਾਈ! ਮੇਰਾ ਇਹ ਮਨ ਸੰਤ-ਜਨਾਂ ਤੋਂ ਸਦਕੇ ਜਾਂਦਾ ਹੈ, ਜਿਨ੍ਹਾਂ ਦਾ ਆਸਰਾ ਲੈ ਕੇ ਮੈਂ (ਆਤਮਕ) ਆਨੰਦ ਹਾਸਲ ਕੀਤਾ ਹੈ। ਸੰਤ ਜਨ ਕਿਰਪਾ ਕਰ ਕੇ (ਵਿਕਾਰ ਆਦਿਕਾਂ ਤੋਂ) ਰੱਖਿਆ ਕਰਦੇ ਹਨ।੧।ਰਹਾਉ।

ਹੇ ਭਾਈ! ਸੰਤ ਜਨਾਂ ਨਾਲ ਮਿਲਦਿਆਂ ਪਰਮਾਤਮਾ (ਮੇਰੇ) ਚਿਤ ਵਿਚ ਆ ਵੱਸਿਆ ਹੈ, ਸੰਤ ਜਨਾਂ ਦੀ ਸੰਗਤਿ ਕਰਦਿਆਂ ਮੈਂ ਮਨ ਵਿਚ ਸੰਤੋਖ ਪ੍ਰਾਪਤ ਕਰ ਲਿਆ ਹੈ। (ਪ੍ਰਭੂ ਮੇਹਰ ਕਰੇ) ਮੇਰਾ ਮੱਥਾ ਸੰਤ ਜਨਾਂ ਦੇ ਚਰਨਾਂ ਤੇ ਪਿਆ ਰਹੇ, ਮੈਂ ਅਨੇਕਾਂ ਵਾਰੀ ਸੰਤ ਜਨਾਂ ਨੂੰ ਨਮਸਕਾਰ ਕਰਦਾ ਹਾਂ।੧।

ਹੇ ਭਾਈ! ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾਂ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ, ਸੰਤ ਜਨਾਂ ਦਾ ਦਰਸਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ। ਮੇਰੇ ਮਨ ਵਿਚ ਸੰਤ ਜਨਾਂ ਦੀ ਸਹਾਇਤਾ ਦਾ ਧਰਵਾਸ ਬਣਿਆ ਰਹਿੰਦਾ ਹੈ, ਸੰਤ ਜਨਾਂ ਦੀ ਸੰਗਤਿ ਹੀ ਮੇਰੇ ਵਾਸਤੇ ਪਵਿੱਤ੍ਰ ਸਰਮਾਇਆ ਹੈ।੨।

ਹੇ ਭਾਈ! ਸੰਤ ਜਨਾਂ ਨੇ (ਵਿਕਾਰ ਆਦਿਕਾਂ ਤੋਂ) ਮੇਰੀ ਇੱਜ਼ਤ ਬਚਾ ਲਈ ਹੈ, ਸੰਤ ਜਨਾਂ ਦੀ ਕਿਰਪਾ ਨਾਲ ਮੈਨੂੰ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ। ਕਿਰਪਾ ਦੇ ਸੋਮੇ ਪਰਮਾਤਮਾ ਨੇ ਆਪ ਹੀ ਮੈਨੂੰ ਸੰਤ ਜਨਾਂ ਦਾ ਸਾਥ ਬਖ਼ਸ਼ਿਆ ਹੈ। ਜਦੋਂ ਸੰਤ ਜਨ ਮਦਦਗਾਰ ਬਣਦੇ ਹਨ, ਤਾਂ ਪ੍ਰਭੂ ਦਇਆਵਾਨ ਹੋ ਜਾਂਦਾ ਹੈ।੩।

(ਹੇ ਭਾਈ! ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਮੇਰੀ) ਸੁਰਤਿ ਵਿਚ ਮਤਿ ਵਿਚ ਬੁੱਧਿ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਹੇ ਨਾਨਕ! ਅਥਾਹ, ਬੇਅੰਤ, ਗੁਣਾਂ ਦਾ ਖ਼ਜ਼ਾਨਾ, ਅਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ (ਆਪਣੇ) ਸੰਤ ਜਨਾਂ ਨੂੰ ਵੇਖ ਕੇ ਲੂੰ-ਲੂੰ ਖ਼ੁਸ਼ ਹੋ ਜਾਂਦਾ ਹੈ।੪।੧੦।੨੧।

ਰਾਮਕਲੀ ਮਹਲਾ ੫ ॥ ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ ॥ ਤੇਰੈ ਕਾਜਿ ਨ ਬਿਖੈ ਜੰਜਾਲੁ ॥ ਇਸਟ ਮੀਤ ਜਾਣੁ ਸਭ ਛਲੈ ॥ ਹਰਿ ਹਰਿ ਨਾਮੁ ਸੰਗਿ ਤੇਰੈ ਚਲੈ ॥੧॥ ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ ਹਰਿ ਸਿਮਰਤ ਜਮੁ ਕਛੁ ਨ ਕਹੈ ॥੧॥ ਰਹਾਉ ॥ਬਿਨੁ ਹਰਿ ਸਗਲ ਨਿਰਾਰਥ ਕਾਮ ॥ ਸੁਇਨਾ ਰੁਪਾ ਮਾਟੀ ਦਾਮ ॥ ਗੁਰ ਕਾ ਸਬਦੁ ਜਾਪਿ ਮਨ ਸੁਖਾ ॥ ਈਹਾ ਊਹਾ ਤੇਰੋ ਊਜਲ ਮੁਖਾ ॥੨॥ ਕਰਿ ਕਰਿ ਥਾਕੇ ਵਡੇ ਵਡੇਰੇ ॥ ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥ ਹਰਿ ਹਰਿ ਨਾਮੁ ਜਪੈ ਜਨੁ ਕੋਇ ॥ ਤਾ ਕੀ ਆਸਾ ਪੂਰਨ ਹੋਇ ॥੩॥ ਹਰਿ ਭਗਤਨ ਕੋ ਨਾਮੁ ਅਧਾਰੁ ॥ ਸੰਤੀ ਜੀਤਾ ਜਨਮੁ ਅਪਾਰੁ ॥ ਹਰਿ ਸੰਤੁ ਕਰੇ ਸੋਈ ਪਰਵਾਣੁ ॥ ਨਾਨਕ ਦਾਸੁ ਤਾ ਕੈ ਕੁਰਬਾਣੁ ॥੪॥੧੧॥੨੨॥ {ਪੰਨਾ 889}

ਪਦਅਰਥ: ਤੇਰੈ ਕਾਜਿ = ਤੇਰੇ ਕੰਮ ਵਿਚ। ਗ੍ਰਿਹੁ = ਘਰ। ਬਿਖੈ ਜੰਜਾਲੁ = ਮਾਇਕ ਪਦਾਰਥਾਂ ਦਾ ਝੰਬੇਲਾ। ਇਸਟ = ਪਿਆਰੇ। ਜਾਣੁ = ਚੇਤੇ ਰੱਖ, ਸਮਝ ਲੈ। ਛਲੈ = ਛਲ ਹੀ। ਸੰਗਿ ਤੇਰੈ = ਤੇਰੇ ਨਾਲ।੧।

ਮੀਤਾ = ਹੇ ਮਿੱਤਰ! ਲਾਜ = ਇੱਜ਼ਤ।੧।ਰਹਾਉ।

ਸਗਲ = ਸਾਰੇ। ਨਿਰਾਰਥ = ਵਿਅਰਥ। ਰੁਪਾ = ਚਾਂਦੀ। ਦਾਮ = ਰੁਪਏ = ਪੈਸੇ। ਈਹਾ ਊਹਾ = ਇਸ ਲੋਕ ਅਤੇ ਪਰਲੋਕ ਵਿਚ। ਊਜਲ = ਰੌਸ਼ਨ।੨।

ਕਰਿ = ਕਰ ਕੇ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ {ਲਫ਼ਜ਼ 'ਕਿਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}੩।

ਅਧਾਰੁ = ਆਸਰਾ। ਸੰਤੀ = ਸੰਤੀਂ, ਸੰਤਾਂ ਨੇ। ਅਪਾਰੁ = ਅਮੋਲਕ। ਹਰਿ ਸੰਤੁ = ਹਰੀ ਦਾ ਸੰਤ। ਤਾ ਕੈ = ਉਸ ਤੋਂ।੪।

ਅਰਥ: ਹੇ ਮਿੱਤਰ! ਪਰਮਾਤਮਾ ਦੇ ਨਾਮ ਦੇ ਗੁਣ (ਇਸ ਵੇਲੇ) ਗਾ ਲੈ। ਪਰਮਾਤਮਾ ਦਾ ਨਾਮ ਸਿਮਰਿਆਂ ਹੀ (ਲੋਕ ਪਰਲੋਕ ਵਿਚ) ਤੇਰੀ ਇੱਜ਼ਤ ਰਹਿ ਸਕਦੀ ਹੈ। ਪਰਮਾਤਮਾ ਦਾ ਨਾਮ ਸਿਮਰਿਆਂ ਜਮਰਾਜ ਭੀ ਕੁਝ ਨਹੀਂ ਆਖਦਾ।੧।ਰਹਾਉ।

ਹੇ ਮਿੱਤਰ! ਇਹ ਘਰ, ਇਹ ਹਕੂਮਤ, ਇਹ ਧਨ (ਇਹਨਾਂ ਵਿਚੋਂ ਕੋਈ ਭੀ) ਤੇਰੇ (ਆਤਮਕ ਜੀਵਨ ਦੇ) ਕੰਮ ਨਹੀਂ ਆ ਸਕਦਾ। ਮਾਇਕ ਪਦਾਰਥਾਂ ਦਾ ਝੰਬੇਲਾ ਭੀ ਤੈਨੂੰ ਆਤਮਕ ਜੀਵਨ ਵਿਚ ਲਾਭ ਨਹੀਂ ਦੇ ਸਕਦਾ। ਚੇਤਾ ਰੱਖ ਕਿ ਇਹ ਸਾਰੇ ਪਿਆਰੇ ਮਿੱਤਰ (ਤੇਰੇ ਵਾਸਤੇ) ਛਲ-ਰੂਪ ਹੀ ਹਨ। ਸਿਰਫ਼ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਸਾਥ ਕਰ ਸਕਦਾ ਹੈ।੧।

ਹੇ ਮਿੱਤਰ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਹੀ ਕੰਮ ਵਿਅਰਥ (ਹੋ ਜਾਂਦੇ ਹਨ) । (ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਤਾਂ) ਸੋਨਾ, ਚਾਂਦੀ, ਰੁਪਇਆ-ਪੈਸੇ (ਤੇਰੇ ਵਾਸਤੇ) ਮਿੱਟੀ (-ਸਮਾਨ) ਹੈ। ਹੇ ਮਿੱਤਰ! ਗੁਰੂ ਦਾ ਸ਼ਬਦ ਚੇਤੇ ਕਰਦਾ ਰਿਹਾ ਕਰ, ਤੇਰੇ ਮਨ ਨੂੰ ਆਨੰਦ ਮਿਲੇਗਾ; ਇਸ ਲੋਕ ਵਿਚ ਅਤੇ ਪਰਲੋਕ ਵਿਚ ਤੂੰ ਸੁਰਖ਼ਰੂ ਹੋਵੇਂਗਾ।੨।

ਹੇ ਮਿੱਤਰ! ਤੈਥੋਂ ਪਹਿਲਾਂ ਹੋ ਚੁਕੇ ਸਭ ਬੰਦੇ ਮਾਇਆ ਦੇ ਧੰਧੇ ਕਰ ਕਰ ਕੇ ਥੱਕਦੇ ਰਹੇ, ਕਿਸੇ ਨੇ ਭੀ ਇਹ ਧੰਧੇ ਸਿਰੇ ਨਾਹ ਚਾੜ੍ਹੇ (ਕਿਸੇ ਦੀ ਭੀ ਤ੍ਰਿਸ਼ਨਾ ਨਾਹ ਮੁੱਕੀ) ਜੇਹੜਾ ਕੋਈ ਵਿਰਲਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦੀ ਆਸ ਪੂਰੀ ਹੋ ਜਾਂਦੀ ਹੈ (ਉਸ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ) ੩।

ਹੇ ਮਿੱਤਰ! ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਆਸਰਾ ਹੁੰਦਾ ਹੈ, ਤਾਹੀਏਂ ਸੰਤ ਜਨਾਂ ਨੇ ਹੀ ਅਮੋਲਕ ਮਨੁੱਖਾ ਜੀਵਨ ਦੀ ਬਾਜ਼ੀ ਜਿੱਤੀ ਹੈ। ਪਰਮਾਤਮਾ ਦਾ ਸੰਤ ਜੋ ਕੁਝ ਕਰਦਾ ਹੈ, ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੁੰਦਾ ਹੈ। ਹੇ ਨਾਨਕ! ਆਖ-ਮੈਂ) ਦਾਸ ਉਸ ਤੋਂ ਸਦਕੇ ਜਾਂਦਾ ਹਾਂ।੪।੧੧।੨੨।

ਰਾਮਕਲੀ ਮਹਲਾ ੫ ॥ ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥ ਤੇਰੈ ਕਾਜਿ ਨ ਅਵਰਾ ਜੋਗ ॥ ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥ ਜਮ ਕੀ ਜੇਵੜੀ ਤੂ ਆਗੈ ਬੰਧ ॥੧॥ ਛਾਡਿ ਵਿਡਾਣੀ ਤਾਤਿ ਮੂੜੇ ॥ ਈਹਾ ਬਸਨਾ ਰਾਤਿ ਮੂੜੇ ॥ ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਰਾਚਿ ਰਹਿਓ ਤੂ ਸੰਗਿ ਸੁਪਨਾ ॥੧॥ ਰਹਾਉ ॥ ਬਾਲ ਬਿਵਸਥਾ ਬਾਰਿਕੁ ਅੰਧ ॥ ਭਰਿ ਜੋਬਨਿ ਲਾਗਾ ਦੁਰਗੰਧ ॥ ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥ ਚਿਰੰਕਾਲ ਪਾਈ ਦ੍ਰੁਲਭ ਦੇਹ ॥ ਨਾਮ ਬਿਹੂਣੀ ਹੋਈ ਖੇਹ ॥ ਪਸੂ ਪਰੇਤ ਮੁਗਧ ਤੇ ਬੁਰੀ ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥ ਸੁਣਿ ਕਰਤਾਰ ਗੋਵਿੰਦ ਗੋਪਾਲ ॥ ਦੀਨ ਦਇਆਲ ਸਦਾ ਕਿਰਪਾਲ ॥ ਤੁਮਹਿ ਛਡਾਵਹੁ ਛੁਟਕਹਿ ਬੰਧ ॥ ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥ {ਪੰਨਾ 889-890}

ਪਦਅਰਥ: ਸਿੰਚਹਿ = ਤੂੰ ਇਕੱਠਾ ਕਰਦਾ ਹੈਂ, ਤੂੰ ਜੋੜਦਾ ਜਾਂਦਾ ਹੈਂ। ਦਰਬੁ {द्रव्य} ਧਨ। ਦੇਹਿ = ਤੂੰ ਦੇਂਦਾ ਹੈਂ। ਲੋਗ = ਲੋਕਾਂ ਨੂੰ। ਤੇਰੈ ਕਾਜਿ = ਤੇਰੇ ਕੰਮ ਵਿਚ। ਅਵਰਾ ਜੋਗ = ਹੋਰਨਾਂ ਜੋਗਾ। ਕਰਿ = ਕਰ ਕੇ। ਹੋਇ ਅੰਧ = ਅੰਨ੍ਹਾ ਹੋ ਕੇ। ਵਰਤਹਿ = ਤੂੰ ਵਰਤਦਾ ਹੈਂ, ਤੂੰ ਵਰਤਾਰਾ ਕਰਦਾ ਹੈਂ। ਜੇਵੜੀ = ਰੱਸੀ, ਫਾਹੀ। ਤੂ = ਤੈਨੂੰ। ਆਗੈ = ਪਰਲੋਕ ਵਿਚ। ਬੰਧ = ਬੱਝਾ ਹੋਇਆ।੧।

ਤਾਤਿ = ਈਰਖਾ, ਸਾੜਾ। ਮੂੜੇ = ਹੇ ਮੂਰਖ! ਈਹਾ = ਇਸ ਲੋਕ ਵਿਚ। ਮਾਤੇ = ਮਸਤੇ ਹੋਏ। ਉਠਿ = ਉੱਠ ਕੇ। ਸੰਗਿ = ਨਾਲ। ਰਾਚਿ ਰਹਿਓ ਤੂ = ਤੂੰ ਮਸਤ ਹੋ ਰਿਹਾ ਹੈਂ। ਵਿਡਾਣੀ = ਬਿਗਾਨੀ।੧।ਰਹਾਉ।

ਬਿਵਸਥਾ = ਉਮਰ (ਵਿਚ) ਅੰਧ = ਅੰਞਾਣ, ਬੇ = ਸਮਝ। ਭਰਿ ਜੋਬਨਿ = ਭਰੇ ਜੋਬਨ ਵਿਚ, ਭਰੀ ਜਵਾਨੀ ਵਿਚ। ਦੁਰਗੰਧ = ਗੰਦੇ ਕੰਮਾਂ ਵਿਚ, ਵਿਕਾਰਾਂ ਵਿਚ। ਤ੍ਰਿਤੀਆ ਬਿਵਸਥਾ = ਤੀਜੀ ਉਮਰੇ, ਜਵਾਨੀ ਲੰਘ ਜਾਣ ਤੇ। ਸਿੰਚੇ = ਇਕੱਠੀ ਕਰਦਾ ਹੈ। ਮਾਇ = ਮਾਇਆ। ਪਛੁਤਾਇ = ਪਛਤਾ ਕੇ।੨।

ਚਿਰੰਕਾਲ = ਚਿਰਾਂ ਪਿੱਛੋਂ। ਦ੍ਰੁਲਭ = ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਸਰੀਰ। ਬਿਹੂਣੀ = ਬਿਨਾ, ਖ਼ਾਲੀ, ਸੱਖਣੀ। ਖੇਹ = ਸੁਆਹ। ਤੇ = ਤੋਂ। ਬੁਰੀ = ਭੈੜੀ। ਮੁਗਧ = {मुग्ध} ਮੂਰਖ। ਤਿਸਹਿ = ਉਸ (ਪ੍ਰਭੂ) ਨੂੰ। ਜਿਨਿ = ਜਿਸ ਪ੍ਰਭੂ ਨੇ। ਸਿਰੀ = ਪੈਦਾ ਕੀਤੀ।੩।

ਕਰਤਾਰ = ਹੇ ਕਰਤਾਰ! ਦਇਆਲ = ਹੇ ਦਇਆ ਦੇ ਘਰ! ਤੁਮਹਿ = ਤੂੰ (ਆਪ) ਹੀ। ਛੁਟਕਹਿ = ਛੁੱਟਦੇ ਹਨ, ਟੁੱਟਦੇ ਹਨ। ਬੰਧ = ਬੰਧਨ। ਬਖਸਿ = ਮਿਹਰ ਕਰ ਕੇ।੪।

ਅਰਥ: (ਹੇ ਮੂਰਖ!) ਤੂੰ ਧਨ ਇਕੱਠਾ ਕਰੀ ਜਾਂਦਾ ਹੈਂ, (ਅਤੇ ਧਨ ਜੋੜਨ ਦੇ ਉੱਦਮ ਵਿਚ) ਲੋਕਾਂ ਨੂੰ ਦੁੱਖ ਦੇਂਦਾ ਹੈਂ। (ਮੌਤ ਆਉਣ ਤੇ ਇਹ ਧਨ) ਤੇਰੇ ਕੰਮ ਨਹੀਂ ਆਵੇਗਾ, ਹੋਰਨਾਂ (ਦੇ ਵਰਤਣ) ਜੋਗਾ ਰਹਿ ਜਾਇਗਾ। (ਹੇ ਮੂਰਖ! ਇਸ ਧਨ ਦਾ) ਮਾਣ ਕਰ ਕੇ (ਇਸ ਧਨ ਦੇ ਨਸ਼ੇ ਵਿਚ) ਅੰਨ੍ਹਾ ਹੋ ਕੇ ਤੂੰ (ਲੋਕਾਂ ਨਾਲ) ਵਰਤਾਰਾ ਕਰਦਾ ਹੈਂ। (ਜਦੋਂ) ਮੌਤ ਦੀ ਫਾਹੀ (ਤੇਰੇ ਗਲ ਵਿਚ ਪਈ, ਉਸ ਫਾਹੀ ਵਿਚ) ਬੱਝੇ ਹੋਏ ਨੂੰ ਤੈਨੂੰ ਪਰਲੋਕ ਵਿਚ (ਲੈ ਜਾਣਗੇ, ਤੇ ਧਨ ਇਥੇ ਹੀ ਰਹਿ ਜਾਇਗਾ) ੧।

ਹੇ ਮੂਰਖ! ਦੂਜਿਆਂ ਨਾਲ ਈਰਖਾ ਕਰਨੀ ਛੱਡ ਦੇ। ਹੇ ਮੂਰਖ! ਇਸ ਦੁਨੀਆ ਵਿਚ (ਪੰਛੀਆਂ ਵਾਂਗ) ਰਾਤ-ਮਾਤ੍ਰ ਹੀ ਵੱਸਣਾ ਹੈ। ਮਾਇਆ ਵਿਚ ਮਸਤ ਹੋਏ ਹੇ ਮੂਰਖ! ਇਥੋਂ ਆਖ਼ਰ) ਉੱਠ ਕੇ ਤੂੰ ਚਲੇ ਜਾਣਾ ਹੈ, (ਪਰ) ਤੂੰ (ਇਸ ਜਗਤ-) ਸੁਪਨੇ ਨਾਲ ਰੁੱਝਾ ਪਿਆ ਹੈਂ।੧।ਰਹਾਉ।

ਬਾਲ ਉਮਰੇ ਜੀਵ ਬੇ-ਸਮਝ ਬਾਲਕ ਬਣਿਆ ਰਹਿੰਦਾ ਹੈ, ਭਰ-ਜਵਾਨੀ ਵੇਲੇ ਵਿਕਾਰਾਂ ਵਿਚ ਲੱਗਾ ਰਹਿੰਦਾ ਹੈ, (ਜਵਾਨੀ ਲੰਘ ਜਾਣ ਤੇ) ਤੀਜੀ ਉਮਰੇ ਮਾਇਆ ਜੋੜਨ ਲੱਗ ਪੈਂਦਾ ਹੈ, (ਆਖ਼ਰ ਜਦੋਂ) ਬੁੱਢਾ ਹੋ ਜਾਂਦਾ ਹੈ ਤਾਂ ਅਫ਼ਸੋਸ ਕਰਦਾ (ਜੋੜੀ ਹੋਈ ਮਾਇਆ) ਛੱਡ ਕੇ (ਇਥੋਂ) ਤੁਰ ਪੈਂਦਾ ਹੈ।੨।

(ਹੇ ਭਾਈ!) ਬੜੇ ਚਿਰਾਂ ਪਿੱਛੋਂ ਜੀਵ ਨੂੰ ਇਹ ਦੁਰਲੱਭ ਮਨੁੱਖਾ ਸਰੀਰ ਮਿਲਦਾ ਹੈ, ਪਰ ਨਾਮ ਤੋਂ ਵਾਂਜੇ ਰਹਿ ਕੇ ਇਹ ਸਰੀਰ ਮਿੱਟੀ ਹੋ ਜਾਂਦਾ ਹੈ। (ਨਾਮ ਤੋਂ ਬਿਨਾ, ਵਿਕਾਰਾਂ ਦੇ ਕਾਰਨ) ਮੂਰਖ ਜੀਵ ਦੀ ਇਹ ਦੇਹੀ ਪਸ਼ੂਆਂ ਤੇ ਪਰੇਤਾਂ ਨਾਲੋਂ ਭੀ ਭੈੜੀ (ਸਮਝੋ) ਜਿਸ ਪਰਮਾਤਮਾ ਨੇ (ਇਸ ਦੀ) ਇਹ ਮਨੁੱਖਾ ਦੇਹੀ ਬਣਾਈ ਉਸ ਨੂੰ ਕਦੇ ਚੇਤੇ ਨਹੀਂ ਕਰਦਾ।੩।

ਹੇ ਨਾਨਕ! ਆਖ-ਜੀਵ ਵਿਚਾਰੇ ਕੀਹ ਕਰਨ? ਹੇ ਕਰਤਾਰ! ਹੇ ਗੋਬਿੰਦ! ਹੋ ਗੋਪਾਲ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਹੀ ਕਿਰਪਾ ਦੇ ਸੋਮੇ! ਤੂੰ ਆਪ ਹੀ ਜੀਵਾਂ ਦੇ ਮਾਇਆ ਦੇ ਬੰਧਨ ਤੋੜੇਂ ਤਾਂ ਹੀ ਟੁੱਟ ਸਕਦੇ ਹਨ। ਹੇ ਕਰਤਾਰ! ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਇਸ ਜਗਤ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜੀ ਰੱਖ।੪।੧੨।੨੩।

TOP OF PAGE

Sri Guru Granth Darpan, by Professor Sahib Singh